ਮਨੂ ਭਾਕਰ ਬਣੇ ਬੀਬੀਸੀ ਦੇ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ, ਐਵਾਰਡ ਮਿਲਣ ਮਗਰੋਂ ਕੀ ਬੋਲੇ

ਮਨੂ ਭਾਕਰ ਨੂੰ ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ 2024 ਚੁਣਿਆ ਗਿਆ ਹੈ। ਅੰਤਰਰਾਸ਼ਟਰੀ ਪੱਧਰ 'ਤੇ ਵੋਟਿੰਗ ਤੋਂ ਬਾਅਦ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ ਗਿਆ।
ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ ਅਤੇ ਭਾਰਤੀ ਮੁੱਕੇਬਾਜ਼ ਮੈਰੀਕਾਮ ਨੇ ਦਿੱਲੀ ਵਿੱਚ ਹੋਏ ਇੱਕ ਸਮਾਰੋਹ ਵਿੱਚ ਮਨੂ ਭਾਕਰ ਨੂੰ ਇਹ ਪੁਰਸਕਾਰ ਦਿੱਤਾ।
ਐਵਾਰਡ ਮਿਲਣ ਤੋਂ ਬਾਅਦ, ਮਨੂ ਭਾਕਰ ਨੇ ਕਿਹਾ, "ਬੀਬੀਸੀ ਦਾ ਇਸ ਪੁਰਸਕਾਰ ਲਈ ਧੰਨਵਾਦ। ਇਹ ਉਤਰਾਅ-ਚੜ੍ਹਾਅ ਦਾ ਸਫ਼ਰ ਰਿਹਾ ਹੈ। ਮੈਂ ਬਹੁਤ ਸਾਰੇ ਮੈਚ ਜਿੱਤੇ ਹਨ, ਪਰ ਤੁਹਾਡੇ ਸਾਹਮਣੇ ਇੱਥੇ ਖੜ੍ਹਾ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ।"
ਉਨ੍ਹਾਂ ਨੇ ਕਿਹਾ, "ਮੈਨੂੰ ਆਸ ਹੈ ਕਿ ਇਸ ਨਾਲ ਨਾ ਸਿਰਫ਼ ਦੇਸ਼ ਦੀਆਂ ਔਰਤਾਂ ਨੂੰ, ਸਗੋਂ ਖਿਡਾਰੀਆਂ ਨੂੰ ਵੀ ਪ੍ਰੇਰਣਾ ਮਿਲੇਗੀ, ਜਿਨ੍ਹਾਂ ਦੇ ਸੁਪਨੇ ਕੁਝ ਵੱਡਾ ਕਰਨ ਦੇ ਹਨ।"
2024 ਪੈਰਿਸ ਓਲੰਪਿਕ ਵਿੱਚ ਇਤਿਹਾਸ ਰਚਦਿਆਂ ਹੋਇਆਂ ਮਨੂ ਭਾਕਰ ਨੇ ਸ਼ੂਟਿੰਗ ਵਿੱਚ ਦੋ ਕਾਂਸੇ ਦੇ ਮੈਡਲ ਜਿੱਤੇ ਅਤੇ ਉਹ ਇੱਕ ਓਲੰਪਿਕ ਵਿੱਚ ਦੋ ਮੈਡਲ ਜਿੱਤਣ ਵਾਲੇ ਪਹਿਲੇ ਭਾਰਤ ਖਿਡਾਰਨ ਬਣ ਗਏ।
ਸਾਲ 2016 ਵਿੱਚ, ਜਦੋਂ ਮਨੂ ਦਸਵੀਂ ਜਮਾਤ ਵਿੱਚ ਸਨ ਤਾਂ ਉਨ੍ਹਾਂ ਨੇ ਸ਼ੂਟਿੰਗ ਨੂੰ ਬਹੁਤ ਗੰਭੀਰਤਾ ਨਾਲ ਲਿਆ।
ਪ੍ਰੋਫੈਸ਼ਨਲ ਸ਼ੂਟਿੰਗ ਵਿੱਚ ਆਉਣ ਤੋਂ ਦੋ ਸਾਲ ਬਾਅਦ ਹੀ ਮਨੂ ਨੇ ਭਾਰਤ ਸੀਨੀਅਰ ਟੀਮ ਲਈ ਡੈਬਿਊ ਕੀਤਾ ਅਤੇ 2018 ਵਿੱਚ ਉਹ ਕਾਮਨਵੈਲਥ ਗੇਮਜ਼ ਵਿੱਚ ਪਹੁੰਚੇ।
