ਅਮਰੀਕਾ: 'ਦੋ ਨੰਬਰ' 'ਚ ਭੇਜਣ ਵਾਲੇ ਏਜੰਟ ਕਿਵੇਂ 'ਗੇਮ' ਖੇਡਦੇ ਹਨ, FIRs ਵਿੱਚ ਕਿਹੜੇ-ਕਿਹੜੇ ਖੁਲਾਸੇ ਹੋਏ

ਏਜੰਟਾਂ ਤੱਕ ਪਹੁੰਚ ਕਰਨੀ ਕੋਈ ਜ਼ਿਆਦਾ ਔਖੀ ਨਹੀਂ। ਇਨ੍ਹਾਂ ਐੱਫਆਈਆਰਜ਼ ਤੋਂ ਪਤਾ ਚੱਲਦਾ ਹੈ ਕਿ ਅੱਗੇ ਤੋਂ ਅੱਗੇ ਮਿਲੇ ਲਿੰਕਾਂ ਤੋਂ ਇਨ੍ਹਾਂ ਨਾਲ ਸੰਪਰਕ ਆਸਾਨੀ ਨਾਲ ਹੋ ਜਾਂਦਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਜੰਟਾਂ ਤੱਕ ਪਹੁੰਚ ਕਰਨੀ ਕੋਈ ਜ਼ਿਆਦਾ ਔਖੀ ਨਹੀਂ। ਇਨ੍ਹਾਂ ਐੱਫਆਈਆਰਜ਼ ਤੋਂ ਪਤਾ ਚੱਲਦਾ ਹੈ ਕਿ ਅੱਗੇ ਤੋਂ ਅੱਗੇ ਮਿਲੇ ਲਿੰਕਾਂ ਤੋਂ ਇਨ੍ਹਾਂ ਨਾਲ ਸੰਪਰਕ ਆਸਾਨੀ ਨਾਲ ਹੋ ਜਾਂਦਾ ਹੈ।
    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਭਾਰਤੀਆਂ ਵਿੱਚ ਪੰਜਾਬ ਦੇ 31 ਨੌਜਵਾਨ ਵੀ ਸ਼ਾਮਲ ਸਨ। ਪੰਜਾਬ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ।

ਇਸ ਟੀਮ ਨੇ ਗੈਰ-ਕਾਨੂੰਨੀ ਤਰੀਕੇ ਨਾਲ ਨੌਜਵਾਨਾਂ ਨੂੰ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਕਰਦਿਆਂ ਹੁਣ ਤੱਕ 10 ਐੱਫਆਈਆਰਜ਼ ਦਰਜ ਕੀਤੀਆਂ ਹਨ।

ਪੁਲਿਸ ਦੇ ਇੱਕ ਬਿਆਨ ਮੁਤਾਬਕ ਇਨ੍ਹਾਂ ਕੇਸਾਂ ਵਿਚੋਂ ਦੋ ਐੱਫਆਈਆਰਜ਼ ਜ਼ਿਲ੍ਹਾ ਪੁਲਿਸ ਕੋਲ ਅਤੇ ਅੱਠ ਐੱਫਆਈਆਰਜ਼ ਪੰਜਾਬ ਪੁਲਿਸ ਦੇ ਐੱਨਆਰਆਈ ਵਿੰਗ ਕੋਲ ਦਰਜ ਕੀਤੀਆਂ ਗਈਆਂ ਹਨ।

ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਪੰਜਾਬ ਦੇ ਜੋ ਨੌਜਵਾਨ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਪਰਤੇ ਹਨ, ਇਹ ਕਾਰਵਾਈ ਉਨ੍ਹਾਂ ਦੇ ਮਾਮਲਿਆਂ ਸਬੰਧੀ ਕੀਤੀ ਗਈ ਹੈ।

ਪੁਲਿਸ ਵੱਲੋਂ ਜੋ ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ, ਉਨ੍ਹਾਂ ਸਾਰਿਆਂ ਉੱਤੇ ਨਜ਼ਰ ਮਾਰੀ ਜਾਵੇ ਤਾਂ ਇੱਕ ਜੋ ਸਾਂਝੀ ਗੱਲ ਸਾਹਮਣੇ ਆਉਂਦੀ ਹੈ, ਉਹ ਹੈ ਕਿ ਏਜੰਟਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਪਨਾਹ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਅਸਲੀਅਤ ਇਹ ਹੈ ਕਿ ਇਹ ਨੌਜਵਾਨ ਲੱਖਾਂ ਰੁਪਏ ਗਵਾ ਕੇ ਹੁਣ ਆਪਣੇ-ਆਪਣੇ ਘਰਾਂ ਵਿੱਚ ਬੈਠੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਸ ਰਿਪੋਰਟ ਵਿੱਚ ਬੀਬੀਸੀ ਨੇ ਇਨ੍ਹਾਂ ਐੱਫਆਈਆਰਜ਼ ਦੇ ਆਧਾਰ ਉਪਰ ਕੁਝ ਕੇਸਾਂ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਟਰੈਵਲ ਏਜੰਟਾਂ ਦਾ ਜਾਲ ਸੱਤ ਸਮੁੰਦਰੋਂ ਪਾਰ ਤੱਕ ਫੈਲਿਆ ਹੋਇਆ ਹੈ?

ਕਿਵੇਂ ਇਹ ਆਪਣੇ ਇਮੀਗ੍ਰੇਸ਼ਨ ਨੈੱਟਵਰਕ ਰਾਹੀਂ ਲੋਕਾਂ ਨੂੰ 'ਦੋ ਨੰਬਰ' ਵਿੱਚ ਅਮਰੀਕਾ ਵਰਗੇ ਮੁਲਕ ਵਿੱਚ ਪੱਕੀ ਪਨਾਹ ਦਿਵਾਉਣ ਦੇ ਨਾਂ ਉਪਰ ਆਮ ਲੋਕਾਂ ਦੀ ਜੇਬ 'ਤੇ ਡਾਕਾ ਮਾਰਦੇ ਹਨ।

ਏਜੰਟਾਂ ਤੱਕ ਕਿਵੇਂ ਹੁੰਦੀ ਹੈ ਪਹੁੰਚ

ਏਜੰਟਾਂ ਤੱਕ ਪਹੁੰਚ ਕਰਨੀ ਕੋਈ ਜ਼ਿਆਦਾ ਔਖੀ ਨਹੀਂ। ਇਨ੍ਹਾਂ ਐੱਫਆਈਆਰਜ਼ ਤੋਂ ਪਤਾ ਚੱਲਦਾ ਹੈ ਕਿ ਅੱਗੇ ਤੋਂ ਅੱਗੇ ਮਿਲੇ ਲਿੰਕਾਂ ਤੋਂ ਇਨ੍ਹਾਂ ਨਾਲ ਸੰਪਰਕ ਆਸਾਨੀ ਨਾਲ ਹੋ ਜਾਂਦਾ ਹੈ।

ਗੁਰਦਾਸਪੁਰ ਦੇ ਅਮਰਵੀਰ (ਕਾਲਪਨਿਕ ਨਾਮ) ਨੇ ਦੱਸਿਆ ਕਿ ਉਹ ਜਦੋਂ ਯੂਕੇ ਸਨ ਤਾਂ ਉਥੋਂ ਹੀ ਸਪੇਨ ਵਿੱਚ ਰਹਿੰਦੇ ਇੱਕ ਏਜੰਟ ਨਾਲ ਆਨਲਾਈਨ ਗੱਲਬਾਤ ਹੋਈ ਸੀ।

