ਮੈਗਨੀਸ਼ੀਅਮ: ਕੀ ਇਹ 'ਚਮਤਕਾਰੀ ਖਣਿਜ' ਸੱਚਮੁੱਚ ਨੀਂਦ ਆਉਣ ਵਿੱਚ ਮਦਦ ਕਰ ਸਕਦਾ ਹੈ, ਰੋਜ਼ਾਨਾ ਇਸ ਦੀ ਕਿੰਨੀ ਮਾਤਰਾ ਲੈਣੀ ਚਾਹੀਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਰੂਥ ਕਲੇਗ
- ਰੋਲ, ਸਿਹਤ ਅਤੇ ਤੰਦਰੁਸਤੀ ਰਿਪੋਰਟਰ
ਇਸ ਨੂੰ ਇਸ ਸਮੇਂ ਦਾ ਸਭ ਤੋਂ ਬਿਹਤਰੀਨ ਖਣਿਜ ਮੰਨਿਆ ਜਾਂਦਾ ਹੈ।
ਸਾਡੇ ਵਿੱਚੋਂ ਲੱਖਾਂ ਲੋਕ ਕਈ ਕਾਰਨਾਂ ਕਰ ਕੇ ਮੈਗਨੀਸ਼ੀਅਮ ਲੈ ਰਹੇ ਹਨ। ਕੀ ਇਹ ਸਾਨੂੰ ਬਿਹਤਰ ਨੀਂਦ ਲੈਣ ਵਿੱਚ ਮਦਦ ਕਰ ਸਕਦਾ ਹੈ? ਸਾਡੀਆਂ ਪਾਚਨ ਸਮੱਸਿਆਵਾਂ ਤੋਂ ਰਾਹਤ ਦਿਵਾ ਸਕਦਾ ਹੈ? ਸਾਡੇ ਮਸਰੂਫ਼ ਮਨਾਂ ਵਿੱਚ ਕੁਝ ਸ਼ਾਂਤੀ ਲਿਆਉਂਦਾ ਹੈ?
ਸਪਲੀਮੈਂਟਾਂ ਦੀ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਮੈਗਨੀਸ਼ੀਅਮ ਦਾ ਸਮਾਂ ਚਮਕਣ ਦਾ ਆ ਗਿਆ ਹੈ ਅਤੇ ਇਹ ਉਦਯੋਗ ਤੇਜ਼ੀ ਨਾਲ ਫੈਲ ਰਿਹਾ ਹੈ। ਗਲੋਬਲ ਮੈਗਨੀਸ਼ੀਅਮ ਬਾਜ਼ਾਰ ਦੀ ਕੀਮਤ ਲਗਭਗ 3 ਬਿਲੀਅਨ ਪੌਂਡ ਹੈ ਅਤੇ ਅਗਲੇ ਦਹਾਕੇ ਵਿੱਚ ਲਗਭਗ ਦੁੱਗਣੀ ਹੋਣ ਲਈ ਤਿਆਰ ਹੈ।
ਯੌਰਕਸ਼ਾਇਰ ਡੇਲਜ਼ ਵਿੱਚ ਇੱਕ ਛੋਟੀ ਫੈਕਟਰੀ ਵਿੱਚ, ਵਿਸ਼ਾਲ ਘੁੰਮਦੀਆਂ ਮਸ਼ੀਨਾਂ ਨੇੜੇ ਚਿੱਟੇ ਪਾਊਡਰ ਦੇ ਵੱਡੇ ਪਲਾਸਟਿਕ ਬੈਰਲ ਰੱਖੇ ਹੋਏ ਹਨ।

ਤਸਵੀਰ ਸਰੋਤ, Ruth Clegg/BBC
