ਮਿਆਂਮਾਰ ਦੇ ਬਾਗ਼ੀ ਸਮੂਹ ਨੇ ਭਾਰਤ ਦੀ ਸਰਹੱਦ ਨੇੇੜੇ ਕਸਬੇ 'ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ

ਤਸਵੀਰ ਸਰੋਤ, Reuters
- ਲੇਖਕ, ਜੋਨਾਥਨ ਹੈਡ
- ਰੋਲ, ਬੀਬੀਸੀ ਪੱਤਰਕਾਰ
ਪੱਛਮੀ ਮਿਆਂਮਾਰ ਦੇ ਨਸਲੀ ਵਿਦਰੋਹੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫੌਜੀ ਬਲਾਂ ਤੋਂ ਭਾਰਤ ਨੂੰ ਜਾਣ ਵਾਲੇ ਮੁੱਖ ਮਾਰਗਾਂ 'ਚੋਂ ਇਕ ਮਹੱਤਵਪੂਰਨ ਕਸਬੇ 'ਤੇ ਕਬਜ਼ਾ ਕਰ ਲਿਆ ਹੈ।
ਅਰਾਕਨ ਆਰਮੀ (ਏਏ) ਤਿੰਨ ਹਥਿਆਰਬੰਦ ਸਮੂਹਾਂ ਵਿੱਚੋਂ ਇੱਕ ਦਾ ਕਹਿਣਾ ਹੈ ਕਿ ਉਸ ਨੇ ਚਿਨ ਰਾਜ ਵਿੱਚ, ਪੈਲੇਟਵੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਇਹ ਉਹੀ ਸਮੂਹ ਹੈ, ਜਿਸ ਨੇ ਅਕਤੂਬਰ ਵਿੱਚ ਫੌਜ ਦੇ ਖ਼ਿਲਾਫ਼ ਇੱਕ ਵੱਡਾ ਨਵਾਂ ਹਮਲਾ ਵਿੱਢਿਆ ਸੀ।
ਸਮੂਹ ਨੇ ਆਪਣੇ ਟੈਲੀਗ੍ਰਾਮ ਚੈਨਲ 'ਤੇ ਕਿਹਾ, "ਪੂਰੇ ਪੈਲੇਟਵੇ ਇਲਾਕੇ ਵਿੱਚ ਇੱਕ ਵੀ ਮਿਲਟਰੀ ਕੌਂਸਲ ਕੈਂਪ ਨਹੀਂ ਬਚਿਆ ਹੈ।"
ਹਾਲਾਂਕਿ, ਇਸ ਬਾਰੇ ਮਿਆਂਮਾਰ ਦੀ ਫੌਜ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਪੈਲੇਟਵੇ, ਭਾਰਤ ਅਤੇ ਬੰਗਲਾਦੇਸ਼ ਦੇ ਨਾਲ ਮਿਆਂਮਾਰ ਦੀ ਸਰਹੱਦ ਦੇ ਨੇੜੇ ਸਥਿਤ ਹੈ। ਉੱਥੇ ਹੋ ਰਹੀਆਂ ਕਾਰਵਾਈਆਂ ਬਾਰੇ ਦਿੱਲੀ ਦੀ ਸਖ਼ਤ ਨਜ਼ਰ ਰਹੇਗੀ।