ਉਨ੍ਹਾਂ ਦੱਸਿਆ, "ਮੈਂ ਜਦੋਂ ਇੰਗਲੈਂਡ ਗਿਆ ਤਾਂ 6 ਮਹੀਨਿਆਂ ਤੋਂ ਬਾਅਦ ਮੇਰੇ ਵਿਜ਼ੀਟਰ ਵੀਜ਼ੇ ਦੀ ਮਿਆਦ ਪੂਰੀ ਹੋ ਚੁੱਕੀ ਸੀ ਤੇ ਮੈਂ ਗੈਰ-ਕਾਨੂੰਨੀ ਤਰੀਕੇ ਨਾਲ ਹੀ ਉਥੇ ਰਹਿਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਮੇਰੀ ਇੱਕ ਏਜੰਟ ਨਾਲ ਫੋਨ ਰਾਹੀਂ ਗੱਲਬਾਤ ਹੋਣੀ ਸ਼ੁਰੂ ਹੋਈ।"

ਅਮਰਵੀਰ ਦੱਸਦੇ ਹਨ ਕਿ ਉਹ ਜਿਸ ਏਜੰਟ ਰਾਹੀਂ ਅਮਰੀਕਾ ਪਹੁੰਚੇ ਸਨ, ਉਸ ਦੀ ਪਛਾਣ ਬਾਰੇ ਉਨ੍ਹਾਂ ਨੂੰ ਸਿਰਫ ਇੰਨਾ ਪਤਾ ਸੀ ਕਿ ਉਹ ਸਪੇਨ ਰਹਿੰਦਾ ਹੈ ਤੇ ਮੂਲ ਰੂਪ ਵਿੱਚ ਪੰਜਾਬੀ ਹੈ। ਇਸ ਤੋਂ ਬਿਨਾਂ ਉਨ੍ਹਾਂ ਨੂੰ ਏਜੰਟ ਦੇ ਕਿਸੇ ਵੀ ਥਹੁ-ਪਤੇ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਅਮਰੀਕਾ-ਮੈਕਸੀਕੋ ਬਾਰਡਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ-ਮੈਕਸੀਕੋ ਬਾਰਡਰ

ਤਰਨ ਤਾਰਨ ਵਿਚਲੀ ਇੱਕ ਐੱਫਆਈਆਰ ਮੁਤਾਬਕ ਪ੍ਰਿੰਸ (ਕਾਲਪਨਿਕ ਨਾਮ) ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ 2022 ਵਿੱਚ ਸਪੇਨ ਗਿਆ ਸੀ ਤੇ ਉਹ ਸਪੇਨ ਤੋਂ ਅੱਗੇ ਅਮਰੀਕਾ ਜਾਣਾ ਚਾਹੁੰਦਾ ਸੀ।

ਪ੍ਰਿੰਸ ਮੁਤਾਬਕ ਉਸ ਦੇ ਪਿਤਾ ਨੇ ਚੋਹਲਾ ਸਾਹਿਬ ਦੇ ਇੱਕ ਏਜੰਟ ਤੱਕ ਪਹੁੰਚ ਕੀਤੀ, ਜਿਸ ਨੇ ਕਿਹਾ ਕਿ ਉਹ ਮੈਨੂੰ 22 ਲੱਖ ਰੁਪਏ ਵਿੱਚ ਸਪੇਨ ਤੋਂ ਹੀ ਅਮਰੀਕਾ ਪਹੁੰਚਾ ਦੇਵੇਗਾ।

ਪਟਿਆਲਾ ਵਿੱਚ ਦਰਜ ਹੋਈ ਐੱਫਆਈਆਰ ਵਿੱਚ ਜਤਿੰਦਰ (ਕਾਲਪਨਿਕ ਨਾਮ) ਮੁਤਾਬਕ ਉਹ 2013 ਵਿੱਚ ਰੁਜ਼ਗਾਰ ਦੀ ਭਾਲ 'ਚ ਸਾਈਪਰਸ ਚਲਾ ਗਿਆ ਸੀ ਤੇ 2022 ਵਿੱਚ ਉਹ ਵਾਪਸ ਭਾਰਤ ਆ ਗਿਆ ਸੀ।

ਇਸੇ ਦੌਰਾਨ ਉਹ ਹਰਿਆਣਾ ਵਿਚ ਇੱਕ ਵਿਆਹ ਸਮਾਗਮ ਦੌਰਾਨ ਕਰਨਾਲ ਦੇ ਇੱਕ ਏਜੰਟ ਨੂੰ ਮਿਲੇ, ਜਿਸ ਨੇ ਦੱਸਿਆ ਕਿ ਉਹ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ।

''ਮੈਂ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਇੱਕ ਵਾਰ ਫਿਰ ਵਿਦੇਸ਼ (ਅਮਰੀਕਾ) ਜਾਣ ਦਾ ਮਨ ਬਣਾਇਆ।''

ਇਸ ਏਜੰਟ ਨੇ ਉਸ ਨੂੰ 50 ਲੱਖ ਰੁਪਏ ਵਿੱਚ 15 ਤੋਂ 20 ਦਿਨਾਂ ਵਿੱਚ ਅਮਰੀਕਾ ਪਹੁੰਚਾਉਣ ਦਾ ਵਾਅਦਾ ਕੀਤਾ ਸੀ।

ਐੱਸਬੀਐੱਸ ਨਗਰ ਦੇ ਮਾਮਲੇ ਵਿੱਚ ਬਲਵੰਤ (ਕਾਲਪਨਿਕ ਨਾਮ) ਦੇ ਬਿਆਨਾਂ ਮੁਤਾਬਕ ਉਸ ਦਾ ਚਾਚਾ ਹੀ ਰਾਜਪੁਰਾ ਸ਼ਹਿਰ ਵਿੱਚ ਇੱਕ ਏਜੰਟ ਕੋਲ ਲੈ ਕੇ ਗਿਆ ਸੀ।

ਉਹ ਦੱਸਦੇ ਹਨ, "ਮੈਂ ਕੈਨੇਡਾ ਜਾਣ ਦਾ ਚਾਹਵਾਨ ਸੀ ਤੇ ਏਜੰਟ ਨੇ ਮੈਨੂੰ ਕਿਹਾ ਸੀ ਕਿ ਉਹ ਮੈਨੂੰ ਕਾਨੂੰਨੀ ਤਰੀਕੇ ਨਾਲ ਕੈਨੇਡਾ ਭੇਜ ਦੇਵੇਗਾ। ਉਸ ਨੇ ਕੈਨੇਡਾ ਵਾਸਤੇ ਮੇਰੇ ਫਿੰਗਰ ਪ੍ਰਿੰਟ ਚੰਡੀਗੜ੍ਹ ਕਰਵਾਏ ਪਰ ਤਿੰਨ-ਚਾਰ ਮਹੀਨੇ ਬੀਤਣ ਮਗਰੋਂ ਸਾਨੂੰ ਕਿਸੇ ਰਾਹ ਨਹੀਂ ਪਾਇਆ।"

"ਫਿਰ ਉਸ ਨੇ ਕੈਨੇਡਾ ਤੋਂ ਰਿਫਿਊਜ਼ਲ ਆਉਣ ਦਾ ਕਹਿ ਕੇ ਮੈਨੂੰ ਅਮਰੀਕਾ ਦੇ ਸੁਪਨੇ ਦਿਖਾਏ ਤੇ 40 ਲੱਖ ਰੁਪਏ ਵਿੱਚ ਮੈਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ।"

