ਚੈਂਪੀਅਨਜ਼ ਟ੍ਰਾਫ਼ੀ ’ਚ ਅਰਸ਼ਦੀਪ ਭਾਰਤ ਲਈ ਕਿਵੇਂ ਅਹਿਮ ਸਾਬਿਤ ਹੋ ਸਕਦੇ ਹਨ, ਭਾਰਤ ਦੇ ਮੈਚ ਕਦੋਂ ਹਨ, ਕਦੋਂ ਹੈ ਸੈਮੀ-ਫਾਇਨਲ ਤੇ ਫਾਇਨਲ ਮੈਚ

ਤਸਵੀਰ ਸਰੋਤ, Getty Images
- ਲੇਖਕ, ਚਰਨਜੀਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਆਸਟ੍ਰੇਲੀਆ ਖ਼ਿਲਾਫ ਬਾਰਡਰ ਗਵਾਸਕਰ ਟ੍ਰਾਫੀ ਦੌਰਾਨ ਜਦੋਂ ਜਸਪ੍ਰੀਤ ਬੁਮਰਾਹ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਸਨ, ਤਾਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਚੈਂਪੀਅਨਜ਼ ਟ੍ਰਾਫੀ ਵਿੱਚ ਭਾਰਤ ਦੀ ਗੇਂਦਬਾਜ਼ੀ ਕਾਫੀ ਮਜ਼ਬੂਤ ਰਹੇਗੀ।
ਇਨ੍ਹਾਂ ਉਮੀਦਾਂ ਨੂੰ ਉਦੋਂ ਢਾਹ ਲੱਗੀ ਜਦੋਂ 11 ਫਰਵਰੀ ਨੂੰ ਬੀਸੀਸੀਆਈ ਨੇ ਐਲਾਨ ਕੀਤਾ ਕਿ ਸੱਟ ਕਰਕੇ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ ਚੈਂਪੀਅਨਜ਼ ਟ੍ਰਾਫੀ ਨਹੀਂ ਖੇਡਣਗੇ।
ਉਦੋਂ ਤੋਂ ਸਵਾਲ ਉੱਠੇ ਰਹੇ ਹਨ ਕਿ ਬੁਮਰਾਹ ਦੀ ਗੈਰ ਹਾਜ਼ਰੀ ਕਰਕੇ ਭਾਰਤ ਦੀਆਂ ਚੈਂਪੀਅਨਜ਼ ਟ੍ਰਾਫੀ ਜਿੱਤਣ ਦੀਆਂ ਸੰਭਾਵਨਾਵਾਂ ਕਿੰਨੀਆਂ ਪ੍ਰਭਾਵਿਤ ਹੋਣਗੀਆਂ।
ਬੁਮਰਾਹ ਦੇ ਫੱਟੜ ਹੋਣ ਤੋਂ ਬਾਅਦ ਸਾਬਕਾ ਕ੍ਰਿਕਟਰ ਰਵੀ ਸ਼ਾਸਤਰੀ ਨੇ ਕਿਹਾ ਸੀ," ਬੁਮਰਾਹ ਦਾ ਫਿੱਟ ਨਾ ਹੋਣਾ ਚੈਂਪੀਅਨਜ਼ ਟ੍ਰਾਫੀ ਵਿੱਚ ਭਾਰਤ ਦੀ ਜਿੱਤ ਦੀ ਸੰਭਾਵਨਾ 30 ਫੀਸਦ ਘਟਾ ਦੇਵੇਗਾ।"
ਹਲਾਂਕਿ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਕਿਹਾ ਹੈ ਕਿ,"ਬੁਮਰਾਹ ਦਾ ਨਾ ਹੋਣਾ ਇੱਕ ਵੱਡਾ ਨੁਕਸਾਨ ਹੈ। ਉਹ ਤਿੰਨਾਂ ਫਾਰਮੇਟਾਂ ਵਿੱਚ ਦੁਨੀਆਂ ਦੇ ਸਭ ਤੋਂ ਸ਼ਾਨਦਾਰ ਬਾਲਰ ਹਨ। ਬੁਮਰਾਹ ਦੇ ਬਿਨ੍ਹਾਂ ਤੁਸੀਂ ਵੱਖਰੀ ਟੀਮ ਹੋ। ਪਰ ਫਿਰ ਵੀ ਬੁਮਰਾਹ ਦੇ ਬਿਨ੍ਹਾਂ ਵੀ ਇੰਡੀਆ ਚੈਂਪੀਅਨਸ਼ਿਪ ਜਿੱਤਣ ਦੀ ਸੰਭਾਵਨਾ ਰੱਖਣ ਵਾਲੀਆਂ ਟੀਮਾਂ ਵਿੱਚੋਂ ਮੋਹਰੀ ਹੈ। ਸ਼ੁਭਮਨ ਗਿੱਲ, ਰੋਹਿਤ ਸ਼ਰਮਾ ਫੌਮ ਵਿੱਚ ਹਨ। "

