ਜਦੋਂ ਡਾਕਟਰੀ ਸਲਾਹ ਤੋਂ ਬਿਨਾਂ ਇਸ ਸ਼ਖ਼ਸ ਨੇ ਲਗਵਾਏ ਕੋਰੋਨਾਵਾਇਰਸ ਦੇ 217 ਟੀਕੇ, ਫਿਰ...

ਤਸਵੀਰ ਸਰੋਤ, Reuters
- ਲੇਖਕ, ਮਿਸ਼ੇਲ ਰੌਬਰਟਸ
- ਰੋਲ, ਡਿਜੀਟਲ ਹੈਲਵਥ ਐਡੀਟਰ
ਜਰਮਨੀ ਦੇ ਇੱਕ 62 ਸਾਲਾ ਵਿਅਕਤੀ ਨੇ 217 ਵਾਰ ਕੋਵਿਡ ਦਾ ਟੀਕਾ ਲਗਵਾਇਆ ਹੈ।
ਡਾਕਟਰਾਂ ਦੀਆਂ ਰਿਪੋਰਟਾਂ ਮੁਤਾਬਕ, ਉਨ੍ਹਾਂ ਨੇ ਡਾਕਟਰੀ ਸਲਾਹ ਦੇ ਖ਼ਿਲਾਫ਼ ਜਾ ਕੇ ਅਜਿਹਾ ਕੀਤਾ।
ਦਰਅਸਲ, ਇਹ ਅਜੀਬੋ-ਗਰੀਬ ਮਾਮਲਾ 'ਦਿ ਲੈਂਸੇਟ ਇਨਫੈਕਟਿਅਸ ਡਿਜ਼ੀਜ਼' ਜਰਨਲ 'ਚ ਸਾਹਮਣੇ ਆਇਆ ਹੈ।
ਵਿਅਕਤੀ ਨੇ ਇਹ ਟੀਕੇ ਨਿੱਜੀ ਤੌਰ 'ਤੇ ਖਰੀਦੇ ਸਨ ਅਤੇ ਇਨ੍ਹਾਂ ਨੂੰ 29 ਮਹੀਨਿਆਂ ਦੇ ਅੰਦਰ ਲਗਵਾਇਆ ਗਿਆ ਸੀ।
ਅਰਲੈਂਗੇਨ-ਨਿਊਰਮਬਰਗ ਯੂਨੀਵਰਸਿਟੀ ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਇਸ ਨਾਲ ਉਸ ਵਿਅਕਤੀ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਿਆ ਹੈ।

ਤਸਵੀਰ ਸਰੋਤ, Reuters
'ਬੇਹੱਦ ਦਿਲਚਸਪ'
ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਦੇ ਡਾਕਟਰ ਕਿਲੀਅਨ ਸ਼ੌਬਰ ਨੇ ਕਿਹਾ, "ਸਾਨੂੰ ਅਖ਼ਬਾਰਾਂ ਦੇ ਲੇਖਾਂ ਰਾਹੀਂ ਵਿਅਕਤੀ ਵੱਲੋਂ ਲਏ ਟੀਕਿਆਂ ਦੇ ਕੇਸ ਬਾਰੇ ਪਤਾ ਲੱਗਾ।"
"ਫਿਰ ਅਸੀਂ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਅਰਲੈਂਗੇਨ ਵਿੱਚ ਵੱਖ-ਵੱਖ ਟੈਸਟ ਕਰਵਾਉਣ ਲਈ ਬੁਲਾਇਆ। ਉਹ ਅਜਿਹਾ ਕਰਨ ਵਿੱਚ ਬੇਹੱਦ ਦਿਲਚਸਪ ਲੱਗਾ ਸੀ।"
ਉਨ੍ਹਾਂ ਦੇ ਖ਼ੂਨ ਅਤੇ ਥੁੱਕ ਦੇ ਨਮੂਨੇ ਲਏ ਗਏ।
ਖੋਜਕਾਰਾਂ ਨੇ ਉਨ੍ਹਾਂ ਦੇ ਜੰਮੇ ਹੋਏ ਖ਼ੂਨ ਦੇ ਨਮੂਨਿਆਂ ਦੀ ਵੀ ਜਾਂਚ ਕੀਤੀ ਜੋ ਹਾਲ ਹੀ ਦੇ ਸਾਲਾਂ ਵਿੱਚ ਸਟੋਰ ਕੀਤੇ ਗਏ ਸਨ।