ਖ਼ਤਰਨਾਕ ਪਦਾਰਥਾਂ ਤੋਂ ਬਚਣ ਲਈ ਵਿਸ਼ੇਸ਼ ਸੂਟ ਪਹਿਨੇ ਕਾਮੇ ਮੈਗਨੀਸ਼ੀਅਮ ਸਾਈਟ੍ਰੇਟ ਨੂੰ ਧਿਆਨ ਨਾਲ ਤੋਲ ਕੇ ਚਮਕਦਾਰ ਸਟੀਲ ਦੇ ਡੱਬਿਆਂ ਵਿੱਚ ਭਰ ਰਹੇ ਹਨ। ਇਹ ਖਣਿਜ ਸਾਈਟ੍ਰਿਕ ਐਸਿਡ ਨਾਲ ਮਿਲ ਕੇ ਬਣਦਾ ਹੈ।
ਲੋਂਸਡੇਲ ਹੈਲਥ ਦੇ ਮੈਨੇਜਰ ਡਾਇਰੈਕਟਰ ਐਂਡਰਿਊ ਗੋਰਿੰਗ ਦੱਸਦੇ ਹਨ, "ਯੂਕੇ ਦੇ ਨੇੜਲੇ ਇਲਾਕਿਆਂ ਤੋਂ ਇਲਾਵਾ ਆਸਟ੍ਰੇਲੀਆ, ਏਸ਼ੀਆ ਦੇ ਕੁਝ ਹਿੱਸਿਆਂ, ਕੁਵੈਤ, ਇਰਾਕ ਵਿੱਚ ਵੀ ਅਸੀਂ ਆਪਣੀ ਸਪਲਾਈ ਪੂਰੀ ਦੁਨੀਆ ਵਿੱਚ ਭੇਜ ਰਹੇ ਹਾਂ।"
"ਇਹ ਸਭ ਤੋਂ ਵੱਧ ਵਿਕਣ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਹੈ ਅਤੇ ਇਸ ਦਾ ਬਾਜ਼ਾਰ ਵਧਦਾ ਹੀ ਰਹਿੰਦਾ ਹੈ।"
ਇਸ ਨੂੰ ਬਣਾਉਣ ਵਾਲੀ ਮਸ਼ੀਨ ਹਰ ਸਕਿੰਟ ਵਿੱਚ ਦਰਜਨਾਂ ਛੋਟੀਆਂ, ਚਿੱਟੀਆਂ ਮੈਗਨੀਸ਼ੀਅਮ ਗੋਲੀਆਂ ਕੱਢਦੀ ਹੈ।
ਮੈਂ ਜ਼ੋਰ ਨਾਲ ਬੋਲੀ, "ਕੀ ਸਾਨੂੰ ਸੱਚਮੁੱਚ ਇਸਦੀ ਲੋੜ ਹੈ ਅਤੇ ਹੁਣ ਹੀ ਕਿਉਂ? ਇਹ ਇੰਨਾ ਮਸ਼ਹੂਰ ਕਿਉਂ ਹੋ ਗਿਆ ਹੈ?"
ਮੈਗਨੀਸ਼ੀਅਮ ਦੀ ਸਿਫ਼ਾਰਿਸ਼ ਕੀਤੀ ਮਾਤਰਾ

ਤਸਵੀਰ ਸਰੋਤ, Getty Images
ਗੋਰਿੰਗ ਦੱਸਦੇ ਹਨ, "ਇਨਫਲੂਐਂਸਰ, ਸੋਸ਼ਲ ਮੀਡੀਆ, ਇਹੀ ਸਭ ਹੈ ਜੋ ਇਸ ਨੂੰ ਹਵਾ ਦੇ ਰਿਹਾ ਹੈ। ਅਸੀਂ ਸਾਲਾਂ ਤੋਂ ਮੈਗਨੀਸ਼ੀਅਮ ਅਤੇ ਇਸ ਦੇ ਫਾਇਦਿਆਂ ਬਾਰੇ ਜਾਣਦੇ ਹਾਂ ਅਤੇ ਹੁਣ, ਅੰਤ ਵਿੱਚ, ਇਹ ਮੁੱਖ ਧਾਰਾ ਵਿੱਚ ਆ ਗਿਆ ਹੈ।"
ਜਦੋਂ ਮੈਂ ਇੱਕ ਡਾਇਟੀਸ਼ੀਅਨ ਅਤੇ ਅੰਤੜੀਆਂ ਦੀ ਸਿਹਤ ਦੇ ਮਾਹਰ ਕ੍ਰਿਸਟਨ ਜੈਕਸਨ ਨਾਲ ਗੱਲ ਕੀਤੀ, ਤਾਂ ਮੈਨੂੰ ਉਨ੍ਹਾਂ ਦੀਆਂ ਅੱਖਾਂ ਲਗਭਗ ਘੁੰਮਦੀਆਂ ਨਜ਼ਰ ਆਈਆਂ।