ਉਨ੍ਹਾਂ ਨੇ ਕਾਮਨਵੈਲਥ ਗੇਮਸ ਵਿੱਚ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਗੋਲਡ ਮੈਡਲ ਜਿੱਤਿਆ।
ਇਸ ਤੋਂ ਬਾਅਦ ਉਹ ਟੋਕਿਓ ਓਲੰਪਿਕ ਤੱਕ ਲਗਾਤਾਰ ਅੱਗੇ ਵਧਦੇ ਰਹੇ।
ਮਿਥਾਲੀ ਰਾਜ ਸਣੇ ਕਿਸ ਨੂੰ ਕਿਹੜਾ ਐਵਾਰਡ ਮਿਲਿਆ
ਸ਼ਤਰੰਜ ਖਿਡਾਰੀ ਤਾਨੀਆ ਸਚਦੇਵ ਅਤੇ ਖੋ-ਖੋ ਖੇਡ ਵਿੱਚ ਭਾਰਤ ਦੀ ਅਗਵਾਈ ਕਰਨ ਵਾਲੀ ਨਸਰੀਨ ਸ਼ੇਖ ਨੂੰ ਬੀਬੀਸੀ ਚੇਂਜਮੇਕਰ ਆਫ ਦਿ ਈਅਰ 2024 ਐਵਾਰਡ ਨਾਲ ਨਵਾਜ਼ਿਆ ਗਿਆ ਹੈ।
ਮਿਥਾਲੀ ਰਾਜ ਨੂੰ 2004 ਤੋਂ 2022 ਤੱਕ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਰਿਕਾਰਡ 18 ਸਾਲ ਦੀ ਕਪਤਾਨੀ ਦੇ ਲਈ ਬੀਬੀਸੀ ਲਾਈਫਟਾਈਮ ਅਚੀਵਮੈਂਟ ਐਵਾਰਡ ਮਿਲਿਆ ਹੈ।

ਪ੍ਰੀਤੀ ਪਾਲ ਨੂੰ ਬੀਬੀਸੀ ਸਟਾਰ ਪਰਫਾਰਮਰ ਆਫ ਦਿ ਈਅਰ 2024 ਐਵਾਰਡ ਨਾਲ ਨਵਾਜਿਆ ਗਿਆ ਹੈ। ਪ੍ਰੀਤੀ ਪਾਲ ਨੂੰ ਬੀਬੀਸੀ ਸਟਾਰ ਪਰਫਾਰਮਰ ਆਫ ਦਿ ਈਅਰ 2024 ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਦੌੜਾਕ ਪ੍ਰੀਤੀ ਪਾਲ ਉੱਤਰ ਪ੍ਰਦੇਸ਼ ਦੇ ਮੇਰਠ ਦੀ ਰਹਿਣ ਵਾਲੇ ਹਨ। ਉਨ੍ਹਾਂ ਨੇ ਪੈਰਿਸ ਪੈਰਾਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ।
ਬੀਬੀਸੀ ਇਮਰਜਿੰਗ ਪਲੇਅਰ ਐਵਾਰਡ 18 ਸਾਲਾ ਪੈਰਾਲੰਪਿਕ ਮੈਡਲ ਜੇਤੂ ਤੀਰ-ਅੰਦਾਜ਼ ਸ਼ੀਤਲ ਦੇਵੀ ਨੂੰ ਦਿੱਤਾ ਗਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਭਾਰਤ ਦੀ ਸਭ ਤੋਂ ਘੱਟ ਉਮਰ ਦੀ ਪੈਰਲੰਪਿਕ ਤਗਮਾ ਜੇਤੂ ਵਜੋਂ ਇਤਿਹਾਸਕ ਉਮਪਲਬਧੀ ਹਾਸਿਲ ਕਰਨ ਲਈ ਦਿੱਤਾ ਗਿਆ ਹੈ।

ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ ਨੇ ਖਿਡਾਰਨਾਂ ਬਾਰੇ ਕੀ ਕਿਹਾ
ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਨੌਜਵਾਨ ਔਰਤਾਂ ਅਤੇ ਕੁੜੀਆਂ ਲਈ ਮਹਾਨ ਖਿਡਾਰੀਆਂ ਦੀਆਂ ਜਿੱਤਾਂ ਬਾਰੇ ਸੁਣਨਾ ਕਿੰਨਾ ਮਹੱਤਵਪੂਰਨ ਹੈ।"
"ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਉਨ੍ਹਾਂ ਲਈ ਉਨ੍ਹਾਂ ਮੁੱਦਿਆਂ ਅਤੇ ਚੁਣੌਤੀਆਂ ਬਾਰੇ ਸੁਣਨਾ ਹੋਰ ਵੀ ਮਹੱਤਵਪੂਰਨ ਹੈ ਜਿਨ੍ਹਾਂ ਦਾ ਸਾਹਮਣਾ ਖਿਡਾਰੀਆਂ ਨੇ ਆਪਣੇ ਜੀਵਨ ਵਿੱਚ ਕੀਤਾ ਹੈ।''
''ਇਨ੍ਹਾਂ ਕਹਾਣੀਆਂ ਨੂੰ ਸਾਂਝਾ ਕਰਨਾ ਨਵੀਂ ਪੀੜ੍ਹੀ ਨੂੰ ਲਿੰਗਕ ਰੂੜ੍ਹੀਵਾਦੀ ਧਾਰਨਾਵਾਂ ਨੂੰ ਚੁਣੌਤੀ ਦੇਣ, ਰੁਕਾਵਟਾਂ ਨੂੰ ਤੋੜਨ ਅਤੇ ਔਰਤਾਂ ਤੇ ਖੇਡਾਂ ਨਾਲ ਜੁੜੀ ਗੱਲਬਾਤ ਵਿੱਚ ਬਦਲਾਅ ਲਿਆਉਣ ਲਈ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰ ਸਕਦਾ ਹੈ।"
ਕਲੈਕਟਿਵ ਨਿਊਜ਼ਰੂਮ ਦੀ ਸੀਈਓ ਰੂਪਾ ਝਾਅ ਨੇ ਕੀ ਕਿਹਾ

ਕਲੈਕਟਿਵ ਨਿਊਜ਼ਰੂਮ ਦੀ ਸੀਈਓ ਰੂਪਾ ਝਾਅ ਨੇ ਕਿਹਾ, "ਮਿਸ਼ਨ ਸਪੱਸ਼ਟ ਹੈ- ਖੇਡਾਂ ਵਿੱਚ ਔਰਤਾਂ 'ਤੇ ਧਿਆਨ ਕੇਂਦਰਿਤ ਕਰਨਾ, ਸੁਰਖੀਆਂ ਤੋਂ ਪਰੇ ਦੇਖਣਾ ਅਤੇ ਇਹ ਸਮਝਣਾ ਕਿ ਇਸ ਦੇਸ਼ ਵਿੱਚ ਮਹਿਲਾ ਐਥਲੀਟਾਂ ਲਈ ਸਕਾਰਾਤਮਕ ਬਦਲਾਅ ਲਿਆਉਣ ਲਈ ਕੀ ਕਰਨਾ ਹੋਵੇਗਾ।"
"ਇੱਕ ਖਿਡਾਰੀ ਬਣਨ ਦੀ ਉਨ੍ਹਾਂ ਦੀ ਯਾਤਰਾ ਵਿੱਚ ਉਨ੍ਹਾਂ ਲਈ ਇੱਕ ਸੁਰੱਖਿਅਤ ਜਗ੍ਹਾ ਬਣਾਉਣ ਲਈ ਕੀ ਕਰਨਾ ਹੋਵੇਗਾ ਅਤੇ ਇੱਕ ਖਿਡਾਰੀ ਦੇ ਅਕਸ ਨੂੰ ਚੁਣੌਤੀ ਦੇਣ ਲਈ ਕੀ ਕਰਨਾ ਹੋਵੇਗਾ ਤਾਂ ਜੋ ਉਹ ਡਿਫਾਲਟ ਤੌਰ 'ਤੇ ਇੱਕ ਪੁਰਸ਼ ਨਾਲ ਜੁੜਨੀ ਬੰਦ ਹੋ ਜਾਵੇ।"
"ਅਸੀਂ ਜਾਣਦੇ ਹਾਂ ਕਿ ਇਸ ਬਦਲਾਅ ਨੂੰ ਲੈ ਕੇ ਆਉਣ ਲਈ ਸਾਨੂੰ ਪਹਾੜ ਨੂੰ ਹਿਲਾਉਣ ਦੀ ਲੋੜ ਨਹੀਂ ਹੈ- ਇਸ ਲਈ ਸਿਰਫ਼ ਲਗਾਤਾਰ ਕੋਸ਼ਿਸ਼ ਕਰਦੇ ਰਹਿਣ ਦੀ ਲੋੜ ਹੈ।"
ਤਾਨੀਆ ਸਚਦੇਵ ਤੇ ਨਸਰੀਨ ਸ਼ੇਖ ਬਣੀ ਚੇਂਜਮੇਕਰ ਆਫ ਦਿ ਈਅਰ

