ਦੁੱਧ ਪੀਣਾ ਕੀ ਸਿਹਤ ਲਈ ਲਾਹੇਵੰਦ ਹੈ, ਕਿਸ ਨੂੰ ਦੁੱਧ ਨਹੀਂ ਪੀਣਾ ਚਾਹੀਦਾ, ਦੁੱਧ ਬਾਰੇ ਰੋਚਕ ਤੱਥ ਜਾਣੋ

ਤਸਵੀਰ ਸਰੋਤ, Getty Images
- ਲੇਖਕ, ਸਿਰਾਜ
- ਰੋਲ, ਬੀਬੀਸੀ ਤਮਿਲ, ਪੱਤਰਕਾਰ
ਪਿਛਲੇ ਸਾਲਾਂ ਦੌਰਾਨ ਅਸੀਂ ਟੈਲੀਵਿਜ਼ਨ ਉੱਤੇ ਦੁੱਧ ਨਾਲ ਸੰਬੰਧਿਤ ਬਹੁਤ ਸਾਰੀਆਂ ਮਸ਼ਹੂਰੀਆਂ ਦੇਖੀਆਂ ਹਨ। ਮਿਸਾਲ ਵਜੋਂ ਸਾਡੀ ਕੰਪਨੀ ਦੇ ਬਿਸਕੁਟ ਵਿੱਚ ਦੁੱਧ ਹੈ, ਜੇ ਤੁਹਾਡੇ ਬੱਚੇ ਸਾਡੀ ਕੰਪਨੀ ਦਾ ਉਤਪਾਦ ਦੁੱਧ ਵਿੱਚ ਘੋਲ ਕੇ ਪੀਣ ਤਾਂ ਉਹ ਵੱਡੀਆਂ ਮੱਲਾਂ ਮਾਰ ਸਕਦੇ ਹਨ, ਵਗੈਰਾ, ਵਗੈਰਾ।
ਭਾਰਤ ਦੁਨੀਆਂ ਵਿੱਚ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ। ਭਾਰਤ ਸਰਕਾਰ ਦੇ ਡੇਟਾ ਮੁਤਾਬਕ ਸਾਲ 2023 ਦੌਰਾਨ ਭਾਰਤ ਵਿੱਚ ਲਗਭਗ 230.58 ਮਿਲੀਅਨ ਟਨ ਦੁੱਧ ਦਾ ਉਤਪਾਦਨ ਹੋਇਆ।
ਭਾਰਤੀ ਸਮਾਜ ਵਿੱਚ ਇੱਕ ਆਮ ਵਿਚਾਰ ਹੈ ਕਿ ਗਾਂ ਦਾ ਦੁੱਧ ਮਨੁੱਖੀ ਸਰੀਰ ਲਈ ਜ਼ਰੂਰੀ ਅਤੇ ਸਿਹਤ ਵਧਾਉਣ ਵਾਲਾ ਹੈ। ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਪੀਣ ਦੀ ਆਦਤ ਹੈ।
ਬਚਪਨ ਤੋਂ ਬਾਅਦ ਪੂਰੀ ਜ਼ਿੰਦਗੀ ਧਰਤੀ ਦਾ ਕੋਈ ਵੀ ਜੀਵ, ਇਨਸਾਨ ਨੂੰ ਛੱਡ ਕੇ ਦੁੱਧ ਨਹੀਂ ਪੀਂਦਾ। ਖਾਸ ਕਰਕੇ ਕਿਸੇ ਹੋਰ ਪ੍ਰਜਾਤੀ ਦਾ ਤਾਂ ਬਿਲਕੁਲ ਵੀ ਨਹੀਂ।
ਕੀ ਦੁੱਧ ਅਜਿਹਾ ਪੀਣਯੋਗ ਤਰਲ ਹੈ ਜਿਸ ਨੂੰ ਕੋਈ ਵੀ ਹਰ ਰੋਜ਼ ਪੀ ਸਕਦਾ ਹੈ? ਇਸ ਵਿੱਚ ਕਿਸ ਤਰ੍ਹਾਂ ਦੇ ਪੋਸ਼ਕ ਮੌਜੂਦ ਹੁੰਦੇ ਹਨ? ਹਰ ਰੋਜ਼ ਕਿੰਨਾ ਦੁੱਧ ਪੀਤਾ ਜਾ ਸਕਦਾ ਹੈ? ਦੁੱਧ ਕਿਸ ਨੂੰ ਨਹੀਂ ਪੀਣਾ ਚਾਹੀਦਾ? ਇਸ ਲੇਖ ਵਿੱਚ ਇਨ੍ਹਾਂ ਹੀ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ—
ਕੀ ਦੁੱਧ ਮਾਸਾਹਾਰੀਆਂ ਲਈ ਹੈ?

