ਪੁਲਿਸ ਦੇ ਝੂਠੇ ਮੁਕਾਬਲੇ ਵਿੱਚ ਮਾਰੇ ਪੁੱਤ ਦੀ ਫੋਟੋ ਬਟੂਏ 'ਚ ਲਈ ਪਿਓ ਅੱਜ ਵੀ ਇਨਸਾਫ਼ ਦੀ ਲੜਾਈ ਲੜ ਰਿਹਾ

ਅਜੀਤ ਸਿੰਘ ਨੇ ਆਪਣੇ ਪੁੱਤ ਹਰਮਿੰਦਰ ਸਿੰਘ ਦੀ ਮੌਤ ਦੇ ਇਨਸਾਫ਼ ਲਈ ਲੰਬੀ ਜੰਗ ਲੜੀ ਜੋ ਅਜੇ ਵੀ ਜਾਰੀ ਹੈ
ਤਸਵੀਰ ਕੈਪਸ਼ਨ, ਅਜੀਤ ਸਿੰਘ ਨੇ ਆਪਣੇ ਪੁੱਤ ਹਰਮਿੰਦਰ ਸਿੰਘ ਦੀ ਮੌਤ ਦੇ ਇਨਸਾਫ਼ ਲਈ ਲੰਬੀ ਜੰਗ ਲੜੀ ਜੋ ਅਜੇ ਵੀ ਜਾਰੀ ਹੈ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"ਸਾਨੂੰ ਨਾ ਤਾਂ ਲਾਸ਼ ਮਿਲੀ ਅਤੇ ਨਾ ਹੀ ਸਸਕਾਰ ਕਰ ਸਕੇ, ਪਤਾ ਨਹੀਂ ਮੇਰੇ ਪਤੀ ਨੂੰ ਮਾਰ ਕੇ ਕਿੱਥੇ ਸੁੱਟ ਦਿੱਤਾ", ਇਹ ਸ਼ਬਦ ਸਵਰਨਜੀਤ ਕੌਰ ਦੇ ਹਨ।

ਜਿਨ੍ਹਾਂ ਦੀਆਂ ਅੱਖਾਂ ਸਾਹਮਣੇ ਪੁਲਿਸ ਉਨ੍ਹਾਂ ਦੇ ਪਤੀ ਨੂੰ ਚੁੱਕ ਕੇ ਲੈ ਗਈ ਅਤੇ ਮੁੜ ਕੇ ਅਖ਼ਬਾਰ ਦੀ ਸੁਰਖ਼ੀ ਤੋਂ ਪਤਾ ਲੱਗਾ ਕਿ ਪੁਲਿਸ ਨਾਲ ਮੁਕਾਬਲੇ ਦੌਰਾਨ ਦੀ ਉਨ੍ਹਾਂ ਦੀ ਮੌਤ ਹੋ ਗਈ।

ਅਸਲ ਵਿੱਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸਤਕੋਹਾ ਪਿੰਡ ਦੀ ਸਵਰਨਜੀਤ ਕੌਰ ਦੇ ਪਤੀ ਹਰਮਿੰਦਰ ਸਿੰਘ ਨੂੰ 1991 ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ ਕਥਿਤ ਮੁਕਾਬਲੇ ਵਿੱਚ ਖ਼ਾਲਿਸਤਾਨੀ ਖਾੜਕੂ ਦੱਸ ਕੇ ਮਾਰ ਦਿੱਤਾ ਸੀ।

ਬਾਅਦ ਵਿੱਚ ਸੀਬੀਆਈ ਦੀ ਵਿਸ਼ੇਸ਼ ਨੇ ਇਸ ਮੁਕਾਬਲੇ ਨੂੰ ਝੂਠਾ ਕਰਾਰ ਦਿੰਦਿਆਂ 57 ਪੁਲਿਸ ਕਰਮੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ ਵਿੱਚ ਸਵਰਨਜੀਤ ਕੌਰ ਮੁੱਖ ਗਵਾਹ ਵੀ ਸੀ। ਕੇਸ ਦਾ ਫ਼ੈਸਲਾ ਹੋਣ ਤੱਕ 10 ਮੁਲਜ਼ਮਾਂ ਵੀ ਮਰ ਚੁੱਕੇ ਸਨ।

ਸਵਰਨਜੀਤ ਕੌਰ ਦੀ ਹੱਡਬੀਤੀ 20ਵੀਂ ਸਦੀ ਦੇ ਅੱਠਵੇਂ ਅਤੇ ਨੌਵੇਂ ਦਹਾਕੇ ਦੇ ਪੰਜਾਬ ਦੇ ਖਾੜਕੂਵਾਦ ਦੇ ਹਿੰਸਕ ਦੌਰ ਨਾਲ ਜੁੜੀ ਹੋਈ ਘਟਨਾ ਹੈ।

ਜੂਨ 1984 ਦੇ ਪਹਿਲੇ ਹਫ਼ਤੇ ਭਾਰਤੀ ਫੌਜ ਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਕੀਤਾ ਗਿਆ ਫੌਜੀ ਹਮਲਾ, ਆਪ੍ਰੇਸ਼ਨ ਬਲੂ ਸਟਾਰ ਇਸ ਸਮੁੱਚੇ ਦੌਰ ਦੀ ਅਹਿਮ ਘਟਨਾ ਸੀ।

