ਅਵਨੀ ਲੇਖਰਾ ਬਣੇ ਬੀਬੀਸੀ ਪੈਰਾ-ਸਪੋਰਟਸ ਵੂਮੈਨ ਆਫ਼ ਦਿ ਈਅਰ, ਜਾਣੋ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ

ਅਵਨੀ ਲੇਖਰਾ
ਤਸਵੀਰ ਕੈਪਸ਼ਨ, ਅਵਨੀ ਲੇਖਰਾ ਨੂੰ ਬੀਬੀਸੀ ਪੈਰਾ-ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
    • ਲੇਖਕ, ਦੀਪਤੀ ਪਟਵਰਧਨ
    • ਰੋਲ, ਖੇਡ ਪੱਤਰਕਾਰ

ਅਵਨੀ ਲੇਖਰਾ ਨੂੰ ਪੈਰਾ-ਨਿਸ਼ਾਨੇਬਾਜ਼ੀ ਵਿੱਚ ਪ੍ਰਾਪਤੀਆਂ ਲਈ ਬੀਬੀਸੀ ਪੈਰਾ-ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਅਵਨੀ ਲੇਖਰਾ ਨੇ 13 ਸਾਲਾਂ ਦੀ ਉਮਰ ਵਿੱਚ ਖਿਡਾਰੀ ਬਣਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ ਸ਼ੂਟਰ ਅਭਿਨਵ ਬਿੰਦਰਾ ਦੀ ਜੀਵਨੀ ਤੋਂ ਪ੍ਰੇਰਨਾ ਲਈ, ਜੋ ਕਿ ਉਸ ਸਮੇਂ ਵਿਅਕਤੀਗਤ ਈਵੈਂਟ 'ਚ ਭਾਰਤ ਦੇ ਇੱਕਲੌਤੇ ਸੋਨ ਤਗਮਾ ਜੇਤੂ ਸਨ।

ਉਸ ਸਮੇਂ ਸ਼ਾਇਦ ਅਵਨੀ ਨੂੰ ਅੰਦਾਜ਼ਾ ਨਾ ਹੋਵੇ ਕਿ ਇੱਕ ਦਿਨ ਉਹ ਵੀ ਖੇਡ ਵਿੱਚ ਮਿਸਾਲ ਪੈਦਾ ਕਰਨਗੇ।

23 ਸਾਲਾ ਅਵਨੀ ਲੇਖਰਾ ਨੇ 2020 ਟੋਕੀਓ ਖੇਡਾਂ ਵਿੱਚ 10 ਮੀਟਰ ਏਅਰ ਰਾਈਫਲ ਚ ਸੋਨ ਤਗਮਾ ਜਿੱਤਿਆ ਅਤੇ ਪੈਰਾਓਲੰਪਿਕ 'ਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਮਹਿਲਾ ਬਣੇ ਸਨ।

2020 ਉਲਪਿੰਕ ਖੇਡਾਂ ਕੋਰੋਨਾ ਮਹਾਂਮਾਰੀ ਕਾਰਨ ਮੁੱਲਤਵੀ ਹੋਣ ਕਰਕੇ ਸਾਲ 2021 'ਚ ਹੋਈਆ ਸਨ।

ਉਨ੍ਹਾਂ ਦਾ ਫਾਈਨਲ ਵਿੱਚ 249.6 ਦਾ ਸਕੋਰ ਵਿਸ਼ਵ ਰਿਕਾਰਡ ਦੇ ਬਰਾਬਰ ਸੀ ਅਤੇ ਪੈਰਾਓਲੰਪਿਕ ਵਿੱਚ ਨਵਾਂ ਰਿਕਾਰਡ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਸ ਤੋਂ ਤਿੰਨ ਸਾਲ ਬਾਅਦ ਹੀ 2024 ਪੈਰਾਓਲੰਪਿਕ ਵਿੱਚ ਲੇਖਰਾ ਨੇ ਸੋਨ ਤਗਮਾ ਜਿੱਤਿਆ ਅਤੇ ਦੋ ਸੋਨੇ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਮਹਿਲਾ ਪੈਰਾਲੰਪੀਅਨ ਬਣ ਗਏ।