ਚੈਂਪੀਅਨਜ਼ ਟ੍ਰਾਫੀ ਕਦੋਂ ਅਤੇ ਕਿੱਥੇ ਹੋ ਰਹੀ ਹੈ

ਤਸਵੀਰ ਸਰੋਤ, Getty Images
ਚੈਂਪੀਅਨਜ਼ ਟਰਾਫੀ 19 ਫਰਵਰੀ ਤੋਂ 9 ਮਾਰਚ ਦੇ ਦਰਮਿਆਨ ਪਾਕਿਸਤਾਨ ਅਤੇ ਦੁਬਈ ਵਿੱਚ ਹੋ ਰਹੀ ਹੈ।
1996 ਤੋਂ ਬਾਅਦ ਪਾਕਿਸਤਾਨ ਵਿੱਚ ਪਹਿਲਾ ਆਈਸੀਸੀ ਗਲੋਬਲ ਈਵੈਂਟ ਹੋਣ ਜਾ ਰਿਹਾ ਹੈ।
2009 ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਵਿੱਚ ਆਈਸੀਸੀ ਗਲੋਬਲ ਈਵੈਂਟ ਨਹੀਂ ਹੋਇਆ ਸੀ।
ਕਰਾਚੀ, ਰਾਵਲਪਿੰਡੀ ਅਤੇ ਲਾਹੌਰ ਵਿੱਚ ਟੂਰਨਾਮੈਂਟ ਦੇ ਮੈਚ ਹੋ ਰਹੇ ਹਨ। ਭਾਰਤ ਨੇ ਪਾਕਿਸਤਾਨ ਵਿੱਚ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਭਾਰਤ ਦੇ ਮੈਚ ਦੁਬਈ ਵਿੱਚ ਹੋ ਰਹੇ ਹਨ।
ਪਹਿਲਾ ਮੈਚ 19 ਫਰਵਰੀ ਨੂੰ ਪਾਕਿਸਤਾਨ ਅਤੇ ਨਿਊਜ਼ੀਲੈਂਡ ਦਰਮਿਆਨ ਸ਼ਾਮ 2.30 ਵਜੇ ਕਰਾਚੀ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਦਾ ਪਹਿਲਾ ਮੈਚ 20 ਫਰਵਰੀ ਨੂੰ ਬੰਗਲਾਦੇਸ਼ ਨਾਲ ਹੋਵੇਗਾ।
ਚੈਂਪੀਅਨਜ਼ ਟ੍ਰਾਫੀ ਵਿੱਚ 8 ਟੀਮਾਂ ਹਿੱਸਾ ਲੈ ਰਹੀਆਂ ਹਨ। 8 ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। 2 ਮਾਰਚ ਤੱਕ ਗਰੁੱਪ ਸਟੇਜ ਦੇ ਮੈਚ ਹੋਣਗੇ। ਗਰੁੱਪ ਏ ਅਤੇ ਬੀ ਵਿੱਚ 4-4 ਟੀਮਾਂ ਹਨ।
ਗਰੁੱਪ ਏ: ਪਾਕਿਸਤਾਨ, ਭਾਰਤ, ਨਿਊਜੀਲੈਂਡ, ਬੰਗਲਾਦੇਸ਼
ਗਰੁੱਪ ਬੀ: ਦੱਖਣੀ ਅਫਰੀਕਾ, ਆਸਟ੍ਰੇਲੀਆ,ਅਫਗਾਨਿਸਤਾਨ, ਇੰਗਲੈਂਡ
ਭਾਰਤ ਅਤੇ ਪਾਕਿਸਤਾਨ ਦਾ ਮੈਚ ਕਦੋਂ ਹੈ ?
