ਕੀ ਹਲਦੀ ਜਾਂ ਮਿਰਚ ਖਾਣ ਨਾਲ ਸਾਡੀ ਸਿਹਤ ਨੂੰ ਕੋਈ ਲਾਭ ਪਹੁੰਚਦਾ ਹੈ, ਜਾਣੋ ਮਸਾਲਿਆਂ ਨਾਲ ਜੁੜੇ ਦਿਲਚਸਪ ਤੱਥ

ਮਸਾਲੇ

ਤਸਵੀਰ ਸਰੋਤ, Getty Images

    • ਲੇਖਕ, ਜੈਸਿਕਾ ਬ੍ਰਾਊਨ
    • ਰੋਲ, ਬੀਬੀਸੀ ਪੱਤਰਕਾਰ

ਮਿਰਚ, ਹਲਦੀ ਅਤੇ ਹੋਰ ਮਸਾਲਿਆਂ ਬਾਰੇ ਅਕਸਰ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਸਾਡੀ ਸਿਹਤ ਲਈ ਲਾਭਕਾਰੀ ਹਨ ਜਾਂ ਇੱਥੋਂ ਤੱਕ ਕਿ ਇਹ ‘‘ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ’’ ਦੀ ਸਮਰੱਥਾ ਰੱਖਦੇ ਹਨ।

ਪਰ ਕੀ ਮਸਾਲਿਆਂ ਨੂੰ ਭੋਜਨ ਪਦਾਰਥਾਂ ਵਿੱਚ ਮਿਲਾਉਣ ਨਾਲ ਸਾਡੀ ਸਿਹਤ ਨੂੰ ਕੋਈ ਅਸਲ ਲਾਭ ਹੋ ਸਕਦੇ ਹਨ ਜਾਂ ਇਹ ਸਾਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਹਨ?

ਹਜ਼ਾਰਾਂ ਸਾਲਾਂ ਤੋਂ ਮਸਾਲੇ ਸਾਡੀ ਖੁਰਾਕ ਦਾ ਹਿੱਸਾ ਰਹੇ ਹਨ। ਚਿਪਸ ’ਤੇ ਮਿਰਚ ਛਿੜਕਣਾ, ਅਦਰਕ ਦੀ ਚਾਹ ਪੀਣੀ ਅਤੇ ਭੋਜਨ ਵਿੱਚ ਮਿਰਚਾਂ ਪਾਉਣਾ ਸਾਡੀ ਆਦਤ ਬਣ ਗਈ ਹੈ।

ਪਰ ਹਾਲ ਹੀ ਵਿੱਚ ਕੁਝ ਮਸਾਲਿਆਂ ਨੂੰ ਗੈਰ-ਅਧਿਕਾਰਤ ਤੌਰ ’ਤੇ ਰੋਜ਼ਾਨਾ ਦੇ ਭੋਜਨ ਪਦਾਰਥਾਂ ਦਾ ਅਭਿੰਨ ਅੰਗ ਬਣਾਉਣ ਤੋਂ ਲੈ ਕੇ ਸਭ ਤੋਂ ਵੱਧ ਸਿਹਤ ਵਰਧਕ ਸੁਪਰਫੂਡ ਤੱਕ ਕਿਹਾ ਗਿਆ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਹਿਲੇਰੀ ਕਲਿੰਟਨ ਨੇ ਵੀ 2016 ਵਿੱਚ ਚੋਣ ਪ੍ਰਚਾਰ ਦੌਰਾਨ ਬਿਮਾਰੀ ਤੋਂ ਬਚਣ ਲਈ ਕਥਿਤ ਤੌਰ ’ਤੇ ਰੋਜ਼ਾਨਾ ਇੱਕ ਮਿਰਚ ਖਾਧੀ ਸੀ।

ਏਸ਼ੀਆ ਵਿੱਚ ਹਲਦੀ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਕੀਤੀ ਜਾਂਦੀ ਰਹੀ ਹੈ, ਇਸ ਨੇ ਹੁਣ ‘ਗੋਲਡਨ ਲਾਟੇ’ ਦੇ ਰੂਪ ਵਿੱਚ ਦੁਨੀਆ ਭਰ ਦੀਆਂ ਕੌਫ਼ੀ ਸ਼ੌਪਸ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ।

ਇਸ ਦੇ ਨਾਲ ਹੀ ਕੋਵਿਡ ਮਹਾਮਾਰੀ ਦੇ ਦੌਰਾਨ ਵਾਇਰਲ ਸੰਦੇਸ਼ਾਂ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਇਹ ‘ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰ ਸਕਦੀ ਹੈ" ਅਤੇ ਤੁਹਾਨੂੰ ਬਿਮਾਰ ਹੋਣ ਤੋਂ ਬਚਾ ਸਕਦੀ ਹੈ।

ਇੱਕ ਸੈਲੇਬ੍ਰਿਟੀ ਸ਼ੈਫ ਦੇ ਅਨੁਸਾਰ ਹੁਣ ਇਹ ‘‘ਹਰ ਜਗ੍ਹਾ’ ’ਤੇ ਮੌਜੂਦ ਹੈ।

ਪਰ ਕੀ ਮਸਾਲੇ ਅਸਲ ਵਿੱਚ ਸਾਡੇ ਭੋਜਨ ਵਿੱਚ ਸ਼ਾਮਲ ਕਰਨ ਨਾਲ ਸਾਡੀ ਸਿਹਤ ਨੂੰ ਕੋਈ ਲਾਭ ਹੁੰਦਾ ਹੈ ਜਾਂ ਇਹ ਸਾਨੂੰ ਬਿਮਾਰੀਆਂ ਤੋਂ ਬਚਣ ਤੋਂ ਮਦਦ ਕਰਦੇ ਹਨ? ਅਤੇ ਕੀ ਇਨ੍ਹਾਂ ਵਿੱਚੋਂ ਕੋਈ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ?

ਮਿਰਚ ਖਾਣ ਦੇ ਲਾਭ

ਲਾਲ ਮਿਰਚ

ਤਸਵੀਰ ਸਰੋਤ, Getty Images

ਸਭ ਤੋਂ ਮਸ਼ਹੂਰ ਅਤੇ ਵਿਆਪਕ ਤੌਰ ’ਤੇ ਵਰਤੇ ਜਾਣ ਵਾਲੇ ਮਸਾਲਿਆਂ ਵਿੱਚੋਂ ਮਿਰਚ ਵੀ ਹੈ। ਕਈ ਅਧਿਐਨਾਂ ਨੇ ਸਾਡੀ ਸਿਹਤ ’ਤੇ ਮਿਰਚ ਦੇ ਸੰਭਾਵੀ ਪ੍ਰਭਾਵਾਂ ਦੀ ਜਾਂਚ ਕੀਤੀ ਹੈ ਪਰ ਲਾਭਦਾਇਕ ਅਤੇ ਪ੍ਰਤੀਕੂਲ ਦੋਵੇਂ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ ਹਨ।

