ਮਨੂ ਭਾਕਰ ਬਣੇ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ 2024 ਦੇ ਜੇਤੂ

ਮਨੂ ਭਾਕਰ

ਦੁਨੀਆਂ ਭਰ ਵਿੱਚੋਂ ਮਿਲੀਆਂ ਵੋਟਾਂ ਦੇ ਅਧਾਰ ਉੱਤੇ ਓਲੰਪੀਅਨ ਮਨੂ ਭਾਕਰ ਨੂੰ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ ਦੀ ਜੇਤੂ ਐਲਾਨਿਆ ਗਿਆ ਹੈ।

ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ ਅਤੇ ਭਾਰਤੀ ਮੁੱਕੇਬਾਜ਼ ਮੈਰੀਕਾਮ ਨੇ ਦਿੱਲੀ ਵਿੱਚ ਹੋਏ ਇੱਕ ਸਮਾਰੋਹ ਵਿੱਚ ਮਨੂ ਭਾਕਰ ਨੂੰ ਇਹ ਪੁਰਸਕਾਰ ਦਿੱਤਾ।

ਐਵਾਰਡ ਮਿਲਣ ਤੋਂ ਬਾਅਦ, ਮਨੂ ਭਾਕਰ ਨੇ ਕਿਹਾ, "ਬੀਬੀਸੀ ਦਾ ਇਸ ਪੁਰਸਕਾਰ ਲਈ ਧੰਨਵਾਦ। ਇਹ ਉਤਰਾਅ-ਚੜ੍ਹਾਅ ਦਾ ਸਫ਼ਰ ਰਿਹਾ ਹੈ। ਮੈਂ ਬਹੁਤ ਸਾਰੇ ਮੈਚ ਜਿੱਤੇ ਹਨ, ਪਰ ਤੁਹਾਡੇ ਸਾਹਮਣੇ ਇੱਥੇ ਖੜ੍ਹਾ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ।"

ਉਨ੍ਹਾਂ ਨੇ ਕਿਹਾ, "ਮੈਨੂੰ ਆਸ ਹੈ ਕਿ ਇਸ ਨਾਲ ਨਾ ਸਿਰਫ਼ ਦੇਸ਼ ਦੀਆਂ ਔਰਤਾਂ ਨੂੰ, ਸਗੋਂ ਖਿਡਾਰੀਆਂ ਨੂੰ ਵੀ ਪ੍ਰੇਰਨਾ ਮਿਲੇਗੀ, ਜਿਨ੍ਹਾਂ ਦੇ ਸੁਪਨੇ ਕੁਝ ਵੱਡਾ ਕਰਨ ਦੇ ਹਨ।"

ਮਨੂ ਭਾਕਰ

ਮਨੂ ਭਾਕਰ ਇੱਕ ਓਲੰਪਿਕ ਖੇਡਾਂ ਦੌਰਾਨ ਦੋ ਤਗਮੇ ਜਿੱਤਣ ਦੀ ਇਤਿਹਾਸਕ ਪ੍ਰਾਪਤੀ ਲਈ ਜਾਣੇ ਜਾਂਦੇ ਹਨ।

ਇਹ ਕਾਰਨਾਮਾ ਉਨ੍ਹਾਂ ਪੈਰਿਸ ਓਲੰਪਿਕ 2024 ਦੌਰਾਨ ਦਿਖਾਇਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਨੂ ਭਾਕਰ ਨੂੰ ਸਾਲ 2021 ਵਿੱਚ ਬੀਬੀਸੀ ਦੀ ਉੱਭਰਦੀ ਖਿਡਾਰਨ ਐਲਾਨਿਆ ਗਿਆ ਸੀ।

ਅਵਨੀ ਲੇਖਰਾ ਨੂੰ ਮਿਲਿਆ ਪੈਰਾ-ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ

ਅਵਨੀ ਲੇਖਰਾ

ਅਵਨੀ ਲੇਖਰਾ ਨੂੰ ਪੈਰਾ-ਨਿਸ਼ਾਨੇਬਾਜ਼ੀ ਵਿੱਚ ਪ੍ਰਾਪਤੀਆਂ ਲਈ ਬੀਬੀਸੀ ਪੈਰਾ-ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਉਹ ਪੈਰਾਓਲੰਪਿਕਸ ਵਿੱਚ ਤਿੰਨ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰਨ ਹਨ।

ਉਨ੍ਹਾਂ ਨੇ ਟੋਕੀਓ ਓਲੰਪਿਕ 2020 ਵਿੱਚ ਸੋਨ ਅਤੇ ਕਾਂਸੇ ਦਾ ਤਗਮਾ ਜਿੱਤਿਆ ਸੀ ਜਦਕਿ ਪੈਰਿਸ 2024 ਵਿੱਚ ਸੋਨ ਤਗਮੇ ਜਿੱਤੇ ਹਨ।