ਤਸਵੀਰ ਸਰੋਤ, Getty Images
ਬੱਚਿਆਂ ਅਤੇ ਖਾਣ-ਪਾਣ ਦੇ ਮਾਹਰ ਅਰੁਨ ਕੁਮਾਰ ਦੱਸਦੇ ਹਨ ਕਿ ਦੁੱਧ ਵਿੱਚ ਕੈਲਸ਼ੀਅਮ, ਪ੍ਰੋਟੀਨ ਵਰਗੇ ਜ਼ਰੂਰੀ ਪੋਸ਼ਕਾਂ ਦੀ ਭਰਮਾਰ ਹੁੰਦੀ ਹੈ।
ਹਾਲਾਂਕਿ ਜੋ ਲੋਕ ਭਰਭੂਰ ਮਾਤਰਾ ਵਿੱਚ ਮਾਸਾਹਾਰ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਂਦੇ ਹਨ ਉਹ ਜੇ ਦੁੱਧ ਨਾ ਵੀ ਪੀਣ ਤਾਂ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਵਾਲੀ।
ਡਾ਼ ਅਰੁਨ ਕੁਮਾਰ ਦੱਸਦੇ ਹਨ, “ਨਵੀਨ ਪੱਥਰ ਯੁੱਗ ਦੇ ਦੌਰਾਨ, ਮਨੁੱਖਾਂ ਵਿੱਚ ਕਈ ਕਿਸਮ ਦੇ ਪੋਸ਼ਕਾਂ ਦੀ ਕਮੀ ਹੁੰਦੀ ਸੀ। ਉਸ ਦੀ ਪੂਰਤੀ ਲਈ ਉਪਲਭਦ ਪਸ਼ੂਆਂ ਨੂੰ ਪਾਲਣਾ ਅਤੇ ਉਨ੍ਹਾਂ ਦਾ ਦੁੱਧ ਪੀਣਾ ਇੱਕ ਆਮ ਆਦਤ ਸੀ। ਇਹ ਆਦਤ ਵਿਕਸਤ ਹੋ ਗਈ ਕਿਉਂਕਿ ਸਿਰਫ਼ ਖੇਤੀ ਦੀ ਉਪਜ ਉੱਪਰ ਨਿਰਭਰ ਰਹਿਣਾ, ਉਸ ਸਮੇਂ ਸੰਭਵ ਨਹੀਂ ਸੀ।”
“ਹਾਲਾਂਕਿ ਦੁੱਧ ਪੀਣ ਦੀ ਆਦਤ 10,000 ਸਾਲ ਬਾਅਦ ਵੀ ਕਾਇਮ ਹੈ। ਹੁਣ ਸਾਡੀ ਖੁਰਾਕ ਠੀਕ ਹੈ। ਜੇ ਵਿਉਂਤ ਕੀਤੀ ਜਾਵੇ ਤਾਂ ਦੁੱਧ ਜ਼ਰੂਰੀ ਨਹੀਂ ਹੈ।”
