ਕੰਗਨਾ ਰਣੌਤ ਨੂੰ ਕਾਂਸਟੇਬਲ ਵੱਲੋਂ ਚੰਡੀਗੜ੍ਹ ਏਅਰਪੋਰਟ ’ਤੇ ‘ਥੱਪੜ ਮਾਰਨ’ ਦੇ ਮਾਮਲੇ ਵਿੱਚ ਕੀ-ਕੀ ਪਤਾ ਹੈ

ਤਸਵੀਰ ਸਰੋਤ, Kangana Ranaut (Modi Ka Parivar)/X
ਮੰਡੀ ਤੋਂ ਲੋਕ ਸਭਾ ਮੈਂਬਰ ਕੰਗਨਾ ਰਨੌਤ ਨਾਲ ਕਥਿਤ ਤੌਰ ਉੱਤੇ ਚੰਡੀਗੜ੍ਹ ਏਅਰਪੋਰਟ ’ਤੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਚੰਡੀਗੜ੍ਹ ਹਵਾਈ ਅੱਡੇ ਉੱਤੇ ਸੈਂਟਰਲ ਇੰਡਸਟਰੀਅਲ ਸਕਿਓਰਿਟੀ ਫ਼ੋਰਸ (ਸੀਆਈਐੱਸਐੱਫ਼) ਦੀ ਇੱਕ ਕਾਂਸਟੇਬਲ ਰੈਂਕ ਦੀ ਅਧਿਕਾਰੀ ਉੱਤੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਇਲਜ਼ਾਮ ਲਗਿਆ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਿਕ ਇਸ ਮਾਮਲੇ ਵਿੱਚ ਆਗਓਂ ਜਾਂਚ ਲਈ ਸੀਆਈਐੱਸਐੱਫ਼ ਦੇ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਈ ਗਈ ਹੈ।
ਕੰਗਨਾ ਰਣੌਤ ਐੱਨਡੀਏ ਦੀ ਇੱਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਦਿੱਲੀ ਆ ਰਹੇ ਸਨ। ਮੀਟਿੰਗ ਕੱਲ੍ਹ ਪਾਰਲੀਮੈਂਟ ਦੇ ਸੈਂਟਰਲ ਹਾਲ ਵਿੱਚ ਸੱਦੀ ਗਈ ਹੈ।

ਤਸਵੀਰ ਸਰੋਤ, Getty Images
ਕੰਗਨਾ ਨੇ ਕੀ ਕਿਹਾ
ਕੰਗਨਾ ਰਣੌਤ ਨੇ ਇਸ ਮਾਮਲੇ ਉੱਤੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਸੁਰੱਖਿਅਤ ਹੋਣ ਦੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ, “ਮੈਨੂੰ ਮੀਡੀਆ ਤੇ ਸ਼ੁੱਭ ਚਿੰਤਕਾਂ ਦੇ ਫ਼ੋਨ ਆ ਰਹੇ ਹਨ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਬਿਲਕੁਲ ਸੁਰੱਖਿਅਤ ਹਾਂ।”
“ਮੈਂ ਸਕਿਓਰਿਟੀ ਚੈੱਕ ਤੋਂ ਬਾਅਦ ਜਦੋਂ ਦੂਜੇ ਕੈਬਿਨ ਵਿੱਚੋਂ ਗੁਜਰ ਰਹੀ ਸੀ ਤਾਂ ਇੱਕ ਔਰਤ ਜੋ ਕਿ ਸੀਆਈਐੱਸਐੱਫ਼ ਦੀ ਕਾਂਸਟੇਬਲ ਸੀ ਨੇ ਮੇਰੇ ਚਿਹਰੇ ਉੱਤੇ ਹਿੱਟ ਕੀਤਾ।”