ਸ਼ੀਤਲ ਦੇਵੀ

ਬੀਬੀਸੀ ਇਮਰਜਿੰਗ ਪਲੇਅਰ ਐਵਾਰਡ 18 ਸਾਲਾ ਪੈਰਾਓਲੰਪਿਕ ਮੈਡਲ ਜੇਤੂ ਤੀਰ-ਅੰਦਾਜ਼ ਸ਼ੀਤਲ ਦੇਵੀ ਨੂੰ ਦਿੱਤਾ ਗਿਆ ਹੈ।

ਇਹ ਐਵਾਰਡ ਉਨ੍ਹਾਂ ਨੂੰ ਭਾਰਤ ਦੀ ਸਭ ਤੋਂ ਘੱਟ ਉਮਰ ਦੀ ਪੈਰਾਓਲੰਪਿਕ ਤਗਮਾ ਜੇਤੂ ਵਜੋਂ ਇਤਿਹਾਸਕ ਉਪਲਬਧੀ ਹਾਸਿਲ ਕਰਨ ਲਈ ਦਿੱਤਾ ਗਿਆ ਹੈ।

ਮਿਥਾਲੀ ਰਾਜ ਨੂੰ ਮਿਲਿਆ ਲਾਈਫ਼ ਟਾਈਮ ਅਚੀਵਮੈਂਟ ਐਵਾਰਡ

ਮਿਥਾਲੀ ਰਾਜ

ਮਿਥਾਲੀ ਰਾਜ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਉਨ੍ਹਾਂ ਦੀਆਂ 18 ਸਾਲਾਂ ਦੀਆਂ ਪ੍ਰਾਪਤੀਆਂ ਲਈ ਬੀਬੀਸੀ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ਼ ਸਨਮਾਨਿਤ ਕੀਤਾ ਗਿਆ ਹੈ।

ਐਵਾਰਡ ਮਿਲਣ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਿਥਾਲੀ ਰਾਜ ਨੇ ਕਿਹਾ, "ਬੀਬੀਸੀ ਅਤੇ ਜਿਊਰੀ ਨੂੰ ਮੈਨੂੰ ਬੀਬੀਸੀ ਲਾਈਫਟਾਈਮ ਅਚੀਵਮੈਂਟ ਐਵਾਰਡ ਦੇਣ ਲਈ ਸ਼ੁਕਰੀਆ। ਮੈਨੂੰ ਆਸ ਹੈ ਕਿ ਇਹ ਪੁਰਸਕਾਰ ਬਹੁਤ ਸਾਰੀਆਂ ਕੁੜੀਆਂ ਨੂੰ ਇਸ ਖ਼ੂਬਸੂਰਤ ਖੇਡ ਨੂੰ ਅਪਣਾਉਣ ਲਈ ਪ੍ਰੇਰਿਤ ਕਰੇਗਾ।"

ਤਾਨੀਆ ਸਚਦੇਵ
ਤਸਵੀਰ ਕੈਪਸ਼ਨ, ਤਾਨੀਆ ਸਚਦੇਵ ਬਣੇ ਚੇਂਜਮੇਕਰ ਆਫ ਦਿ ਈਅਰ

ਇਸ ਤੋਂ ਇਲਾਵਾ ਸ਼ਤਰੰਜ ਖਿਡਾਰਨ ਤਾਨੀਆ ਸਚਦੇਵ ਅਤੇ ਖੋ-ਖੋ ਖੇਡ ਵਿੱਚ ਭਾਰਤ ਦੀ ਅਗਵਾਈ ਕਰਨ ਵਾਲੀ ਨਸਰੀਨ ਸ਼ੇਖ਼ ਨੂੰ ਬੀਬੀਸੀ ਚੇਂਜਮੇਕਰ ਆਫ਼ ਦਿ ਈਅਰ 2024 ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਪ੍ਰੀਤੀ ਪਾਲ ਨੂੰ ਬੀਬੀਸੀ ਸਟਾਰ ਪਰਫਾਰਮਰ ਆਫ ਦਿ ਈਅਰ 2024 ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਦੌੜਾਕ ਪ੍ਰੀਤੀ ਪਾਲ ਉੱਤਰ ਪ੍ਰਦੇਸ਼ ਦੇ ਮੇਰਠ ਦੀ ਰਹਿਣ ਵਾਲੇ ਹਨ। ਉਨ੍ਹਾਂ ਨੇ ਪੈਰਿਸ ਪੈਰਾਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ।

ਰਾਸ਼ਟਰਤਪੀ ਦ੍ਰੌਪਦੀ ਮੁਰਮੂ ਨੇ ਜੇਤੂਆਂ ਨੂੰ ਦਿੱਤੀ ਵਧਾਈ

ਰਾਸ਼ਟਰਤਪੀ ਦ੍ਰੌਪਦੀ ਮੁਰਮੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 'ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ' ਦੇ ਆਯੋਜਨ ਲਈ ਵਧਾਈ ਦਿੱਤੀ

ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ, "ਮੈਂ ਬੀਬੀਸੀ ਸਪੋਰਸਟਵੂਮੈਨ ਆਫ਼ ਦਿ ਈਅਰ ਐਵਾਡਰ ਦੇਣ ਦੀ ਸ਼ਲਾਘਾਯੋਗ ਪਹਿਲ ਲਈ ਬੀਬੀਸੀ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦੀ ਹਾਂ।"

"ਜਿਨ੍ਹਾਂ ਅਦਭੁਤ ਖਿਡਾਰਨਾਂ ਦੀ ਖੇਡ ਨੂੰ ਇਸ ਸਨਮਾਨ ਨਾਲ ਮਾਨਤਾ ਦਿੱਤੀ ਗਈ ਹੈ, ਉਨ੍ਹਾਂ ਨਾ ਸਿਰਫ਼ ਖੇਡਾਂ ਵਿੱਚ ਕਮਾਲ ਦਿਖਾਇਆ ਸਗੋਂ ਉਨ੍ਹਾਂ ਨੇ ਹੋਰ ਵੀ ਨੌਜਵਾਨ ਕੁੜੀਆਂ ਨੂੰ ਆਪਣੇ ਸੁਫ਼ਨਿਆਂ ਲਈ ਨਿਡਰਤਾ ਨਾਲ ਕੰਮ ਕਰਨ ਵੱਲ ਪ੍ਰੇਰਿਤ ਵੀ ਕੀਤਾ ਹੈ।"

ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ ਨੇ ਕੀਤੀ ਮੇਜ਼ਬਾਨੀ

ਟਿਮ ਡੇਵੀ

ਦਿੱਲੀ ਵਿੱਚ ਐਵਾਰਡ ਵੰਡ ਸਮਾਗਮ ਦੇ ਮੇਜ਼ਬਾਨ ਬੀਬੀਸੀ ਦੇ ਮਹਾਂ ਨਿਰਦੇਸ਼ਕ ਟਿਮ ਡੇਵੀ ਨੇ ਕਿਹਾ, "ਮਨੂ ਭਾਕਰ ਦੀ ਓਲੰਪਿਕ ਵਿੱਚ ਕਾਰਗੁਜ਼ਾਰੀ ਭਾਰਤੀ ਖੇਡਾਂ ਲਈ ਅਹਿਮ ਹੈ। ਇੱਕ ਸੰਭਾਵਨਾ ਭਰਭੂਰ ਸ਼ੁਰੂਆਤੀ ਨਿਸ਼ਾਨੇਬਾਜ਼ ਤੋਂ ਲੈ ਕੇ ਰਿਕਾਰਡ ਤੋੜ ਓਲੰਪੀਅਨ ਤੱਕ ਉਨ੍ਹਾਂ ਨੇ ਦੇਸ਼ ਅਤੇ ਵਿਦੇਸ਼ ਵਿੱਚ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ।"

"ਅਸੀਂ ਅਵਨੀ ਲੇਖਰਾ ਨੂੰ ਬੀਬੀਸੀ ਪੈਰਾ-ਸਪੋਰਟਸ ਵੂਮੈਨ ਆਫ਼ ਦਿ ਈਅਰ ਵਜੋਂ ਸਨਮਾਨਿਤ ਕਰ ਕੇ ਵੀ ਮਾਣ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਦੀ ਮੁਸ਼ਕਲਾਂ ਦੇ ਸਨਮੁੱਖ ਖੜ੍ਹੇ ਰਹਿਣ ਦੀ ਸਮਰੱਥਾ ਅਤੇ ਰਿਕਾਰਡਤੋੜ ਸਫ਼ਲਤਾ ਪੈਰਾ ਖੇਡਾਂ ਨੂੰ ਹੋਰ ਸਮਾਵੇਸ਼ੀ ਬਣਾਉਣ ਦਾ ਰਾਹ ਪੱਧਰਾ ਕਰ ਰਹੀ ਹੈ।"

"ਬੀਬੀਸੀ ਦੀ ਭਾਰਤੀ ਦਰਸ਼ਕਾਂ ਤੇ ਸਰੋਤਿਆਂ ਨਾਲ ਵਚਨਬੱਧਤਾ ਸਾਡੇ ਰਿਸ਼ਤੇ ਨੂੰ ਖ਼ਾਸ ਬਣਾਉਂਦੀ ਹੈ ਅਤੇ ਅਸੀਂ ਇਨ੍ਹਾਂ ਅਦਭੁਤ ਭਾਰਤੀ ਖਿਡਾਰਨਾਂ ਦੀਆਂ ਪ੍ਰਾਪਤੀਆਂ ਦੇ ਜਸ਼ਨ ਵਿੱਚ ਮਾਣ ਮਹਿਸੂਸ ਕਰਦੇ ਹਾਂ।"

