ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨਾਲ ਮੁਲਾਕਾਤ ਮਗਰੋਂ ਗ਼ੈਰ-ਕਾਨੂੰਨੀ ਪਰਵਾਸੀ ਭਾਰਤੀਆਂ ਬਾਰੇ ਦਿੱਤਾ ਇਹ ਵੱਡਾ ਬਿਆਨ

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਵ੍ਹਾਈਟ ਹਾਊਸ ਵਿਖੇ ਹੋਈ। ਇਸ ਮਗਰੋਂ ਇੱਕ ਪ੍ਰੈੱਸ ਕਾਨਫਰੰਸ ਵੀ ਹੋਈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਗੈਰ ਕਾਨੂੰਨੀ ਭਾਰਤੀ ਪਰਵਾਸੀਆਂ ਬਾਰੇ ਅਹਿਮ ਬਿਆਨ ਦਿੱਤਾ।
ਉਨ੍ਹਾਂ ਕਿਹਾ, "ਗੈਰ-ਕਾਨੂੰਨੀ ਪਰਵਾਸੀਆਂ ਦੇ ਮੁੱਦੇ 'ਤੇ ਸਾਡੇ (ਭਾਰਤ ਤੇ ਅਮਰੀਕਾ ਦੇ) ਵਿਚਾਰ ਇੱਕੋ ਜਿਹੇ ਹਨ ਅਤੇ ਉਹ ਇਹ ਹਨ ਕਿ ਜੇਕਰ ਅਮਰੀਕਾ 'ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਕਿਸੇ ਭਾਰਤੀ ਦੀ ਪੁਸ਼ਟੀ ਹੁੰਦੀ ਹੈ, ਤਾਂ ਅਸੀਂ ਉਨ੍ਹਾਂ ਨੂੰ ਭਾਰਤ ਵਾਪਸ ਲੈਣ ਲਈ ਪੂਰੀ ਤਰ੍ਹਾਂ ਤਿਆਰ ਹਾਂ।"
ਉਨ੍ਹਾਂ ਕਿਹਾ ਕਿ ਕੁਝ ਪਰਵਾਸੀਆਂ ਨੂੰ ਮਨੁੱਖੀ ਤਸਕਰ ਲੈ ਕੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੂੰ ਅਮਰੀਕਾ ਲਿਜਾਇਆ ਗਿਆ ਹੈ।
ਟਰੰਪ ਨੇ ਜਦੋਂ ਤੋਂ ਰਾਸ਼ਟਰਪਤੀ ਦਾ ਕਾਰਜਭਾਰ ਸਾਂਭਿਆ ਹੈ, ਅਮਰੀਕਾ ਨੇ ਪਹਿਲੀ ਗੇੜ ਵਿੱਚ 104 ਭਾਰਤੀਆਂ ਨੂੰ ਭਾਰਤ ਡਿਪੋਰਟ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, "ਇਹ ਬਹੁਤ ਹੀ ਸਧਾਰਨ ਪਰਿਵਾਰਾਂ ਦੇ ਬੱਚੇ ਹਨ। ਉਨ੍ਹਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾਏ ਜਾਂਦੇ ਹਨ ਅਤੇ ਉਨ੍ਹਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ।"
ਉਨ੍ਹਾਂ ਨੇ ਕਿਹਾ ਕਿ ਅਜਿਹੇ ਨੌਜਵਾਨਾਂ ਨੂੰ ਬਚਾਉਣ ਲਈ ਮਨੁੱਖੀ ਤਸਕਰਾਂ 'ਤੇ ਕਾਰਵਾਈ ਕਰਨ ਦੀ ਲੋੜ ਹੈ
ਟਰੰਪ ਨੇ ਕੀ ਕਿਹਾ

ਤਸਵੀਰ ਸਰੋਤ, Getty Images
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ 2008 ਦੇ ਮੁੰਬਈ ਹਮਲੇ ਦੇ ਮੁਲਜ਼ਮ ਤਹੱਵੁਰ ਰਾਣਾ ਨੂੰ ਭਾਰਤ ਨੂੰ ਸੌਂਪਣ ਦਾ ਐਲਾਨ ਕੀਤਾ।