ਆਪ੍ਰੇਸ਼ਨ ਬਲੂ ਸਟਾਰ ਦੌਰਾਨ ਸਰਕਾਰੀ ਵ੍ਹਾਈਟ ਪੇਪਰ ਮੁਤਾਬਕ 493 ਆਮ ਲੋਕ ਤੇ 83 ਫੌਜੀ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ।

ਵੀਡੀਓ ਕੈਪਸ਼ਨ, ਓਪ੍ਰੇਸ਼ਨ ਬਲੂਸਟਾਰ ਦੇ 41 ਸਾਲ : ਹਿੰਸਾ ਦੇ ਪੀੜਤਾਂ ਨੇ ਦੱਸੀ ਆਪ-ਬੀਤੀ

ਅਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਕਰੀਬ ਡੇਢ ਦਹਾਕਾ ਪੰਜਾਬ ਹਿੰਸਾ ਦੇ ਦੌਰ ਵਿੱਚ ਤਪਦਾ ਰਿਹਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਵਿਧਾਨ ਸਭਾ ਵਿੱਚ ਦਿੱਤੇ ਬਿਆਨ ਮੁਤਾਬਕ ਖੜਾਕੂਵਾਦ ਦੇ ਇਸ ਦੌਰ ਦੌਰਾਨ 21,700 ਮੌਤਾਂ ਹੋਣ ਦਾ ਦਾਅਵਾ ਕੀਤਾ ਸੀ।

ਹਾਲਾਂਕਿ, ਬੀਬੀਸੀ ਸੁਤੰਤਰ ਤੌਰ ਉੱਤੇ ਮੌਤਾਂ ਦੇ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਨਹੀਂ ਕਰਦਾ।

ਅਪਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ ਮੌਕੇ ਅਸੀਂ ਪੰਜਾਬ ਦੇ ਕੁਝ ਅਜਿਹੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀ ਕਹਾਣੀ ਸੁਣੀ ਜਿਨ੍ਹਾਂ ਦਾ ਸਭ ਕੁਝ ਇਸ ਦੌਰ ਦੀ ਭੇਂਟ ਚੜ ਗਿਆ।

ਸਵਰਨਜੀਤ ਕੌਰ
ਤਸਵੀਰ ਕੈਪਸ਼ਨ, ਜਦੋਂ ਪਤੀ ਦੀ ਮੌਤ ਹੋਈ ਸੀ ਤਾਂ ਸਵਰਨਜੀਤ ਕੌਰ ਦੇ ਵਿਆਹ ਨੂੰ 6 ਮਹੀਨੇ ਹੀ ਹੋਏ ਸਨ

ਝੂਠੇ ਪੁਲਿਸ ਮੁਕਾਬਲੇ ਦੀ ਭੇਂਟ ਚੜਿਆ ਪਰਿਵਾਰ

ਪੰਜਾਬ ਵਿੱਚ ਖਾੜਕੂਵਾਦ ਦੇ ਦੌਰ ਦੌਰਾਨ (1982 ਤੋਂ 1995) ਪੰਜਾਬ ਦੇ ਅੰਦਰ ਤੇ ਹੋਰ ਸੂਬਿਆਂ ਵਿੱਚ ਕਈ ਪੁਲਿਸ ਮੁਕਾਬਲੇ ਹੋਏ ਅਤੇ ਕਈਆਂ ਉੱਤੇ ਬਾਅਦ ਵਿੱਚ ਸਵਾਲ ਵੀ ਖੜੇ ਹੋਏ, ਭਾਵ ਇਹ ਪੁਲਿਸ ਮੁਕਾਬਲੇ ਝੂਠੇ ਸਾਬਤ ਹੋਏ।

ਜਿਸ ਦੇ ਲਈ ਸਬੰਧਿਤ ਪੁਲਿਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਵੀ ਹੋਈ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸਵਰਨਜੀਤ ਕੌਰ ਨੇ ਦੱਸਿਆ, "ਜਿਸ ਸਮੇਂ ਇਹ ਘਟਨਾ ਵਾਪਰੀ ਤਾਂ ਉਹ ਪੰਜਾਬ ਤੋਂ ਹੋਰ ਸਿੱਖ ਸ਼ਰਧਾਲੂਆਂ ਨਾਲ ਬੱਸ ਵਿੱਚ ਨਾਂਦੇੜ ਸਾਹਿਬ (ਮਹਾਰਾਸ਼ਟਰ) ਅਤੇ ਹੋਰ ਗੁਰਧਾਮਾਂ (ਉੱਤਰ ਪ੍ਰਦੇਸ਼) ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ।"

"ਜਦੋਂ ਉੱਤਰ ਪ੍ਰਦੇਸ਼ ਦੇ ਪੀਲੀਭੀਤ ਇਲਾਕੇ ਵਿੱਚ ਪਹੁੰਚੇ ਤਾਂ ਪੁਲਿਸ ਨੇ ਬੱਸ ਨੂੰ ਘੇਰ ਲਿਆ ਅਤੇ ਮੇਰੇ ਪਤੀ ਹਰਮਿੰਦਰ ਸਿੰਘ ਨੂੰ ਆਪਣੇ ਨਾਲ ਲੈ ਗਈ।"

