ਕੰਮ ਕਰਨ ਦੇ ਘੰਟਿਆਂ 'ਤੇ ਕਿਉਂ ਛਿੜੀ ਬਹਿਸ, ਹਫ਼ਤੇ ਵਿੱਚ 90 ਘੰਟੇ ਕੰਮ ਕਰਨ ਨਾਲ ਸਰੀਰ 'ਤੇ ਕੀ ਅਸਰ ਪੈਂਦਾ?

ਤਸਵੀਰ ਸਰੋਤ, Getty Images
- ਲੇਖਕ, ਚੰਦਨ ਕੁਮਾਰ ਜਜਵਾੜੇ
- ਰੋਲ, ਬੀਬੀਸੀ ਪੱਤਰਕਾਰ, ਦਿੱਲੀ
ਲਾਰਸਨ ਐਂਡ ਟੂਬਰੋ ਦੇ ਚੇਅਰਮੈਨ ਐੱਸ.ਐਨ. ਸੁਬਰਾਮਣੀਅਨ ਦਾ ਕਹਿਣਾ ਹੈ ਕਿ ਕਰਮਚਾਰੀਆਂ ਨੂੰ ਹਫ਼ਤੇ ਵਿੱਚ 90 ਘੰਟੇ ਕੰਮ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਐਤਵਾਰ ਨੂੰ ਵੀ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਦੇ ਇਸ ਬਿਆਨ 'ਤੇ ਕਈ ਮੰਨੇ-ਪ੍ਰਮੰਨੇ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਅਤੇ ਇਸ ਗੱਲ 'ਤੇ ਇੱਕ ਵਾਰ ਫਿਰ ਬਹਿਸ ਛਿੜ ਗਈ ਹੈ ਕਿ ਕਰਮਚਾਰੀਆਂ ਨੂੰ ਹਫ਼ਤੇ ਵਿੱਚ ਕਿੰਨੇ ਘੰਟੇ ਕੰਮ ਕਰਨਾ ਚਾਹੀਦਾ ਹੈ।
ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਇੰਸਟਾਗ੍ਰਾਮ 'ਤੇ ਸਟੋਰੀ ਪਾ ਕੇ ਇਸ ਮੁੱਦੇ 'ਤੇ ਲਿਖਿਆ ਕਿ ਕੰਪਨੀਆਂ 'ਚ ਉੱਚੇ ਅਹੁਦਿਆਂ 'ਤੇ ਬੈਠੇ ਲੋਕਾਂ ਵੱਲੋਂ ਅਜਿਹੇ ਬਿਆਨ ਆਉਣਾ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਨੇ ਇਸ ਸਟੋਰੀ ਵਿੱਚ #mentalhealthmatters ਯਾਨੀ ਮਾਨਸਿਕ ਸਿਹਤ ਨੂੰ ਮਹੱਤਵਪੂਰਨ ਦੱਸਣ ਵਾਲੇ ਹੈਸ਼ਟੈਗ ਦੀ ਵੀ ਵਰਤੋਂ ਕੀਤੀ।

ਇਸ ਤੋਂ ਪਹਿਲਾਂ ਇੰਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਵੀ ਹਫ਼ਤੇ 'ਚ 70 ਘੰਟੇ ਕੰਮ ਕਰਨ ਦੀ ਗੱਲ ਕਹਿ ਚੁਕੇ ਹਨ।
ਐੱਸ.ਐਨ. ਸੁਬਰਾਮਣੀਅਨ ਨੇ ਬੀਤੇ ਦਿਨਾਂ 'ਚ ਕੰਪਨੀਆਂ ਦੇ ਕਰਮਚਾਰੀਆਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਉਨ੍ਹਾਂ ਦੇ ਵੀਡੀਓ ਦਾ ਇੱਕ ਹਿੱਸਾ ਰੇਡਿਤ 'ਤੇ ਪੋਸਟ ਕੀਤਾ ਗਿਆ ਹੈ।
ਵੀਡੀਓ ਵਿੱਚ ਸੁਬਰਾਮਣੀਅਨ ਨੇ ਕਿਹਾ, "ਹਫ਼ਤੇ ਵਿੱਚ 90 ਘੰਟੇ ਕੰਮ ਕਰਨਾ ਚਾਹੀਦਾ ਹੈ। ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਮੈਂ ਤੁਹਾਡੇ ਕੋਲੋਂ ਐਤਵਾਰ ਨੂੰ ਕੰਮ ਨਹੀਂ ਕਰਵਾ ਪਾ ਰਿਹਾ ਹਾਂ। ਜੇਕਰ ਮੈਂ ਅਜਿਹਾ ਕਰਵਾ ਸਕਾਂ ਤਾਂ ਮੈਨੂੰ ਜ਼ਿਆਦਾ ਖੁਸ਼ੀ ਹੋਵੇਗੀ ਕਿਉਂਕਿ ਮੈਂ ਖ਼ੁਦ ਐਤਵਾਰ ਨੂੰ ਕੰਮ ਕਰਦਾ ਹਾਂ। ਘਰ ਬੈਠ ਕੇ ਤੁਸੀਂ ਕੀ ਕਰਦੇ ਹੋ..."