ਜੈਕਸਨ ਕਹਿੰਦੀ ਹੈ, "ਮੈਗਨੀਸ਼ੀਅਮ ਉਨ੍ਹਾਂ ਖੇਤਰਾਂ ਵਿੱਚੋਂ ਇੱਕ ਹੈ ਜਿਸ ਵਿੱਚ ਲੋਕ ਨਿਵੇਸ਼ ਕਰਨ ਲਈ ਤਿਆਰ ਹਨ, ਇਹ ਉਨ੍ਹਾਂ ਦੀ ਨੀਂਦ, ਪਾਚਨ, ਮਾਨਸਿਕ ਸਿਹਤ ਸਬੰਧੀ ਹੈ।"
ਪਰ, ਉਹ ਜ਼ੋਰ ਦਿੰਦੀ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਇਨ੍ਹਾਂ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਸਪਲੀਮੈਂਟ ਦੀ ਲੋੜ ਹੈ।
ਮੈਗਨੀਸ਼ੀਅਮ ਸਾਡੇ ਸਰੀਰ ਵਿੱਚ ਮੌਜੂਦ ਬਹੁਤ ਸਾਰੇ ਖਣਿਜਾਂ ਵਿੱਚੋਂ ਇੱਕ ਹੈ। ਔਰਤਾਂ ਲਈ 270 ਮਿਲੀਗ੍ਰਾਮ ਅਤੇ ਮਰਦਾਂ ਲਈ 300 ਮਿਲੀਗ੍ਰਾਮ ਰੋਜ਼ਾਨਾ ਇਸ ਦੇ ਸੇਵਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਅਸੀਂ ਲਗਭਗ 25 ਗ੍ਰਾਮ ਮੈਗਨੀਸ਼ੀਅਮ ਸਟੋਰ ਕਰਦੇ ਹਾਂ।
ਜੈਕਸਨ ਦੱਸਦੀ ਹੈ, "ਇਹ ਸਾਡੇ ਵਿੱਚੋਂ 1% ਤੋਂ ਘੱਟ ਹੋ ਸਕਦਾ ਹੈ ਪਰ ਇਹ 300 ਤੋਂ ਵੱਧ ਵੱਖ-ਵੱਖ ਪ੍ਰਕਿਰਿਆਵਾਂ ਵਿੱਚ ਸ਼ਾਮਲ ਹੈ।"
ਉਹ ਕਹਿੰਦੀ ਹੈ, "ਇਹ ਸਾਡੇ ਦਿਮਾਗ਼ ਅਤੇ ਮੂਡ ਲਈ ਖ਼ਾਸ ਤੌਰ 'ਤੇ ਮਹੱਤਵਪੂਰਨ ਹੈ ਕਿਉਂਕਿ ਇਹ ਨਸਾਂ ਨੂੰ ਸਹੀ ਢੰਗ ਨਾਲ ਸੁਨੇਹੇ ਭੇਜਣ ਵਿੱਚ ਮਦਦ ਕਰਦਾ ਹੈ ਅਤੇ ਦਿਮਾਗ਼ ਦੇ ਸੈੱਲ ਝਿੱਲੀਆਂ ਦੇ ਨਿਰਮਾਣ ਖੰਡਾਂ (ਬਲਾਕਾਂ) ਨੂੰ ਸਹਾਰਾ ਦਿੰਦਾ ਹੈ।"
ਤਾਂ, ਕੀ ਇਸ ਪਦਾਰਥ ਨਾਲ ਭਰੀ ਗੋਲੀ ਖਾਣ ਨਾਲ ਸਾਡੇ ਸਰੀਰ ਸੁਚਾਰੂ ਢੰਗ ਨਾਲ ਚੱਲਣਗੇ?
