ਅਮਰੀਕਾ ਤੋਂ ਡਿਪੋਰਟ ਹੋਏ ਗੁਰਦਾਸਪੁਰ ਦੇ ਦੋ ਭਰਾਵਾਂ ਵਿੱਚੋਂ ਇੱਕ ਦਾ ਮਾਨਸਿਕ ਸੰਤੁਲਨ ਵਿਗੜਿਆ, 'ਸਾਨੂੰ ਬੰਦੂਕ ਦੀ ਨੋਕ ਤੇ ਪੈਦਲ ਤੋਰਿਆ ਜਾਂਦਾ ਸੀ'

ਤਸਵੀਰ ਸਰੋਤ, Gurminder Grewal/BBC
ਅਮਰੀਕਾ ਤੋਂ ਦੇਸ ਨਿਕਾਲਾ ਦਿੱਤੇ ਗਏ ਗੈਰ-ਕਾਨੂੰਨੀ ਪਰਵਾਸੀ ਭਾਰਤੀਆਂ ਨੂੰ ਲੈ ਕੇ ਤੀਜਾ ਜਹਾਜ਼ ਐਤਵਾਰ ਰਾਤ ਭਾਰਤ ਪਹੁੰਚ ਗਿਆ ਹੈ।
ਇਹ ਤੀਜਾ ਜਹਾਜ਼ ਵੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਾਰਿਆ ਗਿਆ ਅਤੇ ਇਸ ਵਿੱਚ 112 ਭਾਰਤੀ ਮੌਜੂਦ ਸਨ।
ਬੀਤੀ ਰਾਤ ਮੀਡੀਆ ਨਾਲ ਗੱਲਬਾਤ ਦੌਰਾਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਯਾਤਰੀਆਂ ਨੂੰ ਖਾਣੇ, ਦੁੱਧ, ਡਾਇਪਰ ਆਦਿ ਤੋਂ ਲੈ ਕੇ ਹਰ ਜ਼ਰੂਰੀ ਚੀਜ਼ ਉਪਲੱਬਧ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ''ਉਨ੍ਹਾਂ ਨੂੰ ਘਰ ਭੇਜਣ ਦੇ ਪ੍ਰਬੰਧ ਵੀ ਕੀਤੇ ਹੋਏ ਹਨ।''
ਜਹਾਜ਼ ਵਿੱਚ ਕਿੰਨੀਆਂ ਮਹਿਲਾਵਾਂ ਅਤੇ ਬੱਚੇ ਸਨ, ਇਸ ਬਾਰੇ ਉਨ੍ਹਾਂ ਕੋਈ ਵੀ ਜਾਣਕਾਰੀ ਸਾਂਝਾ ਨਹੀਂ ਕੀਤੀ।

ਫਿਲਹਾਲ ਉਨ੍ਹਾਂ ਸਾਰੇ ਲੋਕਾਂ ਨੂੰ ਆਪੋ-ਆਪਣੇ ਘਰਾਂ ਵੱਲ ਭੇਜ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੈਰ ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਦੋ ਅਮਰੀਕੀ ਜਹਾਜ਼ ਭਾਰਤ ਪਹੁੰਚ ਚੁੱਕੇ ਹਨ।
ਇਨ੍ਹਾਂ ਵਿੱਚੋਂ ਪਹਿਲਾ ਜਹਾਜ਼ 5 ਫਰਵਰੀ ਨੂੰ ਅਤੇ ਦੂਸਰਾ, 15 ਫਰਵਰੀ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਸੀ।

ਤਸਵੀਰ ਸਰੋਤ, ANI
ਅਮਰੀਕਾ ਤੋਂ ਆਏ ਦੂਜੇ ਜਹਾਜ਼ ਵਿੱਚ 67 ਪੰਜਾਬੀ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਕਈ ਤਰ੍ਹਾਂ ਦੀਆਂ ਔਕੜਾਂ ਤੇ ਮੁਸ਼ਕਲਾਂ ਝੱਲ ਕੇ ਵਿਦੇਸ਼ੀ ਧਰਤੀ 'ਤੇ ਪਹੁੰਚੇ ਸਨ ਪਰ ਹੁਣ ਉੱਥੋਂ ਮਿਲੇ ਦੇਸ਼ ਨਿਕਾਲੇ ਨੇ ਉਨ੍ਹਾਂ ਲਈ ਨਵੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ।
ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਪ੍ਰੀਤ ਚਾਵਲਾ, ਗੁਰਮਿੰਦਰ ਗਰੇਵਾਲ, ਕੁਲਵੀਰ ਨਮੋਲ ਤੇ ਨਵਜੋਤ ਕੌਰ ਨੇ ਅਜਿਹੇ 4 ਲੋਕਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ, ਜੋ ਕਿ ਅਮਰੀਕੀ ਫੌਜ ਦੇ ਦੂਸਰੇ ਜਹਾਜ਼ ਰਾਹੀਂ ਵਾਪਸ ਆਏ ਹਨ।

ਤਸਵੀਰ ਸਰੋਤ, Gurminder Grewal/BBC
'ਸਾਨੂੰ ਬੰਦੂਕ ਦੀ ਨੋਕ 'ਤੇ ਤੋਰਦੇ ਸਨ'
ਗੁਰਦਾਸਪੁਰ ਦੇ ਪਿੰਡ ਖਾਨੋਵਾਲ ਬੋਹੜੀ ਦੇ ਦੋ ਚਚੇਰੇ ਭਰਾ ਹਰਜੋਤ ਸਿੰਘ ਅਤੇ ਹਰਜੀਤ ਸਿੰਘ, 45-45 ਲੱਖ ਰੁਪਏ ਖਰਚ ਕਰਕੇ ਚੰਗੇ ਭਵਿੱਖ ਦੀ ਭਾਲ਼ ਵਿੱਚ ਅਮਰੀਕਾ ਪਹੁੰਚੇ ਸਨ, ਪਰ ਹੁਣ ਉਨ੍ਹਾਂ ਨੂੰ ਉੱਥੋਂ ਡਿਪੋਰਟ ਕਰ ਦਿੱਤਾ ਗਿਆ ਹੈ।
ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਅਮਰੀਕਾ ਜਾਣ ਵਾਲੇ ਰਸਤੇ ਵਿੱਚ ਉਨ੍ਹਾਂ ਨੂੰ ਬਹੁਤ ਸਾਰੇ ਤਸੀਹੇ ਦਿੱਤੇ ਗਏ ਸਨ, ਜਿਸ ਕਾਰਨ ਦੋ ਭਰਾਵਾਂ ਵਿੱਚੋਂ ਇੱਕ ਹਰਜੋਤ ਸਿੰਘ ਨੂੰ ਭਾਰੀ ਸਦਮਾ ਲੱਗਿਆ ਹੈ।

ਤਸਵੀਰ ਸਰੋਤ, Gurpreet Chawla/BBC
ਦੂਜੇ ਭਰਾ, ਹਰਜੀਤ ਸਿੰਘ ਨੇ ਕਿਹਾ ਕਿ ਪਨਾਮਾ ਦੇ ਜੰਗਲਾਂ ਵਿੱਚ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਅਤੇ ਡੰਕੀ ਲਗਵਾਉਣ ਵਾਲੇ ਉਨ੍ਹਾਂ ਨੂੰ ਪਿਸਤੌਲ ਦਿਖਾ ਕੇ ਧਮਕਾਉਂਦੇ ਸਨ ਕਿ ਜੇਕਰ ਉਹ ਨਹੀਂ ਤੁਰੇ ਤਾਂ ਉਨ੍ਹਾਂ ਜਾਨੋਂ ਮਾਰ ਦਿੱਤਾ ਜਾਵੇਗਾ। ਜਹਾਜ਼ ਵਿੱਚ ਵੀ ਉਨ੍ਹਾਂ ਨੂੰ ਬੇੜੀਆਂ ਨਾਲ ਬੰਨ੍ਹ ਕੇ ਲਿਆਂਦਾ ਗਿਆ।

ਤਸਵੀਰ ਸਰੋਤ, Gurpreet Chawla/BBC
ਹਰਜੀਤ ਸਿੰਘ ਦੇ ਮਾਤਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਏਜੰਟ ਨੇ ਕਿਹਾ ਸੀ ਕਿ ਉਨ੍ਹਾਂ ਦੇ ਮੁੰਡੇ ਨੂੰ ਸਹੀ ਢੰਗ ਨਾਲ ਹੀ ਭੇਜਿਆ ਜਾਵੇਗਾ ਪਰ ਉਨ੍ਹਾਂ ਦੇ ਮੁੰਡੇ ਨੂੰ ਰਸਤੇ 'ਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਕਿਹਾ, ''ਮੇਰਾ ਮੁੰਡਾ 5-5 ਦਿਨ ਭੁੱਖਾ ਰਿਹਾ, ਉਸ ਦਾ ਫੋਨ ਵੀ ਖੋਹ ਲਿਆ ਸੀ। 24-24 ਘੰਟੇ ਬਿਨਾਂ ਕੱਪੜਿਆਂ ਦੇ ਏਸੀ 'ਚ ਰੱਖਿਆ।''