ਡਾ ਸ਼ੌਬਰ ਦਾ ਕਹਿਣਾ ਹੈ, “ਜਦੋਂ ਅਧਿਐਨ ਦੌਰਾਨ ਵਿਅਕਤੀ ਨੇ ਆਪਣੀ ਜ਼ਿਦ ਕਾਰਨ ਇੱਕ ਹੋਰ ਟੀਕਾ ਲਗਵਾਇਆ ਤਾਂ ਅਸੀਂ ਖ਼ੁਦ ਖੂਨ ਦੇ ਨਮੂਨੇ ਲੈਣ ਦੇ ਯੋਗ ਹੋ ਗਏ।"
"ਅਸੀਂ ਇਹ ਨਿਰਧਾਰਤ ਕਰਨ ਲਈ ਇਹਨਾਂ ਨਮੂਨਿਆਂ ਦੀ ਵਰਤੋਂ ਕਰਨ ਦੇ ਯੋਗ ਸੀ ਕਿ ਇਮਿਊਨ ਸਿਸਟਮ ਟੀਕਾਕਰਨ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦਾ ਹੈ।"
ਮੈਗਡੇਬਰਗ ਸ਼ਹਿਰ ਦੇ ਸਰਕਾਰੀ ਵਕੀਲ ਨੇ 130 ਟੀਕਿਆਂ ਦੇ ਸਬੂਤ ਇਕੱਠੇ ਕੀਤੇ ਸਨ, ਜਿਨ੍ਹਾਂ ਨੇ ਧੋਖਾਧੜੀ ਦੇ ਇਲਜ਼ਾਮਾਂ ਨਾਲ ਜਾਂਚ ਸ਼ੁਰੂ ਕੀਤੀ ਸੀ, ਪਰ ਕੋਈ ਅਪਰਾਧਿਕ ਦੋਸ਼ ਦਾਇਰ ਨਹੀਂ ਕੀਤੇ ਗਏ ਸਨ।
ਕੋਵਿਡ ਟੀਕੇ ਇਨਫੈਕਸ਼ਨ ਦਾ ਕਾਰਨ ਨਹੀਂ ਬਣ ਸਕਦੇ ਪਰ ਸਰੀਰ ਨੂੰ ਬਿਮਾਰੀ ਨਾਲ ਲੜਨਾ ਸਿਖਾ ਸਕਦੇ ਹਨ।

ਤਸਵੀਰ ਸਰੋਤ, Getty Images
ਇਮਿਊਨ ਸਿਸਟਮ
ਮੈਸੇਂਜਰ ਰਿਬੋਨਿਊਕਲਿਕ ਐਸਿਡ (mRNA) ਟੀਕੇ, ਸਰੀਰ ਦੇ ਸੈੱਲਾਂ ਨੂੰ ਵਾਇਰਸ ਤੋਂ ਥੋੜ੍ਹਾ ਜੈਨੇਟਿਕ ਕੋਡ ਦਿਖਾ ਕੇ ਕੰਮ ਕਰਦੇ ਹਨ।
ਇਮਿਊਨ ਸਿਸਟਮ ਨੂੰ ਫਿਰ ਪਛਾਣਨਾ ਚਾਹੀਦਾ ਹੈ ਅਤੇ ਜਾਣਨਾ ਚਾਹੀਦਾ ਹੈ ਕਿ ਜੇਕਰ ਅਸਲ ਵਿੱਚ ਇਸ ਦਾ ਸਾਹਮਣਾ ਹੋਇਆ ਤਾਂ ਕੋਵਿਡ ਨਾਲ ਕਿਵੇਂ ਲੜਨਾ ਹੈ।
ਡਾ. ਸ਼ੌਬਰ ਚਿੰਤਤ ਹੈ ਕਿ ਵਾਰ-ਵਾਰ ਖੁਰਾਕਾਂ ਨਾਲ ਇਮਿਊਨ ਸਿਸਟਮ ਨੂੰ ਵੱਧ ਤੋਂ ਵੱਧ ਉਤੇਜਿਤ ਕਰਨ ਨਾਲ ਕੁਝ ਸੈੱਲ ਥੱਕ ਸਕਦੇ ਹਨ।
ਪਰ ਖੋਜਕਾਰਾਂ ਨੂੰ 62 ਸਾਲਾ ਵਿਅਕਤੀ ਵਿੱਚ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਅਤੇ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਕਿ ਉਹ ਕਦੇ ਕੋਵਡਿ ਨਾਲ ਪੀੜਤ ਵੀ ਸੀ।