“ਜੋ ਲੋਕ ਸਿਰਫ਼ ਸ਼ਾਕਾਹਾਰੀ ਖੁਰਾਕ ਖਾਂਦੇ ਹਨ। ਉਨ੍ਹਾਂ ਨੂੰ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ। ਜੇ ਤੁਸੀਂ ਪੁੱਛੋਂ ਕਿ ਦੁੱਧ ਸਾਰਿਆਂ ਲਈ ਠੀਕ ਹੈ ਤਾਂ, ਨਹੀਂ। ਕਾਰਨ ਇਹ ਹੈ ਕਿ ਦੁੱਧ ਵਿੱਚ ਲੈਕਟੋਸ ਹੁੰਦਾ ਹੈ। ਇਸ ਨੂੰ ਹਜ਼ਮ ਕਰਨ ਲਈ ਸਾਨੂੰ ਆਪਣੀਆਂ ਆਂਦਰਾਂ ਵਿੱਚ ਲੈਕਟੇਸ ਨਾਮ ਦੇ ਅੰਜਾਈਮ ਦੀ ਲੋੜ ਹੁੰਦੀ ਹੈ। ਜੇ ਇਹ ਅੰਜਾਈਮ ਨਾ ਹੋਵੇ ਤਾਂ ਕਈ ਕਿਸਮ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋ ਜਾਣਗੀਆਂ।”
ਦੁੱਧ ਵਿੱਚ ਮੌਜੂਦ ਪੋਸ਼ਕ ਤੱਤ

ਤਸਵੀਰ ਸਰੋਤ, DOCTORARUNKUMAR/FACEBOOK
ਡਾ਼ ਅਰੁਨ ਕੁਮਾਰ ਮੁਤਾਬਕ, “ਆਮ ਤੌਰ ਉੱਤੇ ਗਾਂ ਅਤੇ ਫਿਰ ਮੱਝ ਦਾ ਦੁੱਧ ਪੀਤਾ ਜਾਂਦਾ ਹੈ। ਕੈਲੋਰੀਆਂ ਦੇ ਹਿਸਾਬ ਨਾਲ 100 ਗਰਾਮ ਗਾਂ ਦੇ ਦੁੱਧ ਵਿੱਚ 67 ਜਦਕਿ ਮੱਝ ਦੇ ਦੁੱਧ ਵਿੱਚ 117 ਕੈਲੋਰੀਆਂ ਹੁੰਦੀਆਂ ਹਨ। ਇਸੇ ਕਾਰਨ ਮੱਝ ਦਾ ਦੁੱਧ ਲਗਾਤਾਰ ਪੀਣ ਨਾਲ ਭਾਰ ਵਧ ਜਾਂਦਾ ਹੈ।”
ਉਹ ਅੱਗੇ ਦੱਸਦੇ ਹਨ,“ਇਸੇ ਤਰ੍ਹਾਂ ਚਰਬੀ ਦੀ ਮਾਤਰਾ ਗਾਂ ਦੇ ਦੁੱਧ ਵਿੱਚ 4.1 ਅਤੇ ਮੱਝ ਦੇ ਦੁੱਧ ਵਿੱਚ 6.5 ਹੁੰਦੀ ਹੈ। ਗਾਂ ਦੇ ਦੁੱਧ ਵਿੱਚ ਪੋਸ਼ਕ ਤੱਤ ਜ਼ਿਆਦਾ ਹੁੰਦੇ ਹਨ।”
ਦੁੱਧ ਕਿਸ ਨੂੰ ਨਹੀਂ ਪੀਣਾ ਚਾਹੀਦਾ?