ਉਨ੍ਹਾਂ ਕਿਹਾ, ''ਹੁਣ ਵੀ ਸਾਡੇ ਬੱਚਿਆਂ ਦੇ ਹੱਥਾਂ-ਪੈਰਾਂ ਨੂੰ ਬੇੜੀਆਂ 'ਚ ਬੰਨ੍ਹ ਕੇ ਲਿਆਂਦਾ ਗਿਆ ਹੈ। ਇਹ ਕਿਹੜਾ ਕੋਈ ਕਤਲ ਕਰਕੇ ਆਏ ਸੀ ਉੱਥੋਂ।''
''ਇਸ ਦੇ ਤਾਂ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ, ਮੈਂ ਤਾਂ ਆਪਣੇ ਬੱਚੇ ਪੇਕਿਆਂ ਦੇ ਸਿਰ 'ਤੇ ਪਾਲ਼ੇ ਹਨ, ਜੇ ਇਸ ਨੂੰ ਕੁਝ ਹੋ ਜਾਂਦਾ ਤਾਂ ਮੈਂ ਕੀ ਕਰਦੀ।''
ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਮੁਲਜ਼ਮਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ।

ਤਸਵੀਰ ਸਰੋਤ, Gurpreet Chawla/BBC
'ਕਰਜ਼ਾ ਚੁੱਕਿਆ, 40 ਲੱਖ ਲਗਾਏ ਪਰ ਮੁਸ਼ਕਲਾਂ ਨਹੀਂ ਘਟੀਆਂ'
ਇਸੇ ਜਹਾਜ਼ ਵਿੱਚ ਵਿੱਚ ਹਲਕਾ ਫਤਿਹਗੜ੍ਹ ਸਾਹਿਬ ਦੇ ਅਧੀਨ ਆਉਂਦੇ ਪਿੰਡ ਤਲਾਣੀਆਂ ਦੇ ਰਹਿਣ ਵਾਲੇ ਗੁਰਮੀਤ ਸਿੰਘ ਵੀ ਹਨ।
ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਮਿੰਦਰ ਗਰੇਵਾਲ ਨੇ ਗੁਰਮੀਤ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ 40 ਲੱਖ ਰੁਪਏ ਲਗਾ ਕੇ 12 ਨਵੰਬਰ 2024 ਨੂੰ ਅਮਰੀਕਾ ਗਿਆ ਸੀ। ਉਸ ਨੂੰ ਭੇਜਣ ਦੇ ਲਈ ਪਰਿਵਾਰ ਨੇ ਕਾਫੀ ਕਰਜ਼ਾ ਚੁੱਕਿਆ ਸੀ।

ਤਸਵੀਰ ਸਰੋਤ, Gurminder Grewal/BBC
ਪਰ ਟਰੰਪ ਸਰਕਾਰ ਦੇ ਡਿਪੋਰਟ ਕਰਨ ਦੇ ਇਸ ਫੈਸਲੇ ਨੇ ਉਨ੍ਹਾਂ ਦੇ ਮੁੰਡੇ ਨੂੰ ਮੁੜ ਇੱਥੇ ਭੇਜ ਦਿੱਤਾ ਹੈ, ਜਿਸ ਨਾਲ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗੁਰਮੀਤ ਦੇ ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਹੈ ਕਿ ਉਨ੍ਹਾਂ ਨੂੰ ਇਸ ਮੁਸ਼ਕਿਲ ਘੜੀ ਦੇ ਵਿੱਚ ਬਣਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ।
'ਸ਼ੁਕਰ ਹੈ ਕਿ ਉਹ ਸਹੀ-ਸਲਾਮਤ ਘਰ ਆ ਗਿਆ'

ਤਸਵੀਰ ਸਰੋਤ, Kuldeep Namol/BBC
ਇਸੇ ਜਹਾਜ਼ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠਾ ਸੇਖਵਾਂ ਦੇ ਹਰਦੀਪ ਸਿੰਘ ਵੀ ਸਨ, ਜਿਨਾਂ ਦੀ ਉਮਰ 32 ਸਾਲ ਹੈ।
