1984 ਆਪਰੇਸ਼ਨ ਬਲੂ ਸਟਾਰ : ਜਨਰਲ ਸੁਬੇਗ ਸਿੰਘ ਜੋ ਭਾਰਤ ਲਈ ਵੀ ਲੜੇ ਅਤੇ ਭਾਰਤ ਦੇ ਖ਼ਿਲਾਫ਼ ਵੀ

ਤਸਵੀਰ ਸਰੋਤ, Prabpal Singh
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਆਪਰੇਸ਼ਨ ਬਲੂ ਸਟਾਰ ਤੋਂ ਕੁਝ ਸਮਾਂ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਅਕਸਰ ਇੱਕ ਲੰਬੀ ਚਿੱਟੀ ਦਾੜ੍ਹੀ ਅਤੇ ਪੋਚਵੀਂ ਪੱਗ ਬੰਨ੍ਹਣ ਵਾਲੇ ਸ਼ਖ਼ਸ ਨੂੰ ਬੈਠੇ ਦੇਖਿਆ ਜਾਂਦਾ ਸੀ।
ਉਹ ਦੇਖਣ ਵਿੱਚ ਪਤਲੇ ਜ਼ਰੂਰ ਸਨ, ਪਰ ਉਨ੍ਹਾਂ ਦਾ ਚਿਹਰਾ ਬੌਧਿਕ ਸੀ। ਬਾਹਰ ਤੋਂ ਉਹ ਇੱਕ ਗ੍ਰੰਥੀ ਹੋਣ ਦੀ ਝਲਕ ਦਿੰਦੇ ਸਨ, ਪਰ ਅਸਲ ਵਿੱਚ ਉਹ ਇੱਕ ਸਿਪਾਹੀ ਸਨ, ਮੇਜਰ ਜਨਰਲ ਸੁਬੇਗ ਸਿੰਘ, ਜਿਨ੍ਹਾਂ ਨੇ ਭਾਰਤੀ ਫ਼ੌਜ ਦੇ ਖਿਲਾਫ਼ ਹਰਿਮੰਦਰ ਸਾਹਿਬ ਵਿੱਚ ਮੋਰਚਾਬੰਦੀ ਕੀਤੀ ਸੀ।
ਜਦੋਂ ਤਿੰਨ ਮਹੀਨਿਆਂ ਬਾਅਦ ਭਾਰਤੀ ਫੌਜ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਈ ਸੀ ਤਾਂ ਉਨ੍ਹਾਂ ਨੇ ਹੀ ਕਰੀਬ 200 ਸਾਥੀਆਂ ਨਾਲ ਉਸ ਦਾ ਸਾਹਮਣਾ ਕੀਤਾ ਸੀ।
ਸੁਬੇਗ ਸਿੰਘ ਪੜ੍ਹਨ ਲਿਖਣ ਦੇ ਸ਼ੌਕੀਨ ਸਨ ਅਤੇ ਸੱਤ ਭਾਸ਼ਾਵਾਂ ਪੰਜਾਬੀ, ਫ਼ਾਰਸੀ, ਉਰਦੂ, ਬੰਗਲਾ, ਗੋਰਖਾਲੀ, ਹਿੰਦੀ ਅਤੇ ਅੰਗਰੇਜ਼ੀ ਰਵਾਨਗੀ ਨਾਲ ਬੋਲ ਲੈਂਦੇ ਸਨ।
ਮੇਜਰ ਜਨਰਲ ਸੁਬੇਗ ਸਿੰਘ ਦੀ ਸ਼ਖ਼ਸੀਅਤ ਕਿਹੋ ਜਿਹੀ ਸੀ? ਮੈਂ ਇਹੀ ਸਵਾਲ ਇਸ ਸਮੇਂ ਭਿਵਾੜੀ ਵਿੱਚ ਰਹਿ ਰਹੇ ਉਨ੍ਹਾਂ ਦੇ ਛੋਟੇ ਬੇਟੇ ਪ੍ਰਬਪਾਲ ਸਿੰਘ ਦੇ ਸਾਹਮਣੇ ਰੱਖਿਆ।
ਪ੍ਰਬਪਾਲ ਸਿੰਘ ਦਾ ਜਵਾਬ ਸੀ, 'ਉਹ 5 ਫੁੱਟ 8 ਇੰਚ ਲੰਬੇ ਸਨ, ਉਹ ਬਹੁਤ ਚੰਗੇ ਐਥਲੀਟ ਸਨ। 18 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ 100 ਮੀਟਰ ਦੌੜ ਵਿੱਚ ਭਾਰਤੀ ਰਿਕਾਰਡ ਦੀ ਬਰਾਬਰੀ ਕੀਤੀ ਸੀ। ਇਸ ਦੇ ਇਲਾਵਾ ਉਹ ਬਹੁਤ ਚੰਗੇ ਘੋੜਸਵਾਰ ਅਤੇ ਤੈਰਾਕ ਵੀ ਸਨ। ਪਰ ਉਹ ਹਮੇਸ਼ਾ ਤੋਂ ਹੀ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ।''
(ਇਹ ਰਿਪੋਰਟ ਪਹਿਲੀ ਵਾਰ ਜੂਨ 2022 ਵਿੱਚ ਛਪੀ ਸੀ)

ਤਸਵੀਰ ਸਰੋਤ, Prabpal Singh
ਭਾਰਤ ਵੱਲੋਂ ਹਰ ਲੜ੍ਹਾਈ ਵਿੱਚ ਸ਼ਾਮਲ ਹੋਏ
ਆਪਣੇ ਫ਼ੌਜੀ ਜੀਵਨ ਵਿੱਚ ਉਨ੍ਹਾਂ ਨੇ ਭਾਰਤ ਵੱਲੋਂ ਹਰ ਲੜਾਈ ਲੜੀ ਸੀ, ਚਾਹੇ ਉਹ ਦੂਜਾ ਵਿਸ਼ਵ ਯੁੱਧ ਹੋਵੇ, 1947 ਵਿੱਚ ਪਾਕਿਸਤਾਨ ਦਾ ਹਮਲਾ ਹੋਵੇ ਜਾਂ ਫਿਰ 1962 ਦੀ ਭਾਰਤ-ਚੀਨ ਲੜਾਈ ਅਤੇ 1965 ਅਤੇ 1971 ਦੇ ਭਾਰਤ-ਪਾਕਿਸਤਾਨ ਯੁੱਧ।
ਪ੍ਰਬਪਾਲ ਸਿੰਘ ਦੱਸਦੇ ਹਨ, ''1942 ਵਿੱਚ ਉਨ੍ਹਾਂ ਨੂੰ ਕਿੰਗਜ਼ ਕਮਿਸ਼ਨ ਮਿਲਿਆ ਸੀ। ਉਨ੍ਹਾਂ ਨੇ ਬ੍ਰਿਟਿਸ਼ ਫੋਰਸਾਂ ਨਾਲ ਸਿੰਗਾਪੁਰ ਅਤੇ ਮਲਾਇਆ ਨੂੰ ਆਜ਼ਾਦ ਕਰਵਾਇਆ ਸੀ।''
''ਸਾਲ 1948 ਵਿੱਚ ਉਹ ਕਸ਼ਮੀਰ ਵਿੱਚ ਪਾਕਿਸਤਾਨ ਦੇ ਖਿਲਾਫ਼ ਲੜੇ, ਜਿੱਥੇ ਉਹ ਬ੍ਰਿਗੇਡੀਅਰ ਉਸਮਾਨ ਦੇ ਸਟਾਫ਼ ਅਫ਼ਸਰ ਸਨ। ਜਦੋਂ ਉਸਮਾਨ ਲੜਾਈ ਵਿੱਚ ਮਾਰੇ ਗਏ ਤਾਂ ਉਹ ਉਨ੍ਹਾਂ ਤੋਂ 20 ਗਜ਼ ਦੀ ਦੂਰੀ 'ਤੇ ਸਨ।''
ਪ੍ਰਬਪਾਲ ਸਿੰਘ ਅੱਗੇ ਦੱਸਦੇ ਹਨ, ''1962 ਦੀ ਲੜਾਈ ਵਿੱਚ ਉਹ ਤੇਜਪੁਰ ਵਿੱਚ ਸਨ। ਉਹ ਜ਼ਖ਼ਮੀ ਭਾਰਤੀ ਫ਼ੌਜੀਆਂ ਨੂੰ ਇੱਕ ਮਜ਼ਦੂਰ ਵਾਂਗ ਆਪਣੇ ਮੋਢਿਆਂ 'ਤੇ ਚੁੱਕ ਕੇ ਤੇਜਪੁਰ ਹਸਪਤਾਲ ਤੱਕ ਲਿਆਏ ਸਨ।''
''1965 ਦੀ ਲੜਾਈ ਵਿੱਚ ਉਹ ਹਾਜੀਪੀਰ ਦੇ ਮੋਰਚੇ 'ਤੇ ਸਨ। ਉਹ ਇਕੱਲੇ ਅਫ਼ਸਰ ਸਨ ਜਿਨ੍ਹਾਂ ਨੂੰ ਲੈਫਟੀਨੈਂਟ ਕਰਨਲ ਤੋਂ ਸਿੱਧਾ ਬ੍ਰਿਗੇਡੀਅਰ ਦੇ ਤੌਰ 'ਤੇ ਪ੍ਰਮੋਟ ਕੀਤਾ ਗਿਆ ਸੀ।''
''ਸਾਲ 1969 ਵਿੱਚ ਉਹ ਨਾਗਾਲੈਂਡ ਪੋਸਟਿੰਗ 'ਤੇ ਚਲੇ ਗਏ ਸਨ। ਜਦੋਂ ਬੰਗਲਾਦੇਸ਼ ਦਾ ਸੰਘਰਸ਼ ਸ਼ੁਰੂ ਹੋਇਆ ਤਾਂ ਉਨ੍ਹਾਂ ਨੂੰ ਉੱਥੋਂ ਹੀ ਬੁਲਾਇਆ ਗਿਆ ਸੀ।''
ਸਾਕਾ ਜੂਨ '84
ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983 ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕੀ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ 'ਆਪਰੇਸ਼ਨ ਬਲੂ ਸਟਾਰ' ਵਜੋਂ ਜਾਣਿਆਂ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਦਰਬਾਰ ਸਾਹਿਬ ਕੰਪਲੈਕਸ 'ਚੋਂ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀ, ਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ। ਪਰ ਸਿੱਖ ਵਿਦਵਾਨ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ, ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ।ਕੁਝ ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵਾਈਟ ਪੇਪਰ ਮੁਤਾਬਕ ਹਮਲੇ 'ਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੇ ਤਤਕਾਲੀ ਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਹੋਰ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ।
ਸੁਬੇਗ ਸਿੰਘ ਤੋਂ ਬਣੇ ਬੇਗ