ਇਸ ਦੌਰਾਨ ਉਨ੍ਹਾਂ ਨੇ ਆਪਣਾ ਪੁਰਾਣਾ ਪੈਰਾਓਲੰਪਿਕ ਰਿਕਾਰਡ ਵੀ ਤੋੜ ਦਿੱਤਾ।

ਸਤੰਬਰ 2024 ਵਿੱਚ ਇੱਕ ਸਨਮਾਨ ਸਮਾਰੋਹ ਦੌਰਾਨ ਲੇਖਰਾ ਨੇ ਕਿਹਾ ਸੀ ਕਿ ਪੈਰਿਸ ਖੇਡਾਂ ਤੋਂ ਪਹਿਲਾਂ ਉਹ ਸਰੀਰਕ ਤੌਰ 'ਤੇ ਸਹੀਂ ਹਾਲਤ ਵਿੱਚ ਨਹੀਂ ਸਨ।

"ਹਾਲ ਹੀ ਵਿੱਚ ਮੇਰੀ ਸਰਜਰੀ ਹੋਈ ਹੈ ਅਤੇ ਮੈਂ ਆਰਾਮ ਕਰ ਰਹੀ ਹਾਂ, ਇਸ ਤੋਂ ਬਾਹਰ ਆਉਣ ਲਈ ਮਾਨਸਿਕ ਤਾਕਤ ਦੀ ਲੋੜ ਹੈ ਅਤੇ ਸਰੀਰ ਲਈ ਵੀ ਵਧੇਰੇ ਸਰੀਰਕ ਸਿਖਲਾਈ ਦੀ ਲੋੜ ਹੈ, ਇਹ ਪਿਛਲੀ ਵਾਰ ਨਾਲੋਂ ਮੁਸ਼ਕਲ ਹੈ।"

ਇਨ੍ਹਾਂ ਸਭ ਮੁਸ਼ਕਲਾਂ ਨੂੰ ਪਾਰ ਕਰਨਾ ਹੀ ਲੇਖਰਾ ਦੇ ਜੀਵਨ ਦਾ ਅਹਿਮ ਹਿੱਸਾ ਰਿਹਾ।

ਔਕੜਾਂ ਦੇ ਬਾਵਜੂਦ ਸ਼ੂਟਿੰਗ ਕਰੀਅਰ

ਅਵਨੀ ਲੇਖਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2012 ਵਿੱਚ ਅਵਨੀ ਲੇਖਰਾ ਦੇ ਪਰਿਵਾਰ ਦੀ ਕਾਰ ਨਾਲ ਹਾਦਸਾ ਵਾਪਰਿਆ ਸੀ

2012 ਵਿੱਚ ਅਵਨੀ ਲੇਖਰਾ ਦੇ ਪਰਿਵਾਰ ਦੀ ਕਾਰ ਨਾਲ ਹਾਦਸਾ ਵਾਪਰਿਆ ਸੀ। ਹਾਦਸੇ ਕਾਰਨ ਅਵਨੀ ਦੀ ਰੀੜ੍ਹ ਦੀ ਹੱਡੀ ਵਿੱਚ ਸੱਟ ਲੱਗ ਗਈ ਅਤੇ ਉਨ੍ਹਾਂ ਦੀ ਕਮਰ ਤੋਂ ਹੇਠਲਾ ਹਿੱਸਾ ਪੈਰਾਲਾਈਜ਼ਡ ਹੋ ਗਿਆ।