ਇਸੇ ਤਰ੍ਹਾਂ ਕਪੂਰਥਲਾ ਦੇ ਮਨਪ੍ਰੀਤ (ਕਾਲਪਨਿਕ ਨਾਮ) ਨੇ ਆਪਣੇ ਬਿਆਨ ਵਿੱਚ ਦੱਸਿਆ, "ਮੈਂ ਚੰਗੇ ਮੁਲਕ ਵਿੱਚ ਜਾਣਾ ਚਾਹੁੰਦਾ ਸੀ। ਮੇਰੇ ਅਮਰੀਕਾ ਗਏ ਦੋਸਤ ਨੇ ਮੈਨੂੰ ਇੱਕ ਏਜੰਟ ਦਾ ਨੰਬਰ ਦਿੱਤਾ, ਜਿਸ ਰਾਹੀਂ ਮੈਂ ਉਸ ਨਾਲ ਸੰਪਰਕ ਕੀਤਾ। ਏਜੰਟ ਨੇ ਮੈਨੂੰ 38 ਲੱਖ ਰੁਪਏ ਵਿੱਚ ਮੈਕਸਿਕੋ ਰਾਹੀਂ ਅਮਰੀਕਾ ਪਹੁੰਚਾਉਣ ਦੀ ਗੱਲ ਕਹੀ ਤੇ ਮੈਨੂੰ ਪਾਸਪੋਰਟ ਲੈ ਕੇ ਲੁਧਿਆਣਾ ਵਿਚਲੇ ਦਫ਼ਤਰ ਆਉਣ ਲਈ ਕਿਹਾ।"

ਕਿਸ ਤਰ੍ਹਾਂ ਦੇ ਲੋਕ ਵਿਦੇਸ਼ ਜਾਂਦੇ ਹਨ

ਘੱਟ ਪੜ੍ਹੇ ਲਿਖੇ ਤੇ ਦਰਮਿਆਨੇ ਘਰਾਂ ਦੇ ਲੋਕ ਵਿਦੇਸ਼ ਦਾ ਰੁਖ਼ ਕਰਦੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਘੱਟ ਪੜ੍ਹੇ ਲਿਖੇ ਤੇ ਦਰਮਿਆਨੇ ਘਰਾਂ ਦੇ ਲੋਕ ਵਿਦੇਸ਼ ਦਾ ਰੁਖ਼ ਕਰਦੇ ਹਨ

ਇਹ ਐੱਫਆਈਆਰਜ਼ ਦੱਸਦੀਆਂ ਹਨ ਕਿ ਜ਼ਿਆਦਾਤਰ ਲੋਕ ਘੱਟ ਪੜ੍ਹੇ ਲਿਖੇ ਅਤੇ ਦਰਮਿਆਨੇ ਘਰਾਂ ਦੇ ਹਨ, ਜੋ ਵਿਦੇਸ਼ ਜਾ ਕੇ ਸੈਟਲ ਹੋਣ ਦੇ ਚਾਹਵਾਨ ਸਨ। ਇਨ੍ਹਾਂ ਕੋਲ ਇੱਕਾ-ਦੁੱਕਾ ਕਿਲ੍ਹਾ ਜ਼ਮੀਨ ਹੈ, ਜਿਨ੍ਹਾਂ ਵਿੱਚੋਂ ਕਈ ਆਪਣੀ ਜ਼ਮੀਨ ਅਤੇ ਗਹਿਣੇ ਵੇਚ ਕੇ ਅਮਰੀਕਾ ਗਏ ਸਨ।

ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਬਹੁਤ ਸਾਰੇ ਪੰਜਾਬੀਆਂ ਦੀ ਕਹਾਣੀ ਮਿਲਦੀ-ਜੁਲਦੀ ਹੈ। ਇਨ੍ਹਾਂ ਵਿੱਚ ਕਰੀਬ 20-22 ਸਾਲ ਤੋਂ 40 ਸਾਲ ਤੱਕ ਦੀ ਉਮਰ ਦੇ ਲੋਕ ਸ਼ਾਮਲ ਹਨ।

ਪਟਿਆਲਾ ਵਾਲੀ ਐੱਫਆਈਆਰ ਵਿੱਚ ਜਤਿੰਦਰ ਨੇ ਦੱਸਿਆ ਕਿ ਉਹ ਕਰੀਬ 44 ਸਾਲ ਦਾ ਹੈ, ਜੋ ਗਿਆਰ੍ਹਵੀਂ ਜਮਾਤ ਤੱਕ ਪੜ੍ਹਿਆ ਹੋਇਆ ਹੈ। ਉਹ ਅਮਰੀਕਾ ਜਾਣ ਤੋਂ ਪਹਿਲਾਂ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ। ਉਸ ਨੇ ਆਪਣੇ ਗੁਜ਼ਾਰੇ ਲਈ ਪਸ਼ੂ ਵੀ ਰੱਖੇ ਹੋਏ ਹਨ।

ਉਸ ਮੁਤਾਬਕ, "ਮੇਰੇ ਹਿੱਸੇ 3 ਵਿੱਘੇ ਜ਼ਮੀਨ ਆਉਂਦੀ ਸੀ। ਮੈਂ ਅਮਰੀਕਾ ਜਾਣ ਲਈ ਆਪਣੀ ਇਹ ਜ਼ਮੀਨ 18 ਲੱਖ ਰੁਪਏ ਵਿੱਚ ਵੇਚ ਦਿੱਤੀ ਸੀ। ਇਸ ਤੋਂ ਇਲਾਵਾ ਏਜੰਟ ਨੂੰ ਪੂਰੀ ਰਕਮ ਦੇਣ ਲਈ ਮੈਂ ਬੈਂਕ ਤੋਂ ਆਪਣੇ ਮਕਾਨ ਉਪਰ ਕਰਜ਼ ਵੀ ਲਿਆ ਅਤੇ ਕੁਝ ਰਕਮ ਰਿਸ਼ਤੇਦਾਰਾਂ ਕੋਲੋਂ ਵਿਆਜ਼ ਉਪਰ ਲਈ। ਇਸ ਦੇ ਨਾਲ ਹੀ ਗਹਿਣੇ ਵੇਚ ਰਕਮ ਪੂਰੀ ਕਰਕੇ ਏਜੰਟ ਨੂੰ ਦਿੱਤੀ ਸੀ।"

ਨਵਾਂ ਸ਼ਹਿਰ ਦੇ ਬਲਵੰਤ ਦੇ ਬਿਆਨਾਂ ਮੁਤਾਬਕ ਉਹ 12ਵੀਂ ਪਾਸ ਹੈ ਤੇ ਉਹ ਅਮਰੀਕਾ ਜਾਣ ਤੋਂ ਪਹਿਲਾਂ ਖੇਤੀਬਾੜੀ ਦੇ ਕਿਤੇ ਨਾਲ ਜੁੜਿਆ ਹੋਇਆ ਸੀ।

ਤਰਨ ਤਾਰਨ ਦੇ 29 ਸਾਲਾ ਪ੍ਰਿੰਸ ਵੀ 12ਵੀਂ ਜਮਾਤ ਤੱਕ ਪੜ੍ਹੇ ਹੋਏ ਹਨ।

ਇਸੇ ਤਰ੍ਹਾਂ ਅੰਮ੍ਰਿਤਸਰ ਦਿਹਾਤੀ ਨਾਲ ਜੁੜੇ ਮਾਮਲੇ ਵਿੱਚ 38 ਸਾਲਾ ਸੁਖਦੀਪ ਖੇਤੀਬਾੜੀ ਦੇ ਕਿਤੇ ਨਾਲ ਜੁੜਿਆ ਹੋਇਆ ਸੀ।