ਦੂਜੇ ਦਿਨ ਉੱਤਰ ਪ੍ਰਦੇਸ਼ ਪੁਲਿਸ ਨੇ 10 ਖ਼ਾਲਿਸਤਾਨੀ ਖਾੜਕੂਆਂ ਨੂੰ ਮਾਰਨ ਦਾ ਦਾਅਵਾ ਕੀਤਾ ਜਿਸ ਵਿੱਚ ਇਕ ਹਰਮਿੰਦਰ ਸਿੰਘ ਵੀ ਸੀ।

ਜਦੋਂ ਪੁਲਿਸ ਮੁਕਾਬਲੇ ਦੌਰਾਨ ਹਰਮਿੰਦਰ ਸਿੰਘ ਦੀ ਮੌਤ ਹੋਈ, ਸਵਰਨਜੀਤ ਕੌਰ ਦੇ ਵਿਆਹ ਨੂੰ ਅਜੇ 6 ਮਹੀਨੇ ਹੋਏ ਸਨ। ਪਤੀ ਦੀ ਮੌਤ ਤੋਂ ਪੰਜ ਮਹੀਨੇ ਬਾਅਦ ਸਵਰਨਜੀਤ ਕੌਰ ਦੇ ਘਰ ਬੇਟੀ ਦਾ ਜਨਮ ਹੋਇਆ ਸੀ।

ਪੁਰਾਣੇ ਵੇਲੇ ਨੂੰ ਯਾਦ ਕਰ ਕੇ ਸਵਰਨਜੀਤ ਕੌਰ ਦੱਸਦੀ ਹੈ, "ਪਤੀ ਦੇ ਤੁਰ ਜਾਣ ਤੋਂ ਬਾਅਦ ਜ਼ਿੰਦਗੀ ਪੂਰੀ ਤਰਾਂ ਬਦਲ ਗਈ, ਇੱਕ ਪਾਸੇ ਬੇਟੀ ਦਾ ਪਾਲਣ ਪੋਸ਼ਣ ਕਰਨਾ ਸੀ ਅਤੇ ਦੂਜੇ ਪਾਸੇ ਪਤੀ ਦੇ ਇਨਸਾਫ਼ ਲਈ ਲੰਮੀ ਕਾਨੂੰਨੀ ਲੜਾਈ ਲੜਨੀ ਪਈ।"

ਉਨ੍ਹਾਂ ਦੱਸਿਆ, "ਕਿੱਥੇ ਤਾਂ ਅਸੀਂ ਚੰਗੇ ਭਵਿੱਖ ਬਾਰੇ ਸੋਚ ਰਹੇ ਸੀ ਅਤੇ ਉਸ ਦੇ ਅਗਲੇ ਪਲ਼ ਹੀ ਸਭ ਕੁਝ ਬਦਲ ਗਿਆ, ਜਿਸ ਵਿੱਚ ਤੰਗੀਆਂ ਅਤੇ ਪੈਰ-ਪੈਰ ਉੱਤੇ ਸੰਘਰਸ਼ ਸੀ।"

ਸਵਰਨਜੀਤ ਕੌਰ ਆਖਦੇ ਹਨ, "ਸਾਨੂੰ ਉਸ ਗੁਨਾਹ ਦੀ ਸਜ਼ਾ ਮਿਲੀ ਹੈ, ਜੋ ਅਸੀਂ ਕੀਤਾ ਹੀ ਨਹੀਂ ਸੀ।"

ਹਰਮਿੰਦਰ ਸਿੰਘ

ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿੱਚ ਨਿਆਂ ਲਈ ਜ਼ਮੀਨ ਵੀ ਵੇਚੀ

ਹਰਮਿੰਦਰ ਸਿੰਘ ਦੇ ਪਿਤਾ ਅਜੀਤ ਸਿੰਘ ਨੇ ਪੁੱਤਰ ਦੀ ਇਨਸਾਫ਼ ਲਈ ਕਈ ਦਹਾਕੇ ਲੰਬੀ ਕਾਨੂੰਨੀ ਲੜਾਈ ਲੜੀ ਹੈ।

ਆਖ਼ਰਕਾਰ 2016 ਵਿੱਚ ਇਲਾਹਾਬਾਦ ਦੀ ਅਦਾਲਤ ਨੇ ਹਰਮਿੰਦਰ ਸਿੰਘ ਨੂੰ ਨਿਰਦੋਸ਼ ਦੱਸਦਿਆਂ ਸਬੰਧਿਤ ਪੁਲਿਸ ਮੁਕਾਬਲੇ ਨੂੰ ਝੂਠਾ ਕਰਾਰ ਦਿੱਤਾ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।

