ਔਰਤ ਦੇ ਲੀਵਰ ਵਿੱਚ 3 ਮਹੀਨੇ ਦਾ ਭਰੂਣ, ਇਹ ਮਾਮਲਾ ਕਿਵੇਂ ਅਤੇ ਕਿੰਨਾ ਦੁਰਲੱਭ ਹੈ

ਤਸਵੀਰ ਸਰੋਤ, Prabhat Kumar/BBC
- ਲੇਖਕ, ਪ੍ਰੇਰਣਾ
- ਰੋਲ, ਬੀਬੀਸੀ ਪੱਤਰਕਾਰ
ਹਾਲ ਹੀ ਵਿੱਚ ਪੱਛਮੀ ਉੱਤਰ ਪ੍ਰਦੇਸ਼ ਤੋਂ ਗਰਭ ਅਵਸਥਾ ਦਾ ਇੱਕ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ।
ਇਹ ਮਾਮਲਾ ਵਿਲੱਖਣ ਹੈ ਕਿਉਂਕਿ ਭਰੂਣ ਬੱਚੇਦਾਨੀ ਵਿੱਚ ਨਹੀਂ ਸਗੋਂ ਲੀਵਰ ਵਿੱਚ ਵਿਕਸਤ ਹੋ ਰਿਹਾ ਸੀ।
ਇਹੀ ਕਾਰਨ ਹੈ ਕਿ ਬੁਲੰਦਸ਼ਹਿਰ ਜ਼ਿਲ੍ਹੇ ਦੇ ਦਸਤੂਰਾ ਪਿੰਡ ਦੀ ਰਹਿਣ ਵਾਲੀ 35 ਸਾਲਾ ਸਰਵੇਸ਼, ਅੱਜਕੱਲ੍ਹ ਬਹੁਤ ਸਾਰੇ ਸੀਨੀਅਰ ਡਾਕਟਰਾਂ ਅਤੇ ਖੋਜਕਾਰਾਂ ਦੇ ਧਿਆਨ ਦਾ ਕੇਂਦਰ ਬਣੀ ਹੋਈ ਹੈ।
ਆਮ ਲੋਕਾਂ ਦੇ ਨਾਲ-ਨਾਲ, ਮਾਹਰ ਵੀ ਜਾਣਨਾ ਚਾਹੁੰਦੇ ਹਨ ਕਿ ਇਹ ਕਿਵੇਂ ਹੋਇਆ ਅਤੇ ਸਰਵੇਸ਼ ਹੁਣ ਕਿਸ ਹਾਲ ਵਿੱਚ ਹੈ?
ਅਸੀਂ ਵੀ ਇਨ੍ਹਾਂ ਸਵਾਲਾਂ ਦੇ ਜਵਾਬ ਭਾਲਣ ਲਈ ਦਸਤੂਰਾ ਪਿੰਡ ਪਹੁੰਚੀ।
ਜਦੋਂ ਅਸੀਂ ਸਰਵੇਸ਼ ਦੇ ਘਰ ਪਹੁੰਚੇ, ਤਾਂ ਉਹ ਇੱਕ ਮੰਜੇ 'ਤੇ ਪਈ ਮਿਲੀ। ਉਸ ਦੇ ਪੇਟ 'ਤੇ ਇੱਕ ਬਹੁਤ ਚੌੜੀ ਬੈਲਟ ਬੰਨ੍ਹੀ ਹੋਈ ਸੀ ਅਤੇ ਉਸ ਦੇ ਲਈ ਪਾਸਾ ਮੋੜਨਾ ਵੀ ਮੁਸ਼ਕਲ ਹੋ ਰਿਹਾ ਸੀ।
ਉਸ ਨੇ ਦੱਸਿਆ ਕਿ ਪੇਟ ਦੇ ਉੱਪਰ ਸੱਜੇ ਪਾਸੇ ਇੱਕੀ ਟਾਂਕੇ ਹਨ। ਡਾਕਟਰ ਨੇ ਉਸ ਨੂੰ ਕੋਈ ਵੀ ਭਾਰੀ ਚੀਜ਼ ਚੁੱਕਣ ਤੋਂ ਮਨ੍ਹਾ ਕੀਤਾ ਹੈ, ਉਸ ਨੂੰ ਬਹੁਤ ਹਲਕਾ ਭੋਜਨ ਖਾਣ ਅਤੇ ਵੱਧ ਤੋਂ ਵੱਧ ਆਰਾਮ ਕਰਨ ਦੀ ਸਲਾਹ ਦਿੱਤੀ ਹੈ।

