ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ 'ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ' ਲਈ ਸੁਨੇਹਾ

ਰਾਸ਼ਟਰਪਤੀ ਦ੍ਰੌਪਦੀ ਮੁਰਮੂ
ਤਸਵੀਰ ਕੈਪਸ਼ਨ, ਰਾਸ਼ਟਰਪਤੀ ਦ੍ਰੌਪਦੀ ਮੁਰਮੂ

ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 'ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ' ਦੀ ਪ੍ਰਸ਼ੰਸਾ ਕੀਤੀ ਹੈ ਅਤੇ ਨਾਮਜ਼ਦ ਖਿਡਾਰਨਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜੀਆਂ ਹਨ।

ਉਨ੍ਹਾਂ ਨੇ ਇੱਕ ਪੱਤਰ ਰਾਹੀਂ ਆਪਣਾ ਸੰਦੇਸ਼ ਭੇਜਦਿਆਂ ਲਿਖਿਆ, ''ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ' ਪ੍ਰੋਗਰਾਮ ਦੇ ਆਯੋਜਨ ਦੀ ਸ਼ਲਾਘਾਯੋਗ ਪਹਿਲ ਲਈ ਮੈਂ ਬੀਬੀਸੀ ਦੀ ਪੂਰੀ ਟੀਮ ਦੀ ਪ੍ਰਸ਼ੰਸਾ ਕਰਦੀ ਹਾਂ।

ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ 2024 ਦੀ ਜੇਤੂ ਬਣੇ ਮਨੂ ਭਾਕਰ। ਉਨ੍ਹਾਂ ਨੂੰ ਦਿੱਲੀ ਵਿੱਚ ਰੱਖੇ ਗਏ ਇੱਕ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ।

ਦਰਸ਼ਕਾਂ ਨੇ ਜੇਤੂ ਦੀ ਚੋਣ ਕਰਨ ਲਈ ਦੋ ਹਫ਼ਤਿਆਂ ਤੱਕ ਚੱਲੀ ਵੋਟਿੰਗ ਵਿੱਚ ਆਪਣੀਆਂ ਮਨਪਸੰਦ ਖਿਡਾਰਨਾਂ ਨੂੰ ਵੋਟ ਦਿੱਤਾ ਸੀ, ਜਿਸ ਮਗਰੋਂ ਜੇਤੂ ਖਿਡਾਰਨ ਦੀ ਚੋਣ ਹੋ ਸਕੀ ਸੀ।

ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ ਦੇ ਪੰਜਵੇਂ ਐਡੀਸ਼ਨ ਲਈ ਨਾਮਜ਼ਦ ਖਿਡਾਰਨਾਂ ਵਿੱਚ ਗੋਲਫ਼ਰ ਅਦਿਤੀ ਅਸ਼ੋਕ, ਕ੍ਰਿਕਟਰ ਸਮ੍ਰਿਤੀ ਮੰਧਾਨਾ, ਨਿਸ਼ਾਨੇਬਾਜ਼ ਅਵਨੀ ਲੇਖਰਾ, ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਭਲਵਾਨ ਵਿਨੇਸ਼ ਫੋਗਾਟ ਦੇ ਨਾਂ ਸ਼ਾਮਲ ਸਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਬੇਮਿਸਾਲ ਅਥਲੀਟਾਂ ਨੂੰ ਪਛਾਣ

ਰਾਸ਼ਟਰਪਤੀ ਨੇ ਆਪਣੇ ਸੁਨੇਹੇ ਵਿੱਚ ਲਿਖਿਆ ਹੈ, ''ਮੈਨੂੰ ਇਹ ਜਾਣ ਕੇ ਖੁਸ਼ੀ ਹੋ ਹੋਈ ਹੈ ਕਿ ਸਾਲ 2020 ਤੋਂ ਹਰ ਸਾਲ ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ ਐਵਾਰਡ ਆਯੋਜਿਤ ਕਰਕੇ ਬੀਬੀਸੀ ਨੇ ਖੇਡਾਂ ਵਿੱਚ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈ ਆਪਣੀ ਵਚਨਬੱਧਤਾ ਦਿਖਾਈ ਹੈ।''

''ਇਸ ਪਹਿਲਕਦਮੀ ਰਾਹੀਂ ਜਿਨ੍ਹਾਂ ਦੀ ਪਛਾਣ ਬਣੀ ਹੈ। ਅਜਿਹੀਆਂ ਬੇਮਿਸਾਲ ਐਥਲੀਟਾਂ ਨੇ ਨਾ ਸਿਰਫ਼ ਆਪਣੀਆਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਸਗੋਂ ਨੌਜਵਾਨ ਮਹਿਲਾਵਾਂ ਨੂੰ ਨਿਡਰ ਹੋ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵੀ ਪ੍ਰੇਰਿਤ ਕੀਤਾ ਹੈ।''