ਐੱਸ.ਐਨ. ਸੁਬਰਾਮਣੀਅਨ ਨੇ ਇਹ ਵੀ ਕਿਹਾ ਕਿ, "ਤੁਸੀਂ ਘਰ ਬੈਠ ਕੇ ਕਿੰਨੀ ਦੇਰ ਆਪਣੀ ਪਤਨੀ ਦਾ ਚਿਹਰਾ ਦੇਖੋਗੇ।"
ਉਨ੍ਹਾਂ ਦੇ ਇਸ ਬਿਆਨ ਨੇ ਕੰਮ ਦੇ ਘੰਟੇ, ਅਰਾਮ ਦੀ ਜ਼ਰੂਰਤ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੱਡੀ ਬਹਿਸ ਛੇੜ ਦਿੱਤੀ ਹੈ।
ਸ਼ਾਦੀ ਡੌਟ ਕੌਮ ਦੇ ਸੰਸਥਾਪਕ ਅਨੁਪਮ ਮਿੱਤਲ ਨੇ ਇਸ ਮੁੱਦੇ ਬਾਰੇ ਸੋਸ਼ਲ ਮੀਡੀਆ ਐਕਸ 'ਤੇ ਵਿਅੰਗ ਕੱਸਦਿਆਂ ਲਿਖਿਆ, "ਪਰ ਸਰ, ਜੇਕਰ ਪਤੀ-ਪਤਨੀ ਇੱਕ-ਦੂਜੇ ਨੂੰ ਨਹੀਂ ਦੇਖਣਗੇ ਤਾਂ ਅਸੀਂ ਦੁਨੀਆਂ ਵਿੱਚ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਕਿਵੇਂ ਬਣਾਂਗੇ।"

ਕਿਸ-ਕਿਸ ਨੇ ਕੀ ਕਿਹਾ?
ਇਸ ਬਹਿਸ ਵਿੱਚ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਕਿਹਾ, "ਮੇਰਾ ਮੰਨਣਾ ਹੈ ਕਿ ਅਸੀਂ ਕਿੰਨੀ ਦੇਰ ਕੰਮ ਕੀਤਾ, ਇਸ ਨੂੰ ਛੱਡ ਕੇ ਸਾਨੂੰ ਕੰਮ ਦੀ ਗੁਣਵੱਤਾ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ 40 ਘੰਟੇ, 70 ਘੰਟੇ ਜਾਂ 90 ਘੰਟੇ ਕੰਮ ਕਰਨ ਦਾ ਮਾਮਲਾ ਨਹੀਂ ਹੈ। ਤੁਸੀਂ ਕੀ ਕਰ ਰਹੇ ਹੋ ਇਹ ਇਸ 'ਤੇ ਨਿਰਭਰ ਕਰਦਾ ਹੈ। ਤੁਸੀਂ 10 ਘੰਟੇ ਕੰਮ ਕਰਕੇ ਵੀ ਦੁਨੀਆਂ ਬਦਲ ਸਕਦੇ ਹੋ।"
"ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਸੋਸ਼ਲ ਮੀਡੀਆ ਐਕਸ 'ਤੇ ਇਸ ਲਈ ਨਹੀਂ ਹਾਂ, ਕਿਉਂਕਿ ਮੈਂ ਇੱਕਲਾ ਹਾਂ। ਮੇਰੀ ਪਤਨੀ ਸ਼ਾਨਦਾਰ ਹੈ ਅਤੇ ਮੈਨੂੰ ਉਸ ਨੂੰ ਦੇਖਣਾ ਪਸੰਦ ਹੈ ਅਤੇ ਉਨ੍ਹਾਂ ਦੇ ਨਾਲ ਸਮਾਂ ਬਿਤਾਉਣਾ ਵੀ।"