ਇਹ ਵੀ ਪੜ੍ਹੋ-

ਅੰਮ੍ਰਿਤਸਰ ਜ਼ਿਲ੍ਹੇ ਨਾਲ ਜੁੜੀ ਐੱਫਆਈਆਰ ਵਿੱਚ 21 ਸਾਲਾ ਪੀੜਤ ਮੁਤਾਬਕ ਉਹ ਬਾਰ੍ਹਵੀਂ ਤੱਕ ਪੜ੍ਹਿਆ ਹੋਇਆ ਅਤੇ ਘਰੇਲੂ ਕੰਮਕਾਰ ਕਰਦਾ ਸੀ।

ਗੁਰਦਾਸਪੁਰ ਵਿੱਚ ਦਰਜ ਹੋਈ ਐੱਫਆਈਆਰ ਮੁਤਾਬਕ ਪੀੜਤ ਦਾ ਕਹਿਣਾ ਹੈ, "ਮੇਰਾ ਤਾਂ ਹਾਲੇ ਇੰਗਲੈਂਡ ਜਾਣ ਲਈ ਲਿਆ ਕਰਜ਼ਾ ਵੀ ਨਹੀਂ ਉਤਰਿਆ ਸੀ ਤੇ ਮੈਂ ਅਮਰੀਕਾ ਜਾਣ ਲਈ ਵੀ ਏਜੰਟ ਨੂੰ 40 ਲੱਖ ਰੁਪਏ ਤੋਂ ਵੱਧ ਦੀ ਰਕਮ ਦਿੱਤੀ ਹੈ। ਇਹ ਪੈਸੇ ਵੀ ਇਧਰ-ਉਧਰ ਤੋਂ ਫੜ ਕੇ ਹੀ ਦਿੱਤੇ ਸਨ।"

ਕਿੰਨੇ-ਕਿੰਨੇ ਪੈਸੇ ਦਿੱਤੇ ਤੇ ਲੈਣ-ਦੇਣ ਕਿਵੇਂ ਹੁੰਦੀ ਹੈ

ਭਾਰਤੀ ਰੁਪਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਜੰਟ ਰਕਮ ਨੂੰ ਵੱਖ-ਵੱਖ ਹਿੱਸਿਆਂ ਵਿੱਚ ਲੈਂਦੇ ਹਨ

ਪਟਿਆਲਾ ਵਾਲੇ ਕੇਸ ਵਿੱਚ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੀੜਤ ਦੇ ਬਿਆਨਾਂ ਮੁਤਾਬਕ ਉਹ ਕੈਨੇਡਾ ਜਾਣ ਦਾ ਇਛੁੱਕ ਸੀ ਪਰ ਏਜੰਟ ਨੇ ਉਸ ਨੂੰ ਇੱਕ ਨੰਬਰ ਵਿੱਚ ਅਮਰੀਕਾ ਭੇਜਣ ਦਾ ਸੁਫਨਾ ਦਿਖਾਇਆ।

ਏਜੰਟ ਨੇ ਉਸ ਨਾਲ 40 ਲੱਖ ਦੀ ਡੀਲ ਕੀਤੀ। ਇਹ ਪੈਸੈ ਪੀੜਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੁਝ ਹਿੱਸਿਆਂ ਵਿੱਚ ਏਜੰਟ ਨੂੰ ਦਿੱਤੇ।

ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਅਮਰੀਕਾ ਗਏ ਇੱਕ ਨੌਜਵਾਨ ਨੇ ਪਛਾਣ ਗੁਪਤ ਰੱਖਣ 'ਤੇ ਸਾਨੂੰ ਦੱਸਿਆ ਕਿ ਉਹ ਜਦੋਂ ਏਜੰਟ ਨੂੰ ਮਿਲਿਆ ਤਾਂ ਪਹਿਲੀ ਮੀਟਿੰਗ ਵਿੱਚ ਹੀ ਸਭ ਕੁਝ ਤੈਅ ਹੋ ਗਿਆ ਸੀ।

ਗੁਰਬਖਸ਼ (ਕਾਲਪਨਿਕ ਨਾਮ) ਨੇ ਦੱਸਿਆ, "ਮੈਂ ਜਦੋਂ ਉਨ੍ਹਾਂ ਦੇ ਦਫ਼ਤਰ ਗਿਆ ਤਾਂ ਕੁਝ ਸਮੇਂ ਵਿੱਚ ਹੀ ਉਨ੍ਹਾਂ ਨੇ ਮੈਨੂੰ ਭਰੋਸਾ ਦਿਵਾ ਦਿੱਤਾ ਕਿ ਉਹ ਮੈਨੂੰ ਕਿਸੇ ਵੀ ਹਾਲਤ ਵਿੱਚ ਅਮਰੀਕਾ ਭੇਜ ਦੇਣਗੇ। ਉਸ ਨੇ 60 ਲੱਖ ਰੁਪਏ ਵਿੱਚ ਮੈਨੂੰ ਅਮਰੀਕਾ ਵਿੱਚ ਭੇਜਣ ਦਾ ਸੌਦਾ ਕੀਤਾ। ਮੈਂ ਉਨ੍ਹਾਂ ਨੂੰ ਇੱਕ ਲੱਖ ਰੁਪਿਆ ਪਹਿਲਾਂ ਦੇਣਾ ਸੀ ਅਤੇ ਬਾਕੀ ਦੀ ਰਕਮ ਯਾਨੀ 59 ਲੱਖ ਰੁਪਏ ਉਥੇ ਭੇਜਣ ਤੋਂ ਬਾਅਦ।"

"ਏਜੰਟ ਸਾਰੀ ਦੀ ਸਾਰੀ ਰਕਮ ਨਕਦੀ ਵਿੱਚ ਲੈਂਦੇ ਹਨ। ਜਦੋਂ ਮੈਨੂੰ ਡੌਂਕਰਾਂ ਨੇ ਅਮਰੀਕਾ ਦੀ ਕੰਧ ਟਪਾਉਣੀ ਸੀ ਤਾਂ ਉਸ ਤੋਂ ਪਹਿਲਾਂ ਮੈਂ ਏਜੰਟ ਨੂੰ ਬਾਕੀ ਦੀ ਰਕਮ ਦੇਣੀ ਸੀ। ਉਸ ਨੇ ਆਪਣੇ ਕੁਝ ਬੰਦੇ ਮੇਰੇ ਘਰ ਭੇਜੇ ਤੇ ਉਹ ਮੇਰੇ ਮਾਪਿਆਂ ਤੋਂ ਬਾਕੀ ਦੀ ਰਕਮ ਲੈ ਗਏ ਅਤੇ ਬਾਅਦ ਵਿੱਚ ਡੌਂਕਰਾਂ ਨੇ ਮੈਨੂੰ ਅਮਰੀਕਾ ਵਿੱਚ ਦਾਖਲ ਕਰਵਾ ਦਿੱਤਾ।"

