ਡਰਾਈ ਆਈਸ ਕੀ ਹੁੰਦੀ ਹੈ, ਜਿਸ ਨੂੰ ਖਾਣ ਮਗਰੋਂ ਇੱਕ ਰੈਸਟੋਰੈਂਟ ’ਚ ਲੋਕਾਂ ਦੇ ਮੂੰਹ ’ਚੋਂ ਖ਼ੂਨ ਆਉਣ ਲੱਗਾ

ਡਰਾਈ ਆਈਸ

ਤਸਵੀਰ ਸਰੋਤ, Getty Images

    • ਲੇਖਕ, ਸੁਸ਼ੀਲਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਵਿੱਚ ਮਾਊਥ ਫ੍ਰੈਸ਼ਨਰ ਖਾਣ ਨਾਲ ਪੰਜ ਲੋਕਾਂ ਦੇ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਮਾਮਲੇ ’ਚ ਦਰਜ ਕੀਤੀ ਗਈ ਐਫਆਈਆਰ ’ਚ ਕਿਹਾ ਗਿਆ ਹੈ ਕਿ 2 ਮਾਰਚ ਦੀ ਸ਼ਾਮ ਨੂੰ ਗੁਰੂਗ੍ਰਾਮ ਦੇ ਇੱਕ ਨਿੱਜੀ ਰੈਸਟੋਰੈਂਟ ’ਚ 6 ਲੋਕ ਖਾਣਾ ਖਾਣ ਲਈ ਗਏ ਸਨ।

ਖਾਣਾ ਖਾਣ ਤੋਂ ਬਾਅਦ ਰੈਸਟੋਰੈਂਟ ਦੇ ਵੇਟਰ ਨੇ ਉਨ੍ਹਾਂ ਨੂੰ ਮਾਊਥ ਫ੍ਰੈਸ਼ਨਰ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਕਿ ਸਿਰਫ ਪੰਜ ਲੋਕਾਂ ਨੇ ਹੀ ਖਾਧਾ।

ਜਿਵੇਂ ਹੀ ਉਨ੍ਹਾਂ ਨੇ ਮਾਊਥ ਫ੍ਰੈਸ਼ਨਰ ਖਾਧਾ, ਉਨ੍ਹਾਂ ਪੰਜਾ ਜਾਣਿਆਂ ਦੇ ਮੂੰਹ ’ਚ ਜਲਣ ਹੋਣ ਲੱਗੀ ਅਤੇ ਨਾਲ ਹੀ ਖੂਨ ਵੀ ਆਉਣ ਲੱਗਾ।

ਐਫਆਈਆਰ ’ਚ ਲਿਖਿਆ ਗਿਆ ਹੈ ਕਿ ਛੇਵੇਂ ਵਿਅਕਤੀ ਨੇ ਮਾਊਥ ਫ੍ਰੈਸ਼ਨਰ ਇਸ ਲਈ ਨਹੀਂ ਖਾਧਾ ਕਿਉਂਕਿ ਉਨ੍ਹਾਂ ਦੀ ਗੋਦ ’ਚ ਬੱਚਾ ਸੀ ਅਤੇ ਜਦੋਂ ਉਨ੍ਹਾਂ ਨੇ ਜ਼ੋਰ ਦੇ ਕੇ ਵੇਟਰ ਤੋਂ ਪੁੱਛਿਆ ਕਿ ਉਸ ਨੇ ਸਾਰਿਆਂ ਨੂੰ ਕੀ ਖੁਆਇਆ ਹੈ ਤਾਂ ਉਸ ਨੇ ਇੱਕ ਲਿਫ਼ਾਫਾ (ਪੋਲੀਥੀਨ) ਵਿਖਾਇਆ।

ਇਨ੍ਹਾਂ ਲੋਕਾਂ ਨੇ ਇਸ ਲਿਫ਼ਾਫੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ 100 ਨੰਬਰ ’ਤੇ ਪੁਲਿਸ ਮਦਦ ਲਈ ਫੋਨ ਕੀਤਾ।