ਕਲੈਕਟਿਵ ਨਿਊਜ਼ਰੂਮ ਦੀ ਸੀਈਓ ਰੂਪਾ ਝਾਅ ਨੇ ਕੀ ਸੁਨੇਹਾ ਕਿਹਾ

ਰੂਪਾ ਝਾਅ

ਬੀਬੀਸੀ ਸਪੋਰਟਸ ਵੂਮੈਨ ਆਫ ਦਿ ਈਅਰ ਦੇ ਪੰਜਵੇਂ ਐਡੀਸ਼ਨ ਦਾ ਸਮੁੱਚਾ ਬੰਦੋਬਸਤ ਕਲੈਕਟਿਵ ਨਿਊਜ਼ਰੂਮ ਨੇ ਕੀਤਾ ਹੈ।

ਕਲੈਕਟਿਵ ਨਿਊਜ਼ਰੂਮ ਦੇ ਸੀਈਓ ਰੂਪਾ ਝਾਅ ਦਾ ਕਹਿਣਾ ਹੈ, "ਮੈਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਖੇਡਾਂ ਵਿੱਚ ਇਹ ਐਵਾਰਡ ਭਾਰਤੀ ਔਰਤਾਂ ਲਈ ਪ੍ਰਭਾਵਸ਼ਾਲੀ ਅਸਰ ਦਿਖਾ ਰਹੇ ਹਨ, ਮੈਂ ਇਸ ਤੋਂ ਹੈਰਾਨ ਹਾਂ।"

"ਇਹ ਐਵਾਰਡ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਵਡਿਆ ਰਹੇ ਹਨ, ਰੁਕਾਵਟਾਂ ਨੂੰ ਤੋੜ ਰਹੇ ਹਨ ਅਤੇ ਅਗਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰ ਰਹੇ ਹਨ। ਇਹ ਐਵਾਰਡ ਸਿਰਫ਼ ਇੱਕ ਪਛਾਣ ਦੇਣ ਤੱਕ ਸੀਮਤ ਨਹੀਂ ਹਨ ਸਗੋਂ ਇਹ ਭਾਰਤ ਦੇ ਖੇਡ ਖੇਤਰ ਉੱਤੇ ਇੱਕ ਸਥਾਈ ਅਸਰ ਪਾ ਰਹੇ ਹਨ।"

ਇਸ ਸਾਲ ਦਾ ਥੀਮ ਚੈਂਪੀਅਨਾਂ ਦੇ ਚੈਂਪੀਅਨ ਉਨ੍ਹਾਂ ਅਣਗੌਲੇ ਨਾਇਕਾਂ ਦੀ ਕਹਾਣੀ ਕਹਿੰਦਾ ਹੈ ਜਿਨ੍ਹਾਂ ਨੇ ਮੈਡਲ ਜੇਤੂ ਖਿਡਾਰੀਆਂ ਦਾ ਸਾਥ ਦੇ ਕੇ ਪੋਡੀਅਮ ਤੱਕ ਪਹੁੰਚਾਇਆ। ਜੋਤਹੀਣ ਦੌੜਾਕਾਂ ਅਤੇ ਉਨ੍ਹਾਂ ਦੇ ਗਾਈਡ ਰਨਰਾਂ ਬਾਰੇ ਇੱਕ ਵਿਸ਼ੇਸ਼ ਦਸਤਾਵੇਜ਼ੀ ਫਿਲਮ ਬੀਬੀਸੀ ਦੀਆਂ ਛੇ ਭਾਰਤੀ ਭਾਸ਼ਾਵਾਂ ਤੋਂ ਇਲਾਵਾ ਅੰਗਰੇਜ਼ੀ ਵਿੱਚ ਵੀ ਉਪਲੱਬਧ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਕੇਂਦਰੀ ਖੇਡ ਰਾਜ ਮੰਤਰੀ ਦਾ ਖਿਡਾਰਨਾਂ ਲਈ ਸੁਨੇਹਾ

ਕੇਂਦਰੀ ਖੇਡ ਰਾਜ ਮੰਤਰੀ ਰਕਸ਼ਾ ਖੜਸੇ ਨੇ ਕਿਹਾ, "ਸਾਡੀਆਂ ਮਹਿਲਾ ਖਿਡਾਰੀਆਂ ਨੂੰ ਬੀਬੀਸੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਪਰ ਇਹ ਸਿਰਫ਼ ਇੱਕ ਪੁਰਸਕਾਰ ਨਹੀਂ ਹੈ। ਇਹ ਇੱਥੇ ਅਤੇ ਦੁਨੀਆ ਭਰ ਦੀਆਂ ਬਹੁਤ ਸਾਰੀਆਂ ਔਰਤਾਂ ਲਈ ਅੱਗੇ ਆਉਣ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਇੱਕ ਨਵਾਂ ਮੌਕਾ ਹੈ।"