ਤਸਵੀਰ ਸਰੋਤ, Prabhat Kumar/BBC
ਸਰਵੇਸ਼ ਨੂੰ ਮੰਜੇ 'ਤੇ ਬਿਠਾਉਣ ਤੋਂ ਲੈ ਕੇ ਬਾਥਰੂਮ ਲੈ ਕੇ ਜਾਣ, ਕੱਪੜੇ ਬਦਲਣ ਤੱਕ, ਸਾਰੇ ਕੰਮਾਂ ਲਈ ਆਪਣੇ ਪਤੀ ਦੀ ਮਦਦ ਲੈਣੀ ਪੈ ਰਹੀ ਹੈ।
ਸਰਵੇਸ਼ ਅਤੇ ਉਸ ਦੇ ਪਤੀ ਪਰਮਵੀਰ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਮਹੀਨੇ ਪਰਿਵਾਰ ਲਈ ਕਿਸੇ ਬੁਝਾਰਤ ਤੋਂ ਘੱਟ ਨਹੀਂ ਸਨ।
ਸਰਵੇਸ਼ ਨੇ ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਦੱਸਿਆ, "ਮੈਨੂੰ ਬੇਹਿਸਾਬ ਉਲਟੀਆਂ ਆ ਰਹੀਆਂ ਸਨ। ਥਕਾਣ ਅਤੇ ਦਰਦ ਰਹਿੰਦਾ ਸੀ ਅਤੇ ਸਮਝਣਾ ਮੁਸ਼ਕਲ ਸੀ ਕਿ ਆਖ਼ਰ ਮੈਨੂੰ ਹੋ ਕੀ ਰਿਹਾ ਹੈ।"
ਉਹ ਦੱਸਦੀ ਹੈ ਕਿ ਜਦੋਂ ਉਨ੍ਹਾਂ ਦੀ ਹਾਲਤ ਵਿਗੜਨ ਲੱਗੀ ਤਾਂ ਡਾਕਟਰ ਨੇ ਅਲਟ੍ਰਾਸਾਊਂਡ ਕਰਨ ਨੂੰ ਕਿਹਾ ਪਰ ਅਲਟ੍ਰਾਸਾਊਂਡ ਦੀ ਰਿਪੋਰਟ ਵਿੱਚ ਵੀ ਕੁਝ ਸਾਹਮਣੇ ਨਹੀਂ ਆਇਆ ਅਤੇ ਉਹ ਪੇਟ ਵਿੱਚ ਇਨਫੈਕਸ਼ਨ ਦੀਆਂ ਦਵਾਈਆਂ ਖਾਂਦੀ ਰਹੀ।
ਪਰ ਮਹੀਨਾ ਦਵਾਈ ਖਾਣ ਤੋਂ ਬਾਅਦ ਵੀ ਜਦੋਂ ਤਬੀਅਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਤਾਂ ਉਹ ਦੁਬਾਰਾ ਅਲਟ੍ਰਾਸਾਊਂਡ ਕਰਵਾਉਣ ਪਹੁੰਚੀ ਅਤੇ ਇਸ ਵਾਰ, ਰਿਪੋਰਟ ਵਿੱਚ ਜੋ ਗੱਲ ਸਾਹਮਣੇ ਆਈ ਉਹ ਇੰਨੀ ਦੁਰਲੱਭ ਸੀ ਕਿ ਡਾਕਟਰਾਂ ਨੂੰ ਵੀ ਇਸ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋਇਆ।
'ਤੁਹਾਡੇ ਲੀਵਰ ਵਿੱਚ ਇੱਕ ਬੱਚਾ ਹੈ'