ਤਸਵੀਰ ਸਰੋਤ, Bharatrakshak.com
1971 ਵਿੱਚੋਂ ਬੰਗਲਾਦੇਸ਼ ਦਾ ਸੰਘਰਸ਼ ਸ਼ੁਰੂ ਹੋਇਆ ਤਾਂ ਭਾਰਤੀ ਫ਼ੌਜ ਦੇ ਮੁਖੀ ਸੈਮ ਮਾਨੇਕ ਸ਼ਾਅ ਨੇ ਉਨ੍ਹਾਂ ਨੂੰ ਦਿੱਲੀ ਤਲਬ ਕੀਤਾ।
ਜਿੱਥੇ ਉਨ੍ਹਾਂ ਨੂੰ ਬੰਗਾਲੀ ਖਾੜਕੂਆਂ ਦੀ ਜਥੇਬੰਦੀ ਮੁਕਤੀ ਬਾਹਿਨੀ ਨੂੰ ਖੜ੍ਹੀ ਕਰਨ ਅਤੇ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ।
ਇਹ ਇੱਕ ਗੁਪਤ ਮਿਸ਼ਨ ਸੀ ਕਿਉਂਕਿ ਭਾਰਤ ਦੁਨੀਆ ਨੂੰ ਇਹ ਨਹੀਂ ਦਿਖਾਉਣਾ ਚਾਹੁੰਦਾ ਸੀ ਕਿ ਉਹ ਮੁਕਤੀ ਬਾਹਿਨੀ ਨੂੰ ਸਿਖਲਾਈ ਦੇ ਰਿਹਾ ਹੈ।
ਅਧਿਕਾਰਿਤ ਤੌਰ 'ਤੇ ਭਾਰਤ ਨੇ ਅਜੇ ਤੱਕ ਸਵੀਕਾਰ ਨਹੀਂ ਕੀਤਾ ਕਿ ਉਸ ਨੇ ਮੁਕਤੀ ਬਾਹਿਨੀ ਨੂੰ ਸਿਖਲਾਈ ਦਿੱਤੀ ਹੈ।
ਪੂਰਬੀ ਕਮਾਨ ਦੇ ਮੁਖੀ ਜਨਰਲ ਜਗਜੀਤ ਸਿੰਘ ਅਰੋੜਾ ਦਾ ਮੰਨਣਾ ਸੀ ਕਿ ਮੁਕਤੀ ਬਾਹਿਨੀ ਦੀ ਸਿਖਲਾਈ ਵਿੱਚ ਸੁਬੇਗ ਸਿੰਘ ਦੀ ਬਹੁਤ ਵੱਡੀ ਭੂਮਿਕਾ ਸੀ।

ਤਸਵੀਰ ਸਰੋਤ, Roli Books
ਭਾਵੇਂ ਸਿੱਖਾਂ ਵਿਚ ਕੇਸ ਰੱਖਣੇ ਧਾਰਮਿਕ ਆਸਥਾ ਦੀ ਰਵਾਇਤ ਹੈ, ਪਰ ਕੰਮ ਦੇ ਤਕਾਜ਼ੇ ਮੁਤਾਬਕ ਸੁਬੇਗ ਸਿੰਘ ਨੇ ਆਪਣੇ ਵਾਲ ਤੱਕ ਕਟਵਾ ਦਿੱਤੇ ਸਨ।
ਸੁਬੇਗ ਸਿੰਘ ਦੇ ਬੇਟੇ ਪ੍ਰਬਪਾਲ ਸਿੰਘ ਦੱਸਦੇ ਹਨ, ''ਜਦੋਂ ਮੇਰੇ ਪਿਤਾ ਮੁਕਤੀ ਬਾਹਿਨੀ ਨੂੰ ਟਰੇਨ ਕਰ ਰਹੇ ਸਨ ਤਾਂ ਸਾਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਰਹਿ ਰਹੇ ਹਨ।''
''ਜਦੋਂ ਅਸੀਂ ਉਨ੍ਹਾਂ ਨੂੰ ਫੋਨ 'ਤੇ ਪੁੱਛਿਆ ਕਿ ਆਪਣਾ ਪਤਾ ਤਾਂ ਦੱਸ ਦਿਓ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਮਿਸਟਰ ਬੇਗ, ਹਬੀਬ ਟੇਲਰਿੰਗ ਹਾਊਸ, ਅਗਰਤਲਾ।''
''ਜਦੋਂ ਉਹ ਬਹੁਤ ਦਿਨਾਂ ਤੱਕ ਘਰ ਨਹੀਂ ਆਏ ਤਾਂ ਮੇਰੀ ਮਾਂ ਨੇ ਮੇਰੇ ਵੱਡੇ ਭਰਾ ਨੂੰ ਕਿਹਾ ਕਿ ''ਤੂੰ ਛੁੱਟੀ ਲੈ ਅਤੇ ਜਾਕੇ ਪਤਾ ਲਾ ਕਿ ਤੇਰੇ ਪਿਤਾ ਕਿੱਥੇ ਹਨ? ਉਹ ਚਿੱਠੀਆਂ ਦਾ ਜਵਾਬ ਵੀ ਨਹੀਂ ਦਿੰਦੇ।''
''ਜਦੋਂ ਮੇਰੇ ਭਰਾ ਉੱਥੇ ਗਏ ਤਾਂ ਉਨ੍ਹਾਂ ਨੇ ਕਿਹਾ ਕਿ ''ਮੈਂ ਠੀਕ ਹਾਂ, ਮੈਂ ਅੰਡਰਗਰਾਊਂਡ ਆਪ੍ਰੇਸ਼ਨ ਚਲਾ ਰਿਹਾ ਹਾਂ। ਮੈਂ ਹੁਣ ਬ੍ਰਿਗੇਡੀਅਰ ਸੁਬੇਗ ਸਿੰਘ ਨਹੀਂ ਹਾਂ, ਹੁਣ ਮੇਰਾ ਨਾਂ ਬੇਗ ਹੈ।''

