'ਜਦੋਂ 150 ਕਰੋੜ ਲੋਕ ਜਿੱਤ ਦੀ ਆਸ ਰੱਖਦੇ ਹਨ, ਤਾਂ ਹਾਰ ਹਜ਼ਮ ਨਹੀਂ ਹੋਵੇਗੀ', ਭਾਰਤ-ਪਾਕਿਸਤਾਨ ਮੁਕਾਬਲੇ ਤੋਂ ਪਹਿਲਾਂ ਦਿੱਗਜ ਕ੍ਰਿਕਟਰ ਕੀ ਬੋਲੇ

ਕ੍ਰਿਕਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹਮੇਸ਼ਾ ਹੀ ਬਹੁਤ ਦਿਲਚਸਪ ਰਿਹਾ ਹੈ ਅਤੇ ਇਸ 'ਤੇ ਲੱਖਾਂ ਕ੍ਰਿਕਟ ਪ੍ਰਸ਼ੰਸਕਾਂ ਦੀ ਨਜ਼ਰ ਹੁੰਦੀ ਹੈ

ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਐਤਵਾਰ ਨੂੰ ਮੁਕਾਬਲਾ ਹੋਣ ਜਾ ਰਿਹਾ ਹੈ। ਦੋਵੇਂ ਦੇਸ਼ਾਂ ਵਿਚਾਲੇ ਹੋਣ ਵਾਲੇ ਇਸ ਮੈਚ 'ਤੇ ਲੱਖਾਂ ਕ੍ਰਿਕਟ ਫੈਨਜ਼ ਤੋਂ ਇਲਾਵਾ ਕਈ ਮਾਹਿਰ ਵੀ ਨਜ਼ਰ ਰੱਖ ਰਹੇ ਹਨ।

ਇੱਕ ਪਾਸੇ ਭਾਰਤ ਨੇ ਜਿੱਥੇ ਚੰਗੀ ਫਾਰਮ ਬਰਕਰਾਰ ਰੱਖਦੇ ਹੋਏ ਚੈਂਪੀਅਨਜ਼ ਟਰਾਫੀ ਦੇ ਆਪਣੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ 6 ਵਿਕਟ ਨਾਲ ਹਰਾ ਦਿੱਤਾ ਹੈ। ਉੱਥੇ ਹੀ ਪਾਕਿਸਤਾਨ ਆਪਣਾ ਪਹਿਲਾ ਮੁਕਾਬਲਾ ਨਿਊਜ਼ੀਲੈਂਡ ਤੋਂ 60 ਦੌੜਾਂ ਦੇ ਵੱਡੇ ਅੰਤਰ ਤੋਂ ਹਾਰ ਗਿਆ।

ਪਾਕਿਸਤਾਨ ਨੂੰ ਇਸ ਹਾਰ ਤੋਂ ਬਾਅਦ ਆਪਣੇ ਕ੍ਰਿਕਟ ਪ੍ਰਸ਼ੰਸਕਾਂ ਦੀ ਵੱਡੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਦੇ ਲਈ ਭਾਰਤ ਦੇ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰਨ ਦਾ ਵੱਡਾ ਦਬਾਅ ਹੋਵੇਗਾ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਦੂਜੇ ਪਾਸੇ ਪਾਕਿਸਤਾਨ ਵਿੱਚ ਮੈਚ ਨਾ ਖੇਡਣ ਦੀ ਸ਼ਰਤ ਕਾਰਨ ਭਾਰਤ ਆਪਣੇ ਮੈਚ ਦੁਬਈ ਵਿੱਚ ਖੇਡ ਰਿਹਾ ਹੈ। ਇਸ ਦੇ ਲਈ ਭਾਰਤ ਨੂੰ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕਾਂ ਦੀ ਆਲੋਚਨਾ ਝੱਲਣੀ ਪਈ ਹੈ। ਅਜਿਹੇ ਵਿੱਚ ਭਾਰਤ 'ਤੇ ਵੀ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਹਰਾਉਣ ਦਾ ਦਬਾਅ ਹੋਵੇਗਾ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਪਿਛਲੇ 135 ਮੈਚਾਂ ਵਿੱਚ ਭਾਰਤ ਨੇ 57 ਮੈਚਾਂ 'ਚ ਜਿੱਤ ਦਰਜ ਕੀਤੀ ਹੈ, ਜਦਕਿ ਉਸ ਨੂੰ 73 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਭਾਰਤ ਨੇ ਸਾਲ 2013 ਵਿੱਚ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤਿਆ ਸੀ, ਜਦਕਿ ਪਾਕਿਸਤਾਨ ਨੇ ਸਾਲ 2017 ਵਿੱਚ ਇਹ ਟੂਰਨਾਮੈਂਟ ਆਪਣੇ ਨਾਮ ਕੀਤਾ ਸੀ।