ਤਸਵੀਰ ਸਰੋਤ, EPA
'ਤਰਜੀਹੀ ਪਹੁੰਚ'
ਖੋਜਕਾਰਾਂ ਦਾ ਕਹਿਣਾ ਹੈ, "ਮਹੱਤਵਪੂਰਨ ਗੱਲ ਇਹ ਹੈ ਕਿ, ਅਸੀਂ ਅਨੁਕੂਲ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦੀ ਰਣਨੀਤੀ ਵਜੋਂ ਹਾਈਪਰ-ਟੀਕਾਕਰਨ ਦਾ ਸਮਰਥਨ ਨਹੀਂ ਕਰਦੇ ਹਾਂ।"
ਇੱਕ 62 ਸਾਲਾ ਵਿਅਕਤੀ 'ਤੇ ਉਨ੍ਹਾਂ ਦੇ ਟੈਸਟਾਂ ਦੇ ਨਤੀਜੇ ਦੂਰਗਾਮੀ ਸਿੱਟੇ ਕੱਢਣ ਲਈ ਨਾਕਾਫ਼ੀ ਸਨ, ਆਮ ਜਨਤਾ ਲਈ ਤਾਂ ਸਿਫ਼ਾਰਿਸ਼ਾਂ ਦੀ ਤਾਂ ਗੱਲ ਹੀ ਛੱਡ ਦਿਓ।
ਉਹ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਕਹਿੰਦੇ ਹਨ, "ਮੌਜੂਦਾ ਖੋਜ ਦਰਸਾਉਂਦੀ ਹੈ ਕਿ ਕਮਜ਼ੋਰ ਲੋਕਾਂ ਲਈ ਨਿਯਮਤ ਟੌਪ-ਅੱਪ ਟੀਕਿਆਂ ਦੇ ਨਾਲ, ਤਿੰਨ-ਡੋਜ਼ ਟੀਕਾਕਰਣ ਹੀ ਤਰਜੀਹੀ ਪਹੁੰਚ ਹੈ।"
"ਅਜਿਹੇ ਕੋਈ ਸੰਕੇਤ ਨਹੀਂ ਹਨ ਕਿ ਜਿੱਥੇ ਵੱਧ ਟੀਕਿਆਂ ਦੀ ਲੋੜ ਹੈ।"
ਐੱਨਐੱਚਐੱਸ ਦਾ ਕਹਿਣਾ ਹੈ ਕਿ ਕੋਵਿਡ ਦੇ ਟੀਕੇ ਆਮ ਤੌਰ 'ਤੇ ਮੌਸਮ ਮੁਤਾਬਕ ਲਗਾਏ ਜਾਂਦੇ ਹਨ ਪਰ ਗੰਭੀਰ ਤੌਰ 'ਤੇ ਕਮਜ਼ੌਰ ਇਮਿਊਨ ਸਿਸਟਮ ਵਾਲੇ ਕੁਝ ਲੋਕਾਂ ਨੂੰ ਹੋਰ ਸਮੇਂ 'ਤੇ ਵੀ ਵਧੇਰੇ ਸੁਰੱਖਿਆ ਲਈ ਲੋੜ ਪੈ ਸਕਦੀ ਹੈ।
ਇਹ ਉਨ੍ਹਾਂ ਲੋਕਾਂ ਨਾਲ ਸੰਪਰਕ ਕਰਨਗੇ, ਜਿਨ੍ਹਾਂ ਨੇ ਐੱਨਐੱਚਐੱਸ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਉਹ ਯੋਗ ਹਨ।
ਕੋਵਿਡ ਟੀਕਿਆਂ ਦੇ ਮਾੜੇ ਪ੍ਰਭਾਵ ਹੋ ਸਕਦੇ ਹਨ। ਟੀਕੇ ਨਾਲ ਬਾਂਹ ਵਿੱਚ ਦਰਦ ਹੋਣਾ ਆਮ ਗੱਲ ਹੈ।

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਜਾਂ ਕੋਵਿਡ-19 ਕੀ ਹੈ?
