ਅਮਰੀਕੀ ਖ਼ੁਫ਼ੀਆ ਏਜੰਸੀਆਂ ਦੀ ਮੁਖੀ ਤੁਲਸੀ ਗੈਬਾਰਡ ਕੌਣ ਹਨ ਜਿਸ ਨੂੰ ਮੋਦੀ ਵੀ ਮਿਲੇ

ਤਸਵੀਰ ਸਰੋਤ, Reuters
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਵਿੱਚ ਤੁਲਸੀ ਗੈਬਾਰਡ ਨਾਲ ਮੁਲਾਕਾਤ ਕੀਤੀ।
ਬੁੱਧਵਾਰ ਨੂੰ, ਤੁਲਸੀ ਗੈਬਾਰਡ ਨੂੰ ਅਮਰੀਕਾ ਦੀ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਬਣਾਏ ਜਾਣ ਬਾਰੇ ਪੁਸ਼ਟੀ ਕੀਤੀ ਗਈ ਸੀ। ਜ਼ਿਕਰਯੋਗ ਹੈ ਤੁਲਸੀ ਦੀ ਚੋਣ ਨੂੰ ਟਰੰਪ ਕੈਬਨਿਟ ਦੀ ਸਭ ਤੋਂ ਵਿਵਾਦਪੂਰਨ ਚੋਣ ਦੱਸਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਤੁਲਸੀ ਗੈਬਾਰਡ ਨੂੰ ਉਨ੍ਹਾਂ ਦੀ ਚੋਣ ਲਈ ਵਧਾਈ ਦਿੱਤੀ।
ਉਨ੍ਹਾਂ ਨੇ ਐਕਸ 'ਤੇ ਲਿਖਿਆ, "ਵਾਸ਼ਿੰਗਟਨ ਡੀਸੀ ਵਿੱਚ ਅਮਰੀਕਾ ਦੇ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਤੁਲਸੀ ਗੈਬਾਰਡ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਨਿਯੁਕਤੀ 'ਤੇ ਵਧਾਈ ਦਿੱਤੀ।''
"ਇਸ ਦੌਰਾਨ ਉਨ੍ਹਾਂ ਨਾਲ ਭਾਰਤ-ਅਮਰੀਕਾ ਦੋਸਤੀ ਦੇ ਕਈ ਪਹਿਲੂਆਂ 'ਤੇ ਚਰਚਾ ਕੀਤੀ ਗਈ। ਉਹ ਹਮੇਸ਼ਾ ਇਸ ਦੀ ਮਜ਼ਬੂਤ ਸਮਰਥਕ ਰਹੀ ਹੈ।''
ਤੁਲਸੀ ਗੈਬਾਰਡ ਅਮਰੀਕਾ ਦੀਆਂ 18 ਖ਼ੁਫ਼ੀਆ ਏਜੰਸੀਆਂ ਦੀ ਨਿਗਰਾਨੀ ਕਰਨਗੇ। ਇਨ੍ਹਾਂ ਵਿੱਚ ਸੀਆਈਏ, ਐੱਫ਼ਬੀਆਈ ਅਤੇ ਨੈਸ਼ਨਲ ਸਕਿਓਰਿਟੀ ਏਜੰਸੀ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਉਹ 70 ਅਰਬ ਡਾਲਰ ਤੋਂ ਵੱਧ ਦੇ ਬਜਟ ਨੂੰ ਵੀ ਸੰਭਾਲੇਗੀ।