ਮਿਰਚ ਵਿੱਚ ਕੈਪਸਾਈਸਿਨ ਮੁੱਖ ਕਿਰਿਆਸ਼ੀਲ ਤੱਤ ਹੈ। ਜਦੋਂ ਅਸੀਂ ਮਿਰਚਾਂ ਖਾਂਦੇ ਹਾਂ ਤਾਂ ਕੈਪਸਾਈਸਿਨ ਦੇ ਮੌਲੀਕਿਉਲ/ਅਣੂ ਸਾਡੇ ਸਰੀਰ ਵਿੱਚ ਤਾਪਮਾਨ ਰੀਸੈਪਟਰਾਂ ਨਾਲ ਕਿਰਿਆ ਕਰਦੇ ਹਨ, ਜਿਸ ਨਾਲ ਉਹ ਦਿਮਾਗ਼ ਨੂੰ ਗਰਮੀ ਦਾ ਅਹਿਸਾਸ ਪੈਦਾ ਕਰਨ ਲਈ ਸਿਗਨਲ ਭੇਜਦੇ ਹਨ।

ਕੁਝ ਅਧਿਐਨ ਇਸ ਵੱਲ ਇਸ਼ਾਰਾ ਕਰਦੇ ਹਨ ਕਿ ਕੈਪਸਾਈਸਿਨ ਤੁਹਾਨੂੰ ਲੰਬੇ ਸਮੇਂ ਤੱਕ ਜਿਉਣ ਵਿੱਚ ਮਦਦ ਕਰ ਸਕਦਾ ਹੈ।

ਸਾਲ 2019 ਵਿੱਚ ਹੋਏ ਇੱਕ ਇਤਾਲਵੀ ਅਧਿਐਨ ਵਿੱਚ ਪਾਇਆ ਗਿਆ ਕਿ ਜੋ ਲੋਕ ਹਫ਼ਤੇ ਵਿੱਚ ਚਾਰ ਵਾਰ ਮਿਰਚ ਵਾਲਾ ਭੋਜਨ ਖਾਂਦੇ ਹਨ, ਉਨ੍ਹਾਂ ਵਿੱਚ ਉਨ੍ਹਾਂ ਲੋਕਾਂ ਦੀ ਤੁਲਨਾ ਵਿੱਚ ਮੌਤ ਦਾ ਜੋਖਮ ਘੱਟ ਹੁੰਦਾ ਹੈ, ਜੋ ਕਦੇ ਵੀ ਮਿਰਚਾਂ ਨਹੀਂ ਖਾਂਦੇ। ਖੋਜਕਰਤਾਵਾਂ ਨੇ ਇਸ ਲਈ ਸਿਗਰਟਨੋਸ਼ੀ, ਕਸਰਤ ਅਤੇ ਸਮੁੱਚੀ ਖੁਰਾਕ ਦੀ ਗੁਣਵੱਤਾ ਸਮੇਤ ਜੀਵਨਸ਼ੈਲੀ ਦੇ ਕਾਰਕਾਂ ਨੂੰ ਵੀ ਨਿਯੰਤਰਿਤ ਕੀਤਾ ਸੀ।

ਚੀਨ ’ਚ ਖੋਜਕਰਤਾਵਾਂ ਨੇ ਸਾਲ 2015 ਦੌਰਾਨ ਚੀਨ ਦੇ ਲਗਭਗ ਪੰਜ ਲੱਖ ਬਾਲਗਾਂ ਦੀ ਸਿਹਤ ਅਤੇ ਮਿਰਚ ਦੀ ਖਪਤ ਦੀ ਜਾਂਚ ਕੀਤੀ, ਉਨ੍ਹਾਂ ਨੇ ਪਾਇਆ ਕਿ ਮਿਰਚ ਖਾਣ ਨਾਲ ਮੌਤ ਦਾ ਜੋਖਮ ਘੱਟ ਹੁੰਦਾ ਹੈ।

ਜਿਹੜੇ ਲੋਕ ਲਗਭਗ ਹਰ ਰੋਜ਼ ਮਸਾਲੇਦਾਰ ਭੋਜਨ ਖਾਂਦੇ ਹਨ, ਉਨ੍ਹਾਂ ਵਿੱਚ ਮੌਤ ਦਾ ਜੋਖਮ ਉਨ੍ਹਾਂ ਲੋਕਾਂ ਨਾਲੋਂ 14 ਫ਼ੀਸਦ ਘੱਟ ਸੀ, ਜੋ ਹਫ਼ਤੇ ਵਿੱਚ ਇੱਕ ਵਾਰ ਤੋਂ ਵੀ ਘੱਟ ਮਸਾਲੇਦਾਰ ਭੋਜਨ ਖਾਂਦੇ ਹਨ।

ਮਿਰਚ

ਤਸਵੀਰ ਸਰੋਤ, Getty Images

ਹਾਰਵਰਡ ਦੇ ਸਕੂਲ ਆਫ ਪਬਲਿਕ ਹੈਲਥ ਦੇ ਪੋਸ਼ਣ ਦੇ ਪ੍ਰੋਫੈਸਰ ਖੋਜਕਾਰ ਲੂ ਚੀ ਦਾ ਕਹਿਣਾ ਹੈ, ‘‘ਇਸ ਦਾ ਮੁੱਖ ਸਿੱਟਾ ਇਹ ਨਿਕਲਿਆ ਸੀ ਕਿ ਮਸਾਲੇਦਾਰ ਭੋਜਨ ਦਾ ਜ਼ਿਆਦਾ ਸੇਵਨ ਮੌਤ ਦਰ, ਖਾਸ ਤੌਰ ’ਤੇ ਕੈਂਸਰ, ਦਿਲ ਦੀ ਬਿਮਾਰੀ ਅਤੇ ਸਾਹ ਦੀਆਂ ਬਿਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਦੇ ਘੱਟ ਜੋਖਮ ਨਾਲ ਸਬੰਧਿਤ ਹੈ।’’

ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਹੈ ਕਿ ਜ਼ਿਆਦਾ ਮਾਤਰਾ ਵਿੱਚ ਮਿਰਚਾਂ ਖਾਣ ਨਾਲ ਘੱਟ ਸਮੇਂ ਵਿੱਚ ਤੁਹਾਡੀ ਸਿਹਤ ਸੁਰੱਖਿਅਤ ਰਹੇਗੀ ਜਾਂ ਤੁਸੀਂ ਸਾਹ ਸਬੰਧੀ ਬਿਮਾਰੀ ਤੋਂ ਸੁਰੱਖਿਅਤ ਰਹੋਗੇ।

ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਚੀਨ ਵਿੱਚ ਕੀਤੇ ਗਏ ਅਧਿਐਨ ਵਿੱਚ ਲੋਕਾਂ ਦਾ ਔਸਤਨ ਸੱਤ ਸਾਲਾਂ ਤੱਕ ਪਾਲਣ ਕੀਤਾ ਗਿਆ। ਇਸ ਲਈ ਭਾਵੇਂ ਮਿਰਚਾਂ ਖਾਣ ਵਾਲੇ ਲੋਕਾਂ ਦੀ ਸਿਹਤ ’ਤੇ ਮਿਰਚਾਂ ਦਾ ਸੁਰੱਖਿਆਤਮਕ ਪ੍ਰਭਾਵ ਪਿਆ ਹੋਵੇ, ਪਰ ਮਿਰਚਾਂ ਨਾ ਖਾਣ ਵਾਲੇ ਲੋਕ ਸ਼ੁਰੂ ਤੋਂ ਸਿਹਤਮੰਦ ਨਹੀਂ ਸਨ। ਇਸ ਦੇ ਨਾਲ ਹੀ ਇਹ ਪ੍ਰਭਾਵ ਹਫ਼ਤਿਆਂ ਜਾਂ ਮਹੀਨਿਆਂ ਵਿੱਚ ਨਹੀਂ ਬਲਕਿ ਸਮੇਂ ਦੇ ਨਾਲ ਵਧਦਾ ਗਿਆ।