ਚੈਂਪੀਅਨਜ਼ ਟ੍ਰਾਫੀ ਲਈ ਭਾਰਤ ਆਪਣਾ ਪਹਿਲਾ ਮੈਚ ਬੰਗਲਾਦੇਸ਼ ਦੇ ਖ਼ਿਲਾਫ 20 ਫਰਵਰੀ ਨੂੰ ਖੇਡੇਗਾ। ਇਸ ਤੋਂ ਬਾਅਦ 23 ਫਰਵਰੀ ਨੂੰ ਭਾਰਤ ਦਾ ਮੁਕਾਬਲਾ ਪਾਕਿਸਤਾਨ ਦੇ ਨਾਲ ਹੋਵੇਗਾ।
ਇਸ ਤੋਂ ਬਾਅਦ ਭਾਰਤ 3 ਮਾਰਚ ਨੂੰ ਨਿਊਜ਼ੀਲੈਂਡ ਖ਼ਿਲਾਫ ਮੈਚ ਖੇਡੇਗਾ।
ਭਾਰਤ ਦੇ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਣਗੇ। ਪਹਿਲਾ ਸੈਮੀਫਾਈਨਲ ਮੈਚ 4 ਮਾਰਚ ਨੂੰ ਅਤੇ ਦੂਜਾ ਸੈਮੀਫਾਇਨਲ ਮੈਚ 5 ਮਾਰਚ ਨੂੰ ਹੋਵੇਗਾ। 9 ਮਾਰਚ ਨੂੰ ਫਾਇਨਲ ਮੈਚ ਹੋਵੇਗਾ।
ਜੇਕਰ ਭਾਰਤ ਫਾਇਨਲ ਵਿੱਚ ਪਹੁੰਚਦਾ ਹੈ ਤਾਂ ਫਾਇਨਲ ਮੈਚ ਦੁਬਈ ਵਿੱਚ ਹੋਵੇਗਾ ਅਤੇ ਜੇਕਰ ਭਾਰਤ ਫਾਇਨਲ ਵਿੱਚ ਕੁਆਲੀਫਾਈ ਨਹੀਂ ਕਰ ਪਾਉਂਦਾ ਤਾਂ ਫਾਇਨਲ ਮੈਚ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਹੋਵੇਗਾ।
ਭਾਰਤ ਚੈਂਪੀਅਨਜ਼ ਟ੍ਰਾਫੀ ਲਈ ਪਾਕਿਸਤਾਨ ਕਿਉਂ ਨਹੀਂ ਜਾ ਰਿਹਾ?

ਤਸਵੀਰ ਸਰੋਤ, Getty Images
ਸਾਲ 2008 ਤੋਂ ਹੀ ਭਾਰਤੀ ਕ੍ਰਿਕਟ ਟੀਮ ਨੇ ਸਿਆਸੀ ਖਿੱਚੋਤਾਣ ਕਰਕੇ ਪਾਕਿਸਤਾਨ ਜਾਣ ਤੋਂ ਇਨਕਾਰ ਕੀਤਾ ਹੋਇਆ ਹੈ।
ਬੀਸੀਸੀਆਈ ਨੇ ਆਈਸੀਸੀ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਟੂਰਨਾਮੈਂਟ ਲਈ ਪਾਕਿਸਤਾਨ ਨਹੀਂ ਜਾਣਗੇ।
ਇਹ ਤੈਅ ਕਰਨ ਤੋਂ ਪਹਿਲਾਂ ਇਸ ਮਸਲੇ ’ਤੇ ਕਾਫੀ ਚਰਚਾ ਹੋਈ ਸੀ ਕਿ ਭਾਰਤ ਦੇ ਮੈਚ ਦੁਬਈ ਵਿੱਚ ਕਰਵਾਏ ਜਾਣਗੇ।
ਆਖ਼ਰੀ ਵਾਰ ਭਾਰਤ ਦੀ ਕ੍ਰਿਕਟ ਟੀਮ ਸਾਲ 2008 ਵਿੱਚ ਏਸ਼ੀਆ ਕੱਪ ਲਈ ਪਾਕਿਸਤਾਨ ਗਈ ਸੀ ਪਰ ਪਾਕਿਸਤਾਨ ਨੇ ਉਸ ਤੋਂ ਬਾਅਦ ਵੀ ਕਈ ਮੈਚ ਭਾਰਤ ਵਿੱਚ ਖੇਡੇ ਹਨ, ਜਿਵੇਂ ਕਿ ਸਾਲ 2023 ਵਿੱਚ ਵਨਡੇ ਵਿਸ਼ਵ ਕੱਪ।