ਟਰੰਪ ਨੇ ਕਿਹਾ, “ਭਾਰਤ ਦੇ ਨਾਲ ਅਮਰੀਕਾ ਦਾ ਵਪਾਰਕ ਘਾਟਾ ਕਰੀਬ 100 ਬਿਲੀਅਨ ਡਾਲਰ ਦਾ ਹੈ। ਮੈਂ ਤੇ ਮੋਦੀ ਆਪਸੀ ਵਪਾਰ ਨੂੰ ਮਜ਼ਬੂਤ ਕਰਨ ਅਤੇ ਇਸ ਨੂੰ ਅਮਰੀਕੀਆਂ ਲਈ ਨਿਰਪੱਖ ਬਣਾਉਣ ਲਈ ਗੱਲਬਾਤ ਸ਼ੁਰੂ ਕਰਾਂਗੇ।”
ਟਰੰਪ ਤੇ ਮੋਦੀ ਨੇ ਕੀਤੀ ਇੱਕ ਦੂਜੇ ਦੀ ਤਾਰੀਫ਼

ਤਸਵੀਰ ਸਰੋਤ, Getty Images
ਵ੍ਹਾਈਟ ਹਾਊਸ 'ਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇੱਕ ਦੂਜੇ ਦੀ ਤਾਰੀਫ਼ ਕੀਤੀ।
ਦੋਹਾਂ ਆਗੂਆਂ ਵਿਚਾਲੇ ਹੋਈ ਦੁਵੱਲੀ ਗੱਲਬਾਤ 'ਚ ਅਧਾਰ ਵਪਾਰ 'ਤੇ ਰਿਹਾ। ਹਾਲਾਂਕਿ ਟਰੰਪ ਨੇ ਭਾਰਤ ਤੋਂ ਹੋਣ ਵਾਲੀ ਦਰਾਮਦ 'ਤੇ ਬਰਾਬਰ ਟੈਰਿਫ਼ (ਜਿੰਨਾ ਭਾਰਤ ਬਰਾਮਦ ਉੱਤੇ ਲਗਾਉਂਦਾ ਹੈ) ਲਗਾਉਣ ਦੀ ਗੱਲ ਆਖੀ।
ਦੂਜੇ ਪਾਸੇ ਮੋਦੀ ਨੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਸ਼ੁਰੂ ਕਰਨ ਦੀ ਗੱਲ ਕੀਤੀ।
ਟਰੰਪ ਨੇ ਕਿਹਾ, "ਭਾਰਤ ਜੋ ਵੀ ਸਾਡੇ 'ਤੇ ਟੈਰਿਫ਼ ਲਾਏਗਾ, ਅਸੀਂ ਵੀ ਉਨ੍ਹਾਂ 'ਤੇ ਉਹੀ ਟੈਰਿਫ਼ ਲਗਾਵਾਂਗੇ।"
ਟੈਰਿਫ ਸਬੰਧੀ ਟਰੰਪ ਨੇ ਕਿਹਾ, "ਸਾਡੇ ਸਹਿਯੋਗੀ ਸਾਡੇ ਦੁਸ਼ਮਣਾਂ ਨਾਲੋਂ ਵੀ ਮਾੜੇ ਹਨ।"
ਮੋਦੀ ਨੇ 2008 ਦੇ ਮੁੰਬਈ ਅੱਤਵਾਦੀ ਹਮਲੇ ਨਾਲ ਕਥਿਤ ਤੌਰ 'ਤੇ ਜੁੜੇ ਇੱਕ ਵਿਅਕਤੀ (ਤਹਵੁਰ ਰਾਣਾ) ਨੂੰ ਅਮਰੀਕਾ ਤੋਂ ਭਾਰਤ ਹਵਾਲੇ ਕਰਨ ਦੀ ਇਜਾਜ਼ਤ ਦੇਣ ਲਈ ਟਰੰਪ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਕਿਸੇ ਵੀ ਭਾਰਤੀ ਨਾਗਰਿਕ ਨੂੰ ਵਾਪਸ ਸਵੀਕਾਰ ਕਰਨ ਦਾ ਵਾਅਦਾ ਵੀ ਕੀਤਾ।
ਇਸ ਦੌਰਾਨ ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਆਪਣੀ ਫ਼ੋਨ 'ਤੇ ਹੋਈ ਗੱਲਬਾਤ ਬਾਰੇ ਵੀ ਦੱਸਿਆ ਅਤੇ ਉਨ੍ਹਾਂ ਉਮੀਦ ਜਤਾਈ ਕਿ ਇਹ ਗੱਲਬਾਤ ਯੂਕਰੇਨ 'ਚ ਜੰਗ ਖ਼ਤਮ ਹੋਣ ਦੀ ਸ਼ੁਰੂਆਤ ਹੋਵੇਗੀ।
ਟਰੰਪ ਨੇ ਕਿਹਾ ਕਿ ਭਾਰਤ ਅਮਰੀਕਾ ਤੋਂ ਹੋਰ ਤੇਲ ਅਤੇ ਗ਼ੈਸ ਖਰੀਦੇਗਾ।
ਭਾਰਤ ਇਸ ਸਮੇਂ ਰੂਸ, ਇਰਾਕ ਅਤੇ ਸਾਊਦੀ ਅਰਬ ਤੋਂ ਲਗਭਗ 90 ਅਰਬ ਡਾਲਰ ਦੀ ਤੇਲ ਅਤੇ ਗ਼ੈਸ ਖਰੀਦਦਾ ਹੈ।