ਰਾਸ਼ਟਰੀ ਖ਼ੁਫ਼ੀਆ ਏਜੰਸੀ ਦੇ ਨਿਰਦੇਸ਼ਕ ਤੁਲਸੀ ਗੈਬਾਰਡ
ਬੀਬੀਸੀ ਪੱਤਰਕਾਰ ਰਾਸ਼ੇਲ ਲੁੱਕਰ ਦੀ ਰਿਪੋਰਟ ਮੁਤਾਬਕ ਤੁਲਸੀ ਬਹੁਤ ਹੀ ਘੱਟ ਫ਼ਰਕ ਨਾਲ ਰਾਸ਼ਟਰੀ ਖ਼ੁਫ਼ੀਆ ਨਿਰਦੇਸ਼ਕ ਦੀ ਦੌੜ ਜਿੱਤ ਸਕੇ।
ਤੁਲਸੀ ਸਾਬਕਾ ਡੈਮੋਕ੍ਰੇਟ ਹਨ ਜਿਨ੍ਹਾਂ ਨੂੰ ਅਮਰੀਕੀ ਜਾਸੂਸੀ ਏਜੰਸੀਆਂ ਦੇ ਨਿਗਰਾਨ ਦੇ ਅਹੁਦੇ ਲਈ ਰਿਪਬਲਿਕਨ ਬਹੁਮਤ ਜ਼ਰੀਏ 52-48 ਵੋਟਾਂ ਨਾਲ ਮਨਜ਼ੂਰੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸੈਨੇਟ ਦੇ ਸਾਬਕਾ ਮਜਿਓਰਿਟੀ ਲੀਡਰ ਮਿਚ ਮੈਕਕੋਨੇਲ , ਜੋ ਕਿ ਰਿਪਬਲਿਕ ਪਾਰਟੀ ਤੋਂ ਹੀ ਹਨ, ਨੇ ਵੀ ਤੁਲਸੀ ਵਿਰੁੱਧ ਵੋਟ ਪਾਉਣ ਵਿੱਚ ਡੈਮੋਕ੍ਰੇਟਸ ਦਾ ਸਾਥ ਦਿੱਤਾ।
ਗੈਬਾਰਡ ਦੀ ਨਾਮਜ਼ਦਗੀ ਪ੍ਰਕਿਰਿਆ ਬੇਹੱਦ ਔਖੀ ਸੀ। ਇਸ ਦਾ ਕਾਰਨ ਸੀ ਉਨ੍ਹਾਂ ਦਾ ਖ਼ੁਫ਼ੀਆ ਸੁਰੱਖਿਆ ਅਤੇ ਏਜੰਸੀਆਂ ਦੇ ਮਾਮਲੇ ਵਿੱਚ ਘੱਟ ਤਜ਼ਬਰੇਕਾਰ ਹੋਣਾ ਅਤੇ ਨਾਲ ਹੀ ਕਈ ਕੀਮਤੀ ਰਿਪਬਲਿਕਨ ਵੋਟਾਂ ਦੇ ਉਨ੍ਹਾਂ ਦੇ ਵਿਰੋਧ ਵਿੱਚ ਭੁਗਤ ਜਾਣ ਦਾ ਡਰ ਜ਼ਾਹਰ ਕੀਤਾ ਜਾ ਰਿਹਾ ਸੀ।
ਟਰੰਪ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਸਾਬਕਾ ਫ਼ੌਜੀ ਨੂੰ ਉਨ੍ਹਾਂ ਦੇ 'ਨਿਡਰ ਜਜ਼ਬੇ' ਲਈ ਚੁਣਿਆ ਗਿਆ ਸੀ।
ਹਾਲਾਂਕਿ ਇਸ ਸਾਬਕਾ ਡੈਮੋਕ੍ਰੇਟ ਦੀ ਚੋਣ ਵਿਵਾਦਾਂ ਦੇ ਘੇਰੇ ਵਿੱਚ ਰਹੀ ਹੈ। ਡੈਮੋਕ੍ਰੇਟਸ ਵੱਲੋਂ ਵੋਟਾਂ ਨਾ ਮਿਲਣ ਦਾ ਖਦਸ਼ਾ ਸੁਭਾਵਿਕ ਸੀ ਪਰ ਉਨ੍ਹਾਂ ਨੂੰ ਇੱਕ ਪ੍ਰਮੁੱਖ ਰਿਪਬਲਿਕਨ ਸ਼ਖਸੀਅਤ, ਮੈਕਕੋਨੇਲ ਦੀ ਵੋਟ ਵੀ ਹਾਸਲ ਨਹੀਂ ਹੋਈ।
