ਸਮੁੰਦਰ ਵਿੱਚ ਕਿਸ਼ਤੀ 'ਤੇ ਸਵਾਰ ਸ਼ਖਸ ਨੂੰ ਜਦੋਂ ਵ੍ਹੇਲ ਨੇ ਨਿਗਲ ਲਿਆ, ਜਾਣੋ ਮੌਤ ਦੇ ਮੂੰਹ ਵਿੱਚੋਂ ਬਚ ਕੇ ਆਉਣ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ

- ਲੇਖਕ, ਆਡਰੀਆ ਡਿਆਜ਼, ਆਇਲਿਨ ਓਲੀਵਾ
- ਰੋਲ, ਬੀਬੀਸੀ ਪੱਤਰਕਾਰ
23 ਸਾਲਾ ਆਡਰੀਆਨ ਸਿਮਾਂਕਾ ਚਿਲੀ ਦੇ ਨਾਲ ਸਮੁੰਦਰ ਵਿੱਚ ਛੋਟੀ ਕਿਸ਼ਤੀ 'ਤੇ ਸਵਾਰ ਸਨ, ਜਦੋਂ ਉਨ੍ਹਾਂ ਨੂੰ ਵ੍ਹੇਲ ਨੇ ਨਿਗਲ ਲਿਆ।
ਹਾਲਾਂਕਿ ਕੁਝ ਸਕਿੰਟਾਂ ਮਗਰੋਂ ਹੀ ਵ੍ਹੇਲ ਨੇ ਆਡਰੀਆਨ ਨੂੰ ਬਾਹਰ ਕੱਢ ਦਿੱਤਾ ਸੀ। ਹੁਣ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਮੂਲ ਰੂਪ ਵਿੱਚ ਵੈਨੇਜ਼ੁਏਲਾ ਦੇ ਰਹਿਣ ਵਾਲੇ ਆਡਰੀਆਨ ਸਿਮਾਂਕਾ ਨੂੰ ਉਸ ਵਕਤ ਜ਼ਿੰਦਗੀ ਦਾ ਅਨੋਖਾ ਅਨੁਭਵ ਹੋਇਆ ਜਦੋਂ ਉਨ੍ਹਾਂ ਨੂੰ ਸਮੁੰਦਰ ਵਿੱਚ ਕਿਸ਼ਤੀ ਚਲਾਉਦਿਆਂ ਇੱਕ ਵ੍ਹੇਲ ਨੇ ਜ਼ਿੰਦਾ ਨਿਗਲ ਲਿਆ ਅਤੇ ਫਿਰ ਕੁਝ ਪਲਾਂ ਬਾਅਦ ਬਾਹਰ ਕੱਢ ਦਿੱਤਾ।
ਆਡਰੀਆਨ ਦਾ ਕਹਿਣਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਆਪਣੇ ਪਿਤਾ ਡਾਲ ਸਿਮਾਂਕਾ ਨਾਲ ਦੱਖਣੀ ਚਿਲੀ ਵਿੱਚ ਮੈਗੇਲਾਨ ਦੀ ਖਾੜੀ ਵਿੱਚ ਕਿਸ਼ਤੀ ਚਲਾ ਰਹੇ ਸਨ।
ਉਨ੍ਹਾਂ ਨੇ ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ, "ਮੈਨੂੰ ਲੱਗਾ ਜਿਵੇਂ ਕਿਸੇ ਨੇ ਮੈਨੂੰ ਪਿੱਛੇ ਤੋਂ ਟੱਕਰ ਮਾਰੀ ਹੋਵੇ , ਉਹ ਮੇਰੇ ਪਿੱਛੇ ਸੀ ਅਤੇ ਮੈਨੂੰ ਖਿੱਚ ਰਿਹਾ ਸੀ। ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ, ਜਦੋਂ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਮੈਂ ਵ੍ਹੇਲ ਦੇ ਮੂੰਹ ਦੇ ਅੰਦਰ ਸੀ।"