ਤਸਵੀਰ ਸਰੋਤ, Prabpal Singh
ਮੁਕਤੀ ਬਾਹਿਨੀ ਨੂੰ ਟਰੇਨਿੰਗ ਦਿੱਤੀ
ਬ੍ਰਿਗੇਡੀਅਰ ਸੁਬੇਗ ਸਿੰਘ ਨੂੰ ਡੈਲਟਾ ਸੈਕਟਰ ਵਿੱਚ ਮੱਧ ਅਤੇ ਪੂਰਬੀ ਬੰਗਲਾਦੇਸ਼ ਦੇ ਇਲਾਕੇ ਵਿੱਚ ਮੁਕਤੀ ਬਾਹਿਨੀ ਦੀ ਸਿਖਲਾਈ ਦਾ ਇੰਚਾਰਜ ਬਣਾਇਆ ਗਿਆ ਸੀ।
ਉਨ੍ਹਾਂ ਨੇ ਪਾਕਿਸਤਾਨੀ ਫੌਜ ਨੂੰ ਛੱਡ ਕੇ ਆਏ ਕਈ ਲੋਕਾਂ ਜਿਵੇਂ ਮੇਜਰ ਜ਼ਿਆ ਉਰ ਰਹਿਮਾਨ ਅਤੇ ਮੁਹੰਮਦ ਮੁਸ਼ਤਕ ਨੂੰ ਟਰੇਨ ਕੀਤਾ, ਜੋ ਬਾਅਦ ਵਿੱਚ ਬੰਗਲਾਦੇਸ਼ ਦੇ ਰਾਸ਼ਟਰਪਤੀ ਅਤੇ ਫੌਜ ਮੁਖੀ ਬਣੇ।
ਸੁਬੇਗ ਸਿੰਘ ਦੇ ਯਤਨਾਂ ਨਾਲ ਜਨਵਰੀ ਤੋਂ ਅਕਤੂਬਰ 1971 ਤੱਕ ਬੰਗਲਾਦੇਸ਼ ਵਿੱਚ ਛਾਪਾਮਾਰ ਅੰਦੋਲਨ ਇਸ ਹੱਦ ਤੱਕ ਵਧਿਆ ਕਿ ਜਦੋਂ ਲੜਾਈ ਸ਼ੁਰੂ ਹੋਈ ਤਾਂ ਪਾਕਿਸਤਾਨੀ ਫੌਜ ਦੀ ਵਿਰੋਧ ਕਰਨ ਦੀ ਇੱਛਾ ਸ਼ਕਤੀ ਕਰੀਬ ਕਰੀਬ ਖਤਮ ਹੋ ਗਈ ਸੀ।
ਪ੍ਰਬਪਾਲ ਸਿੰਘ ਦੱਸਦੇ ਹਨ, ''ਮੇਰੇ ਪਿਤਾ ਨੇ ਮੁਕਤੀ ਬਾਹਿਨੀ ਨੂੰ ਹਥਿਆਰ ਚਲਾਉਣਾ ਸਿਖਾਇਆ, ਛਾਪਾਮਾਰ ਯੁੱਧ ਦੀ ਰਣਨੀਤੀ ਸਮਝਾਈ, ਚਟਗਾਂਵ ਬੰਦਰਗਾਹ ਵਿੱਚ ਉਨ੍ਹਾਂ ਨੇ ਇੱਕ ਸਮੇਂ ਵਿੱਚ ਪੰਜ ਛੋਟੇ ਜੰਗੀ ਬੇੜੇ ਉਡਾ ਦਿੱਤੇ ਸਨ।''
''ਮੁਕਤੀ ਬਾਹਿਨੀ ਨੇ ਪਾਕਿਸਤਾਨੀ ਫੌਜ ਦੇ ਅਫ਼ਸਰਾਂ 'ਤੇ ਘਾਤ ਲਾ ਕੇ ਹਮਲਾ ਕਰਨਾ ਸ਼ੁਰੂ ਕੀਤਾ। ਉਹ ਉਨ੍ਹਾਂ ਦੇ ਫ਼ੌਜੀ ਕਾਫ਼ਲਿਆਂ 'ਤੇ ਹਮਲਾ ਕਰਨ ਲੱਗੇ, ਪੁਲ ਉਡਾਉਣ ਲੱਗੇ ਅਤੇ ਇਹ ਯਕੀਨੀ ਬਣਾਉਣ ਲੱਗੇ ਕਿ ਪਾਕਿਸਤਾਨੀ ਫ਼ੌਜ ਤੱਕ ਰਸਦ ਨਾ ਪਹੁੰਚ ਸਕੇ। ਇਸ ਸਭ ਲਈ ਬ੍ਰਿਗੇਡੀਅਰ ਸੁਬੇਗ ਸਿੰਘ ਨੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਸੀ।''

ਤਸਵੀਰ ਸਰੋਤ, Getty Images

ਤਸਵੀਰ ਸਰੋਤ, Getty Image
ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਤ
ਬੰਗਲਾ ਦੇਸ਼ ਯੁੱਧ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਲਈ ਭਾਰਤ ਸਰਕਾਰ ਨੇ ਬ੍ਰਿਗੇਡੀਅਰ ਸੁਬੇਗ ਸਿੰਘ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ।
ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅਤਿ ਵਿਸ਼ਿਸ਼ਟ ਸੇਵਾ ਮੈਡਲ ਮਿਲ ਚੁੱਕਿਆ ਸੀ।
ਪ੍ਰਬਪਾਲ ਸਿੰਘ ਨੂੰ ਹੁਣ ਤੱਕ ਯਾਦ ਹੈ, ਕਿ ਉਹ ਵੀ ਪੁਰਸਕਾਰ ਵੰਡ ਸਮਾਰੋਹ ਵਿੱਚ ਭਾਗ ਲੈਣ ਆਪਣੇ ਪਿਤਾ ਨਾਲ ਰਾਸ਼ਟਰਪਤੀ ਭਵਨ ਗਏ ਸਨ।

ਤਸਵੀਰ ਸਰੋਤ, Prabpal Singh
ਪ੍ਰਬਪਾਲ ਦੱਸਦੇ ਹਨ, ''ਉਸ ਸਮੇਂ ਰਾਸ਼ਟਰਪਤੀ ਵੀ.ਵੀ. ਗਿਰੀ ਸਨ। ਅਸ਼ੋਕਾ ਹਾਲ ਵਿੱਚ ਸਮਾਗਮ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਦਿੱਤੀ ਸੀ। ਅਸੀਂ ਲੋਕ ਖੜ੍ਹੇ ਹੋਏ ਸੀ, ਉਦੋਂ ਹੀ ਮਾਨੇਕ ਸ਼ਾਅ ਦੀ ਆਵਾਜ਼ ਗੂੰਜੀ, ''ਓਏ ਸੁਬੇਗ, ਤੇਰੀ ਸਿੰਘਣੀ ਕਿੱਥੇ ਹੈ?''
“ਸਾਰੇ ਜਣੇ ਮੇਰੇ ਪਿਤਾ ਵੱਲ ਦੇਖਣ ਲੱਗੇ। ਮੇਰੇ ਪਿਤਾ ਨੇ ਕਿਹਾ, ਸਰ ਮੈਂ ਹੁਣੇ ਉਨ੍ਹਾਂ ਨੂੰ ਲੈ ਕੇ ਆਉਂਦਾ ਹਾਂ। ਫਿਰ ਸੈਮ ਮੇਰੀ ਮਾਂ ਨੂੰ ਮਿਲੇ। ਮੈਂ ਵੀ ਉਨ੍ਹਾਂ ਨਾਲ ਹੱਥ ਮਿਲਾਇਆ।”
“ਉਨ੍ਹਾਂ ਨੇ ਇੱਕ ਗੋਰਖਾ ਜਵਾਨ ਦੀ ਪਤਨੀ ਨਾਲ ਵੀ ਨੇਪਾਲੀ ਵਿੱਚ ਗੱਲਬਾਤ ਕੀਤੀ। ਉਹ ਇੰਨੇ ਚੰਗੇ ਇਨਸਾਨ ਸਨ ਕਿ ਹਰ ਇੱਕ ਨਾਲ ਘੁਲਮਿਲ ਜਾਂਦੇ ਸਨ।''