ਜੈਕਸਨ ਕਹਿਣਾ ਹੈ, "ਇਹ ਇਸ ਤੋਂ ਵੀ ਜ਼ਿਆਦਾ ਗੁੰਝਲਦਾਰ ਹੈ। ਮੈਗਨੀਸ਼ੀਅਮ ਸਪਲੀਮੈਂਟਾਂ ਦੇ ਕੰਮ ਕਰਨ ਲਈ, ਸਾਡੇ ਸਰੀਰ ਵਿੱਚ ਪਹਿਲਾਂ ਇਸ ਖਣਿਜ ਦੀ ਘਾਟ ਹੋਣੀ ਚਾਹੀਦੀ ਹੈ ਅਤੇ ਕਿਸੇ ਵੀ ਕਮੀ ਦਾ ਪਤਾ ਲਗਾਉਣਾ ਮੁਸ਼ਕਲ ਹੈ ਕਿਉਂਕਿ ਸਾਡਾ ਜ਼ਿਆਦਾਤਰ ਮੈਗਨੀਸ਼ੀਅਮ ਸਾਡੀਆਂ ਹੱਡੀਆਂ ਅਤੇ ਟਿਸ਼ੂਆਂ ਵਿੱਚ ਸਟੋਰ ਹੁੰਦਾ ਹੈ।"
ਪਰ ਨਿੱਜੀ ਪੱਧਰ 'ਤੇ, ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਇਸ ਸਪਲੀਮੈਂਟ ਨੇ ਅਸਰ ਕੀਤਾ ਹੈ।
ਕੁਝ ਸਭ ਤੋਂ ਵੱਡੇ ਫੈਸ਼ਨ ਬ੍ਰਾਂਡਾਂ ਨਾਲ ਕੰਮ ਕਰਨਾ ਵਾਲੀ ਕਮਿਊਨੀਕੇਸ਼ਨ ਮਾਹਰ ਕੇਟੀ ਕਰਨ ਲਈ ਚੰਗੀ ਨੀਂਦ ਲੈਣਾ ਇੱਕ ਅਜਿਹੀ ਚੀਜ਼ ਸੀ ਜਿਸ ਦਾ ਉਹ ਸਿਰਫ਼ ਸੁਪਨਾ ਹੀ ਦੇਖ ਸਕਦੀ ਸੀ।
ਉਨ੍ਹਾਂ ਦਾ ਕਹਿਣਾ ਹੈ, "ਇੱਕ ਸਾਲ ਪਹਿਲਾਂ, ਮੈਨੂੰ ਬਹੁਤ ਮੁਸ਼ਕਲ ਆ ਰਹੀ ਸੀ। ਮੈਨੂੰ ਸੌਣ ਵਿੱਚ ਬਹੁਤ ਸਮਾਂ ਲੱਗਦਾ ਸੀ, ਮੇਰਾ ਦਿਮਾਗ਼ ਦੌੜ ਰਿਹਾ ਸੀ ਅਤੇ ਫਿਰ ਮੈਂ ਸੌਂ ਜਾਂਦੀ ਸੀ ਅਤੇ ਘੰਟਿਆਂ ਬਾਅਦ ਅੱਖ ਖੁੱਲ੍ਹ ਜਾਂਦੀ ਸੀ।"

ਸੋਸ਼ਲ ਮੀਡੀਆ ਦਾ ਅਸਰ
ਕੇਟੀ ਨੇ ਮੈਗਨੀਸ਼ੀਅਮ ਗਲਾਈਸੀਨੇਟ ਅਜ਼ਮਾਉਣ ਦਾ ਫ਼ੈਸਲਾ ਕੀਤਾ। ਮੈਗਨੀਸ਼ੀਅਮ ਅਤੇ ਗਲਾਈਸੀਨ ਦਾ ਸੁਮੇਲ, ਇੱਕ ਅਮੀਨੋ ਐਸਿਡ ਜਿਸਦੇ ਬਿਹਤਰ ਨੀਂਦ ਨਾਲ ਜੁੜੇ ਹੋਣ ਦੇ ਸੀਮਤ ਸਬੂਤ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਦੋ ਹਫ਼ਤਿਆਂ ਤੱਕ ਰੋਜ਼ਾਨਾ 270 ਮਿਲੀਗ੍ਰਾਮ ਲੈਣ ਤੋਂ ਬਾਅਦ, ਉਨ੍ਹਾਂ ਸਾਂਤੀ ਮਹਿਸੂਸ ਕੀਤੀ। ਉਨ੍ਹਾਂ ਦੇ ਦੌੜਦੇ ਵਿਚਾਰ ਹੌਲੀ ਹੋ ਗਏ ਅਤੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਦੁਬਾਰਾ ਕੰਮ ਕਰ ਸਕਦੀ ਹੈ।