ਆਡਰੀਆਨ ਅਤੇ ਉਨ੍ਹਾਂ ਦੇ ਪਿਤਾ ਵੱਖਰੋਂ-ਵੱਖਰੀਆਂ ਕਿਸ਼ਤੀਆਂ 'ਤੇ ਸਨ। ਉਨ੍ਹਾਂ ਦੇ ਪਿਤਾ ਨੇ ਆਪਣੇ ਕਿਸ਼ਤੀ ਦੇ ਪਿਛਲੇ ਪਾਸੇ ਇੱਕ ਕੈਮਰਾ ਲਗਾਇਆ ਹੋਇਆ ਸੀ ਤਾਂ ਜੋ ਵੀਡੀਓ ਰਿਕਾਰਡ ਕੀਤੀ ਜਾ ਸਕੇ।
ਆਡਰੀਆਨ ਦੇ ਪਿਤਾ ਡਾਲ ਕਹਿੰਦੇ ਹਨ ਕਿ ਉਨ੍ਹਾਂ ਨੇ ਅਚਾਨਕ ਆਪਣੇ ਪਿੱਛੇ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣੀ, ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਉਨ੍ਹਾਂ ਦਾ ਪੁੱਤਰ ਗਾਇਬ ਸੀ।
ਉਨ੍ਹਾਂ ਨੇ ਕਿਹਾ, "ਮੈਂ ਪਿੱਛੇ ਮੁੜ ਕੇ ਦੇਖਿਆ ਪਰ ਮੈਨੂੰ ਆਡਰੀਆਨ ਕਿਤੇ ਦਿਖਾਈ ਨਹੀਂ ਦਿੱਤੇ। ਮੈਂ ਕੁਝ ਸਕਿੰਟਾਂ ਲਈ ਚਿੰਤਤ ਸੀ, ਪਰ ਫਿਰ ਮੈਂ ਆਪਣੇ ਪੁੱਤਰ ਨੂੰ ਪਾਣੀ ਵਿੱਚੋਂ ਬਾਹਰ ਆਉਂਦੇ ਦੇਖਿਆ।"
"ਫਿਰ ਮੈਂ ਕੁਝ ਹੋਰ ਦੇਖਿਆ। ਉੱਥੇ ਇੱਕ ਬਹੁਤ ਵੱਡਾ ਜੀਵ ਸੀ। ਉਸਦਾ ਆਕਾਰ ਦੇਖ ਕੇ, ਮੈਨੂੰ ਅਹਿਸਾਸ ਹੋਇਆ ਕਿ ਇਹ ਵ੍ਹੇਲ ਸੀ।"
'ਮੈਨੂੰ ਲੱਗਾ ਜਿਵੇਂ ਮੈਂ ਕਿਸੇ ਦੇ ਮੂੰਹ ਵਿੱਚ ਹਾਂ'

ਤਸਵੀਰ ਸਰੋਤ, Dell Simancas
ਆਡਰੀਆਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਲਗਭਗ ਤਿੰਨ ਸਕਿੰਟਾਂ ਲਈ ਵ੍ਹੇਲ ਦੇ ਮੂੰਹ ਵਿੱਚ ਸੀ।
ਉਹ ਆਪਣੇ ਅਨੁਭਵ ਬਾਰੇ ਕਹਿੰਦੇ ਹਨ, "ਮੈਂ ਕਿਸੇ ਤਰ੍ਹਾਂ ਗੂੜ੍ਹੇ ਨੀਲੇ ਅਤੇ ਚਿੱਟੇ ਰੰਗ ਦਾ ਕੁਝ ਦੇਖ ਪਾਇਆ ਜਦੋਂ ਮੈਂ ਆਪਣੇ ਚਿਹਰੇ ਨੂੰ ਛੂਹਿਆ, ਤਾਂ ਮੈਨੂੰ ਲਾਰ ਵਰਗਾ ਕੁਝ ਮਹਿਸੂਸ ਹੋਇਆ। ਉਸ ਪਲ ਮੈਨੂੰ ਲੱਗਾ ਕਿ ਮੇਰੇ ਨਾਲ ਕੁਝ ਹੋਣ ਵਾਲਾ ਹੈ ਅਤੇ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ।"