ਮਾਊਥ ਫ੍ਰੈਸ਼ਨਰ ਖਾ ਕੇ ਪੰਜ ਲੋਕਾਂ ਦੀ ਤਬੀਅਤ ਖਰਾਬ ਹੁੰਦੀ ਵੇਖ ਉਨ੍ਹਾਂ ਨੂੰ ਤੁਰੰਤ ਗੁਰੂਗ੍ਰਾਮ ਦੇ ਇੱਕ ਨਿੱਜੀ ਆਰਵੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਅਤੇ ਨਾਲ ਹੀ ਉਹ ਪੋਲੀਥੀਨ ਡਾਕਟਰ ਨੂੰ ਵਿਖਾਇਆ ਗਿਆ, ਜਿਸ ’ਚ ਮਾਊਥ ਫ੍ਰੈਸ਼ਨਰ ਦਿੱਤਾ ਗਿਆ ਸੀ।

ਐਫਆਈਆਰ ਦੇ ਅਨੁਸਾਰ ਹਸਪਤਾਲ ਦੇ ਡਾਕਟਰ ਨੇ ਉਸ ਪੋਲੀਥੀਨ ’ਚ ਮੌਜੁਦ ਚੀਜ਼ ਨੂੰ ਸੁੱਕੀ ਬਰਫ਼ ਦੱਸਿਆ ਹੈ ਅਤੇ ਇਨ੍ਹਾਂ ਲੋਕਾਂ ਨੇ ਉਹ ਪੋਲੀਥੀਨ ਹਸਪਤਾਲ ਨੂੰ ਸੌਂਪ ਦਿੱਤਾ ਹੈ।

ਬੀਬੀਸੀ ਨੇ ਇਸ ਮਾਮਲੇ ’ਚ ਪੀੜਤ ਅੰਕਿਤ ਨਾਲ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਅਜੇ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਅਤੇ ਨਾਲ ਹੀ ਕਿਹਾ ਕਿ ਮੀਡੀਆ ਇਸ ਮਾਮਲੇ ਸਬੰਧੀ ਸਾਰੀ ਜਾਣਕਾਰੀ ਮੌਜੂਦ ਹੈ।

ਇਸ ਮਾਮਲੇ ’ਚ ਪੁੱਛਗਿੱਛ ਜਾਰੀ ਹੈ। ਰੈਸਟੋਰੈਂਟ ਮਾਲਕ ਅਤੇ ਸਟਾਫ਼ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੈਨੇਜਰ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।

ਪੁਲਿਸ ਨੇ ਇਸ ਮਾਮਲੇ ’ਚ ਭਾਰਤੀ ਦੰਡਾਵਲੀ ਦੀ ਧਾਰਾ 328, 120 ਬੀ ਲਗਾਈ ਹੈ।

ਬੀਬੀਸੀ

ਵਕੀਲ ਸੋਨਾਲੀ ਕੜਵਾਸਰਾ ਇਨ੍ਹਾਂ ਧਾਰਾਵਾਂ ਬਾਰੇ ਦੱਸਦੇ ਹੋਏ ਕਹਿੰਦੇ ਹਨ, “ਆਈਪੀਸੀ ਦੀ ਧਾਰਾ 328- ਅਪਰਾਧ ਕਰਨ ਦੇ ਇਰਾਦੇ ਨਾਲ ਜ਼ਹਿਰ ਆਦਿ ਜ਼ਰੀਏ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਹੈ। ਜਦੋਂ ਕਿ ਧਾਰਾ 120ਬੀ ਕਿਸੇ ਅਪਰਾਧ ਦੀ ਅਪਰਾਧਿਕ ਸਾਜਿਸ਼ ਨਾਲ ਸਬੰਧਤ ਹੈ।”