ਉਨ੍ਹਾਂ ਦਾ ਕਹਿਣਾ ਹੈ, "ਮੇਰੀ ਨੀਂਦ ਵਿੱਚ ਯਕੀਨਨ ਸੁਧਾਰ ਹੋਇਆ, ਮੇਰੇ ਵਿੱਚ ਵਧੇਰੇ ਊਰਜਾ ਸੀ। ਮੈਂ ਵਧੇਰੇ ਸਰਗਰਮ ਹੋ ਗਈ। ਮੇਰੀ ਜ਼ਿੰਦਗੀ ਵਿੱਚ ਹੋਰ ਚੀਜ਼ਾਂ ਵੀ ਬਦਲ ਗਈਆਂ, ਇਸ ਲਈ ਮੈਂ ਇਸ ਨੂੰ ਸਿਰਫ਼ ਇੱਕ ਚੀਜ਼ ਤੱਕ ਸੀਮਤ ਨਹੀਂ ਕਰ ਸਕਦੀ, ਪਰ ਮੈਨੂੰ ਲੱਗਦਾ ਹੈ ਕਿ ਮੈਗਨੀਸ਼ੀਅਮ ਸਪਲੀਮੈਂਟ ਇਸ ਬੁਝਾਰਤ ਦਾ ਇੱਕ ਮੁੱਖ ਹਿੱਸਾ ਸਨ।"
ਜਦੋਂ ਮੈਗਨੀਸ਼ੀਅਮ ਦੀ ਕਮੀ ਨੀਂਦ ਦੇ ਪੈਟਰਨਾਂ ਨੂੰ ਜ਼ਰੂਰ ਪ੍ਰਭਾਵਿਤ ਕਰ ਸਕਦੀ ਹੈ, ਉੱਥੇ ਹੀ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਸਪਲੀਮੈਂਟ ਲੈਣ ਨਾਲ ਤੁਹਾਡੀ ਨੀਂਦ ਵਿੱਚ ਸੁਧਾਰ ਹੋਵੇਗਾ।
ਸੋਸ਼ਲ ਮੀਡੀਆ ਸਪਲੀਮੈਂਟਾਂ ਨੂੰ ਉਤਸ਼ਾਹਿਤ ਕਰਨ ਲਈ ਉਤਸੁਕ ਲੋਕਾਂ ਨਾਲ ਭਰਿਆ ਹੋਇਆ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਆਪਣੀਆਂ ਪੋਸਟਾਂ ਦੇ ਕੋਨੇ ਵਿੱਚ "ਕਮਿਸ਼ਨਡ" ਲਿਖਿਆ ਹੈ ਭਾਵ ਉਹ ਆਪਣੀ ਕਹਾਣੀ ਜਾਂ ਰੀਲ ਤੋਂ ਪੈਸੇ ਕਮਾ ਸਕਦੇ ਹਨ।
ਇਨ੍ਹਾਂ ਇਨਫਲੂਐਂਸਰਾਂ ਦੇ ਅਨੁਸਾਰ, ਅਜਿਹਾ ਲੱਗਦਾ ਹੈ ਕਿ ਕੋਈ ਮੈਗਨੀਸ਼ੀਅਮ ਦੀ ਕਮੀ ਨਹੀਂ ਹੈ ਕਿਉਂਕਿ ਉਹ ਕਈ ਤਰ੍ਹਾਂ ਦੇ ਉਤਪਾਦਾਂ ਦੀ ਸਿਫ਼ਾਰਸ਼ ਕਰਦੇ ਹਨ।

ਤਸਵੀਰ ਸਰੋਤ, Katie Curran
ਮੈਗਨੀਸ਼ੀਅਮ ਨੂੰ ਅਕਸਰ ਸਾਡੇ ਸਰੀਰ ਦੇ ਵੱਖ-ਵੱਖ ਅੰਗਾਂ ਦਾ ਸਮਰਥਨ ਕਰਨ ਲਈ ਬਣਾਏ ਗਏ ਹੋਰ ਮਿਸ਼ਰਣਾਂ ਨਾਲ ਜੋੜਿਆ ਜਾਂਦਾ ਹੈ।