"ਜਿਵੇਂ ਕਿ ਅਸੀਂ ਖੇਡਾਂ ਵਿੱਚ ਨਵੀਆਂ ਨੀਤੀਆਂ ਬਣਾ ਰਹੇ ਹਾਂ, ਅਸੀਂ ਹੋਰ ਮਹਿਲਾ ਕੋਚ ਪ੍ਰਦਾਨ ਕਰਨਾ ਚਾਹੁੰਦੇ ਹਾਂ। ਇਸ ਨਾਲ ਮਹਿਲਾ ਖਿਡਾਰੀਆਂ ਨੂੰ ਹੋਰ ਸਹੂਲਤਾਂ ਮਿਲਣਗੀਆਂ। ਇਹ ਉੱਭਰ ਰਹੇ ਖਿਡਾਰੀਆਂ ਨੂੰ ਪੇਸ਼ੇਵਰ ਖੇਡਾਂ ਵਿੱਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕਰੇਗਾ।"

ਮਨੂ ਭਾਕਰ ਦਾ ਸਫ਼ਰ

ਮਨੂ ਭਾਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਨੂ ਨੇ 2024 ਪੈਰਿਸ ਓਲੰਪਿਕ ਵਿੱਚ ਜ਼ਬਰਦਸਤ ਵਾਪਸੀ ਕੀਤੀ

ਪ੍ਰੋਫੈਸ਼ਨਲ ਸ਼ੂਟਿੰਗ ਵਿੱਚ ਆਉਣ ਤੋਂ ਦੋ ਸਾਲ ਬਾਅਦ ਹੀ ਮਨੂ ਨੇ ਭਾਰਤ ਸੀਨੀਅਰ ਟੀਮ ਲਈ ਡੇਬਿਊ ਕੀਤਾ ਅਤੇ 2018 ਵਿੱਚ ਉਹ ਕਾਮਨਵੈਲਥ ਗੇਮਸ ਵਿੱਚ ਪਹੁੰਚੇ।

ਉਨ੍ਹਾਂ ਨੇ ਕਾਮਨਵੈਲਥ ਗੇਮਸ ਵਿੱਚ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਗੋਲਡ ਮੈਡਲ ਜਿੱਤਿਆ।

ਮਨੂ ਭਾਕਰ ਨੇ 2021 ਤੱਕ ਸ਼ੂਟਿੰਗ ਦੇ ਕਈ ਵਰਲਡ ਕਪ ਈਵੈਂਟ 9 ਗੋਲਡ ਅਤੇ ਦੋ ਸਿਲਵਰ ਮੈਡਲ ਹਾਸਿਲ ਕੀਤੇ ਹਨ।

ਪਰ ਟੋਕਿਓ ਵਿੱਚ ਮਨੂ ਜਿਨ੍ਹਾਂ ਤਿੰਨਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਸਨ ਉਨ੍ਹਾਂ ਦੇ ਕੁਆਲੀਫਾਈ ਰਾਊਂਡ ਵੀ ਪਾਰ ਨਹੀਂ ਕਰ ਸਕੇ।

ਇਸ ਤੋਂ ਬਾਅਦ ਆਲੋਚਨਾ ਹੋਈ ਪਰ ਮਨੂ ਨੇ ਪਹਿਲਾ ਤੋਂ ਕਿਤੇ ਜ਼ਿਆਦਾ ਮਜ਼ਬੂਤੀ ਨਾਲ ਵਾਪਸੀ ਕੀਤੀ।

2024 ਪੈਰਿਸ ਓਲੰਪਿਕ ਵਿੱਚ ਇਤਿਹਾਸ ਰਚਦਿਆਂ ਹੋਇਆਂ ਮਨੂ ਭਾਕਰ ਨੇ ਸ਼ੂਟਿੰਗ ਵਿੱਚ ਦੋ ਕਾਂਸੇ ਦੇ ਮੈਡਲ ਜਿੱਤੇ ਅਤੇ ਉਹ ਇੱਕ ਓਲੰਪਿਕ ਵਿੱਚ ਦੋ ਮੈਡਲ ਜਿੱਤਣ ਵਾਲੇ ਪਹਿਲੇ ਭਾਰਤ ਖਿਡਾਰਨ ਬਣ ਗਏ।