"ਪਰ ਮੈਨੂੰ ਇੰਝ ਲੱਗਿਆ ਜਿਵੇਂ ਮੈਨੂੰ ਉਲਟਾ ਦਿੱਤਾ ਗਿਆ ਹੋਵੇ, ਮਾਰਿਆ ਨਹੀਂ ਗਿਆ। ਮੈਂ ਉੱਥੇ ਹੀ ਪਿਆ ਰਿਹਾ। ਮੈਨੂੰ ਇੱਕ ਸਕਿੰਟ ਦੇ ਲਈ ਲੱਗਾਾ ਜਿਵੇਂ ਮੈਂ ਕਿਸੇ ਚੀਜ਼ ਦੇ ਮੂੰਹ ਵਿੱਚ ਹਾਂ, ਜਿਵੇਂ ਸ਼ਾਇਦ ਇਸ ਨੇ ਮੈਨੂੰ ਖਾ ਲਿਆ ਹੋਵੇ। ਮੈਂ ਸੋਚਿਆ ਕਿ ਇਹ ਕੋਈ ਸਮੁੰਦਰੀ ਦੈਤ(ਮੌਸਟਰ) ਹੋ ਸਕਦਾ ਹੈ।"
ਆਡਰੀਆਨ ਅੱਗੇ ਦੱਸਦੇ ਹਨ, "ਪਰ ਫਿਰ ਮੈਨੂੰ ਲੱਗਾ ਜਿਵੇਂ ਮੈਂ ਸਤਿਹ ਵੱਲ ਵਧ ਰਿਹਾ ਹੋਵਾਂ, ਉਸ ਨੇ ਮੈਨੂੰ ਬਾਹਰ ਕੱਢ ਦਿੱਤਾ ਹੈ। ਮੈਂ ਦੋ ਸਕਿੰਟਾਂ ਲਈ ਉੱਪਰ ਗਿਆ, ਅਤੇ ਅਖੀਰਕਾਰ ਸਤਿਹ 'ਤੇ ਪਹੁੰਚ ਗਿਆ। ਫਿਰ ਮੈਨੂੰ ਅਹਿਸਾਸ ਹੋਇਆ ਕਿ ਉਸ ਨੇ ਮੈਨੂੰ ਨਹੀਂ ਖਾਧਾ, ਇਹ ਕੋਈ ਸ਼ਿਕਾਰੀ ਨਹੀਂ ਸੀ।"
ਸੱਤ ਸਾਲ ਪਹਿਲਾਂ ਚੰਗੇ ਭਵਿੱਖ ਦੀ ਭਾਲ ਵਿੱਚ ਵੈਨੇਜ਼ੁਏਲਾ ਤੋਂ ਚਿਲੀ ਆਏ ਦੋਵੇਂ ਪਿਓ-ਪੁੱਤਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਚਿਲੀ ਦੇ ਸਮੁੰਦਰੀ ਪਾਣੀ ਵਿੱਚ ਕੁਦਰਤ ਨਾਲ ਇੰਨਾ ਨੇੜਲਾ ਅਨੁਭਵ ਹੋਵੇਗਾ।
ਆਡਰੀਆਨ ਕਹਿੰਦੇ ਹਨ, "ਧਰਤੀ ਦੇ ਸਭ ਤੋਂ ਦੂਰ-ਦੁਰਾਡੇ ਸਥਾਨਾਂ ਵਿੱਚੋਂ ਇੱਕ ਵਿੱਚ ਸਮੁੰਦਰੀ ਜੀਵ ਨਾਲ ਇਹ ਮੇਰਾ ਸਾਹਮਣਾ ਸੀ। ਮੈਂ ਵ੍ਹੇਲ ਦੇ ਅੰਦਰ ਜਿਉਂਦਾ ਰਹਿਣ ਦੀ ਸੰਭਾਵਨਾ ਬਾਰੇ ਸੋਚਿਆ। ਮੈਂ ਸੋਚਿਆ ਕਿ ਜੇਕਰ ਵ੍ਹੇਲ ਨੇ ਮੈਨੂੰ ਨਿਗਲ ਲਿਆ ਹੁੰਦਾ ਤਾਂ ਮੈਂ ਕੀ ਕਰਦਾ।"
'ਦੂਜਾ ਜੀਵਨ'

ਤਸਵੀਰ ਸਰੋਤ, Dell Simancas
ਆਡਰੀਆਨ ਕਹਿੰਦੇ ਹਨ, "ਮੈਨੂੰ ਥੋੜ੍ਹਾ ਡਰ ਸੀ ਕਿ, ਕੀ ਮੈਂ ਆਪਣਾ ਸਾਹ ਰੋਕ ਸਕਾਂਗਾ, ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿੰਨੀ ਡੂੰਘਾਈ ਵਿੱਚ ਹਾਂ, ਮੈਨੂੰ ਲੱਗਾ ਕਿ ਸਤਿਹ 'ਤੇ ਪਹੁੰਚਣ ਲਈ ਬਹੁਤ ਸਮਾਂ ਲੱਗੇਗਾ।"
