'ਮੇਰੇ ਸਰੀਰ ਨੂੰ ਕਰੰਟ ਲਾ ਕੇ ਸਾੜਿਆ ਗਿਆ ਤੇ 2 ਕੁੜੀਆਂ ਨਾਲ ਮੇਰੀਆਂ ਅੱਖਾਂ ਸਾਹਮਣੇ 17 ਜਣਿਆਂ ਨੇ ਬਲਾਤਕਾਰ ਕੀਤਾ'

ਨੀਲ

ਤਸਵੀਰ ਸਰੋਤ, NOPPORN WICHACHAT

ਤਸਵੀਰ ਕੈਪਸ਼ਨ, ਨੀਲ ਥਾਈ ਅਧਿਕਾਰੀਆਂ ਦੀ ਮਦਦ ਨਾਲ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਭਾਰਤ ਵਾਪਸ ਆ ਗਿਆ
    • ਲੇਖਕ, ਸੁਨੇਥ ਪਰੇਰਾ ਅਤੇ ਈਸਾਰੀਆ ਪ੍ਰੈਥੋਂਗਯੇਮ
    • ਰੋਲ, ਬੀਬੀਸੀ ਪੱਤਰਕਾਰ

(ਚਿਤਾਵਨੀ: ਇਸ ਰਿਪੋਰਟ ਵਿੱਚ ਜਿਨਸੀ ਹਿੰਸਾ ਸਮੇਤ ਪ੍ਰੇਸ਼ਾਨੀਜਨਕ ਦ੍ਰਿਸ਼ਾਂ ਦਾ ਵਰਨਣ ਹੈ, ਜੋ ਕੁਝ ਪਾਠਕਾਂ ਨੂੰ ਪ੍ਰੇਸ਼ਾਨ ਕਰਨ ਵਾਲਾ ਲੱਗ ਸਕਦਾ ਹੈ। ਇੱਕ ਪ੍ਰਤੀਭਾਗੀ ਰਵੀ ਦੀ ਪਛਾਣ ਸੁਰੱਖਿਆ ਕਾਰਨਾਂ ਕਰਕੇ ਗੁਪਤ ਰੱਖੀ ਗਈ ਹੈ।)

ਰਵੀ ਆਪਣੇ ਅਤੇ ਆਪਣੀ ਹਮਸਫ਼ਰ ਲਈ ਬਿਹਤਰ ਜ਼ਿੰਦਗੀ ਦਾ ਸੁਪਨਾ ਲੈ ਕੇ ਥਾਈਲੈਂਡ ਗਿਆ ਸੀ।

ਇਸ ਦੀ ਬਜਾਇ ਇਹ 24 ਸਾਲਾ ਦਾ ਸ਼੍ਰੀਲੰਕਾ ਵਾਸੀ ਮਿਆਂਮਾਰ ਦੇ ਜੰਗਲ ਵਿੱਚ ਫਸ ਗਿਆ ਅਤੇ ਉਥੋਂ ਉਹ ਸਾਈਬਰ ਧੋਖਾਧੜੀ ਨਾਲ ਜੁੜੇ ਗਰੋਹਾਂ ਦਾ ਸ਼ਿਕਾਰ ਹੋ ਗਏ।

ਜਿੱਥੇ ਉਨ੍ਹਾਂ ਨੂੰ ਇੱਕਲੇ ਰਹਿਣ ਵਾਲੇ ਅਮੀਰ ਲੋਕਾਂ ਨੂੰ ਰੁਮਾਂਸ ਦੇ ਨਾਂ ਉੱਤੇ ਆਪਣਾ ਸ਼ਿਕਾਰ ਬਣਾਉਣ ਲਈ ਕਿਹਾ ਗਿਆ, ਜਿਸ ਤੋਂ ਇਨਕਾਰ ਕਰਨ ਉੱਤੇ ਰਵੀ ਨੂੰ ਤਸੀਹਿਆਂ ਦਾ ਸ਼ਿਕਾਰ ਹੋਣਾ ਪਿਆ।

ਉਹ ਕਹਿੰਦੇ ਹਨ, ‘‘ਉਨ੍ਹਾਂ ਨੇ ਮੇਰੇ ਕੱਪੜੇ ਲਾਹ ਦਿੱਤੇ। ਮੈਨੂੰ ਕੁਰਸੀ ’ਤੇ ਬਿਠਾਇਆ ਅਤੇ ਮੇਰੀ ਲੱਤ ਨੂੰ ਬਿਜਲੀ ਦੇ ਝਟਕੇ ਦਿੱਤੇ। ਮੈਨੂੰ ਲੱਗ ਰਿਹਾ ਸੀ ਕਿ ਇਹ ਮੇਰੀ ਜ਼ਿੰਦਗੀ ਦਾ ਅੰਤ ਹੈ।’’

ਰਵੀ ਨੇ ਅੱਗੇ ਦੱਸਿਆ, ‘‘ਉਨ੍ਹਾਂ ਦੀ ਗੱਲ ਨਾ ਮੰਨਣ ਉੱਤੇ ਮੈਨੂੰ 16 ਦਿਨ ਇੱਕ ਕੋਠੜੀ ਵਿੱਚ ਬਿਤਾਉਣੇ ਪਏ। ਉਨ੍ਹਾਂ ਨੇ ਮੈਨੂੰ ਪੀਣ ਲਈ ਪਾਣੀ ਦਿੱਤਾ, ਜਿਸ ਵਿੱਚ ਸਿਗਰੇਟ ਦੇ ਟੁਕੜੇ ਅਤੇ ਸੁਆਹ ਮਿਲਾਈ ਹੋਈ ਸੀ।’’