ਤਸਵੀਰ ਸਰੋਤ, Getty Images
ਡਾ਼ ਅਰੁਨ ਕੁਮਾਰ ਕਹਿੰਦੇ ਹਨ ਕਿ ਸ਼ੁਰੂ ਵਿੱਚ ਇਹ ਲਕੈਟੇਸ ਨਾਮ ਦਾ ਅੰਜਾਈਮ ਸਿਰਫ਼ ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਵਿੱਚ ਮੌਜੂਦ ਹੁੰਦਾ ਸੀ।
ਫਿਰ ਰੋਜ਼ਾਨਾ ਦੁੱਧ ਪੀਣ ਦੀ ਆਦਤ ਕਾਰਨ ਮਨੁੱਖੀ ਸਰੀਰ ਨੇ ਆਪਣੇ-ਆਪ ਨੂੰ ਢਾਲ ਲਿਆ ਹੈ। ਇਸ ਤਰ੍ਹਾਂ ਕੁਦਰਤੀ ਰੂਪ ਵਿੱਚ ਦੁੱਧ ਬਾਲਗਾਂ ਦੇ ਪੀਣ ਲਈ ਨਹੀਂ ਸੀ।
ਡਾ਼ ਅਰੁਨ ਮੁਤਾਬਕ “ਦੁੱਧ ਦਾ ਸਿੱਧਾ ਸੰਬੰਧ ਬਦਹਜ਼ਮੀ ਨਾਲ ਹੈ। ਕੁਝ ਲੋਕ ਰੋਜ਼ਾਨਾ ਇੱਕ ਲੀਟਰ ਦੁੱਧ ਪੀ ਜਾਂਦੇ ਹਨ। ਜਦਕਿ ਲੈਕਟੋਜ਼ ਅਲਰਜੀ ਵਾਲਿਆਂ ਨੂੰ ਅੱਧਾ ਗਲਾਸ ਦੁੱਧ ਨਾਲ ਵੀ ਗੈਸ ਬਣਨਾ, ਕਾਲਜਾ ਮੱਚਣਾ ਅਤੇ ਢਿੱਡ ਨਾਲ ਜੁੜੇ ਹੋਰ ਲੱਛਣ ਆ ਸਕਦੇ ਹਨ। ਇਨ੍ਹਾਂ ਲੋਕਾਂ ਨੂੰ ਦੁੱਧ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।”
ਉਹ ਦੱਸਦੇ ਹਨ, “ਕਿਉਂਕਿ ਗਾਂ ਦੇ ਦੁੱਧ ਵਿੱਚ ਪੋਸ਼ਕ ਤੱਤ ਜ਼ਿਆਦਾ ਹੁੰਦੇ ਹਨ। ਇਸ ਲਈ ਇਹ ਬੱਚਿਆਂ ਦਾ ਭਾਰ ਵਧਾ ਸਕਦਾ ਹੈ। ਪਰ ਇਹ ਇਕੱਲਾ ਨਹੀਂ ਦਿੱਤਾ ਜਾਣਾ ਚਾਹੀਦਾ। ਕੁਝ ਲੋਕ ਗਾਂ ਦਾ ਦੁੱਧ ਪੀਣ ਤੋਂ ਬਾਅਦ ਹੋਰ ਚੀਜ਼ਾਂ ਖਾਣ ਤੋਂ ਪਾਸਾ ਪਰਤ ਸਕਦੇ ਹਨ। ਇਹ ਖ਼ਤਰਨਾਕ ਹੈ ਕਿਉਂਕਿ ਗਾਂ ਦੇ ਦੁੱਧ ਵਿੱਚ ਲੋਹੇ ਦੀ ਕਮੀ ਹੁੰਦੀ ਹੈ।
ਡਾ਼ ਅਰੁਨ ਦੱਸਦੇ ਹਨ, “ਜੇ ਕੋਈ ਬੱਚਾ 13 ਲੀਟਰ ਦੁੱਧ ਪੀਂਦਾ ਹੈ ਤਾਂ ਉਸ ਦੀ ਰੋਜ਼ਾਨਾ ਦੀ ਲੋਹੇ ਦੀ ਮਾਤਰਾ ਪੂਰੀ ਹੋ ਸਕਦੀ ਹੈ। ਜਦਕਿ ਕੁਝ ਬੱਚਿਆਂ ਨੂੰ ਤਾਂ ਚਾਰ ਮਹੀਨਿਆਂ ਦੀ ਉਮਰ ਵਿੱਚ ਹੀ ਗਾਂ ਦਾ ਦੁੱਧ ਦਿੱਤਾ ਜਾਂਦਾ ਹੈ।”
“ਇਸ ਕਾਰਨ ਪ੍ਰੋਟੀਨ ਅਲਜਰੀਆਂ ਅਤੇ ਢਿੱਡ ਵਿੱਚ ਖੂਨ ਵਗ ਸਕਦਾ ਹੈ। ਸਰੀਰ ਵਿੱਚ ਪਾਣੀ ਦੀ ਕਮੀ ਵੀ ਹੋ ਸਕਦੀ ਹੈ। ਗਾਂ ਦਾ ਦੁੱਧ ਦੋ ਸਾਲ ਦੀ ਉਮਰ ਤੋਂ ਬਾਅਦ ਹੀ ਚੰਗੀ ਤਰ੍ਹਾਂ ਹਜ਼ਮ ਹੋ ਸਕਦਾ ਹੈ”
ਤੁਸੀਂ ਦਿਨ ਵਿੱਚ ਕਿੰਨਾ ਦੁੱਧ ਪੀ ਸਕਦੇ ਹੋ?