ਤਸਵੀਰ ਸਰੋਤ, Prabhat Kumar/BBC
ਅਲਟ੍ਰਾਸਾਊਂਡ ਕਰਨ ਵਾਲੀ ਡਾ. ਸਾਨੀਆ ਜ਼ੇਹਰਾ ਨੇ ਸਰਵੇਸ਼ ਨੂੰ ਦੱਸਿਆ ਕਿ ਉਸ ਦੇ ਲੀਵਰ ਵਿੱਚ ਇੱਕ ਬੱਚਾ ਹੈ।
ਸਰਵੇਸ਼ ਅਤੇ ਉਸ ਦੇ ਪਤੀ ਪਰਮਵੀਰ ਉਲਝਣ ਵਿੱਚ ਪੈ ਗਏ।
ਉਹ ਪੁਸ਼ਟੀ ਕਰਨ ਲਈ ਬੁਲੰਦਸ਼ਹਿਰ ਤੋਂ ਮੇਰਠ ਗਈ। ਇੱਕ ਵਾਰ ਫਿਰ, ਉਸ ਨੇ ਅਲਟ੍ਰਾਸਾਊਂਡ ਅਤੇ ਐੱਮਆਰਆਈ ਕਰਵਾਇਆ। ਰਿਪੋਰਟ ਵਿੱਚ ਵੀ ਉਹੀ ਗੱਲ ਸਾਹਮਣੇ ਆਈ।
ਸਰਵੇਸ਼ ਲਈ ਰਿਪੋਰਟ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਸੀ ਕਿਉਂਕਿ ਉਸ ਦਾ ਮਾਹਵਾਰੀ ਚੱਕਰ ਆਮ ਸੀ।
ਐੱਮਆਰਆਈ ਕਰਨ ਵਾਲੇ ਰੇਡੀਓਲੋਜਿਸਟ ਡਾ. ਕੇ.ਕੇ. ਗੁਪਤਾ ਨੇ ਬੀਬੀਸੀ ਨੂੰ ਦੱਸਿਆ ਕਿ ਉਸਨੇ ਆਪਣੇ ਵੀਹ ਸਾਲਾਂ ਦੇ ਕਰੀਅਰ ਵਿੱਚ ਕਦੇ ਵੀ ਅਜਿਹਾ ਕੇਸ ਨਹੀਂ ਦੇਖਿਆ।
ਉਸਨੇ ਕਿਸੇ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਕਈ ਵਾਰ ਰਿਪੋਰਟ ਦਾ ਅਧਿਐਨ ਕੀਤਾ। ਉਸਨੇ ਔਰਤ ਤੋਂ ਵਾਰ-ਵਾਰ ਪੁੱਛਿਆ ਕਿ ਕੀ ਉਸਦੀ ਮਾਹਵਾਰੀ ਆਮ ਹੈ।
ਰੇਡੀਓਲੋਜਿਸਟ ਡਾ. ਕੇਕੇ ਗੁਪਤਾ, ਜਿਨ੍ਹਾਂ ਨੇ ਐੱਮਆਰਆਈ ਕੀਤਾ, ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਵੀਹ ਸਾਲਾਂ ਦੇ ਕਰੀਅਰ ਵਿੱਚ ਅਜਿਹਾ ਕੇਸ ਕਦੇ ਨਹੀਂ ਦੇਖਿਆ।
ਉਨ੍ਹਾਂ ਨੇ ਕਿਸੇ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਕਈ ਵਾਰ ਰਿਪੋਰਟ ਦਾ ਅਧਿਐਨ ਕੀਤਾ। ਉਨ੍ਹਾਂ ਨੇ ਔਰਤ ਤੋਂ ਵਾਰ-ਵਾਰ ਪੁੱਛਿਆ ਕਿ ਕੀ ਉਨ੍ਹਾਂ ਦੇ ਮਾਹਵਾਰੀ ਆਮ ਸਨ।