ਪਰ ਉਨ੍ਹਾਂ ਨਾਲ ਜੋ ਵਾਪਰਿਆ ਇਹ ਸਭ ਤੋਂ ਭੈੜਾ ਨਹੀਂ ਸੀ।

ਰਵੀ ਦੱਸਦੇ ਹਨ ਕਿ ਪੰਜ-ਛੇ ਦਿਨਾਂ ਬਾਅਦ ਦੋ ਕੁੜੀਆਂ ਨੂੰ ਉੱਥੇ ਲਿਆਂਦਾ ਗਿਆ ਅਤੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹੀ ਕੁੜੀਆਂ ਨਾਲ 17 ਲੋਕਾਂ ਨੇ ਬਲਾਤਕਾਰ ਕੀਤਾ।

“ਉਨ੍ਹਾਂ ਵਿੱਚੋਂ ਇੱਕ ਕੁੜੀ ਫ਼ਿਲੀਪੀਨਜ਼ ਤੋਂ ਸੀ ਪਰ ਬਾਕੀਆਂ ਬਾਰੇ ਮੈਨੂੰ ਨਹੀਂ ਪਤਾ।”

‘‘ਇਹ ਸਭ ਦੇਖਣ ਤੋਂ ਬਾਅਦ ਮੈਂ ਡਰ ਗਿਆ ਅਤੇ ਸੋਚਣ ਲੱਗਿਆ ਕੇ ਮੇਰੇ ਨਾਲ ਕੀ ਹੋਵੇਗਾ? ਮੈਨੂੰ ਸ਼ੱਕ ਹੋਣ ਲੱਗਿਆ ਕਿ ਇਹ ਮੈਨੂੰ ਆ ਕਿ ਉਹ ਮੈਨੂੰ ਜਿਉਂਦਾ ਨਹੀਂ ਰਹਿਣ ਦੇਣਗੇ।’’

ਤਸ਼ੱਦਦ
ਤਸਵੀਰ ਕੈਪਸ਼ਨ, ਰਵੀ ਨੂੰ 16 ਦਿਨ੍ਹਾਂ ਤੱਕ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ

ਅਜਿਹੀ ਮਨੁੱਖੀ ਤਸਕਰੀ ਦੇ ਸ਼ਿਕਾਰ

ਅਗਸਤ 2023 ਵਿੱਚ ਸੰਯੁਕਤ ਰਾਸ਼ਟਰ ਨੇ ਅੰਦਾਜ਼ਾ ਲਗਾਇਆ ਸੀ ਕਿ ਇੱਕ ਲੱਖ ਵੀਹ ਹਜ਼ਾਰ ਤੋਂ ਵੱਧ ਲੋਕ, ਜਿਨ੍ਹਾਂ ਵਿੱਚ ਜ਼ਿਆਦਾਤਰ ਏਸ਼ੀਆ ਦੇ ਪੁਰਸ਼ ਸਨ, ਨੂੰ ਮਿਆਂਮਾਰ ਵਿੱਚ ਸਾਈਬਰ ਸਕੈਮ ਸੈਂਟਰਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ। ਰਵੀ ਵੀ ਇੱਕ ਅਜਿਹੇ ਹੀ ਸੈਂਟਰ ਵਿੱਚ ਸੀ।

ਇਨ੍ਹਾਂ ਕੇਂਦਰਾਂ ਨੂੰ ਦੁਨੀਆਂ ਭਰ ਦੇ ਪਰਵਾਸੀ ਵਰਕਰ ਬਣਨ ਦੇ ਚਾਹਵਾਨ ਲੋਕਾਂ ਦੀ ਮਦਦ ਨਾਲ ਚਲਾਇਆ ਜਾਂਦਾ ਹੈ ਤੇ ਇਸ ਮਦਦ ਲਈ ਉਨ੍ਹਾਂ ਨੂੰ ਮਜ਼ਬੂਰ ਕੀਤਾ ਜਾਂਦਾ ਹੈ।

ਸ਼੍ਰੀਲੰਕਾ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਘੱਟੋ-ਘੱਟ 56 ਨਾਗਰਿਕ, ਮਿਆਂਮਾਰ ਵਿੱਚ ਅਜਿਹੀਆ ਚਾਰ ਅਲੱਗ ਅਲੱਗ ਸਥਾਨਾਂ ’ਤੇ ਫਸੇ ਹੋਏ ਹਨ।

ਹਾਲਾਂਕਿ ਮਿਆਂਮਾਰ ਵਿੱਚ ਸ਼੍ਰੀਲੰਕਾ ਦੇ ਰਾਜਦੂਤ ਜਨਕ ਬੰਡਾਰਾ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਵਿੱਚੋਂ ਅੱਠ ਨੂੰ ਹਾਲ ਹੀ ਵਿੱਚ ਮਿਆਂਮਾਰ ਦੇ ਅਧਿਕਾਰੀਆਂ ਦੀ ਮਦਦ ਨਾਲ ਬਚਾ ਲਿਆ ਗਿਆ ਸੀ।