ਤਸਵੀਰ ਸਰੋਤ, Prabpal Singh
ਰਾਓ ਫ਼ਰਮਾਨ ਅਲੀ ਨੇ ਰੱਖਿਆ ਸੀ 10 ਲੱਖ ਰੁਪਏ ਦਾ ਇਨਾਮ
1971 ਦੇ ਯੁੱਧ ਤੋਂ ਬਾਅਦ ਸੁਬੇਗ ਸਿੰਘ ਨੂੰ ਜਬਲਪੁਰ ਵਿੱਚ ਪਾਕਿਸਤਾਨੀ ਫ਼ੌਜੀਆਂ ਦੇ ਯੁੱਧਬੰਦੀ ਕੈਂਪ ਦਾ ਇੰਚਾਰਜ ਬਣਾਇਆ ਗਿਆ।
ਉਸੇ ਕੈਂਪ ਵਿੱਚ ਜਨਰਲ ਨਿਆਜ਼ੀ ਅਤੇ ਪਾਕਿਸਤਾਨੀ ਫ਼ੌਜ ਦੇ ਸੀਨੀਅਰ ਅਫ਼ਸਰਾਂ ਨੂੰ ਰੱਖਿਆ ਗਿਆ ਸੀ।
ਇੱਕ ਵਾਰ ਜਦੋਂ ਸੁਬੇਗ ਸਿੰਘ ਯੁੱਧਬੰਦੀ ਕੈਂਪ ਜਾ ਰਹੇ ਸਨ ਤਾਂ ਉਨ੍ਹਾਂ ਦੇ ਬੇਟੇ ਪ੍ਰਬਪਾਲ ਸਿੰਘ ਨੇ ਵੀ ਉਨ੍ਹਾਂ ਨਾਲ ਉੱਥੇ ਜਾਣ ਦੀ ਇੱਛਾ ਪ੍ਰਗਟ ਕੀਤੀ।
ਪ੍ਰਬਪਾਲ ਦੱਸਦੇ ਹਨ, ''ਜਦੋਂ ਮੈਂ ਉੱਥੇ ਪਹੁੰਚਿਆ ਤਾਂ ਉੱਥੇ ਪਾਕਿਸਤਾਨੀ ਫ਼ੌਜ ਦੇ ਕਈ ਵੱਡੇ ਅਫ਼ਸਰ ਬੈਠੇ ਹੋਏ ਸਨ। ਇੰਨੇ ਵਿੱਚ ਮੇਜਰ ਜਨਰਲ ਰਾਓ ਫ਼ਰਮਾਨ ਅਲੀ ਕਮਰੇ ਦੇ ਅੰਦਰ ਆਏ, ਆਉਂਦੇ ਹੀ ਉਨ੍ਹਾਂ ਨੇ ਮੇਰੇ ਪਿਤਾ ਵੱਲ ਗੌਰ ਨਾਲ ਦੇਖਿਆ। ਨਿਆਜ਼ੀ ਨੇ ਹੱਸ ਕੇ ਕਿਹਾ, ਇਸ ਬਹਿਰੂਪੀਏ ਨੂੰ ਨਹੀਂ ਪਛਾਣਿਆ?''

ਤਸਵੀਰ ਸਰੋਤ, Getty Images
''ਫ਼ਰਮਾਨ ਅਲੀ ਬੋਲੇ, ''ਨਹੀਂ, ਪਰ ਲੱਗਦਾ ਹੈ ਮੈਂ ਇਨ੍ਹਾਂ ਨੂੰ ਕਿਧਰੇ ਦੇਖਿਆ ਹੋਇਆ ਹੈ।'' ਫਿਰ ਮੇਰੇ ਪਿਤਾ ਜੀ ਨੇ ਆਪਣੀ ਪੱਗ ਉਤਾਰ ਦਿੱਤੀ।
ਫ਼ਰਮਾਨ ਅਲੀ ਨੇ ਕਿਹਾ, ''ਯੂ ਆਰ ਮਿਸਟਰ ਬੇਗ।'' ਮੇਰੇ ਪਿਤਾ ਜੀ ਨੇ ਆਪਣੀ ਪੱਗ ਸਿਰ ਉੱਤੇ ਰੱਖ ਕੇ ਕਿਹਾ, ''ਆਈ ਐੱਮ ਜਨਰਲ ਸੁਬੇਗ ਸਿੰਘ।''
ਫਿਰ ਮੈਂ ਫ਼ਰਮਾਨ ਅਲੀ ਤੋਂ ਪੁੱਛਿਆ ਕਿ ਤੁਸੀਂ ਇਨ੍ਹਾਂ ਨਾਲ ਇਸ ਲਹਿਜੇ ਵਿੱਚ ਕਿਉਂ ਗੱਲ ਕੀਤੀ? ਉਨ੍ਹਾਂ ਨੇ ਕਿਹਾ, ''ਯੂ ਨੋ ਯੋਅਰ ਫਾਦਰ ਵਾਜ਼ ਵਾਂਟੇਡ ਡੈੱਡ ਔਰ ਅਲਾਈਵ ਫਾਰ 10 ਲੈਕ ਰੁਪੀਜ਼।''
ਮੈਂ ਇਨ੍ਹਾਂ ਉੱਪਰ ਇਨਾਮ ਰੱਖਿਆ ਹੋਇਆ ਸੀ ਕਿ ਜੋ ਇਨ੍ਹਾਂ ਨੂੰ ਜਿਉਂਦਾ ਜਾਂ ਮੁਰਦਾ ਫੜੇਗਾ, ਉਸ ਨੂੰ 10 ਲੱਖ ਰੁਪਏ ਦਿੱਤੇ ਜਾਣਗੇ।
ਜਦੋਂ ਨਿਆਜ਼ੀ ਰੇਲ ਰਾਹੀ ਪਾਕਿਸਤਾਨ ਵਾਪਸ ਜਾ ਰਹੇ ਸਨ ਤਾਂ ਮੈਂ ਉਨ੍ਹਾਂ ਨੂੰ ਆਪਣੇ ਪਿਤਾ ਨਾਲ ਸਟੇਸ਼ਨ ਛੱਡਣ ਗਿਆ ਸੀ।
ਮੈਂ ਉਨ੍ਹਾਂ ਨੂੰ ਇੱਕ ਮਿਠਾਈ ਦਾ ਡੱਬਾ ਅਤੇ ਕੇ. ਐੱਲ. ਸਹਿਗਲ ਦੇ ਛੇ ਰਿਕਾਰਡ ਪੈਕ ਕਰਕੇ ਦਿੱਤੇ ਸਨ, ਹੀ ਵਾਜ਼ ਵੈਰੀ ਟੱਚਡ।''
ਜਨਰਲ ਸੁਬੇਗ ਸਿੰਘ ਨੌਕਰੀ ਤੋਂ ਹੋਏ ਬਰਖ਼ਾਸਤ
ਇਸ ਤੋਂ ਬਾਅਦ ਉਨ੍ਹਾਂ ਦੀ ਉੱਤਰ ਪ੍ਰਦੇਸ਼ ਵਿੱਚ ਬਰੇਲੀ ਵਿੱਚ ਤੈਨਾਤੀ ਹੋ ਗਈ ਸੀ। ਬਰੇਲੀ ਦਾ ਇਲਾਕਾ ਕਾਫ਼ੀ ਵੱਡਾ ਹੈ ਅਤੇ ਚੀਨ ਦੀ ਸੀਮਾ ਤੱਕ ਜਾਂਦਾ ਹੈ।
ਉਸ ਦੇ ਅੰਦਰ ਦੋ, ਤਿੰਨ ਟਰੇਨਿੰਗ ਸੈਂਟਰ ਆਉਂਦੇ ਹਨ। ਉੱਥੇ ਇੱਕ ਆਡਿਟ ਰਿਪੋਰਟ ਵਿੱਚ ਵਿੱਤੀ ਤਰੁੱਟੀਆਂ ਦਾ ਪਤਾ ਲੱਗਿਆ।
ਜਨਰਲ ਸੁਬੇਗ ਸਿੰਘ ਨੇ ਇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ, ਜੋ ਫੌਜ ਦੇ ਆਲ੍ਹਾ ਅਧਿਕਾਰੀਆਂ ਨੂੰ ਪਸੰਦ ਨਹੀਂ ਆਈ।