ਚੀ ਨੇ ਉਮਰ, ਲਿੰਗ, ਸਿੱਖਿਆ ਦੇ ਪੱਧਰ, ਵਿਆਹੁਤਾ ਸਥਿਤੀ, ਖੁਰਾਕ ਅਤੇ ਸ਼ਰਾਬ ਪੀਣ, ਸਿਗਰਟਨੋਸ਼ੀ ਅਤੇ ਸਰੀਰਕ ਗਤੀਵਿਧੀਆਂ ਸਮੇਤ ਜੀਵਨਸ਼ੈਲੀ ਦੇ ਕਾਰਕਾਂ ਨੂੰ ਕੰਟਰੋਲ ਕਰਕੇ ਮਿਰਚ ਦੇ ਸੇਵਨ ਦੇ ਪ੍ਰਭਾਵਾਂ ਨੂੰ ਬਾਕੀ ਸਭ ਚੀਜ਼ਾਂ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਦਾ ਕਹਿਣਾ ਹੈ ਕਿ ਮਿਰਚਾਂ ਖਾਣ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਘੱਟ ਜੋਖਮ ਅੰਸ਼ਕ ਤੌਰ ’ਤੇ ਕੈਪਸਾਈਸਿਨ ਦੇ ਕਾਰਨ ਹੋ ਸਕਦਾ ਹੈ।

ਮਿਰਚਾਂ ਦੀ ਜ਼ਿਆਦਾ ਵਰਤੋਂ ਵੀ ਨੁਕਸਾਨਦਾਇਕ

ਮਿਰਚ

ਤਸਵੀਰ ਸਰੋਤ, Getty Images

ਚੀ ਕਹਿੰਦੇ ਹਨ, ‘‘ਮਸਾਲੇਦਾਰ ਭੋਜਨ ਪਦਾਰਥਾਂ ਵਿੱਚ ਕੁਝ ਤੱਤ ਜਿਵੇਂ ਕਿ ਕੈਪਸਾਈਸਿਨ, ਪਾਚਕ ਸਥਿਤੀ ਵਿੱਚ ਸੁਧਾਰ ਕਰਨ ਲਈ ਸਹਾਈ ਪਾਏ ਗਏ ਹਨ, ਜਿਵੇਂ ਕਿ ਲਿਪਿਡ ਪ੍ਰੋਫਾਈਲ (ਖੂਨ ਵਿੱਚ ਕੋਲੇਸਟ੍ਰੋਲ ਦਾ ਪੱਧਰ) ਅਤੇ ਜਲਣ ਵਿੱਚ, ਇਹ ਸਾਡੇ ਅਧਿਐਨ ਵਿੱਚ ਨਿਰੀਖਣਾਂ ਲਈ ਅੰਸ਼ਿਕ ਰੂਪ ਨਾਲ ਜ਼ਿੰਮੇਵਾਰ ਹੋ ਸਕਦੇ ਹਨ।’’

ਕਈ ਅਧਿਐਨਾਂ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਕੈਪਸਾਈਸਿਨ ਸਾਡੇ ਵੱਲੋਂ ਪੈਦਾ ਕੀਤੀ ਜਾਣ ਵਾਲੀ ਊਰਜਾ ਦੀ ਮਾਤਰਾ ਨੂੰ ਵਧਾ ਸਕਦਾ ਹੈ ਅਤੇ ਸਾਡੀ ਭੁੱਖ ਨੂੰ ਘੱਟ ਕਰ ਸਕਦਾ ਹੈ।

ਕਤਰ ਯੂਨੀਵਰਸਿਟੀ ਦੇ ਮਨੁੱਖੀ ਪੋਸ਼ਣ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਜ਼ੂਮਿਨ ਸ਼ੀ ਨੇ ਪਾਇਆ ਕਿ ਮਿਰਚ ਦਾ ਸੇਵਨ ਮੋਟਾਪੇ ਦੇ ਘੱਟ ਜੋਖਮ ਨਾਲ ਜੁੜਿਆ ਹੋਇਆ ਹੈ ਅਤੇ ਇਹ ਹਾਈ ਬਲੱਡ ਪ੍ਰੈਸ਼ਰ ਲਈ ਫਾਇਦੇਮੰਦ ਹੈ।

ਇਸ ਲਈ ਜਦੋਂ ਉਨ੍ਹਾਂ ਨੇ ਬੋਧਾਤਮਕ ਕਾਰਜਾਂ ’ਤੇ ਮਿਰਚ ਖਾਣ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ, ਤਾਂ ਉਨ੍ਹਾਂ ਨੂੰ ਹੈਟ੍ਰਿਕ ਦੀ ਉਮੀਦ ਸੀ।

ਪਰ ਜਦੋਂ ਉਨ੍ਹਾਂ ਨੇ ਚੀਨ ਦੇ ਬਾਲਗਾਂ ਦੇ ਬੋਧਾਤਮਕ ਕਾਰਜ ਨੂੰ ਉਨ੍ਹਾਂ ਦੇ ਮਿਰਚਾਂ ਖਾਣ ਦੇ ਮੁਕਾਬਲੇ ਵਿੱਚ ਮਾਪਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਜੋ ਲੋਕ ਜ਼ਿਆਦਾ ਮਿਰਚਾਂ ਖਾਂਦੇ ਹਨ, ਉਨ੍ਹਾਂ ਦਾ ਬੋਧਾਤਮਕ ਕਾਰਜ ਖਰਾਬ ਸੀ।

ਇਹ ਪ੍ਰਭਾਵ ਯਾਦਦਾਸ਼ਤ ’ਤੇ ਸਭ ਤੋਂ ਵੱਧ ਸੀ, ਪ੍ਰਤੀ ਦਿਨ 50 ਗ੍ਰਾਮ ਤੋਂ ਵੱਧ ਮਿਰਚਾਂ ਖਾਣੀਆਂ ਸਵੈ-ਦੇਖੀ ਗਈ ਕਮਜ਼ੋਰ ਯਾਦਦਾਸ਼ਤ ਦੇ ਜੋਖਮ ਨੂੰ ਲਗਭਗ ਦੁੱਗਣਾ ਕਰ ਦਿੰਦਾ ਸੀ।

ਇਹ ਵੀ ਪੜ੍ਹੋ-

ਫਿਰ ਵੀ, ਇਹ ਧਿਆਨ ਦੇਣ ਯੋਗ ਹੈ ਕਿ ਸਵੈ-ਦੇਖਿਆ ਗਿਆ ਡੇਟਾ ਵਿਆਪਕ ਤੌਰ ’ਤੇ ਭਰੋਸੇਯੋਗ ਨਹੀਂ ਮੰਨਿਆ ਜਾਂਦਾ।