ਕੈਮਰੇ ਸਾਹਮਣੇ ਆਪਣੀ ਪਛਾਣ ਨੂੰ ਲੁਕਾਉਂਦਿਆਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਹਰਦੀਪ ਮਈ 2024 ਵਿੱਚ 45 ਲੱਖ ਰੁਪਏ ਦੇ ਕੇ ਡੰਕੀ ਰੂਟ ਦੇ ਰਾਹੀਂ ਅਮਰੀਕਾ ਪਹੁੰਚੇ ਸਨ।
ਬੀਬੀਸੀ ਸਹਿਯੋਗੀ ਕੁਲਦੀਪ ਨਮੋਲ ਨਾਲ ਗੱਲ ਕਰਦਿਆਂ ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਅਮਰੀਕਾ ਪਹੁੰਚਣ ਸਮੇਂ ਉਨ੍ਹਾਂ ਦੀ ਇੱਕ ਵਾਰ ਆਪਣੇ ਪੁੱਤ ਦੇ ਨਾਲ ਗੱਲ ਹੋਈ ਸੀ ਅਤੇ ਉਸ ਦੌਰਾਨ ਉਸ ਨੇ ਇੱਕ ਵੀਡੀਓ ਵੀ ਬਣਾ ਕੇ ਭੇਜੀ ਸੀ। ਪਰ ਇਸ ਤੋਂ ਬਾਅਦ ਉਨ੍ਹਾਂ ਦੀ ਦੁਬਾਰਾ ਉਸ ਨਾਲ ਕੋਈ ਗੱਲਬਾਤ ਨਹੀਂ ਹੋਈ।
ਚਾਰ-ਪੰਜ ਮਹੀਨੇ ਹਰਦੀਪ ਕਿੱਥੇ ਰਿਹਾ, ਇਸ ਬਾਰੇ ਵੀ ਪਰਿਵਾਰ ਨੂੰ ਕੁਝ ਪਤਾ ਨਹੀਂ ਸੀ।
ਹਰਦੀਪ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਬੀਏ ਦੀ ਪੜ੍ਹਾਈ ਕੀਤੀ ਹੈ। ਪੰਜਾਬ ਵਿੱਚ ਨੌਕਰੀ ਨਾ ਮਿਲਣ ਕਾਰਨ ਉਨ੍ਹਾਂ ਨੇ ਵਿਦੇਸ਼ ਜਾਣ ਦਾ ਫੈਸਲਾ ਲਿਆ ਸੀ। ਪਰ ਹੁਣ ਪਰਿਵਾਰ ਇਸ ਗੱਲ ਤੋਂ ਖੁਸ਼ ਹੈ ਕਿ ਉਨਾਂ ਦਾ ਪੁੱਤ ਸਹੀ-ਸਲਾਮਤ ਘਰ ਵਾਪਸ ਆ ਗਿਆ ਹੈ।
ਡਿਪੋਰਟ ਹੋਏ ਪਤੀ-ਪਤਨੀ ਸਦਮੇ ਵਿੱਚ ਹਨ

ਵਾਪਸ ਆਏ ਪੰਜਾਬੀਆਂ ਵਿੱਚ ਜੌਲਾ ਖੁਰਦ (ਲਾਲੜੂ) ਦੇ ਵੀ ਪਤੀ-ਪਤਨੀ ਗੁਰਪ੍ਰੀਤ ਸਿੰਘ ਅਤੇ ਅਮਨਪ੍ਰੀਤ ਕੌਰ ਸ਼ਾਮਲ ਹਨ।
ਗੁਰਪ੍ਰੀਤ ਸਿੰਘ ਦੇ ਪਿਤਾ ਏਐੱਸਆਈ ਜਸਵਿੰਦਰ ਸਿੰਘ ਨੇ ਬੀਬੀਸੀ ਸਹਿਯੋਗੀ ਨਵਜੋਤ ਕੌਰ ਨੂੰ ਦੱਸਿਆ ਉਹ ਅਜੇ 9 ਮਹੀਨੇ ਪਹਿਲਾਂ ਹੀ ਗਏ ਸਨ।
ਉਨ੍ਹਾਂ ਮੁਤਾਬਕ, ਉਨ੍ਹਾਂ ਦੇ ਦੋਵਾਂ ਜਣਿਆਂ ਦੇ ਜਾਣ ਲਈ ਕਰੀਬ 80 ਲੱਖ ਰੁਪਏ ਖਰਚ ਦਿੱਤੇ ਸਨ।
ਜਸਵਿੰਦਰ ਸਿੰਘ ਦੱਸਦੇ ਹਨ, "ਅਸੀਂ ਏਜੰਟ ਰਾਹੀਂ 80 ਲੱਖ ਰੁਪਏ ਲਾ ਕੇ ਦੋਵਾਂ ਨੂੰ 9 ਮਹੀਨੇ ਪਹਿਲਾਂ ਅਮਰੀਕਾ ਭੇਜਿਆ ਸੀ। ਏਜੰਟ ਹਰਿਆਣਾ ਦੇ ਰਹਿਣ ਵਾਲੇ ਹਨ। ਅਸੀਂ ਸਾਰੇ ਪੈਸੇ ਜ਼ਮੀਨ ਵੇਚ ਕੇ ਅਤੇ ਇਧਰੋਂ-ਉਧਰੋਂ ਫੜ੍ਹ ਲਗਾਏ ਸਨ।"
"ਉਨ੍ਹਾਂ ਨੇ ਸਾਨੂੰ ਕਿਹਾ ਸੀ ਕਿ ਕਾਨੂੰਨੀ ਢੰਗ ਨਾਲ ਹੀ ਭੇਜਾਂਗੇ। ਅਸੀਂ ਪਹਿਲਾਂ ਕੈਨੇਡਾ ਲਈ ਅਪਲਾਈ ਕਰਦੇ ਰਹੇ ਸੀ ਪਰ ਹੋਇਆ ਨਹੀਂ ਤੇ ਫਿਰ ਅਖ਼ੀਰ ਅਮਰੀਕਾ ਦਾ ਕੀਤਾ।"