ਆਓ ਨਜ਼ਰ ਪਾਉਂਦੇ ਹਨ ਇਸ ਮੈਚ ਨੂੰ ਲੈ ਕੇ ਦੋਵੇਂ ਦੇਸ਼ਾਂ ਦੇ ਕ੍ਰਿਕਟ ਦਿੱਗਜ ਕੀ ਕਹਿ ਰਹੇ ਹਨ।

ਯੂਸੁਫ ਪਠਾਨ

ਸਾਬਕਾ ਕ੍ਰਿਕਟਰ ਯੂਸਫ ਪਠਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਬਕਾ ਕ੍ਰਿਕਟਰ ਯੂਸਫ ਪਠਾਨ ਦਾ ਮੰਨਣਾ ਹੈ ਕਿ ਇਸ ਮੈਚ 'ਚ ਪਾਕਿਸਤਾਨ 'ਤੇ ਦਬਾਅ ਰਹੇਗਾ।

ਭਾਰਤ ਦੇ ਸਾਬਕਾ ਆਲਰਾਊਂਡਰ ਯੂਸੁਫ ਪਠਾਨ ਨੇ ਖਬਰ ਏਜੰਸੀ ਏਐੱਨਆਈ ਨੂੰ ਕਿਹਾ ਹੈ, "ਭਾਰਤ ਨੇ ਜੋ ਸ਼ੁਰੂਆਤ ਕੀਤੀ ਹੈ, ਉਸ ਵਿੱਚ ਅਸੀਂ ਇੱਕ ਮੈਚ ਜਿੱਤ ਚੁੱਕੇ ਹਾਂ। ਜਦਕਿ ਪਾਕਿਸਤਾਨ ਇੱਕ ਮੈਚ ਹਾਰਿਆ ਹੈ ਤਾਂ ਦਬਾਅ ਉਨ੍ਹਾਂ ਉਪਰ ਰਹੇਗਾ।"

ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਵੀ ਇੰਡੀਆ-ਪਾਕਿਸਤਾਨ ਦਾ ਮੈਚ ਹੁੰਦਾ ਹੈ ਤਾਂ ਜ਼ਿਆਦਾਤਰ ਪ੍ਰੈਸ਼ਰ ਪਾਕਿਸਤਾਨ 'ਤੇ ਰਹਿੰਦਾ ਹੈ।

ਪਠਾਨ ਨੇ ਕਿਹਾ, "ਭਾਰਤ ਨੇ ਆਈਸੀਸੀ ਟਰਾਫੀ ਵਿੱਚ ਕਈ ਵਾਰ ਪਾਕਿਸਤਾਨ ਨੂੰ ਹਰਾਇਆ ਹੈ। ਜਦੋਂ ਵੀ ਮੈਚ ਹੋਏ ਹਨ ਤਾਂ ਅਸੀਂ ਜ਼ਿਆਦਾ ਮੈਚ ਜਿੱਤੇ ਹਨ। ਵਿਰੋਧੀ ਟੀਮ 'ਤੇ ਇੱਕ ਦਬਾਅ ਤਾਂ ਰਹਿੰਦਾ ਹੈ ਕਿ ਤੁਸੀਂ ਕਿੰਨੀ ਵਾਰ ਉਨ੍ਹਾਂ ਨੂੰ ਹਰਾਇਆ ਹੈ।"