ਸੀਰਮ ਇੰਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨੇ ਵੀ ਐੱਸ.ਐਨ. ਸੁਬਰਾਮਣੀਅਨਦੇ ਬਿਆਨ 'ਤੇ ਵਿਅੰਗ ਕੱਸਿਆ।
ਉਨ੍ਹਾਂ ਨੇ ਲਿਖਿਆ, "ਹਾਂ ਆਨੰਦ ਮਹਿੰਦਰਾ, ਮੇਰੀ ਪਤਨੀ ਮੰਨਦੀ ਹੈ ਕਿ ਮੈਂ ਵਧੀਆ ਹਾਂ, ਉਹ ਐਤਵਾਰ ਨੂੰ ਮੈਨੂੰ ਦੇਖਣਾ ਪਸੰਦ ਕਰਦੀ ਹੈ। ਕੰਮ ਦੀ ਗੁਣਵੱਤਾ ਮਾਅਨੇ ਰੱਖਦੀ ਹੈ, ਕੰਮ ਦੇ ਘੰਟੇ ਨਹੀਂ।"

ਤਸਵੀਰ ਸਰੋਤ, Getty Images
ਉਦਯੋਗਪਤੀ ਹਰਸ਼ ਗੋਇੰਕਾ ਨੇ ਵੀ ਆਨੰਦ ਮਹਿੰਦਰਾ ਦੀਆਂ ਗੱਲਾਂ ਦਾ ਸਮਰਥਨ ਕਰਦਿਆਂ ਉਨ੍ਹਾਂ ਦਾ ਬਿਆਨ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ।
ਉਨ੍ਹਾਂ ਨੇ ਲਿਖਿਆ, "ਹਫ਼ਤੇ ਵਿੱਚ 90 ਘੰਟੇ ਕੰਮ? ਐਤਵਾਰ ਦਾ ਨਾਂ ਬਦਲ ਕੇ ਸਨ-ਡਿਊਟੀ ਕਰ ਦਿੱਤਾ ਜਾਵੇ ਜਾਂ ਛੁੱਟੀ ਦੀ ਧਾਰਨਾ ਨੂੰ ਮਿੱਥ ਕਰਾਰ ਦੇ ਦਿੱਤਾ ਜਾਵੇ? ਮੈਨੂੰ ਲੱਗਦਾ ਹੈ ਕਿ ਮਿਹਨਤ ਅਤੇ ਸਮਾਰਟ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ, ਪਰ ਕੀ ਜ਼ਿੰਦਗੀ ਨੂੰ ਲਗਾਤਾਰ ਇੱਕ ਆਫ਼ਿਸ ਸ਼ਿਫਟ ਵਿੱਚ ਤਬਦੀਲ ਕਰ ਦਿੱਤਾ ਜਾਣਾ ਚਾਹੀਦਾ ਹੈ? ਮੈਨੂੰ ਲੱਗਦਾ ਹੈ ਕਿ ਇਹ ਥਕਾਵਟ ਦਾ ਤਰੀਕਾ ਹੈ ਸਫ਼ਲਤਾ ਦਾ ਨਹੀਂ।"
ਦਰਅਸਲ, ਭਾਰਤ ਵਿੱਚ ਫੈਕਟਰੀਆਂ, ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਰਗੀਆਂ ਥਾਵਾਂ 'ਤੇ ਕੰਮ ਕਰਨ ਵਾਲਿਆਂ ਲਈ ਕੰਮ ਦੇ ਘੰਟੇ ਨਿਰਧਾਰਤ ਹਨ ਅਤੇ ਇਸ ਸਬੰਧੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਸਥਾਈ ਆਦੇਸ਼ ਵੀ ਹਨ।

ਲੋਕ ਕੀ ਕਹਿੰਦੇ ਹਨ?