ਇਸ ਹਾਦਸੇ ਤੋਂ ਬਾਅਦ, ਅਵਨੀ ਨੂੰ ਸਭ ਕੁਝ ਨਵੇਂ ਸਿਰੇ ਤੋਂ ਸਿੱਖਣਾ ਪਿਆ, ਜਿਸ ਵਿੱਚ ਬੈਠਣ ਦਾ ਤਰੀਕਾ ਵੀ ਸ਼ਾਮਲ ਸੀ।

ਇਸ ਤੋਂ ਵੀ ਅਹਿਮ ਭਾਵਨਾਤਮਕ ਤੌਰ 'ਤੇ ਦੁਬਾਰਾ ਖੜ੍ਹੇ ਹੋਣਾ ਸੀ।

2 ਸਾਲਾਂ ਮਗਰੋਂ, ਜਦੋਂ ਅਵਨੀ ਦੇ ਪਰਿਵਾਰ ਨੇ ਉਨ੍ਹਾਂ ਨੂੰ ਸਕੂਲ ਭੇਜਣ ਬਾਰੇ ਸੋਚਿਆ, ਪਰ ਉਨ੍ਹਾਂ ਦੇ ਪਰਿਵਾਰ ਨੂੰ ਅਜਿਹਾ ਸਕੂਲ ਲੱਭਣ 'ਚ ਮੁਸ਼ਕਲ ਹੋਈ, ਜੋ ਕਿ ਅਪਾਹਜ ਬੱਚਿਆਂ ਨੂੰ ਦਾਖਲ ਕਰੇ ਅਤੇ ਅਪਾਹਜਾਂ ਲਈ ਸਹੂਲਤਾਂ ਨਾਲ ਲੈੱਸ ਹੋਵੇ।

2015 ਵਿੱਚ, ਅਵਨੀ ਦੇ ਪਿਤਾ ਨੇ ਉਨ੍ਹਾਂ ਨੂੰ ਘਰੋਂ ਬਾਹਰ ਭੇਜਣ ਲਈ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।

ਅਵਨੀ ਨੇ ਤੈਰਾਕੀ, ਤੀਰਅੰਦਾਜ਼ੀ ਅਤੇ ਐਥਲੈਟਿਕਸ ਵਿੱਚ ਹੱਥ ਅਜ਼ਮਾਇਆ ਪਰ ਉਨ੍ਹਾਂ ਨੂੰ ਸ਼ੂਟਿੰਗ ਵਿੱਚ ਆਪਣਾ ਉਦੇਸ਼ ਮਿਲਿਆ।

ਅਵਨੀ ਨੇ ਟੋਕੀਓ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ ਕਿਹਾ, "ਇੱਕ ਗਰਮੀਆਂ ਦੀਆਂ ਛੁੱਟੀਆਂ ਮੌਕੇ ਮੇਰੇ ਪਿਤਾ, ਮੈਨੂੰ ਸ਼ੂਟਿੰਗ ਰੇਂਜ ਲੈ ਗਏ।"

"ਮੈਨੂੰ ਇਸ ਨਾਲ ਜੁੜਾਵ ਮਹਿਸੂਸ ਹੋਇਆ। ਮੈਂ ਰਾਈਫਲ ਨਾਲ ਕੁਝ ਨਿਸ਼ਾਨੇ ਸਾਧੇ ਅਤੇੇ ਉਹ ਕਾਫ਼ੀ ਸਹੀਂ ਸਨ। ਖੇਡ ਵਿੱਚ ਲਗਾਤਾਰਤਾ ਤੇ ਧਿਆਨ ਕੇਦ੍ਰਿਤ ਕਰਨਾ, ਇਹੀ ਮੈਨੂੰ ਸ਼ੂਟਿੰਗ ਬਾਰੇ ਪਸੰਦ ਹੈ।"

ਆਪਣੇ ਸ਼ੁਰੂਆਤੀ ਖੇਡ ਵਿੱਚ ਅਵਨੀ ਸਕੂਲ ਪੱਧਰ ਦੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਂਦੇ ਸਨ।