ਉਨ੍ਹਾਂ ਨੇ ਕਿਹਾ, "ਭਾਰਤ ਨੇ ਚੰਗੀ ਸ਼ੁਰੂਆਤ ਕੀਤੀ ਹੈ। ਸਾਰੇ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਇਸ ਲਈ ਨਿਸ਼ਚਿਤ ਤੌਰ 'ਤੇ ਮੈਚ ਚੰਗਾ ਹੋਵੇਗਾ।"

ਸ਼ੋਇਬ ਅਖ਼ਤਰ

ਸ਼ੋਇਬ ਅਖ਼ਤਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੋਇਬ ਅਖ਼ਤਰ ਦਾ ਮੰਨਣਾ ਹੈ ਕਿ ਭਾਰਤ ਇਸ ਟੂਰਨਾਮੈਂਟ ਵਿੱਚ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਹੈ ਪਰ ਉਹ ਭਾਰਤ-ਪਾਕਿਸਤਾਨ ਮੁਕਾਬਲੇ ਵਿੱਚ ਪਾਕਿਸਤਾਨ ਦੀ ਜਿੱਤ ਦੇਖਣਾ ਚਾਹੁੰਦੇ ਹਨ।

ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ ਹੈ ਕਿ ਦੁਬਈ ਭਾਰਤ ਦੇ ਲਈ ਘਰੇਲੂ ਮੈਦਾਨ ਦੀ ਤਰ੍ਹਾਂ ਹੈ ਕਿਉਂਕਿ ਉਹ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡ ਰਿਹਾ ਹੈ, ਜਦਕਿ ਪਾਕਿਸਤਾਨ ਉਥੇ ਮਹਿਮਾਨ ਟੀਮ ਹੋਵੇਗੀ।

ਸ਼ੋਇਬ ਅਖ਼ਤਰ ਦਾ ਕਹਿਣਾ ਹੈ, "ਤੁਹਾਨੂੰ ਪਤਾ ਹੈ ਕਿ ਤੁਹਾਨੂੰ (ਪਾਕਿਸਤਾਨ) ਹਿੰਦੁਸਤਾਨ ਠੀਕ-ਠਾਕ ਮਾਰੇਗਾ। ਇੱਕ ਤਾਂ ਉਨ੍ਹਾਂ ਦੇ ਬੱਲੇਬਾਜ਼ ਕਦੇ ਨਾ ਖਤਮ ਹੋਣ ਵਾਲੀ ਕਹਾਣੀ ਹਨ। ਉਨ੍ਹਾਂ ਦੇ ਕੋਲ ਗੇਂਦਬਾਜ਼ ਹਨ। ਜੇ ਭਾਰਤ ਦੀ ਬੱਲੇਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਭਾਰਤ ਇਸ ਟੂਰਨਾਮੈਂਟ ਵਿੱਚ ਕਾਫ਼ੀ ਜ਼ਿਆਦਾ ਮਜ਼ਬੂਤ ਟੀਮ ਹੈ।"

"ਹਾਲਾਂਕਿ ਮੈਂ ਫਿਰ ਵੀ ਚਾਹੁੰਦਾ ਹਾਂ ਕਿ ਪਾਕਿਸਤਾਨ ਦੇ ਖ਼ਿਲਾਫ਼ ਭਾਰਤ ਦੀ ਹਾਰ ਹੋਵੇ, ਪਰ ਭਾਰਤ ਇਸ ਟੂਰਨਾਮੈਂਟ ਨੂੰ ਜਿੱਤਣ ਦੇ ਲਈ ਸਭ ਤੋਂ ਚੰਗੀ ਟੀਮ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਮੈਂ ਚਾਹੁੰਦਾ ਹਾਂ ਕਿ ਭਾਰਤ ਨੂੰ ਹਰਾਉਣ ਦੇ ਲਈ ਪਾਕਿਸਤਾਨ ਸੱਚ ਵਿੱਚ ਬਹੁਤ ਚੰਗਾ ਖੇਡੇ।"