ਉਹ ਕਹਿੰਦੇ ਹਨ, "ਔਰਤ ਦੇ ਲੀਵਰ ਦੇ ਸੱਜੇ ਹਿੱਸੇ ਵਿੱਚ ਬਾਰਾਂ ਹਫ਼ਤਿਆਂ ਦੀ ਗਰਭ ਅਵਸਥਾ ਸੀ, ਜਿਸ ਵਿੱਚ ਦਿਲ ਦੀ ਧੜਕਣ ਵੀ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੀ ਸੀ। ਇਸ ਸਥਿਤੀ ਨੂੰ ਇੰਟਰਾਹੈਪੇਟਿਕ ਐਕਟੋਪਿਕ ਗਰਭ ਅਵਸਥਾ ਕਿਹਾ ਜਾਂਦਾ ਹੈ, ਜੋ ਕਿ ਆਪਣੇ ਆਪ ਵਿੱਚ ਬਹੁਤ ਘੱਟ ਹੁੰਦਾ ਹੈ।"
"ਅਜਿਹੀ ਸਥਿਤੀ ਵਿੱਚ, ਔਰਤਾਂ ਨੂੰ ਭਾਰੀ ਬਲੀਡਿੰਗ ਹੁੰਦੀ ਹੈ, ਜਿਸ ਨੂੰ ਉਹ ਆਮ ਮਾਹਵਾਰੀ ਸਮਝ ਲੈਂਦੀ ਹੈ ਅਤੇ ਗਰਭ ਅਵਸਥਾ ਬਾਰੇ ਪਤਾ ਲਗਾਉਣ ਵਿੱਚ ਸਮਾਂ ਲੱਗ ਜਾਂਦਾ ਹੈ।"
ਸਰਜਰੀ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ

ਤਸਵੀਰ ਸਰੋਤ, Prabhat Kumar/BBC
ਡਾਕਟਰ ਨੇ ਦੋਵਾਂ ਨੂੰ ਦੱਸਿਆ ਕਿ ਜੇਕਰ ਭਰੂਣ ਵੱਡਾ ਹੈ, ਤਾਂ ਲੀਵਰ ਫਟਣ ਦਾ ਖ਼ਤਰਾ ਹੈ। ਇਸ ਸਥਿਤੀ ਵਿੱਚ ਨਾ ਤਾਂ ਬੱਚਾ ਬਚੇਗਾ ਅਤੇ ਨਾ ਹੀ ਮਾਂ। ਇਸ ਲਈ, ਸਰਜਰੀ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ।
ਪਰਮਵੀਰ ਦੱਸਦੇ ਹਨ ਕਿ ਬੁਲੰਦਸ਼ਹਿਰ ਵਿੱਚ ਕੋਈ ਵੀ ਡਾਕਟਰ ਇਹ ਕੇਸ ਲੈਣ ਲਈ ਤਿਆਰ ਨਹੀਂ ਸੀ। ਉਹ ਮੇਰਠ ਵੀ ਗਏ ਪਰ ਉੱਥੇ ਵੀ ਉਹ ਨਿਰਾਸ਼ਾ ਹੱਥ ਲੱਗੀ।
ਡਾਕਟਰਾਂ ਦਾ ਕਹਿਣਾ ਸੀ ਕਿ ਇਹ ਇੱਕ ਮੁਸ਼ਕਲ ਕੇਸ ਹੈ ਅਤੇ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖ਼ਤਰਾ ਸੀ ਅਤੇ ਸਾਰਿਆਂ ਨੇ ਉਨ੍ਹਾਂ ਨੂੰ ਦਿੱਲੀ ਜਾਣ ਦੀ ਸਲਾਹ ਦਿੱਤੀ।