ਉਦਾਹਰਨ ਲਈ, ਐਲ-ਥ੍ਰੀਓਨੇਟ ਜਾਂ ਗਲਾਈਸੀਨੇਟ ਦੇ ਨਾਲ ਮਿਲਾਇਆ ਜਾਣ ਵਾਲਾ ਮੈਗਨੀਸ਼ੀਅਮ ਦਿਮਾਗ਼ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ, ਜੋ ਬਦਲੇ ਵਿੱਚ ਨੀਂਦ ਅਤੇ ਤਣਾਅ ਤੋਂ ਰਾਹਤ ਮਿਲਦੀ ਹੈ।
ਜੇਕਰ ਮੈਗਨੀਸ਼ੀਅਮ ਨੂੰ ਕਲੋਰਾਈਡ ਨਾਲ ਮਿਲਾਇਆ ਜਾਂਦਾ ਹੈ, ਤਾਂ ਇਸ ਦੀ ਮਾਸਪੇਸ਼ੀਆਂ ਦੇ ਤਣਾਅ ਅਤੇ ਮਾਹਵਾਰੀ ਤੋਂ ਪਹਿਲਾਂ ਦੇ ਕੜਵੱਲ ਲਈ ਸਿਫਾਰਸ਼ ਕੀਤੀ ਜਾਂਦੀ ਹੈ, ਜਦੋਂ ਕਿ ਸਿਟਰੇਟ ਅਤੇ ਆਕਸਾਈਡ ਦੇ ਸੁਮੇਲ ਪਾਚਨ ਲਈ ਹੁੰਦੇ ਹਨ ਅਤੇ ਕਬਜ਼ ਵਿੱਚ ਮਦਦ ਕਰਦੇ ਹਨ।
ਸਾਡੇ ਵਿੱਚੋਂ ਜ਼ਿਆਦਾਤਰ ਸ਼ਾਇਦ ਇਨ੍ਹਾਂ ਵਿੱਚੋਂ ਘੱਟੋ-ਘੱਟ ਇੱਕ ਸਮੱਸਿਆ ਤੋਂ ਪੀੜਤ ਹਨ। ਪਰ ਜਿਵੇਂ ਕਿ ਪੋਸ਼ਣ ਵਿਗਿਆਨੀ ਕ੍ਰਿਸਟਨ ਸਟੈਵਰਿਡਿਸ ਜ਼ੋਰ ਦਿੰਦੇ ਹਨ, ਸਮੱਸਿਆ ਇਹ ਹੈ ਕਿ ਸਿਹਤਮੰਦ ਲੋਕਾਂ 'ਤੇ ਇਨ੍ਹਾਂ ਵੱਖ-ਵੱਖ ਮੈਗਨੀਸ਼ੀਅਮ ਸਪਲੀਮੈਂਟਾਂ ਦੇ ਸਕਾਰਾਤਮਕ ਪ੍ਰਭਾਵਾਂ ਨੂੰ ਦਰਸਾਉਣ ਲਈ ਕਾਫ਼ੀ ਠੋਸ ਸਬੂਤ ਨਹੀਂ ਹਨ।
ਬੇਸ਼ੱਕ ਲੋਕ ਇਸ ਦੇ ਸਪਲੀਮੈਂਟ ਲੈ ਰਹੇ ਹਨ ਪਰ ਸਾਨੂੰ ਲਾਭ ਦੇਖਣ ਲਈ ਪਹਿਲਾਂ ਮੈਗਨੀਸ਼ੀਅਮ ਦੀ ਘਾਟ ਹੋਣੀ ਚਾਹੀਦੀ ਹੈ।
ਸਟੈਵਰਿਡਿਸ ਦਾ ਕਹਿਣਾ ਹੈ, "ਸਪਲੀਮੈਂਟ ਕੰਪਨੀਆਂ ਸਾਡੇ 'ਤੇ ਚੀਕ ਰਹੀਆਂ ਹਨ, 'ਅਸੀਂ ਸਾਰੇ ਮਰਨ ਵਾਲੇ ਹਾਂ।' ਜਲਦੀ ਕਰੋ! ਮੇਰੀ ਗੋਲੀ ਲਓ ਅਤੇ ਬੱਸ ਤੁਹਾਡਾ ਹੱਲ ਹੋ ਗਿਆ।'"
"ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਕਾਫ਼ੀ ਮੈਗਨੀਸ਼ੀਅਮ ਨਹੀਂ ਮਿਲ ਰਿਹਾ ਹੈ। ਲਗਭਗ 10% ਮਰਦ ਅਤੇ 20% ਔਰਤਾਂ ਨੂੰ ਸਿਫ਼ਾਰਸ਼ ਕੀਤਾ ਰੋਜ਼ਾਨਾ ਸੇਵਨ ਨਹੀਂ ਮਿਲ ਰਿਹਾ ਹੈ।"