ਉਨ੍ਹਾਂ ਕਿਹਾ ਕਿ ਇਹ ਪੁੱਛੇ ਜਾਣ ਉੱਤੇ ਕਿ ਉਸ ਨੇ ਅਜਿਹਾ ਕਿਉਂ ਕੀਤਾ ਮਹਿਲਾ ਦਾ ਜਵਾਬ ਸੀ ਕਿ ਉਹ ਕਿਸਾਨ ਅੰਦੋਲਨ ਦੀ ਹਮਾਇਤ ਕਰਦੀ ਹੈ।
ਕੰਗਨਾ ਨੇ ਕਿਹਾ ਕਿ, “ਮੈਂ ਸੁਰੱਖਿਅਤ ਹਾਂ ਪਰ ਮੇਰੀ ਚਿੰਤਾ ਹੈ ਕਿ ਜੋ ਅੱਤਵਾਦ ਪੰਜਾਬ ਵਿੱਚ ਵੱਧ ਰਿਹਾ ਹੈ ਅਸੀਂ ਉਸ ਨਾਲ ਕਿਵੇਂ ਨਜਿੱਠਾਂਗੇ।”

ਤਸਵੀਰ ਸਰੋਤ, Kangana Ranaut/FB
ਮਹਿਲਾ ਕਾਂਸਟੇਬਲ ਦਾ ਪਿਛੋਕੜ
ਕੰਗਨਾ ਰਨੌਤ ਨੂੰ ਕਥਿਤ ਤੌਰ ਉੱਤੇ ਥੱਪੜ ਮਾਰਨ ਦਾ ਇਲਜ਼ਾਮ ਜਿਸ ਕਾਂਸਟੇਬਲ ਉੱਤੇ ਲਗਿਆ ਹੈ ਉਸ ਦਾ ਨਾਂ ਕੁਲਵਿੰਦਰ ਕੌਰ ਹੈ।
ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕੁਲਵਿੰਦਰ ਦੇ ਭਰਾ ਸ਼ੇਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਬੀਤੇ ਦੋ ਸਾਲ ਤੋਂ ਚੰਡੀਗੜ੍ਹ ਏਅਰਪੋਰਟ ਉੱਤੇ ਤਾਇਨਾਤ ਹੈ ਤੇ ਉਹ 15-16 ਸਾਲ ਤੋਂ ਸੀਆਈਐੱਸਐੱਫ ਵਿੱਚ ਹੈ।
ਸ਼ੇਰ ਸਿੰਘ ਮੁਤਾਬਕ ਕੁਲਵਿੰਦਰ ਦੇ ਪਤੀ ਵੀ ਸੀਆਈਐੱਸਐੱਫ ਵਿੱਚ ਤਾਇਨਾਤ ਹਨ।
ਕੁਲਵਿੰਦਰ ਦੇ ਭਰਾ ਸ਼ੇਰ ਸਿੰਘ ਮਾਲੀਵਾਲ ਨੇ ਦਾਅਵਾ ਕੀਤਾ ਕਿ ਸਕਿਓਰਿਟੀ ਚੈੱਕ ਸਮੇਂ ਕੁਲਵਿੰਦਰ ਤੇ ਕੰਗਨਾ ਰਣੌਤ ਦਰਮਿਆਨ ਬਹਿਸ ਹੋਈ ਹੈ।
ਉਨ੍ਹਾਂ ਕਿਹਾ ਕਿ, “ਅੱਜ ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ। ਸਾਨੂੰ ਵੀ ਮੀਡੀਆ ਜ਼ਰੀਏ ਹੀ ਜਾਣਕਾਰੀ ਮਿਲੀ ਹੈ।”
“ਜਾਂਚ ਵਿੱਚ ਜੋ ਵੀ ਆਵੇਗਾ ਉਹ ਸਾਨੂੰ ਮਨਜ਼ੂਰ ਹੈ।”
ਸ਼ੇਰ ਸਿੰਘ ਖ਼ੁਦ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨਾਲ ਸਬੰਧਿਤ ਹਨ।
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਸੁਣਿਆ ਜਾ ਸਕਦਾ ਹੈ। ਕੁਲਵਿੰਦਰ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਹਿ ਰਹੇ ਹਨ, “ਇਸ ਨੇ ਬਿਆਨ ਦਿੱਤਾ ਸੀ ਕਿ ਸੌ-ਸੌ ਰੁਪਿਆ ਲੈ ਕਿ ਉੱਥੇ ਧਰਨੇ ’ਤੇ ਬੈਠੀਆਂ ਹਨ। ਮੇਰੀ ਮਾਂ ਬੈਠੀ ਸੀ ਉੱਤੇ ਜਦੋਂ ਇਸ ਨੇ ਬਿਆਨ ਦਿੱਤਾ।”
ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਪਰ ਬੀਬੀਸੀ ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।
ਕੁਲਵਿੰਦਰ ਕੌਰ ਕਿਸਾਨ ਅੰਦੋਲਨ ਦੌਰਾਨ ਕੰਗਨਾ ਵੱਲੋਂ ਦਿੱਤੇ ਗਏ ਬਿਆਨਾਂ ਦਾ ਜ਼ਿਕਰ ਕਰ ਰਹੇ ਹਨ।
ਖ਼ਬਰ ਏਜੰਸੀ ਪੀਟੀਆਈ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਰਿਪੋਰਟ ਵਿੱਚ ਲਿਖਿਆ ਹੈ ਕਿ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਐੱਸਪੀ (ਡੀਟੈਕਟਿਵ) ਕੇਐੱਸ ਸੰਧੂ ਨੇ ਦੱਸਿਆ ਕਿ ਜਾਂਚ ਜਾਰੀ ਹੈ ਤੇ ਮਹਿਲਾ ਕਾਂਸਟੇਬਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਮੰਡੀ ਤੋਂ ਸੰਸਦ ਮੈਂਬਰ
ਕੰਗਨਾ ਰਣੌਤ ਨੂੰ ਭਾਜਪਾ ਦੀ ਟਿਕਟ ਉੱਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਜਿੱਤ ਦਰਜ ਕਰਵਾਈ ਹੈ।
ਉਨ੍ਹਾਂ ਨੇ ਕਾਂਗਰਸ ਦੇ ਵਿਕਰਮਾਦਿਤਿਆ ਸਿੰਘ ਨੂੰ 74, 755 ਵੋਟਾਂ ਦੇ ਫ਼ਰਨ ਨਾਲ ਹਰਾਇਆ ਹੈ।
ਮਾਰਚ ਮਹੀਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ 'ਚ ਬਗਲਾਮੁਖੀ ਮੰਦਿਰ 'ਚ ਦਰਸ਼ਨ ਕਰਨ ਗਈ ਕੰਗਨਾ ਨੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ 'ਚ ਕਿਹਾ ਸੀ ਕਿ, 'ਜੇਕਰ ਮੇਰੀ ਮਾਂ ਦੀ ਕ੍ਰਿਪਾ ਹੋਵੇਗੀ ਤਾਂ ਮੈਂ ਮੰਡੀ ਸੰਸਦੀ ਸੀਟ ਤੋਂ ਜ਼ਰੂਰ ਚੋਣ ਲੜਾਂਗੀ।'
ਟਿਕਟ ਮਿਲਣ ਤੋਂ ਬਾਅਦ ਕੰਗਨਾ ਨੇ ਟਵੀਟ ਕੀਤਾ ਸੀ, "ਮੇਰੇ ਪਿਆਰੇ ਭਾਰਤ ਅਤੇ ਭਾਰਤੀ ਲੋਕਾਂ ਦੀ ਆਪਣੀ ਭਾਰਤੀ ਜਨਤਾ ਪਾਰਟੀ ਨੂੰ ਮੈਂ ਹਮੇਸ਼ਾ ਬਿਨਾਂ ਸ਼ਰਤ ਸਮਰਥਨ ਕੀਤਾ ਹੈ। ਅੱਜ ਭਾਜਪਾ ਦੀ ਰਾਸ਼ਟਰੀ ਲੀਡਰਸ਼ਿਪ ਨੇ ਮੈਨੂੰ ਹਿਮਾਚਲ ਪ੍ਰਦੇਸ਼ ਵਿੱਚ ਮੇਰੀ ਜਨਮ ਭੂਮੀ ਮੰਡੀ ਤੋਂ ਆਪਣਾ ਲੋਕ ਸਭਾ ਉਮੀਦਵਾਰ ਬਣਾਇਆ ਹੈ।"