ਬੀਬੀਸੀ ਨੇ ਇਸ ਮੁੱਦੇ 'ਤੇ ਲੋਕਾਂ ਦੀ ਵੀ ਰਾਇ ਮੰਗੀ ਸੀ ਕਿ ਕੰਮ ਲਈ ਕਿੰਨੇ ਘੰਟੇ ਹੋਣੇ ਚਾਹੀਦੇ ਹਨ। ਇਸ 'ਤੇ ਲੋਕਾਂ ਦੀ ਵੱਖੋ-ਵੱਖਰੀ ਪ੍ਰਤੀਕਿਰਿਆ ਵੇਖਣ ਨੂੰ ਮਿਲੀ ਹੈ।
ਕਿਸੇ ਨੇ ਇਸ 'ਤੇ ਲਿਖਿਆ ਕਿ ਕੰਮ ਲਈ 6 ਘੰਟੇ ਕਾਫ਼ੀ ਹਨ ਤਾਂ ਕੋਈ ਦੱਸ ਰਿਹਾ ਹੈ ਕਿ ਕੰਮ ਲਈ 8 ਤੋਂ 9 ਘੰਟੇ ਹੋਣੇ ਚਾਹੀਦੇ ਹਨ। ਉੱਥੇ ਇੱਕ ਯੂਜ਼ਰ ਨੇ ਲਿਖਿਆ, "ਬੇਰੋਜ਼ਗਾਰ ਹਾਜ਼ਰ ਹੋਣ।"
ਫ਼ਰਹਾਨ ਖ਼ਾਨ ਨਾਮ ਦੇ ਇੱਕ ਯੂਜ਼ਰ ਨੇ ਇੰਸਟਾਗ੍ਰਾਮ 'ਤੇ ਆਪਣੇ ਕਮੈਂਟ ਵਿੱਚ ਇਲਜ਼ਾਮ ਲਗਾਇਆ ਕਿ ਐੱਲਐੱਨਟੀ ਦੇ ਚੇਅਰਮੈਨ ਕਰਮਚਾਰੀਆਂ ਦੇ ਸ਼ੋਸ਼ਣ ਦੀ ਸਲਾਹ ਦੇ ਰਹੇ ਹਨ।
ਉੱਥੇ ਹੀ ਪ੍ਰਦੀਪ ਕੁਮਾਰ ਨਾਮ ਦੇ ਇੱਕ ਯੂਜ਼ਰ ਦਾ ਕਹਿਣਾ ਹੈ ਕਿ, "ਕੰਮ ਪੂਰਾ ਹੋਣ ਤੱਕ ਕੰਮ ਕਰਨਾ ਚਾਹੀਦਾ ਹੈ, ਇਹ ਕੰਮ ਦੇ ਘੰਟਿਆਂ 'ਤੇ ਅਧਾਰਿਤ ਨਹੀਂ ਹੋਣਾ ਚਾਹੀਦਾ।"
ਜਦਕਿ ਬ੍ਰਿਜੇਸ਼ ਚੌਰਸਿਆ ਲਿੱਖਦੇ ਹਨ, "ਇਹ ਸੈਲਰੀ 'ਤੇ ਨਿਰਭਰ ਕਰਦਾ ਹੈ। ਅਸੀਂ ਚੈਰਿਟੀ ਲਈ ਕੰਮ ਨਹੀਂ ਕਰਦੇ। ਅਸੀਂ ਆਪਣੇ ਗੁਜ਼ਾਰੇ ਲਈ ਕੰਮ ਕਰਦੇ ਹਾਂ।"
'ਜਜ਼ਬਾਤ ਕਾ ਇਜ਼ਹਾਰ' ਨਾਮ ਦੀ ਇੱਕ ਆਈਡੀ ਵੱਲੋਂ ਕਮੈਂਟ ਕੀਤਾ ਗਿਆ, "ਮੈਂ ਅਗਰ ਮਾਲਕ ਤਾਂ 24 ਘੰਟੇ।"
ਡਾਕਟਰਾਂ ਦਾ ਕੀ ਕਹਿਣਾ ਹੈ?