ਹਾਲਾਂਕਿ ਅਵਨੀ ਨੂੰ ਵੀਲ੍ਹ ਚੇਅਰ ਕਾਰਨ ਮਿਲ ਰਹੇ ਧਿਆਨ ਤੋਂ ਥੋੜੀ ਬੇਚੈਨੀ ਮਹਿਸੂਸ ਹੁੰਦੀ ਸੀ।

2015 ਵਿੱਚ ਅਵਨੀ ਦੇ ਪਿਤਾ ਨੇ ਉਨ੍ਹਾਂ ਨੂੰ ਖੇਡਾ ਵਿੱਚ ਹਿੱਸਾ ਲੈਣ ਲਈ ਉਤਾਸ਼ਾਹਿਤ ਕੀਤਾ, ਉਨ੍ਹਾਂ ਤੈਰਾਕੀ, ਤੀਰਅੰਦਾਜ਼ੀ ਅਤੇ ਐਥਲੈਟਿਕਸ ਕਈ ਖੇਡਾਂ 'ਚ ਹਿੱਸਾ ਲਿਆ ਪਰ ਇਹ ਰਾਈਫਲ ਸ਼ੂਟਿੰਗ ਸੀ ਜੋ ਕਿ ਉਨ੍ਹਾਂ ਦੇ ਦਿਲ ਨੂੰ ਲੱਗੀ।

2017 ਵਿੱਚ, ਅਵਨੀ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਤਗਮਾ ਜਿੱਤਿਆ ਸੀ। ਉਨ੍ਹਾਂ ਨੇ 2017 ਵਿਸ਼ਵ ਸ਼ੂਟਿੰਗ ਪੈਰਾ ਸਪੋਰਟ ਵਿਸ਼ਵ ਕੱਪ ਵਿੱਚ 10 ਮੀਟਰ ਏਅਰ ਰਾਈਫਲ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।

ਇਸ ਵਿੱਚ ਸੋਨ ਤਗਮਾ ਜੇਤੂ ਸਲੋਵਾਕੀਅਨ ਵੇਰੋਨਿਕਾ ਸੀ, ਜੋ ਉਸ ਸਮੇਂ ਦੇ ਮੌਜੂਦਾ ਪੈਰਾਓਲੰਪਿਕ ਚੈਂਪੀਅਨ ਸੀ।

ਨਵੰਬਰ 2022 ਵਿੱਚ ਬੀਬੀਸੀ ਨਾਲ ਇੰਟਰਵਿਊ ਦੌਰਾਨ, ਅਵਨੀ ਨੇ ਕਿਹਾ ਕਿ 'ਇਸ ਮਗਰੋਂ ਹੀ ਮੈਂ ਆਪਣਾ ਟੀਚਾ ਪੈਰਾਓਲੰਪਿਕ ਸੋਨ ਤਗਮਾ ਬਣਾ ਲਿਆ ਸੀ।'

"ਉਸ ਦਿਨ, ਮੈਨੂੰ ਲੱਗਾ ਕਿ ਮੈਂ ਸੋਨ ਤਗਮਾ ਜਿੱਤ ਸਕਦੀ ਸੀ।"

ਉਨ੍ਹਾਂ ਨੇ ਕਿਹਾ, "ਜੇਕਰ ਮੈਂ ਇੱਥੇ ਆ ਸਕਦੀ ਹਾਂ, ਆਪਣੇ ਦੇਸ਼ ਦੀ ਨੁਮਾਇੰਦਗੀ ਕਰ ਸਕਦੀ ਹਾਂ, ਦੁਨੀਆ ਦਾ ਸਫਰ ਕਰ ਸਕਦੀ ਹਾਂ ਅਤੇ ਇਹ [ਚਾਂਦੀ ਦਾ ਤਗਮਾ] ਜਿੱਤ ਸਕਦੀ ਹਾਂ, ਤਾਂ ਮੈਂ ਪੈਰਾਓਲੰਪਿਕ ਵਿੱਚ ਵੀ ਤਗਮਾ ਜਿੱਤ ਸਕਦੀ ਹਾਂ। ਉਦੋਂ ਤੋਂ, ਮੈਂ ਬਹੁਤ ਉਤਾਸ਼ਿਤ ਮਹਿਸੂਸ ਕਰ ਰਹੀ ਸੀ।"