ਤੇ ਹੁਣ ਉਹ ਇਸ ਸੀਟ ਤੋਂ ਸੰਸਦ ਮੈਂਬਰ ਹਨ।
ਕੰਗਨਾ ਪਿਛਲੇ ਕੁਝ ਸਾਲਾਂ 'ਚ ਆਪਣੀਆਂ ਟਿੱਪਣੀਆਂ ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ।

ਤਸਵੀਰ ਸਰੋਤ, Getty Images
ਸਿਆਸੀ ਪ੍ਰਤੀਕਿਰਿਆਵਾਂ
ਕੰਗਨਾ ਨਾਲ ਵਾਪਰੀ ਘਟਨਾ ਤੋਂ ਬਾਅਦ ਲਗਾਤਾਰ ਸਿਆਸੀ ਪ੍ਰਤੀਕਿਰਿਆਵਾਂ ਦਾ ਆਉਣਾ ਜਾਰੀ ਹੈ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਇਸ ਘਟਨਾ ਉੱਤੇ ਪ੍ਰਤੀਕਿਰਿਆ ਦਿੰਦੇ ਕਿਹਾ ਹੈ ਕਿ ਜੇ ਸੁਰੱਖਿਆ ਵਿੱਚ ਤਾਇਨਾਤ ਮੁਲਾਜ਼ਮ ਵੱਲੋਂ ਇਸ ਤਰੀਕੇ ਦੀ ਹਰਕਤ ਕੀਤੀ ਜਾਂਦੀ ਹੈ ਤਾਂ ਇਹ ਮੰਦਭਾਗਾ ਹੈ।
ਨਾਇਬ ਸੈਣੀ ਨੇ ਕਿਹਾ ਕਿ ਕੰਗਨਾ ਨਾਲ ਅਜਿਹਾ ਸਲੂਕ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਕਰਨਾਲ ਤੋਂ ਲੋਕ ਸਭਾ ਮੈਂਬਰ ਮਨੋਹਰ ਲਾਲ ਖੱਟਰ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਹੈ।
ਉਨ੍ਹਾਂ ਕਿਹਾ, “ਸੁਰੱਖਿਆ ਏਜੰਸੀਆਂ ਦਾ ਕੰਮ ਸੁਰੱਖਿਆ ਦਾ ਹੁੰਦਾ ਹੈ। ਉਨ੍ਹਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਜਨ ਭਾਵਨਾ ਦੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਹੈ। ਸਾਨੂੰ ਉਮੀਦ ਹੈ ਕਿ ਸੀਆਈਐੱਸਐੱਫ ਵਿਭਾਗੀ ਕਾਰਵਾਈ ਕਰੇਗੀ।”
ਮੰਡੀ ਹਲਕੇ ਤੋਂ ਕੰਗਨਾ ਤੋਂ ਹਾਰੇ ਕਾਂਗਰਸੀ ਆਗੂ ਵਿਕਰਮਾਦਿਤਿਆ ਸਿੰਘ ਨੇ ਕਿਹਾ, "ਇਹ ਬਹੁਤ ਮੰਦਭਾਗਾ ਹੈ। ਅਜਿਹਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ, ਖ਼ਾਸ ਤੌਰ 'ਤੇ ਇੱਕ ਔਰਤ ਨਾਲ ਜੋ ਹੁਣ ਸੰਸਦ ਦੀ ਮੈਂਬਰ ਹੈ। ਕਿਸਾਨਾਂ ਦੇ ਵਿਰੋਧ ਨੂੰ ਲੈ ਕੇ ਸੀਆਈਐੱਸਐੱਫ ਕਾਂਸਟੇਬਲ ਦੀਆਂ ਕੁਝ ਸ਼ਿਕਾਇਤਾਂ ਸਨ ਪਰ ਕਿਸੇ ਦੀ ਇਸ ਤਰ੍ਹਾਂ ਕੁੱਟਮਾਰ ਕਰਨਾ ਮੰਦਭਾਗਾ ਹੈ।”