ਰਵੀ ਨੂੰ ਵੀ 3 ਲੱਖ 70 ਹਜ਼ਾਰ ਰੁਪਏ (1,200 ਡਾਲਰ) ਦੀ ਮੁੱਢਲੀ ਤਨਖ਼ਾਹ ਨਾਲ ਡਾਟਾ ਐਂਟਰੀ ਦੀ ਨੌਕਰੀ ਦੇਣ ਦਾ ਵਾਅਦਾ ਕਰਕੇ ਲੁਭਾਇਆ ਗਿਆ ਸੀ।

ਰਵੀ ਨੂੰ ਇਹ ਇੱਕ ਬਹਿਤਰ ਮੌਕਾ ਲੱਗਿਆ ਅਤੇ ਇਸ ਕੰਪਿਊਟਰ ਸਪੈਸ਼ਲਿਸਟ ਨੇ ਮੌਕੇ ਦਾ ਫਾਇਦਾ ਉਠਾਉਣ ਦਾ ਸੋਚਿਆ। ਇਹ ਇੰਨੇ ਪੈਸੇ ਸਨ ਜਿਨ੍ਹਾਂ ਨੂੰ ਕਮਾਉਣ ਬਾਰੇ ਉਹ ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਵਿੱਚ ਸੁਪਨਾ ਵੀ ਨਹੀਂ ਦੇਖ ਸਕਦੇ ਸਨ।

ਪਰ ਇਸ ਨੌਕਰੀ ਲਈ ਰਵੀ ਨੂੰ ਭਰਤੀ ਕਰਨ ਵਾਲਿਆਂ ਨੂੰ ਕੁਝ ਪੈਸੇ ਦੇਣੇ ਪੈਣੇ ਸਨ। ਜਿਸ ਲਈ ਉਨ੍ਹਾਂ ਨੇ ਢਾਈ ਲੱਖ ਰੁਪਏ (815 ਡਾਲਰ) ਦਾ ਕਰਜ਼ਾ ਲਿਆ।

ਰਵੀ 2023 ਦੀ ਸ਼ੁਰੂਆਤ ਵਿੱਚ ਬੈਂਕਾਕ ਪਹੁੰਚੇ, ਪਰ ਉਥੋਂ ਉਨ੍ਹਾਂ ਨੂੰ ਤੁਰੰਤ ਪੱਛਮੀ ਥਾਈਲੈਂਡ ਦੇ ਇੱਕ ਸ਼ਹਿਰ ਮਾਏ ਸੋਟ ਭੇਜ ਦਿੱਤਾ ਗਿਆ।

ਰਵੀ ਨੇ ਦੱਸਿਆ, ‘‘ਸਾਨੂੰ ਇੱਕ ਹੋਟਲ ਵਿੱਚ ਲਿਜਾਇਆ ਗਿਆ, ਪਰ ਜਲਦੀ ਹੀ ਸਾਨੂੰ ਦੋ ਬੰਦੂਕਧਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਉਹ ਸਾਨੂੰ ਇੱਕ ਨਦੀ ਪਾਰ ਕਰਵਾਕੇ ਮਿਆਂਮਾਰ ਲੈ ਗਏ।’’

ਮਿਆਂਮਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਆਂਮਾਰ ਵਿੱਚ ਚੀਨ ਦੇ ਕੁਝ ਗੈਂਗਸਟਰਾਂ ਵਲੋਂ ਸਾਈਬਰ ਸੈਂਟਰ ਚਲਾਏ ਜਾਂਦੇ ਹਨ
ਲੌਕਾਇੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਰਮਾਂ ਦਾ ਇੱਕ ਸਰਹੱਦੀ ਕਸਬਾ ਲੌਕਾਇੰਗ, ਜੂਏ, ਨਸ਼ਿਆਂ ਅਤੇ ਸਕੈਮ ਸੈਂਟਰਾਂ ਦੇ ਕੇਂਦਰਾਂ ਵਜੋਂ ਉੱਭਰਿਆ ਹੈ।

ਥਾਈਲੈਂਡ ਤੋਂ ਮਿਆਂਮਾਰ

ਇਹ ਗਰੁੱਪ ਮਾਇਆਵਾਡੀ ਸ਼ਹਿਰ ਵਿੱਚ ਜਾ ਕੇ ਰੁਕ ਗਿਆ। ਮਾਇਆਵਾਡੀ ਉਹ ਸ਼ਹਿਰ ਹੈ ਜੋ ਫੌਜੀ ਸ਼ਾਸਨ ਦੇ ਵਿਚਕਾਰ ਹਾਲ ਹੀ ਵਿੱਚ ਲੜਾਈ ਦੇ ਕੇਂਦਰ ਵਿੱਚ ਹੈ, ਜਿੱਥੇ ਫੌਜ ਨੇ ਤਿੰਨ ਸਾਲ ਪਹਿਲਾਂ ਸੱਤਾ 'ਤੇ ਕਬਜ਼ਾ ਕਰ ਲਿਆ ਸੀ, ਅਤੇ ਲੋਕਾਂ ਨੇ ਇੱਥੇ ਤਖ਼ਤਾਪਲਟ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਦਾ ਵਿਰੋਧ ਕੀਤਾ ਸੀ।