ਤਸਵੀਰ ਸਰੋਤ, Getty Images
ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਯਾਨੀ ਏਮਜ਼ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਡਾ. ਸੰਜੇ ਰਾਏ ਬੀਬੀਸੀ ਨਾਲ ਗੱਲ ਕਰਦੇ ਹੋਏ ਕਹਿੰਦੇ ਹਨ, "ਇੱਕ ਹਫ਼ਤੇ ਵਿੱਚ ਕੰਮ ਕਰਨ ਲਈ 48 ਘੰਟੇ ਰੱਖੇ ਗਏ ਹਨ ਤਾਂ ਇਸ ਦੇ ਪਿੱਛੇ ਕਾਰਨ ਵੀ ਹੈ।"
"ਤੁਸੀਂ ਕੀ ਕੰਮ ਕਰਦੇ ਹੋ, ਇਸ 'ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨਾ ਕੰਮ ਕਰ ਸਕਦੇ ਹੋ।"
ਡਾ. ਸੰਜੇ ਦਾ ਕਹਿਣਾ ਹੈ ਕਿ, "ਜੇਕਰ ਤੁਸੀਂ ਕੰਪਨੀ ਨੇ ਮਾਲਕ ਹੋ ਤਾਂ ਤੁਸੀਂ ਕਿਸੇ ਦਬਾਅ ਹੇਠ ਆ ਕੇ ਕੰਮ ਨਹੀਂ ਕਰਦੇ, ਤੁਸੀਂ ਮਾਲਕੀ ਹੱਕ ਦੇ ਨਾਲ ਆਪਣਾ ਕੰਮ ਕਰਦੇ ਹੋ। ਅਤੇ ਲੋਕ ਦਫ਼ਤਰ ਵਿੱਚ ਦਬਾਅ ਹੇਠ ਕੰਮ ਕਰ ਰਹੇ ਹਨ ਜਾਂ ਜਨੂੰਨ ਦੇ ਨਾਲ ਕੰਮ ਕਰ ਰਹੇ ਹਨ, ਇਸ 'ਤੇ ਵੀ ਬਹੁਤ ਕੁਝ ਨਿਰਭਰ ਕਰਦਾ ਹੈ।"
ਉਹ ਦੱਸਦੇ ਹਨ ਕਿ ਇੱਕ ਆਦਮੀ ਜ਼ਿਆਦਾ ਸਰੀਰਕ ਮਿਹਨਤ ਵਾਲੇ ਕੰਮ ਵਿੱਚ ਜਾਂ ਖੇਡ ਗਤੀਵਿਧੀਆਂ ਵਿੱਚ ਜਲਦੀ ਥੱਕਦਾ ਹੈ ਅਤੇ ਆਮ ਤੌਰ 'ਤੇ ਔਰਤਾਂ ਮਰਦਾਂ ਦੇ ਮੁਕਾਬਲੇ ਮਿਹਨਤ ਵਾਲੇ ਕੰਮ ਵਿੱਚ ਜਲਦੀ ਥੱਕ ਜਾਂਦੀਆਂ ਹਨ।
ਪੁਣੇ ਦੇ ਡੀਵਾਈ ਪਾਟਿਲ ਮੈਡੀਕਲ ਕਾਲਜ ਦੇ ਐਮਰਿਟਸ ਪ੍ਰੋਫੈਸਰ ਡਾ. ਅਮਿਤਾਵ ਬੈਨਰਜੀ ਕਹਿੰਦੇ ਹਨ, "ਸਾਡੇ ਦੇਸ਼ ਵਿੱਚ ਵੱਡੀ ਆਬਾਦੀ ਹੈ ਤਾਂ ਇਸ ਲਈ ਤੁਸੀਂ ਇਸ ਤਰ੍ਹਾਂ ਦੀ ਗੱਲ ਕਹਿ ਸਕਦੇ ਹੋ, ਦੂਜੇ ਦੇਸ਼ਾਂ ਵਿੱਚ ਤਾਂ ਤੁਹਾਨੂੰ ਲੋਕ ਹੀ ਨਹੀਂ ਮਿਲਣਗੇ।"