ਹਾਲਾਂਕਿ,ਪਾਕਿਸਤਾਨ 2011 ਵਿੱਚ ਵਿਸ਼ਵ ਕੱਪ ਲਈ ਭਾਰਤ ਆਇਆ ਸੀ। 2012-13 ਵਿੱਚ ਪਾਕਿਸਤਾਨੀ ਕ੍ਰਿਕਟ ਟੀਮ ਸੀਰੀਜ਼ ਖੇਡਣ ਲਈ ਭਾਰਤ ਆਈ ਸੀ। ਇਸ ਦੇ ਇਲਾਵਾ ਦੋਵੇਂ ਟੀਮਾਂ ਸਿਰਫ਼ ਆਈਸੀਸੀ ਸਮਾਗਮਾਂ ਵਿੱਚ ਹੀ ਇਕੱਠੀਆਂ ਹੁੰਦੀਆਂ ਆ ਰਹੀਆਂ ਹਨ।
ਭਾਰਤ ਦੀ ਦਾਅਵੇਦਾਰੀ ਨੂੰ ਕਿਵੇਂ ਦੇਖ ਰਹੇ ਮਾਹਰ
ਕ੍ਰਿਕਟ ਮਾਹਰ ਭਾਰਤ ਅਤੇ ਆਸਟ੍ਰੇਲੀਆ ਨੂੰ ਜਿੱਤ ਦੇ ਮਜ਼ਬੂਤ ਦਾਅਵੇਦਾਰ ਮੰਨ ਰਹੇ ਹਨ। ਇਹ ਦੋਵੇਂ ਟੀਮਾਂ ICC ODI ਰੈਂਕਿੰਗ ਵਿੱਚ ਪਹਿਲੇ ਅਤੇ ਦੂਜੇ ਸਥਾਨ ਉੱਤੇ ਹਨ। ਸਾਲ 2023 ਦੇ ਵਿਸ਼ਵ ਕੱਪ ਫਾਇਨਲ ਵਿੱਚ ਵੀ ਦੋਵਾਂ ਦਾ ਮੁਕਾਬਲਾ ਹੋਇਆ ਸੀ, ਜਿਸ ਵਿੱਚ ਆਸਟ੍ਰੇਲੀਆ ਦੀ ਟੀਮ ਜੇਤੂ ਰਹੀ ਸੀ।
ਸਾਬਕਾ ਆਸਟ੍ਰੇਲੀਆਈ ਕਪਤਾਨ ਰਿੱਕੀ ਪੌਂਟਿੰਗ ਅਤੇ ਭਾਰਤੀ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ICC ਦੀ ਅਧਿਕਾਰਿਤ ਵੈਬਸਾਈਟ ਨੂੰ ਦੱਸਿਆ ਹੈ ਕਿ ਇਹ ਦੋਵੇਂ ਟੀਮਾਂ ਉਨ੍ਹਾਂ ਦੀਆਂ ਪਸੰਦੀਦਾ ਹਨ।
ਟੈਸਟ ਟੀਮ ਰੈਂਕਿੰਗ ਵਿੱਚ ਆਸਟ੍ਰੇਲੀਆ ਪਹਿਲੇ ਨੰਬਰ ਉੱਤੇ ਹੈ ਅਤੇ ਭਾਰਤ ਤੀਜੇ ਨੰਬਰ ਉੱਤੇ ਹੈ। ਟੀ-20 ਟੀਮ ਰੈਂਕਿੰਗ ਵਿੱਚ ਵੀ ਭਾਰਤ ਪਹਿਲੇ ਅਤੇ ਆਸਟ੍ਰੇਲੀਆ ਦੂਜੇ ਨੰਬਰ ਉੱਤੇ ਹੈ।
ਮੇਜ਼ਬਾਨ ਪਾਕਿਸਤਾਨ ICC ਵਨਡੇ ਮੈਚ ਰੈਂਕਿੰਗ ਵਿੱਚ ਤੀਜੇ ਨੰਬਰ ਉੱਤੇ ਹੈ ਅਤੇ ਚੌਥੇ ਅਤੇ ਪੰਜਵੇਂ ਨੰਬਰ ਉੱਤੇ ਕ੍ਰਮਵਾਰ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਹਨ।
ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਮੁਤਾਬਕ ਵੀ ਭਾਰਤੀ ਟੀਮ ਦੇ ਚੈਂਪੀਅਨਜ਼ ਟ੍ਰਾਫੀ ਜਿੱਤਣ ਦੀ ਸੰਭਾਵਨਾ ਕਾਫੀ ਹੈ।