ਬਾਅਦ ਵਿੱਚ ਪੁਲਿਸ ਮੁਲਾਜ਼ਮਾਂ ਨੇ ਅਦਾਲਤ ਵਿੱਚ ਸਜ਼ਾ ਮੁਆਫ਼ੀ ਲਈ ਅਪੀਲ ਦਾਇਰ ਕੀਤੀ, ਤਾਂ ਅਦਾਲਤ ਨੇ ਪੁਲਿਸ ਮੁਲਾਜ਼ਮਾਂ ਦੀ ਉਮਰ ਕੈਦ ਦੀ ਸਜ਼ਾ ਘੱਟ ਕਰ ਕੇ 7-7 ਸਾਲ ਦੀ ਕਰ ਦਿੱਤੀ ਜਿਸ ਨੂੰ ਅਜੀਤ ਸਿੰਘ ਨੇ ਅਦਾਲਤ ਵਿੱਚ ਫਿਰ ਤੋਂ ਚੁਣੌਤੀ ਦਿੱਤੀ ਹੋਈ ਹੈ।

ਅਜੀਤ ਸਿੰਘ ਆਖਦੇ ਹਨ, "ਮੈਂ ਤੁਹਾਨੂੰ ਬੈਂਕ ਦੀਆਂ ਕਾਪੀਆਂ ਦਿਖਾ ਸਕਦਾ ਹਾਂ, ਮੇਰੇ ਪੁੱਤਰ ਨੂੰ ਇਨਸਾਫ਼ ਦਿਵਾਉਣ ਦੇ ਲਈ ਮੈ ਇੱਕ ਕਿੱਲਾ ਜ਼ਮੀਨ ਤੱਕ ਵੇਚ ਦਿੱਤੀ ਪਰ ਅਫ਼ਸੋਸ ਇਨਸਾਫ਼ ਅਜੇ ਤੱਕ ਪੂਰਾ ਨਹੀਂ ਮਿਲਿਆ।"

ਅਜੀਤ ਸਿੰਘ ਕਹਿੰਦੇ ਹਨ ਕਿ 45 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅਦਾਲਤਾਂ ਦੇ ਚੱਕਰ ਲਗਾਉਣੇ ਸ਼ੁਰੂ ਕੀਤੇ ਸਨ ਅਤੇ ਹੁਣ 78 ਸਾਲ ਦੀ ਉਮਰ ਹੋਣ ਤੋਂ ਬਾਦ ਵੀ ਉਨ੍ਹਾਂ ਦਾ ਸੰਘਰਸ਼ ਖ਼ਤਮ ਨਹੀਂ ਹੋਇਆ।

ਭਾਵੁਕ ਹੁੰਦਿਆਂ ਅਜੀਤ ਸਿੰਘ ਨੇ ਦੱਸਿਆ, "ਮੇਰੇ ਪੁੱਤਰ ਹਰਮਿੰਦਰ ਸਿੰਘ ਦਾ ਵਿਦੇਸ਼ ਜਾਣ ਦਾ ਪ੍ਰੋਗਰਾਮ ਸੀ ਅਤੇ ਇਸ ਦੇ ਲਈ ਪਾਸਪੋਰਟ ਤੱਕ ਬਣਾ ਲਿਆ ਸੀ ਪਰ ਯੂਪੀ ਪੁਲਿਸ ਨੇ ਬਿਨਾਂ ਕਿਸੇ ਕਸੂਰ ਦੇ ਉਸ ਨੂੰ ਮਾਰ ਦਿੱਤਾ।"

ਅਜੀਤ ਸਿੰਘ
ਤਸਵੀਰ ਕੈਪਸ਼ਨ, ਅਜੀਤ ਸਿੰਘ ਕਹਿੰਦੇ ਹਨ ਪੁੱਤਰ ਲਈ ਇਨਸਾਫ਼ ਦਾ ਸੰਘਰਸ਼ ਅਜੇ ਵੀ ਖ਼ਤਮ ਨਹੀਂ ਹੋਇਆ

ਝੂਠੇ ਪੁਲਿਸ ਮੁਕਾਬਲੇ ਦੇ ਕੇਸ ਦਾ ਪਿਛੋਕੜ

ਅਸਲ ਵਿੱਚ ਉੱਤਰ ਪ੍ਰਦੇਸ਼ ਪੁਲਿਸ ਦਸ ਸਿੱਖ ਨੌਜਵਾਨਾਂ ਨੂੰ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ ਸੀ।

15 ਮਈ 1992 ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਪਟੀਸ਼ਨ ਦੀ ਸੁਣਵਾਈ ਕਰਦਿਆਂ ਪੁਲਿਸ ਮੁਕਾਬਲੇ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ।

ਸੀਬੀਆਈ ਨੇ ਇਸ ਮਾਮਲੇ ਵਿੱਚ 57 ਪੁਲਿਸ ਮੁਲਾਜ਼ਮਾਂ ਨੂੰ ਮੁਲਜ਼ਮ ਬਣਾਇਆ, ਜਿਨ੍ਹਾਂ ਵਿੱਚੋਂ ਦਸ ਦੀ ਮੁਕੱਦਮੇ ਦੀ ਸੁਣਵਾਈ ਦੌਰਾਨ ਮੌਤ ਹੋ ਗਈ।

ਮੁਕੱਦਮੇ ਦੀ ਸੀਬੀਆਈ ਕੋਰਟ ਵਿੱਚ ਲੰਬੀ ਸੁਣਵਾਈ ਚਲੀ ਅਤੇ ਆਖ਼ਰਕਾਰ ਸੀਬੀਆਈ ਕੋਰਟ ਦੇ ਵਿਸ਼ੇਸ਼ ਜੱਜ ਲੱਲੂ ਸਿੰਘ ਨੇ ਸਾਰਿਆਂ ਪੁਲਿਸ ਮੁਲਾਜ਼ਮਾਂ ਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਅਤੇ ਦੋ ਦਿਨਾਂ ਬਾਅਦ ਸਾਰਿਆਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ।