ਉਨ੍ਹਾਂ ਮੁਤਾਬਕ, ਏਜੰਟ ਨੇ ਡੰਕੀ ਦਾ ਜ਼ਿਕਰ ਨਹੀਂ ਕੀਤਾ ਸੀ।
ਗੁਰਪ੍ਰੀਤ ਨੇ ਬੀਐੱਸਸੀ ਐਗਰੀਕਲਚਰ ਕੀਤੀ ਹੋਈ ਹੈ ਅਤੇ ਅਮਨਪ੍ਰੀਤ 12 ਪਾਸ ਹੈ।
ਜਸਵਿੰਦਰ ਸਿੰਘ ਦੱਸਦੇ ਹਨ, "5 ਫਰਵਰੀ ਨੂੰ ਸਾਡੀ ਦੋਵਾਂ ਨਾਲ ਆਖਰੀ ਗੱਲ ਹੋਈ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਅਮਰੀਕਾ ਪਹੁੰਚ ਗਏ ਹਨ। ਫਿਰ ਕੱਲ ਮੀਡੀਆ ਤੋਂ ਹੀ ਪਤਾ ਲੱਗਿਆ ਕਿ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ।"
ਜਸਵਿੰਦਰ ਸਿੰਘ ਹੁਣ ਏਜੰਟ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ, "ਮੇਰੇ ਨੂੰਹ ਪੁੱਤ ਦੋਵੇਂ ਸਦਮੇ ਵਿੱਚ ਹਨ ਉਹ ਕਿਸੇ ਨਾਲ ਗੱਲ ਨਹੀਂ ਕਰ ਰਹੇ ਹਨ।''
ਭਗਵੰਤ ਮਾਨ ਨੇ ਕੀ ਕਿਹਾ ਸੀ
ਇਸ ਤੋਂ ਪਹਿਲਾਂ, ਪਰਵਾਸੀਆਂ ਨੂੰ ਮਿਲਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ, ਅਮਰੀਕਾ ਤੋਂ ਵਾਪਸ ਭੇਜੇ ਜਾ ਰਹੇ ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਦੂਜੇ ਜਹਾਜ਼ ਨੂੰ ਵੀ ਅੰਮ੍ਰਿਤਸਰ ਵਿੱਚ ਉਤਾਰੇ ਜਾਣ ਉੱਤੇ ਸਵਾਲ ਚੁੱਕੇ ਹਨ।
ਇਸ ਮੌਕੇ ਸੀਐੱਮ ਮਾਨ ਨੇ ਕਿਹਾ, "ਸਾਡੇ ਪਵਿੱਤਰ ਸ਼ਹਿਰ (ਅੰਮ੍ਰਿਤਸਰ) ਨੂੰ ਡਿਟੈਂਸ਼ਨ ਸੈਂਟਰ ਜਾਂ ਡਿਪੋਰਟ ਸੈਂਟਰ ਨਾ ਬਣਾਓ। ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਜਲ੍ਹਿਆਂਵਾਲਾ ਬਾਗ ਤੇ ਟੈਕਸਟਾਈਲ ਲਈ ਅੰਮ੍ਰਿਤਸਰ ਜਾਣਿਆ ਜਾਂਦਾ ਹੈ ਤੇ ਤੁਸੀਂ ਸਾਨੂੰ ਕਿਹੜੇ ਕੰਮਾਂ ਲਈ ਮਸ਼ਹੂਰ ਕਰ ਰਹੇ ਹੋ।"
"ਮੈਂ ਕੇਂਦਰ ਮੁਹਰੇ ਇਤਰਾਜ਼ ਜਤਾ ਰਿਹਾ ਹਾਂ ਕਿ ਤੁਹਾਡੇ ਕੋਲ ਹੋਰ ਏਅਰਪੋਰਟ ਨੇ, ਏਅਰਬੇਸ ਹਨ, ਉੱਥੇ ਜਹਾਜ਼ ਨੂੰ ਉਤਾਰ ਲਓ...ਅੰਮ੍ਰਿਤਸਰ ਨੂੰ ਕਿਉਂ ਬਦਨਾਮ ਕਰ ਰਹੇ ਹੋ।"

ਤਸਵੀਰ ਸਰੋਤ, Getty Images
ਏਅਰਪੋਰਟ ਪੁੱਜੇ ਸੀਐੱਮ ਮਾਨ ਨੇ ਕਿਹਾ, "ਇਸ ਧਰਤੀ ਉੱਪਰ ਸਾਡੇ ਹੀ ਬੱਚੇ ਆ ਰਹੇ ਹਨ ਤੇ ਇਹ ਗੁਰੂ ਰਾਮਦਾਸ ਦੀ ਧਰਤੀ ਹੈ ਇਥੋਂ ਕੋਈ ਭੁੱਖਾ ਨਹੀਂ ਜਾਵੇਗਾ। ਹੋਰ ਸੂਬਿਆਂ ਦੇ ਪਰਵਾਸੀਆਂ ਲਈ ਏਅਰਪੋਰਟ ਦੇ ਅੰਦਰ ਹੀ ਖਾਣਾ ਤੇ ਰਿਹਾਇਸ਼ ਦਾ ਪ੍ਰਬੰਧ ਕਰ ਦਿੱਤਾ ਹੈ। ਇਥੋਂ ਹੀ ਉਹ ਅੱਗੇ ਦਿੱਲੀ ਜਾਣਗੇ।"