ਇਸੇ ਤਰ੍ਹਾਂ ਬਲਵੰਤ (ਕਾਲਪਨਿਕ ਨਾਮ) ਦੇ ਬਿਆਨਾਂ ਮੁਤਾਬਕ ਉਨ੍ਹਾਂ ਨੂੰ ਏਜੰਟ ਨੇ 40 ਲੱਖ ਰੁਪਏ ਵਿੱਚ ਅਮਰੀਕਾ ਪਹੁੰਚਾਉਣ ਦਾ ਸੌਦਾ ਕੀਤਾ ਸੀ। ਇਹ ਰਕਮ ਉਨ੍ਹਾਂ ਨੇ ਨਕਦੀ, ਗੂਗਲ ਪੇਅ ਅਤੇ ਅਕਾਊਂਟ ਰਾਹੀਂ ਸਾਰੀ ਰਕਮ ਅਦਾ ਕੀਤੀ ਹੈ।

ਪਰਵਾਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੋ ਬੰਦੇ 50 ਤੋਂ 60 ਲੱਖ ਰੁਪਏ ਲਗਾ ਸਕਦੇ ਹਨ, ਉਨ੍ਹਾਂ ਨੂੰ ਏਜੰਟ ਫਲਾਈਟਾਂ ਰਾਹੀਂ ਤੇ ਹੋਟਲਾਂ ਵਿੱਚ ਠਹਿਰਾਅ ਕੇ ਬਾਰਡਰ ਟਪਾ ਕੇ ਸਿੱਧਾ ਅਮਰੀਕਾ ਵਿੱਚ ਦਾਖਲ ਕਰਵਾਉਂਦੇ ਹਨ।

ਕਪੂਰਥਲਾ ਵਾਲੀ ਐੱਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਏਜੰਟ ਨੇ ਪੀੜਤ ਨੂੰ 38 ਲੱਖ ਰੁਪਏ ਵਿੱਚ ਅਮਰੀਕਾ ਪਹੁੰਚਾਉਣਾ ਸੀ।

ਮਨਪ੍ਰੀਤ ਦੇ ਬਿਆਨਾਂ ਮੁਤਾਬਕ, "ਏਜੰਟ ਮੇਰੀ ਪਤਨੀ ਤੋਂ ਪਹਿਲਾਂ 15 ਲੱਖ ਰੁਪਏ ਲੈ ਗਿਆ ਸੀ। ਮੈਨੂੰ ਅਮਰੀਕਾ ਬਾਰਡਰ ਟਪਾਉਣ ਤੋਂ ਬਾਅਦ ਏਜੰਟ ਦਾ ਇੱਕ ਅਣਪਛਾਤਾ ਬੰਦਾ ਘਰੋਂ ਫਿਰ 25 ਲੱਖ ਰੁਪਏ ਲੈ ਗਿਆ।"

ਏਜੰਟ ਨੇ ਉਸ ਤੋਂ ਦੋ ਲੱਖ ਇਸ ਲਈ ਵੱਧ ਲਏ ਕਿਉਂਕਿ ਉਨ੍ਹਾਂ ਨੇ ਤਿਜੁਆਨਾ ਵਾਲੇ ਪਾਸਿਓਂ ਆਸਾਨ ਤਰੀਕੇ ਰਾਹੀਂ ਉਸ ਨੂੰ ਅਮਰੀਕਾ ਪਹੁੰਚਾਇਆ ਸੀ।

ਸੁਖਦੀਪ ਸਿੰਘ ਮੁਤਾਬਕ ਏਜੰਟ ਨਾਲ 60 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ, ਜਿਸ ਵਿੱਚੋਂ ਪੰਜ ਲੱਖ ਰੁਪਏ ਉਸ ਦੇ ਬੈਂਕ ਖਾਤੇ ਵਿੱਚ ਪਾ ਦਿੱਤੇ ਸਨ। ਫਿਰ ਉਸ ਦੀ ਪਤਨੀ ਨੇ 15 ਲੱਖ ਨਕਦ ਦਿੱਤੇ ਅਤੇ ਕੁਝ ਦਿਨਾਂ ਬਾਅਦ ਚਾਰ ਲੱਖ ਰੁਪਏ ਫਿਰ ਉਸ ਦੇ ਖਾਤੇ ਵਿੱਚ ਪਾਏ। ਇਸ ਤੋਂ ਬਾਅਦ ਦੋ ਲੱਖ ਗੂਗਲ ਪੇਅ ਰਾਹੀਂ ਅਤੇ ਅਮਰੀਕਾ ਦਾਖਲ ਕਰਵਾਉਣ ਤੋਂ ਬਾਅਦ ਬਾਕੀ ਰਹਿੰਦੀ ਰਕਮ 34 ਲੱਖ ਰੁਪਏ ਫਿਰ ਦਿੱਤੇ।

ਕਿਹੜੇ ਦੇਸ਼ਾਂ ਦੇ ਲੱਗਦੇ ਨੇ ਵੀਜ਼ੇ ਤੇ ਅਮਰੀਕਾ ਜਾਣ ਦਾ ਰੂਟ

ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦਾ ਰਾਹ ਕਈ ਘੁੰਮਣ-ਘੇਰੀਆਂ ਵਿੱਚੋਂ ਹੋ ਕੇ ਨਿਕਲਦਾ ਹੈ।

ਇਸ ਤਰ੍ਹਾਂ ਵਿਦੇਸ਼ ਭੇਜੇ ਜਾਂਦੇ ਲੋਕਾਂ ਦਾ ਪੈਂਡਾ ਇੱਕ-ਅੱਧੇ ਦਿਨ 'ਚ ਨਹੀਂ ਬਲਕਿ ਕਈ ਮਹੀਨਿਆਂ ਵਿੱਚ ਪੂਰਾ ਹੁੰਦਾ ਹੈ।

ਇਹ ਐੱਫਆਈਆਰਜ਼ ਦੱਸਦੀਆਂ ਹਨ ਕਿ ਏਜੰਟ ਵੱਖਰੇ-ਵੱਖਰੇ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਲੋਕਾਂ ਨੂੰ ਆਪਣੇ ਡੌਂਕਰਾਂ ਰਾਹੀਂ ਅੱਗੇ ਦੇ ਰਾਹ ਤੋਰਦੇ ਹਨ।

ਆਪਣੇ ਬਿਆਨਾਂ ਵਿੱਚ ਪੀੜਤਾਂ ਨੇ ਦੱਸਿਆ ਹੈ ਕਿ ਏਜੰਟਾਂ ਨੇ ਉਨ੍ਹਾਂ ਦੇ ਵੀਜ਼ੇ ਨਾਈਜ਼ੀਰੀਆ, ਯੂਕੇ, ਗੁਆਨਾ, ਸਪੇਨ, ਦੱਖਣੀ ਅਫ਼ਰੀਕਾ ਆਦਿ ਥਾਵਾਂ ਦੇ ਲਗਵਾਏ।

ਇਨ੍ਹਾਂ ਐੱਫਆਈਆਰਜ਼ ਵਿੱਚ ਇਹ ਵੀ ਸਾਹਮਣੇ ਆਇਆ ਕਿ ਏਜੰਟਾਂ ਵੱਲੋਂ ਲੋਕਾਂ ਨੂੰ ਅਮਰੀਕਾ ਪਹੁੰਚਾਉਣ ਦਾ ਰਾਹ ਦੁਬਈ, ਮੁੰਬਈ ਤੋਂ ਦੱਖਣੀ ਅਮਰੀਕਾ ਤੋਂ ਹੋ ਕੇ ਮੈਕਸਿਕੋ ਤੱਕ ਪਹੁੰਚਦਾ ਹੈ, ਜਿੱਥੋਂ ਉਨ੍ਹਾਂ ਨੂੰ ਬਾਰਡਰ ਟਪਾ ਕੇ ਅਮਰੀਕਾ ਵਿੱਚ ਦਾਖਲ ਕਰਵਾਇਆ ਜਾਂਦਾ ਹੈ।