ਉਹ ਅੱਗੇ ਕਹਿੰਦੇ ਹਨ, “ਗੁਰੂਗ੍ਰਾਮ ਦੇ ਇਸ ਮਾਮਲੇ ’ਚ ਲਾਪਰਵਾਹੀ ਨਜ਼ਰ ਆਉਂਦੀ ਹੈ, ਪਰ ‘ਇਰਾਦਾ’ ਸਥਾਪਤ ਕਰ ਪਾਉਣਾ ਮੁਸ਼ਕਲ ਹੋ ਸਕਦਾ ਹੈ। ਪੁਲਿਸ ਨੂੰ ਇਸ ਮਾਮਲੇ ਨਾਲ ਸਬੰਧਤ ਵਿਅਕਤੀਆਂ ਦੀ ਜਾਂਚ ਕਰਨੀ ਪਵੇਗੀ।”

ਡਰਾਈ ਆਈਸ ਹੁੰਦੀ ਕੀ ਹੈ?

ਡਰਾਈ ਆਈਸ

ਤਸਵੀਰ ਸਰੋਤ, Getty Images

ਦਿੱਲੀ ਸਥਿਤ ਸੀਕੇ ਬਿਰਲਾ ਹਸਪਤਾਲ ’ਚ ਇੰਟਰਨਲ ਮੈਡੀਸਨ ’ਚ ਡਾਇਰੈਕਟਰ ਡਾਕਟਰ ਰਾਜੀਵ ਗੁਪਤਾ ਦਾ ਕਹਿਣਾ ਹੈ ਕਿ ਡਰਾਈ ਆਈਸ ਜਾਂ ਸੁੱਕੀ ਬਰਫ਼, ਕਾਰਬਨ ਡਾਈਆਕਸਾਈਡ ਦਾ ਇੱਕ ਠੋਸ ਰੂਪ ਹੁੰਦਾ ਹੈ। ਇਸ ਨੂੰ ਘੱਟੋ-ਘੱਟ ਤਾਪਮਾਨ ਕਰੀਬ -78 ਡਿਗਰੀ ਸੈਲਸੀਅਸ ’ਤੇ ਰੱਖਿਆ ਜਾਂਦਾ ਹੈ।

ਇਸ ਦੀ ਵਰਤੋਂ ਚੀਜ਼ਾਂ ਨੂੰ ਫ੍ਰੀਜ਼ ਜਾਂ ਠੰਡਾ ਕਰਨ ਲਈ ਕੀਤੀ ਜਾਂਦੀ ਹੈ ਅਤੇ ਇਹ ਆਮ ਬਰਫ਼ ਦੀ ਤਰ੍ਹਾਂ ਗਿੱਲੀ ਨਹੀਂ ਹੁੰਦੀ ਹੈ।

ਡਰਾਈ ਆਈਸ

ਤਸਵੀਰ ਸਰੋਤ, GETTY IMAGES

ਡਾਕਟਰ ਰਾਜੀਵ ਗੁਪਤਾ ਕਹਿੰਦੇ ਹਨ, “ ਆਮ ਤੌਰ ’ਤੇ ਸੁੱਕੀ ਬਰਫ਼ ਸੁਰੱਖਿਅਤ ਹੁੰਦੀ ਹੈ, ਪਰ ਉਸ ਦਾ ਤਾਪਮਾਨ ਘੱਟ ਹੋਣ ਦੇ ਕਾਰਨ ਜੇਕਰ ਇਹ ਚਮੜੀ ਦੇ ਸੰਪਰਕ ’ਚ ਆਉਂਦੀ ਹੈ ਤਾਂ ਫ੍ਰੋਸਟਬਾਈਟ ਜਾਂ ਕੋਲਡ ਬਰਨ (ਠੰਡਕ ਦੇ ਕਾਰਨ ਚਮੜੀ ਦਾ ਜਲਣਾ) ਵਰਗੀਆਂ ਦਿੱਕਤਾਂ ਹੋ ਸਕਦੀਆਂ ਹਨ।”