ਸਰਵੇਸ਼ ਨੇ ਕਿਹਾ, "ਅਸੀਂ ਗਰੀਬ ਹਾਂ ਅਤੇ ਸਾਡੇ ਲਈ ਦਿੱਲੀ ਜਾ ਕੇ ਉੱਥੇ ਖਰਚਾ ਚੁੱਕਣਾ ਸੰਭਵ ਨਹੀਂ ਸੀ। ਕਈ ਚੱਕਰ ਲਗਾਉਣ ਤੋਂ ਬਾਅਦ, ਅਸੀਂ ਫ਼ੈਸਲਾ ਕੀਤਾ ਕਿ ਅਸੀਂ ਇੱਥੇ ਇਲਾਜ ਕਰਵਾਵਾਂਗੇ।"

ਤਸਵੀਰ ਸਰੋਤ, Prabhat Kumar/BBC
ਅੰਤ ਵਿੱਚ, ਮੇਰਠ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਇੱਕ ਟੀਮ ਸਰਵੇਸ਼ ਦੀ ਸਰਜਰੀ ਕਰਨ ਲਈ ਸਹਿਮਤ ਹੋ ਗਈ।
ਇਸ ਟੀਮ ਦਾ ਹਿੱਸਾ ਰਹੀ ਪਾਰੁਲ ਦਹੀਆ ਕਹਿੰਦੀ ਹੈ, "ਜਦੋਂ ਮਰੀਜ਼ ਮੇਰੇ ਕੋਲ ਆਈ, ਤਾਂ ਉਹ ਤਿੰਨ ਮਹੀਨਿਆਂ ਤੋਂ ਪਰੇਸ਼ਾਨ ਸੀ। ਉਸ ਕੋਲ ਅਲਟ੍ਰਾਸੋਨੋਗ੍ਰਾਫੀ ਅਤੇ ਐੱਮਆਰਆਈ ਦੀਆਂ ਰਿਪੋਰਟਾਂ ਸਨ, ਜਿਸ ਤੋਂ ਸਪੱਸ਼ਟ ਤੌਰ 'ਤੇ ਪਤਾ ਲੱਗਦਾ ਸੀ ਕਿ ਇਹ ਇੰਟਰਾਹੇਪੈਟਿਕ ਐਕਟੋਪਿਕ ਗਰਭ ਅਵਸਥਾ ਦਾ ਮਾਮਲਾ ਸੀ।"
"ਅਸੀਂ ਇਸ ਕੇਸ ਬਾਰੇ ਸੀਨੀਅਰ ਸਰਜਨ ਡਾਕਟਰ ਸੁਨੀਲ ਕੰਵਲ ਨਾਲ ਗੱਲ ਕੀਤੀ ਕਿਉਂਕਿ ਅਜਿਹੇ ਮਾਮਲੇ ਵਿੱਚ ਤੁਹਾਨੂੰ ਇੱਕ ਸਰਜਨ ਦੀ ਲੋੜ ਹੁੰਦੀ ਹੈ। ਉਹ ਵੀ ਸਹਿਮਤ ਹੋ ਗਏ, ਜਿਸ ਤੋਂ ਬਾਅਦ ਹਾਈ ਕੰਸੈਂਟ ਨਾਲ ਮਰੀਜ਼ ਦੀ ਸਰਜਰੀ ਕੀਤੀ ਗਈ।"
ਡਾਕਟਰਾਂ ਦੇ ਅਨੁਸਾਰ, ਇਹ ਸਰਜਰੀ ਡੇਢ ਘੰਟੇ ਤੱਕ ਚੱਲੀ।
ਡਾ. ਕੇਕੇ ਗੁਪਤਾ ਨੇ ਬੀਬੀਸੀ ਨੂੰ ਸਰਜਰੀ ਦੀ ਵੀਡੀਓ ਅਤੇ ਭਰੂਣ ਦੀਆਂ ਤਸਵੀਰਾਂ ਵੀ ਦਿਖਾਈਆਂ।

ਇੰਟਰਾਹੇਪੈਟਿਕ ਐਕਟੋਪਿਕ ਗਰਭ ਅਵਸਥਾ ਕੀ ਹੁੰਦੀ ਹੈ?