ਕੁਝ ਸਾਲ ਪਹਿਲਾਂ ਕ੍ਰਿਕਟ ਖਿਡਾਰੀ ਮਹਿੰਦਰ ਸਿੰਘ ਧੋਨੀ ਦੀ ਪਸੰਦੀਦਾ ਡਰਿੰਕ ਦੁੱਧ ਸੀ। ਇੰਟਰਨੈੱਟ ਉੱਤੇ ਚਰਚਾ ਛਿੜੀ ਸੀ ਕਿ ਉਹ ਹੈਲੀਕਾਪਟਰ ਦੇ ਸ਼ਾਟ ਇਸ ਲਈ ਅਸਾਨੀ ਨਾਲ ਕਰ ਲੈਂਦੇ ਹਨ ਕਿਉਂਕਿ ਉਹ ਹਰ ਰੋਜ਼ ਗਾਂ ਦਾ ਚਾਰ ਲੀਟਰ ਦੁੱਧ ਪੀਂਦੇ ਹਨ।
ਇਸ ਦੇ ਜਵਾਬ ਵਿੱਚ ਧੋਨੀ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਤਾਂ ਹਰ ਰੋਜ਼ ਸਿਰਫ਼ ਇੱਕ ਲੀਟਰ ਗਾਂ ਦਾ ਦੁੱਧ ਹੀ ਪੀਂਦੇ ਹਨ।
ਪੋਸ਼ਣ ਸਲਾਹਕਾਰ ਧਾਰਿਨੀ ਕ੍ਰਿਸ਼ਨ ਦੱਸਦੇ ਹਨ, “ਹਰ ਕੋਈ ਧੋਨੀ ਵਾਂਗ ਇੱਕ ਲੀਟਰ ਦੁੱਧ ਰੋਜ਼ਾਨਾ ਨਹੀਂ ਪੀ ਸਕਦਾ। ਉਹ ਜੋ ਵਰਜਿਸ਼ ਕਰਦੇ ਹਨ ਉਨ੍ਹਾਂ ਲਈ ਇਹ ਠੀਕ ਹੋਵੇਗਾ। ਇਹ ਕਿਸੇ ਔਸਤ ਇਨਸਾਨ ਲਈ ਠੀਕ ਨਹੀਂ ਹੈ। ਹਾਂ 400 ਮਿਲੀ ਲੀਟਰ ਦੁੱਧ ਜਾਂ 400 ਗਰਾਮ ਦਹੀਂ ਜ਼ਰੂਰ ਠੀਕ ਹੈ।”
ਅੱਜ-ਕੱਲ ਬਹੁਤ ਸਾਰੇ ਪਰਿਵਾਰ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਹੀ ਮਾਸਾਹਾਰੀ ਖੁਰਾਕ ਖਾਂਦੇ ਹਨ। ਇਸ ਲਈ ਉਨ੍ਹਾਂ ਲਈ ਰੋਜ਼ਾਨਾ ਦੁੱਧ ਪੀਣਾ ਠੀਕ ਹੈ। ਹਾਲਾਂਕਿ ਜੇ ਬਜ਼ੁਰਗਾਂ ਨੂੰ ਦੁੱਧ ਤੋਂ ਬਦਹਜ਼ਮੀ ਹੋਵੇ ਤਾਂ ਉਹ 400 ਮਿਲੀ ਲੀਟਰ ਪ੍ਰੋਟੀਨ ਲੈ ਸਕਦੇ ਹਨ।
ਕੀ ਖੰਡ ਨਾਲ ਦੁੱਧ ਪੀਤਾ ਜਾ ਸਕਦਾ ਹੈ?