ਅਨੈਸਥੀਸਿਓਲੋਜਿਸਟ, ਡਾਕਟਰ ਸਚਿਨ ਮਿੱਤਲ ਦੱਸਦੇ ਹਨ ਕਿ ਡਰਾਈ ਆਈਸ ਆਮ ਬਰਫ਼ ਦੀ ਤਰ੍ਹਾਂ ਹੀ ਚਿੱਟੇ ਰੰਗ ਦੀ ਹੁੰਦੀ ਹੈ, ਪਰ ਆਮ ਤੌਰ ’ਤੇ ਵਰਤੀ ਜਾਣ ਵਾਲੀ ਬਰਫ਼ (ਐੱਚ2ਓ) ਨੂੰ ਇੱਕ ਤਾਪਮਾਨ ’ਤੇ ਜਮਾ ਕੇ ਤਿਆਰ ਕੀਤਾ ਜਾਂਦਾ ਹੈ, ਪਰ ਸੁੱਕੀ ਬਰਫ਼ ਕਾਰਬਨ ਡਾਈਆਕਸਾਈਡ ਦਾ ਠੋਸ ਰੂਪ ਹੁੰਦੀ ਹੈ ਅਤੇ ਹਵਾ ਨਾਲ ਰਿਐਕਸ਼ਨ ਦੇ ਕਾਰਨ ਇਸ ’ਚੋਂ ਧੂੰਆਂ ਨਿਕਲਦਾ ਹੈ।

ਮੈਕਸ ਹਸਪਤਾਲ ’ਚ ਇੰਟਰਨਲ ਮੈਡੀਸਨ ’ਚ ਮੈਡੀਕਲ ਸਲਾਹਕਾਰ ਡਾਕਟਰ ਆਸ਼ੂਤੋਸ਼ ਸ਼ੁਕਲਾ ਦਾ ਕਹਿਣਾ ਹੈ, “ ਜਦੋਂ ਆਮ ਬਰਫ਼ ਪਿਘਲਦੀ ਹੈ ਤਾਂ ਉਹ ਮੁੜ ਪਾਣੀ ਬਣ ਜਾਂਦੀ ਹੈ ਅਤੇ ਪਾਣੀ ਨੂੰ ਅੱਗ ਦਾ ਸੇਕ ਦੇਣ ’ਤੇ ਉਸ ’ਚੋਂ ਭਾਫ਼ ਨਿਕਲਦੀ ਹੈ। ਪਰ ਦੂਜੇ ਪਾਸੇ ਸੁੱਕੀ ਬਰਫ਼ ਜਦੋਂ ਪਿਘਲਦੀ ਹੈ ਤਾਂ ਉਹ ਪਾਣੀ ਬਣਨ ਦੀ ਬਜਾਏ ਸਿੱਧੀ ਗੈਸ ’ਚ ਤਬਦੀਲ ਹੋ ਜਾਂਦੀ ਹੈ। ਜੇਕਰ ਕਿਸੇ ਬੰਦ ਥਾਂ ’ਤੇ ਇਹ ਜ਼ਿਆਦਾ ਮਾਤਰਾ ’ਚ ਰਹਿ ਜਾਵੇ ਤਾਂ ਨੁਕਸਾਨਦੇਹ ਸਾਬਤ ਹੋ ਸਕਦੀ ਹੈ।”

ਰੈਸਟੋਰੈਂਟ ’ਚ ਸੁੱਕੀ ਬਰਫ਼ ਲੈਣ ਤੋਂ ਬਾਅਦ ਕੀ ਵਾਪਰਿਆ?

ਡਰਾਈ ਆਈਸ

ਤਸਵੀਰ ਸਰੋਤ, GETTY IMAGES

ਡਾਕਟਰ ਆਸ਼ੂਤੋਸ਼ ਸ਼ੁਕਲਾ ਦਾ ਕਹਿਣਾ ਹੈ ਕਿ ਜਦੋਂ ਇਨ੍ਹਾਂ ਪੰਜਾਂ ਜਾਣਿਆਂ ਨੇ ਸੁੱਕੀ ਬਰਫ਼ ਦੇ ਟੁੱਕੜੇ ਖਾਧੇ ਤਾਂ ਠੰਡ ਦੇ ਕਾਰਨ ਉਨ੍ਹਾਂ ਦੇ ਮੂੰਹ ’ਚ ਅਲਸਰ ਹੋ ਗਏ ਅਤੇ ਉਸ ’ਚੋਂ ਖੂਨ ਆਉਣਾ ਸ਼ੁਰੂ ਹੋ ਗਿਆ।