ਉੱਥੋਂ, ਉਨ੍ਹਾਂ ਨੂੰ ਚੀਨੀ ਭਾਸ਼ਾ ਬੋਲਣ ਵਾਲੇ ਗੈਂਗਸਟਰਾਂ ਵਲੋਂ ਚਲਾਏ ਜਾ ਰਹੇ ਇੱਕ ਕੈਂਪ ਵਿੱਚ ਲਿਜਾਇਆ ਗਿਆ ਜਿਸਦੀਆਂ ਕੰਧਾਂ ਉੱਚੀਆਂ ਸਨ ਅਤੇ ਕੰਡਿਆਲੀਆਂ ਤਾਰਾਂ ਨਾਲ ਘਿਰੀਆਂ ਹੋਈਆਂ ਸਨ। ਇੱਥੇ ਹਥਿਆਰਬੰਦ ਗਾਰਡ ਚੌਵੀ ਘੰਟੇ ਪ੍ਰਵੇਸ਼ ਦੁਆਰ ਦੀ ਸੁਰੱਖਿਆ ਕਰਦੇ ਸਨ।

ਉਨ੍ਹਾਂ ਨੇ ਦੱਸਿਆ, ‘‘ਅਸੀਂ ਡਰੇ ਹੋਏ ਸੀ। ਕੈਂਪ ਵਿੱਚ ਸ਼੍ਰੀਲੰਕਾ, ਪਾਕਿਸਤਾਨ, ਭਾਰਤ, ਬੰਗਲਾਦੇਸ਼ ਅਤੇ ਅਫ਼ਰੀਕੀ ਦੇਸ਼ਾਂ ਦੇ ਲੋਕਾਂ ਸਮੇਤ ਲਗਭਗ 40 ਨੌਜਵਾਨ ਮਰਦਾਂ ਅਤੇ ਔਰਤਾਂ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲਿਆ ਗਿਆ ਸੀ।’’

ਜਦੋਂ ਕਿ ਅਜਿਹੇ ਸਕੈਮ ਕੇਂਦਰ ਪੂਰੇ ਦੱਖਣ ਪੂਰਬੀ ਏਸ਼ੀਆ ਵਿੱਚ ਸਾਹਮਣੇ ਆਏ ਹਨ, ਉਹ ਖ਼ਾਸ ਤੌਰ 'ਤੇ ਮਿਆਂਮਾਰ ਵਿੱਚ ਪ੍ਰਚੱਲਿਤ ਹਨ, ਜਿੱਥੇ ਉਨ੍ਹਾਂ ਨੇ ਚੀਨੀ ਅੰਡਰਵਰਲਡ ਅਪਰਾਧ ਸਿੰਡੀਕੇਟਾਂ ਅਤੇ ਸਰਹੱਦੀ ਕਸਬਿਆਂ ਵਿੱਚ ਸਰਗਰਮ ਵੱਖ-ਵੱਖ ਹਥਿਆਰਬੰਦ ਸਮੂਹਾਂ ਲਈ ਅਰਬਾਂ ਡਾਲਰ ਕਮਾਏ ਹਨ।

ਇਸ ਵਿਸ਼ੇਸ਼ ਸਕੈਮ ਸੈਂਟਰ ਵਿੱਚ ਕਥਿਤ ਰੁਮਾਂਸ ਸਕੈਮ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ-

ਪੀੜਤਾਂ ਨੂੰ ਅਜਿਹੇ ਸਕੈਮ ਨਾਲ ਕਿੰਨੇ ਪੈਸਿਆਂ ਦਾ ਨੁਕਸਾਨ ਹੁੰਦਾ ਹੈ, ਇਸ ਬਾਰੇ ਕਹਿਣਾ ਮੁਸ਼ਕਿਲ ਹੈ, ਪਰ ਐੱਫਬੀਆਈ ਦੀ 2023 ਦੀ ਇੰਟਰਨੈੱਟ ਕ੍ਰਾਈਮ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਅਮਰੀਕਾ ਵਿੱਚ ਅਜਿਹੇ ਰੁਮਾਂਸ ਸਕੈਮ ਦੀਆਂ 17,000 ਤੋਂ ਵੱਧ ਸ਼ਿਕਾਇਤਾਂ ਆਈਆਂ ਸਨ, ਜਿਸ ਵਿੱਚ ਕੁੱਲ 65.2 ਕਰੋੜ ਡਾਲਰ ਦਾ ਨੁਕਸਾਨ ਹੋਇਆ ਸੀ।

ਰਵੀ ਮੁਤਾਬਕ, ਉਨ੍ਹਾਂ ਨੂੰ ਦਿਨ ਵਿੱਚ 22 ਘੰਟੇ ਤੱਕ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਹਰ ਮਹੀਨੇ ਸਿਰਫ਼ ਇੱਕ ਦਿਨ ਦੀ ਛੁੱਟੀ ਮਿਲਦੀ ਸੀ। ਉਥੇ ਰਹਿਣ ਵਾਲੇ ਬਾਕੀ ਲੋਕਾਂ ਨਾਲ ਵੀ ਅਜਿਹੀ ਹੀ ਸਲੂਕ ਹੁੰਦਾ ਸੀ।

ਸਕੈਮ ਕੰਮ ਕਿਵੇਂ ਕਰਦੇ ਹਨ

ਰਵੀ ਨੂੰ ਚੋਰੀ ਦੇ ਫੋਨ ਨੰਬਰਾਂ, ਸੋਸ਼ਲ ਮੀਡੀਆ ਅਤੇ ਮੈਸੇਜਿੰਗ ਪਲੈਟਫਾਰਮ ਦੀ ਵਰਤੋਂ ਕਰਕੇ ਰੁਮਾਂਟਿਕ ਰਿਸ਼ਤੇ ਬਣਾ ਕੇ ਖ਼ਾਸ ਤੌਰ ’ਤੇ ਪੱਛਮੀ ਦੇਸ਼ਾਂ ਦੇ ਅਮੀਰ ਆਦਮੀਆਂ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ ਜਾਂਦਾ ਸੀ।