"ਅਸਲ ਗੱਲ ਹੈ ਕਿ ਕੰਮ ਦੀ ਪਰਿਭਾਸ਼ਾ ਕੀ ਹੈ? ਇੱਕ ਹੁੰਦਾ ਹੈ ਸਰੀਰਕ ਕੰਮ, ਜਿਸ ਵਿੱਚ ਤੁਸੀਂ ਅੱਠ ਘੰਟੇ ਕੰਮ ਕਰਦੇ ਹੋ। ਜੇਕਰ ਤੁਸੀਂ ਜ਼ਿਆਦਾ ਕੰਮ ਕਰਦੇ ਹੋ, ਤਾਂ ਥੱਕ ਜਾਣ ਤੋਂ ਬਾਅਦ ਕੰਮ 'ਤੇ ਹੋਣ ਵਾਲੀਆਂ ਦੁਰਘਟਨਾਵਾਂ ਵੱਧ ਜਾਂਦੀਆਂ ਹਨ। ਭਾਵੇਂ ਉਹ ਫੈਕਟਰੀ ਵਿੱਚ ਹੋਵੇ, ਕਾਰ ਚਲਾਉਣ ਦਾ ਕੰਮ ਹੋਵੇ ਜਾਂ ਅਕਾਊਂਟ ਨਾਲ ਜੁੜਿਆ ਕੰਮ ਹੋਵੇ। ਹਰ ਕੰਮ ਵਿੱਚ ਹਾਦਸਾ ਹੋ ਸਕਦਾ ਹੈ।"

ਤਸਵੀਰ ਸਰੋਤ, Getty Images
ਡਾ. ਅਮਿਤਾਵ ਬੈਨਰਜੀ ਦਾ ਕਹਿਣਾ ਹੈ, "ਰਚਨਾਤਮਕ ਲੋਕ 24 ਘੰਟੇ ਕੰਮ ਕਰ ਸਕਦੇ ਹਨ। ਯੁਸੀਨ ਜਦੋਂ ਕੰਮ ਨਹੀਂ ਕਰਦੇ ਤਾਂ ਵੀ ਤੁਹਾਡਾ ਦਿਮਾਗ ਰਚਨਾਤਮਕ ਕੰਮ ਕਰ ਰਿਹਾ ਹੁੰਦਾ ਹੈ ਅਤੇ ਤੁਹਾਨੂੰ ਵਿਚਾਰ ਆਉਂਦੇ ਹਨ। ਇਸ ਤਰ੍ਹਾਂ ਦੇ ਲੋਕ ਸੁਪਨਿਆਂ ਵਿੱਚ ਵੀ ਕੰਮ ਕਰ ਸਕਦੇ ਹਨ, ਜਿਵੇਂ ਬੇਂਜ਼ੀਨ (ਇੱਕ ਰਸਾਇਣਕ ਮਿਸ਼ਰਣ) ਦੀ ਖੋਜ ਸੁਪਨੇ ਵਿੱਚ ਹੋਈ ਸੀ।"
"ਆਰਕਮੇਡੀਜ਼ ਨੇ ਨਹਾਉਂਦੇ ਹੋਏ ਸਾਬਣ ਨੂੰ ਟੱਬ 'ਚ ਡਿੱਗਦੇ ਦੇਖਿਆ ਅਤੇ ਯੂਰੇਕਾ ... ਯੂਰੇਕਾ ਚੀਕਿਆ, ਫਿਰ ਆਪਣਾ ਸਿਧਾਂਤ ਪੇਸ਼ ਕੀਤਾ। ਨਿਊਟਨ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਦਰੱਖਤ ਤੋਂ ਫਲ ਨੂੰ ਡਿੱਗਦੇ ਹੋਏ ਦੇਖਿਆ ਅਤੇ ਗਰੈਵਟੀ ਦੀ ਥਿਊਰੀ ਪੇਸ਼ ਕੀਤੀ।"
ਲੋਕ ਆਮ ਤੌਰ 'ਤੇ ਕੰਮ ਦੇ ਵਰਕ ਲਾਈਫ਼ ਬੈਲੇਂਸ (ਕੰਮ ਤੇ ਜੀਵਨ ਦਾ ਸੰਤੁਲਨ) ਦੀ ਵੀ ਗੱਲ ਕਰਦੇ ਹਨ ਅਤੇ ਜ਼ਿਆਦਾ ਕੰਮ ਕਰਨ ਕਰਕੇ ਕਈ ਵਾਰ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ।
ਅਸੀਂ ਇਸ ਨੂੰ ਸਮਝਣ ਲਈ ਦਿੱਲੀ ਦੇ ਬੀਐੱਲ ਕਪੂਰ ਮੈਕਸ ਹਸਪਤਾਲ ਦੇ ਨਿਊਰੋਲੋਜਿਸਟ ਡਾ. ਪ੍ਰਤੀਕ ਕਿਸ਼ੋਰ ਨਾਲ ਗੱਲ ਕੀਤੀ।