ਡਾਕਟਰਾਂ ਦਾ ਕਹਿਣਾ ਹੈ ਕਿ ਡਰਾਈ ਆਈਸ ਨੂੰ ਬਿਨ੍ਹਾਂ ਦਸਤਾਨੇ ਪਹਿਨੇ ਨਹੀਂ ਵਰਤਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਚਮੜੀ ਜਲ ਸਕਦੀ ਹੈ।

ਡਾਕਟਰ ਸਚਿਨ ਮਿੱਤਲ ਸਮਝਾਉਂਦੇ ਹੋਏ ਦੱਸਦੇ ਹਨ, “ਸੁੱਕੀ ਬਰਫ਼ ਬਹੁਤ ਠੰਡੀ ਹੁੰਦੀ ਹੈ ਅਤੇ ਇਸੇ ਕਰਕੇ ਜਿਵੇਂ ਹੀ ਇਹ ਢਿੱਡ ’ਚ ਜਾਂਦੀ ਹੈ ਤਾਂ ਉੱਥੇ ਛੇਕ ਕਰ ਦਿੰਦੀ ਹੈ, ਜੋ ਕਿ ਜਾਨਲੇਵਾ ਵੀ ਹੋ ਸਕਦਾ ਹੈ। ਜੇਕਰ ਇਸ ਦੀ ਗੈਸ ਫੈਫੜਿਆਂ ’ਚ ਚਲੀ ਜਾਂਦੀ ਹੈ ਤਾਂ ਇਸ ਸੂਰਤ ’ਚ ਵਿਅਕਤੀ ਬੇਹੋਸ਼ ਹੋ ਸਕਦਾ ਹੈ।”

ਡਾਕਟਰ ਮਿੱਤਲ ਅੱਗੇ ਦੱਸਦੇ ਹਨ ਕਿ ਸੁੱਕੀ ਬਰਫ਼ ਦੀ ਕਿੰਨੀ ਮਾਤਰਾ ਘਾਤਕ ਹੋ ਸਕਦੀ ਹੈ, ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ, ਪਰ ਜੇਕਰ ਉਦਾਹਰਣ ਜ਼ਰੀਏ ਸਮਝਿਆ ਜਾਵੇ ਤਾਂ ਜੇਕਰ ਇੱਕ ਬੱਚਾ 30 ਗ੍ਰਾਮ ਦਾ ਟੁੱਕੜਾ ਖਾ ਲੈਂਦਾ ਹੈ ਤਾਂ ਉਹ ਨੁਕਸਾਨ ਪਹੁੰਚਾ ਸਕਦਾ ਹੈ, ਕਿਉਂਕਿ ਸਰੀਰ ’ਚ ਜਿੱਥੇ ਵੀ ਉਹ ਜਾਂਦਾ ਹੈ ਉਹ ਚਮੜੀ ਨੂੰ ਚੀਰ ਦਿੰਦਾ ਹੈ।

ਡਰਾਈ ਆਈਸ ਦੀ ਵਰਤੋਂ ਕਿਸ ਲਈ ਹੁੰਦੀ ਹੈ?