ਬੀਔਂਡ23 ਕ੍ਰਿਕਟ ਪੌਡਕਾਸਟ ਦੌਰਾਨ ਮਾਈਕਲ ਕਲਾਰਕ ਨੇ ਕਿਹਾ,"ਮੈਨੂੰ ਲੱਗਦਾ ਹੈ ਕਿ ਭਾਰਤ ਜਿੱਤਣ ਵਾਲਾ ਹੈ (ਚੈਂਪੀਅਨਸ਼ਿਪ ਟ੍ਰਾਫੀ) ਅਤੇ ਮੈਂ ਇਹ ਕਹਿਣ ਜਾ ਰਿਹਾ ਹਾਂ ਕਿ ਰੋਹਿਤ ਸ਼ਰਮਾ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣਗੇ।"
ਬੁਮਰਾਹ ਦੀ ਕਮੀ ਟੀਮ ਨੂੰ ਕਿਵੇਂ ਰੜਕੇਗੀ

ਤਸਵੀਰ ਸਰੋਤ, Getty Images
ਟੀਮ ਵਿੱਚ ਬੁਮਰਾਹ ਦੀ ਗੈਰ ਮੌਜੂਦਗੀ ਬਾਰੇ ਸੀਨੀਅਰ ਖੇਡ ਪੱਤਰਕਾਰ ਸ਼ੇਖਰ ਲੂਥਰਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ,"ਬੁਮਰਾਹ ਦੇ ਨਾ ਹੋਣ ਨਾਲ 25 ਤੋਂ 30 ਫੀਸਦ ਤੱਕ ਦਾ ਨੁਕਸਾਨ ਹੈ। ਬੁਮਰਾਹ ਮੈਚ ਜਿਤਾਉਣ ਵਾਲਾ ਬਾਲਰ ਹੈ, ਨਾ ਸਿਰਫ ਡੈੱਥ ਓਵਰਾਂ ਵਿੱਚ ਸਗੋਂ ਸ਼ੁਰੂਆਤੀ ਓਵਰਾਂ ਵਿੱਚ ਸਫਲਤਾ ਵੀ ਉਨ੍ਹਾਂ ਤੋਂ ਵਧੀਆ ਕੋਈ ਨਹੀਂ ਦਵਾ ਸਕਦਾ।"
"ਪਿਛਲੇ ਕੁਝ ਸਾਲਾਂ ਤੋਂ ਟੀਮ ਵਿੱਚ ਆਲ ਰਾਊਂਡਰਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ,ਪਰ ਜਦੋਂ ਵੱਡੀ ਚੈਂਪੀਅਨਸ਼ਿਪ ਵਿੱਚ ਜਾਂਦੇ ਹਾਂ ਤਾਂ ਫਿਰ ਇੰਨਾ ਅਸਾਨ ਨਹੀਂ ਹੁੰਦਾ ਕਿ ਉਨ੍ਹਾਂ ਟੀਮਾਂ ਦੇ ਖ਼ਿਲਾਫ ਉਸ ਤਰ੍ਹਾਂ ਦਾ ਯੋਗਦਾਨ ਦੇ ਸਕੋ।”
ਭਾਰਤੀ ਬੱਲੇਬਾਜ਼ਾਂ ਤੋਂ ਕਿੰਨੀ ਆਸ

ਤਸਵੀਰ ਸਰੋਤ, Getty Images
ਸੀਨੀਅਰ ਖੇਡ ਪੱਤਰਕਾਰ ਸ਼ੇਖਰ ਲੂਥਰਾ ਕਹਿੰਦੇ ਹਨ,"ਰੋਹਿਤ ਸ਼ਰਮਾ ਦਾ ਫਾਰਮ ਵਿੱਚ ਆਉਣਾ ਮਹੱਤਵਪੂਰਨ ਚੀਜ਼ ਹੈ। ਜੇਕਰ ਟੌਪ ਆਰਡਰ ਦੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਕਰ ਦਿੰਦੇ ਹਨ ਤਾਂ ਗੇਂਦਬਾਜ਼ੀ ਉਨ੍ਹੀ ਹੌਲੀ ਹੋ ਜਾਂਦੀ ਹੈ।"
"ਸਮੱਸਿਆ ਉਦੋਂ ਹੁੰਦੀ ਜਦੋਂ ਬੱਲੇਬਾਜ਼ ਨਹੀਂ ਚੱਲਦੇ। ਇਸ ਟੂਰਨਾਮੈਂਟ ਵਿੱਚ ਬੱਲੇਬਾਜ਼ੀ ਭਾਰਤ ਦਾ ਮਜ਼ਬੂਤ ਪੱਖ ਹੈ, ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਲਈ ਵੱਡਾ ਸਕੋਰ ਹੋਣਾ ਜ਼ਰੂਰੀ ਹੈ।"