ਇਸ ਫ਼ੈਸਲੇ ਨੂੰ ਫਿਰ ਇਲਾਹਾਬਾਦ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ, ਜਿੱਥੇ ਪੁਲਿਸ ਮੁਲਜ਼ਮਾਂ ਦੀ ਸਜ਼ਾ ਘੱਟ ਹੋ ਗਈ। ਪੁਰਾਣੀ ਸਜ਼ਾ ਬਰਕਰਾਰ ਰੱਖਣ ਦੇ ਲਈ ਅਜੀਤ ਸਿੰਘ ਨੇ ਉੱਚ ਅਦਾਲਤ ਵਿੱਚ ਫਿਰ ਤੋਂ ਅਪੀਲ ਕੀਤੀ ਹੋਈ ਹੈ।

ਵਿਜੇ ਕੁਮਾਰ
ਤਸਵੀਰ ਕੈਪਸ਼ਨ, 1991 ਵਿੱਚ ਬਟਾਲਾ ਬੰਬ ਧਮਾਕਿਆਂ ਹੋਇਆ, ਜਿਸ ਵਿੱਚ ਵਿਜੇ ਕੁਮਾਰ ਦੇ ਪਿਤਾ ਯੋਗਰਾਜ ਅਤੇ ਭਰਾ ਸੁਰਿੰਦਰ ਵੀ ਸ਼ਾਮਲ ਸਨ

ਹਿੰਸਾ ਦਾ ਸੇਕ ਆਮ ਲੋਕਾਂ ਨੂੰ

ਪੰਜਾਬ ਵਿੱਚ 1980ਵੇਂ ਅਤੇ 90ਵੇਂ ਦੇ ਦਹਾਕੇ ਦੌਰਾਨ ਹੋਈ ਹਿੰਸਾ ਨੇ ਸੂਬੇ ਦੇ ਹਰ ਵਰਗ ਨੂੰ ਪ੍ਰਭਾਵਿਤਾ ਕੀਤਾ, ਜਿਸ ਵਿੱਚ ਬਟਾਲਾ ਦੇ ਵਿਜੇ ਕੁਮਾਰ ਵੀ ਸ਼ਾਮਲ ਹਨ।

ਤਿੰਨ ਅਪ੍ਰੈਲ 1990 ਵਿੱਚ ਰਾਮ ਨੌਮੀ ਦੇ ਤਿਉਹਾਰ ਮੌਕੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਵਿੱਚ ਬਟਾਲਾ ਦੇ ਪੁਰਾਣੀ ਸਬਜ਼ੀ ਮੰਡੀ ਬਾਜ਼ਾਰ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ।

ਇਸ ਧਮਾਕੇ ਵਿੱਚ 36 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਵਿੱਚ ਵਿਜੇ ਕੁਮਾਰ ਦੇ ਪਿਤਾ ਯੋਗਰਾਜ ਅਤੇ ਭਰਾ ਸੁਰਿੰਦਰ ਵੀ ਸ਼ਾਮਲ ਸਨ।

ਸਬਜ਼ੀ ਮੰਡੀ ਬਾਜ਼ਾਰ ਵਿੱਚ ਵਿਜੇ ਕੁਮਾਰ ਦੇ ਪਿਤਾ ਯੋਗਰਾਜ ਪ੍ਰਿਟਿੰਗ ਪ੍ਰੈੱਸ ਚਲਾਉਂਦੇ ਸਨ। ਇਸ ਦੇ ਸਿਰ ਉੱਤੇ ਹੀ ਪੂਰੇ ਪਰਿਵਾਰ ਦਾ ਗੁਜ਼ਾਰਾ ਚਲ਼ਦਾ ਸੀ।

ਉਨ੍ਹਾਂ ਦੱਸਿਆ, "ਜਿਸ ਵਕਤ ਧਮਾਕਾ ਹੋਇਆ ਪਿਤਾ ਜੀ ਅਤੇ ਭਰਾ ਸ਼ੋਭਾ ਯਾਤਰਾ ਦੇਖਣ ਲਈ ਬਾਜ਼ਾਰ ਵਿੱਚ ਚਲੇ ਗਏ ਸਨ। ਮੈਂ ਦੁਕਾਨ ਦੇ ਅੰਦਰ ਹੀ ਕੰਮ ਕਰ ਰਿਹਾ ਸੀ ਅਤੇ ਅਚਾਨਕ ਵੱਡਾ ਧਮਾਕਾ ਹੋਇਆ।"

"ਪੂਰੇ ਬਾਜ਼ਾਰ ਵਿੱਚ ਅਫ਼ਰਾ ਤਫ਼ਰੀ ਮੱਚ ਗਈ ਅਤੇ ਕਈ ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ ਉਸ ਦੇ ਪਿਤਾ ਅਤੇ ਭਰਾ ਵੀ ਸ਼ਾਮਲ ਸਨ।"