ਡਰਾਈ ਆਈਸ

ਤਸਵੀਰ ਸਰੋਤ, Getty Images

ਡਾਕਟਰ ਸਚਿਨ ਮਿੱਤਲ ਅੱਗੇ ਦੱਸਦੇ ਹਨ ਕਿ ਅੱਜ ਕੱਲ੍ਹ ਸੁੱਕੀ ਬਰਫ਼ ਦਾ ਰੁਝਾਨ ਬਹੁਤ ਵੱਧ ਗਿਆ ਹੈ।

ਰੈਸਟੋਰੈਂਟ ’ਚ ਜਿੱਥੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਆਕਰਸ਼ਕ ਦਿਖਾਉਣ ਦੇ ਲਈ ਧੂੰਆਂ ਵਿਖਾ ਕੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਉੱਥੇ ਹੀ ਵਿਆਹਾਂ ਜਾਂ ਸਮਾਗਮਾਂ ’ਚ ਲਾੜਾ ਜਾਂ ਲਾੜੀ ਦੀ ਐਂਟਰੀ ਮੌਕੇ ਫੌਗ ਦੇ ਜ਼ਰੀਏ ਇੱਕ ਵਿਸ਼ੇਸ਼ ਇਫੈਕਟ ਤਿਆਰ ਕੀਤਾ ਜਾਂਦਾ ਹੈ।

ਪਰ ਜੇਕਰ ਕਿਸੇ ਬੰਦ ਕਮਰੇ ’ਚ ਸੁੱਕੀ ਬਰਫ਼ ਦੀ ਵਰਤੋਂ ਹੁੰਦੀ ਹੈ ਤਾਂ ਇਸ ਨਾਲ ਸਰੀਰ ’ਚ ਆਕਸੀਜਨ ਦੀ ਕਮੀ ਹੋ ਸਕਦੀ ਹੈ, ਕਾਰਬਨ ਡਾਇਆਕਸਾਈਡ ਦਾ ਪੱਧਰ ਵੱਧ ਸਕਦਾ ਹੈ ਅਤੇ ਬੇਹੋਸ਼ੀ ਦੀ ਸਥਿਤੀ ਬਣ ਸਕਦੀ ਹੈ।

ਸੁੱਕੀ ਬਰਫ਼ ਦੀ ਵਰਤੋਂ ਲੰਮੇ ਸਮੇਂ ਤੱਕ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਕੀਤੀ ਜਾਂਦੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਸੁੱਕੀ ਬਰਫ਼ ਦੀ ਵਰਤੋਂ ਉਦਯੋਗਿਕ ਜ਼ਰੂਰਤਾਂ ਦੇ ਲਈ ਵੀ ਹੁੰਦੀ ਸੀ , ਕਿਉਂਕਿ ਇਹ ਇੱਕ ਬਿਹਤਰੀਨ ਕੂਲਿੰਗ ਏਜੰਟ ਹੁੰਦਾ ਹੈ।

ਇਸ ਦੀ ਵਰਤੋਂ ਖਾਣ-ਪੀਣ ਦੀਆਂ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਕੀਤੀ ਜਾਣ ਲੱਗੀ, ਕਿਉਂਕਿ ਇਸ ਨਾਲ ਤਾਪਮਾਨ -30 ਡਿਗਰੀ ਸੈਂਟੀਗਰੇਡ ਤੱਕ ਲਿਜਾਇਆ ਜਾ ਸਕਦਾ ਹੈ।

ਡਰਾਈ ਆਈਸ

ਤਰਲ ਨਾਈਟ੍ਰੋਜਨ ਅਤੇ ਡਰਾਈ ਆਈਸ

ਸਾਲ 2017 ’ਚ ਇਹ ਖ਼ਬਰ ਆਈ ਸੀ ਕਿ ਦਿੱਲੀ ’ਚ ਇੱਕ ਵਿਅਕਤੀ ਨੇ ਬਾਰ ’ਚ ਗਲਤੀ ਨਾਲ ਇੱਕ ਅਜਿਹਾ ਡ੍ਰਿੰਕ ਪੀ ਲਿਆ ਸੀ ਜਿਸ ’ਚ ਤਰਲ ਨਾਈਟ੍ਰੋਜਨ ਸੀ।