"ਪਰ ਇਕੱਲੇ ਸਪਲੀਮੈਂਟ ਲੈਣਾ ਹੀ ਹੱਲ ਨਹੀਂ ਹਨ।"
ਉਦਾਹਰਣ ਵਜੋਂ, ਨੀਂਦ ਦੀ ਸਿਹਤ ਨੂੰ ਹੀ ਲਓ। ਸਟੈਵਰਿਡਿਸ ਦਾ ਕਹਿਣਾ ਹੈ ਕਿ ਇਸ ਬਾਰੇ ਬਹੁਤ ਸਾਰੇ ਵਿਰੋਧੀ ਅਧਿਐਨ ਵੀ ਹਨ ਕਿ ਕੀ ਮੈਗਨੀਸ਼ੀਅਮ ਸਪਲੀਮੈਂਟ ਅਸਲ ਵਿੱਚ ਕੋਈ ਫ਼ਰਕ ਪਾਉਂਦੇ ਹਨ। ਕੁਝ ਪ੍ਰੀਖਿਆਵਾਂ ਸੁਝਾਅ ਦਿੰਦੀਆਂ ਹਨ ਕਿ ਕੁਝ ਫਾਇਦੇ ਹੋ ਸਕਦੇ ਹਨ, ਜਦੋਂ ਕਿ ਕੁਝ ਬੇਤਰਤੀਬ ਕੰਟ੍ਰੋਲ ਵਾਲੀਆਂ ਪ੍ਰੀਖਿਆਵਾਂ ਵਧੇਰੇ ਸ਼ੱਕੀ ਹਨ।

ਤਸਵੀਰ ਸਰੋਤ, Getty Images
ਮਾਹਰ ਕੀ ਕਹਿੰਦੇ ਹਨ
ਇਸ ਤੋਂ ਇਲਾਵਾ, ਸਰੀਰ ਵਿੱਚ ਉਨ੍ਹਾਂ ਦੇ ਪਰਸਪਰ ਕਿਰਿਆ ਕਰਨ ਦੇ ਤਰੀਕੇ ਕਾਰਨ ਸਪਲੀਮੈਂਟਾਂ ਦੇ ਇੱਕ ਦੂਜੇ ਦੇ ਖ਼ਿਲਾਫ਼ ਕੰਮ ਕਰਨ ਦੀ ਵਾਧੂ ਪੇਚੀਦਗੀ ਹੈ।
ਉਦਾਹਰਣ ਵਜੋਂ, ਜ਼ਿੰਕ ਲੈਣਾ, ਇੱਕ ਸਪਲੀਮੈਂਟ ਜੋ ਅਕਸਰ ਮੀਨੋਪੌਜ਼ ਵਾਲੀਆਂ ਔਰਤਾਂ ਲਈ ਸਿਫਾਰਸ਼ ਕੀਤਾ ਜਾਂਦਾ ਹੈ, ਮੈਗਨੀਸ਼ੀਅਮ ਦੀ ਸੋਖਣ ਦੀ ਦਰ ਨੂੰ ਪ੍ਰਭਾਵਤ ਕਰ ਸਕਦਾ ਹੈ।
ਅਸਲ ਵਿੱਚ ਸਟੈਵਰਿਡਿਸ ਦਾ ਕਹਿਣਾ ਹੈ ਕਿ ਇਹ ਖ਼ਤਰਨਾਕ ਖੇਤਰ ਹੈ ਅਤੇ ਸਿਰਫ਼ "ਇਸ ਨੂੰ ਲਓ ਅਤੇ ਤੁਸੀਂ ਠੀਕ ਹੋ ਜਾਓਗੇ" ਦਾ ਮਾਮਲਾ ਨਹੀਂ ਹੈ।
ਉਹ ਪਹਿਲਾਂ ਖੁਰਾਕ 'ਤੇ ਧਿਆਨ ਕੇਂਦਰਿਤ ਕਰਨ ਦੀ ਸਿਫਾਰਸ਼ ਕਰਦੀ ਹੈ। ਪਰ ਜੇਕਰ ਤੁਸੀਂ ਮੈਗਨੀਸ਼ੀਅਮ ਸਪਲੀਮੈਂਟ ਲੈਣ ਬਾਰੇ ਵਿਚਾਰ ਕਰ ਰਹੇ ਹੋ, ਤਾਂ ਸਟੈਵਰਿਡਿਸ ਰੋਜ਼ਾਨਾ ਅੱਧੀ ਸਿਫ਼ਾਰਸ਼ ਕੀਤੀ ਮਾਤਰਾ ਲੈਣ ਅਤੇ ਇਹ ਦੇਖਣ ਦੀ ਸਿਫਾਰਸ਼ ਕਰਦੀ ਹੈ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ।