ਤਾਨੀਆ ਸਚਦੇਵ ਅਤੇ ਨਸਰੀਨ ਸ਼ੇਖ਼ ਨੂੰ ਬੀਬੀਸੀ ਚੇਂਜਮੇਕਰ ਆਫ਼ ਦਿ ਈਅਰ 2024 ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਤਾਨੀਆ ਦਾ ਜਨਮ ਦਿੱਲੀ ਵਿੱਚ ਹੋਇਆ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਸ਼ਤਰੰਜ ਖੇਡਣ ਦਾ ਸ਼ੌਕ ਸੀ। ਅੱਠ ਸਾਲ ਦੀ ਉਮਰ ਵਿੱਚ, ਤਾਨੀਆ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਖਿਤਾਬ ਜਿੱਤਿਆ।
ਉਨ੍ਹਾਂ ਦੇ ਨਾਮ ਤੇ ਕਈ ਰਿਕਾਰਡ ਦਰਜ ਹਨ। ਉਹ 2005 ਵਿੱਚ ਮਹਿਲਾ ਗ੍ਰੈਂਡਮਾਸਟਰ ਬਣੇ ਸਨ। ਉਹ ਇਹ ਪੁਰਸਕਾਰ ਜਿੱਤਣ ਵਾਲੇ 8ਵੀਂ ਭਾਰਤੀ ਖਿਡਾਰਨ ਸਨ।
ਸਾਲ 2008 ਵਿੱਚ ਇੱਕ ਅੰਤਰਰਾਸ਼ਟਰੀ ਮਾਸਟਰ ਬਣੇ ਸਨ। ਉਨ੍ਹਾਂ ਨੂੰ ਸਾਲ 2009 ਵਿੱਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਦਿੱਲੀ ਦੀ ਰਹਿਣ ਵਾਲੀ ਨਸਰੀਨ ਸ਼ੇਖ਼ ਨੇ ਕਈ ਸਾਲਾਂ ਤੋਂ ਖੋ-ਖੋ ਵਿੱਚ ਭਾਰਤ ਦੀ ਅਗਵਾਈ ਕੀਤੀ ਹੈ।
ਉਨ੍ਹਾਂ ਦੀ ਕਪਤਾਨੀ ਹੇਠ, ਭਾਰਤੀ ਟੀਮ ਨੇ 2019 ਦੀਆਂ ਦੱਖਣੀ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ।
ਨਸਰੀਨ ਨੂੰ ਸਾਲ 2024 ਵਿੱਚ ਦੇਸ਼ ਦੇ ਦੂਜੇ ਸਭ ਤੋਂ ਵੱਡੇ ਖੇਡ ਪੁਰਸਕਾਰ, ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਮਿਥਾਲੀ ਰਾਜ ਨੂੰ ਮਿਲਿਆ ਲਾਈਫ਼ ਟਾਈਮ ਅਚੀਵਮੈਂਟ ਐਵਾਰਡ
ਮਿਥਾਲੀ ਰਾਜ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਉਨ੍ਹਾਂ ਦੀਆਂ 18 ਸਾਲਾਂ ਦੀਆਂ ਪ੍ਰਾਪਤੀਆਂ ਲਈ ਬੀਬੀਸੀ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ਼ ਸਨਮਾਨਿਤ ਕੀਤਾ ਗਿਆ ਹੈ।
