ਭਾਜਪਾ ਨੇ ਹਰਿਆਣਾ ਦੀਆਂ ਚੋਣਾਂ ਤੋਂ ਪਹਿਲਾਂ ਕੰਗਨਾ ਦੇ ਕਿਸਾਨਾਂ ਬਾਰੇ ਬਿਆਨ ਤੋਂ ਬਣਾਈ ਦੂਰੀ, ਪਾਰਟੀ ਨੇ ਕੰਗਨਾ ਨੂੰ ਕੀ ਚੇਤਾਵਨੀ ਦਿੱਤੀ

ਤਸਵੀਰ ਸਰੋਤ, ANI
ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੇ ਹਾਲ ਵਿੱਚ ਦਿੱਤੇ ਇੱਕ ਬਿਆਨ ਨਾਲੋਂ ਪਾਰਟੀ ਨੂੰ ਵੱਖਰਾ ਕਰ ਲਿਆ ਹੈ।
ਇਸ ਦੇ ਨਾਲ ਹੀ ਪਾਰਟੀ ਨੇ ਕੰਗਨਾ ਨੂੰ ਚੇਤਾਵਨੀ ਵੀ ਦਿੱਤੀ ਹੈ ਅਤੇ ਕਿਹਾ ਹੈ ਕਿ ਕੰਗਨਾ ਰਣੌਤ ਨੀਤੀਗਤ ਮਾਮਲਿਆਂ 'ਤੇ ਬਿਆਨ ਦੇਣ ਲਈ ਅਧਿਕਾਰਤ ਨਹੀਂ ਹੈ।
ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ 'ਚ ਕਿਸਾਨ ਅੰਦੋਲਨ 'ਤੇ ਬਿਆਨ ਦਿੱਤਾ ਅਤੇ ਇਸ ਨੂੰ ਬੰਗਲਾਦੇਸ਼ ਦੀ ਘਟਨਾ ਨਾਲ ਜੋੜਿਆ ਸੀ।
ਕੰਗਨਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਭਾਰਤ ਵਿੱਚ ਚੀਨ ਅਤੇ ਅਮਰੀਕਾ ਵਰਗੀਆਂ ਵਿਦੇਸ਼ੀ ਸ਼ਕਤੀਆਂ ਕੰਮ ਕਰਦੀਆਂ ਹਨ।
ਭਾਜਪਾ ਨੇ ਕੰਗਨਾ ਰਣੌਤ ਨੂੰ ਸਖ਼ਤ ਹਦਾਇਤ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਅਜਿਹਾ ਕੋਈ ਬਿਆਨ ਨਾ ਦੇਣ।
ਭਾਜਪਾ ਦੇ ਕੇਂਦਰੀ ਮੀਡੀਆ ਵਿਭਾਗ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਸੰਸਦ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ 'ਤੇ ਦਿੱਤਾ ਗਿਆ ਬਿਆਨ ਪਾਰਟੀ ਦੀ ਰਾਇ ਨਹੀਂ ਹੈ।