ਨੌਕਰੀ ਅਤੇ ਰੁਜ਼ਗਾਰ ਦੇ ਸੱਵਲ 'ਤੇ ਉਨ੍ਹਾਂ ਕਿਹਾ, "ਅਸੀਂ ਪਹਿਲਾਂ ਇਹ ਦੇਖਾਂਗੇ ਕਿ ਉਹ ਕਿਉਂ ਗਏ, ਕਿਹੜੇ-ਕਿਹੜੇ ਏਜੰਟਾਂ ਨੇ ਉਨ੍ਹਾਂ ਨੂੰ ਝਾਂਸੇ ਵਿੱਚ ਲਿਆ। ਅਸੀਂ ਉਨ੍ਹਾਂ ਦੇ ਪੈਸੇ ਵਾਪਸ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਫਿਰ ਜੋ ਕੰਮ ਕਰ ਸਕਦੇ ਹਨ ਉਨ੍ਹਾਂ ਨੂੰ ਮੌਕਾ ਦੇਵਾਂਗੇ, ਜੇ ਕੋਈ ਕੰਪੀਟੀਸ਼ਨ ਦਾ ਇਮਤਿਹਾਨ ਦੇ ਕੇ ਪਾਸ ਹੋ ਕੇ ਨੌਕਰੀ ਕਰਨ ਦੇ ਕਾਬਿਲ ਹੈ ਤਾਂ ਉਸ ਨੂੰ ਨੌਕਰੀ ਵੀ ਦੇਵਾਂਗੇ।"
''ਇਸ ਤੋਂ ਇਲਾਵਾ ਜੇਕਰ ਕੋਈ ਸ਼ਖ਼ਸ ਅਮਰੀਕਾ ਵਿੱਚ ਕਿਸੇ ਰੈਸਟੋਰੈਂਟ ਵਿੱਚ ਕੰਮ ਕਰ ਰਿਹਾ ਸੀ ਤੇ ਇੱਥੇ ਉਹ ਆਪਣਾ ਰੈਸਟੋਰੈਂਟ ਖੋਲ੍ਹਣਾ ਚਾਹੁੰਦਾ ਹੈ ਤਾਂ ਉਸ ਨੂੰ ਰੈਸਟੋਰੈਂਟ ਖੋਲ੍ਹਣ ਦਾ ਵੀ ਮੌਕਾ ਦਿੱਤਾ ਜਾਵੇਗਾ।''
ਮੋਦੀ ਨੇ ਟਰੰਪ ਨੂੰ ਮਿਲਣ ਬਾਅਦ ਗ਼ੈਰ-ਕਾਨੂੰਨੀ ਪਰਵਾਸੀ ਭਾਰਤੀਆਂ ਬਾਰੇ ਜੋ ਕਿਹਾ

ਤਸਵੀਰ ਸਰੋਤ, Getty Images
ਇਸੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਵ੍ਹਾਈਟ ਹਾਊਸ ਵਿਖੇ ਹੋਈ। ਇਸ ਮਗਰੋਂ ਇੱਕ ਪ੍ਰੈੱਸ ਕਾਨਫਰੰਸ ਵੀ ਹੋਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗ਼ੈਰ ਕਾਨੂੰਨੀ ਭਾਰਤੀ ਪਰਵਾਸੀਆਂ ਦੇ ਮਸਲੇ ਉੱਤੇ ਕਿਹਾ, "ਗੈਰ-ਕਾਨੂੰਨੀ ਪਰਵਾਸੀਆਂ ਦੇ ਮੁੱਦੇ 'ਤੇ ਸਾਡੇ (ਭਾਰਤ ਤੇ ਅਮਰੀਕਾ ਦੇ) ਵਿਚਾਰ ਇੱਕੋ ਜਿਹੇ ਹਨ ਅਤੇ ਉਹ ਇਹ ਹਨ ਕਿ ਜੇਕਰ ਅਮਰੀਕਾ 'ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਕਿਸੇ ਭਾਰਤੀ ਦੀ ਪੁਸ਼ਟੀ ਹੁੰਦੀ ਹੈ, ਤਾਂ ਅਸੀਂ ਉਨ੍ਹਾਂ ਨੂੰ ਭਾਰਤ ਵਾਪਸ ਲੈਣ ਲਈ ਪੂਰੀ ਤਰ੍ਹਾਂ ਤਿਆਰ ਹਾਂ।"
ਉਨ੍ਹਾਂ ਕਿਹਾ ਕਿ ਕੁਝ ਪਰਵਾਸੀਆਂ ਨੂੰ ਮਨੁੱਖੀ ਤਸਕਰ ਲੈ ਕੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੂੰ ਅਮਰੀਕਾ ਲਿਜਾਇਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਸੀ, "ਇਹ ਬਹੁਤ ਹੀ ਸਧਾਰਨ ਪਰਿਵਾਰਾਂ ਦੇ ਬੱਚੇ ਹਨ। ਉਨ੍ਹਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾਏ ਜਾਂਦੇ ਹਨ ਅਤੇ ਉਨ੍ਹਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ।"