ਇਹ ਵੀ ਪੜ੍ਹੋ-

ਪੈਰਾਓਲੰਪਿਕ ਦਾ ਸਫ਼ਰ

ਅਵਨੀ ਲੇਖਰਾ
ਤਸਵੀਰ ਕੈਪਸ਼ਨ, ਅਵਨੀ ਲੇਖਰਾ ਦੇ ਜੀਵਨ ਦੀਆਂ ਔਕੜਾਂ ਪੈਰਾਓਲੰਪਿਕ ਵਿੱਚ ਸਭ ਤੋਂ ਸਫਲ ਭਾਰਤੀ ਖਿਡਾਰਨ ਬਣਨ ਦੇ ਰਾਹ ਵਿੱਚ ਨਹੀਂ ਆ ਸਕੀਆ।

ਪੈਰਾਓਲੰਪਿਕ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਦਾ ਟੀਚਾ ਮਿੱਥਣ ਤੋਂ ਇੱਕ ਸਾਲ ਬਾਅਦ ਅਵਨੀ ਨੇ ਓਲੰਪੀਅਨ ਨਿਸ਼ਾਨੇਬਾਜ਼ ਸ਼ੁਮਾ ਸ਼ਿਰੂਰ ਤੋਂ ਸਿਖਲਾਈ ਸ਼ੁਰੂ ਕੀਤੀ।

ਇਸ ਫੈਸਲਾ ਉਨ੍ਹਾਂ ਦੇ ਜੀਵਨ ਦਾ ਅਹਿਮ ਮੋੜ ਸਾਬਤ ਹੋਇਆ।

ਸ਼ਿਰੂਰ ਨੇ ਅਵਨੀ ਦੇ ਨਿਸ਼ਾਨੇਬਾਜ਼ੀ ਦੇ ਹੁਨਰ ਨੂੰ ਮੂਲ ਰੂਪ 'ਚ ਨਿਖਾਰਨ ਦਾ ਕੰਮ ਕੀਤਾ ਅਤੇ ਅਵਨੀ ਨੂੰ ਮੁਕਾਬਲੇਬਾਜ਼ਾਂ ਦੇ ਬਰਾਬਰ ਰਾਇਫਲ ਨਾਲ ਅਭਿਆਸ ਸ਼ੁਰੂ ਕਰਵਾਇਆ। ਉਨ੍ਹਾਂ ਨੇ ਅਵਨੀ ਦੇ ਮਨ ਦੇ ਸ਼ੰਕਿਆਂ ਨੂੰ ਦੂਰ ਕਰਨ ਅਤੇ ਉਨ੍ਹਾਂ ਵਿੱਚ ਸਵੈ-ਵਿਸ਼ਵਾਸ ਪੈਦਾ ਕਰਨ 'ਤੇ ਵੀ ਕੰਮ ਕੀਤਾ।

ਪੈਰਿਸ ਖੇਡਾਂ ਤੋਂ ਬਾਅਦ, ਸ਼ਿਰੂਰ ਨੇ ਅਵਨੀ ਅਤੇ ਹੋਰਨਾਂ ਪੈਰਾ ਐਥਲੀਟਾਂ ਲਈ ਆਪਣੇ ਤੌਰ 'ਤੇ ਘੁੰਮਣ ਦੀ ਮੁਸ਼ਕਿਲ ਬਾਰੇ ਵੀ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜਨਤਕ ਥਾਵਾਂ ਵ੍ਹੀਲਚੇਅਰ-ਅਨੁਕੂਲ ਨਹੀਂ ਹਨ।