ਤਸਵੀਰ ਸਰੋਤ, PRABPAL SINGH
ਨਤੀਜਾ ਇਹ ਹੋਇਆ ਕਿ ਜਨਰਲ ਸੁਬੇਗ ਸਿੰਘ ਦੀ ਰਿਟਾਇਰਮੈਂਟ ਤੋਂ ਸਿਰਫ਼ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਬਿਨਾਂ ਕਿਸੇ ਮੁਕੱਦਮੇ ਜਾਂ ਕੋਰਟ ਮਾਰਸ਼ਲ ਦੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ।
ਉਨ੍ਹਾਂ ਦੀ ਪੈਨਸ਼ਨ ਵੀ ਰੋਕ ਦਿੱਤੀ ਗਈ। ਉਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਹੋਰ ਇਲਜ਼ਾਮ ਵੀ ਲਗਾਏ ਗਏ।
ਇਹ ਦੋਸ਼ ਵੀ ਲੱਗਿਆ ਕਿ ਜਬਲਪੁਰ ਤੋਂ ਟਰਾਂਸਫਰ ਹੋਣ 'ਤੇ ਉਨ੍ਹਾਂ ਨੇ ਭੇਟ ਵਿੱਚ ਇੱਕ ਸਿਲਵਰ ਸਾਲਵਰ ਸਵੀਕਾਰ ਕੀਤੀ ਸੀ, ਜਿਸ ਦੀ ਕੀਮਤ 2500 ਰੁਪਏ ਸੀ।
ਉਨ੍ਹਾਂ 'ਤੇ ਆਪਣਾ ਮਕਾਨ ਬਣਾਉਣ ਵਿੱਚ ਆਪਣੀ ਆਮਦਨ ਦੇ ਸਰੋਤ ਤੋਂ ਕਿਧਰੇ ਜ਼ਿਆਦਾ ਧਨ ਲਗਾਉਣ ਦਾ ਇਲਜ਼ਾਮ ਵੀ ਲਗਾਇਆ ਗਿਆ।
ਆਪ੍ਰੇਸ਼ਨ ਬਲੂਸਟਾਰ 'ਤੇ ਕਿਤਾਬ 'ਅੰਮ੍ਰਿਤਸਰ ਮਿਸਿਜ਼ ਗਾਂਧੀਜ਼ ਲਾਸਟ ਬੈਟਲ' ਲਿਖਣ ਵਾਲੇ ਸਤੀਸ਼ ਜੈਕਬ ਦੱਸਦੇ ਹਨ, ''ਸਰਕਾਰ ਦੇ ਇਸ ਕਦਮ ਨੇ ਜਨਰਲ ਸੁਬੇਗ ਸਿੰਘ ਨੂੰ ਬਹੁਤ ਦੁਖੀ ਅਤੇ ਸਰਕਾਰ ਵਿਰੋਧੀ ਬਣਾ ਦਿੱਤਾ।''
''ਉਨ੍ਹਾਂ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ। ਅਦਾਲਤ ਨੇ ਉਨ੍ਹਾਂ ਖਿਲਾਫ਼ ਲੱਗੇ ਇਲਜ਼ਾਮਾਂ ਨੂੰ ਗ਼ਲਤ ਪਾਇਆ, ਪਰ ਇਸ ਦੇ ਬਾਵਜੂਦ ਸਰਕਾਰ ਦੇ ਪ੍ਰਤੀ ਉਨ੍ਹਾਂ ਦੇ ਰਵੱਈਏ ਵਿੱਚ ਕੋਈ ਤਬਦੀਲੀ ਨਹੀਂ ਆਈ।''
''ਫਿਰ ਉਨ੍ਹਾਂ ਨੇ ਆਪਣੇ ਮਨ ਦੀ ਸ਼ਾਂਤੀ ਲਈ ਧਰਮ ਦਾ ਸਹਾਰਾ ਲਿਆ ਅਤੇ ਉਦੋਂ ਉਹ ਜਰਨੈਲ ਸਿੰਘ ਭਿੰਡਰਾਵਾਲੇ ਦੇ ਪ੍ਰਭਾਵ ਵਿੱਚ ਆ ਗਏ।''

ਤਸਵੀਰ ਸਰੋਤ, PRABPAL SINGH
ਜਦੋਂ ਜਨਰਲ ਸੁਬੇਗ ਨੇ ਸਤੀਸ਼ ਜੈਕਬ ਨੂੰ ਝਿੜਕਿਆ
ਸਤੀਸ਼ ਜੈਕਬ ਇੱਕ ਹੋਰ ਕਿੱਸਾ ਦੱਸਦੇ ਹਨ, ''ਭਿੰਡਰਾਵਾਲੇ ਨੂੰ ਮੈਂ ਬਹੁਤ ਪਹਿਲਾਂ ਤੋਂ ਜਾਣਦਾ ਸੀ ਕਿਉਂਕਿ ਮੈਂ ਅਕਸਰ ਉਨ੍ਹਾਂ ਦੀ ਇੰਟਰਵਿਊ ਲਿਆ ਕਰਦਾ ਸੀ।
ਭਿੰਡਰਾਵਾਲੇ ਅਕਸਰ ਜ਼ਮੀਨ 'ਤੇ ਹੀ ਬੈਠਿਆ ਕਰਦੇ ਸਨ। ਉਨ੍ਹਾਂ ਦੇ ਪਿੱਛੇ ਸਿਰਹਾਣਾ ਲੱਗਿਆ ਰਹਿੰਦਾ ਸੀ। ਇੱਕ ਦਿਨ ਮੈਂ ਉਨ੍ਹਾਂ ਦੇ ਕੋਲ ਬੈਠਾ ਸੀ। ਇੱਕ ਜਗ੍ਹਾ ਬੈਠੇ ਬੈਠੇ ਮੇਰਾ ਪੈਰ ਥੱਕ ਗਿਆ ਸੀ।
ਮੈਂ ਉਸ ਨੂੰ ਆਰਾਮ ਦੇਣ ਲਈ ਉਸ ਨੂੰ ਥੋੜ੍ਹਾ ਫੈਲਾਇਆ ਤਾਂ ਉਹ ਭਿੰਡਰਾਵਾਲੇ ਨੂੰ ਛੂਹ ਗਿਆ। ਨਾਲ ਬੈਠੇ ਜਨਰਲ ਸੁਬੇਗ ਸਿੰਘ ਨੇ ਮੇਰੇ ਵੱਲ ਨਾਰਾਜ਼ਗੀ ਨਾਲ ਦੇਖਦੇ ਹੋਏ ਮੈਨੂੰ ਟੋਕਿਆ ਅਤੇ ਕਿਹਾ, ਜ਼ਰਾ ਸੰਭਲ ਕੇ, ਸੰਤ ਜੀ ਨਾਰਾਜ਼ ਹੋ ਜਾਣਗੇ।
ਸੁਬੇਗ ਨੂੰ ਸ਼ਾਇਦ ਇਹ ਅੰਦਾਜ਼ਾ ਨਹੀਂ ਸੀ ਕਿ ਭਿੰਡਰਾਵਾਲੇ ਮੈਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਸਨ। ਜਦੋਂ ਭਿੰਡਰਾਵਾਲੇ ਨੇ ਮੈਨੂੰ ਜਨਰਲ ਸੁਬੇਗ ਨਾਲ ਗੱਲ ਕਰਦੇ ਹੋਏ ਦੇਖਿਆ ਤਾਂ ਪੁੱਛ ਬੈਠੇ, ਜਨਰਲ ਨਾਲ ਤੁਹਾਡੀ ਕੀ ਗੱਲ ਹੋ ਰਹੀ ਹੈ?
ਮੈਂ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਭਿੰਡਰਾਵਾਲੇ ਨੇ ਜ਼ੋਰ ਦਿੱਤਾ ਕਿ ਮੈਂ ਉਨ੍ਹਾਂ ਨੂੰ ਕੀ ਦੱਸਾਂ ਕਿ ਸਾਡੇ ਦੋਵਾਂ ਵਿਚਕਾਰ ਕੀ ਗੱਲ ਹੋ ਰਹੀ ਸੀ?
ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਜਨਰਲ ਮੈਨੂੰ ਸੁਚੇਤ ਕਰ ਰਹੇ ਸਨ ਕਿ ਮੈਂ ਤੁਹਾਡੇ ਨਾਲ ਬਦਤਮੀਜ਼ੀ ਨਾ ਕਰਾਂ ਤਾਂ ਭਿੰਡਰਾਵਾਲੇ ਸੁਣ ਕੇ ਹੱਸਣ ਲੱਗੇ।''