ਇਨ੍ਹਾਂ ਦੇਸ਼ਾਂ ਤੋਂ ਬਾਅਦ ਏਜੰਟਾਂ ਦੇ ਬੰਦੇ ਇਨ੍ਹਾਂ ਲੋਕਾਂ ਨੂੰ ਗੱਡੀਆਂ, ਸਮੁੰਦਰੀ ਜਹਾਜ਼ਾਂ ਤੇ ਲੰਬੀਆਂ ਵਾਟਾਂ ਨੂੰ ਪੈਦਲ ਤੋਰ ਕੇ ਵੀ ਪੂਰਾ ਕਰਦੇ ਹਨ।

ਇਥੇ ਇਹ ਵੀ ਦੇਖਣ ਨੂੰ ਸਾਹਮਣੇ ਆਇਆ ਹੈ ਕਿ ਅਮਰੀਕਾ ਜਾਣ ਦਾ ਔਖਾ ਰਾਹ ਵੀ ਹੈ ਤੇ ਸੌਖਾਲਾ ਵੀ।

ਉਹ ਇਵੇਂ ਕਿ ਜੋ ਬੰਦੇ 50 ਤੋਂ 60 ਲੱਖ ਰੁਪਏ ਲਗਾ ਸਕਦੇ ਹਨ, ਉਨ੍ਹਾਂ ਨੂੰ ਏਜੰਟ ਫਲਾਈਟਾਂ ਰਾਹੀਂ ਤੇ ਹੋਟਲਾਂ ਵਿੱਚ ਠਹਿਰਾਅ ਕੇ ਬਾਰਡਰ ਟਪਾ ਕੇ ਸਿੱਧਾ ਅਮਰੀਕਾ ਵਿੱਚ ਦਾਖਲ ਕਰਵਾਉਂਦੇ ਹਨ।

ਪਰ ਜੋ ਘੱਟ ਪੈਸੇ ਯਾਨੀ 30-35 ਲੱਖ ਰੁਪਏ ਲਗਾਉਂਦੇ ਹਨ ਉਨ੍ਹਾਂ ਨੂੰ ਏਜੰਟਾਂ ਦੇ ਡੌਂਕਰ ਪਨਾਮਾ ਵਰਗੇ ਜੰਗਲਾਂ ਰਾਹੀਂ ਔਖੇ ਰਾਹਾਂ ਵਿੱਚੋਂ ਲੈ ਕੇ ਮੰਜ਼ਿਲ ਵੱਲ ਵਧਦੇ ਹਨ।

ਅਮਰੀਕਾ ਜਾਣ ਦਾ ਔਖਾ ਰਾਹ ਵੀ ਹੈ ਤੇ ਸੌਖਾਲਾ ਵੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਜਾਣ ਦਾ ਔਖਾ ਰਾਹ ਵੀ ਹੈ ਤੇ ਸੌਖਾਲਾ ਵੀ।

ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਪਰਤੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਜਸਪਾਲ ਸਿੰਘ ਨੇ ਬੀਬੀਸੀ ਦੇ ਪੱਤਰਕਾਰ ਗੁਰਪ੍ਰੀਤ ਸਿੰਘ ਚਾਵਲਾ ਨਾਲ ਖਾਸ ਗੱਲਬਾਤ ਕੀਤੀ।

ਉਹ ਦੱਸਦੇ ਹਨ, "ਮੈਨੂੰ ਏਜੰਟ ਨੇ ਇੰਗਲੈਂਡ ਤੋਂ ਯੂਰਪ ਬੁਲਾ ਲਿਆ ਸੀ। ਮੈਨੂੰ ਉਸ ਸਮੇਂ ਅਮਰੀਕਾ ਪਹੁੰਚਣ ਤੱਕ ਪੂਰੇ ਛੇ ਮਹੀਨੇ ਲੱਗੇ। ਮੈਂ ਪਹਿਲਾਂ ਬਰਾਜ਼ਿਲ ਤੱਕ ਫਲਾਈਟ ਰਾਹੀਂ ਗਿਆ ਤੇ ਉਸ ਤੋਂ ਬਾਅਦ ਕਦੇ ਪੈਦਲ ਤੇ ਕਦੇ ਸੜਕਾਂ ਰਾਹੀਂ ਸਫ਼ਰ ਕੀਤਾ। ਉਹ ਚਾਰ ਦਿਨ ਪਨਾਮਾ ਦੇ ਜੰਗਲਾਂ ਵਿੱਚ ਹੀ ਰਹੇ। ਇਸ ਸਮੇਂ ਡੌਂਕਰਾਂ ਨੇ ਸਾਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਕੀਤਾ।"

ਜਸਪਾਲ ਦਾ ਕਹਿਣਾ ਹੈ ਕਿ ਇਸ ਸਫ਼ਰ ਦੌਰਾਨ ਖਾਸਕਰ ਲੜਕੀਆਂ ਨਾਲ ਡੌਂਕਰ ਬਦਸਲੂਕੀ ਵੀ ਕਰਦੇ ਹਨ। ਉਹ ਇਹ ਵੀ ਦੱਸਦੇ ਹਨ ਕਿ ਇਨ੍ਹਾਂ ਜੰਗਲਾਂ ਰਾਹੀਂ ਉਨ੍ਹਾਂ ਨੂੰ ਕਈ ਲਾਸ਼ਾਂ ਵੀ ਮਿਲੀਆਂ, ਜੋ ਕਈ ਪੰਜਾਬੀਆਂ ਦੀਆਂ ਵੀ ਸਨ।

ਪਟਿਆਲਾ ਵਿਚਲੀ ਐੱਫਆਈਆਰ ਤੋਂ ਪਤਾ ਚੱਲਦਾ ਹੈ ਕਿ ਅਮਰੀਕਾ ਪਹੁੰਚਣ ਦੇ ਚਾਹਵਾਨ ਅਸਲੀਅਤ ਤੋਂ ਜਾਣੂ ਹੋ ਕੇ ਵੀ ਆਪਣੀ ਜਾਨ ਦੀ ਬਾਜ਼ੀ ਲਾਉਣ ਵੀ ਤਿਆਰ ਹਨ।

ਜਤਿੰਦਰ (ਕਾਲਪਨਿਕ ਨਾਮ) ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦੇ ਏਜੰਟ ਨੇ ਉਨ੍ਹਾਂ ਨੂੰ ਪਹਿਲਾਂ ਦੁਬਈ ਭੇਜਿਆ, ਜਿੱਥੇ ਉਹ ਕਰੀਬ 45 ਦਿਨ ਰਹਿ ਕੇ ਵਾਪਸ ਭਾਰਤ ਆ ਗਿਆ ਸੀ।

"ਮੈਂ ਫਿਰ 10-15 ਦਿਨ ਦਿੱਲੀ ਰਿਹਾ ਉਸ ਤੋਂ ਬਾਅਦ ਫਿਰ ਦੁਬਈ ਚਲਿਆ ਗਿਆ। ਇਥੋਂ ਏਜੰਟ ਦੇ ਬੰਦਿਆਂ ਨੇ ਮੇਰੀ ਕੋਨਾਕਰੀ ਸ਼ਹਿਰ ਦੀ ਫਲਾਈਟ ਕਰਵਾ ਦਿੱਤੀ, ਉਥੋਂ ਮੈਂ ਐਮਸਟਰਡੈਮ ਗਿਆ। ਇਥੇ ਮੈਨੂੰ ਪੁਲਿਸ ਨੇ ਫੜ ਕੇ ਵਾਪਸ ਭਾਰਤ ਭੇਜ ਦਿੱਤਾ ਸੀ।"