ਦਰਅਸਲ ਇਸ ਵਿਅਕਤੀ ਨੇ ਆਪਣੇ ਡ੍ਰਿੰਕ ’ਚੋਂ ਨਿਕਲਣ ਵਾਲੇ ਧੂੰਏਂ ਨੂੰ ਹਟਾ ਕੇ ਇਸ ਨੂੰ ਪੀਣਾ ਸੀ, ਪਰ ਉਹ ਉਸ ਨੂੰ ਇਸ ਤਰ੍ਹਾਂ ਹੀ ਪੀ ਗਏ, ਜਿਸ ਦੇ ਕਾਰਨ ਉਨ੍ਹਾਂ ਨੂੰ ਦਰਦ, ਢਿੱਡ ’ਚ ਸੋਜ ਅਤੇ ਸਾਹ ਲੈਣ ’ਚ ਤਕਲੀਫ਼ ਹੋਣ ਲੱਗੀ ਸੀ।

ਇਸ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਸਰਜਰੀ ਹੋਈ। ਜਿਸ ’ਚ ਪਾਇਆ ਗਿਆ ਕਿ ਉਨ੍ਹਾਂ ਦੇ ਢਿੱਡ ’ਚ ਇੱਕ ਵੱਡਾ ਛੇਕ ਹੋ ਗਿਆ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੇ ਡ੍ਰਿੰਕ ਜਾਂ ਭੋਜਨ ’ਚ ਇਫੈਕਟਸ ਦੇ ਕੇ ਉਨ੍ਹਾਂ ਨੂੰ ਆਕਰਸ਼ਕ ਬਣਾਇਆ ਜਾਂਦਾ ਹੈ ਅਤੇ ਉਸ ਨੂੰ ਵੀ ਕੂਲਿੰਗ ਦੇ ਲਈ ਕੀਤਾ ਜਾਂਦਾ ਹੈ।

ਬੀਬੀਸੀ

ਡਾਕਟਰ ਸਚਿਨ ਮਿੱਤਲ ਕਹਿੰਦੇ ਹਨ ਕਿ ਹਾਲਾਂਕਿ ਨਾਈਟ੍ਰੋਜਨ ਇੰਨ੍ਹੀ ਖਤਰਨਾਕ ਨਹੀਂ ਹੁੰਦੀ ਹੈ ਜਿੰਨ੍ਹੀ ਕਿ ਸੁੱਕੀ ਬਰਫ਼ ਹੁੰਦੀ ਹੈ, ਕਿਉਂਕਿ ਉਹ ਸਰੀਰ ’ਚ ਜਲਦੀ ਜਜ਼ਬ ਹੋ ਜਾਂਦੀ ਹੈ, ਪਰ ਜੇਕਰ ਇਸ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਇਹ ਨੁਕਸਾਨਦੇਹ ਹੋ ਸਕਦੀ ਹੈ।

ਸੋਨਾਲੀ ਕੜਵਾਸਰਾ ਦਾ ਕਹਿਣਾ ਹੈ ਕਿ ਇਹ ਘਟਨਾ ਸੰਭਾਵੀ ਖਤਰਨਾਕ ਉਤਪਾਦਾਂ ਦੇ ਬਾਰੇ ’ਚ ਖਪਤਕਾਰਾਂ ਨੂੰ ਜਾਗਰੂਕ ਕਰਨ ਦੇ ਮਹੱਤਵ ਨੂੰ ਦਰਸਾਉਂਦੀ ਹੈ, ਜਿਸ ਦਾ ਨੋਟਿਸ ਖਪਤਾਕਰ ਅਦਾਲਤ ਵੱਲੋਂ ਲਿਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਸੁੱਕੀ ਬਰਫ਼ ਜਾਂ ਤਰਲ ਨਾਈਟ੍ਰੋਜਨ ਦੀ ਵਰਤੋਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਆਕਰਸ਼ਕ ਅਤੇ ਲੁਭਾਉਣ ਦੇ ਲਈ ਕੀਤੀ ਜਾਂਦੀ ਹੈ, ਪਰ ਖਾਣ-ਪੀਣ ਵਾਲੀਆਂ ਚੀਜ਼ਾਂ ’ਚ ਇਨ੍ਹਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)