ਕੋਰੋਨਾਵਾਇਰਸ ਅਸਲ ਵਿੱਚ ਇੱਕ ਵੱਡੇ ਵਾਇਰਸ ਦੇ ਪਰਿਵਾਰ ਨਾਲ ਸਬੰਧਿਤ ਹੈ, ਜੋ ਇਨਸਾਨ ਜਾਂ ਜਾਨਵਰਾਂ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਕੋਰੋਨਾਵਾਇਰਸ ਇਨਸਾਨ ਵਿੱਚ ਆਮ ਸਰਦੀ ਜ਼ੁਕਾਮ ਤੋਂ ਲੈ ਕੇ ਜ਼ਿਆਦਾ ਗੰਭੀਰ ਸਾਹ ਦੀ ਬਿਮਾਰੀ 'ਸਵੀਅਰ ਐਕਯੂਟ ਰੈਸਿਪੀਰੇਟਰੀ ਸਿੰਡਰੋਮ (ਸਾਰਸ)' ਦਾ ਕਾਰਨ ਮੰਨਿਆ ਜਾਂਦਾ ਹੈ।
ਵਿਗਿਆਨੀਆਂ ਨੇ ਇਸ ਨੂੰ 'ਸਵੀਅਰ ਐਕਯੂਟ ਰੈਸਿਪੀਰੇਟਰੀ ਸਿੰਡਰੋਮ ਕੋਰੋਨਾਵਾਇਰਸ 2' ਜਾਂ 'ਸਾਰਸ-ਸੀਓਵੀ-2' ਦਾ ਨਾਂ ਦਿੱਤਾ ਹੈ। ਕਿਉਂ ਕਿ ਇਹ 2019 ਵਿਚ ਸਾਹਮਣੇ ਆਇਆ ਹੈ, ਇਸ ਲਈ ਇਸਨੂੰ ਕੋਵਿਡ -2019 ਵੀ ਕਿਹਾ ਜਾਂਦਾ ਹੈ।

ਕੋਰੋਨਾਵਾਇਰਸ ਦੇ ਲੱਛਣ ਕੀ ਹਨ?