ਵੋਟਿੰਗ ਤੋਂ ਬਾਅਦ, ਮੈਕਕੋਨੇਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਸ ਭੂਮਿਕਾ ਲਈ ਅਯੋਗ ਸਨ।
ਉਨ੍ਹਾਂ ਕਿਹਾ,"ਮੇਰੇ ਮੁਲਾਂਕਣ ਵਿੱਚ, ਤੁਲਸੀ ਗੈਬਾਰਡ ਇਹ ਦਿਖਾਉਣ ਵਿੱਚ ਅਸਫਲ ਰਹੀ ਕਿ ਉਹ ਇਸ ਜ਼ਬਰਦਸਤ ਰਾਸ਼ਟਰੀ ਭਰੋਸੇ ਵਾਲੇ ਅਹੁਦੇ ਨੂੰ ਸੰਭਾਲਣ ਲਈ ਤਿਆਰ ਹਨ।"

ਤਸਵੀਰ ਸਰੋਤ, Getty Images
ਮੈਕਕੋਨੇਲ ਨੇ ਤੁਲਸੀ ਨਾਲ ਜੁੜੇ ਵਿਵਾਦਾਂ ਨੂੰ ਲੈ ਕਿ ਚਿੰਤਾ ਦਾ ਇਜ਼ਹਾਰ ਵੀ ਕੀਤਾ।
ਜ਼ਿਕਰਯੋਗ ਹੈ ਕਿ ਗੈਬਾਰਡ ਨੂੰ ਜਨਵਰੀ ਦੇ ਅੰਤ ਵਿੱਚ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਸੁਣਵਾਈ ਦਾ ਸਾਹਮਣਾ ਕਰਨਾ ਪਿਆ ਸੀ ਜਿੱਥੇ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਤੋਂ ਵ੍ਹਿਸਲਬਲੋਅਰ ਐਡਵਰਡ ਸਨੋਡੇਨ ਬਾਰੇ ਉਨ੍ਹਾਂ ਦੀਆਂ ਕੀਤੀਆਂ ਟਿੱਪਣੀਆਂ, ਸਰਕਾਰ ਦੇ ਨਿਗਰਾਨੀ ਅਥਾਰਟੀ ਬਾਰੇ ਉਨ੍ਹਾਂ ਦੇ ਵਿਚਾਰਾਂ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਸੀਰੀਆ ਦੇ ਸਾਬਕਾ ਤਾਨਾਸ਼ਾਹ ਬਸ਼ਰ ਅਲ-ਅਸਦ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਸੀ।
ਇੱਕ ਬਹਿਸ ਦੌਰਾਨ, ਕਾਨੂੰਨਸਾਜ਼ਾਂ ਨੇ ਗੈਬਾਰਡ ਨੂੰ ਵਾਰ-ਵਾਰ ਇਹ ਜਵਾਬ ਦੇਣ ਲਈ ਮਜਬੂਰ ਕੀਤਾ ਕਿ ਕੀ ਉਹ ਸਨੋਡੇਨ ਜਿਸ ਨੇ ਅਮਰੀਕਾ 'ਤੇ ਗ਼ੈਰ-ਕਾਨੂੰਨੀ ਨਿਗਰਾਨੀ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਗੁਪਤ ਦਸਤਾਵੇਜ਼ ਲੀਕ ਕੀਤੇ ਸਨ ਨੂੰ, ਅਮਰੀਕਾ ਦਾ ਗੱਦਾਰ ਮੰਨਦੇ ਹਨ।