ਜਤਿੰਦਰ ਮੁਤਾਬਕ ਫਿਰ ਏਜੰਟ ਨੇ ਉਸ ਨੂੰ ਮੁੰਬਈ ਭੇਜਿਆ, ਜਿੱਥੋਂ ਉਸ ਦੀ ਸੁਰੀਨਾਮ ਦੀ ਫਲਾਈਟ ਕਰਵਾਈ। ਇਥੋਂ ਏਜੰਟ ਦੇ ਡੌਂਕਰ ਸਾਨੂੰ ਕਰੀਬ 20 ਬੰਦਿਆਂ ਨੂੰ ਕਿਸ਼ਤੀ ਰਾਹੀਂ ਗੁਆਨਾ ਲੈ ਗਏ ਤੇ ਗੁਆਨਾ ਤੋਂ ਗੱਡੀਆਂ ਰਾਹੀਂ ਬਰਾਜ਼ਿਲ ਲੈ ਗਏ। ਫਿਰ ਬਰਾਜ਼ਿਲ ਤੋਂ ਬੋਲੀਵੀਆ, ਪੇਰੂ, ਇਕਵਾਡੋਰ ਅਤੇ ਫਿਰ ਬੱਸਾਂ ਰਾਹੀਂ ਕੋਲੰਬੀਆ ਲੈ ਕੇ ਗਏ। ਇਥੇ ਅਸੀਂ ਕਰੀਬ 12-13 ਦਿਨ ਰਹੇ। ਇਥੋਂ ਏਜੰਟ ਦੇ ਬੰਦੇ ਸਾਨੂੰ 25-30 ਜਾਣਿਆਂ ਨੂੰ ਕਿਸ਼ਤੀ ਰਾਹੀਂ ਕਪੂਰਗਾਨਾ ਟਾਪੂ ਲੈ ਗਏ ਤੇ ਇਥੋਂ ਫਿਰ ਕਿਸ਼ਤੀ ਵਿੱਚ ਬਿਠਾ ਕੇ ਪਨਾਮਾ ਦੇ ਜੰਗਲਾਂ ਵਿੱਚ ਛੱਡ ਦਿੱਤਾ।"

"ਇਨ੍ਹਾਂ ਜੰਗਲਾਂ ਵਿੱਚ ਅਸੀਂ 4-5 ਦਿਨ ਚੱਲਦੇ ਰਹੇ, ਫਿਰ ਪਨਾਮਾ ਤੋਂ ਸਾਨੂੰ 10-10 ਬੰਦੇ ਕਰ ਕੇ ਸਬਜ਼ੀਆਂ ਵਾਲੀਆਂ ਗੱਡੀਆਂ ਵਿੱਚ ਲੁਕੋ ਕੇ ਪਨਾਮਾ ਸਿਟੀ ਲਿਆਂਦਾ ਗਿਆ। ਫਿਰ ਇਥੋਂ ਬੱਸ ਵਿੱਚ ਕੋਸਟਾਰੀਕਾ ਤੋਂ ਹੁੰਦੇ ਹੋਏ ਨਿਕਾਰਾਗੋਆ, ਹੌਂਡੂਰਸ, ਗੁਆਟੇਮਾਲਾ ਤੋਂ ਮੈਕਸਿਕੋ ਦੇ ਬਾਰਡਰ ਤੱਕ ਲਿਆਂਦਾ ਗਿਆ।"

ਜਤਿੰਦਰ ਮੁਤਾਬਕ ਸਾਰੇ ਸਫ਼ਰ ਦੌਰਾਨ ਡੌਂਕਰ ਬਦਲਦੇ ਰਹਿੰਦੇ ਸਨ।

"ਇਥੋਂ ਸਾਨੂੰ 60-70 ਬੰਦਿਆਂ ਨੂੰ ਬੱਸ ਵਿੱਚ ਬਿਠਾ ਕੇ ਕੈਨਕੁਨ ਸਿਟੀ, ਮੂਸਾ ਤੋਂ ਕੰਨਟੇਨਰ ਰਾਹੀਂ ਗੁਆਟੇਮਾਲਾ ਮੈਕਸਿਕੋ ਸਿਟੀ ਲੈ ਗਏ। ਇਥੇ ਅਸੀਂ 10-12 ਦਿਨ ਹੋਟਲ ਵਿੱਚ ਰਹੇ, ਜਿਥੋਂ ਸਾਡੀ ਆਈਡੀ ਬਣਾ ਕੇ ਸੈਨਕੋਬਾ ਫਲਾਈਟ ਰਾਹੀਂ ਭੇਜਿਆ। ਇਥੋਂ ਗੱਡੀ ਵਿੱਚ ਬਿਠਾ ਕੇ ਤੇਜੁਆਨਾ ਲੈ ਗਏ, ਜਿਥੋਂ ਸਾਨੂੰ ਅਮਰੀਕਾ ਦਾ ਬਾਰਡਰ ਟਪਾ ਦਿੱਤਾ।"

ਡੌਂਕਰਾਂ ਲਈ ਰੱਖੇ ਜਾਂਦੇ ਨੇ 'ਕੋਡ' ਤੇ ਏਜੰਟਾਂ ਦੇ ਫਰਜ਼ੀ ਨਾਮ

ਪਨਾਮਾ ਦੇ ਜੰਗਲਾਂ ਵਿੱਚੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਲੰਘਦੇ ਹੋਏ ਲੋਕਾਂ ਦੀ 2021 ਦੀ ਇੱਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਨਾਮਾ ਦੇ ਜੰਗਲਾਂ ਵਿੱਚੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਲੰਘਦੇ ਹੋਏ ਲੋਕਾਂ ਦੀ 2021 ਦੀ ਇੱਕ ਤਸਵੀਰ

ਪੰਜਾਬ ਤੋਂ ਇੱਕ ਸਾਲ ਪਹਿਲਾਂ ਅਮਰੀਕਾ ਪਹੁੰਚੇ ਇੱਕ ਹੋਰ ਨੌਜਵਾਨ ਨੇ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ ਉਪਰ ਵਿਦੇਸ਼ ਦੀ ਧਰਤੀ 'ਤੇ ਪਹੁੰਚਣ ਦੇ ਆਪਣੇ ਸਫ਼ਰ ਬਾਰੇ ਗੱਲਬਾਤ ਕੀਤੀ ਹੈ।

ਗੁਰਬਖਸ਼ ਨੇ ਦੱਸਿਆ, "ਮੈਨੂੰ ਏਜੰਟ ਨੇ ਇੱਕ ਮਹੀਨੇ ਵਿੱਚ ਅਮਰੀਕਾ ਪਹੁੰਚਾਉਣ ਦਾ ਵਾਅਦਾ ਕੀਤਾ ਸੀ। ਮੇਰੇ ਤੋਂ ਉਸ ਨੇ ਸਿਰਫ ਮੇਰਾ ਇੱਕ ਪਾਸਪੋਰਟ ਲਿਆ ਤੇ ਬਾਕੀ ਸਾਰਾ ਕੁਝ ਉਸ ਨੇ ਖੁਦ ਹੀ ਕੀਤਾ।"