ਉਨ੍ਹਾਂ ਨੇ ਕਿਹਾ ਕਿ ਅਜਿਹੇ ਨੌਜਵਾਨਾਂ ਨੂੰ ਬਚਾਉਣ ਲਈ ਮਨੁੱਖੀ ਤਸਕਰਾਂ 'ਤੇ ਕਾਰਵਾਈ ਕਰਨ ਦੀ ਲੋੜ ਹੈ
ਅਮਰੀਕਾ ਦਾ ਗ਼ੈਰ-ਕਾਨੂੰਨੀ ਪਰਵਾਸੀਆਂ ਪ੍ਰਤੀ ਪੱਖ

ਤਸਵੀਰ ਸਰੋਤ, Getty Images
ਯੂਐੱਸ ਬਾਰਡਰ ਪੈਟਰੋਲ (ਯੂਐੱਸਬੀਪੀ) ਚੀਫ਼ ਮਾਈਕਲ ਡਬਲਿਊ ਬੈਂਕਸ ਨੇ 5 ਫ਼ਰਵਰੀ ਨੂੰ ਭਾਰਤ ਵਾਪਸ ਭੇਜੇ ਗਏ ਭਾਰਤੀਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟ ਫ਼ਾਰਮ ਐਕਸ ਉੱਤੇ ਸਾਂਝੀ ਕੀਤੀ ਸੀ।
ਇਸ ਵੀਡੀਓ ਦੇ ਨਾਲ ਬੈਂਕਸ ਨੇ ਐਕਸ 'ਤੇ ਲਿਖੀ ਆਪਣੀ ਪੋਸਟ ਵਿੱਚ ਅਮਰੀਕਾ ਤੋਂ ਬਾਹਰ ਕੀਤੇ ਗਏ ਗ਼ੈਰ-ਕਾਨੂੰਨੀ ਪਰਵਾਸੀਆਂ ਬਾਰੇ ਅਮਰੀਕਾ ਦੇ ਰੁਖ਼ ਵੀ ਸਪੱਸ਼ਟ ਕੀਤਾ ਸੀ।
ਉਨ੍ਹਾਂ ਲਿਖਿਆ ਸੀ,"ਯੂਐੱਸਬੀਪੀ ਅਤੇ ਭਾਈਵਾਲਾਂ ਨੇ ਸਫਲਤਾਪੂਰਵਕ ਗ਼ੈਰ-ਕਾਨੂੰਨੀ ਪਰਵਾਸੀ ਭਾਰਤ ਨੂੰ ਵਾਪਸ ਕਰ ਦਿੱਤੇ ਹਨ, ਹੁਣ ਤੱਕ ਦੀ ਸਭ ਤੋਂ ਦੂਰ ਦੇਸ਼ ਨਿਕਾਲੇ ਦੀ ਇਸ ਉਡਾਣ ਲਈ ਫ਼ੌਜੀ ਆਵਾਜਾਈ ਸਾਧਨ ਦੀ ਵਰਤੋਂ ਕੀਤੀ ਗਈ ਹੈ।"
"ਇਹ ਮਿਸ਼ਨ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਤੇਜ਼ੀ ਨਾਲ ਹਟਾਉਣ (ਨਾਲ ਗ਼ੈਰ-ਕਾਨੂੰਨੀ ਲੋਕਾਂ ਨੂੰ) ਦੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।"
ਉਨ੍ਹਾਂ ਚੇਤਾਵਨੀ ਭਰੀ ਸੁਰ ਵਿੱਚ ਲਿਖਿਆ, "ਜੇਕਰ ਤੁਸੀਂ ਗੈਰ-ਕਾਨੂੰਨੀ ਤਰੀਕੇ ਨਾਲ ਆਓਗੇ ਤਾਂ, ਵਾਪਸ ਭੇਜੇ ਜਾਓਗੇ"
ਜ਼ਿਕਰਯੋਗ ਹੈ ਕਿ 24 ਜਨਵਰੀ ਨੂੰ ਵੀ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲਿਅਵਿਟ ਨੇ ਐਕਸ 'ਤੇ ਫ਼ੌਜ ਦੇ ਜਹਾਜ਼ ਵਿੱਚ ਹੱਥਕੜੀਆਂ ਪਾ ਕੇ ਚੜ੍ਹਦੇ ਲੋਕਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਸੀ, "ਦੇਸ਼ ਨਿਕਾਲੇ ਦੀਆਂ ਉਡਾਣਾਂ ਸ਼ੁਰੂ ਹੋ ਚੁੱਕੀਆਂ ਹਨ। ਰਾਸ਼ਟਰਪਤੀ ਟਰੰਪ ਪੂਰੀ ਦੁਨੀਆ ਨੂੰ ਮਜ਼ਬੂਤ ਅਤੇ ਸਾਫ਼ ਸੰਦੇਸ਼ ਭੇਜ ਰਹੇ ਹਨ ਕਿ ਜੇ ਤੁਸੀਂ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਆਓਗੇ ਤਾਂ ਤੁਸੀਂ ਗੰਭੀਰ ਨਤੀਜੇ ਭੁਗਤੋਗੇ।"
ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਰਾਜ ਸਭਾ ਵਿੱਚ ਕੀ ਕਿਹਾ ਸੀ

ਤਸਵੀਰ ਸਰੋਤ, SANSADTV
ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਰਾਜ ਸਭਾ ਵਿੱਚ ਡਿਪੋਰਟ ਹੋਏ ਭਾਰਤੀਆਂ ਦਾ ਜ਼ਿਕਰ ਕਰਦਿਆਂ ਕਿਹਾ, ''ਇਹ ਸਾਡੇ ਹੱਕ ਵਿੱਚ ਹੈ ਕਿ ਅਸੀਂ ਗ਼ੈਰ ਕਾਨੂੰਨੀ ਪਰਵਾਸ ਨੂੰ ਹੁੰਗਾਰਾ ਨਾ ਦੇਈਏ। ਗ਼ੈਰ ਕਾਨੂੰਨੀ ਪਰਵਾਸ ਨਾਲ ਕਈ ਹੋਰ ਤਰੀਕੇ ਦੀਆਂ ਗਤੀਵਿਧੀਆਂ ਵੀ ਜੁੜ ਜਾਂਦੀਆਂ ਹਨ ਜੋ ਖ਼ੁਦ ਵੀ ਗ਼ੈਰ ਕਾਨੂੰਨੀ ਹੁੰਦੀਆਂ ਹਨ।''
ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਵਿੱਚ ਡਿਪੋਰਟੇਸ਼ਨ ਦੀ ਪ੍ਰਕਿਰਿਆ ਨੂੰ ਆਈਸੀਈ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ। ਆਈਸੀਈ ਵੱਲੋਂ ਜਿਸ ਏਅਰਕਰਾਫਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਹ 2012 ਤੋਂ ਹੀ ਲਾਗੂ ਹੈ।
ਉਨ੍ਹਾਂ ਕਿਹਾ, ''ਵਾਪਸ ਪਰਤੇ ਭਾਰਤੀਆਂ ਤੋਂ ਜੋ ਜਾਣਕਾਰੀ ਮਿਲੇਗੀ ਤੇ ਹੋਰ ਜਾਣਕਾਰੀ ਇਕੱਠੀ ਕਰਕੇ ਏਜੰਸੀਆਂ ਗ਼ੈਰ ਕਾਨੂੰਨੀ ਏਜੰਟਾਂ ਉੱਤੇ ਨਕੇਲ ਕੱਸਣਗੀਆਂ।'
ਅਮਰੀਕਾ ਵੱਲੋਂ ਭਾਰਤੀਆਂ ਨੂੰ ਜ਼ੰਜੀਰਾਂ ਵਿੱਚ ਬੰਨ ਕੇ ਡਿਪੋਰਟ ਕੀਤੇ ਜਾਣ ਉੱਤੇ ਵੀ ਸਵਾਲ ਖੜ੍ਹੇ ਹੋਏ ਸਨ। ਉਸ ਬਾਰੇ ਵੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਕਿਹਾ ਸੀ, ਇਸੇ ਪ੍ਰਕਿਰਿਆ ਤਹਿਤ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਬੇੜੀਆਂ ਨਾਲ ਜਕੜਨਾ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਇਹ ਵੀ ਸਾਨੂੰ ਅਮਰੀਕਾ ਵੱਲੋਂ ਦੱਸਿਆ ਗਿਆ ਸੀ ਕਿ ਬੱਚਿਆਂ ਤੇ ਔਰਤਾਂ ਨੂੰ ਬੰਨਿਆ ਨਹੀਂ ਜਾਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