ਅਵਨੀ ਲੇਖਰਾ: ਹਾਦਸੇ ਤੋਂ ਗੋਲਡ ਮੈਡਲ ਤੱਕ

ਅਵਨੀ ਲੇਖਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਦਸੇ ਤੋਂ ਬਾਅਦ, ਅਵਨੀ ਨੂੰ ਸਭ ਕੁਝ ਨਵੇਂ ਸਿਰੇ ਤੋਂ ਸਿੱਖਣਾ ਪਿਆ

2012 ਵਿੱਚ ਅਵਨੀ ਲੇਖਰਾ ਦੇ ਪਰਿਵਾਰ ਦੀ ਕਾਰ ਨਾਲ ਹਾਦਸਾ ਵਾਪਰਿਆ ਸੀ। ਹਾਦਸੇ ਕਾਰਨ ਅਵਨੀ ਦੀ ਰੀੜ੍ਹ ਦੀ ਹੱਡੀ ਵਿੱਚ ਸੱਟ ਲੱਗ ਗਈ ਅਤੇ ਉਨ੍ਹਾਂ ਦੀ ਕਮਰ ਤੋਂ ਹੇਠਲਾ ਹਿੱਸਾ ਪੈਰਾਲਾਈਜ਼ਡ ਹੋ ਗਿਆ।

ਇਸ ਹਾਦਸੇ ਤੋਂ ਬਾਅਦ, ਅਵਨੀ ਨੂੰ ਸਭ ਕੁਝ ਨਵੇਂ ਸਿਰੇ ਤੋਂ ਸਿੱਖਣਾ ਪਿਆ, ਜਿਸ ਵਿੱਚ ਬੈਠਣ ਦਾ ਤਰੀਕਾ ਵੀ ਸ਼ਾਮਲ ਸੀ।

2015 ਵਿੱਚ, ਅਵਨੀ ਦੇ ਪਿਤਾ ਨੇ ਉਨ੍ਹਾਂ ਨੂੰ ਘਰੋਂ ਬਾਹਰ ਭੇਜਣ ਲਈ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।

ਅਵਨੀ ਨੇ ਤੈਰਾਕੀ, ਤੀਰਅੰਦਾਜ਼ੀ ਅਤੇ ਐਥਲੈਟਿਕਸ ਵਿੱਚ ਹੱਥ ਅਜ਼ਮਾਇਆ ਪਰ ਉਨ੍ਹਾਂ ਨੂੰ ਸ਼ੂਟਿੰਗ ਵਿੱਚ ਆਪਣਾ ਉਦੇਸ਼ ਮਿਲਿਆ।

2017 ਵਿੱਚ ਅਵਨੀ ਨੇ ਆਪਣਾ ਪਹਿਲਾ ਕੌਮਾਂਤਰੀ ਤਗਮਾ ਜਿੱਤਿਆ ਜਦੋਂ ਉਹ 2017 ਵਿਸ਼ਵ ਸ਼ੂਟਿੰਗ ਪੈਰਾ ਸਪੋਰਟ ਵਿਸ਼ਵ ਕੱਪ ਵਿੱਚ 10 ਮੀਟਰ ਏਅਰ ਰਾਈਫਲ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਿੱਚ ਕਾਮਯਾਬ ਰਹੇ।

ਇਸ ਤੋਂ ਬਾਅਦ ਅਵਨੀ ਨੇ ਸੋਨ ਤਗਮਾ ਜਿੱਤਣ ਦਾ ਸੁਪਨਾ ਦੇਖਿਆ ਅਤੇ ਉਨ੍ਹਾਂ ਨੇ ਟੋਕੀਓ ਪੈਰਾਲੰਪਿਕ ਵਿੱਚ ਇਸ ਨੂੰ ਪੂਰਾ ਕੀਤਾ। ਸੋਨੇ ਤੋਂ ਇਲਾਵਾ, ਉਹ ਟੋਕੀਓ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਿੱਚ ਵੀ ਕਾਮਯਾਬ ਰਹੇ।

ਆਪਣੀ ਸਫ਼ਲਤਾ ਦੀ ਯਾਤਰਾ ਜਾਰੀ ਰੱਖਦੇ ਹੋਏ, ਉਨ੍ਹਾਂ ਨੇ ਪੈਰਿਸ ਪੈਰਾਲੰਪਿਕ ਵਿੱਚ ਵੀ ਸੋਨ ਤਗਮਾ ਜਿੱਤਿਆ।

ਸ਼ੀਤਲ ਦੇਵੀ ਅਤੇ ਮਿਥਾਲੀ ਰਾਜ ਦੀਆਂ ਉਪਲਬਧੀਆਂ

ਸ਼ੀਤਲ ਦੇਵੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੀਤਲ ਫੋਕੋਮੇਲੀਆ ਨਾਮਕ ਇੱਕ ਬਹੁਤ ਹੀ ਦੁਰਲੱਭ ਬਿਮਾਰੀ ਨਾਲ ਪੈਦਾ ਹੋਏ ਸਨ