ਤਸਵੀਰ ਸਰੋਤ, SARAVANAKUMARM/FACEBOOK
ਡਾਕਟਕ ਸਰਵਨ ਕੁਮਾਰ ਦੱਸਦੇ, “ਦਿਨ ਵਿੱਚ 400 ਮਿਲੀ ਲੀਟਰ ਦੁੱਧ ਪੀਣਾ ਸੁਰੱਖਿਅਤ ਹੈ। 200 ਮਿਲੀ ਸਵੇਰੇ ਅਤੇ 200 ਮਿਲੀ ਰਾਤ ਨੂੰ। ਹਾਲਾਂਕਿ ਤੁਹਾਨੂੰ ਖੰਡ ਨਾਲ ਦੁੱਧ ਪੀਣ ਤੋਂ ਬਚਣਾ ਚਾਹੀਦਾ ਹੈ। ਦੁੱਧ ਵਿੱਚ ਪਹਿਲਾਂ ਹੀ ਭਰਭੂਰ ਕੈਲੋਰੀਆਂ ਹੁੰਦੀਆਂ ਹਨ। ਕਈ ਸਾਲਾਂ ਤੱਕ ਮਿੱਠੇ ਵਾਲਾ ਦੁੱਧ ਪੀਂਦੇ ਰਹਿਣਾ ਨੁਕਸਾਨ ਕਰ ਸਕਦਾ ਹੈ।”
“ਮਿਸਾਲ ਵਜੋਂ ਜੇ ਤੁਸੀਂ ਦੋ ਵਾਰ ਦੁੱਧ ਇੱਕ ਚਮਚਾ ਖੰਡ ਨਾਲ ਪੀਂਦੇ ਹੋ ਤਾਂ ਇਸਦਾ ਮਤਲਬ ਹੈ ਰੋਜ਼ਾਨਾ ਦੀ 40 ਗਰਾਮ ਖੰਡ। ਜੇ ਅਸੀਂ ਇਸ ਨੂੰ ਮਹੀਨੇ ਦੇ ਹਿਸਾਬ ਨਾਲ ਗਿਣੀਏ ਤਾਂ ਅਸੀਂ ਇਕੱਲੇ ਦੁੱਧ ਨਾਲ ਹੀ ਇੱਕ ਕਿੱਲੋ ਤੋਂ ਜ਼ਿਆਦਾ ਖੰਡ ਪੀ ਜਾਂਦੇ ਹਾਂ। ਸੋਚ ਕੇ ਦੇਖੋ ਜੇ ਅਸੀਂ ਅਜਿਹਾ ਬਚਪਨ ਤੋਂ ਕਰ ਰਹੇ ਹੋਈਏ। ਇਸ ਲਈ ਦੁੱਧ ਬਿਨਾਂ ਖੰਡ ਤੋਂ ਪੀਤਾ ਜਾਣਾ ਚਾਹੀਦਾ ਹੈ।”
ਸਰਵਨਾ ਕੁਮਾਰ ਦੱਸਦੇ ਹਨ, “ਜੇ ਤੁਹਾਡੇ ਅਲਸਰ ਹਨ ਜਾਂ ਲੈਕਟੋਸ ਤੋਂ ਅਲਰਜੀ ਹੈ ਤੁਹਾਨੂੰ ਦੁੱਧ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇ ਤੁਹਾਨੂੰ ਹਾਜ਼ਮੇ ਦੀਆਂ ਸਮੱਸਿਆਵਾਂ ਹਨ, ਤੁਹਾਨੂੰ ਦੁੱਧ ਨਹੀਂ ਪੀਣਾ ਚਾਹੀਦਾ। ਜੇ ਤੁਸੀਂ ਕੈਲਸ਼ੀਅਮ ਲਈ ਦੁੱਧ ਪੀਂਦੇ ਹੋ ਅਤੇ ਮਾਸਾਹਾਰੀ ਹੋ ਤਾਂ ਤੁਸੀਂ ਬੱਕਰੇ ਦੇ ਖਰੌੜਿਆਂ ਦਾ ਸੂਪ, ਚਿੱਟੇ ਆਂਡੇ, ਘਿਓ, ਮੱਖਣ, ਮੂੰਗਫਲੀ ਵਗੈਰਾ ਖਾ ਸਕਦੇ ਹੋ।”
ਏ1 ਜਾਂ ਏ2 ਕਿਹੜਾ ਦੁੱਧ ਵਧੀਆ ਹੈ?