ਗੈਬਾਰਡ ਨੇ ਪਹਿਲਾਂ ਉਨ੍ਹਾਂ ਨੂੰ 'ਬਹਾਦਰ' ਕਿਹਾ ਸੀ ਅਤੇ ਦਲੀਲ ਦਿੱਤੀ ਸੀ ਕਿ ਉਸ ਨੂੰ ਉਸਦੇ ਅਪਰਾਧਾਂ ਲਈ ਮੁਆਫ਼ ਕਰ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ "ਹਾਂ" ਜਾਂ "ਨਹੀਂ" ਵਿੱਚ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਨਾਲ ਕੁਝ ਰਿਪਬਲਿਕਨਾਂ ਵਿੱਚ ਸ਼ੱਕ ਪੈਦਾ ਹੋ ਗਿਆ।
ਪਰ ਇਹ ਉਨ੍ਹਾਂ ਦੇ ਹੱਕ ਵਿੱਚ ਪੈਣ ਵਾਲੀਆਂ ਵੋਟਾਂ ਨੂੰ ਰੋਕਣ ਲਈ ਕਾਫ਼ੀ ਨਹੀਂ ਸੀ।
ਤੁਲਸੀ ਨੇ ਅਮਰੀਕੀ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਟਰੰਪ ਦਾ ਸਮਰਥਨ ਕੀਤਾ ਅਤੇ ਪਿਛਲੇ ਅਕਤੂਬਰ ਵਿੱਚ ਅਧਿਕਾਰਤ ਤੌਰ 'ਤੇ ਰਿਪਬਲਿਕਨ ਪਾਰਟੀ ਵਿੱਚ ਸ਼ਾਮਲ ਹੋਏ ਸਨ।
ਤੁਲਸੀ ਗੈਬਾਰਡ ਕੌਣ ਹੈ?

ਤਸਵੀਰ ਸਰੋਤ, Getty Images
ਇਰਾਕ ਵਿੱਚ ਇੱਕ ਮੈਡੀਕਲ ਯੂਨਿਟ ਵਿੱਚ ਸੇਵਾ ਨਿਭਾਉਣ ਵਾਲੀ ਇੱਕ ਸਾਬਕਾ ਫੌਜੀ, ਗੈਬਾਰਡ ਨੇ ਆਪਣੇ ਕਰੀਅਰ ਵਿੱਚ ਕਈ ਸਿਆਸੀ ਕਰਵਟਾਂ ਲਈਆਂ ਹਨ।
ਉਹ ਪਹਿਲੀ ਵਾਰ 2002 ਵਿੱਚ 21 ਸਾਲ ਦੀ ਉਮਰ ਵਿੱਚ ਹਵਾਈ ਰਾਜ ਵਿਧਾਨ ਸਭਾ ਲਈ ਚੁਣੀ ਗਏ ਸਨ, ਜੋ ਕਿ ਰਾਜ ਵਿੱਚ ਚੁਣੀ ਗਈ ਸਭ ਤੋਂ ਛੋਟੀ ਉਮਰ ਦੀ ਮੈਂਬਰ ਸੀ।
ਗੈਬਾਰਡ 2013 ਤੋਂ 2021 ਤੱਕ ਕਾਂਗਰਸ ਵਿੱਚ ਹਵਾਈ ਦੀ ਨੁਮਾਇੰਦਗੀ ਕਰਦੇ ਰਹੇ। ਇਹ ਪਹਿਲੀ ਵਾਰ ਸੀ ਜਦੋਂ ਇਹ ਭੂਮਿਕਾ ਇੱਕ ਹਿੰਦੂ ਔਰਤ ਨਿਭਾ ਰਹੀ ਸੀ।