ਸ਼ੇਖਰ ਲੂਥਰਾ ਦਾ ਇਹ ਮੰਨਣਾ ਹੈ ਕਿ ਜੇਕਰ ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੇ ਚੰਗਾ ਪ੍ਰਦਰਸ਼ਨ ਨਾ ਕੀਤਾ ਤਾਂ ਕਈ ਭਾਰਤੀ ਖਿਡਾਰੀ ਇਸ ਦੌਰ ਵਿੱਚ ਹਨ ਕਿ ਉਹ ਆਪਣੀ ਰਿਟਾਇਰਮੈਂਟ ਦਾ ਐਲਾਨ ਕਰ ਸਕਦੇ ਹਨ।
ਅਰਸ਼ਦੀਪ ਸਿੰਘ ਦੀ ਚੈਂਪੀਅਨ ਟ੍ਰਾਫੀ ਵਿੱਚ ਕੀ ਰਹੇਗੀ ਭੂਮਿਕਾ

ਤਸਵੀਰ ਸਰੋਤ, Getty Images
ਜਸਪ੍ਰੀਤ ਬੁਮਰਾਹ ਦੇ ਪਿੱਛੇ ਗੇਂਦਬਾਜ਼ੀ ਦੀ ਕਮਾਨ ਮੁਹੰਮਦ ਸ਼ਮੀ ਤੇ ਅਰਸ਼ਦੀਪ ਸਿੰਘ ਕੋਲ ਰਹੇਗੀ। ਮੁਹੰਮਦ ਸ਼ਮੀ ਸੱਟ ਕਾਰਨ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਸਨ। ਉਨ੍ਹਾਂ ਦੇ ਮੌਢਿਆਂ ਉੱਤੇ ਕਾਫੀ ਵੱਡੀ ਜ਼ਿੰਮੇਵਾਰੀ ਹੋਵੇਗੀ।
ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਟੀ20 ਦੀ ਫਾਰਮ ਨੂੰ ਵਨਡੇਅ ਕ੍ਰਿਕਟ ਵਿੱਚ ਜਾਰੀ ਰੱਖਣਗੇ।
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਟੀ 20 ਵਿੱਚ ਸ਼ੁਰੂਆਤੀ ਵਿਕਟਾਂ ਲੈਣ ਅਤੇ ਡੈੱਥ ਓਵਰਜ਼ ਵਿੱਚ ਕਿਫਾਇਤੀ ਗੇਂਦਬਾਜ਼ੀ ਲਈ ਜਾਣੇ ਜਾਂਦੇ ਹਨ।
ਸੀਨੀਅਰ ਖੇਡ ਪੱਤਰਕਾਰ ਸ਼ੇਖਰ ਲੂਥਰਾ ਕਹਿੰਦੇ ਹਨ," ਇਸ ਵੇਲੇ ਬ੍ਰੇਕ ਥ੍ਰੂ ਦਵਾਉਣ ਵਾਲੇ ਗੇਂਦਬਾਜ਼ ਅਰਸ਼ਦੀਪ ਹਨ। ਅਜਿਹੇ ਵਕਤ ਜਦੋਂ ਬੁਮਰਾਹ ਨਹੀਂ ਹਨ ਉਸ ਵੇਲੇ ਅਰਸ਼ਦੀਪ ਦੇ ਮੋਢਿਆਂ ਉੱਤੇ ਕਾਫੀ ਦਾਰਮੋਦਾਰ ਹੈ।"
ICC ਚੈਂਪੀਅਨਜ਼ ਟ੍ਰਾਫੀ ਕੀ ਹੈ

ਤਸਵੀਰ ਸਰੋਤ, Getty Images
8 ਸਾਲਾਂ ਬਾਅਦ, ICC ਚੈਂਪੀਅਨਜ਼ ਟ੍ਰਾਫੀ ਦਾ 9ਵਾਂ ਅਡੀਸ਼ਨ ਕਰਵਾਇਆ ਜਾ ਰਿਹਾ ਹੈ।