ਕੰਗਨਾ ਦਾ ਬਿਆਨ ਕੀ ਸੀ
ਕੰਗਨਾ ਰਣੌਤ ਇੱਕ ਫਿਲਮ ਅਦਾਕਾਰਾ ਹਨ। ਉਹ ਆਪਣੇ ਬਿਆਨਾਂ ਕਾਰਨ ਕਈ ਵਾਰ ਵਿਵਾਦਾਂ 'ਚ ਵੀ ਰਹੇ ਹਨ। ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਲੋਕ ਸਭਾ ਟਿਕਟ ਦਿੱਤੀ ਸੀ।
ਕੰਗਨਾ ਰਣੌਤ ਲੋਕ ਸਭਾ ਚੋਣਾਂ ਜਿੱਤ ਕੇ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ।
ਕੰਗਨਾ ਰਣੌਤ ਨੇ ਹਾਲ ਹੀ 'ਚ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ, "ਜੋ ਕੁਝ ਬੰਗਲਾਦੇਸ਼ 'ਚ ਹੋਇਆ ਹੈ, ਇਹ ਇੱਥੇ (ਭਾਰਤ) ਹੁੰਦੇ ਵੀ ਦੇਰ ਨਹੀਂ ਲੱਗਦੀ ਜੇਕਰ ਸਾਡੀ ਚੋਟੀ ਦੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ।"
ਕੰਗਨਾ ਨੇ ਬੰਗਲਾਦੇਸ਼ ਵਿੱਚ ਹਾਲ ਹੀ ਦੇ ਅੰਦੋਲਨ ਅਤੇ ਸੱਤਾ ਪਰਿਵਰਤਨ ਨੂੰ ਭਾਰਤ ਵਿੱਚ ਕਿਸਾਨ ਅੰਦੋਲਨ ਨਾਲ ਜੋੜਿਆ ਅਤੇ ਕਿਹਾ, "ਇੱਥੇ ਜੋ ਕਿਸਾਨ ਅੰਦੋਲਨ ਹੋਏ, ਉੱਥੇ ਲਾਸ਼ਾਂ ਲਟਕੀਆਂ ਸਨ, ਉੱਥੇ ਬਲਾਤਕਾਰ ਹੋ ਰਹੇ ਸਨ..."
"ਕਿਸਾਨਾਂ ਦੀ ਇੱਕ ਲੰਬੀ ਯੋਜਨਾ ਸੀ, ਜਿਵੇਂ ਬੰਗਲਾਦੇਸ਼ ਵਿੱਚ ਵਾਪਰਿਆ। ਅਜਿਹੀਆਂ ਸਾਜ਼ਿਸ਼ਾਂ... ਤੁਹਾਨੂੰ ਕੀ ਲੱਗਦਾ ਹੈ ਕਿਸਾਨੋਂ...? ਚੀਨ, ਅਮਰੀਕਾ... ਅਜਿਹੀਆਂ ਵਿਦੇਸ਼ੀ ਤਾਕਤਾਂ ਇੱਥੇ ਕੰਮ ਕਰ ਰਹੀਆਂ ਹਨ।"

ਤਸਵੀਰ ਸਰੋਤ, @ANI/X
ਭਾਜਪਾ ਨੇ ਕੰਗਨਾ ਦੇ ਬਿਆਨ 'ਤੇ ਕਿਹਾ ਹੈ, "ਭਾਜਪਾ ਰਣੌਤ ਦੇ ਬਿਆਨ ਨਾਲ ਅਸਹਿਮਤੀ ਪ੍ਰਗਟਾਉਂਦੀ ਹੈ। ਪਾਰਟੀ ਵੱਲੋਂ ਕੰਗਨਾ ਰਣੌਤ ਨੂੰ ਪਾਰਟੀ ਨੀਤੀਗਤ ਮੁੱਦਿਆਂ 'ਤੇ ਬੋਲਣ ਦੀ ਨਾ ਤਾਂ ਇਜਾਜ਼ਤ ਹੈ ਅਤੇ ਨਾ ਹੀ ਅਧਿਕਾਰ ਹੈ।"
ਭਾਜਪਾ ਨੇ ਕਿਹਾ, "ਭਾਰਤੀ ਜਨਤਾ ਪਾਰਟੀ ਨੇ ਕੰਗਨਾ ਰਣੌਤ ਨੂੰ ਭਵਿੱਖ ਵਿੱਚ ਅਜਿਹਾ ਕੋਈ ਬਿਆਨ ਨਾ ਦੇਣ ਦਾ ਨਿਰਦੇਸ਼ ਦਿੱਤਾ ਹੈ।"
ਪਾਰਟੀ ਨੇ ਅੱਗੇ ਕਿਹਾ, "ਭਾਰਤੀ ਜਨਤਾ ਪਾਰਟੀ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸʼ ਅਤੇ ਸਮਾਜਿਕ ਸਦਭਾਵਨਾ ਦੇ ਸਿਧਾਂਤਾਂ ਦੀ ਪਾਲਣਾ ਕਰਨ ਲਈ ਦ੍ਰਿੜ ਹੈ।"
ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਹੋਏ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਦੇ ਕਈ ਬਿਆਨਾਂ ਨੂੰ ਲੈ ਕੇ ਵਿਵਾਦ ਹੋਇਆ ਹੈ।