ਯੂਕਰੇਨ-ਰੂਸ ਜੰਗ 'ਤੇ ਮੋਦੀ ਨੇ ਕਿਹਾ- ‘ਭਾਰਤ ਨਿਰਪੱਖ ਨਹੀਂ, ਸ਼ਾਂਤੀ ਦੇ ਪੱਖ 'ਚ ਹੈ’

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਵੀ ਜ਼ਿਕਰ ਕੀਤਾ।
ਮੋਦੀ ਨੇ ਕਿਹਾ ਕਿ ਲੋਕ ਸੋਚਦੇ ਹਨ ਕਿ ਰੂਸ-ਯੂਕਰੇਨ ਵਿਵਾਦ ਵਿੱਚ ਭਾਰਤ ਨਿਰਪੱਖ ਚੱਲ਼ ਰਿਹਾ ਹੈ, ਪਰ ਇਹ ਗ਼ਲਤ ਹੈ।
ਉਨ੍ਹਾਂ ਕਿਹਾ, ''ਭਾਰਤ ਸ਼ਾਂਤੀ ਦੇ ਪੱਖ 'ਚ ਰਿਹਾ। ਅਸੀਂ ਹਮੇਸ਼ਾ ਕਿਹਾ ਹੈ ਕਿ ਦੋਵਾਂ ਧਿਰਾਂ (ਯੂਕਰੇਨ ਅਤੇ ਰੂਸ) ਨੂੰ ਗੱਲਬਾਤ ਕਰਨੀ ਚਾਹੀਦੀ ਹੈ।
ਨਰਿੰਦਰ ਮੋਦੀ ਨੇ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਇਸ ਦੌਰਾਨ ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਆਪਣੀ ਫ਼ੋਨ 'ਤੇ ਹੋਈ ਗੱਲਬਾਤ ਬਾਰੇ ਵੀ ਦੱਸਿਆ ਅਤੇ ਉਮੀਦ ਜਤਾਈ ਕਿ ਇਹ ਗੱਲਬਾਤ ਯੂਕਰੇਨ 'ਚ ਜੰਗ ਖ਼ਤਮ ਹੋਣ ਦੀ ਸ਼ੁਰੂਆਤ ਹੋਵੇਗੀ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਸ਼ਲ ਮੀਡੀਆ ਟਰੂਥ ਅਕਾਊਂਟ 'ਤੇ ਇੱਕ ਪੋਸਟ 'ਚ ਲਿਖਿਆ, ''ਰੂਸ ਅਤੇ ਯੂਕਰੇਨ ਨਾਲ ਸ਼ਾਨਦਾਰ ਗੱਲਬਾਤ ਹੋਈ। ਜੰਗ ਦੇ ਖ਼ਤਮ ਹੋਣ ਦੀ ਚੰਗੀ ਸੰਭਾਵਨਾ ਹੈ।"
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਟਰੰਪ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ 'ਤੇ ਗੱਲ ਕੀਤੀ ਹੈ ਅਤੇ ਉਹ ਭਵਿੱਖ ਵਿੱਚ ਉਨ੍ਹਾਂ ਨੂੰ ਮਿਲਣਗੇ।
ਉਥੇ ਹੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸ-ਯੂਕਰੇਨ ਯੁੱਧ 'ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਟਿੱਪਣੀ 'ਤੇ ਕਿਹਾ ਸੀ ਕਿ
"ਯੂਕਰੇਨ ਜੰਗ ਸੰਬੰਧੀ ਕਿਸੇ ਵੀ ਸਮਝੌਤੇ ਨੂੰ ਸਵੀਕਾਰ ਨਹੀਂ ਕਰੇਗਾ ਜਦੋਂ ਤੱਕ ਇਸ ਵਿੱਚ ਯੂਕਰੇਨ ਦੀ ਖ਼ੁਦ ਦੀ ਸ਼ਾਮੂਲੀਅਤ ਨਾ ਹੋਵੇ।"
ਅਡਾਨੀ ਬਾਰੇ ਪੁੱਛੇ ਸਵਾਲ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕੀ ਕਿਹਾ?