ਐਵਾਰਡ ਮਿਲਣ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਿਥਾਲੀ ਰਾਜ ਨੇ ਕਿਹਾ, "ਬੀਬੀਸੀ ਅਤੇ ਜਿਊਰੀ ਨੂੰ ਮੈਨੂੰ ਬੀਬੀਸੀ ਲਾਈਫਟਾਈਮ ਅਚੀਵਮੈਂਟ ਐਵਾਰਡ ਦੇਣ ਲਈ ਸ਼ੁਕਰੀਆ। ਮੈਨੂੰ ਆਸ ਹੈ ਕਿ ਇਹ ਪੁਰਸਕਾਰ ਬਹੁਤ ਸਾਰੀਆਂ ਕੁੜੀਆਂ ਨੂੰ ਇਸ ਖ਼ੂਬਸੂਰਤ ਖੇਡ ਨੂੰ ਅਪਣਾਉਣ ਲਈ ਪ੍ਰੇਰਿਤ ਕਰੇਗਾ।"
ਕੇਂਦਰੀ ਖੇਡ ਰਾਜ ਮੰਤਰੀ ਦਾ ਖਿਡਾਰਨਾਂ ਲਈ ਸੁਨੇਹਾ
ਕੇਂਦਰੀ ਖੇਡ ਰਾਜ ਮੰਤਰੀ ਰਕਸ਼ਾ ਖੜਸੇ ਨੇ ਕਿਹਾ, "ਸਾਡੀਆਂ ਮਹਿਲਾ ਖਿਡਾਰੀਆਂ ਨੂੰ ਬੀਬੀਸੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਪਰ ਇਹ ਸਿਰਫ਼ ਇੱਕ ਪੁਰਸਕਾਰ ਨਹੀਂ ਹੈ। ਇਹ ਇੱਥੇ ਅਤੇ ਦੁਨੀਆ ਭਰ ਦੀਆਂ ਬਹੁਤ ਸਾਰੀਆਂ ਔਰਤਾਂ ਲਈ ਅੱਗੇ ਆਉਣ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਇੱਕ ਨਵਾਂ ਮੌਕਾ ਹੈ।"
"ਜਿਵੇਂ ਕਿ ਅਸੀਂ ਖੇਡਾਂ ਵਿੱਚ ਨਵੀਆਂ ਨੀਤੀਆਂ ਬਣਾ ਰਹੇ ਹਾਂ, ਅਸੀਂ ਹੋਰ ਮਹਿਲਾ ਕੋਚ ਪ੍ਰਦਾਨ ਕਰਨਾ ਚਾਹੁੰਦੇ ਹਾਂ। ਇਸ ਨਾਲ ਮਹਿਲਾ ਖਿਡਾਰੀਆਂ ਨੂੰ ਹੋਰ ਸਹੂਲਤਾਂ ਮਿਲਣਗੀਆਂ। ਇਹ ਉੱਭਰ ਰਹੇ ਖਿਡਾਰੀਆਂ ਨੂੰ ਪੇਸ਼ੇਵਰ ਖੇਡਾਂ ਵਿੱਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕਰੇਗਾ।"

ਰਾਸ਼ਟਰਪਤੀ ਮੁਰਮੂ ਨੇ ਭੇਜੀ ਵਧਾਈ
ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਲਈ ਨਾਮਜ਼ਦ ਖਿਡਾਰਨਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜੀਆਂ ਹਨ।
ਮੁਰਮੂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਹੈ, ''ਮੈਂ 'ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ' ਪ੍ਰੋਗਰਾਮ ਦੇ ਪ੍ਰਬੰਧ ਦੀ ਸ਼ਲਾਘਾਯੋਗ ਪਹਿਲਕਦਮੀ ਲਈ ਬੀਬੀਸੀ ਦੀ ਪੂਰੀ ਟੀਮ ਦੀ ਸ਼ਲਾਘਾ ਕਰਦੀ ਹਾਂ।''
''ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਬੀਬੀਸੀ ਨੇ 2020 ਤੋਂ ਹਰ ਸਾਲ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡਾਂ ਦੀ ਮੇਜ਼ਬਾਨੀ ਕਰਕੇ ਖੇਡਾਂ ਵਿੱਚ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈ ਆਪਣੀ ਵਚਨਬੱਧਤਾ ਦਾ ਮੁਜਾਹਰਾ ਕੀਤਾ ਹੈ।''
ਰਾਸ਼ਟਰਪਤੀ ਨੇ ਅੱਗੇ ਕਿਹਾ, ''ਇਸ ਪਹਿਲਕਦਮੀ ਰਾਹੀਂ ਮਾਨਤਾ ਹਾਸਲ ਅਦਭੁਤ ਐਥਲੀਟਾਂ ਨੇ ਨਾ ਸਿਰਫ਼ ਆਪਣੀਆਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਬਲਕਿ ਨੌਜਵਾਨ ਔਰਤਾਂ ਨੂੰ ਆਪਣੇ ਸੁਪਨਿਆਂ ਨੂੰ ਨਿਡਰਤਾ ਨਾਲ ਅੱਗੇ ਵਧਾਉਣ ਲਈ ਵੀ ਪ੍ਰੇਰਿਤ ਕੀਤਾ ਹੈ।''

ਕਿਵੇਂ ਹੋਈ ਖਿਡਾਰਨਾਂ ਦੀ ਚੋਣ
ਇਨ੍ਹਾਂ ਨਾਮਜ਼ਦ ਵਿਅਕਤੀਆਂ ਦੇ ਨਾਵਾਂ ਦਾ ਐਲਾਨ ਜਨਵਰੀ ਵਿੱਚ ਕੀਤਾ ਗਿਆ ਸੀ। ਬੀਬੀਸੀ ਵੱਲੋਂ ਚੁਣੇ ਗਏ ਇੱਕ ਜਿਊਰੀ ਪੈਨਲ ਨੇ ਪੰਜ ਭਾਰਤੀ ਖਿਡਾਰਨਾਂ ਦੀ ਚੋਣ ਕੀਤੀ ਗਈ ਸੀ।
ਜਿਊਰੀ ਵਿੱਚ ਦੇਸ ਭਰ ਦੇ ਮਸ਼ਹੂਰ ਖੇਡ ਪੱਤਰਕਾਰ, ਖੇਡ ਮਾਹਰ ਅਤੇ ਲੇਖਕ ਸ਼ਾਮਲ ਹਨ। ਇਸ ਤੋਂ ਬਾਅਦ ਦਰਸ਼ਕਾਂ ਨੇ ਆਪਣੇ ਮਨਪਸੰਦ ਖਿਡਾਰੀਆਂ ਨੂੰ ਵੋਟ ਦਿੱਤੀ।
ਇਹ ਵੱਕਾਰੀ ਪੁਰਸਕਾਰ 2024 ਵਿੱਚ ਸ਼ਾਨਦਾਰ ਮਹਿਲਾ ਐਥਲੀਟਾਂ ਦਾ ਸਨਮਾਨ ਕਰਨ ਅਤੇ ਹੋਰ ਐਥਲੀਟਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ ਹੈ।
ਇਸ ਸਾਲ ਦਾ ਥੀਮ 'ਚੈਂਪੀਅਨਜ਼ ਚੈਂਪੀਅਨਜ਼ ਹੈ', ਜਿਸ ਰਾਹੀਂ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਦੱਸੀਆਂ ਗਈਆਂ ਹਨ, ਜੋ ਤਗਮਾ ਜਿੱਤਣ ਵਾਲੀਆਂ ਖਿਡਾਰਨਾਂ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਤੁਸੀਂ ਬੀਬੀਸੀ 'ਤੇ ਇਸ ਨਾਲ ਸਬੰਧਤ ਕੁਝ ਖ਼ਾਸ ਕਹਾਣੀਆਂ ਪੜ੍ਹ ਸਕਦੇ ਹੋ।