ਤਸਵੀਰ ਸਰੋਤ, SM
ਕੰਗਨਾ ਦੇ ਉਹ ਬਿਆਨ ਜਿਨ੍ਹਾਂ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ
ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਦਿੱਲੀ ਆ ਰਹੀ ਕੰਗਨਾ ਰਣੌਤ ਨੂੰ ਮੋਹਾਲੀ ਏਅਰਪੋਰਟ 'ਤੇ ਸੀਆਈਐੱਸਐੱਫ ਦੀ ਇੱਕ ਮਹਿਲਾ ਕਾਂਸਟੇਬਲ ਨੇ ਕਥਿਤ ਤੌਰ 'ਤੇ ਥੱਪੜ ਮਾਰਿਆ ਸੀ।
ਕੁਲਵਿੰਦਰ ਕੌਰ ਨਾਂ ਦੀ ਮਹਿਲਾ ਕਾਂਸਟੇਬਲ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਦੌਰਾਨ ਕੰਗਨਾ ਵੱਲੋਂ ਦਿੱਤੇ ਬਿਆਨ ਤੋਂ ਨਾਰਾਜ਼ ਸੀ।
ਕੰਗਨਾ ਕਿਸਾਨ ਅੰਦੋਲਨ ਦੌਰਾਨ ਅਤੇ ਇਸ ਤੋਂ ਬਾਅਦ ਵੀ ਕਈ ਮੌਕਿਆਂ 'ਤੇ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹੀ ਸੀ।

ਕਿਸਾਨ ਅੰਦੋਲਨਕਾਰੀਆਂ 'ਤੇ ਬਿਆਨ
ਦਸੰਬਰ 2020 ਵਿੱਚ, ਬੀਬੀਸੀ ਨੇ 88 ਸਾਲਾ ਮਹਿਲਾ ਕਿਸਾਨ ਮਹਿੰਦਰ ਕੌਰ ਦੀ ਇੱਕ ਵੀਡੀਓ ਪੋਸਟ ਕੀਤੀ। ਆਪਣੀ ਝੁਕੀ ਹੋਈ ਕਮਰ ਦੇ ਬਾਵਜੂਦ, ਮਹਿੰਦਰ ਝੰਡੇ ਲੈ ਕੇ ਪੰਜਾਬ ਦੇ ਕਿਸਾਨਾਂ ਨਾਲ ਮਾਰਚ ਕਰਦਾ ਦੇਖਿਆ ਗਿਆ ਸੀ।
ਮਹਿੰਦਰ ਕੌਰ ਦੀ ਇਸ ਤਸਵੀਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਤੁਲਨਾ ਸ਼ਾਹੀਨ ਬਾਗ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੀ ਬਿਲਕੀਸ ਦਾਦੀ ਨਾਲ ਵੀ ਕੀਤੀ ਗਈ।
ਉਸ ਸਮੇਂ ਕੰਗਨਾ ਰਣੌਤ ਨੇ ਬਿਲਕੀਸ ਅਤੇ ਮਹਿੰਦਰ ਕੌਰ ਦੋਵਾਂ ਦੀਆਂ ਇਕੱਠੀਆਂ ਤਸਵੀਰਾਂ ਟਵੀਟ ਕਰਕੇ ਤਾਅਨਾ ਮਾਰਿਆ ਸੀ, "ਹਾ ਹਾ। ਇਹ ਉਹੀ ਦਾਦੀ ਹੈ ਜੋ ਟਾਈਮ ਮੈਗਜ਼ੀਨ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਸੀ... ਅਤੇ ਇਹ 100 ਰੁਪਏ ਵਿੱਚ ਉਪਲਬਧ ਹਨ।"
ਸੀਆਈਐੱਸਐੱਫ ਦੀ ਮਹਿਲਾ ਕਾਂਸਟੇਬਲ ਨੇ ਦਾਅਵਾ ਕੀਤਾ ਸੀ ਕਿ ਉਹ ਕੰਗਨਾ ਦੇ ਇਸ ਬਿਆਨ ਤੋਂ ਨਾਰਾਜ਼ ਹੈ ਅਤੇ ਕਿਹਾ ਸੀ ਕਿ ਉਨ੍ਹਾਂ ਦੀ ਮਾਂ ਨੇ ਖ਼ੁਦ ਵੀ ਕਿਸਾਨ ਅੰਦੋਲਨ ਵਿੱਚ ਹਿੱਸਾ ਲਿਆ ਸੀ।
ਰਾਹੁਲ ਗਾਂਧੀ 'ਤੇ ਟਿੱਪਣੀ