ਉਨ੍ਹਾਂ ਦਾ ਕਹਿਣਾ ਹੈ ਕਿ, "ਜ਼ਿਆਦਾ ਕੰਮ ਕਰਨ ਜਾਂ ਮਿਹਨਤ ਕਰਨ ਨਾਲ ਤੁਹਾਡੀ ਨੀਂਦ 'ਤੇ ਅਸਰ ਪੈਂਦਾ ਹੈ। ਸਰੀਰ ਨੂੰ ਆਰਾਮ ਨਹੀਂ ਮਿਲੇਗਾ, ਤਾਂ ਤੁਹਾਡੇ ਹਾਰਮੋਨਸ ਲਗਾਤਾਰ ਸਰਗਰਮ ਰਹਿਣਗੇ। ਇਸ ਨਾਲ ਸਾਡੇ ਤਣਾਅ ਵਾਲੇ ਹਾਰਮੋਨ ਵਧਣਗੇ। ਇਹ ਧਮਨੀਆਂ ਨੂੰ ਸਖ਼ਤ ਬਣਾਉਂਦਾ ਹੈ, ਤੁਹਾਡਾ ਬੀਪੀ ਵੱਧ ਸਕਦਾ ਹੈ, ਮੋਟਾਪਾ, ਸ਼ੂਗਰ, ਕੋਲੈਸਟ੍ਰੋਲ ਵਧਣ ਦੀ ਸੰਭਾਵਨਾ ਹੁੰਦੀ ਹੈ। ਦਿਲ ਅਤੇ ਦਿਮਾਗ ਦਾ ਦੌਰਾ ਪੈਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।"
"ਸਾਡੇ ਸਰੀਰ ਨੂੰ ਇੱਕ ਤੈਅ ਮਾਤਰਾ ਵਿੱਚ ਕੰਮ ਕਰਨ ਹੁੰਦਾ ਹੈ ਅਤੇ ਇਸੇ ਤਰੀਕੇ ਨਾਲ ਆਰਾਮ ਵੀ ਕਰਨਾ ਹੁੰਦਾ ਹੈ। ਇਹ ਬਿਮਾਰੀਆਂ ਨਾਲ ਲੜਨ ਦੀ ਸਾਡੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦਾ ਹੈ।"
ਉਹ ਕਹਿੰਦੇ ਹਨ, "ਅਰਾਮ ਕਰਨ ਨਾਲ ਸਰੀਰ ਦੇ ਅਹਿਮ ਅੰਗਾਂ ਦੀ ਰਿਕਵਰੀ ਵੀ ਹੁੰਦੀ ਹੈ। ਇਸ ਲਿਹਾਜ਼ ਨਾਲ ਇੱਕ ਦਿਨ ਵਿੱਚ ਵੱਧ ਤੋਂ ਵੱਧ 8 ਘੰਟੇ ਕੰਮ ਕੀਤਾ ਜਾ ਸਕਦਾ ਹੈ, ਪਰ ਅਸੀਂ ਘਰ ਆ ਕੇ ਵੀ ਕੰਮ ਕਰਦੇ ਹਾਂ ਤਾਂ ਇਹ 10 ਘੰਟੇ ਤੱਕ ਪਹੁੰਚ ਜਾਂਦਾ ਹੈ।"
'ਜਦੋਂ ਕੁਝ ਕੰਮ ਨਹੀਂ ਆਉਂਦਾ, ਸਖ਼ਤ ਮਿਹਨਤ ਕੰਮ ਆਉਂਦੀ ਹੈ'

ਤਸਵੀਰ ਸਰੋਤ, Getty Images
ਏਮਜ਼ ਦੇ ਸਾਬਕਾ ਡਾਕਟਰ ਅਤੇ 'ਸੈਂਟਰ ਫਾਰ ਸਾਈਟ' ਦੇ ਸੰਸਥਾਪਕ ਡਾ. ਮਹੀਪਾਲ ਸਚਦੇਵਾ ਦੀ ਇਸ ਬਹਿਸ 'ਚ ਥੋੜੀ ਵੱਖਰੀ ਰਾਇ ਰੱਖਦੇ ਹਨ।
ਉਨ੍ਹਾਂ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਕਿਹਾ, "ਹਰ ਦੇਸ਼ ਵਿੱਚ ਕੰਮ ਅਤੇ ਵਿਕਾਸ ਲਈ ਇੱਕ ਸਮਾਂ ਸੀਮਾ ਹੁੰਦੀ ਹੈ। ਜਿਵੇਂ ਜਾਪਾਨ ਦੇ ਲੋਕਾਂ ਨੇ ਪ੍ਰਮਾਣੂ ਹਮਲੇ ਤੋਂ ਬਾਅਦ ਸਖ਼ਤ ਮਿਹਨਤ ਕੀਤੀ ਅਤੇ ਬਹੁਤ ਕੰਮ ਕੀਤਾ। ਜੇਕਰ ਤੁਸੀਂ ਅੱਗੇ ਵਧਣਾ ਹੈ ਅਤੇ ਤੁਹਾਡੇ ਵਿੱਚ ਕੰਮ ਕਰਨ ਦਾ ਜਨੂੰਨ ਹੈ, ਤਾਂ ਤੁਸੀਂ ਜ਼ਿਆਦਾ ਕੰਮ ਕਰੋਗੇ। ਹਾਲਾਂਕਿ, ਇਸ ਦੇ ਲਈ ਤੁਹਾਡੇ ਕੋਲ ਕੰਮ ਵੀ ਹੋਣਾ ਚਾਹੀਦਾ ਹੈ।"