ਇਹ ਕਸਬਾ ਭਾਰਤ ਵੱਲੋਂ ਚੱਲ ਰਹੇ ਕਰੋੜਾਂ ਡਾਲਰਾਂ ਦੇ ਵਿਕਾਸ ਪ੍ਰੋਜੈਕਟ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਦੂਰ-ਦੁਰਾਡੇ ਦੇ ਇਲਾਕੇ ਵਿੱਚ ਸੰਪਰਕ ਨੂੰ ਬਿਹਤਰ ਬਣਾਉਣਾ ਹੈ।
ਏਏ ਮਿਆਂਮਾਰ ਦੇ ਕਈ ਨਸਲੀ ਹਥਿਆਰਬੰਦ ਸਮੂਹਾਂ ਵਿੱਚੋਂ ਸਭ ਤੋਂ ਨਵਾਂ ਪਰ ਸਭ ਤੋਂ ਬਿਹਤਰ ਢੰਗ ਨਾਲ ਲੈਸ ਹੈ।
ਇਹ ਕਈ ਸਾਲਾਂ ਤੋਂ ਰਖਾਇਨ ਰਾਜ ਅਤੇ ਗੁਆਂਢੀ ਚਿਨ ਰਾਜ ਦੇ ਕੁਝ ਹਿੱਸਿਆਂ ਵਿੱਚ ਫੌਜ ਨਾਲ ਲੜ ਰਿਹਾ ਹੈ ਅਤੇ ਜ਼ਮੀਨ 'ਤੇ ਪਕੜ ਬਣਾ ਰਿਹਾ ਹੈ।
ਫਰਵਰੀ 2021 ਵਿੱਚ ਫੌਜ ਦੇ ਸੱਤਾ 'ਤੇ ਕਬਜ਼ਾ ਕਰਨ ਤੋਂ ਪਹਿਲਾਂ ਹੀ, ਏਏ ਲੜਾਕਿਆਂ ਨੇ ਰਖਾਇਨ ਵਿੱਚ ਮਹੱਤਵਪੂਰਨ ਲਾਭ ਹਾਸਿਲ ਕਰ ਲਿਆ ਸੀ। ਦੋ ਸਾਲ ਪਹਿਲਾਂ, ਇਸ ਨੇ ਰਾਜ ਦੇ 60 ਫੀਸਦ ਹਿੱਸੇ 'ਤੇ ਕਬਜ਼ਾ ਕਰਨਾ ਦਾ ਦਾਅਵਾ ਕੀਤਾ ਸੀ।
ਪਰ 2021 ਦੇ ਤਖ਼ਤਾਪਲਟ ਦੇ ਸਮੇਂ, ਇਹ ਇੱਕ ਜੰਗਬੰਦੀ ਦੀ ਪਾਲਣਾ ਕਰ ਰਿਹਾ ਸੀ ਅਤੇ ਫੌਜ ਨੇ ਇਸ ਨਾਲ ਟਕਰਾਅ ਤੋਂ ਪਰਹੇਜ਼ ਕੀਤਾ ਤਾਂ ਜੋ ਉਹ ਤਖ਼ਤਾਪਲਟ ਦੇ ਵਿਰੋਧ ਨੂੰ ਕੁਚਲਣ 'ਤੇ ਆਪਣੀਆਂ ਕੋਸ਼ਿਸ਼ਾਂ ਨੂੰ ਕੇਂਦਰਿਤ ਕਰ ਸਕੇ।