ਸ਼ੋਇਬ ਅਖ਼ਤਰ ਨੇ ਭਾਰਤ ਅਤੇ ਬੰਗਲਾਦੇਸ਼ ਦੇ ਮੁਕਾਬਲੇ ਉੱਪਰ ਵੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਬੰਗਲਾਦੇਸ਼ ਦੀ ਟੀਮ ਬਹੁਤ ਚੰਗੀ ਹੈ ਪਰ ਉਹ ਅੰਤ ਵਿੱਚ ਜਿੱਤ ਤੱਕ ਨਹੀਂ ਪਹੁੰਚ ਪਾਉਂਦੇ।

ਉਨ੍ਹਾਂ ਦਾ ਕਹਿਣਾ ਹੈ ਕਿ ਬੰਗਲਾਦੇਸ਼ ਨੂੰ ਭਾਰਤ ਦੇ ਖ਼ਿਲਾਫ਼ ਕਰੀਬ 300 ਦੌੜਾਂ ਬਣਾਉਣੀਆਂ ਸਨ ਕਿਉਂਕਿ ਵਿਕਟ ਬੱਲੇਬਾਜ਼ੀ ਦੀ ਮਦਦ ਕਰ ਰਹੇ ਸਨ।

ਰਾਸ਼ਿਦ ਲਤੀਫ਼

ਰਾਸ਼ਿਦ ਲਤੀਫ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਸਾਬਕਾ ਵਿਕੇਟਕੀਪਰ ਰਾਸ਼ਿਦ ਲਤੀਫ਼ ਨੇ ਸਪਿਨ ਗੇਂਦਬਾਜ਼ਾਂ ਦੇ ਖ਼ਿਲਾਫ਼ ਪਾਕਿਸਤਾਨੀ ਬੱਲੇਬਾਜ਼ਾਂ ਦੀ ਕਮਜ਼ੋਰ ਖੇਡ ਵੱਲ ਇਸ਼ਾਰਾ ਕੀਤਾ (ਫਾਈਲ਼ ਫੋਟੋ)

ਪਾਕਿਸਤਾਨ ਦੇ ਸਾਬਕਾ ਵਿਕੇਟਕੀਪਰ ਬੱਲੇਬਾਜ਼ ਰਾਸ਼ਿਦ ਲਤੀਫ਼ ਦਾ ਕਹਿਣਾ ਹੈ ਕਿ ਪਾਕਿਸਤਾਨੀ ਬੱਲੇਬਾਜ਼ ਸਪਿਨਰਾਂ ਦੇ ਖ਼ਿਲਾਫ਼ ਜੋਖ਼ਮ ਨਹੀਂ ਲੈਂਦੇ, ਜੋ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਐਤਵਾਰ ਨੂੰ ਹੋਣ ਵਾਲੇ ਮੁਕਾਬਲੇ ਬਾਰੇ ਲਤੀਫ਼ ਦਾ ਕਹਿਣਾ ਹੈ, "ਸ਼ੁਰੂ ਦੇ ਪੰਜ-ਦਸ ਓਵਰ ਦੋਵੇਂ ਟੀਮਾਂ ਦੇ ਲਈ ਬਹੁਤ ਅਹਿਮ ਹੁੰਦੇ ਹਨ। ਹੋ ਸਕਦਾ ਹੈ ਕਿ ਦੁਬਈ ਵਿੱਚ ਬਹੁਤ ਜ਼ਿਆਦਾ ਸਕੋਰ ਨਾ ਬਣੇ। ਦੁਬਈ ਵਿੱਚ 250 ਜਾਂ 300 ਦੌੜਾਂ ਦੇ ਆਸਪਾਸ ਸਕੋਰ ਬਣਦਾ ਹੈ। ਪਰ ਭਾਰਤ ਦੇ ਲਿਹਾਜ਼ ਨਾਲ ਦੁਬਈ ਦੀ ਕੰਡੀਸ਼ਨ ਬਹੁਤ ਵਧੀਆ ਹੈ।"