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ 'ਚ ਧੋਖਾਧੜੀ ਦੇ ਮਾਮਲੇ 'ਚ ਅਡਾਨੀ ਗਰੁੱਪ ਦੇ ਮਾਲਕ ਅਤੇ ਉਦਯੋਗਪਤੀ ਗੌਤਮ ਅਡਾਨੀ 'ਤੇ ਦੋਸ਼ ਆਇਦ ਕੀਤੇ ਜਾਣ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਮੋਦੀ ਨੂੰ ਪੁੱਛਿਆ ਗਿਆ, "ਕੀ ਤੁਸੀਂ ਟਰੰਪ ਨਾਲ ਗੌਤਮ ਅਡਾਨੀ ਮਾਮਲੇ 'ਤੇ ਚਰਚਾ ਕੀਤੀ ਸੀ ਅਤੇ ਕੀ ਤੁਸੀਂ ਟਰੰਪ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਕਿਹਾ ਸੀ?"
ਉਸ ਸਮੇਂ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਅਮਰੀਕੀ ਰਾਸ਼ਟਰਪਤੀ ਟਰੰਪ ਵੀ ਮੌਜੂਦ ਸਨ।
ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ''ਭਾਰਤ ਇੱਕ ਲੋਕਤੰਤਰੀ ਦੇਸ਼ ਹੈ। ਸਾਡੀਆਂ ਕਦਰਾਂ-ਕੀਮਤਾਂ ਅਤੇ ਸੰਸਕ੍ਰਿਤੀ ਵਸੁਧੈਵ ਕੁਟੁੰਬਕੰਮ ਦੀ ਹੈ।"
"ਅਸੀਂ ਪੂਰੀ ਦੁਨੀਆ ਨੂੰ ਇੱਕ ਪੂਰਾ ਪਰਿਵਾਰ ਮੰਨਦੇ ਹਾਂ ਅਤੇ ਮੈਂ ਹਰ ਭਾਰਤੀ ਨੂੰ ਆਪਣਾ ਸਮਝਦਾ ਹਾਂ। ਅਜਿਹੇ ਨਿੱਜੀ ਮਾਮਲਿਆਂ ਲਈ ਦੋ ਦੇਸ਼ਾਂ ਦੇ ਮੁਖੀ ਨਾ ਤਾਂ ਮਿਲਦੇ ਹਨ, ਨਾ ਹੀ ਬੈਠਦੇ ਹਨ ਅਤੇ ਨਾ ਹੀ ਗੱਲਬਾਤ ਕਰਦੇ ਹਨ।"
ਹਾਲ ਹੀ 'ਚ ਗੌਤਮ ਅਡਾਨੀ, ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਸਣੇ ਅੱਠ ਲੋਕਾਂ 'ਤੇ ਅਮਰੀਕਾ 'ਚ ਧੋਖਾਧੜੀ ਦੇ ਇਲਜ਼ਾਮ ਲਾਏ ਗਏ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