ਮਿਰਚਾਂ ਖਾਣ ਨਾਲ ਹੋਣ ਵਾਲੀ ਜਲਣ ਨੇ ਵਿਗਿਆਨੀਆਂ ਨੂੰ ਲੰਬੇ ਸਮੇਂ ਤੋਂ ਆਕਰਸ਼ਤ ਕੀਤਾ ਹੈ। ਇਹ ਸਾਨੂੰ ਇਸ ਬਾਰੇ ਜਾਣਕਾਰੀ ਵੀ ਦਿੰਦਾ ਹੈ ਕਿ ਮਿਰਚਾਂ ਬੋਧਾਤਮਕ ਗਿਰਾਵਟ ਨਾਲ ਕਿਉਂ ਜੁੜੀਆਂ ਹੋ ਸਕਦੀਆਂ ਹਨ। ਇਨ੍ਹਾਂ ਵੱਲੋਂ ਪੈਦਾ ਕੀਤੀ ਜਾਣ ਵਾਲੀ ਜਲਣ ਪੌਦਿਆਂ ਵੱਲੋਂ ਬਿਮਾਰੀਆਂ ਅਤੇ ਕੀੜਿਆਂ ਤੋਂ ਖ਼ੁਦ ਨੂੰ ਬਚਾਉਣ ਦੇ ਨਤੀਜੇ ਵਜੋਂ ਵਿਕਸਿਤ ਹੋਈ ਹੈ।

ਯੂਕੇ ਦੀ ਨਿਊਕੈਸਲ ਯੂਨੀਵਰਸਿਟੀ ਦੇ ਮਨੁੱਖੀ ਪੋਸ਼ਣ ਖੋਜ ਕੇਂਦਰ ਜਨਸੰਖਿਆ ਸਿਹਤ ਵਿਗਿਆਨ ਸੰਸਥਾ ਦੇ ਸੀਨੀਅਰ ਲੈਕਚਰਾਰ ਕ੍ਰਿਸਟਨ ਬ੍ਰਾਂਟ ਦਾ ਕਹਿਣਾ ਹੈ, ‘‘ਹਾਲਾਂਕਿ ਕੁਝ ਪੌਦੇ ਸ਼ਿਕਾਰੀਆਂ ਲਈ ਕੌੜੇ ਜਾਂ ਤਿੱਖੇ ਬਣ ਗਏ ਹਨ ਪਰ ਇਹ ਵੀ ਬਿਹਤਰ ਹੋਵੇਗਾ ਕਿ ਪੌਦੇ ਖ਼ੁਦ ਨੂੰ ਜ਼ਹਿਰੀਲਾ ਵੀ ਬਣਾ ਲੈਣ।’’

ਪਰ ਇਹ ਮਿਸ਼ਰਣ ਆਮ ਤੌਰ ’ਤੇ ਕੀੜਿਆਂ ਦੀ ਤੁਲਨਾ ਵਿੱਚ ਸਾਡੇ ’ਤੇ ਘੱਟ ਪ੍ਰਭਾਵ ਪਾਉਂਦੇ ਹਨ। ਉਹ ਕਹਿੰਦੇ ਹਨ, ‘‘ਥੋੜ੍ਹਾ ਜਿਹਾ ਜ਼ਹਿਰੀਲਾ ਪਦਾਰਥ ਚੰਗਾ ਹੋ ਸਕਦਾ ਹੈ, ਜਿਵੇਂ ਕਿ ਕੈਫੀਨ, ਜੋ ਸਾਡੀ ਪਾਚਕ ਕਿਰਿਆ ਨੂੰ ਤੇਜ਼ ਕਰਦਾ ਹੈ, ਜਿਸ ਨਾਲ ਅਸੀਂ ਵਧੇਰੇ ਸੁਚੇਤ ਮਹਿਸੂਸ ਕਰਦੇ ਹਾਂ।’’

‘‘ਹਾਲਾਂਕਿ, ਇਸ ਦਾ ਜ਼ਿਆਦਾਤਰ ਹਿੱਸਾ ਸਾਡੇ ਲਈ ਬੁਰਾ ਹੈ।’’

ਕਈ ਪੌਦਿਆਂ ਵਿੱਚ ਜਲਣ ਵਿਰੋਧੀ ਪ੍ਰਭਾਵ ਹੁੰਦੇ ਹਨ

ਹਲਦੀ

ਤਸਵੀਰ ਸਰੋਤ, Getty Images

ਬ੍ਰਿਟੇਨ ਦੇ ਬਰਮਿੰਘਮ ਸਥਿਤ ਐਸਟਨ ਮੈਡੀਕਲ ਸਕੂਲ ਵਿੱਚ ਡਾਇਟੀਸ਼ੀਅਨ ਅਤੇ ਸੀਨੀਅਰ ਟੀਚਿੰਗ ਫੈਲੋ ਡੁਏਨ ਮੇਲੋਰ ਦਾ ਕਹਿਣਾ ਹੈ ਕਿ ਮਸਾਲਿਆਂ ਦੇ ਸਵਾਦ ਦੇਣ ਵਾਲੇ ਮਿਸ਼ਰਨ ਮਨੁੱਖ ਲਈ ਹਾਨੀਕਾਰਕ ਨਹੀਂ ਹਨ।

‘‘ਹਾਲਾਂਕਿ ਅਸੀਂ ਭੋਜਨ ਪਦਾਰਥਾਂ ਵਿੱਚ ਜਿਨ੍ਹਾਂ ਰੰਗਾਂ ਅਤੇ ਕੌੜੇ ਸੁਆਦਾਂ ਦਾ ਆਨੰਦ ਮਾਣਦੇ ਹਾਂ, ਉਹ ਪੌਦਿਆਂ ਨੂੰ ਕੀੜੇ-ਮਕੌੜਿਆਂ ਤੋਂ ਬਚਾਉਣ ਲਈ ਹੁੰਦੇ ਹਨ ਪਰ ਅਸੀਂ ਇਨ੍ਹਾਂ ਸੁਆਦਾਂ ਦੇ ਜ਼ਹਿਰੀਲੇ ਪੱਧਰ ਨੂੰ ਖਾਣ ਦੇ ਆਦੀ ਹੋ ਗਏ ਹਾਂ।’’

‘‘ਅਸੀਂ ਇਨ੍ਹਾਂ ਵਿੱਚੋਂ ਬਹੁਤ ਸਾਰੇ ਪੌਦਿਆਂ ਦੇ ਮਿਸ਼ਰਨ ਨਾਲ ਨਜਿੱਠ ਸਕਦੇ ਹਾਂ, ਜਿਨ੍ਹਾਂ ਵਿੱਚ ‘ਬਲੈਕ ਟੀ’ ਵਿੱਚ ਮੌਜੂਦ ਟੈਨਿਨ ਵੀ ਸ਼ਾਮਲ ਹੈ, ਜਦੋਂ ਕਿ ਕੁਝ ਪ੍ਰਜਾਤੀਆਂ ਅਜਿਹਾ ਨਹੀਂ ਕਰ ਸਕਦੀਆਂ।’’

ਦੂਜੇ ਪਾਸੇ, ਬੇਸ਼ੱਕ ਕਿਸੇ ਨਿਸ਼ਚਤ ਪ੍ਰਜਾਤੀ ਵਿੱਚ ਮੌਜੂਦ ਕਿਸੇ ਮਿਸ਼ਰਨ ਦਾ ਲਾਭਕਾਰੀ ਪ੍ਰਭਾਵ ਹੋ ਸਕਦਾ ਹੈ ਪਰ ਅਸੀਂ ਆਮ ਤੌਰ ’ਤੇ ਉਸ ਦਾ ਇੰਨਾ ਜ਼ਿਆਦਾ ਸੇਵਨ ਨਹੀਂ ਕਰਦੇ ਕਿ ਸਾਨੂੰ ਕੋਈ ਫਰਕ ਪਵੇ।