ਇੱਕ ਨਵੀਂ ਤੇ ਨਿਰੰਤਰ ਖੰਘ: ਜਦੋਂ ਤੁਸੀਂ ਇੱਕ ਘੰਟੇ ਤੋਂ ਵੱਧ ਸਮੇਂ ਲਈ ਬਹੁਤ ਜ਼ਿਆਦਾ ਖੰਘਦੇ ਹੋ, ਜਾਂ 24 ਘੰਟਿਆਂ ਵਿੱਚ ਤਿੰਨ ਜਾਂ ਵਧੇਰੇ ਵਾਰ ਲਗਾਤਾਰ ਖੰਘ ਆਉਂਦੀ ਹੈ।
ਬੁਖ਼ਾਰ - ਜਦੋਂ ਤੁਹਾਡਾ ਤਾਪਮਾਨ 37.8C ਤੋਂ ਉੱਪਰ ਹੈ
ਗੰਧ ਜਾਂ ਸੁਆਦ ਨੂੰ ਮਹਿਸੂਸ ਨਾ ਕਰ ਪਾਉਣਾ
ਫੇਫ਼ੜਿਆਂ ਨੂੰ ਇਨਫ਼ੈਕਸ਼ਨ -ਇਸ ਨਾਲ ਸਾਹ ਦੀ ਸਮੱਸਿਆ ਪੈਦਾ ਹੁੰਦੀ ਹੈ ਅਤੇ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ।
ਜੇ ਤੁਸੀਂ, ਜਾਂ ਕੋਈ ਜਿਸ ਨਾਲ ਤੁਸੀਂ ਰਹਿੰਦੇ ਹੋ, ਇਨ੍ਹਾਂ ਵਿਚ ਕੋਈ ਲੱਛਣ ਮਹਿਸੂਸ ਕਰਦੇ ਹੋ ਤਾਂ ਘਰ ਵਿਚ ਹੀ ਰਹਿਣਾ ਚਾਹੀਦਾ ਹੈ ਤਾਂ ਜੋ ਦੂਜਿਆਂ ਨੂੰ ਕੋਰੋਨਾਵਾਇਰਸ ਦੇਣ ਦੇ ਜੋਖ਼ਮ ਨੂੰ ਰੋਕਿਆ ਜਾ ਸਕੇ।
ਇਸ ਤੋਂ ਇਲਾਵਾ ਕੁਝ ਹੋਰ ਲੱਛਣ ਹਨ-
- ਠੰਢ ਲੱਗਣੀ
- ਕਾਂਬਾ ਛਿੜਣ ਨਾਲ ਹੱਥ ਪੈਰ ਕੰਬਣੇ
- ਮਾਸਪੇਸ਼ੀਆਂ ਵਿਚ ਦਰਦ ਹੋਣਾ
- ਸਿਰ ਦਰਦ
- ਗਲ਼ਾ ਪੱਕਣਾ
- ਸੁਆਦ ਤੇ ਸੁੰਘਣ ਸ਼ਕਤੀ ਦਾ ਘਟਣਾ
ਅਜਿਹੇ ਲੱਛਣ ਦਿਖਣੇ ਸ਼ੁਰੂ ਹੋਣ ਵਿਚ ਔਸਤਨ 5 ਦਿਨ ਲੱਗ ਜਾਂਦੇ ਹਨ, ਪਰ ਕੁਝ ਲੋਕਾਂ ਵਿਚ ਇਸ ਤੋਂ ਜ਼ਿਆਦਾ ਸਮਾਂ ਵੀ ਲੱਗਦਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੇ ਵਧਣ ਫੁਲਣ ਦਾ ਸਮਾਂ 14 ਦਿਨ ਹੁੰਦਾ ਹੈ।

ਕੋਰੋਨਾਵਾਇਰਸ ਦੀ ਉਤਪਤੀ ਕਿੱਥੇ ਹੋਈ?
ਮੰਨਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਦੀ ਉਤਪਤੀ ਜੰਗਲੀ ਜੀਵਾਂ ਵਿੱਚ ਹੋਈ ਅਤੇ ਪਿਛਲੇ ਦਸੰਬਰ ਵਿੱਚ ਵੂਹਾਨ, ਚੀਨ ਦੇ ਜੀਵਤ ਪਸ਼ੂਆਂ ਦੇ ਬਾਜ਼ਾਰ ਤੋਂ ਇਸਦੀ ਲਾਗ ਮਨੁੱਖ ਨੂੰ ਲੱਗੀ।
ਵਿਗਿਆਨੀ ਅਜੇ ਇਸ ਵਾਇਰਸ ਦੇ ਪਸ਼ੂ ਸਰੋਤ ਦੀ ਪਛਾਣ ‘ਤੇ ਲਗਾਤਾਰ ਕੰਮ ਕਰ ਰਹੇ ਹਨ, ਪਰ ਇਹ ਮੰਨਿਆ ਜਾਂਦਾ ਹੈ ਕਿ ਮੂਲ ਰੂਪ ਨਾਲ ਇਸ ਵਾਇਰਸ ਦਾ ਵਾਹਕ ਚਮਗਾਦੜ ਸਨ।