ਤਸਵੀਰ ਸਰੋਤ, Getty Images
ਹਰਿਮੰਦਰ ਸਾਹਿਬ ਦੀ ਮੋਰਚੇਬੰਦੀ
ਭਿੰਡਰਾਵਾਲੇ ਦੇ ਕਹਿਣ 'ਤੇ ਜਨਰਲ ਸੁਬੇਗ ਸਿੰਘ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਜਾ ਕੇ ਰਹਿਣ ਲੱਗੇ। ਭਿੰਡਰਾਵਾਲੇ ਨੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ।
ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੱਕ ਉੱਥੇ ਰਹਿ ਕੇ ਉਨ੍ਹਾਂ ਨੇ ਉਹ ਸਭ ਕੁਝ ਕੀਤਾ, ਜਿਸ ਨਾਲ ਭਾਰਤੀ ਫ਼ੌਜੀਆਂ ਦਾ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਵੜਨਾ ਮੁਸ਼ਕਿਲ ਤੋਂ ਮੁਸ਼ਕਿਲ ਬਣਾ ਦਿੱਤਾ ਜਾਵੇ।
ਪ੍ਰਬਪਾਲ ਸਿੰਘ ਕਹਿੰਦੇ ਹਨ, ''ਲੋਕ ਕਹਿੰਦੇ ਸਨ ਕਿ ਸੁਬੇਗ ਸਿੰਘ ਗੁਰੀਲਾ ਟੈਕਟਿਕਸ ਦੇ ਹੋ ਚੀ ਮਿਨ੍ਹ ਹਨ। ਉਨ੍ਹਾਂ ਨੇ ਤਹਿਖਾਨੇ ਅਤੇ ਮੇਨ ਹੋਲ ਦੇ ਹੇਠ ਆਪਣੇ ਲੜਾਕੂਆਂ ਨੂੰ ਤਾਇਨਾਤ ਕਰਕੇ ਭਾਰਤੀ ਫ਼ੌਜੀਆਂ ਦੇ ਪੈਰ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ।''
''ਜ਼ਿਆਦਾਤਰ ਭਾਰਤੀ ਫ਼ੌਜੀਆਂ ਦੇ ਪੈਰਾਂ ਵਿੱਚ ਗੋਲੀਆਂ ਲੱਗੀਆਂ। ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਗੋਲੀਆਂ ਕਿੱਥੋਂ ਆ ਰਹੀਆਂ ਹਨ।''
ਫ਼ੌਜ ਨੇ ਆਪ੍ਰੇਸ਼ਨ ਬਲੂ ਸਟਾਰ ਵਿੱਚ ਆਪਣੇ ਸਰਵਸ਼੍ਰੇਸ਼ਠ ਕਮਾਂਡੋ ਭੇਜੇ ਸਫ਼ੈਦ ਸੰਗਮਰਮਰ ਦੀ ਬੈਕਗਰਾਉਂਡ 'ਤੇ ਕਾਲੇ ਕੱਪੜੇ ਪਹਿਨਾ ਕੇ, ਹਨੇਰੇ ਵਿੱਚ ਉਹ ਤੁਰੰਤ ਸਿੱਖ ਖਾੜਕੂਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਏ।

ਤਸਵੀਰ ਸਰੋਤ, Getty Images
ਬਾਅਦ ਵਿੱਚ ਭਾਰਤ ਦੇ ਫੌਜ ਮੁਖੀ ਬਣੇ ਜਨਰਲ ਵੀ. ਕੇ. ਸਿੰਘ ਨੇ ਆਪਣੀ ਆਤਮਕਥਾ, 'ਕਰੇਜ ਐਂਡ ਕਨਵਿਕਸ਼ਨ' ਵਿੱਚ ਲਿਖਿਆ, ''ਮੇਜਰ ਜਨਰਲ ਸੁਬੇਗ ਸਿੰਘ ਦੀ ਦੇਖ ਰੇਖ ਵਿੱਚ ਹਰਿਮੰਦਰ ਸਾਹਿਬ ਦੀ ਸੁਰੱਖਿਆ ਦੀ ਯੋਜਨਾ ਤਿਆਰ ਕੀਤੀ ਗਈ। ਸਾਰੇ ਹਥਿਆਰਾਂ ਨੂੰ ਜ਼ਮੀਨ ਤੋਂ ਕੁਝ ਹੀ ਇੰਚ ਦੀ ਉੱਚਾਈ 'ਤੇ ਰੱਖਿਆ ਗਿਆ।
ਇਸ ਦਾ ਮਤਲਬ ਇਹ ਹੋਇਆ ਕਿ ਨਾ ਸਿਰਫ਼ ਹਮਲਾਵਰ ਬਲਾਂ ਦੇ ਪੈਰ ਉਖੜ ਗਏ ਬਲਕਿ ਉਨ੍ਹਾਂ ਦੇ ਰੇਂਜ਼ ਕੇ ਅੱਗੇ ਵਧਣ ਦਾ ਵਿਕਲਪ ਵੀ ਖਤਮ ਹੋ ਗਿਆ ਕਿਉਂਕਿ ਜੇਕਰ ਉਹ ਅਜਿਹਾ ਕਰਦੇ ਤਾਂ ਗੋਲੀ ਉਨ੍ਹਾਂ ਦੇ ਸਿਰ ਵਿੱਚ ਲੱਗਦੀ।
ਹਮਲੇ ਤੋਂ ਪਹਿਲਾਂ ਜਨਰਲ ਬਰਾੜ ਨੇ ਸਿਵਲ ਕੱਪੜਿਆਂ ਵਿੱਚ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ।
ਦੂਰਬੀਨ ਨਾਲ ਸਾਰਾ ਨਜ਼ਾਰਾ ਦੇਖ ਰਹੇ ਸੁਬੇਗ ਸਿੰਘ ਨੇ ਉਨ੍ਹਾਂ ਨੂੰ ਤੁਰੰਤ ਪਛਾਣ ਲਿਆ, ਪਰ ਉਨ੍ਹਾਂ ਨੇ ਆਪਣੇ ਲੜਾਕਿਆਂ ਨੂੰ ਕਿਹਾ ਕਿ ਜਨਰਲ ਬਰਾੜ ਨਾਲ ਨਾ ਉਲਝਿਆ ਜਾਵੇ।''