"ਭਾਰਤ ਦੇ ਕੋਲ ਬਹੁਤ ਚੰਗੇ ਸਪਿਨਰ ਹਨ। ਅਸੀਂ ਸਪਿਨਰਾਂ ਖ਼ਿਲਾਫ਼ ਚਾਂਸ ਨਹੀਂ ਲੈਂਦੇ। ਅਸੀਂ ਸਵੀਪ ਨਹੀਂ ਮਾਰਦੇ, ਵੱਡੇ ਸ਼ਾਟਸ ਨਹੀਂ ਖੇਡਦੇ। ਸਾਡੇ ਅੰਦਰ ਇੱਕ ਖੌਫ ਹੈ, ਜਿਸਦੀ ਵਜ੍ਹਾ ਨਾਲ ਸਾਨੂੰ ਮੁਸ਼ਕਲ ਹੋ ਰਹੀ ਹੈ।"

ਯੁਵਰਾਜ ਸਿੰਘ

 ਯੁਵਰਾਜ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦਾ ਕਹਿਣਾ ਹੈ ਕਿ ਪਹਿਲੇ ਮੈਚ ਵਿੱਚ ਜਿੱਤ ਦੀ ਵਜ੍ਹਾ ਨਾਲ ਭਾਰਤ ਦਾ ਆਤਮ ਵਿਸ਼ਵਾਸ ਵਧਿਆ ਹੋਇਆ ਹੈ।

ਸਟਾਰ ਸਪੋਰਟਸ 'ਤੇ ਗੱਲਬਾਤ ਦੌਰਾਨ ਭਾਰਤ ਦੇ ਸਾਬਕਾ ਬੱਲੇਬਾਜ਼ ਯੁਵਰਾਜ ਸਿੰਘ ਨੇ ਕਿਹਾ, "ਭਾਰਤ ਅਤੇ ਪਾਕਿਸਤਾਨ ਦਾ ਮੈਚ ਹਮੇਸ਼ਾ ਇੱਕ ਵੱਡਾ ਮੈਚ ਹੁੰਦਾ ਹੈ, ਚਾਹੇ ਉਹ ਫਾਈਨਲ ਹੋਵੇ, ਸੈਮੀਫਾਈਨਲ ਹੋਵੇ ਜਾਂ ਟੂਰਨਾਮੈਂਟ ਦਾ ਸ਼ੁਰੂਆਤੀ ਮੈਚ। ਪਰ ਪਹਿਲਾ ਮੈਚ ਜਿੱਤਣ ਨਾਲ ਤੁਹਾਡਾ ਆਤਮਵਿਸ਼ਵਾਸ ਵਧਦਾ ਹੈ।"

ਯੁਵਰਾਜ ਸਿੰਘ ਦਾ ਕਹਿਣਾ ਹੈ, "ਪਿਛਲੀ ਵਾਰ ਜਦੋਂ ਮੈਂ ਚੈਂਪੀਅਨਜ਼ ਟਰਾਫੀ ਖੇਡਿਆ ਸੀ ਤਾਂ ਪਹਿਲੇ ਮੈਚ ਵਿੱਚ ਅਸੀਂ ਪਾਕਿਸਤਾਨ ਨੂੰ ਹਰਾਇਆ ਸੀ ਅਤੇ ਪਾਕਿਸਤਾਨ ਨੇ ਸਾਨੂੰ ਫਾਈਨਲ ਵਿੱਚ ਹਰਾ ਦਿੱਤਾ ਸੀ। ਇਸ ਲਈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਪਹਿਲੇ ਮੈਚ ਵਿੱਚ ਜਿੱਤ ਤੁਹਾਡਾ ਆਤਮਵਿਸ਼ਵਾਸ ਵਧਾਉਂਦੀ ਹੈ।"

ਸਾਲ 2017 ਵਿੱਚ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ ਵਿੱਚ ਓਵਲ ਦੇ ਮੈਦਾਨ 'ਚ ਪਾਕਿਸਤਾਨ ਨੇ ਭਾਰਤ ਨੂੰ 180 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਦਿੱਤਾ ਸੀ।