ਉਨ੍ਹਾਂ ਨੇ ਪੀੜਤਾਂ ਨਾਲ ਸਿੱਧਾ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਪਹਿਲਾ ਮੈਸੇਜ ਜੋ ਅਕਸਰ ਸਿਰਫ਼ ਇੱਕ ਸਧਾਰਨ ‘ਹੈਲੋ’ ਹੁੰਦਾ ਹੈ, ਉਹ ਗਲਤੀ ਨਾਲ ਭੇਜਿਆ ਗਿਆ ਸੀ।

ਰਵੀ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੇ ਅਜਿਹੇ ‘ਮੈਸੇਜ’ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਪਰ ਇਕੱਲੇ ਰਹਿਣ ਵਾਲੇ ਲੋਕ ਜਾਂ ਸੈਕਸ ਦੀ ਤਲਾਸ਼ ਕਰਨ ਵਾਲੇ ਲੋਕ ਅਕਸਰ ਇਸ ਦਾ ਫਾਇਦਾ ਉਠਾਉਂਦੇ ਸਨ।

ਇਸ ਤੋਂ ਬਾਅਦ ਕੈਂਪ ਵਿੱਚ ਰੱਖੀਆਂ ਗਈਆ ਜਵਾਨ ਔਰਤਾਂ ਦੇ ਇੱਕ ਗਰੁੱਪ ਲੁਭਾਉਣੀਆਂ ਤਸਵੀਰਾਂ ਖਿਚਵਾਉਣ ਲਈ ਮਜਬੂਰ ਕੀਤਾ ਗਿਆ।

An image of crossing a river with a victim rescued by Thai authorities.

ਤਸਵੀਰ ਸਰੋਤ, NOPPORN WICHACHAT

ਤਸਵੀਰ ਕੈਪਸ਼ਨ, ਨੀਲ, ਇੱਕ ਭਾਰਤੀ ਪੀੜਤ, ਨੂੰ ਥਾਈ ਅਧਿਕਾਰੀਆਂ ਨੇ ਬਚਾਇਆ ਅਤੇ ਸੁਰੱਖਿਅਤ ਦਰਿਆ ਪਾਰ ਕਰ ਲਿਆ

ਕੁਝ ਹੀ ਦਿਨਾਂ ਵਿੱਚ ਸੈਂਕੜੇ ਮੈਸੇਜਾਂ ਦਾ ਆਦਾਨ-ਪ੍ਰਦਾਨ ਕਰਨ ਤੋਂ ਬਾਅਦ, ਘੁਟਾਲੇਬਾਜ਼ ਇਨ੍ਹਾਂ ਵਿਅਕਤੀਆਂ ਦਾ ਭਰੋਸਾ ਹਾਸਲ ਕਰ ਲੈਂਦੇ ਸਨ ਅਤੇ ਉਨ੍ਹਾਂ ਨੂੰ ਜਾਅਲੀ ਔਨਲਾਈਨ ਟਰੇਡਿੰਗ ਪਲੈਟਫਾਰਮਾਂ ਵਿੱਚ ਵੱਡੀ ਰਕਮ ਦਾ ਨਿਵੇਸ਼ ਕਰਨ ਲਈ ਰਾਜ਼ੀ ਕਰ ਲੈਂਦੇ ਸਨ।

ਇਸ ਦੇ ਬਾਅਦ ਜਾਅਲੀ ਐਪਸ, ਜਾਅਲੀ ਨਿਵੇਸ਼ ਅਤੇ ਮੁਨਾਫ਼ੇ ਦਾ ਚੱਕਰ ਸ਼ੁਰੂ ਹੋ ਜਾਂਦਾ ਹੈ।

ਇਸ ਵਰਤਾਰੇ ਬਾਰੇ ਰਵੀ ਸਮਝਾਉਂਦੇ ਹਨ, ‘‘ਜੇਕਰ ਕੋਈ ਵਿਅਕਤੀ ਇੱਕ ਲੱਖ ਡਾਲਰ ਟਰਾਂਸਫਰ ਕਰਦਾ ਹੈ, ਤਾਂ ਅਸੀਂ ਉਨ੍ਹਾਂ ਨੂੰ 50,000 ਡਾਲਰ ਇਹ ਕਹਿੰਦੇ ਹੋਏ ਵਾਪਸ ਕਰ ਦਿੰਦੇ ਹਾਂ ਕਿ ਇਹ ਉਨ੍ਹਾਂ ਦਾ ਮੁਨਾਫ਼ਾ ਹੈ।”

‘‘ਇਸ ਨਾਲ ਉਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਕੋਲ ਹੁਣ ਡੇਢ ਲੱਖ ਡਾਲਰ ਹਨ, ਪਰ ਅਸਲ ਵਿੱਚ ਇਹ ਪੈਸੇ ਉਨ੍ਹਾਂ ਦੇ ਆਪਣੇ ਮੂਲ ਪੈਸੇ ਹੀ ਹੁੰਦੇ ਹਨ। ਯਾਨੀ ਇੱਕ ਲੱਖ ਡਾਲਰ ਦਾ ਅੱਧਾ ਹੀ ਉਨ੍ਹਾਂ ਨੂੰ ਵਾਪਸ ਮਿਲਦਾ ਹੈ ਅਤੇ ਬਾਕੀ ਅੱਧਾ ਸਾਡੇ ਕੋਲ ਰਹਿ ਜਾਂਦਾ ਹੈ।’’