ਤਸਵੀਰ ਸਰੋਤ, ALEPH BOOK COMPANY
ਭਾਰਤੀ ਜਨਰਲਾਂ ਤੋਂ ਹੋਈ ਸੁਬੇਗ ਸਿੰਘ ਬਾਰੇ ਅੰਦਾਜ਼ਾ ਲਗਾਉਣ ਵਿੱਚ ਗਲਤੀ
ਬਾਅਦ ਵਿੱਚ ਸੀਨੀਅਰ ਪੱਤਰਕਾਰ ਸ਼ੇਖਰ ਗੁਪਤਾ ਨੇ 'ਇੰਡੀਅਨ ਐਕਸਪ੍ਰੈੱਸ' ਦੇ 4 ਜੂਨ, 2014 ਦੇ ਅੰਕ ਵਿੱਚ 'ਦਿ ਆਡੇਸਿਟੀ ਆਫ਼ ਇਨਕੰਪੀਟੈਂਸ' ਸਿਰਲੇਖ ਨਾਲ ਲਿਖੇ ਲੇਖ ਵਿੱਚ ਲਿਖਿਆ।
ਉਹ ਲਿਖਦੇ ਹਨ, ''ਭਾਰਤੀ ਜਨਰਲਾਂ ਨੇ ਇਸ ਗੱਲ ਦੀ ਅਣਦੇਖੀ ਕਰ ਦਿੱਤੀ ਕਿ ਉਨ੍ਹਾਂ ਦਾ ਮੁਕਾਬਲਾ ਅਨਾੜੀਆਂ ਨਾਲ ਨਹੀਂ ਬਲਕਿ ਅਜਿਹੇ ਲੋਕਾਂ ਨਾਲ ਹੈ ਜਿਨ੍ਹਾਂ ਦੀ ਅਗਵਾਈ ਉਨ੍ਹਾਂ ਵਰਗਾ ਹੀ ਸ਼ਖ਼ਸ ਕਰ ਰਿਹਾ ਹੈ ਅਤੇ ਉਹ ਸ਼ਖ਼ਸ ਜੇਕਰ ਉਨ੍ਹਾਂ ਤੋਂ ਬਿਹਤਰ ਨਹੀਂ ਤਾਂ ਉਨ੍ਹਾਂ ਦੇ ਬਰਾਬਰ ਜ਼ਰੂਰ ਹੈ।
''ਉਹ ਉਨ੍ਹਾਂ ਸਾਰਿਆਂ ਨਾਲ ਕੰਮ ਕਰ ਚੁੱਕਿਆ ਹੈ ਅਤੇ ਉਸ ਨੇ ਬੰਗਲਾਦੇਸ਼ ਦੀ ਲੜਾਈ ਦੇ ਸਮੇਂ ਮੁਕਤੀ ਬਾਹਿਨੀ ਨਾਲ ਯੋਧਿਆਂ ਨੂੰ ਟਰੇਨ ਕਰ ਕੇ ਨਾਮ ਕਮਾਇਆ ਹੈ।''
ਸ਼ੇਖਰ ਗੁਪਤਾ ਅੱਗੇ ਲਿਖਦੇ ਹਨ, ''ਹਰਿਮੰਦਰ ਸਾਹਿਬ ਦੀ ਸੁਰੱਖਿਆ ਵਿੱਚ ਕਿਸੇ ਬਹੁਤ ਵੱਡੀ ਰਣਨੀਤੀ ਜਾਂ ਪੁਰਾਣੇ ਜ਼ਮਾਨੇ ਦੀ ਛਾਪਾਮਾਰ ਲੜਾਈ ਦਾ ਸਹਾਰਾ ਨਹੀਂ ਲਿਆ ਗਿਆ ਸੀ ਬਲਕਿ ਉਹ ਕਿਸੇ ਭਵਨ ਦੀ ਬਟਾਲੀਅਨ ਪੱਧਰ ਦੇ ਫ਼ੌਜੀਆਂ ਰਾਹੀਂ ਕੀਤੀ ਗਈ ਯੋਜਨਾਬੱਧ ਸੁਰੱਖਿਆ ਸੀ।''

ਤਸਵੀਰ ਸਰੋਤ, SHEKHAR GUPTA
''ਉਨ੍ਹਾਂ ਨੇ ਇੱਕ ਫੁੱਟਬਾਲ ਦੇ ਮੈਦਾਨ ਦੇ ਅੱਧੇ ਦੇ ਬਰਾਬਰ ਖੇਤਰ ਨੂੰ ਪੂਰੀ ਤਰ੍ਹਾਂ ਨਾਲ ਕਵਰ ਕੀਤਾ ਹੋਇਆ ਸੀ ਜਿੱਥੋਂ ਭਾਰਤੀ ਫ਼ੌਜੀਆਂ ਨੂੰ ਆਪਣੇ ਆਪ ਨੂੰ ਖੁੱਲ੍ਹੇ ਵਿੱਚ ਦਿਖਾਉਂਦੇ ਹੋਏ ਅੱਗੇ ਵਧਣਾ ਸੀ। ਇਹ ਉਨ੍ਹਾਂ ਦੀ ਨਜ਼ਰ ਵਿੱਚ ਪਹਿਲਾਂ ਤੋਂ ਤੈਅ ਕੀਤਾ ਗਿਆ, 'ਕਿਲਿੰਗ ਗਰਾਊਂਡ' ਸੀ ਜਿਸ ਨੂੰ ਫੌਜ ਦੀ ਭਾਸ਼ਾ ਵਿੱਚ FIBUA (ਫਾਈਟਿੰਗ ਇਨ ਬਿਲਟ ਅਪ ਏਰੀਆਜ਼) ਕਿਹਾ ਜਾਂਦਾ ਹੈ।''
''ਸੁਬੇਗ ਸਿੰਘ ਨੂੰ ਇਹ ਗਲਤਫਹਿਮੀ ਨਹੀਂ ਸੀ ਕਿ ਉਨ੍ਹਾਂ ਦੀ ਜਿੱਤ ਹੋਵੇਗੀ। ਉਹ ਜਿੰਨਾ ਸੰਭਵ ਹੋਵੇ ਭਾਰਤੀ ਫ਼ੌਜ ਦਾ ਨੁਕਸਾਨ ਕਰਨਾ ਚਾਹੁੰਦੇ ਸਨ ਤਾਂ ਕਿ ਉਹ ਹੋਣੀ ਨੂੰ ਕੁਝ ਦੇਰ ਤੱਕ ਟਾਲ ਸਕਣ ਤਾਂ ਕਿ ਸਵੇਰ ਹੋਣ ਤੱਕ ਉੱਥੇ ਇੰਨੀ ਭੀੜ ਇਕੱਠੀ ਹੋ ਜਾਵੇ ਕਿ ਫ਼ੌਜੀ ਕਾਰਵਾਈ ਰੋਕ ਦੇਣੀ ਪਏ। ਜੇਕਰ ਭਾਰਤੀ ਫੌਜ ਨੇ ਹਰਿਮੰਦਰ ਸਾਹਿਬ ਵਿੱਚ ਟੈਂਕ ਨਾ ਭੇਜੇ ਹੁੰਦੇ ਤਾਂ ਉਹ ਆਪਣੇ ਉਦੇਸ਼ ਵਿੱਚ ਬਹੁਤ ਹੱਦ ਤੱਕ ਸਫ਼ਲ ਰਹਿੰਦੇ।''
ਜਨਰਲ ਸੁਬੇਗ ਦੀ ਮੌਤ
ਜਨਰਲ ਕੇਐੱਸ ਬਰਾੜ ਆਪਣੀ ਕਿਤਾਬ 'ਆਪ੍ਰੇਸ਼ਨ ਬਲੂ ਸਟਾਰ ਦਿ ਟਰੂ ਸਟੋਰੀ' ਵਿੱਚ ਲਿਖਦੇ ਹਨ, ''ਸਾਨੂੰ ਜਨਰਲ ਸੁਬੇਗ ਸਿੰਘ ਦੀ ਲਾਸ਼ ਤਹਿਖਾਨੇ ਵਿੱਚ ਮਿਲੀ। ਮਰਨ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੇ ਹੱਥ ਵਿੱਚ ਕਾਰਬਾਈਨ ਫੜੀ ਹੋਈ ਸੀ। ਉਨ੍ਹਾਂ ਦਾ ਵਾਕੀ ਟਾਕੀ ਉਨ੍ਹਾਂ ਦੀ ਲਾਸ਼ ਦੇ ਕੋਲ ਜ਼ਮੀਨ 'ਤੇ ਪਿਆ ਹੋਇਆ ਸੀ।'
ਲੇਕਿਨ ਜਨਰਲ ਸੁਬੇਗ ਸਿੰਘ ਦੇ ਬੇਟੇ ਪ੍ਰਬਪਾਲ ਸਿੰਘ ਸੁਬੇਗ ਸਿੰਘ ਦੀ ਮੌਤ ਦਾ ਦੂਜਾ ਹੀ ਵੇਰਵਾ ਦਿੰਦੇ ਹਨ।

ਤਸਵੀਰ ਸਰੋਤ, UBS PUBLISHERS
ਉਹ ਕਹਿੰਦੇ ਹਨ, ''ਮੈਂ ਕਈ ਲੋਕਾਂ ਨੂੰ ਮਿਲਿਆ ਸੀ ਜਿਨ੍ਹਾਂ ਨੂੰ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਜੋਧਪੁਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਜਨਰਲ ਸੁਬੇਗ ਸਿੰਘ ਦੀ ਮੌਤ ਪਹਿਲੇ ਹੀ ਦਿਨ ਯਾਨੀ 5 ਜੂਨ ਨੂੰ ਹੋ ਗਈ ਸੀ।''
ਸਰਕਾਰ ਨੇ ਛੇ ਤਰੀਕ ਨੂੰ ਉਨ੍ਹਾਂ ਦੀ ਮੌਤ ਦਾ ਐਲਾਨ ਕੀਤਾ ਜਦੋਂਕਿ ਉਹ ਇੱਕ ਦਿਨ ਪਹਿਲਾਂ ਹੀ ਮਰ ਗਏ ਸਨ।
ਉਨ੍ਹਾਂ ਨੂੰ ਮਸ਼ੀਨਗੰਨ ਦੇ ਇੱਕ ਬਰਸਟ ਦੀਆਂ ਸੱਤ ਗੋਲੀਆਂ ਲੱਗੀਆਂ ਸਨ । ਸੰਤ ਭਿੰਡਰਾਵਾਲੇ ਨੇ ਉਨ੍ਹਾਂ ਦੀ ਦੇਹ ਨੂੰ ਲਿਟਾ ਕੇ ਉਨ੍ਹਾਂ ਦੀ ਅਰਦਾਸ ਕੀਤੀ। ਉਨ੍ਹਾਂ ਨੇ ਲਾਸ਼ ਨੂੰ ਸਾਫ਼ ਕੀਤਾ। ਫਿਰ ਉਹ ਲਾਸ਼ ਨੂੰ ਤਹਿਖਾਨੇ ਵਿੱਚ ਲੈ ਗਏ। ਜਦੋਂ ਆਰਟਿਲਰੀ ਦਾ ਫਾਇਰ ਆਇਆ ਤਾਂ ਉਨ੍ਹਾਂ ਦੀ ਲਾਸ਼ ਮਲਬੇ ਵਿੱਚ ਦੱਬ ਗਈ।''