ਪੌਲੀਫੇਨੌਲ ਨੂੰ ਹੀ ਲੈ ਲਓ, ਕਈ ਪੌਦਿਆਂ ਵਿੱਚ ਪਾਏ ਜਾਣ ਵਾਲੇ ਇਸ ਮਿਸ਼ਰਨ ਵਿੱਚ ਜਲਣ ਵਿਰੋਧੀ ਪ੍ਰਭਾਵ ਹੁੰਦੇ ਹਨ। ਮਸਾਲਿਆਂ ਦੇ ਸਿਹਤ ਲਾਭ ਅੰਸ਼ਕ ਤੌਰ ’ਤੇ ਇਸ ਪੌਲੀਫੇਨੌਲ ਦੇ ਉੱਚ ਪੱਧਰ ਦੇ ਕਾਰਨ ਹੁੰਦੇ ਹਨ।

ਹਾਲਾਂਕਿ, 2014 ਵਿੱਚ ਕੀਤੇ ਗਏ ਇੱਕ ਅਧਿਐਨ ਦੀ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਅਜੇ ਤੱਕ ਵੀ ਸਪੱਸ਼ਟ ਨਹੀਂ ਹੈ ਕਿ ਮਸਾਲੇ ਖਾਂਦੇ ਸਮੇਂ ਇਨ੍ਹਾਂ ਦੀ ਥੋੜ੍ਹੀ ਮਾਤਰਾ ਦਾ ਸੇਵਨ ਕਰਨ ਨਾਲ ਉਨ੍ਹਾਂ ਦੇ ਸਿਹਤ ਲਾਭ ਸੀਮਤ ਹੋ ਜਾਂਦੇ ਹਨ ਜਾਂ ਨਹੀਂ।

ਜਦੋਂ ਕਿ ਕੁਝ ਅਧਿਐਨਾਂ ਨੇ ਉਤਸ਼ਾਹਜਨਕ ਨਤੀਜੇ ਸਾਹਮਣੇ ਲਿਆਂਦੇ ਹਨ। 2022 ਦੇ 11 ਸਮੀਖਿਆਵਾਂ ਦੇ ਵਿਸ਼ਲੇਸ਼ਣ ਨੇ ਸਿੱਟਾ ਕੱਢਿਆ ਕਿ ਕੈਪਸਾਈਸਿਨ ਅਤੇ ਮਸਾਲੇਦਾਰ ਭੋਜਨ ਖਾਣ ਦੇ ਸਿਹਤ ਉਤੇ ਪੈਣ ਵਾਲੇ ਪ੍ਰਭਾਵ ਸਪੱਸ਼ਟ ਨਹੀਂ ਹਨ ਅਤੇ ਨਾ ਹੀ ਸਬੂਤਾਂ ਦਾ ਆਧਾਰ ‘ਬਹੁਤ ਉੱਚ ਗੁਣਵੱਤਾ’ ਵਾਲਾ ਹੈ।

ਹਲਦੀ ਖਾਣ ਦੇ ਸਿਹਤ ਲਾਭ

ਹਲਦੀ

ਤਸਵੀਰ ਸਰੋਤ, Getty Images

ਇੱਕ ਹੋਰ ਹਰਮਨਪਿਆਰਾ ਮਸਾਲਾ ਹੈ, ਜਿਸ ਨੂੰ ਵੱਡੇ ਪੱਧਰ ’ਤੇ ਮਨੁੱਖੀ ਸਿਹਤ ’ਤੇ ਲਾਭਕਾਰੀ ਪ੍ਰਭਾਵ ਪਾਉਣ ਵਾਲਾ ਮੰਨਿਆ ਜਾਂਦਾ ਹੈ, ਉਹ ਹੈ ਹਲਦੀ। ਇਸ ਦਾ ਸਿਹਰਾ ਵਿਆਪਕ ਤੌਰ ’ਤੇ ਇਸ ਵਿੱਚ ਪਾਏ ਜਾਣ ਵਾਲੇ ਤੱਤ ਕਰਕਿਊਮਿਨ ਨੂੰ ਦਿੱਤਾ ਜਾਂਦਾ ਹੈ।

ਹਲਦੀ ਵਿੱਚ ਪਾਇਆ ਜਾਣ ਵਾਲਾ ਇੱਕ ਛੋਟਾ ਜਿਹਾ ਅਣੂ ਹੈ, ਜਿਸ ਦੀ ਵਰਤੋਂ ਆਮ ਤੌਰ ’ਤੇ ਦਵਾਈਆਂ ਵਿੱਚ ਜਲਣ, ਤਣਾਅ ਅਤੇ ਕਈ ਹੋਰ ਸਥਿਤੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ।

ਹਾਲਾਂਕਿ, ਹਲਦੀ ਦੇ ਲਾਭਕਾਰੀ ਹੋਣ ਦੇ ਠੋਸ ਸਬੂਤਾਂ ਦੀ ਘਾਟ ਹੈ।

ਕਈ ਅਧਿਐਨਾਂ ਵਿੱਚ ਦੇਖਿਆ ਗਿਆ ਕਿ ਪ੍ਰਯੋਗਸ਼ਾਲਾ ਵਿੱਚ ਕਰਕਿਊਮਿਨ ਦੇ ਕੈਂਸਰ ਵਿਰੋਧੀ ਪ੍ਰਭਾਵ ਹੁੰਦੇ ਹਨ ਪਰ ਪ੍ਰਯੋਗਸ਼ਾਲਾ ਦਾ ਵਾਤਾਵਰਣ ਮਨੁੱਖੀ ਸਰੀਰ ਤੋਂ ਬਹੁਤ ਅਲੱਗ ਹੁੰਦਾ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਦੀ ਜੈਵ-ਉਪਲੱਬਧਤਾ ਇੰਨੀ ਘੱਟ ਹੈ ਕਿ ਇਸ ਦੀ ਆਮ ਖੁਰਾਕ ਨਾਲ ਕੋਈ ਸਿਹਤ ਲਾਭ ਨਹੀਂ ਹੋ ਸਕਦਾ। ਇਹ ਹੋਰ ਮਸਾਲਿਆਂ ਦੇ ਮਾਮਲੇ ਵਿੱਚ ਵੀ ਹੋ ਸਕਦਾ ਹੈ।

ਹਾਲਾਂਕਿ, ਕੁਝ ਖੋਜਕਰਤਾਵਾਂ ਨੇ ਉਨ੍ਹਾਂ ਸਪਲੀਮੈਂਟਸ ਦੇ ਸਿਹਤ ਲਾਭਾਂ ਦਾ ਅਧਿਐਨ ਕੀਤਾ ਹੈ ਜਿਨ੍ਹਾਂ ਵਿੱਚ ਕੁਝ ਖਾਸ ਮਸਾਲਿਆਂ ਦੀ ਉੱਚ ਖੁਰਾਕ ਸ਼ਾਮਲ ਹੈ ਅਤੇ ਉਨ੍ਹਾਂ ਦੇ ਵਧੀਆ ਨਤੀਜੇ ਮਿਲੇ ਹਨ।