ਜਦੋਂ ਘੁਟਾਲੇਬਾਜ਼ ਪੀੜਤਾਂ ਤੋਂ ਜਿੰਨਾ ਹੋ ਸਕਦਾ ਹੈ, ਓਨਾਂ ਲੈ ਲੈਂਦੇ ਹਨ ਤਾਂ ਮੈਸੇਜਿੰਗ ਅਕਾਊਂਟ ਅਤੇ ਸੋਸ਼ਲ ਮੀਡੀਆ ਪ੍ਰੋਫਾਈਲ ਸਭ ਗਾਇਬ ਹੋ ਜਾਂਦੇ ਹਨ।

ਇਸ ਦੀ ਅਣਦੇਖੀ ਕਰਨ ’ਤੇ ਤੁਹਾਨੂੰ ਰਵੀ ਦੀ ਤਰ੍ਹਾਂ ਕੁੱਟਮਾਰ ਅਤੇ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਰ ਇਸ ਦੇ ਕੁਝ ਤਰੀਕੇ ਵੀ ਹਨ, ਤੁਸੀਂ ਭੁਗਤਾਨ ਕਰ ਸਕਦੇ ਹੋ।

ਬਚਾਅ ਦਾ ਰਾਹ

ਤਸਵੀਰ ਸਰੋਤ, NOPPORN WICHACHAT

ਤਸਵੀਰ ਕੈਪਸ਼ਨ, ਮਿਆਂਮਾਰ ਦੇ ਇੱਕ ਸਾਈਬਰ ਅਪਰਾਧੀ ਕੈਂਪ ਤੋਂ ਮੁਕਤ ਹੋਏ ਇੱਕ ਪੀੜਤ ਨੇ ਇਹ ਤਸਵੀਰ ਉਸ ਸਮੇਂ ਖਿੱਚੀ ਜਦੋਂ ਉਹ ਸਰਹੱਦ ਵੱਲ ਜਾ ਰਹੇ ਸਨ

ਭਾਰਤ ਦੇ ਇੱਕ ਵਿਅਕਤੀ ਵੀ ਬਣਿਆ ਸ਼ਿਕਾਰ

ਅਜਿਹਾ ਕਰਨ ਵਾਲਾ ਇੱਕ ਵਿਅਕਤੀ ਭਾਰਤ ਵਿੱਚ ਮਹਾਰਾਸ਼ਟਰ ਦਾ ਰਹਿਣ ਵਾਲਾ 21 ਸਾਲਾ ਨੀਲ ਵਿਜੇ ਸੀ। ਉਸ ਨੂੰ ਅਗਸਤ 2022 ਵਿੱਚ ਪੰਜ ਹੋਰ ਭਾਰਤੀ ਮਰਦਾਂ ਅਤੇ ਦੋ ਫਿਲੀਪੀਨੀ ਔਰਤਾਂ ਨਾਲ ਮਿਆਂਮਾਰ ਵਿੱਚ ਤਸਕਰੀ ਕਰਕੇ ਲਿਜਾਇਆ ਗਿਆ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਮਾਂ ਦੇ ਬਚਪਨ ਦੇ ਦੋਸਤ ਨੇ ਉਸ ਨੂੰ ਬੈਂਕਾਕ ਵਿੱਚ ਕਾਲ ਸੈਂਟਰ ਵਿੱਚ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਅਤੇ ਉਨ੍ਹਾਂ ਤੋਂ ਡੇਢ ਲੱਖ ਭਾਰਤੀ ਰੁਪਏ (1,800 ਡਾਲਰ) ਦੀ ਫੀਸ ਲਈ ਸੀ।

ਨੀਲ ਨੇ ਕਿਹਾ, ‘‘ਚੀਨੀ ਭਾਸ਼ਾ ਬੋਲਣ ਵਾਲੇ ਲੋਕਾਂ ਦੁਆਰਾ ਕਈ ਕੰਪਨੀਆਂ ਚਲਾਈਆਂ ਗਈਆਂ ਸਨ। ਉਹ ਸਾਰੇ ਘੁਟਾਲੇਬਾਜ਼ ਸਨ। ਸਾਨੂੰ ਉਨ੍ਹਾਂ ਕੰਪਨੀਆਂ ਨੂੰ ਵੇਚ ਦਿੱਤਾ ਗਿਆ ਸੀ।’’

‘‘ਜਦੋਂ ਅਸੀਂ ਉਸ ਥਾਂ ’ਤੇ ਪਹੁੰਚੇ, ਤਾਂ ਮੈਂ ਉਮੀਦ ਗੁਆ ਦਿੱਤੀ ਸੀ। ਜੇਕਰ ਮੇਰੀ ਮਾਂ ਨੇ ਉਨ੍ਹਾਂ ਨੂੰ ਫਿਰੌਤੀ ਦੀ ਰਕਮ ਨਾ ਦਿੱਤੀ ਹੁੰਦੀ, ਤਾਂ ਮੈਨੂੰ ਵੀ ਦੂਜਿਆਂ ਵਾਂਗ ਤਸੀਹੇ ਦਿੱਤੇ ਜਾਂਦੇ।’’