ਉਹ ਦੱਸਦੇ ਹਨ ਕਿ ਜਦੋਂ ਉਹ ਭਾਰਤ ਤੋਂ ਫਲਾਈਟ ਰਾਹੀਂ ਦੂਜੇ ਕਿਸੇ ਦੇਸ਼ ਵਿੱਚ ਪਹੁੰਚਦੇ ਹਨ ਤਾਂ ਉਥੋਂ ਲੈ ਕੇ ਅੱਗੇ ਤੱਕ ਏਜੰਟ ਉਨ੍ਹਾਂ ਨੂੰ ਇਕੋ ਕੱਪੜੇ ਪਾ ਕੇ ਰੱਖਣ ਲਈ ਕਹਿੰਦਾ ਹੈ।

ਇਸ ਦੀ ਵਜ੍ਹਾ ਪੁੱਛਣ 'ਤੇ ਉਹ ਦੱਸਦੇ ਹਨ ਕਿ ਏਜੰਟ ਵੱਲੋਂ ਖਾਸ ਹਦਾਇਤ ਕੀਤੀ ਜਾਂਦੀ ਹੈ ਕਿ ਡੌਂਕਰਾਂ ਨੂੰ ਤੁਹਾਡੀ ਪਛਾਣ ਕਰਨ ਲਈ ਕੱਪੜੇ ਨਾ ਬਦਲਣ ਲਈ ਕਿਹਾ ਜਾਂਦਾ ਹੈ।

"ਏਜੰਟ ਵੱਲੋਂ ਸਾਡੀਆਂ ਤਸਵੀਰਾਂ ਡੌਂਕਰਾਂ ਨੂੰ ਭੇਜੀਆਂ ਜਾਂਦੀਆਂ ਹਨ, ਇਸ ਕਰ ਕੇ ਅਸੀਂ ਕੱਪੜੇ ਨਹੀਂ ਬਦਲਦੇ ਤਾਂਕਿ ਅੱਗੇ ਜਦੋਂ ਅਸੀਂ ਫਲਾਈਟ ਉਤਰੀਏ ਤਾਂ ਡੌਂਕਰ ਸਾਨੂੰ ਪਛਾਣ ਲੈਣ।"

"ਏਜੰਟ ਦੇ ਡੌਂਕਰ ਲੈਣ ਲਈ ਤਿਆਰ ਰਹਿੰਦੇ ਹਨ, ਜਦੋਂ ਅਸੀਂ ਫਲਾਈਟ ਵਿੱਚੋਂ ਉਤਰਦੇ ਹਾਂ ਤਾਂ ਬਾਹਰ ਡੌਂਕਰ ਸਾਡੇ ਕੱਪੜਿਆਂ ਤੋਂ ਪਛਾਣ ਕੇ ਰਿਸੀਵ ਕਰ ਲੈਂਦੇ ਹਨ ਤੇ ਗੱਡੀ ਵਿੱਚ ਲੈ ਜਾਂਦੇ ਹਨ।"

ਉਹ ਇਹ ਵੀ ਦੱਸਦੇ ਹਨ ਕਿ ਏਜੰਟ ਕਦੇ ਆਪਣਾ ਸਹੀ ਨਾਮ ਨਹੀਂ ਦੱਸਦੇ। ਉਨ੍ਹਾਂ ਦੱਸਿਆ, "ਮੇਰੇ ਏਜੰਟ ਨੇ ਮੈਨੂੰ ਕਦੇ ਆਪਣਾ ਸਹੀ ਨਾਮ ਨਹੀਂ ਦੱਸਿਆ ਕਦੇ ਉਹ ਆਪਣਾ ਰਿੰਕੂ ਦੱਸਦਾ ਸੀ ਤੇ ਕਦੇ ਲਾਡੀ।"

ਗੁਰਦਾਸਪੁਰ ਦੇ ਪੀੜਤ ਨੇ ਵੀ ਆਪਣੇ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਇੱਕ ਏਜੰਟ ਨੇ ਅਮਰੀਕਾ ਵਿੱਚ ਦਾਖਲ ਕਰਵਾਇਆ ਸੀ, ਜਿਸ ਦਾ ਨਾਮ ਡਾਕਟਰ ਸੀ।

ਪੁਲਿਸ ਵੱਲੋਂ ਗਠਿਤ ਐੱਸਆਈਟੀ ਦੀ ਕਾਰਵਾਈ

ਅਮਰੀਕੀ ਫੌਜ ਦਾ ਜਹਾਜ਼ ਜਦੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਉਪਰ ਲੈ ਕੇ ਪਹੁੰਚਿਆ ਤਾਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਨ੍ਹਾਂ ਨੂੰ ਲੈਣ ਪਹੁੰਚੇ।

ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਮਾਮਲੇ ਸਬੰਧੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ।

ਇਹ ਸਿੱਟ ਏਡੀਜੀਪੀ ਐੱਨਆਰਆਈ ਮਾਮਲਿਆਂ ਪ੍ਰਵੀਨ ਸਿਨਹਾ ਦੀ ਅਗਵਾਈ ਵਿੱਚ ਬਣਾਈ ਗਈ, ਜਿਸ ਵਿੱਚ ਏ.ਡੀ.ਜੀ.ਪੀ. ਅੰਦਰੂਨੀ ਸੁਰੱਖਿਆ ਸ਼ਿਵੇ ਕੁਮਾਰ ਵਰਮਾ, ਆਈ.ਜੀ.ਪੀ. ਪ੍ਰੋਵੀਜਨਿੰਗ ਡਾ. ਐੱਸ ਬੂਪਤੀ ਅਤੇ ਡੀ.ਆਈ.ਜੀ. ਬਾਰਡਰ ਰੇਂਜ ਸਤਿੰਦਰ ਸਿੰਘ ਸ਼ਾਮਲ ਹਨ।

ਪੰਜਾਬ ਪੁਲਿਸ ਨੇ ਹੁਣ ਤੱਕ ਇੱਕ-ਇੱਕ ਮਾਮਲਾ ਐੱਸਬੀਐੱਸ ਨਗਰ, ਕਪੂਰਥਲਾ, ਅੰਮ੍ਰਿਤਸਰ ਦਿਹਾਤੀ, ਤਰਨ ਤਾਰਨ, ਪਟਿਆਲਾ, ਅੰਮ੍ਰਿਤਸਰ ਤੇ ਦੋ-ਦੋ ਮਾਮਲੇ ਗੁਰਦਾਸਪੁਰ ਜ਼ਿਲ੍ਹੇ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਰਜ ਕੀਤੇ ਹਨ।

ਪੁਲਿਸ ਦੇ ਬਿਆਨ ਮੁਤਾਬਕ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਵਤਨ ਵਾਪਸ ਪਰਤਣ ਵਾਲਿਆਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕਰ ਕੇ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਨਿਆਂ ਦਾ ਭਰੋਸਾ ਦਿੱਤਾ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਧੋਖਾਧੜੀ ਕਰਨ ਵਾਲੇ ਇਮੀਗ੍ਰੇਸ਼ਨ ਨੈੱਟਵਰਕ ਵਿਰੁੱਧ ਕਾਰਵਾਈ ਕਰਨ ਅਤੇ ਟਰੈਵਲ ਏਜੰਟਾਂ ਵੱਲੋਂ ਕੀਤੇ ਜਾ ਰਹੇ ਪੰਜਾਬ ਦੀ ਨੌਜਵਾਨੀ ਦੇ ਸ਼ੋਸ਼ਣ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)