ਹਾਲਾਂਕਿ, ਪਿਛਲੇ ਅਕਤੂਬਰ ਵਿੱਚ ਏਏ ਨੇ ਐਲਾਨ ਕੀਤਾ ਕਿ ਇਹ 'ਬ੍ਰਦਰਹੁੱਡ ਅਲਾਇੰਸ' ਦੇ ਹਿੱਸੇ ਵਜੋਂ ਫੌਜੀ ਸ਼ਾਸਨ ਦੇ ਖ਼ਿਲਾਫ਼ ਵਿਆਪਕ ਸੰਘਰਸ਼ ਵਿੱਚ ਸ਼ਾਮਲ ਹੋ ਰਿਹਾ ਹੈ ਅਤੇ ਦੇਸ਼ ਦੇ ਬਹੁਤੇ ਹਿੱਸੇ ਵਿੱਚ ਇਸ ਦੇ ਤਖ਼ਤਾਪਲਟ ਦੇ ਵਿਰੋਧ ਨਾਲ ਬੁਰੀ ਤਰ੍ਹਾਂ ਘਿਰੀ ਹੋਈ ਫੌਜ ਦੇ ਖ਼ਿਲਾਫ਼ ਹਮਲਿਆਂ ਦੀ ਇੱਕ ਲੜੀ ਸ਼ੁਰੂ ਕੀਤੀ।

ਤਸਵੀਰ ਸਰੋਤ, Getty Images
42 ਦਿਨਾਂ ਦੀ ਲੜਾਈ
ਪਿਛਲੇ 11 ਹਫ਼ਤਿਆਂ ਵਿੱਚ, ਗਠਜੋੜ ਨੇ ਚੀਨੀ ਸਰਹੱਦ ਦੇ ਨਾਲ ਫੌਜ ਨੂੰ ਬੁਰੀ ਤਰ੍ਹਾਂ ਹਰਾਇਆ ਹੈ।
ਪਿਛਲੇ ਸ਼ਨੀਵਾਰ ਦੇਸ਼ ਦੇ ਦੂਜੇ ਪਾਸੇ ਏਏ ਨੇ ਪੈਲੇਟਵੇ ਟਾਊਨਸ਼ਿਪ ਵਿੱਚ ਆਖ਼ਰੀ ਫੌਜੀ ਚੌਕੀ, ਮੀਵਾ ਵਿੱਚ ਪਹਾੜੀ ਚੋਟੀ 'ਤੇ ਕਬਜ਼ਾ ਕਰ ਲਿਆ।
ਇਸ ਇਲਾਕੇ ਨੂੰ ਉਹ 2020 ਵਿੱਚ 42 ਦਿਨਾਂ ਦੀ ਲੜਾਈ ਤੋਂ ਬਾਅਦ ਵੀ ਵਾਪਸ ਲੈਣ ਵਿੱਚ ਅਸਮਰੱਥ ਸੀ।
ਕਲਾਦਾਨ ਨਦੀ 'ਤੇ ਪੈਲੇਟਵੇ ਦੀ ਬੰਦਰਗਾਹ ਦੇ ਕਬਜ਼ੇ ਵਿੱਚ ਹੋਣ ਕਰਕੇ, ਏਏ ਹੁਣ ਭਾਰਤੀ ਸਰਹੱਦ ਤੱਕ ਸੜਕ ਅਤੇ ਜਲ ਆਵਾਜਾਈ ਨੂੰ ਕੰਟ੍ਰੋਲ ਕਰਦਾ ਹੈ ਅਤੇ ਇਸ ਦੇ ਕੋਲ ਹੁਣ ਇੱਕ ਲੌਜਿਸਟਿਕ ਬੇਸ ਹੈ ਜਿੱਥੋਂ ਇਹ ਰਖਾਇਨ ਰਾਜ ਵਿੱਚ ਹੋਰ ਹਮਲਿਆਂ ਦੀ ਯੋਜਨਾ ਬਣਾ ਸਕਦਾ ਹੈ।
ਰਖਾਇਨ ਦੇ ਕਿਸੇ ਵੀ ਮੁੱਖ ਕਸਬੇ ਨੂੰ ਵਿਦਰੋਹੀਆਂ ਦੇ ਹੱਥੋਂ ਹਾਰ ਜਾਣਾ ਫੌਜ ਦੇ ਅਧਿਕਾਰ ਲਈ ਇੱਕ ਵਿਨਾਸ਼ਕਾਰੀ ਝਟਕਾ ਹੋਵੇਗਾ।