ਵਿਜੇ ਕੁਮਾਰ ਆਖ਼ਦੇ ਹਨ ਕਿ ਪਿਤਾ ਅਤੇ ਭਰਾ ਦੇ ਤੁਰ ਜਾਣ ਤੋਂ ਬਾਅਦ ਹੋਏ ਨੁਕਸਾਨ ਦੀ ਉਹ ਅਜੇ ਤੱਕ ਭਰਪਾਈ ਨਹੀਂ ਕਰ ਪਾਏ।

ਉਨ੍ਹਾਂ ਆਖਿਆ, "ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਫਿਰ ਵੀ ਧਮਾਕੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਦੋ ਜੀਅ ਤੁਰ ਗਏ ਅਤੇ ਸਾਡੇ ਵਰਗੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਪੰਜਾਬ ਵਿੱਚ ਹੋਈ ਹਿੰਸਾ ਦਾ ਖ਼ਾਮਿਆਜ਼ਾ ਹੁਣ ਵੀ ਭੁਗਤਣਾ ਪੈ ਰਿਹਾ ਹੈ।"

ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸਤਵਿੰਦਰ ਸਿੰਘ
ਤਸਵੀਰ ਕੈਪਸ਼ਨ, ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸਤਵਿੰਦਰ ਸਿੰਘ ਵੀ ਬੰਬ ਧਮਾਕੇ ਵਿੱਚ ਜਖ਼ਮੀ ਹੋ ਗਏ ਸਨ

ਖਾੜਕੂਵਾਦ ਦੇ ਦੌਰ ਵਿੱਚ ਪੁਲਿਸ ਦੀ ਨੌਕਰੀ

ਜਾਣਕਾਰ ਮੰਨਦੇ ਹਨ ਕਿ ਨਾ ਸਿਰਫ਼ ਖਾੜਕੂ ਅਤੇ ਪੁਲਿਸ ਵਾਲੇ, ਪੰਜਾਬ ਵਿੱਚ ਹੋਈ ਹਿੰਸਾ ਦੇ ਆਮ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਿਕਾਰ ਬਣੇ।

ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸਤਵਿੰਦਰ ਸਿੰਘ, ਜੋ ਖ਼ੁਦ ਵੀ ਬਟਾਲਾ ਵਿੱਚ ਹੋਏ ਬੰਬ ਧਮਾਕੇ ਵਿੱਚ ਜ਼ਖਮੀ ਹੋ ਗਏ ਸਨ, ਨੇ ਦੱਸਿਆ ਕਿ ਉਹ ਦੌਰ ਬਹੁਤ ਭਿਆਨਕ ਸੀ।

ਸਤਵਿੰਦਰ ਸਿੰਘ ਨੇ ਦੱਸਿਆ, “ਖਾੜਕੂ, ਪੁਲਿਸ ਵਾਲਿਆਂ ਨੂੰ ਨਿਸ਼ਾਨਾ ਬਣਾਉਂਦੇ ਸਨ ਅਕਸਰ ਉਨ੍ਹਾਂ ਨੂੰ ਬੱਸ ਵਿੱਚ ਸਫ਼ਰ ਕਰਨ ਸਮੇਂ ਆਪਣਾ ਸ਼ਨਾਖ਼ਤੀ ਕਾਰਡ ਜਰਾਬਾਂ ਵਿੱਚ ਲੁਕਾਉਣਾ ਪੈਂਦਾ ਸੀ ਤਾਂ ਜੋ ਪਤਾ ਨਾ ਲੱਗੇ ਕਿ ਅਸੀਂ ਪੁਲਿਸ ਵਾਲੇ ਹਾਂ।”

ਸਤਵਿੰਦਰ ਸਿੰਘ ਦੱਸਦੇ ਹਨ, "ਖਾੜਕੂ ਨੌਕਰੀ ਛੱਡਣ ਦੇ ਲਈ ਧਮਕੀ ਭਰੇ ਪੱਤਰ ਘਰ ਭੇਜਦੇ ਸਨ, ਜਿਸ ਕਾਰਨ ਪੂਰੇ ਪਰਿਵਾਰ ਵਿੱਚ ਡਰ ਦਾ ਮਾਹੌਲ ਸੀ। ਮੈਂ ਆਪਣੇ ਵਿਆਹ ਤੋਂ ਬਾਅਦ ਸੁਰੱਖਿਆ ਕਾਰਨ ਪਿੰਡ ਛੱਡ ਦਿੱਤਾ ਅਤੇ ਸ਼ਹਿਰ ਵਿੱਚ ਕਮਰਾ ਕਿਰਾਏ ਉੱਤੇ ਲੈ ਕੇ ਰਹਿਣਾ ਪਿਆ।"

ਸਤਵਿੰਦਰ ਸਿੰਘ ਨੇ ਦੱਸਿਆ, "ਮੇਰੇ ਬਹੁਤ ਸਾਰੇ ਸਾਥੀ ਆਪਣੇ ਫ਼ਰਜ਼ ਦੀ ਪਾਲਣਾ ਕਰਦੇ ਹੋਏ ਖਾੜਕੂਆਂ ਨਾਲ ਮੁਕਾਬਲੇ ਵਿੱਚ ਮਾਰੇ ਗਏ।"