ਇੱਕ ਵਿਸ਼ੇਸ਼ ਦਸਤਾਵੇਜ਼ੀ ਫਿਲਮ ਉਨ੍ਹਾਂ ਖਿਡਾਰੀਆਂ ਬਾਰੇ ਹੈ, ਜੋ ਦੇਖ ਨਹੀਂ ਸਕਦੇ ਅਤੇ ਜੋਤਹੀਣ ਹਨ।
ਇਹ ਦਸਤਾਵੇਜ਼ੀ ਦਰਸਾਉਂਦੀ ਹੈ ਕਿ ਇਨ੍ਹਾਂ ਐਥਲੀਟਾਂ ਲਈ ਗਾਈਡ ਦੌੜਾਕਾਂ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਹੈ ਅਤੇ ਉਨ੍ਹਾਂ ਲਈ ਸਰੋਤਾਂ ਦੀ ਕਿਵੇਂ ਘਾਟ ਹੈ।
ਇਸ ਦੇ ਨਾਲ ਹੀ, ਵਿਸ਼ੇਸ਼ ਕਵਰੇਜ ਮਹਾਰਾਸ਼ਟਰ ਦੀਆਂ ਉਨ੍ਹਾਂ ਕੁੜੀਆਂ ਦੀ ਪ੍ਰੇਰਨਾਦਾਇਕ ਕਹਾਣੀ ਬਾਰੇ ਹੈ, ਜਿਨ੍ਹਾਂ ਨੂੰ ਕਾਲਜ ਅਧਿਆਪਕਾਂ ਦੇ ਇੱਕ ਸਮੂਹ ਦੁਆਰਾ ਕਬੱਡੀ ਚੈਂਪੀਅਨ ਬਣਾਇਆ ਗਿਆ ਸੀ।
ਸਮੇਂ ਦੇ ਨਾਲ, ਭਾਰਤ ਦੇ ਖੇਡ ਸਫ਼ਰ ਲਈ ਸਰਕਾਰੀ ਅਤੇ ਨਿੱਜੀ ਵਿੱਤੀ ਸਹਾਇਤਾ ਵਿੱਚ ਵਾਧਾ ਹੋਇਆ ਹੈ।
ਇਹ ਕੌਮਾਂਤਰੀ ਮੁਕਾਬਲਿਆਂ ਵਿੱਚ ਜਿੱਤੇ ਗਏ ਤਗਮਿਆਂ ਦੀ ਗਿਣਤੀ ਵਿੱਚ ਵਾਧੇ ਤੋਂ ਝਲਕਦਾ ਹੈ।
ਪਰ ਇਸ ਵਿਸ਼ੇ 'ਤੇ ਸਾਡੀ ਵਿਸ਼ੇਸ਼ ਕਵਰੇਜ ਤੋਂ ਇਹ ਵੀ ਪਤਾ ਲੱਗਾ ਕਿ ਔਰਤਾਂ ਨੂੰ ਅਜੇ ਵੀ ਇਸ ਫੰਡ ਵਿੱਚੋਂ ਬਹੁਤ ਘੱਟ ਹਿੱਸਾ ਮਿਲ ਰਿਹਾ ਹੈ।
ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ ਐਵਾਰਡ 2019 ਵਿੱਚ ਮਹਿਲਾ ਐਥਲੀਟਾਂ ਨੂੰ ਸਨਮਾਨਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਇਸ ਦੇ ਨਾਲ ਹੀ, ਇਹ ਉਨ੍ਹਾਂ ਰੁਕਾਵਟਾਂ 'ਤੇ ਚਰਚਾ ਕਰਨ ਲਈ ਕੀਤਾ ਗਿਆ ਸੀ ਜੋ ਉਨ੍ਹਾਂ ਦੇ ਸਾਹਮਣੇ ਚੁਣੌਤੀਆਂ ਵਾਂਗ ਆਉਂਦੀਆਂ ਹਨ ਅਤੇ ਉਨ੍ਹਾਂ ਦੇ ਰਾਹ ਦਾ ਰੋੜਾ ਬਣ ਜਾਂਦੀਆਂ ਹਨ।
ਬੀਬੀਸੀ ਜਿਊਰੀ ਦੁਆਰਾ ਨਾਮਜ਼ਦ ਤਿੰਨ ਹੋਰ ਖਿਡਾਰੀਆਂ ਨੂੰ ਵੀ ਅੱਜ ਰਾਤ ਦੇ ਪੁਰਸਕਾਰ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ।