ਬੀਬੀਸੀ ਇਮਰਜਿੰਗ ਪਲੇਅਰ ਐਵਾਰਡ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਪੈਰਾਲੰਪਿਕ ਮੈਡਲ ਜੇਤੂ ਤੀਰ-ਅੰਦਾਜ਼ 18 ਸਾਲਾ ਸ਼ੀਤਲ ਦੇਵੀ ਨੂੰ ਦਿੱਤਾ ਗਿਆ ਹੈ।

ਸਿਰਫ਼ ਤਿੰਨ ਸਾਲਾਂ ਵਿੱਚ ਉਨ੍ਹਾਂ ਨੇ 2024 ਦੀਆਂ ਪੈਰਾਲੰਪਿਕ ਖੇਡਾਂ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਹੈ, 2022 ਦੀਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ। ਵਿਸ਼ਵ ਤੀਰ ਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਵੀ ਉਨ੍ਹਾਂ ਇੱਕ ਚਾਂਦੀ ਦਾ ਤਮਗਾ ਜਿੱਤਿਆ ਹੈ।

ਜੰਮੂ ਦੀ ਸ਼ੀਤਲ ਫੋਕੋਮੇਲੀਆ ਨਾਮ ਦੀ ਇੱਕ ਬਹੁਤ ਹੀ ਦੁਰਲੱਭ ਬਿਮਾਰੀ ਨਾਲ ਪੈਦਾ ਹੋਏ ਸਨ।

ਇਸ ਨਾਲ ਉਹ ਬਿਨਾਂ ਬਾਂਹ ਵਾਲੀ ਮੁਕਾਬਲਾ ਕਰਨ ਵਾਲੇ ਦੁਨੀਆਂ ਦੀ ਪਹਿਲੀ ਅਤੇ ਇਕਲੌਤੀ ਸਰਗਰਮ ਮਹਿਲਾ ਤੀਰਅੰਦਾਜ਼ ਬਣ ਗਏ ਹਨ।

ਸ਼ੀਤਲ ਦੇਵੀ ਕੁਰਸੀ 'ਤੇ ਬੈਠ ਕੇ, ਆਪਣੀ ਸੱਜੀ ਲੱਤ ਨਾਲ ਕਮਾਨ ਚੁੱਕਦੇ ਹਨ ਅਤੇ ਆਪਣੇ ਸੱਜੇ ਮੋਢੇ ਦੀ ਵਰਤੋਂ ਕਰਕੇ ਰੱਸੀ ਨੂੰ ਪਿੱਛੇ ਖਿੱਚਦੇ ਹਨ। ਇਸ ਤੋਂ ਬਾਅਦ, ਉਹ ਆਪਣੇ ਜਬਾੜਿਆਂ ਦੀ ਤਾਕਤ ਦੀ ਵਰਤੋਂ ਕਰਕੇ ਤੀਰ ਛੱਡਦੇ ਹਨ।

ਮਿਥਾਲੀ ਰਾਜ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਉਨ੍ਹਾਂ ਦੀਆਂ 18 ਸਾਲਾਂ ਦੀਆਂ ਪ੍ਰਾਪਤੀਆਂ ਲਈ ਬੀਬੀਸੀ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ਼ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਲੰਬਾ ਖੇਡ ਜੀਵਨ ਹੈ।

ਮਿਥਾਲੀ ਰਾਜ ਨੇ ਮਹਿਜ਼ 16 ਸਾਲ ਦੀ ਉਮਰ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਆਪਣਾ ਡੈਬਿਊ ਕੀਤਾ ਸੀ। ਮਹਿਲਾ ਵਨਡੇ ਕ੍ਰਿਕਟ ਵਿੱਚ ਮਿਥਾਲੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਹਨ।

ਆਪਣੇ 23 ਸਾਲਾਂ ਦੇ ਲੰਬੇ ਕਰੀਅਰ ਦੌਰਾਨ, ਮਿਥਾਲੀ ਨੇ 50 ਤੋਂ ਵੱਧ ਦੀ ਔਸਤ ਨਾਲ 7,805 ਦੌੜਾਂ ਬਣਾਈਆਂ ਹਨ।

ਮਿਥਾਲੀ ਨੇ 7 ਸੈਂਕੜੇ ਅਤੇ 64 ਅਰਧ ਸੈਂਕੜੇ ਲਗਾਏ ਹਨ। ਮਿਥਾਲੀ ਦੇ ਨਾਂ ਮਹਿਲਾ ਵਨਡੇ ਕ੍ਰਿਕਟ ਵਿੱਚ ਸਭ ਤੋਂ ਵੱਧ ਅਰਧ ਸੈਂਕੜੇ ਹਨ।