ਜੋ ਕਿ ਸਬੰਧਿਤ ਪਰਿਵਾਰ ਵਾਲਿਆਂ ਲਈ ਅਤੇ ਖ਼ੁਦ ਉਨ੍ਹਾਂ ਲਈ ਬੇਹੱਦ ਦੁਖਾਂ ਨਾਲ ਭਰਿਆ ਹੋਇਆ ਸੀ।

ਖਾੜਕੂਵਾਦ ਦੌਰਾਨ ਕਿੰਨੇ ਲੋਕ ਮਾਰੇ ਗਏ

ਪੰਜਾਬ

ਪੰਜਾਬ ਪੁਲਿਸ ਦੀ ਵੈੱਬਸਾਈਟ ਮੁਤਾਬਕ 1986 ਤੋਂ ਸੂਬੇ ਵਿੱਚ ਹੋਈ ਹਿੰਸਾ ਦੌਰਾਨ 1700 ਕਰਮੀਆਂ (ਵੱਖ-ਵੱਖ ਰੈਂਕ) ਦੀ ਮੌਤ ਹੋਈ।

ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਇਸ ਦਾ ਕੋਈ ਸਟੀਕ ਅੰਕੜਾ ਤਾਂ ਮੌਜੂਦ ਨਹੀਂ ਪਰ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ 2012 ਵਿੱਚ ਅਜਿਹੀਆਂ 2097 ਲਾਸ਼ਾਂ ਦਾ ਵੇਰਵਾ ਦਿੱਤਾ ਸੀ, ਜਿਨ੍ਹਾਂ ਦਾ ਪੰਜਾਬ ਪੁਲਿਸ ਵੱਲੋਂ ਲਾਪਤਾ ਕਹਿ ਕੇ ਸਸਕਾਰ ਕੀਤਾ ਗਿਆ ਸੀ।

ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਵਿੱਚ ਕੀਤੇ ਸਸਕਾਰਾਂ ਦੀ ਜਾਣਕਾਰੀ ਜਾਰੀ ਕੀਤੀ ਸੀ, ਜਿਸ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ।

  • ਏ ਸ਼੍ਰੇਣੀ ਵਿੱਚ 585 ਲਾਸ਼ਾਂ ਦੀ ਜਾਣਕਾਰੀ ਸੀ, ਜਿਨ੍ਹਾਂ ਦੀ ਪਛਾਣ ਹੋ ਚੁੱਕੀ ਸੀ।
  • ਬੀ ਸ਼੍ਰੇਣੀ ਵਿੱਚ 274 ਲਾਸ਼ਾਂ ਦੀ ਜਾਣਕਾਰੀ ਸੀ ਜਿਨ੍ਹਾਂ ਦੀ ਕੁਝ ਹੱਦ ਤੱਕ ਪਛਾਣ ਹੋ ਸਕੀ ਸੀ।
  • ਸੀ ਸ਼੍ਰੇਣੀ ਵਿੱਚ 1238 ਲਾਸ਼ਾਂ ਸਨ ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਸੀ।

ਹਾਲ ਵਿੱਚ ਪ੍ਰਕਾਸ਼ਿਤ ਹੋਈ ਕਿਤਾਬ "ਸਿੱਖ ਸਟ੍ਰੱਗਲਜ਼ ਡਾਕਿਊਮੈਂਟਸ 1920-2022" ਵਿੱਚ ਖਾੜਕੂਆਂ ਹੱਥੋਂ 1982 ਤੋਂ 1995 ਤੱਕ ਮਾਰੇ ਗਏ ਕੁਲ ਵਿਅਕਤੀਆਂ ਦੀ ਗਿਣਤੀ 11336 ਦੱਸੀ ਗਈ ਹੈ।

ਕੁਝ ਮਨੁੱਖੀ ਅਧਿਕਾਰ ਕਾਰਕੁਨ ਅਤੇ ਸੰਸਥਾਵਾਂ ਖੜਾਕੂਵਾਦ ਦੇ ਦੌਰ ਵਿੱਚ 35 ਤੋਂ 40 ਹਜਾਰ ਲੋਕਾਂ ਦੀਆਂ ਮੌਤ ਹੋਣ ਦਾ ਦਾਅਵਾ ਕਰਦਾ ਹੈ।

ਬੀਬੀਸੀ ਸੁਤੰਤਰ ਤੌਰ ਉੱਤੇ ਮੌਤਾਂ ਦੇ ਇਨ੍ਹਾਂ ਸਾਰੇ ਅੰਕੜਿਆਂ ਦੀ ਪੁਸ਼ਟੀ ਨਹੀਂ ਕਰਦਾ।

ਪ੍ਰੋਫੈਸਰ ਪਰਮਜੀਤ ਸਿੰਘ ਜੱਜ
ਤਸਵੀਰ ਕੈਪਸ਼ਨ, ਪ੍ਰੋਫੈਸਰ ਪਰਮਜੀਤ ਸਿੰਘ ਜੱਜ ਮੁਤਾਬਕ, ਹਿੰਸਾ ਦੌਰਾਨ ਕਿੰਨੇ ਲੋਕਾਂ ਦੀ ਮੌਤ ਹੋਈ ਇਸ ਦਾ ਕੋਈ ਵੀ ਸਟੀਕ ਅੰਕੜਾ ਮੌਜੂਦ ਨਹੀਂ ਹੈ,