ਉਨ੍ਹਾਂ ਨੇ ਪਹਿਲਾਂ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਿਹਤ ਸੰਭਾਲ, ਮੁਫ਼ਤ ਕਾਲਜ ਟਿਊਸ਼ਨ ਅਤੇ ਹਥਿਆਰ ਨਿਯੰਤਰਣ ਵਰਗੇ ਉਦਾਰਵਾਦੀ ਮੁੱਦਿਆਂ ਦੀ ਹਿਮਾਇਤ ਕੀਤੀ ਸੀ।
ਇਹ ਮੁੱਦੇ 2020 ਵਿੱਚ ਡੈਮੋਕ੍ਰੇਟਿਕ ਰਾਸ਼ਟਰਪਤੀ ਨਾਮਜ਼ਦਗੀ ਲਈ ਉਨ੍ਹਾਂ ਦੀ ਦੌੜ ਦਾ ਹਿੱਸਾ ਸਨ। ਪਰ ਬਾਅਦ ਵਿੱਚ ਜੋਅ ਬਾਇਡਨ ਦਾ ਸਮਰਥਨ ਕੀਤਾ ਸੀ।
2022 ਵਿੱਚ ਉਨ੍ਹਾਂ ਨੇ ਡੈਮੋਕ੍ਰੇਟਿਕ ਪਾਰਟੀ ਛੱਡ ਦਿੱਤੀ ਅਤੇ ਸ਼ੁਰੂ ਵਿੱਚ ਇੱਕ ਆਜ਼ਾਦ ਸਿਆਸੀ ਆਗੂ ਵਜੋਂ ਰਜਿਸਟਰ ਹੋਏ।
ਫੌਕਸ ਨਿਊਜ਼ ਲਈ ਯੋਗਦਾਨ ਪਾਉਣ ਵਾਲੀ ਤੁਲਸੀ, ਬਰਾਬਰਤਾ ਅਤੇ ਬੋਲਣ ਦੀ ਆਜ਼ਾਦੀ ਵਰਗੇ ਵਿਸ਼ਿਆਂ 'ਤੇ ਖੁੱਲ੍ਹ ਕੇ ਬੋਲਣ ਲਈ ਜਾਣੇ ਜਾਂਦੇ ਹਨ।
ਅਕਤੂਬਰ ਵਿੱਚ ਅਧਿਕਾਰਿਤ ਤੌਰ 'ਤੇ ਰਿਪਬਲਿਕਨ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਡੌਨਲਡ ਟਰੰਪ ਦਾ ਸਪੱਸ਼ਟ ਤੌਰ 'ਤੇ ਸਮਰਥਨ ਕਰਨ ਲੱਗੇ ਸਨ।
ਸੀਰੀਆ ਅਤੇ ਯੂਕਰੇਨ 'ਤੇ ਵਿਵਾਦਪੂਰਨ ਟਿੱਪਣੀਆਂ

ਤਸਵੀਰ ਸਰੋਤ, Getty Images
2019 ਵਿੱਚ, ਗੈਬਾਰਡ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਦੀ ਨਾਮਜ਼ਦਗੀ ਹਾਸਿਲ ਕਰਨ ਦੀ ਦੌੜ ਵਿੱਚ ਸ਼ੁਮਾਰ ਸਨ।
ਇਸ ਦੌਰਾਨ ਰੂਸੀ ਸਰਕਾਰੀ ਮੀਡੀਆ 'ਤੇ ਗੈਬਾਰਡ ਦੇ ਪੱਖ ਵਿੱਚ ਹੁੰਦੀ ਕਵਰੇਜ਼ ਲਈ ਉਨ੍ਹਾਂ ਨੂੰ ਅਲੋਚਣਾ ਦਾ ਸਾਮਹਣਾ ਕਰਨਾ ਪਿਆ ਸੀ।