ਦੱਸਿਆ ਗਿਆ ਹੈ ਕਿ ਫੌਜ ਹਵਾਈ ਹਮਲੇ ਅਤੇ ਹੈਲੀਕਾਪਟਰ ਗਨਸ਼ਿਪਾਂ ਦੀ ਵਰਤੋਂ ਕਰ ਕੇ ਏਏ ਨੂੰ ਕਯਾਉਤਾਓ ਸ਼ਹਿਰ ਵੱਲ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਵਿੱਚ ਲੱਗੀ ਹੋਈ ਹੈ, ਜੋ ਰਖਾਇਨ ਦੀ ਰਾਜਧਾਨੀ ਸਿਟਵੇ ਨੂੰ ਬਾਕੀ ਮਿਆਂਮਾਰ ਨਾਲ ਜੋੜਨ ਵਾਲੀ ਮੁੱਖ ਸੜਕ 'ਤੇ ਹੈ।
ਅਜੇ ਇਹ ਸਪੱਸ਼ਟ ਨਹੀਂ ਹੈ ਕਿ ਏਏ ਅੱਗੇ ਕੀ ਕਰੇਗਾ। ਹੋ ਸਕਦਾ ਹੈ ਕਿ ਉਹ ਇਸ ਕਬਜ਼ੇ ਨੂੰ ਹੋਰ ਮਜ਼ਬੂਤ ਕਰੇ ਅਤੇ ਇਸਦੇ ਰੈਂਕਾਂ ਵਿੱਚ ਹੋਰ ਨੁਕਸਾਨ ਨੂੰ ਘੱਟ ਕਰਨਾ ਚਾਹੇ।
ਇਸਦਾ ਮੁੱਖ ਟੀਚਾ ਸੰਘੀ ਰਾਜ 'ਚ ਕਿਸੇ ਵੀ ਤਰ੍ਹਾਂ ਆਜ਼ਾਦੀ ਜਾਂ ਖ਼ੁਦਮੁਖ਼ਤਿਆਰੀ ਹੈ, ਜਿਸ ਨੂੰ ਇਸ ਦੀ ਲੀਡਰਸ਼ਿਪ ਨੇ ਹੁਣ ਤੈਅ ਕਰ ਲਿਆ ਹੈ ਕਿ ਇਸ ਨੂੰ ਫੌਜੀ ਸ਼ਾਸ਼ਨ ਦੀ ਬਜਾਇ ਇੱਕ ਚੁਣੀ ਹੋਈ ਸਰਕਾਰ ਦੇ ਤਹਿਤ ਹਾਸਿਲ ਕਰਨਾ ਹੀ ਸਭ ਤੋਂ ਵਧੀਆ ਹੈ।
ਪੈਲੇਟਵੇ ਦੇ ਪਤਨ ਤੋਂ ਬਾਅਦ ਹੁਣ ਵੱਡਾ ਸਵਾਲ ਇਹ ਹੈ ਕਿ ਕੀ ਜੁੰਟਾ ਆਪਣੀਆਂ ਉੱਚ ਅਹੁਦਿਆਂ ਵਿੱਚ ਮਨੋਬਲ ਬਹਾਲ ਕਰ ਸਕਦਾ ਹੈ ਅਤੇ ਆਪਣੇ ਫੌਜੀਆਂ ਨੂੰ ਵਿਰੋਧੀ ਧਿਰਾਂ ਨਾਲ ਲੜਦੇ ਰਹਿਣ ਲਈ ਮਨਾ ਸਕਦਾ ਹੈ ਜੋ ਹੁਣ ਬਹੁਤ ਸਾਰੇ ਹਿੱਸਿਆਂ ਤੋਂ ਆ ਰਿਹਾ ਹੈ।

ਤਸਵੀਰ ਸਰੋਤ, Getty Images
ਭਾਰਤ ਲਈ ਚਿੰਤਾ ਦੀ ਗੱਲ ਕਿਉਂ ਹੈ?