ਮਾਹਰਾਂ ਦੀ ਰਾਏ

ਪਰਮਜੀਤ ਸਿੰਘ ਜੱਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਸਾਸ਼ਤਰ ਦੇ ਸਾਬਕਾ ਪ੍ਰੋਫੈਸਰ ਹਨ।

ਪੰਜਾਬ ਦੇ 1978 ਵਿੱਚ ਸ਼ੁਰੂ ਹੋ ਕੇ ਅਤੇ 1995 ਤੱਕ ਚੱਲੇ ਖਾੜਕੂਵਾਦ ਦੌਰ ਬਾਰੇ ਉਨ੍ਹਾਂ ਦਾ ਖ਼ਾਸ ਅਧਿਐਨ ਹੈ ਅਤੇ ਉਨ੍ਹਾਂ ਨੇ ਰਿਲੀਜਨ, ਆਈਡੈਂਟਿਟੀ ਐਂਡ ਨੇਸ਼ਨਹੁੱਡ ਨਾਂ ਦੀ ਕਿਤਾਬ ਵੀ ਲਿਖੀ ਹੈ।

ਪਰਮਜੀਤ ਜੱਜ ਕਹਿੰਦੇ ਹਨ, "1984 ਤੋਂ ਲੈ ਕੇ 1991 ਤੱਕ ਉਹ ਦੌਰ ਸੀ, ਜਿਸ ਦੌਰਾਨ ਪੰਜਾਬ ਵਿੱਚ ਸਭ ਤੋਂ ਵੱਧ ਹਿੰਸਾ ਹੋਈ।"

ਪ੍ਰੋਫੈਸਰ ਪਰਮਜੀਤ ਸਿੰਘ ਜੱਜ ਆਖਦੇ ਹਨ, "ਪੰਜਾਬ ਵਿੱਚ ਇੰਨੀ ਹਿੰਸਾ ਹੋਈ ਕਿ ਇਹ ਲੋਕਾਂ ਦੇ ਰੋਜ਼ਾਨਾ ਜੀਵਨ ਦਾ ਅੰਗ ਬਣ ਗਈ ਸੀ ਅਤੇ ਸੂਬੇ ਵਿੱਚ ਸ਼ਾਇਦ ਹੀ ਕੋਈ ਪਰਿਵਾਰ ਅਜਿਹਾ ਹੋਵੇ ਜਿਸ ਨੂੰ ਇਸ ਦਾ ਸੇਕ ਨਾ ਪਹੁੰਚਿਆ ਹੋਵੇ, ਪੁਲਿਸ ਕਰਮੀਆਂ, ਖਾੜਕੂਆਂ, ਪਰਵਾਸੀਆਂ ਤੋਂ ਇਲਾਵਾ ਆਮ ਲੋਕ ਵੀ ਇਸ ਤੋਂ ਪ੍ਰਭਾਵਿਤ ਹੋਏ।"

ਪ੍ਰੋਫੈਸਰ ਪਰਮਜੀਤ ਸਿੰਘ ਜੱਜ ਮੁਤਾਬਕ, "ਹਿੰਸਾ ਦੌਰਾਨ ਕਿੰਨੇ ਲੋਕਾਂ ਦੀ ਮੌਤ ਹੋਈ ਇਸ ਦਾ ਕੋਈ ਵੀ ਸਟੀਕ ਅੰਕੜਾ ਮੌਜੂਦ ਨਹੀਂ ਹੈ, ਬਹੁਤ ਸਾਰੇ ਘਰ ਸੁੰਨੇ ਹੋਏ ਅਤੇ ਜਿਸ ਦਾ ਅਸਰ ਇਨ੍ਹਾਂ ਪਰਿਵਾਰਾਂ ਉੱਤੇ ਭਾਵਨਾਤਮਕ, ਸਮਾਜਿਕ ਅਤੇ ਆਰਥਿਕ ਤੌਰ ਉੱਤੇ ਹੁਣ ਵੀ ਦੇਖਣ ਨੂੰ ਮਿਲਦਾ ਹੈ।"

ਬੀਬੀਸੀ

ਆਪ੍ਰੇਸ਼ਨ ਬਲੂ ਸਟਾਰ ਕੀ ਸੀ

ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983 ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕੀ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ 'ਆਪਰੇਸ਼ਨ ਬਲੂ ਸਟਾਰ' ਵਜੋਂ ਜਾਣਿਆਂ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਦਰਬਾਰ ਸਾਹਿਬ ਕੰਪਲੈਕਸ 'ਚੋਂ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖ਼ਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀ, ਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ। ਪਰ ਸਿੱਖ ਵਿਦਵਾਨ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ, ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ। ਕੁਝ ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵ੍ਹਾਈਟ ਪੇਪਰ ਮੁਤਾਬਕ ਹਮਲੇ 'ਚ 493 ਆਮ ਲੋਕ ʼਤੇ 83 ਫੌਜੀ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੇ ਤਤਕਾਲੀ ਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਹੋਰ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ।

ਬੀਬੀਸੀ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)