ਉਸੇ ਸਾਲ, ਉਨ੍ਹਾਂ ਨੂੰ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਵੱਲੋਂ ਕਥਿਤ ਸਮਰਥਨ ਹਾਸਿਲ ਲਈ ਵੀ ਅਲੋਚਣਾ ਝੱਲਣੀ ਪਈ ਸੀ। ਜ਼ਿਕਰਯੋਗ ਹੈ ਕਿ ਬਸ਼ਰ ਅਲ-ਅਸਦ ਨੂੰ ਇੱਕ ਮੁੱਖ ਰੂਸੀ ਸਹਿਯੋਗੀ ਮੰਨਿਆ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਅਸਦ 'ਸੰਯੁਕਤ ਰਾਜ ਅਮਰੀਕਾ ਦੇ ਦੁਸ਼ਮਣ ਨਹੀਂ ਹਨ ਕਿਉਂਕਿ ਸੀਰੀਆ ਅਮਰੀਕਾ ਲਈ ਸਿੱਧਾ ਖ਼ਤਰਾ ਨਹੀਂ ਹੈ'। ਉਨ੍ਹਾਂ ਨੇ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ 2017 ਵਿੱਚ ਅਸਦ ਨਾਲ ਮੁਲਾਕਾਤ ਦੀ ਵੀ ਹਿਮਇਤ ਕੀਤੀ ਸੀ।
ਉਸੇ ਸਾਲ, ਉਨ੍ਹਾਂ ਨੇ ਸੀਐੱਨਐੱਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਨ੍ਹਾਂ ਨੂੰ 'ਸ਼ੱਕ' ਸੀ ਕਿ ਇੱਕ ਰਸਾਇਣਕ ਹਥਿਆਰਾਂ ਦੇ ਹਮਲੇ ਵਿੱਚ ਸੀਰੀਆਈ ਸ਼ਾਸਨ ਦਾ ਹੱਥ ਸੀ। ਇਸ ਹਮਲੇ ਵਿੱਚ ਦਰਜਨਾਂ ਲੋਕ ਮਾਰੇ ਗਏ ਸਨ।
ਅਮਰੀਕਾ ਵੱਲੋਂ ਸੀਰੀਆ ਦੇ ਹਵਾਈ ਅੱਡੇ 'ਤੇ ਮਿਜ਼ਾਈਲ ਹਮਲੇ ਤੋਂ ਬਾਅਦ ਬੋਲਦਿਆਂ ਟਰੰਪ ਨੇ ਕਿਹਾ, "ਇਸ ਗੱਲ 'ਤੇ ਕੋਈ ਵਿਵਾਦ ਨਹੀਂ ਹੋ ਸਕਦਾ ਕਿ ਸੀਰੀਆ ਨੇ ਪਾਬੰਦੀਸ਼ੁਦਾ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ।"
ਇੱਕ ਦੌਰ 2019 ਦਾ ਸੀ ਜਦੋਂ ਗੈਬਾਰਡ ਨੇ ਅਸਦ ਨੂੰ ਇੱਕ 'ਜ਼ਾਲਮ ਤਾਨਾਸ਼ਾਹ' ਦੱਸਿਆ ਸੀ।

ਤਸਵੀਰ ਸਰੋਤ, Getty Images
ਗੈਬਾਰਡ ਨੇ ਰੂਸ ਅਤੇ ਯੂਕਰੇਨ ਜੰਗ ਨਾਲ ਸਬੰਧਿਤ ਕਈ ਵਿਵਾਦਪੂਰਨ ਬਿਆਨ ਵੀ ਦਿੱਤੇ ਹਨ।