ਤਸਵੀਰ ਸਰੋਤ, RUPA PUBLICATIONS
ਮਾਰਕ ਟਲੀ ਅਤੇ ਸਤੀਸ਼ ਜੈਕਬ ਆਪਣੀ ਕਿਤਾਬ ਵਿੱਚ ਲਿਖਦੇ ਹਨ, ''9 ਜੂਨ ਤੱਕ ਸੁਬੇਗ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਨਹੀਂ ਲਿਆਂਦੀ ਗਈ ਸੀ, ਪਰ ਉਦੋਂ ਵੀ ਉਨ੍ਹਾਂ ਦਾ ਪੂਰਾ ਪੋਸਟਮਾਰਟਮ ਨਹੀਂ ਹੋ ਸਕਿਆ ਕਿਉਂਕਿ ਉਨ੍ਹਾਂ ਦਾ ਸਰੀਰ ਨਸ਼ਟ ਹੋਣਾ ਸ਼ੁਰੂ ਹੋ ਗਿਆ ਸੀ।''
ਸਰਕਾਰ ਦਾ ਸੁਬੇਗ ਸਿੰਘ ਦੀ ਲਾਸ਼ ਦੇਣ ਤੋਂ ਇਨਕਾਰ
ਜਦੋਂ ਸੁਬੇਗ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਦੀ ਨੂੰਹ ਨੇ ਫ਼ੌਜ ਮੁਖੀ ਜਨਰਲ ਵੈਦਿਆ ਨੂੰ ਫੋਨ ਕਰਕੇ ਪੁੱਛਿਆ ਕਿ ਸਾਨੂੰ ਪਤਾ ਲੱਗਿਆ ਹੈ ਕਿ ਮੇਰੇ ਸਹੁਰਾ ਸਾਹਿਬ ਦੀ ਆਪ੍ਰੇਰਸ਼ਨ ਬਲੂ ਸਟਾਰ ਵਿੱਚ ਮੌਤ ਹੋ ਗਈ ਹੈ। ਕੀ ਤੁਸੀਂ ਸਾਨੂੰ ਉਨ੍ਹਾਂ ਬਾਰੇ ਦੱਸ ਸਕਦੇ ਹੋ?
ਪ੍ਰਬਪਾਲ ਸਿੰਘ ਕਹਿੰਦੇ ਹਨ, ''ਜਨਰਲ ਵੈਦਿਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ। ਕੋਈ ਬਲੂ ਸਟਾਰ ਨਹੀਂ ਹੋਇਆ ਹੈ। ਫੌਜ ਨੇ ਕੋਈ ਐਕਸ਼ਨ ਨਹੀਂ ਲਿਆ ਹੈ।''
''ਮੈਂ ਭੱਜ ਕੇ ਚੰਡੀਗੜ੍ਹ ਪਹੁੰਚਿਆ, ਜਿੱਥੇ ਮੈਂ ਰਾਜਪਾਲ ਬੀ.ਡੀ. ਪਾਂਡੇ ਨੂੰ ਫੋਨ ਕਰਕੇ ਕਿਹਾ, ਮੈਂ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨਾ ਚਾਹੁੰਦਾ ਹਾਂ, ਪਰ ਗਵਰਨਰ ਪਾਂਡੇ ਨੇ ਕਿਹਾ ਕਿ ਉਹ ਤੁਹਾਨੂੰ ਇਸ ਦੀ ਇਜਾਜ਼ਤ ਨਹੀਂ ਦੇ ਸਕਦਾ ਕਿਉਂਕਿ ਜੇਕਰ ਮੈਂ ਅਜਿਹਾ ਕਰਦਾ ਹਾਂ ਤਾਂ ਮੈਨੂੰ ਹਜ਼ਾਰਾਂ ਲੋਕਾਂ ਨੂੰ ਇਸ ਦੀ ਇਜਾਜ਼ਤ ਦੇਣੀ ਹੋਵੇਗੀ।''

ਤਸਵੀਰ ਸਰੋਤ, Getty Images
''ਉਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਇਹ ਮੰਨਦੇ ਹੋ ਕਿ ਇਸ ਆਪ੍ਰੇਸ਼ਨ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਹੈ ਤਾਂ ਉਨ੍ਹਾਂ ਨੇ ਫ਼ੋਨ ਰੱਖ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ। ਤਿੰਨ ਦਿਨ ਮੈਂ ਉਨ੍ਹਾਂ ਦੇ ਘਰ ਦੇ ਗੇਟ ਦੇ ਬਾਹਰ ਖੜ੍ਹਾ ਰਿਹਾ ਤਾਂ ਕਿ ਮੈਂ ਉਨ੍ਹਾਂ ਨੂੰ ਆਪਣੀ ਫਰਿਆਦ ਕਹਿ ਸਕਾਂਗਾ, ਪਰ ਮੈਨੂੰ ਸਫਲਤਾ ਨਹੀਂ ਮਿਲੀ।''
''ਮੇਰੇ ਪਿਤਾ ਦਾ ਅੰਤਿਮ ਸੰਸਕਾਰ ਕਦੋਂ ਹੋਇਆ, ਕਿਵੇਂ ਹੋਇਆ, ਮੈਨੂੰ ਕੁਝ ਵੀ ਪਤਾ ਨਹੀਂ। ਉਨ੍ਹਾਂ ਨੇ ਨਾ ਤਾਂ ਸਾਨੂੰ ਉਨ੍ਹਾਂ ਦੀ ਕੋਈ ਚੀਜ਼ ਦਿੱਤੀ ਅਤੇ ਨਾ ਹੀ ਉਨ੍ਹਾਂ ਦੀਆਂ ਅਸਥੀਆਂ।''
ਜੁਲਾਈ 1984 ਵਿੱਚ ਸਰਕਾਰ ਵੱਲੋਂ ਜਾਰੀ ਕੀਤੇ ਗਏ ਵ੍ਹਾਈਟ ਪੇਪਰ ਵਿੱਚ ਕਿਹਾ ਗਿਆ ਕਿ ਆਪਰੇਸ਼ਨ ਬਲੂ ਸਟਾਰ ਵਿੱਚ ਫੌਜ ਦੇ 83 ਜਵਾਨਾਂ ਦੀ ਮੌਤ ਹੋਈ ਜਿਸ ਵਿੱਚ 4 ਅਫ਼ਸਰ ਸਨ।
ਇਸ ਤੋਂ ਇਲਾਵਾ 273 ਫ਼ੌਜੀ ਅਤੇ 12 ਅਫ਼ਸਰ ਜ਼ਖ਼ਮੀ ਹੋਏ।
ਸਰਕਾਰੀ ਵਾਇਟ ਪੇਪਰ ਮੁਤਾਬਕ 492 ਆਮ ਲੋਕਾਂ ਦੇ ਮਾਰੇ ਜਾਣ 86 ਦੇ ਜਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ। ਪਰ ਕਈ ਸਿੱਖ ਵਿਦਵਾਨਾਂ ਨੇ ਵੱਖ ਵੱਖ ਹਵਾਲਿਆਂ ਮਰਨ ਵਾਲੇ ਆਮ ਲੋਕਾਂ ਦੀ ਗਿਣਤੀ ਹਜ਼ਾਰਾਂ ਵਿਚ ਦੱਸਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)