ਯੁਵਰਾਜ ਸਿੰਘ ਇਸ ਗੱਲਬਾਤ ਵਿੱਚ ਰੋਹਿਤ ਸ਼ਰਮਾ ਅਤੇ ਵਿਰੋਟ ਕੋਹਲੀ ਵਰਗੇ ਬੱਲੇਬਾਜ਼ਾਂ ਨਾਲ ਖੜ੍ਹੇ ਨਜ਼ਰ ਆਏ।

ਉਨ੍ਹਾਂ ਕਿਹਾ, "ਰੋਹਿਤ ਸ਼ਰਮਾ ਫਾਰਮ ਵਿੱਚ ਹੋਣ ਜਾਂ ਨਾ, ਮੇਰੇ ਲਈ ਇਹ ਕੋਈ ਮਾਇਨੇ ਨਹੀਂ ਰੱਖਦਾ। ਮੈਂ ਹਮੇਸ਼ਾ ਆਪਣੇ ਮੈਚ ਵਿਨਰ ਦੇ ਨਾਲ ਖੜ੍ਹਾ ਰਹਿੰਦਾ ਹਾਂ। ਉਹ ਵਨਡੇਅ ਵਿੱਚ ਸਫੈਦ ਬਾਲ ਦੇ ਨਾਲ ਸਭ ਤੋਂ ਵੱਡੇ ਮੈਚ ਵਿਨਰ ਹਨ।"

ਨਵਜੋਤ ਸਿੰਘ ਸਿੱਧੂ

ਨਵਜੋਤ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵਜੋਤ ਸਿੰਘ ਸਿੱਧੂ ਨੇ ਭਾਰਤ-ਪਾਕਿਸਤਾਨ ਮੈਚ ਦੇ ਦੌਰਾਨ ਦੋਵੇਂ ਦੇਸ਼ਾਂ ਦੇ ਖਿਡਾਰੀਆਂ ਉਪਰ ਵੱਡੇ ਦਬਾਅ ਦਾ ਜ਼ਿਕਰ ਕੀਤਾ ਹੈ

ਉੱਥੇ ਹੀ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਭਾਰਤ-ਪਾਕਿਸਤਾਨ ਮੁਕਾਬਲੇ ਦਾ ਖਿਡਾਰੀਆਂ ਉੱਪਰ ਦਬਾਅ ਹੋਣ ਦੀ ਗੱਲ ਕਹੀ ਹੈ।

ਸਿੱਧੂ ਨੇ ਕਿਹਾ, "ਜਦੋਂ 150 ਕਰੋੜ ਲੋਕ ਤੁਹਾਡੇ ਉੱਤੇ ਜਿੱਤ ਦੀ ਉਮੀਦ ਲਗਾਉਂਦੇ ਹਨ ਅਤੇ ਇਹ ਹਾਰ ਉਨ੍ਹਾਂ ਨੂੰ ਹਜ਼ਮ ਨਹੀਂ ਹੋਵੇਗੀ। ਇਹ ਇੱਕ ਮਨੋਵਿਗਿਆਨਕ ਮੁਕਾਬਲਾ ਹੋਵੇਗਾ।"

ਉਨ੍ਹਾਂ ਦਾ ਕਹਿਣਾ ਹੈ, "ਜਦੋਂ ਸਾਲ 1996 ਦੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਅਸੀਂ ਪਾਕਿਸਤਾਨ ਨੂੰ ਹਰਾਇਆ ਸੀ ਤਾਂ ਵਸੀਮ ਅਕਰਮ 6 ਮਹੀਨੇ ਲਈ ਲੰਡਨ ਚਲੇ ਗਏ ਸਨ। ਉਹ ਛੇ ਮਹੀਨੇ ਤੱਕ ਪਾਕਿਸਤਾਨ ਨਹੀਂ ਗਏ।"

ਸਾਲ 1996 ਦੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ ਸੀ। ਉਸ ਮੈਚ ਵਿੱਚ ਸਿੱਧੂ ਨੇ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਰਨ ਬਣਾਏ ਸਨ, ਜਦਕਿ ਅਜੇ ਜਡੇਜਾ ਨੇ ਅਖੀਰਲੇ ਓਵਰਾਂ ਵਿੱਚ ਕਾਫੀ ਤੇਜ਼ ਬੱਲੇਬਾਜ਼ੀ ਕੀਤੀ ਸੀ।