ਜਦੋਂ ਬਾਅਦ ਵਿੱਚ ਆਡਰੀਆਨ ਨੇ ਆਪਣੇ ਪਿਤਾ ਦੇ ਕੈਮਰੇ ਵਿੱਚ ਫੁਟੇਜ ਦੇਖੀ, ਤਾਂ ਉਹ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਵ੍ਹੇਲ ਕਿੰਨੀ ਵੱਡੀ ਸੀ।
ਉਹ ਕਹਿੰਦੇ ਹਨ, "ਮੈਂ ਉਹ ਪਲ ਨਹੀਂ ਦੇਖਿਆ, ਜਦੋਂ ਵ੍ਹੇਲ ਦੀ ਪਿੱਠ ਅਤੇ ਖੰਭ ਦਿਖਾਈ ਦੇ ਰਹੇ ਸਨ। ਮੈਂ ਸਿਰਫ਼ ਆਵਾਜ਼ ਸੁਣੀ ਸੀ ਅਤੇ ਮੈਂ ਡਰ ਗਿਆ।"
ਉਨ੍ਹਾਂ ਨੇ ਕਿਹਾ, "ਪਰ ਬਾਅਦ ਵਿੱਚ ਜਦੋਂ ਮੈਂ ਵੀਡੀਓ ਦੇਖੀ, ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਅਸਲ ਵਿੱਚ ਇੰਨੀ ਵੱਡੀ ਸੀ ਕਿ ਜੇ ਮੈਂ ਦੇਖਿਆ ਹੁੰਦਾ, ਤਾਂ ਮੈਂ ਹੋਰ ਵੀ ਡਰ ਜਾਂਦਾ।"
ਆਡਰੀਆਨ ਇਸ ਨੂੰ "ਦੂਜਾ ਜੀਵਨ" ਦੇ ਮੌਕੇ ਵਜੋਂ ਦੇਖਦੇ ਹਨ।
ਉਹ ਕਹਿੰਦੇ ਹਨ, "ਇਸ ਨੇ ਮੈਨੂੰ ਸੋਚਣ ਲਈ ਮਜਬੂਰ ਕੀਤਾ ਕਿ ਮੈਂ ਉਸ ਸਮੇਂ ਕੀ ਬਿਹਤਰ ਕਰ ਸਕਦਾ ਸੀ, ਅਤੇ ਮੈਂ ਇਸ ਤਜਰਬੇ ਦਾ ਫਾਇਦਾ ਕਿਵੇਂ ਚੁੱਕ ਸਕਦਾ ਹਾਂ।"
"ਇਹ ਇੱਕ ਵਿਲੱਖਣ ਅਨੁਭਵ ਹੈ, ਨਾ ਸਿਰਫ਼ ਇਹ ਦੇਖਣਾ ਕਿ ਕਿਸੇ ਨਕਾਰਾਤਮਕ ਚੀਜ਼ ਨੂੰ ਸਕਾਰਾਤਮਕ ਕਿਵੇਂ ਬਦਲਿਆ ਜਾਵੇ, ਸਗੋਂ ਇਸ ਨੂੰ ਪੂਰੀ ਤਰ੍ਹਾਂ ਵੇਖਣਾ ਕਿ ਇਹ ਕੀ ਹੈ, ਦੁਨੀਆ ਦੇ ਦੂਰ-ਦਰਾਡੇ ਇਲਾਕੇ ਵਿੱਚ ਸਮੁੰਦਰੀ ਜੀਵ ਨਾਲ ਜੱਦੋਜਹਿਦ।"
ਇਹ ਇੱਕ ਹਾਦਸਾ ਸੀ

ਤਸਵੀਰ ਸਰੋਤ, Getty Images
ਜੰਗਲੀ ਜੀਵਾਂ ਦੀ ਸੰਭਾਲ ਅਤੇ ਖੋਜ ਦੀ ਵਕਾਲਤ ਕਰਨ ਵਾਲੀ ਬ੍ਰਾਜ਼ੀਲੀ ਗੈਰ-ਮੁਨਾਫ਼ਾ ਸੰਸਥਾ, ਇੰਸਟੀਚਿਊਟੋ ਵਿਡਾ ਲਿਵਰੇ ਦੇ ਪ੍ਰਧਾਨ, ਰੋਚੈਡ ਜੈਕਬਸਨ ਸੇਬਾ ਨੇ ਆਡਰੀਆਨ ਦੇ ਵ੍ਹੇਲ ਨਾਲ ਹੋਏ ਸਾਹਮਣੇ ਨੂੰ "ਹਾਦਸਾ" ਦੱਸਿਆ।