ਤਸਵੀਰ ਸਰੋਤ, @Bitt2DA/X
ਜੁਲਾਈ ਦੇ ਮਹੀਨੇ ਸੰਸਦ ਦੇ ਸੈਸ਼ਨ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਿਵ ਅਤੇ ਮਹਾਭਾਰਤ ਦੀ ਕਥਾ ਦੇ ਚੱਕਰਵਿਊ ਦਾ ਜ਼ਿਕਰ ਕੀਤਾ ਸੀ।
ਕੰਗਨਾ ਰਣੌਤ ਨੇ ਰਾਹੁਲ ਗਾਂਧੀ 'ਤੇ ਬਿਆਨ ਦਿੱਤਾ ਸੀ, "ਉਹ ਜਿਸ ਤਰ੍ਹਾਂ ਦੀਆਂ ਪਾਗ਼ਲ ਗੱਲਾਂ ਕਰਦੇ ਹਨ, ਉਨ੍ਹਾਂ ਦਾ ਟੈਸਟ ਹੋਣਾ ਚੀਹੀਦਾ ਹੈ ਕਿ ਕੀ ਉਹ ਕਈ ਡਰੱਗਜ਼ ਲੈਂਦੇ ਹਨ।"
ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਅਜਿਹੇ ਬਿਆਨ ਦਾ ਵੀਡੀਓ ਵੀ ਰੀਪੋਸਟ ਕੀਤਾ ਸੀ।
ਦਿਲਜੀਤ ਅਤੇ ਖ਼ਾਲਿਸਤਾਨ ਦਾ ਵਿਵਾਦ

ਤਸਵੀਰ ਸਰੋਤ, Getty Images
ਮਾਰਚ 2023 ਵਿੱਚ ਕੰਗਨਾ ਵਲੋਂ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਦਿਲਜੀਤ ਦੋਸਾਂਝ ਨੂੰ ਟੈਗ ਕੀਤਾ ਗਿਆ ਸੀ।
ਕੰਗਨਾ ਨੇ ਕਿਹਾ ਕਿ ਕਈ ਪੰਜਾਬ ਸੈਲੇਬਰਿਟੀਜ਼ ਨੂੰ 'ਖ਼ਾਲਿਸਤਾਨ ਵਾਇਰਸ ਵਾਲੀ ਬਿਮਾਰੀ ਹੈ' ਤੇ ਭਾਰਤ ਸਰਕਾਰ ਵਲੋਂ ਉਨ੍ਹਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਸੀ।
ਉਸ ਪੋਸਟ ਨੂੰ ਪੰਜਾਬ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਕਾਰਵਾਈ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।
ਦਿਲਜੀਤ ਦੋਸਾਂਝ ਨੇ ਇਸ ਪੋਸਟ ਦਾ ਜਵਾਬ ਦਿੰਦਿਆਂ ਲਿਖਿਆ, “ਪੰਜਾਬ ਮੇਰਾ ਰਹੇ ਵਸਦਾ’।
ਕੰਗਨਾ ਤੇ ਦਿਲਜੀਤ ਦਰਮਿਆਨ ਸੋਸ਼ਲ ਮੀਡੀਆ ’ਤੇ ਚੱਲ ਰਹੀ ਖਿਚੋਤਾਣ ਤੋਂ ਬਾਅਦ ਮਨੋਰੰਜਨ ਜਗਤ ਦੇ ਕਈ ਲੋਕਾਂ ਨੇ ਕੰਗਨਾ ਦੀ ਅਲੋਚਨਾ ਕੀਤੀ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