ਤਸਵੀਰ ਸਰੋਤ, Getty Images
ਇਸ ਬਾਰੇ ਅਸੀਂ ਡਾ਼ ਅਰੁਨ ਕੁਮਾਰ ਨੂੰ ਪੁੱਛਿਆ ਕੀ ਇਹ ਸਹੀ ਹੈ ਕਿ ਦੇਸੀ ਗਾਵਾਂ ਦਾ ਏ1 ਕਿਸਮ ਦਾ ਦੁੱਧ ਵਿੱਚ ਪ੍ਰੋਟੀਨ ਭਰਭੂਰ ਮਾਤਰਾ ਵਿੱਚ ਹੁੰਦਾ ਹੈ। ਅਤੇ ਜੇ ਏ2 ਕਿਮਸ ਦਾ ਦੁੱਧ ਲਗਾਤਾਰ ਪੀਤਾ ਜਾਵੇ ਤਾਂ, ਇਸ ਨਾਲ ਡਾਇਬਿਟੀਜ਼ ਸਮੇਤ ਕਈ ਰੋਗ ਹੋ ਸਕਦੇ ਹਨ।
ਡਾ਼ ਅਰੁਨ ਮੁਤਾਬਕ, “ਇਸ ਬਾਰੇ ਪੂਰੀ ਦੁਨੀਆਂ ਵਿੱਚ ਖੋਜ ਕੀਤੀ ਗਈ ਹੈ। ਇਨ੍ਹਾਂ ਦੇ ਪ੍ਰੋਟੀਨ ਦੀ ਬਣਤਰ ਵਿੱਚ ਅੰਤਰ ਜ਼ਰੂਰ ਹਨ ਪਰ ਏ1 ਕਿਸਮ ਦਾ ਦੁੱਧ ਖ਼ਤਰਨਾਕ ਹੈ ਇਸ ਦੇ ਕੋਈ ਸਬੂਤ ਨਹੀਂ ਹਨ। ਸਾਡੀਆਂ 98% ਦੇਸੀ ਗਾਵਾਂ ਏ2 ਕਿਸਮ ਦਾ ਦੁੱਧ ਦਿੰਦੀਆਂ ਹਨ। ਮੱਝ ਦਾ ਦੁੱਧ 100 ਫੀਸਦੀ ਏ2 ਹੁੰਦਾ ਹੈ। ਇੱਥੋਂ ਤੱਕ ਕਿ ਵਿਦੇਸ਼ਾਂ ਜਿਵੇਂ ਜਰਸੀ ਗਾਵਾਂ ਵੀ ਸਿਰਫ਼ ਏ2 ਦੁੱਧ ਦੇ ਸਕਦੀਆਂ ਹਨ। ਸਿਰਫ਼ ਕੁਝ ਕੁ ਵਿਦੇਸ਼ੀ ਨਸਲਾਂ ਏ1 ਦੁੱਧ ਦਿੰਦੀਆਂ ਹਨ।”
ਜਦੋਂ ਪੋਸ਼ਣ ਸਲਾਹਕਾਰ ਧਰਨੀ ਕ੍ਰਿਸ਼ਨ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ਏ1 ਜਾਂ ਏ2 ਬਾਰੇ ਕੋਈ ਖੋਜ ਕਰਨ ਦੀ ਲੋੜ ਨਹੀਂ ਹੈ। ਦੁਕਾਨਾਂ ਜਾਂ ਡੇਅਰੀ ਫਾਰਮਾਂ ਤੋਂ ਮਿਲਣ ਵਾਲਾ ਚੰਗੀ ਤਰ੍ਹਾਂ ਉਬਾਲਿਆ ਹੋਇਆ ਦੁੱਧ ਪੀ ਲੈਣਾ ਚਾਹੀਦਾ ਹੈ”