ਉਨ੍ਹਾਂ ਨੇ ਕਿਹਾ, "ਵ੍ਹੇਲ ਸ਼ਾਇਦ ਮੱਛੀਆਂ ਦੇ ਇੱਕ ਸਮੂਹ ਨੂੰ ਖਾ ਰਹੀ ਸੀ ਜਦੋਂ ਅਣਜਾਣੇ ਵਿੱਚ ਆਪਣੇ ਭੋਜਨ ਦੇ ਨਾਲ ਨਿਗਲ ਲਿਆ।,"
"ਜਦੋਂ ਵ੍ਹੇਲ ਮੱਛੀਆਂ ਭੋਜਨ ਕਰਦੇ ਸਮੇਂ ਬਹੁਤ ਤੇਜ਼ੀ ਨਾਲ ਸਤਿਹ ਉੱਪਰ ਆ ਰਹੀਆਂ ਹੁੰਦੀਆਂ ਹਨ, ਤਾਂ ਉਹ ਗਲਤੀ ਨਾਲ ਆਪਣੇ ਰਸਤੇ ਵਿੱਚ ਆਉਣ ਵਾਲੀਆਂ ਚੀਜ਼ਾਂ ਨਾਲ ਟਕਰਾ ਸਕਦੀਆਂ ਹਨ ਜਾਂ ਨਿਗਲ ਸਕਦੀਆਂ ਹਨ।"
ਉਨ੍ਹਾਂ ਕਿਹਾ, "ਹੰਪਬੈਕ ਵ੍ਹੇਲ ਦੇ ਗਲੇ ਬਹੁਤ ਤੰਗ ਹੁੰਦੇ ਹਨ, ਜੋ ਛੋਟੀਆਂ ਮੱਛੀਆਂ ਅਤੇ ਝੀਂਗਾ ਦੇ ਹਿਸਾਬ ਨਾਲ ਬਣੇ ਹੁੰਦੇ ਹਨ। ਉਹ ਸਰੀਰਕ ਤੌਰ 'ਤੇ ਵੱਡੀਆਂ ਮੱਛੀਆਂ ਜਾਂ ਕਿਸ਼ਤੀ , ਟਾਇਰ ਵਰਗੀਆਂ ਵੱਡੀਆਂ ਚੀਜ਼ਾਂ ਨੂੰ ਨਿਗਲ ਨਹੀਂ ਸਕਦੇ।"
ਉਨ੍ਹਾਂ ਨੇ ਕਿਹਾ, "ਆਖਰਕਾਰ, ਵ੍ਹੇਲ ਨੇ ਆਡਰੀਆਨ ਨੂੰ ਬਾਹਰ ਕੱਢ ਦਿੱਤਾ ਕਿਉਂਕਿ ਇਸ ਨੂੰ ਨਿਗਲਣਾ ਸਰੀਰਕ ਤੌਰ 'ਤੇ ਅਸੰਭਵ ਸੀ।"
ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਅਜਿਹੇ ਹਾਦਸੇ "ਇੱਕ ਮਹੱਤਵਪੂਰਨ ਸਬਕ" ਹੋ ਸਕਦੇ ਹਨ।
"ਲੋਕਾਂ ਨੂੰ ਸਟੈਂਡ-ਅੱਪ ਪੈਡਲ ਬੋਰਡਾਂ, ਸਰਫਬੋਰਡਾਂ ਜਾਂ ਸ਼ਾਂਤ ਜਹਾਜ਼ਾਂ 'ਤੇ ਵ੍ਹੇਲ ਵਾਲੇ ਖੇਤਰਾਂ ਵਿੱਚ ਨਹੀਂ ਜਾਣਾ ਚਾਹੀਦਾ।"
"ਵ੍ਹੇਲ ਦੇਖਣ ਅਤੇ ਖੋਜ ਲਈ ਵਰਤੀਆਂ ਜਾਣ ਵਾਲੀਆਂ ਕਿਸ਼ਤੀਆਂ ਨੂੰ ਹਮੇਸ਼ਾ ਆਪਣੇ ਇੰਜਣਾਂ ਨੂੰ ਚੱਲਦਾ ਰੱਖਣਾ ਚਾਹੀਦਾ ਹੈ।"
"ਕਿਉਂਕਿ ਉਨ੍ਹਾਂ ਦਾ ਰੌਲਾ ਵ੍ਹੇਲ ਮੱਛੀਆਂ ਨੂੰ ਉਨ੍ਹਾਂ ਦੀ ਮੌਜੂਦਗੀ ਦਾ ਪਤਾ ਲਗਾਉਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨ ਦਾ ਆਦਰ ਕਰਨਾ ਅਤੇ ਉਨ੍ਹਾਂ ਨੂੰ ਮਨੁੱਖੀ ਦਖਲ ਤੋਂ ਬਿਨਾਂ ਰਹਿਣ ਦੇਣਾ ਮਹੱਤਵਪੂਰਨ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