ਪਹਿਲਾਂ ICC ਚੈਂਪੀਅਨਜ਼ ਟ੍ਰਾਫੀ ਨੂੰ ICC ਨੌਕਆਊਟ ਟ੍ਰਾਫੀ ਕਹਿੰਦੇ ਸਨ। ICC ਚੈਂਪੀਅਨ ਟ੍ਰਾਫੀ ਟੂਰਨਾਮੈਂਟ 50 ਓਵਰਾਂ ਦੇ ਮੈਚ ਯਾਨਿ ਕਿ ਵਨਡੇ ਇੰਟਰਨੈਸ਼ਨਲ ਫਾਰਮੇਟ ਵਿੱਚ ਹੁੰਦਾ ਹੈ।
ਇਸ ਦੀ ਸ਼ੁਰੂਆਤ ਸਾਲ 1998 ਵਿੱਚ ਹੋਈ ਸੀ। ਨਵੰਬਰ 2021 ਵਿੱਚ ICC ਨੇ ਐਲਾਨ ਕੀਤਾ ਸੀ ਕਿ ਪਾਕਿਸਤਾਨ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਜਦੋਂਕਿ 2029 ਵਿੱਚ ICC ਚੈਂਪੀਅਨਜ਼ ਟ੍ਰਾਫੀ ਭਾਰਤ ਵਿੱਚ ਹੋਵੇਗੀ।
ਹੁਣ ਤੱਕ ਭਾਰਤ ਨੇ ਕਿੰਨੀ ਵਾਰ ਚੈਂਪੀਅਨਜ਼ ਟ੍ਰਾਫੀ ਜਿੱਤੀ

ਤਸਵੀਰ ਸਰੋਤ, Getty Images
ਇਸ ਸਾਲ ਚੈਂਪੀਅਨਜ਼ ਟਰਾਫੀ ਦਾ ਨੌਵਾਂ ਐਡੀਸ਼ਨ ਹੈ ਅਤੇ ਪਾਕਿਸਤਾਨ ਟੂਰਨਾਮੈਂਟ ਦੇ ਪਿਛਲੇ ਜੇਤੂ ਹਨ:
- 1998: ਦੱਖਣੀ ਅਫਰੀਕਾ
- 2000: ਨਿਊਜ਼ੀਲੈਂਡ
- 2002: ਮੈਚ ਮੀਂਹ ਕਾਰਨ ਰੱਦ ਹੋਣ 'ਤੇ ਭਾਰਤ ਤੇ ਸ਼੍ਰੀਲੰਕਾ ਨੂੰ ਸਾਂਝੇ ਤੌਰ 'ਤੇ ਚੈਂਪੀਅਨਜ਼ ਐਲਾਨਿਆ ਗਿਆ
- 2004: ਵੈਸਟਇੰਡੀਜ਼
- 2006: ਆਸਟ੍ਰੇਲੀਆ
- 2009: ਆਸਟ੍ਰੇਲੀਆ
- 2013: ਭਾਰਤ
- 2017: ਪਾਕਿਸਤਾਨ
ਭਾਰਤ ਕਦੋਂ-ਕਦੋਂ ਟ੍ਰਾਫੀ ਤੋਂ ਖੁੰਝਿਆ

ਤਸਵੀਰ ਸਰੋਤ, Getty Images
ਸਾਲ 1998 ਵਿੱਚ ਬੰਗਲਾਦੇਸ਼ ਵਿੱਚ ਚੈਂਪੀਅਨਜ਼ ਟ੍ਰਾਫੀ ਹੋਈ ਸੀ, ਉਦੋਂ ਇਸ ਦਾ ਨਾਮ ਨਾਕਆਊਟ ਟ੍ਰਾਫੀ ਸੀ।ਕੁਆਟਰਫਾਇਨਲ ਵਿੱਚ ਸਚਿਨ ਤੇਂਦੁਲਕਰ ਨੇ 141 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਉਸ ਮੈਚ ਵਿੱਚ ਆਸਟ੍ਰੇਲੀਆ ਨੂੰ ਭਾਰਤ ਨੇ ਮਾਤ ਦਿੱਤੀ ਸੀ। ਹਲਾਂਕਿ ਸੈਮੀਫਾਇਨਲ ਵਿੱਚ ਭਾਰਤ ਵੈਸਟ ਇੰਡੀਜ਼ ਹੱਥੋਂ ਹਾਰ ਗਿਆ ਸੀ।