ਸਕੈਮ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਨੀਲ ਦੇ ਪਰਿਵਾਰ ਨੇ ਉਸ ਨੂੰ ਰਿਹਾਅ ਕਰਾਉਣ ਲਈ ਗਿਰੋਹ ਨੂੰ ਛੇ ਲੱਖ ਰੁਪਏ (7,190 ਡਾਲਰ) ਦਾ ਭੁਗਤਾਨ ਕੀਤਾ, ਪਰ ਇਸ ਤੋਂ ਪਹਿਲਾਂ ਉਸ ਨੇ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਸਖ਼ਤ ਸਜ਼ਾ ਨੂੰ ਨਹੀਂ ਦੇਖਿਆ ਸੀ ਜਿਨ੍ਹਾਂ ਨੇ ਜਾਂ ਤਾਂ ਟੀਚਾ ਪੂਰਾ ਨਹੀਂ ਕੀਤਾ ਸੀ ਜਾਂ ਫਿਰੌਤੀ ਦੇਣ ਦੇ ਸਮਰੱਥ ਨਹੀਂ ਸਨ।

ਇਸ ਭਾਰਤੀ ਨੂੰ ਰਿਹਾਈ ਤੋਂ ਬਾਅਦ, ਥਾਈਲੈਂਡ ਦੇ ਅਧਿਕਾਰੀਆਂ ਨੇ ਭਾਰਤ ਵਾਪਸ ਜਾਣ ਵਿੱਚ ਮਦਦ ਕੀਤੀ। ਉਸ ਦੇ ਪਰਿਵਾਰ ਨੇ ਭਰਤੀ ਕਰਨ ਵਾਲੇ ਸਥਾਨਕ ਏਜੰਟਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਹੈ।

ਛੇ ਮਹੀਨਿਆਂ ਤੱਕ ਮਿਆਂਮਾਰ ਵਿੱਚ ਫਸੇ ਰਹਿਣ ਦੌਰਾਨ ਰਵੀ ਨੂੰ ਵੀ ਇਨ੍ਹਾਂ ਗਿਰੋਹਾਂ ਵਿਚਕਾਰ ਭੇਜਿਆ ਗਿਆ ਸੀ।

ਟੀਮ ਲੀਡਰ ਨਾਲ ਟਕਰਾਅ ਤੋਂ ਬਾਅਦ ਉਸ ਨੂੰ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ ਸੀ।

ਰਵੀ ਨੇ ਕਿਹਾ, ‘‘ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਲੋਕਾਂ ਨਾਲ ਧੋਖਾ ਨਹੀਂ ਕਰ ਸਕਦਾ। ਭਾਵੇਂ ਮੇਰੇ ਕੋਲ ਪੈਸੇ ਨਹੀਂ ਸਨ, ਫਿਰ ਵੀ ਮੇਰਾ ਕਿਸੇ ਹੋਰ ਦੀ ਮਿਹਨਤ ਦੀ ਕਮਾਈ ਖੋਹਣ ਦਾ ਹੌਸਲਾ ਨਹੀਂ ਹੋਇਆ। ਧੋਖੇ ਦੇ ਵਿਚਾਰ ਨੇ ਮੈਨੂੰ ਬਹੁਤ ਮਾਨਸਿਕ ਪਰੇਸ਼ਾਨੀ ਦਿੱਤੀ।’’

ਅੰਤ ਵਿੱਚ, ਉਸ ਗਰੋਹ ਦਾ ਲੀਡਰ ਚੀਨ ਤੋਂ ਰਵੀ ਨੂੰ ਮਿਲਣ ਆਇਆ ਅਤੇ ਉਸ ਨੂੰ ਫਿਰ ਕੰਮ ਕਰਨ ਦਾ ‘ਇੱਕ ਆਖਰੀ ਮੌਕਾ’ ਦੇਣ ਦੀ ਪੇਸ਼ਕਸ਼ ਕੀਤੀ ਕਿ ਕੰਪਿਊਟਰ ਸੌਫਟਵੇਅਰ ਵਿੱਚ ਉਸ ਦੀ ਮੁਹਾਰਤ ਕਾਰਨ ਇਹ ਉਸ ਲਈ ਇੱਕ ਨਵਾਂ ਮੌਕਾ ਹੈ।

ਰਵੀ ਦੱਸਦੇ ਹਨ, ‘‘ਮੇਰੇ ਕੋਲ ਕੋਈ ਬਦਲ ਹੀ ਨਹੀਂ ਸੀ, ਉਦੋਂ ਤੱਕ ਮੇਰੇ ਅੱਧੇ ਸਰੀਰ ਨੂੰ ਅਧਰੰਗ ਹੋ ਚੁੱਕਾ ਸੀ।’’

ਅਗਲੇ ਚਾਰ ਮਹੀਨਿਆਂ ਤੱਕ ਰਵੀ ਵੀਪੀਐੱਨ, ਆਰਟੀਫਿਸ਼ੀਅਲ ਇੰਟੈਲੀਜੈਂਸ ਐਪਸ ਅਤੇ 3ਡੀ ਵੀਡੀਓ ਕੈਮਰਿਆਂ ਦੀ ਵਰਤੋਂ ਕਰਕੇ ਫੇਸਬੁੱਕ ਖਾਤਿਆਂ ਦਾ ਪ੍ਰਬੰਧਨ ਕਰਦਾ ਰਿਹਾ।