ਆਮ ਤੌਰ 'ਤੇ ਇੱਕ ਔਰਤ ਗਰਭਵਤੀ ਹੋ ਜਾਂਦੀ ਹੈ ਜਦੋਂ ਓਵਰੀ ਜਾਂ ਅੰਡਕੋਸ਼ ਤੋਂ ਨਿਕਲੇ ਐੱਗਸ ਸਪਰਮ ਨਾਲ ਮਿਲ ਕੇ ਫਰਟੀਲਾਈਜ਼ ਹੁੰਦੇ ਹਨ।
ਇਹ ਫਰਟੀਲਾਈਜ਼ਡ ਐੱਗ ਫੈਲੋਪੀਅਨ ਟਿਊਬ ਰਾਹੀਂ ਬੱਚੇਦਾਨੀ ਵੱਲ ਜਾਂਦਾ ਹੈ ਅਤੇ ਫਿਰ ਬੱਚੇਦਾਨੀ ਵਿੱਚ ਭਰੂਣ ਵਿਕਸਤ ਹੁੰਦਾ ਹੈ।
ਪਰ ਬੀਐੱਚਯੂ ਦੇ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੀ ਪ੍ਰੋਫੈਸਰ ਡਾ. ਮਮਤਾ ਕਹਿੰਦੀ ਹੈ ਕਿ ਕੁਝ ਮਾਮਲਿਆਂ ਵਿੱਚ ਫਰਟੀਲਾਈਜ਼ ਐੱਗ ਬੱਚੇਦਾਨੀ ਤੱਕ ਪਹੁੰਚਣ ਦੀ ਬਜਾਏ, ਫੈਲੋਪੀਅਨ ਟਿਊਬ ਵਿੱਚ ਰਹਿੰਦੇ ਹਨ ਜਾਂ ਕਿਸੇ ਹੋਰ ਅੰਗ ਦੀ ਸਤ੍ਹਾ 'ਤੇ ਚਿਪਕ ਜਾਂਦੇ ਹਨ।
ਇਸ ਮਾਮਲੇ ਵਾਂਗ, ਇਹ ਲੀਵਰ ਵਿੱਚ ਚਿਪਕ ਗਿਆ। ਲੀਵਰ ਵਿੱਚ ਖੂਨ ਦੀ ਸਪਲਾਈ ਚੰਗੀ ਹੁੰਦੀ ਹੈ, ਇਸ ਲਈ ਸ਼ੁਰੂਆਤੀ ਦਿਨਾਂ ਵਿੱਚ ਇਹ ਭਰੂਣ ਲਈ 'ਉਪਜਾਊ ਜ਼ਮੀਨ' ਵਜੋਂ ਕੰਮ ਕਰਦਾ ਹੈ।
ਪਰ ਕੁਝ ਸਮੇਂ ਬਾਅਦ, ਮਾਂ ਅਤੇ ਬੱਚੇ ਦੋਵਾਂ ਲਈ ਇੱਕ ਖ਼ਤਰਨਾਕ ਸਥਿਤੀ ਪੈਦਾ ਹੋ ਜਾਂਦੀ ਹੈ, ਜਿੱਥੇ ਸਰਜਰੀ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੁੰਦਾ।
ਭਾਰਤ ਵਿੱਚ ਹੁਣ ਤੱਕ ਕਿੰਨੇ ਮਾਮਲੇ ਸਾਹਮਣੇ ਆਏ ਹਨ?

ਇੰਟਰਾਹੇਪੈਟਿਕ ਐਕਟੋਪਿਕ ਗਰਭ ਅਵਸਥਾ ਕਿੰਨੀ ਦੁਰਲੱਭ ਹੈ? ਇਸ ਨੂੰ ਸਮਝਣ ਲਈ, ਅਸੀਂ ਪਟਨਾ ਏਮਜ਼ ਵਿਖੇ ਜੱਚਾ-ਬੱਚਾ ਅਤੇ ਗਾਇਨੀਕੋਲੋਜੀ ਦੀ ਪ੍ਰੋਫੈਸਰ ਡਾ. ਮੋਨਿਕਾ ਅਨੰਤ ਨਾਲ ਗੱਲ ਕੀਤੀ।
ਡਾ. ਮੋਨਿਕਾ ਦੇ ਅਨੁਸਾਰ, ਦੁਨੀਆਂ ਭਰ ਵਿੱਚ ਇੰਟਰਾਹੇਪੈਟਿਕ ਗਰਭ ਅਵਸਥਾ ਇੱਕ ਫੀਸਦ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਇਸ ਵਿੱਚ ਗਰਭ ਅਵਸਥਾ ਬੱਚੇਦਾਨੀ ਵਿੱਚ ਨਹੀਂ ਹੁੰਦੀ।