ਉਦਾਹਰਨ ਲਈ, 2023 ਦੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਰੋਜ਼ਾਨਾ ਅਦਰਕ ਦਾ ਸਪਲੀਮੈਂਟ ਲੈਣ ਨਾਲ ਲੂਪਸ ਅਤੇ ਰਾਇਮੇਟਾਇਡ ਗਠੀਏ ਸਮੇਤ ਸਵੈ-ਪ੍ਰਤੀਰੋਧਕ ਬਿਮਾਰੀਆਂ ਵਾਲੇ ਲੋਕਾਂ ਵਿੱਚ ਜਲਣ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਯੇਲ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਪ੍ਰੋਫੈਸਰ ਪੌਲ ਫ੍ਰੀਡਮੈਨ ਦਾ ਕਹਿਣਾ ਹੈ ਕਿ ਪੱਛਮੀ ਦੁਨੀਆਂ ਵਿੱਚ ਵਿਕਲਪਕ ਦਵਾਈ ਦੇ ਰੂਪ ਵਿੱਚ ਹਲਦੀ ਸਮੇਤ ਹੋਰ ਮਸਾਲਿਆਂ ਪ੍ਰਤੀ ਵਧਦੀ ਰੁਚੀ ਪਿਛਲੀ ਵਾਰ ਮੱਧ ਯੁੱਗ ਵਿੱਚ ਦੇਖੀ ਗਈ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਮਸਾਲਿਆਂ ਵਿੱਚ ਇਲਾਜ ਕਰਨ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ।

ਹਲਦੀ

ਤਸਵੀਰ ਸਰੋਤ, Getty Images

ਫ੍ਰੀਡਮੈਨ ਕਹਿੰਦੇ ਹਨ, ‘‘ਮਸਾਲਿਆਂ ਦੀ ਵਰਤੋਂ ਭੋਜਨ ਦੇ ਗੁਣਾਂ ਨੂੰ ਸੰਤੁਲਿਤ ਕਰਨ ਲਈ ਕੀਤੀ ਜਾਂਦੀ ਸੀ। ਲੋਕ ਭੋਜਨ ਨੂੰ ਗਰਮ, ਠੰਢਾ, ਨਮੀ ਵਾਲਾ ਅਤੇ ਖੁਸ਼ਕ ਗੁਣਾਂ ਵਾਲੇ ਮੰਨਦੇ ਸਨ ਅਤੇ ਉਨ੍ਹਾਂ ਨੂੰ ਸੰਤੁਲਿਤ ਕਰਨ ਦੀ ਲੋੜ ਹੁੰਦੀ ਸੀ।’’

ਉਦਾਹਰਨ ਲਈ ਮੱਛੀ ਨੂੰ ਠੰਢਾ ਅਤੇ ਨਮੀਦਾਰ ਮੰਨਿਆ ਜਾਂਦਾ ਸੀ, ਜਦੋਂ ਕਿ ਮਸਾਲਿਆਂ ਨੂੰ ਗਰਮ ਅਤੇ ਖੁਸ਼ਕ ਮੰਨਿਆ ਜਾਂਦਾ ਸੀ।

ਭੋਜਨ ਨੂੰ ਔਸ਼ਧੀ ਦੇ ਤੌਰ ’ਤੇ ਵਰਤਣ ਅਤੇ ਗਰਮ ਅਤੇ ਠੰਢੇ ਜਾਂ ਨਮੀ ਵਾਲੇ ਅਤੇ ਖੁਸ਼ਕ ਵਰਗੇ ਗੁਣਾਂ ਨੂੰ ਸੰਤੁਲਿਤ ਕਰਨ ਦਾ ਵਿਚਾਰ ਵੀ ਆਯੁਰਵੈਦ ਦੇ ਮੁੱਖ ਸਿਧਾਂਤ ਹਨ, ਜਿਸ ਦਾ ਅਭਿਆਸ ਭਾਰਤ ਵਿੱਚ ਹਜ਼ਾਰਾਂ ਸਾਲਾਂ ਤੋਂ ਕੀਤਾ ਜਾ ਰਿਹਾ ਹੈ।

ਫ੍ਰੀਡਮੈਨ ਕਹਿੰਦੇ ਹਨ ਕਿ ਕਈ ਪੱਛਮੀ ਦੇਸ਼ਾਂ ਵਿੱਚ ਜਿੱਥੇ ਅਜਿਹੇ ਵਿਚਾਰ ਕਾਫ਼ੀ ਨਵੇਂ ਹਨ, ‘‘ਸੰਤੁਲਨ ਦਾ ਇਹ ਵਿਚਾਰ ਆਧੁਨਿਕ ਨਵ-ਯੁੱਗ ਦੀ ਮੈਡੀਸਨ ਨਾਲ ਸਾਂਝਾ ਕੀਤਾ ਗਿਆ ਹੈ।’’

‘‘ਮਸਾਲਿਆਂ ਪ੍ਰਤੀ ਸਾਡਾ ਆਧੁਨਿਕ ਆਕਰਸ਼ਣ ਸਾਨੂੰ 50 ਸਾਲ ਦੀ ਤੁਲਨਾ ਵਿੱਚ ਮੱਧਯੁਗੀ ਦ੍ਰਿਸ਼ਟੀਕੋਣ ਦੇ ਜ਼ਿਆਦਾ ਨੇੜੇ ਲੈ ਜਾਂਦਾ ਹੈ ਜਦੋਂ ਐਂਟੀਬਾਇਓਟਿਕਸ ਵਰਗੀ ਆਧੁਨਿਕ ਮੈਡੀਸਨ ਅਤੇ ਅਤੀਤ ਦੀਆਂ ਅੰਧਵਿਸ਼ਵਾਸੀ ਦਵਾਈਆਂ ਵਿਚਕਾਰ ਇੱਕ ਕੰਧ ਸੀ ਜੋ ਕੰਮ ਨਹੀਂ ਕਰਦੀ ਸੀ।’’

ਮਿਨੀਸੋਟਾ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਥੈਰੇਪਿਊਟਿਕਸ ਡਿਸਕਵਰੀ ਐਂਡ ਡਿਵੈਲਪਮੈਂਟ ਦੀ ਸਾਬਕਾ ਖੋਜ ਸਹਾਇਕ ਪ੍ਰੋਫੈਸਰ ਕੈਥਰੀਨ ਨੈਲਸਨ ਨੇ ਆਪਣੇ ਕਾਰਜ ਦੇ ਇੱਕ ਹਿੱਸੇ ਦੇ ਰੂਪ ਵਿੱਚ ਅਣੂਆਂ ’ਤੇ ਅਧਿਐਨ ਕੀਤਾ ਕਿ ਕੀ ਉਹ ਨਵੀਆਂ ਦਵਾਈਆਂ ਲਈ ਮਿਸ਼ਰਨ ਹੋ ਸਕਦੇ ਹਨ।

ਹਲਦੀ

ਤਸਵੀਰ ਸਰੋਤ, Getty Images

ਉਨ੍ਹਾਂ ਨੇ ਕਰਕਿਊਮਿਨ ਨਾਲ ਜੁੜੇ ਸਿਹਤ ਦਾਅਵਿਆਂ ਬਾਰੇ ਲਗਾਤਾਰ ਜਾਣਕਾਰੀ ਮਿਲਣ ਦੇ ਬਾਅਦ ਇਸ ਦਾ ਅਧਿਐਨ ਕਰਨ ਦਾ ਫੈਸਲਾ ਕੀਤਾ।

ਉਹ ਕਹਿੰਦੇ ਹਨ, ‘‘ਖੋਜਕਾਰ ਟੈਸਟ ਟਿਊਬ ਵਿੱਚ ਵਿਕਸਤ ਸੈੱਲਾਂ ਵਿੱਚ ਮਿਸ਼ਰਨ ਮਿਲਾ ਕੇ ਉਨ੍ਹਾਂ ’ਤੇ ਪ੍ਰਭਾਵ ਪਾਉਣ ਦੇ ਯੋਗ ਹਨ ਅਤੇ ਦੇਖਦੇ ਹਨ ਕਿ ਸੈੱਲਾਂ ’ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ।’’