ਜੇਕਰ ਸਿਹਤਮੰਦ ਲੋਕ ਬਹੁਤ ਜ਼ਿਆਦਾ ਸੇਵਨ ਕਰਦੇ ਹਨ, ਤਾਂ ਉਨ੍ਹਾਂ ਦੇ ਗੁਰਦੇ ਇਸ ਨੂੰ "ਕੀਮਤੀ ਪਿਸ਼ਾਬ" ਰਾਹੀਂ ਬਾਹਰ ਕੱਢ ਸਕਦੇ ਹਨ, ਪਰ ਦਸਤ, ਉਲਟੀਆਂ ਅਤੇ ਜੀਅ ਘਬਰਾਉਣ ਵਰਗੇ ਜੋਖ਼ਮ ਵੀ ਬਣੇ ਰਹਿ ਸਕਦੇ ਹਨ।
ਗੁਰਦੇ ਦੀ ਬਿਮਾਰੀ ਵਾਲੇ ਲੋਕਾਂ ਲਈ, ਮੈਗਨੀਸ਼ੀਅਮ ਸਪਲੀਮੈਂਟ ਲੈਣਾ ਖ਼ਤਰਨਾਕ ਹੋ ਸਕਦਾ ਹੈ ਅਤੇ ਹਾਈਪਰਮੈਗਨੇਸੀਮੀਆ ਦਾ ਕਾਰਨ ਬਣ ਸਕਦਾ ਹੈ ਭਾਵ ਇੱਕ ਸੰਭਾਵੀ ਤੌਰ 'ਤੇ ਜਾਨਲੇਵਾ ਸਥਿਤੀ ਜੋ ਕਿਸੇ ਨੂੰ ਅਧਰੰਗ ਜਾਂ ਕੋਮਾ ਵਿੱਚ ਪਾ ਸਕਦੀ ਹੈ।
ਡਾਇਟੀਸ਼ੀਅਨ ਕ੍ਰਿਸਟਨ ਜੈਕਸਨ ਵੀ ਆਖਦੇ ਹਨ ਕਿ ਜ਼ਿਆਦਾਤਰ ਲੋਕਾਂ ਨੂੰ "ਪਹਿਲਾਂ ਖੁਰਾਕ 'ਤੇ 100% ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।"
ਉਨ੍ਹਾਂ ਮੁਤਾਬਕ, ਬੀਜ, ਗਿਰੀਦਾਰ, ਸਾਬਤ ਅਨਾਜ ਵਾਲੀ ਰੋਟੀ, ਹਰੀਆਂ ਸਬਜ਼ੀਆਂ ਅਤੇ ਫਲ ਵਰਗੇ ਭੋਜਨ ਮੈਗਨੀਸ਼ੀਅਮ ਦੇ ਚੰਗੇ ਸਰੋਤ ਹਨ।
ਉਹ ਚੇਤਾਵਨੀ ਦਿੰਦੀ ਹੈ ਕਿ ਜੇਕਰ ਤੁਸੀਂ ਇਨ੍ਹਾਂ ਭੋਜਨਾਂ ਦਾ ਨਿਯਮਿਤ ਤੌਰ 'ਤੇ ਸੇਵਨ ਨਹੀਂ ਕਰਦੇ ਹੋ, ਤਾਂ ਤੁਹਾਡੇ ਵਿੱਚ ਵਿਟਾਮਿਨ ਸੀ, ਵਿਟਾਮਿਨ ਕੇ, ਫਾਈਬਰ ਅਤੇ ਪ੍ਰੀਬਾਇਓਟਿਕਸ ਵਰਗੇ ਹੋਰ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਵੀ ਕਮੀ ਹੋ ਸਕਦੀ ਹੈ।
"ਇੱਕ ਮੈਗਨੀਸ਼ੀਅਮ ਸਪਲੀਮੈਂਟ ਇਹ ਸਭ ਠੀਕ ਨਹੀਂ ਕਰੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