ਹਾਲਾਂਕਿ ਬੰਗਲੁਰੂ (ਉਸ ਸਮੇਂ ਬੰਗਲੌਰ) ਵਿੱਚ ਖੇਡੇ ਗਏ ਉਸ ਮੈਚ ਵਿੱਚ ਅਕਰਮ ਪਾਕਿਸਤਾਨੀ ਟੀਮ ਵਿੱਚ ਨਹੀਂ ਸੀ, ਮੈਚ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਉਨ੍ਹਾਂ ਦਾ ਨਾਮ ਗਿਆਰਾਂ ਖਿਡਾਰੀਆਂ ਵਿੱਚ ਨਾ ਹੋਣ ਬਾਰੇ ਪਤਾ ਚੱਲਿਆ ਸੀ।

ਇਸ ਗੱਲਬਾਤ ਦੌਰਾਨ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜਮਾਮ ਉਲ ਹੱਕ ਨੇ ਭਾਰਤ ਦੇ ਨੌਜਵਾਨ ਖਿਡਾਰੀਆਂ ਦੀ ਸ਼ਲਾਘਾ ਕੀਤੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦਾ ਮਾਮਲਾ ਬਿਲਕੁਲ ਅਲੱਗ ਹੈ।

ਇੰਜਮਾਮ ਨੇ ਕਿਹਾ, "ਵਿਰਾਟ ਤੇ ਰੋਹਿਤ ਨੂੰ ਲੈ ਕੇ ਵੱਖਰੇ ਤੌਰ 'ਤੇ (ਪਾਕਿਸਤਾਨ 'ਤੇ) ਦਬਾਅ ਹੈ, ਕਿਉਂਕਿ ਇਹ ਵੀਹ-ਵੀਹ ਸਾਲਾਂ ਤੋਂ ਪ੍ਰਦਰਸ਼ਨ ਕਰਦੇ ਆ ਰਹੇ ਹਨ। ਜੇ ਇਹ ਜਲਦੀ ਆਊਟ ਹੁੰਦੇ ਹਨ ਤਾਂ ਭਾਰਤ ਦੇ ਡਰੈਸਿੰਗ ਰੂਮ 'ਤੇ ਬਹੁਤ ਫਰਕ ਪਵੇਗਾ ਅਤੇ ਪਾਕਿਸਤਾਨ ਦਾ ਮਨੋਬਲ ਬਹੁਤ ਉੱਪਰ ਹੋਵੇਗਾ।"

ਇਸੇ ਤਰ੍ਹਾਂ ਜਦੋਂ ਪਾਕਿਸਤਾਨ ਦੀ ਟੀਮ ਵਿੱਚ ਬਾਬਰ ਆਜਮ ਆਊਟ ਹੁੰਦੇ ਹਨ ਤਾਂ ਦੂਜੀ ਟੀਮ ਦੀ ਗੇਂਦਬਾਜ਼ੀ ਪਾਕਿਸਤਾਨ ਉੱਪਰ ਹਾਵੀ ਹੋ ਜਾਂਦੀ ਹੈ ਅਤੇ ਪਾਕਿਸਤਾਨ ਦੇ ਡਰੈਸਿੰਗ ਰੂਮ ਦੇ ਮਨੋਬਲ 'ਤੇ ਅਸਰ ਪੈਂਦਾ ਹੈ।

ਹਰਸ਼ਾ ਭੋਗਲੇ

ਹਰਸ਼ਾ ਭੋਗਲੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕ੍ਰਿਕਟਰ ਕਮੇਂਟੇਟਰ ਹਰਸ਼ਾ ਭੋਗਲੇ ਦਾ ਮੰਨਣਾ ਹੈ ਕਿ ਚੰਗੇ ਮੁਕਾਬਲੇ ਲਈ ਪਾਕਿਸਤਾਨ ਦੀ ਟੀਮ ਨੂੰ ਜਿੱਤ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਨਾ ਚਾਹੀਦਾ।