ਪਰ ਉਨ੍ਹਾਂ ਨੇ ਦੇਖਿਆ ਕਿ ਕਰਕਿਊਮਿਨ ਇੱਕ "ਭਿਆਨਕ" ਔਸ਼ਧੀ ਅਣੂ ਹੈ, ਕਿਉਂਕਿ ਇਹ ਜੈਵਿਕ ਰੂਪ ਨਾਲ ਉਪਲੱਬਧ ਨਹੀਂ ਹੈ, ਜਿਸ ਦਾ ਅਰਥ ਹੈ ਕਿ ਇੱਕ ਵਾਰ ਹਜ਼ਮ ਹੋ ਜਾਣ ਤੋਂ ਬਾਅਦ ਸਰੀਰ ਇਸ ਦੀ ਵਰਤੋਂ ਨਹੀਂ ਕਰ ਸਕਦਾ।

ਇਹ ਛੋਟੀ ਆਂਦਰ ਵਿੱਚ ਆਸਾਨੀ ਨਾਲ ਮਿਲਦਾ ਨਹੀਂ ਹੈ ਅਤੇ ਜਦੋਂ ਇਹ ਛੋਟੀ ਅਤੇ ਵੱਡੀ ਆਂਦਰ ਵਿੱਚ ਪ੍ਰੋਟੀਨ ਨਾਲ ਜੁੜਦਾ ਹੈ ਤਾਂ ਇਸ ਦੀ ਸੰਰਚਨਾ ਵਿੱਚ ਤਬਦੀਲੀ ਹੋ ਜਾਂਦੀ ਹੈ। ਨਤੀਜੇ ਵਜੋਂ, ਇਹ ਅਸਲ ਵਿੱਚ ਜ਼ਿਆਦਾ ਕੁਝ ਨਹੀਂ ਕਰਦਾ।

ਉਹ ਕਹਿੰਦੇ ਹਨ ਕਿ ਹਲਦੀ ਵਿੱਚ ਕੁਝ ਅਜਿਹਾ ਹੋ ਸਕਦਾ ਹੈ ਜੋ ਲਾਭਦਾਇਕ ਹੋਵੇ, ਪਰ ਇਹ ਕਰਕਿਊਮਿਨ ਨਹੀਂ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਜੇਕਰ ਹਲਦੀ ਨੂੰ ਭੋਜਨ ਦੇ ਹਿੱਸੇ ਵਜੋਂ ਪਕਾਇਆ ਜਾਂਦਾ ਹੈ ਤਾਂ ਉਹ ਹੋਰ ਭੋਜਨ ਪਦਾਰਥਾਂ ਦੇ ਨਾਲ ਮਿਲਾਇਆ ਜਾਂਦਾ ਹੈ ਅਤੇ ਗਰਮ ਕੀਤਾ ਜਾਂਦਾ ਹੈ, ਜਿਸ ਨਾਲ ਇਸ ਦੇ ਰਸਾਇਣਕ ਮਿਸ਼ਰਨ ਬਦਲ ਜਾਂਦੇ ਹਨ।

‘‘ਹਲਦੀ ਵਿੱਚ ਕੁਝ ਹੋਰ ਵੀ ਹੋ ਸਕਦਾ ਹੈ, ਜਿਸ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ ਪਰ ਕਰਕਿਊਮਿਨ ਨਹੀਂ ਅਤੇ ਇਹ ਇੱਕ ਚੀਜ਼ ਨਹੀਂ ਹੋ ਸਕਦੀ। ਲਾਭਕਾਰੀ ਹੋਣ ਲਈ ਇਸ ਨੂੰ ਰਸਾਇਣਕ ਰੂਪ ਨਾਲ ਸੋਧਣ ਜਾਂ ਕਿਸੇ ਚੀਜ਼ ਵਿੱਚ ਮਿਲਾਉਣ ਦੀ ਲੋੜ ਹੋ ਸਕਦੀ ਹੈ।’’

ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾ ਮਾਤਰਾ ਵਿੱਚ ਹਲਦੀ ਦਾ ਸੇਵਨ ਹਾਨੀਕਾਰਕ ਨਹੀਂ ਹੈ ਪਰ ਉਹ ਇਸ ਨੂੰ ਸੈਲਫ-ਮੈਡੀਕੇਸ਼ਨ ਵਜੋਂ ਵਰਤਣ ਦੀ ਸਲਾਹ ਨਹੀਂ ਦੇਣਗੇ।

ਸਹਿ-ਸਬੰਧ ਬਨਾਮ ਕਾਰਨ

ਮਸਾਲੇ

ਤਸਵੀਰ ਸਰੋਤ, Getty Images

ਮਿਰਚ ਅਤੇ ਹਲਦੀ ਦਾ ਵਿਆਪਕ ਤੌਰ 'ਤੇ ਅਧਿਐਨ ਕੀਤਾ ਗਿਆ ਹੈ ਪਰ ਜ਼ਿਆਦਾਤਰ ਪ੍ਰੀਖਣਾਂ ਵਿੱਚ ਸਿਰਫ਼ ਖਪਤ ਅਤੇ ਵੱਖ-ਵੱਖ ਸਿਹਤ ਨਤੀਜਿਆਂ ਦੇ ਅੰਕੜਿਆਂ ਦੀ ਤੁਲਨਾ ਕੀਤੀ ਹੈ, ਜੋ ਕਾਰਨ ਅਤੇ ਪ੍ਰਭਾਵ ਨੂੰ ਅਲੱਗ ਨਹੀਂ ਕਰਦਾ ਹੈ।

ਪ੍ਰਯੋਗਸ਼ਾਲਾਵਾਂ ਵਿੱਚ ਕੀਤੀ ਗਈ ਖੋਜ ਜ਼ਰੂਰੀ ਨਹੀਂ ਕਿ ਉਹ ਮਨੁੱਖੀ ਸਰੀਰ ’ਤੇ ਵੀ ਲਾਗੂ ਹੋਵੇ।

ਜਿਵੇਂ ਕਿ ਅਨੇਕ ਪੋਸ਼ਣ ਸਬੰਧੀ ਅਧਿਐਨਾਂ ਦੇ ਮਾਮਲੇ ਵਿੱਚ ਸੱਚ ਹੈ, ਇਨ੍ਹਾਂ ਵਿੱਚ ਸਹਿ-ਸਬੰਧ ਬਨਾਮ ਕਾਰਨ ਦਾ ਪਤਾ ਲਗਾਉਣਾ ਮੁਸ਼ਕਲ ਹੈ।

ਸਾਲ 2019 ਵਿੱਚ ਕੀਤੇ ਗਏ ਇਤਾਲਵੀ ਅਧਿਐਨ ਨੂੰ ਹੀ ਲੈ ਲਓ, ਜਿਸ ਵਿੱਚ ਮਿਰਚਾਂ ਖਾਣ ਨਾਲ ਮੌਤ ਦਾ ਜੋਖਮ ਘੱਟ ਹੁੰਦਾ ਹੈ।

ਇਹ ਨਿਰੀਖਣ ’ਤੇ ਆਧਾਰਿਤ ਸੀ, ਇਸ ਲਈ ਇਹ ਜਾਣਨਾ ਅਸੰਭਵ ਹੈ ਕਿ ਕੀ ਮਿਰਚ ਖਾਣ ਨਾਲ ਲੋਕ ਲੰਬੇ ਸਮੇਂ ਤੱਕ ਜਿਉਂਦੇ ਰਹਿੰਦੇ ਹਨ?