ਬਾਗ਼ੀਆਂ ਨੇ ਜਿਸ ਕਸਬੇ 'ਤੇ ਕਬਜ਼ਾ ਕੀਤਾ ਹੈ ਉਹ ਭਾਰਤ ਦੇ ਕੋਲ ਹੈ।
ਭਾਰਤ ਦੇ ਮਿਜ਼ੋਰਮ ਸੂਬੇ ਅਤੇ ਮਿਆਂਮਾਰ ਦੇ ਚਿਨ ਸੂਬੇ ਵਿਚਕਾਰ 510 ਕਿਲੋਮੀਟਰ ਲੰਬੀ ਸਰਹੱਦ ਹੈ।
ਹਾਲਾਂਕਿ, ਦੋਵੇਂ ਪਾਸੇ ਦੇ ਲੋਕ ਆਸਾਨੀ ਨਾਲ ਇਧਰ-ਉਧਰ ਜਾ ਸਕਦੇ ਹਨ। ਦੋਵਾਂ ਹੀ ਪਾਸਿਓਂ 25 ਕਿਲੋਮੀਟਰ ਤੱਕ ਜਾਣ 'ਤੇ ਪਾਬੰਦੀ ਨਹੀਂ ਹੈ।
ਪਿਛਲੇ ਸਾਲ ਨਵੰਬਰ 'ਚ ਵੀ ਭਾਰਤ-ਮਿਆਂਮਾਰ ਸਰਹੱਦ ਨੇੜੇ ਮਿਆਂਮਾਰ ਦੀ ਫੌਜ ਅਤੇ ਫੌਜੀ ਸ਼ਾਸਨ ਦਾ ਵਿਰੋਧ ਕਰ ਰਹੀਆਂ ਫੌਜਾਂ ਵਿਚਾਲੇ ਤਿੱਖੀ ਝੜਪਾਂ ਦਰਮਿਆਨ ਕਰੀਬ ਪੰਜ ਹਜ਼ਾਰ ਵਿਸਥਾਪਿਤ ਲੋਕ ਮਿਆਂਮਾਰ ਤੋਂ ਮਿਜ਼ੋਰਮ ਪਹੁੰਚੇ ਸਨ।
ਮਿਆਂਮਾਰ ਫੌਜ ਦੇ 45 ਜਵਾਨਾਂ ਨੇ ਵੀ ਮਿਜ਼ੋਰਮ ਪੁਲਿਸ ਦੇ ਸਾਹਮਣੇ ਆਤਮ-ਸਮਰਣ ਕੀਤਾ ਸੀ।
ਮਿਆਂਮਾਰ 'ਚ ਫੌਜੀ ਤਖ਼ਤਾ ਪਲਟ ਤੋਂ ਬਾਅਦ ਫੌਜ ਅਤੇ ਬਾਗ਼ੀਆਂ ਵਿਚਾਲੇ ਹੋਈ ਹਿੰਸਾ 'ਚ ਫਸੇ ਵੱਡੀ ਗਿਣਤੀ 'ਚ ਲੋਕ ਭਾਰਤ ਪਹੁੰਚੇ ਹਨ।
ਮਾਰਚ 2022 ਤੱਕ ਦੇ ਅੰਕੜਿਆਂ ਅਨੁਸਾਰ, ਮਿਜ਼ੋਰਮ ਦੀ ਰਾਜਧਾਨੀ ਆਈਜ਼ੌਲ ਅਤੇ ਹੋਰ ਜ਼ਿਲ੍ਹਿਆਂ ਵਿੱਚ ਮਿਆਂਮਾਰ ਦੇ ਲਗਭਗ 31500 ਸ਼ਰਨਾਰਥੀ ਰਹਿ ਰਹੇ ਸਨ। ਇਹ ਸਾਰੇ ਚਿਨ ਸੂਬੇ ਤੋਂ ਆਏ ਸਨ।
ਹੁਣ ਜਿਸ ਕਸਬੀ ਪੈਲੇਟਵੇ 'ਤੇ ਬਾਗ਼ੀਆਂ ਨੇ ਕਬਜ਼ਾ ਕਰ ਲਿਆ ਹੈ, ਉਹ ਇਸ ਚਿਨ ਸੂਬੇ ਦਾ ਹੈ।