"ਇੱਕ ਅੰਦਾਜ਼ੇ ਅਨੁਸਾਰ, 70 ਤੋਂ 80 ਲੱਖ ਗਰਭ ਅਵਸਥਾਵਾਂ ਵਿੱਚੋਂ ਇੱਕ ਕੇਸ ਇੰਟਰਾਹੇਪੈਟਿਕ ਗਰਭ ਅਵਸਥਾ ਦਾ ਹੋ ਸਕਦਾ ਹੈ।"
ਡਾ. ਮੋਨਿਕਾ ਨੇ ਦੱਸਿਆ ਕਿ ਹੁਣ ਤੱਕ ਪੂਰੀ ਦੁਨੀਆ ਵਿੱਚ ਇੰਟਰਾਹੇਪੈਟਿਕ ਗਰਭ ਅਵਸਥਾ ਦੇ 45 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਤਿੰਨ ਭਾਰਤ ਤੋਂ ਹਨ।

ਪਹਿਲਾ ਕੇਸ ਸਾਲ 2012 ਵਿੱਚ ਲੇਡੀ ਹਾਰਡਿੰਗ ਮੈਡੀਕਲ ਕਾਲਜ, ਦਿੱਲੀ ਤੋਂ ਰਿਪੋਰਟ ਕੀਤਾ ਗਿਆ ਸੀ। ਫਿਰ ਸਾਲ 2022 ਵਿੱਚ, ਤੀਜਾ ਕੇਸ ਗੋਆ ਮੈਡੀਕਲ ਕਾਲਜ ਵਿੱਚ ਅਤੇ ਸਾਲ 2023 ਵਿੱਚ ਪਟਨਾ ਏਮਜ਼ ਵਿੱਚ ਸਾਹਮਣੇ ਆਇਆ।
ਪਟਨਾ ਏਮਜ਼ ਦਾ ਮਾਮਲਾ ਖੁਦ ਡਾ. ਮੋਨਿਕਾ ਅਨੰਤ ਅਤੇ ਉਨ੍ਹਾਂ ਦੀ ਟੀਮ ਨੇ ਦੇਖਿਆ। ਇਸ ਮਾਮਲੇ ਵਿੱਚ, ਉਨ੍ਹਾਂ ਦੀ ਟੀਮ ਨੇ ਦਵਾਈ (ਮੈਥੋਟ੍ਰੈਕਸੇਟ) ਦੀ ਮਦਦ ਨਾਲ ਔਰਤ ਦੀ ਗਰਭ ਥੈਲੀ ਨੂੰ ਅਯੋਗ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਮਰੀਜ਼ ਦਾ ਪੂਰਾ ਸਾਲ ਫਾਲੋ-ਅੱਪ ਕਰਦੇ ਰਹੇ।
ਬਾਅਦ ਵਿੱਚ, ਡਾ. ਮੋਨਿਕਾ ਨੇ ਆਪਣੇ ਇਸ ਦੁਰਲੱਭ ਕੇਸ ਦਾ ਦਸਤਾਵੇਜ਼ੀਕਰਨ ਕੀਤਾ ਅਤੇ ਫਿਰ ਇਸਨੂੰ ਪਬਮੇਡ ਵਿੱਚ ਭਾਰਤ ਦੀ ਤੀਜੀ ਇੰਟਰਾਹੇਪੈਟਿਕ ਐਕਟੋਪਿਕ ਗਰਭ ਅਵਸਥਾ ਵਜੋਂ ਪ੍ਰਕਾਸ਼ਿਤ ਕੀਤਾ ਗਿਆ। ਪਬਮੇਡ ਅਮਰੀਕਾ ਦਾ ਡਾਕਟਰੀ ਖੋਜ ਦਾ ਮੋਹਰੀ ਡੇਟਾਬੇਸ ਹੈ।
ਡਾ. ਪਾਰੁਲ ਦਹੀਆ ਅਤੇ ਡਾ. ਕੇਕੇ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦੇ ਕੇਸ ਦਾ ਦਸਤਾਵੇਜ਼ੀਕਰਨ ਵੀ ਸ਼ੁਰੂ ਕਰ ਦਿੱਤਾ ਹੈ।
ਜਲਦੀ ਹੀ ਇਸ ਨੂੰ ਪੂਰਾ ਕੀਤਾ ਜਾਵੇਗਾ ਅਤੇ ਇੱਕ ਸਤਿਕਾਰਤ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਨ ਲਈ ਭੇਜਿਆ ਜਾਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