ਇਨ੍ਹਾਂ ਸਭ ਮੁਸ਼ਕਲਾਂ ਨੂੰ ਇੱਕ ਪਾਸੇ ਰੱਖੀਏ ਤਾਂ ਅਵਨੀ ਨੂੰ ਸੋਨ ਤਗਮਾ ਜਿੱਤਣ ਦੇ ਆਪਣੇ ਟੀਚੇ ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹ 2018 ਪੈਰਾ ਏਸ਼ੀਅਨ ਖੇਡਾਂ ਵਿੱਚ ਤਗਮਾ ਨਾ ਜਿੱਤ ਪਾਏ ਅਤੇ ਕੋਰੋਨਾ ਮਹਾਮਾਰੀ ਦੌਰਾਨ ਘਰ ਵਿੱਚ ਹੀ ਆਪਣੇ ਅਭਿਆਸ ਨੂੰ ਸੀਮਤ ਰੱਖਣਾ ਪਿਆ।

ਖੇਡਾਂ ਤੋਂ ਟੋਕੀਓ ਪਹਿਲਾਂ, ਉਨ੍ਹਾਂ ਨੂੰ ਕੁਝ ਮਹੀਨਿਆਂ ਲਈ ਅਭਿਆਸ ਤੋਂ ਦੂਰ ਰਹਿਣਾ ਪਿਆ ਕਿਉਂਕਿ ਉਨ੍ਹਾਂ ਨੇ ਪਿੱਠ ਦੀ ਸੱਟ ਕਾਰਨ ਫਿਜ਼ੀਓਥੈਰੇਪੀ ਕਰਵਾਉਣੀ ਪਈ ਸੀ। ਪੈਰਿਸ ਖੇਡਾਂ ਤੋਂ ਪਹਿਲਾਂ ਵੀ, ਉਨ੍ਹਾਂ ਨੇ ਗਲੈਬਲੇਡਰ ਦੀ ਸਰਜਰੀ ਕਰਵਾਈ ਸੀ।

ਪਰ ਇਹ ਸਭ ਔਕੜਾਂ ਅਵਨੀ ਨੂੰ ਪੈਰਾਓਲੰਪਿਕ ਵਿੱਚ ਸਭ ਤੋਂ ਸਫਲ ਭਾਰਤੀ ਖਿਡਾਰਨ ਬਣਨ ਦੇ ਰਾਹ ਵਿੱਚ ਨਹੀਂ ਆ ਪਾਈਆ।

ਨਾ ਦਬਾਅ ਹੋ ਸਕਣ ਵਾਲੀ ਅਵਨੀ ਲੇਖਰਾ ਦੀ ਸ਼ਖਸੀਅਤ ਨੂੰ ਉਨ੍ਹਾਂ ਦੇ ਆਪਣੇ ਐਕਸ ਅਕਾਉਂਟ ਉੱਤੇ ਲੱਗੀ ਕਵਰ ਫ਼ੋਟੋ ਬਾਖ਼ੂਬੀ ਬਿਆਨ ਕਰਦੀ ਹੈ, "ਜ਼ਿੰਦਗੀ ਸਾਰੇ ਬਿਹਤਰ ਪੱਤਿਆਂ (ਤਾਸ਼ ਦੇ ਪੱਤੇ) ਨੂੰ ਆਪਣੇ ਹੱਥ ਵਿੱਚ ਰੱਖਣ ਦਾ ਨਾਮ ਨਹੀਂ ਬਲਕਿ, ਹੱਥ ਵਿਚਲੇ ਪੱਤਿਆਂ ਨਾਲ ਬਿਹਤਰਨੀਨ ਖੇਡਣ ਦਾ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)