ਸਾਲ 2000 ਵਿੱਚ ਸੌਰਵ ਗਾਂਗੁਲੀ ਦੀ ਅਗਵਾਈ ਟੀਮ ਫਾਇਨਲ ਤੱਕ ਤਾਂ ਪਹੁੰਚੀ ਪਰ ਨਿਊਜ਼ੀਲੈਂਡ ਨੂੰ ਹਰਾ ਨਾ ਸਕੀ। ESPNcricinfo ਦੀ ਰਿਪੋਰਟ ਮੁਤਾਬਕ ਮੈਚ ਭਾਰਤ ਦੇ ਪੱਖ ਵਿੱਚ ਹੀ ਸੀ ਪਰ ਜਦੋਂ ਕ੍ਰਿਸ ਕਰੈਨਸ ਨੇ 102 ਦੌੜਾਂ ਦੀ ਪਾਰੀ ਖੇਡੀ ਤਾਂ ਨਿਊਜ਼ੀਲੈਂਡ ਦਾ ਪੱਲੜਾ ਭਾਰੀ ਹੋ ਗਿਆ।
2002 ਵਿੱਚ ਸ਼੍ਰੀਲੰਕਾ ਵਿੱਚ ਹੋਈ ਚੈਂਪੀਅਨਜ਼ ਟ੍ਰਾਫੀ ਵਿੱਚ ਭਾਰਤ ਅਤੇ ਸ਼੍ਰੀਲੰਕਾ ਫਾਇਨਲ ਵਿੱਚ ਪਹੁੰਚੇ ਪਰ ਮੀਂਹ ਕਰਕੇ ਫਾਇਨਲ ਮੈਚ ਮਿੱਥੇ ਹੋਏ ਦਿਨ ਅਤੇ ਫਿਰ ਰਿਜ਼ਰਵ ਡੇਅ ਉੱਤੇ ਵੀ ਨਹੀਂ ਹੋ ਸਕਿਆ। ਇਸ ਕਰਕੇ ਭਾਰਤ ਅਤੇ ਸ਼੍ਰੀਲੰਕਾ ਨੂੰ ਸਾਂਝੇ ਤੌਰ 'ਤੇ ਚੈਂਪੀਅਨ ਐਲਾਨਿਆ ਗਿਆ। ਹਲਾਂਕਿ ਸਾਲ 2004 ਅਤੇ 2006 ਯਾਨਿ ਅਗਲੇ ਦੋ ਟੂਰਨਾਮੈਂਟਾਂ ਵਿੱਚ ਭਾਰਤ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ।

ਤਸਵੀਰ ਸਰੋਤ, AP
2013 ਵਿੱਚ ਭਾਰਤ ਨੇ ਇੰਗਲੈਂਡ ਨੂੰ ਹਰਾਇਆ ਅਤੇ 5 ਦੌੜਾਂ ਨਾਲ ਜਿੱਤ ਦਰਜ ਕੀਤੀ। ਇਹ ਦੂਜੀ ਵਾਰ ਸੀ ਜਦੋਂ ਭਾਰਤ ਨੇ ਚੈਂਪੀਅਨਜ਼ ਟ੍ਰਾਫੀ ਆਪਣੇ ਨਾਮ ਕੀਤੀ। ਮੀਂਹ ਕਰਕੇ 50 ਓਵਰਾਂ ਦਾ ਮੈਚ ਘਟਾ ਕੇ 20 ਓਵਰਾਂ ਦਾ ਕਰ ਦਿੱਤਾ ਗਿਆ ਸੀ। 130 ਦੌੜਾਂ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਨੂੰ ਆਖਰੀ 16 ਗੇਂਦਾਂ ਵਿੱਚ 20 ਦੌੜਾਂ ਚਾਹੀਦੀਆਂ ਸਨ ਪਰ ਅਜਿਹਾ ਹੋ ਨਾ ਸਕਿਆ।
ਹਲਾਂਕਿ ਟੀਮ ਇੰਡੀਆ 2013 ਦੀ ਤਰ੍ਹਾਂ ਸਾਲ 2017 ਵਿੱਚ ਟ੍ਰਾਫੀ ਨਹੀਂ ਜਿੱਤ ਸਕੀ। ਇੰਗਲੈਂਡ ਵਿੱਚ ਕਰਵਾਈ ਗਈ ਚੈਂਪੀਅਨਜ਼ ਟ੍ਰਾਫੀ ਦੇ ਫਾਇਨਲ ਵਿੱਚ ਭਾਰਤ ਦਾ ਪਾਕਿਸਤਾਨ ਨਾਲ ਮੁਕਾਬਲਾ ਹੋਇਆ ਪਰ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇਹ ਮੈਚ ਜਿੱਤ ਨਾ ਸਕੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