"ਲੋਕ ਗੁਣਵੱਤਾ ਅਤੇ ਮਾਤਰਾ ਬਾਰੇ ਗੱਲ ਕਰਦੇ ਹਨ। ਜੇਕਰ 'ਵਰਕ ਇਜ਼ ਵਰਸ਼ਿਪ (ਕੰਮ ਹੀ ਪੂਜਾ) ਹੈ ਤਾਂ ਮੇਰਾ ਮੰਨਣਾ ਹੈ ਕਿ ਇਹ ਦੋਵੇਂ ਇਕੱਠੇ ਕਿਉਂ ਨਹੀਂ ਹੋ ਸਕਦੇ। ਪਰ ਤੁਸੀਂ ਲਗਾਤਾਰ ਕੰਮ ਨਹੀਂ ਕਰ ਸਕਦੇ। ਇਸ ਤਰ੍ਹਾਂ ਨਾਲ ਕੰਮ ਕਰਨ ਵਿੱਚ ਤੁਹਾਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ।"
ਡਾ. ਸਚਦੇਵਾ ਕਹਿੰਦੇ ਹਨ ਕਿ ਕਿਸੇ ਡਾਕਟਰ ਦੇ ਕੋਲ 50 ਮਰੀਜ਼ ਹੋਣ ਤਾਂ ਜਾਂ ਤਾਂ ਉਹ ਸਾਰਿਆਂ ਨੂੰ ਦੇਖੇ ਜਾਂ ਫਿਰ ਦੇਖਣ ਤੋਂ ਮਨ੍ਹਾ ਕਰ ਦੇਵੇ, ਉਹ ਇਹੀ ਕਰ ਸਕਦਾ ਹੈ।
ਉਹ ਕਹਿੰਦੇ ਹਨ, "ਕੰਮ ਕਰਨ ਨਾਲ ਤਣਾਅ ਹੁੰਦਾ ਹੈ ਇਹ ਸਹੀ ਹੈ। ਮੈਂ ਅੱਖਾਂ ਦਾ ਡਾਕਟਰ ਹਾਂ ਤਾਂ ਇਹ ਕਹਾਂਗਾ ਕਿ ਇਸ ਨਾਲ ਅੱਖਾਂ ਵਿੱਚ ਖਿੱਚ, ਸਿਰ ਦਰਦ, ਅੱਖਾਂ ਦਾ ਲਾਲ ਹੋਣ ਵਰਗੀਆਂ ਸਮੱਸਿਆਵਾਂ ਵੀ ਆ ਸਕਦੀਆਂ ਹਨ। ਪਰ ਕੌਣ ਕਿੰਨਾ ਕੰਮ ਕਰ ਸਕਦਾ ਹੈ, ਇਹ ਹਰ ਇਨਸਾਨ ਦੇ ਲਈ ਅਲੱਗ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਇਹ ਦੇਖਣਾ ਹੁੰਦਾ ਹੈ ਕਿ ਕਿਸੇ ਦਾ ਸਰੀਰ ਉਸ ਨੂੰ ਕਿੰਨਾ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ।"
ਡਾ. ਸਚਦੇਵਾ ਕਹਿੰਦੇ ਹਨ ਕਿ, "ਹਾਲਾਂਕਿ, ਅੰਤ ਵਿੱਚ ਇੱਕ ਗੱਲ ਜ਼ਰੂਰ ਕਹਾਂਗਾ, ਜਦੋਂ ਕੋਈ ਉਪਾਅ ਕੰਮ ਨਹੀਂ ਕਰਦਾ ਤਾਂ ਸਖ਼ਤ ਮਿਹਨਤ ਹੀ ਕੰਮ ਆਉਂਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