ਮਸਾਲੇ

ਤਸਵੀਰ ਸਰੋਤ, Getty Images

ਖੋਜ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਬਰਗਰ ਵਿੱਚ ਮਸਾਲੇ ਦਾ ਮਿਸ਼ਰਣ ਮਿਲਾਉਣ ਨਾਲ ਕਿਸੇ ਵਿਅਕਤੀ ਦੇ ਸਰੀਰ ਵਿੱਚ ਉਨ੍ਹਾਂ ਲੋਕਾਂ ਦੀ ਤੁਲਨਾ ਵਿੱਚ ਘੱਟ ‘ਫ੍ਰੀ ਰੈਡੀਕਲ’ ਬਣ ਸਕਦੇ ਹਨ, ਜੋ ਬਿਨਾਂ ਮਸਾਲੇ ਦੇ ਬਰਗਰ ਖਾਂਦੇ ਹਨ ਅਤੇ ਇਹ ਮੀਟ ਨੂੰ ਘੱਟ ਕੈਂਸਰਕਾਰੀ ਬਣਾ ਸਕਦੇ ਹਨ।

ਮੇਲੋਰ ਜੋ ਇਸ ਅਧਿਐਨ ਵਿੱਚ ਸ਼ਾਮਲ ਨਹੀਂ ਸਨ, ਉਹ ਕਹਿੰਦੇ ਹਨ ਕਿ ਇਨ੍ਹਾਂ ਲਾਭਾਂ ਨੂੰ ਸਿਰਫ਼ ਮਸਾਲਿਆਂ ਦੀ ਪ੍ਰੀਜ਼ਰਵੇਟਿਵ ਕੁਆਲਿਟੀ ਦੁਆਰਾ ਸਮਝਾਇਆ ਜਾ ਸਕਦਾ ਹੈ।

ਉਹ ਕਹਿੰਦੇ ਹਨ, ‘‘ਮੀਟ ਵਿੱਚ ਮਸਾਲੇ ਪਾਉਣਾ ਮੀਟ ਨੂੰ ਸੁਰੱਖਿਅਤ/ਪ੍ਰੀਜ਼ਰਵ ਰੱਖਣ ਦੀ ਇੱਕ ਪ੍ਰਸਿੱਧ ਤਕਨੀਕ ਹੈ।’’

‘‘ਇਸ ਲਈ, ਮਸਾਲਿਆਂ ਦੇ ਫਾਇਦੇ, ਭੋਜਨ ਦੀ ਸੰਭਾਲ ਕਰਨ ਵਿੱਚ ਜ਼ਿਆਦਾ ਹੋ ਸਕਦੇ ਹਨ, ਨਾ ਕਿ ਉਨ੍ਹਾਂ ਨੂੰ ਸਿੱਧੇ ਲਾਭ ਪਹੁੰਚਾਉਣ ਵਿੱਚ। ਪਰ ਕਿਸੇ ਵੀ ਤਰੀਕੇ ਨਾਲ, ਸਾਨੂੰ ਲਾਭ ਹੋ ਸਕਦਾ ਹੈ ਕਿਉਂਕਿ ਇਹ ਭੋਜਨ ਨੂੰ ਸਾਡੇ ਲਈ ਘੱਟ ਹਾਨੀਕਾਰਕ ਬਣਾਉਂਦੇ ਹਨ।’’

ਕਈ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਮਸਾਲਿਆਂ ਦੇ ਸਿਹਤ ਲਾਭ ਅਸਲ ਵਿੱਚ ਇਸ ਗੱਲ ’ਤੇ ਨਿਰਭਰ ਕਰਦੇ ਹਨ ਕਿ ਅਸੀਂ ਉਨ੍ਹਾਂ ਨੂੰ ਕਿਸ ਚੀਜ਼ ਨਾਲ ਖਾਂਦੇ ਹਾਂ।

ਉਦਾਹਰਨ ਲਈ ਨਿਊਯਾਰਕ ਦੇ ਐੱਨਵਾਈਯੂ ਲੈਂਗੋਨ ਹੈਲਥ ਮੈਡੀਕਲ ਸੈਂਟਰ ਦੇ ਕਲੀਨਿਕਲ ਅਸਿਸਟੈਂਟ ਪ੍ਰੋਫੈਸਰ ਲਿਪੀ ਰਾਏ ਦਾ ਕਹਿਣਾ ਹੈ ਕਿ ਲੂਣ ਦੀ ਜਗ੍ਹਾ ਮਸਾਲਿਆਂ ਦੀ ਵਰਤੋਂ ਕਰਨ ਦਾ ਰੁਝਾਨ ਹੈ।

ਉਹ ਕਹਿੰਦੇ ਹਨ, ‘‘ਮਸਾਲੇ ਭੋਜਨ ਨੂੰ ਸੁਆਦੀ ਅਤੇ ਜ਼ਾਇਕੇਦਾਰ ਬਣਾਉਂਦੇ ਹਨ ਅਤੇ ਇਹ ਲੂਣ ਦਾ ਇੱਕ ਸਿਹਤਮੰਦ ਬਦਲਾਅ ਹੋ ਸਕਦੇ ਹਨ।’’

ਦਰਅਸਲ, ਪਿਛਲੇ ਸਾਲ ਖੋਜਕਰਤਾਵਾਂ ਨੇ ਇਹ ਸਾਬਤ ਕੀਤਾ ਸੀ ਕਿ ਲੂਣ ਅਤੇ ਸੈਚੁਰੇਟਿਡ ਫੈਟ/ਸੰਤ੍ਰਿਪਤ ਚਰਬੀ ਦੇ ਸਥਾਨ ’ਤੇ ਮਸਾਲਿਆਂ ਦੀ ਵਰਤੋਂ ਕਰਨ ਨਾਲ ਹਰਮਨਪਿਆਰੇ ਭੋਜਨ ਪਦਾਰਥ ਵੀ ਓਨੇ ਹੀ ਸੁਆਦਲੇ ਬਣ ਸਕਦੇ ਹਨ।

ਅਸੀਂ ਸਬਜ਼ੀਆਂ ਦੇ ਨਾਲ ਮਿਰਚਾਂ ਵੀ ਖਾਂਦੇ ਹਾਂ ਜੋ ਨਿਸ਼ਚਤ ਤੌਰ ’ਤੇ ਸਾਡੀ ਸਿਹਤ ਲਈ ਵੀ ਲਾਭਦਾਇਕ ਹੈ।

ਇਸ ਲਈ, ਜਦੋਂ ਕਿ ਸੁਨਹਿਰੀ ਲੈਟਸ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਪਰ ਸਾਡੇ ਲਈ ਕੁਝ ਸਬਜ਼ੀਆਂ ਨੂੰ ਮਸਾਲੇ ਨਾਲ ਮਿਲਾ ਕੇ ਖਾਣਾ ਬਿਹਤਰ ਹੋ ਸਕਦਾ ਹੈ।

ਸਾਨੂੰ ਨਿਸ਼ਚਤ ਤੌਰ 'ਤੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਬਚਣ ਜਾਂ ਉਸ ਨਾਲ ਲੜਨ ਲਈ ਮਸਾਲਿਆਂ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)