2002 ਵਿੱਚ, ਮਿਥਾਲੀ ਨੇ ਇੰਗਲੈਂਡ ਵਿਰੁੱਧ 214 ਦੌੜਾਂ ਬਣਾਈਆਂ ਅਤੇ ਟੈਸਟ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੇ। ਇਹ ਰਿਕਾਰਡ 2024 ਤੱਕ ਮਿਥਾਲੀ ਦੇ ਨਾਮ ਰਿਹਾ।

2024 ਵਿੱਚ, ਸ਼ਿਫਾਲੀ ਵਰਮਾ ਨੇ ਦੋਹਰਾ ਸੈਂਕੜਾ ਲਗਾ ਕੇ ਇਸ ਰਿਕਾਰਡ ਦੀ ਬਰਾਬਰੀ ਕੀਤੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਕਲੈਕਟਿਵ ਨਿਊਜ਼ਰੂਮ ਬਾਰੇ

ਕਲੈਕਟਿਵ ਨਿਊਜ਼ਰੂਮ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਦਾ ਪੇਸ਼ਕਾਰ ਅਤੇ ਪ੍ਰਬੰਧਕ ਹੈ। ਇਸ ਦੀ ਸ਼ੁਰੂਆਤ ਅਪ੍ਰੈਲ 2024 ਵਿੱਚ ਭਾਰਤੀ ਮਾਲਕੀ ਵਾਲੀ ਇੱਕ ਅਜ਼ਾਦ ਮੀਡੀਆ ਕੰਪਨੀ ਵਜੋਂ ਭਾਰਤ ਵਿੱਚੋਂ ਸਭ ਤੋਂ ਭਰੋਸੇਮੰਦ, ਸਿਰਜਣਾਤਮਕ ਅਤੇ ਸਾਹਸੀ ਪੱਤਰਕਾਰੀ ਕਰਨ ਦੇ ਮੰਤਵ ਨਾਲ਼ ਕੀਤੀ ਗਈ ਸੀ।

ਕਲੈਕਟਿਵ ਨਿਊਜ਼ਰੂਮ ਬੀਬੀਸੀ ਦੀਆਂ ਛੇ ਭਾਰਤੀ ਭਾਸ਼ਾਵਾਂ ਲਈ ਅਤੇ ਬੀਬੀਸੀ ਨਿਊਜ਼ ਇੰਡੀਆ ਦੇ ਯੂਟਿਊਬ ਚੈਨਲ ਲਈ ਅੰਗੇਰਜ਼ੀ ਵਿੱਚ ਸਮੱਗਰੀ ਤਿਆਰ ਕਰਦਾ ਹੈ।

ਬੀਬੀਸੀ ਵਰਲਡ ਸਰਵਿਸ ਬਾਰੇ

ਬੀਬੀਸੀ ਦੁਨੀਆਂ ਦਾ ਸਭ ਤੋਂ ਵੱਧ ਭਰੋਸਾ ਕੀਤਾ ਜਾਣ ਵਾਲਾ ਖ਼ਬਰਾਂ ਦਾ ਪ੍ਰਸਾਰਕ ਹੈ। ਜੋ ਪੂਰੀ ਦੁਨੀਆਂ ਵਿੱਚ ਸਰੋਤਿਆਂ ਅਤੇ ਦਰਸ਼ਕਾਂ ਨੂੰ ਸਟੀਕ, ਨਿਰਪੱਖ ਅਤੇ ਸੁਤੰਤਰ ਖ਼ਬਰਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਬੀਬੀਸੀ ਵਰਲਡ ਸਰਵਿਸ ਬੀਬੀਸੀ ਦਾ ਕੌਮਾਂਤਰੀ ਪ੍ਰਸਾਰਕ ਹੈ, ਜੋ ਰੇਡੀਓ, ਟੀਵੀ ਅਤੇ ਡਿਜੀਟਲ ਮਾਧਿਅਮਾਂ ਰਾਹੀਂ ਕਈ ਕਿਸਮ ਦੇ ਪ੍ਰੋਗਰਾਮ ਪੇਸ਼ ਕਰਦਾ ਹੈ। ਬੀਬੀਸੀ ਹਰ ਹਫ਼ਤੇ ਦੁਨੀਆਂ ਭਰ ਵਿੱਚ 320 ਮਿਲੀਅਨ ਦਰਸ਼ਕਾਂ ਤੇ ਸਰੋਤਿਆਂ ਤੱਕ ਪਹੁੰਚ ਕਰਦਾ (ਬੀਬੀਸੀ ਗਲੋਬਲ ਆਡੀਐਂਸ ਮੰਯਅਰ 2024) ਹੈ ਅਤੇ 42 ਭਾਸ਼ਾਵਾਂ ਵਿੱਚ ਕੰਮ ਕਰਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)