''ਜਦੋਂ ਸਾਡੀਆਂ ਕੁੜੀਆਂ ਅਤੇ ਮਹਿਲਾਵਾਂ ਖੇਡ ਪੁਰਸਕਾਰ ਪ੍ਰਾਪਤ ਕਰਦੀਆਂ ਹਨ ਤਾਂ ਮੈਨੂੰ ਵਿਸ਼ੇਸ਼ ਖੁਸ਼ੀ ਮਹਿਸੂਸ ਹੁੰਦੀ ਹੈ। ਭਾਰਤ ਦੀਆਂ ਔਰਤਾਂ ਨੂੰ ਵਿਸ਼ਵ ਪੱਧਰ 'ਤੇ ਆਪਣੀ ਸਾਖ਼ ਨੂੰ ਵਧਾਉਂਦਿਆਂ ਦੇਖ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ।''

''ਜਦੋਂ ਉਹ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿੱਚ ਤਗਮੇ ਜਿੱਤਦੀਆਂ ਹਨ ਅਤੇ ਰਾਸ਼ਟਰੀ ਗਾਣ ਦੀ ਧੁਨ 'ਤੇ ਤਿਰੰਗਾ ਲਹਿਰਾਉਂਦਾ ਹੈ, ਤਾਂ ਹਰ ਭਾਰਤੀ ਦਾ ਦਿਲ ਵਿਸ਼ੇਸ਼ ਮਾਣ ਵਾਲੀ ਭਾਵਨਾ ਨਾਲ ਭਰ ਜਾਂਦਾ ਹੈ।''

ਇਹ ਵੀ ਪੜ੍ਹੋ-

ਰਾਸ਼ਟਰਪਤੀ ਨੇ ਆਪਣੇ ਸੁਨੇਹੇ ਵਿੱਚ ਕਿਹਾ, ''ਔਰਤਾਂ ਨਾਲ ਜੁੜੀਆਂ ਰਵਾਇਤੀ ਭੂਮਿਕਾਵਾਂ ਅਤੇ ਧਾਰਨਾਵਾਂ ਨੂੰ ਚੁਣੌਤੀ ਦੇਣ ਦੇ ਨਜ਼ਰੀਏ ਤੋਂ ਖੇਡਾਂ ਦੀ ਭੂਮਿਕਾ ਬਹੁਤ ਸਕਾਰਾਤਮਕ ਹੁੰਦੀ ਹੈ। ਭਾਰਤੀ ਮਹਿਲਾਵਾਂ ਅੰਤਰਰਾਸ਼ਟਰੀ ਖੇਡਾਂ ਦੇ ਮੰਚ 'ਤੇ ਨਵੀਆਂ ਸੀਮਾਵਾਂ ਪਾਰ ਕਰ ਰਹੀਆਂ ਹਨ ਅਤੇ ਨਵੇਂ ਮਾਪਦੰਡ ਸਥਾਪਤ ਕਰ ਰਹੀਆਂ ਹਨ।''

ਉਨ੍ਹਾਂ ਕਿਹਾ ਕਿ ਰਾਸ਼ਟਰਮੰਡਲ ਖੇਡਾਂ, ਓਲੰਪਿਕ ਅਤੇ ਪੈਰਾਲੰਪਿਕ ਮੁਕਾਬਲਿਆਂ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਭਾਰਤ ਵਿੱਚ ਮਹਿਲਾ ਐਥਲੀਟਾਂ ਦੁਆਰਾ ਕੀਤੀ ਗਈ ਪ੍ਰਭਾਵਸ਼ਾਲੀ ਪ੍ਰਗਤੀ ਅਤੇ ਭਾਰਤ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਰਾਸ਼ਟਰਪਤੀ ਦਾ ਪੱਤਰ

ਤਸਵੀਰ ਸਰੋਤ, President Of India

ਤਸਵੀਰ ਕੈਪਸ਼ਨ, ਰਾਸ਼ਟਰਪਤੀ ਦਾ ਪੱਤਰ

ਇਨ੍ਹਾਂ ਬੇਮਿਸਾਲ ਮਹਿਲਾ ਐਥਲੀਟਾਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਦਾ ਪ੍ਰਚਾਰ ਅਤੇ ਪ੍ਰਸਾਰ ਜਿੰਨਾ ਸੰਭਵ ਹੋ ਸਕੇ ਵਿਆਪਕ ਤੌਰ 'ਤੇ ਕੀਤਾ ਜਾਣਾ ਬਹੁਤ ਮਹੱਤਵਪੂਰਨ ਹੈ।

ਇਸ ਨਾਲ ਖਿਡਾਰੀਆਂ ਦਾ ਮਾਣ ਵਧੇਗਾ ਅਤੇ ਨੌਜਵਾਨ ਪੀੜ੍ਹੀ ਨੂੰ ਪ੍ਰੇਰਣਾ ਮਿਲੇਗੀ।

''ਮੈਂ ਮਾਪਿਆਂ, ਸਕੂਲਾਂ ਅਤੇ ਕਾਲਜਾਂ, ਇੰਪਲਾਇਰਜ਼ ਅਤੇ ਹੋਰ ਸੰਸਥਾਵਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਕੁੜੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ। ਖੇਡਾਂ ਦਾ ਸਬੰਧ ਸਿਰਫ਼ ਜਿੱਤਣ ਨਾਲ ਨਹੀਂ ਹੈ। ਖੇਡਾਂ ਸਾਡੀਆਂ ਕੁੜੀਆਂ ਨੂੰ ਸਸ਼ਕਤ ਬਣਾਉਂਦੀਆਂ ਹਨ।''

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)