ਕ੍ਰਿਕਟਰ ਦੇ ਮਸ਼ਹੂਰ ਕਮੇਂਟੇਟਰ ਹਰਸ਼ਾ ਭੋਗਲੇ ਦਾ ਮੰਨਣਾ ਹੈ ਕਿ ਸ਼ੁਭਮਨ ਗਿੱਲ ਅਤੇ ਮੁਹੰਮਦ ਸ਼ਮੀ ਦੇ ਫਾਰਮ ਤੋਂ ਭਾਰਤ ਬਹੁਤ ਖੁਸ਼ ਹੋਵੇਗਾ।

ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਦੇ ਖ਼ਿਲਾਫ਼ ਪਾਕਿਸਤਾਨ ਨੂੰ ਆਪਣੀ ਟੀਮ ਵਿੱਚ ਇੱਕ ਹੋਰ ਸਪਿਨਰ ਨੂੰ ਥਾਂ ਦੇਣੀ ਚਾਹੀਦੀ ਹੈ।

"ਪਾਕਿਸਤਾਨ ਨੂੰ ਭਾਰਤ ਦੇ ਖ਼ਿਲਾਫ਼ ਦੋ ਜ਼ਰੂਰੀ ਕੰਮ ਕਰਨੇ ਹੋਣਗੇ। ਪਾਕਿਸਤਾਨ ਨੇ ਜਦੋਂ ਵੀ ਮੈਚ ਜਿੱਤੇ ਹਨ ਤਾਂ ਉਨ੍ਹਾਂ ਨੇ ਪਾਵਰਪਲੇਅ ਵਿੱਚ ਵਿਕਟਾਂ ਲਈਆਂ ਹਨ। ਜੇ ਨਸੀਮ ਸ਼ਾਹ ਅਤੇ ਸ਼ਾਹੀਨ ਅਫਰੀਦੀ ਪਾਵਰਪਲੇਅ ਵਿੱਚ ਵਿਕਟ ਨਹੀਂ ਕੱਢ ਪਾਉਂਦੇ ਤਾਂ ਗੇਂਦਬਾਜ਼ੀ ਅਟੈਕ ਕਾਫੀ ਵੱਖਰਾ ਨਜ਼ਰ ਆਵੇਗਾ।"

ਹਰਸ਼ਾ ਭੋਗਲੇ ਦਾ ਮੰਨਣਾ ਹੈ ਕਿ ਪਾਕਿਸਤਾਨ ਨੂੰ ਮੈਚ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਨਾ ਹੋਵੇਗਾ। ਉਨ੍ਹਾਂ ਨੇ ਨਿਊਜ਼ੀਲੈਂਡ ਖ਼ਿਲਾਫ਼ ਪਾਕਿਸਤਾਨ ਦੀ ਹੌਲੀ ਰਫ਼ਤਾਰ ਦੀ ਬੱਲੇਬਾਜ਼ੀ ਦੀ ਆਲੋਚਨਾ ਕੀਤੀ ਹੈ।

ਚੈਂਪੀਅਨਜ਼ ਟਰਾਫੀ ਦੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਦੀਆਂ 320 ਦੌੜਾਂ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ 20 ਓਵਰਾਂ ਤੱਕ ਕਰੀਬ ਤਿੰਨ ਰਨ ਪ੍ਰਤੀ ਓਵਰ ਦੀ ਗਤੀ ਨਾਲ ਰਨ ਬਣਾ ਰਹੀ ਸੀ।

ਨਿਊਜ਼ੀਲੈਂਡ ਦੇ ਖ਼ਿਲਾਫ਼ ਹਾਰ ਤੋਂ ਬਾਅਦ ਜੇ ਪਾਕਿਸਤਾਨ ਭਾਰਤ ਦੇ ਖ਼ਿਲਾਫ਼ ਵੀ ਮੈਚ ਹਾਰ ਜਾਂਦਾ ਹੈ ਤਾਂ ਚੈਂਪੀਅਨਜ਼ ਟਰਾਫੀ ਵਿੱਚ ਉਸ ਦਾ ਬਣਿਆ ਰਹਿਣਾ ਮੁਸ਼ਕਲ ਹੋਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)