ਇਸ ਵਿੱਚ, ਇੱਕ ਉੱਭਰ ਦੀ ਹੋਈ ਨੌਜਵਾਨ ਖਿਡਾਰਨ ਨੂੰ ਬੀਬੀਸੀ ਇਮਰਜਿੰਗ ਪਲੇਅਰ ਆਫ ਦਿ ਈਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਜਦਕਿ ਆਪਣੇ ਪੂਰੇ ਕਰੀਅਰ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਇੱਕ ਖਿਡਾਰਨ ਨੂੰ ਬੀਬੀਸੀ ਲਾਈਫਟਾਈਮ ਅਚੀਵਮੈਂਟ ਐਵਾਰਡ ਅਤੇ ਪੈਰਾ-ਸਪੋਰਟਸ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀ ਇੱਕ ਖਿਡਾਰਨ ਨੂੰ ਬੀਬੀਸੀ ਪੈਰਾ ਸਪੋਰਟਸਵੂਮੈਨ ਆਫ ਦਿ ਈਅਰ ਐਵਾਰਡ ਦਿੱਤਾ ਜਾਵੇਗਾ।
ਪੁਰਸਕਾਰ ਸਮਾਗਮ ਬੀਬੀਸੀ ਦੇ ਭਾਰਤੀ ਭਾਸ਼ਾ ਦੇ ਪਲੇਟਫਾਰਮਾਂ ਅਤੇ ਬੀਬੀਸੀ ਸਪੋਰਟਸ ਵੈੱਬਸਾਈਟ 'ਤੇ ਪ੍ਰਸਾਰਿਤ ਕੀਤਾ ਜਾਵੇਗਾ।
ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਬੀਬੀਸੀ ਸਪੋਰਟਸਵੂਮੈਨ ਆਫ ਦਿ ਈਅਰ ਦੇ ਪਹਿਲੇ ਐਡੀਸ਼ਨ ਦੀ ਜੇਤੂ ਬਣੇ ਸਨ। ਇਸ ਸਮਾਗਮ ਦੇ ਮੁੱਖ ਮਹਿਮਾਨ ਤਤਕਾਲੀ ਖੇਡ ਮੰਤਰੀ ਕਿਰਨ ਰਿਜਿਜੂ ਸਨ।
2020 ਦੀ ਜੇਤੂ ਕੋਨੇਰੂ ਹੰਪੀ ਸਨ। 2021 ਅਤੇ 2022 ਵਿੱਚ ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ ਪੁਰਸਕਾਰ ਮੀਰਾਬਾਈ ਚਾਨੂ ਨੂੰ ਦਿੱਤਾ ਗਿਆ।
ਕ੍ਰਿਕਟਰ ਸ਼ਿਫਾਲੀ ਵਰਮਾ ਅਤੇ ਸ਼ੂਟਰ ਮਨੂ ਭਾਕਰ ਨੂੰ ਇਮਰਜਿੰਗ ਪਲੇਅਰ ਆਫ ਦਿ ਈਅਰ ਦਾ ਐਵਾਰਡ ਦਿੱਤਾ ਗਿਆ ਹੈ। ਲਾਈਫਟਾਈਮ ਅਚੀਵਮੈਂਟ ਐਵਾਰਡ ਪੀਟੀ ਊਸ਼ਾ, ਅੰਜੂ ਬੌਬੀ ਜਾਰਜ, ਵੇਟਲਿਫਟਰ ਕਰਨਮ ਮਲੇਸ਼ਵਰੀ ਅਤੇ ਹਾਕੀ ਖਿਡਾਰੀ ਪ੍ਰੀਤਮ ਸਿਵਾਚ ਨੂੰ ਮਿਲਿਆ ਹੈ।
ਬੀਬੀਸੀ ਵਿਭਿੰਨਤਾ ਅਤੇ ਸਮਾਵੇਸ਼ ਲਈ ਵਚਨਬੱਧ ਹੈ। ਬੀਬੀਸੀ ਇੰਡੀਅਨ ਪੈਰਾ-ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਪਿਛਲੇ ਐਡੀਸ਼ਨ 2023 ਵਿੱਚ ਸ਼ੁਰੂ ਕੀਤਾ ਗਿਆ ਸੀ।
ਇਸ ਪੁਰਸਕਾਰ ਦੀ ਪਹਿਲੀ ਜੇਤੂ ਟੇਬਲ ਟੈਨਿਸ ਖਿਡਾਰਨ ਭਾਵਿਨਾ ਪਟੇਲ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