ਸਾਈਬਰ ਕਰਾਈਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮੀਰ ਲੋਕਾਂ ਨੂੰ ਕਥਿਤ ਰੋਮਾਂਸ ਸਕੈਮ ਦਾ ਸ਼ਿਕਾਰ ਬਣਾਉਣ ਲਈ ਫੇਕ ਈਮੇਲ ਅਤੇ ਸੋਸ਼ਲ ਮੀਡੀਆ ਅਕਾਉਂਟ ਵਰਤੇ ਜਾਂਦੇ ਹਨ

ਮਾਂ ਦਾ ਬਿਮਾਰ ਹੋਣਾ ਤੇ ਮੁਲਕ ਵਾਪਸੀ

ਇਸ ਦੌਰਾਨ ਰਵੀ ਨੇ ਆਪਣੀ ਬੀਮਾਰ ਮਾਂ ਨੂੰ ਮਿਲਣ ਲਈ ਸ਼੍ਰੀਲੰਕਾ ਜਾਣ ਦੀ ਇਜਾਜ਼ਤ ਮੰਗੀ।

ਗਰੋਹ ਦਾ ਆਗੂ ਉਸ ਨੂੰ ਇਸ ਸ਼ਰਤ ਨਾਲ ਛੱਡਣ ਲਈ ਸਹਿਮਤ ਹੋ ਗਿਆ ਕਿ ਜੇਕਰ ਰਵੀ ਨਦੀ ਪਾਰ ਕਰਨ ਅਤੇ ਥਾਈਲੈਂਡ ਵਿੱਚ ਦਾਖਲ ਹੋਣ ਲਈ ਛੇ ਲੱਖ ਰੁਪਏ (2,000 ਡਾਲਰ) ਦੀ ਫਿਰੌਤੀ ਅਤੇ ਵਾਧੂ ਦੋ ਲੱਖ ਰੁਪਏ (650 ਡਾਲਰ) ਦਾ ਭੁਗਤਾਨ ਕਰਦਾ ਹੈ ਤਾਂ ਉਹ ਜਾ ਸਕਦਾ ਹੈ।

ਉਸ ਦੇ ਮਾਤਾ-ਪਿਤਾ ਨੇ ਪੈਸੇ ਉਧਾਰ ਲਏ, ਉਨ੍ਹਾਂ ਨੇ ਆਪਣੇ ਜੱਦੀ ਘਰ ਨੂੰ ਗਹਿਣੇ ਰੱਖਿਆ ਅਤੇ ਫਿਰੌਤੀ ਦੇ ਪੈਸੇ ਟਰਾਂਸਫਰ ਕਰ ਦਿੱਤੇ ਜਿਸ ਤੋਂ ਬਾਅਦ ਰਵੀ ਨੂੰ ਵਾਪਸ ਮਾਏ ਸੋਟ ਲੈ ਜਾਇਆ ਗਿਆ।

ਜਦੋਂ ਵੀਜ਼ਾ ਨਾ ਹੋਣ ਕਾਰਨ ਹਵਾਈ ਅੱਡੇ ’ਤੇ ਉਨ੍ਹਾਂ ’ਤੇ 20,000 ਥਾਈ ਬਾਟ (550 ਡਾਲਰ) ਦਾ ਜੁਰਮਾਨਾ ਲਗਾਇਆ ਗਿਆ, ਤਾਂ ਰਵੀ ਦੇ ਮਾਪਿਆਂ ਨੂੰ ਹੋਰ ਕਰਜ਼ਾ ਲੈਣਾ ਪਿਆ।

ਉਨ੍ਹਾਂ ਨੇ ਦੱਸਿਆ, ‘‘ਜਦੋਂ ਤੱਕ ਮੈਂ ਸ਼੍ਰੀਲੰਕਾ ਪਹੁੰਚਿਆ, ਮੇਰੇ ਸਿਰ 18 ਲੱਖ 50 ਹਜ਼ਾਰ ਰੁਪਏ (6,100 ਡਾਲਰ) ਦਾ ਕਰਜ਼ਾ ਸੀ।’’

ਬੇਸ਼ੱਕ ਰਵੀ ਹੁਣ ਆਪਣੇ ਘਰ ਵਾਪਸ ਆ ਗਿਆ ਹੋਵੇ, ਪਰ ਉਨ੍ਹਾ ਦੀ ਜ਼ਿੰਦਗੀ ਸੌਖੀ ਨਹੀਂ ਹੈ। ਉਹ ਆਪਣੀ ਨਵਵਿਆਹੀ ਪਤਨੀ ਨੂੰ ਔਖੇ ਦੌਰ ਵਿੱਚੋਂ ਗੁਜ਼ਰ ਰਹੇ ਹਨ।

ਉਨ੍ਹਾਂ ਨੇ ਦੁਖੀ ਹੋ ਕੇ ਦੱਸਿਆ, ‘‘ਮੈਂ ਇਸ ਕਰਜ਼ੇ ਨੂੰ ਚੁਕਾਉਣ ਲਈ ਦਿਨ-ਰਾਤ ਇੱਕ ਗੈਰਾਜ ਵਿੱਚ ਕੰਮ ਕਰਦਾ ਹਾਂ। ਅਸੀਂ ਵਿਆਜ ਦਾ ਭੁਗਤਾਨ ਕਰਨ ਲਈ ਆਪਣੀਆਂ ਦੋਵਾਂ ਦੀਆਂ ਵਿਆਹ ਦੀਆਂ ਮੁੰਦਰੀਆਂ ਤੱਕ ਗਹਿਣੇ ਰੱਖ ਦਿੱਤੀਆਂ ਹਨ।’’

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)