ਜਿਸ ਦਿਨ ਰੂਸ ਨੇ ਹਮਲਾ ਕੀਤਾ ਸੀ, ਉਸ ਦਿਨ ਸੋਸ਼ਲ ਮੀਡੀਆ 'ਤੇ ਗੈਬਾਰਡ ਨੇ ਲਿਖਿਆ ਸੀ ਕਿ ਜੇਕਰ ਅਮਰੀਕਾ ਅਤੇ ਉਸਦੇ ਪੱਛਮੀ ਸਹਿਯੋਗੀਆਂ ਨੇ ਯੂਕਰੇਨ ਦੀ ਨਾਟੋ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਬਾਰੇ ਰੂਸ ਦੀਆਂ 'ਜਾਇਜ਼ ਸੁਰੱਖਿਆ ਚਿੰਤਾਵਾਂ' ਨੂੰ ਮਾਨਤਾ ਦਿੱਤੀ ਹੁੰਦੀ ਤਾਂ ਯੁੱਧ ਨੂੰ ਰੋਕਿਆ ਜਾ ਸਕਦਾ ਸੀ।
ਇਸ ਤੋਂ ਕੁਝ ਸਮਾਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਸ ਤੱਥ ਨੂੰ ਝੁਠਲਾਇਆ ਨਹੀਂ ਜਾ ਸਕਦੀ ਕਿ ਯੂਕਰੇਨ ਵਿੱਚ ਅਮਰੀਕਾ ਤੋਂ ਫੰਡ ਪ੍ਰਾਪਤ ਕਥਿਤ ਬਾਇਓਲੈਬਾਂ ਹਨ ਜੋ 'ਘਾਤਕ ਰੋਗਾਣੂਆਂ ਨੂੰ ਛੱਡ ਅਤੇ ਫੈਲਾ ਸਕਦੀਆਂ ਹਨ'।
ਜਵਾਬ ਵਿੱਚ, ਰਿਪਬਲਿਕਨ ਸੈਨੇਟਰ ਮਿਟ ਰੋਮਨੀ ਨੇ ਕਿਹਾ ਸੀ ਕਿ ਗੈਬਾਰਡ ਨੇ 'ਰੂਸੀ ਪ੍ਰਚਾਰ' ਦੀ ਹਮਾਇਤ ਨੂੰ ਅਪਣਾ ਲਿਆ ਸੀ।
ਰੂਸੀ ਮੀਡੀਆ 'ਤੇ ਖ਼ੁਫ਼ੀਆ ਨਿਰਦੇਸ਼ਕ ਵਜੋਂ ਉਨ੍ਹਾਂ ਦੀ ਨਾਮਜ਼ਦਗੀ ਨੂੰ ਵਾਸ਼ਿੰਗਟਨ ਦੇ ਯੂਕਰੇਨ ਨਾਲ ਸਬੰਧਾਂ ਨੂੰ ਗੁੰਝਲਦਾਰ ਬਣਾਉਣ ਦੀ ਸੰਭਾਵਨਾ ਵਜੋਂ ਦਰਸਾਇਆ ਜਾ ਰਿਹਾ ਹੈ।
ਰੂਸੀ ਪੱਤਰਕਾਰ ਦਮਿਤਰੀ ਮੇਲਨੀਕੋਵ ਨੇ ਕਿਹਾ ਕਿ ਗੈਬਾਰਡ ਦੀ ਨਾਮਜ਼ਦਗੀ 'ਕੀਵ ਲਈ ਚੰਗੀ ਨਹੀਂ ਹੈ।'
ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾਣਾ ਚਾਹੀਦਾ ਕਿ ਗੈਬਾਰਡ ਨੇ ਪਹਿਲਾਂ 'ਖੁੱਲ੍ਹੇਆਮ ਬਾਈਡਨ ਪ੍ਰਸ਼ਾਸਨ 'ਤੇ ਰੂਸ ਨੂੰ ਭੜਕਾਉਣ ਦੇ ਇਲਜ਼ਾਮ ਲਾਏ ਸਨ।'
ਚੈਨਲ ਦੇ ਐਂਕਰ ਨੇ ਇਹ ਵੀ ਦੱਸਿਆ ਕਿ ਗੈਬਾਰਡ ਨੇ 'ਜ਼ੇਲੇਂਸਕੀ ਦੀ ਸਖ਼ਤ ਆਲੋਚਨਾ ਕੀਤੀ ਸੀ ਅਤੇ ਰੂਸ ਨਾਲ ਗੱਲਬਾਤ ਦੀ ਮੰਗ ਕੀਤੀ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