“ਅਸੀਂ ਇਸ ਦੀ ਨਿਖੇਧੀ ਕਰਦੇ ਹਾਂ ਅਤੇ ਸਰਕਾਰ ਨੂੰ ਇਸ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।"

ਤਸਵੀਰ ਸਰੋਤ, Getty Images
ਇਸ ਉੇੱਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ,“ਕੰਗਨਾ ਰਣੌਤ ਵੱਲੋਂ ਲਗਾਤਾਰ ਪੰਜਾਬ ਅਤੇ ਪੰਜਾਬੀਆਂ ਨੂੰ ਨਿਸ਼ਾਨੇ ਉੱਤੇ ਲੈ ਕੇ ਨਫ਼ਰਤੀ ਸੋਚ ਦਾ ਪ੍ਰਗਟਾਵਾ ਕਰਨਾ ਬੇਹੱਦ ਮੰਦਭਾਗਾ ਅਤੇ ਦੁਖਦਾਈ ਹੈ।”
“ਚੰਡੀਗੜ੍ਹ ਦੇ ਹਵਾਈ ਅੱਡੇ ’ਤੇ ਇੱਕ ਪੰਜਾਬੀ ਸੁਰੱਖਿਆ ਕਰਮੀ ਨਾਲ ਹੋਈ ਬਹਿਸਬਾਜੀ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਕੰਗਨਾ ਰਣੌਤ ਵੱਲੋਂ ਪੰਜਾਬੀਆਂ ਵਿਰੁੱਧ ਨਫ਼ਰਤੀ ਟਿੱਪਣੀ ਕਰਨਾ ਉਸਦੀ ਪੰਜਾਬ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ।”
“ਕੰਗਨਾ ਰਣੌਤ ਦਾ ਇਹ ਕਹਿਣਾ ਕਿ ਪੰਜਾਬ ਵਿੱਚ ਅਤਿਵਾਦ ਵਧ ਰਿਹਾ ਹੈ, ਇਹ ਉਸਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ, ਜਦਕਿ ਸੱਚ ਇਹ ਹੈ ਕਿ ਉਸ ਦੀ ਆਪਣੀ ਜਬਾਨ ਰਾਹੀਂ ਫੈਲਾਇਆ ਜਾ ਰਿਹਾ ਅਤਿਵਾਦ ਦੇਸ਼ ਦੇ ਮਹੌਲ ਨੂੰ ਦੂਸ਼ਿਤ ਕਰ ਰਿਹਾ ਹੈ। ਕੰਗਨਾ ਰਣੌਤ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਅੱਜ ਦੇਸ਼ ਦਾ ਬਹੁ-ਕੌਮੀ ਤੇ ਬਹੁ-ਭਾਸ਼ਾਈ ਸੱਭਿਆਚਾਰ ਜਿੰਦਾ ਹੈ ਤਾਂ ਉਸ ਪਿੱਛੇ ਪੰਜਾਬੀਆਂ ਦੀਆਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਹਨ।”
“ਚੰਡੀਗੜ੍ਹ ਦੇ ਹਵਾਈ ਅੱਡੇ ਉੱਤੇ ਵਾਪਰੀ ਘਟਨਾ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਕਿਤੇ ਇਸ ਵਿੱਚ ਵੀ ਕੰਗਨਾ ਰਣੌਤ ਵੱਲੋਂ ਪੰਜਾਬ ਵਿਰੁੱਧ ਨਫ਼ਰਤੀ ਮਹੌਲ ਸਿਰਜਣ ਲਈ ਕੋਈ ਸ਼ਰਾਰਤੀ ਬਹਿਸਬਾਜੀ ਤਾਂ ਨਹੀਂ ਕੀਤੀ ਗਈ। ਕੇਂਦਰੀ ਸਰੁੱਖਿਆ ਬਲ ਵੱਲੋਂ ਕੀਤੀ ਜਾਣ ਵਾਲੀ ਜਾਂਚ ਬਿਨਾਂ ਕਿਸੇ ਦੇ ਸਿਆਸੀ ਤੇ ਸਖ਼ਸ਼ੀ ਪ੍ਰਭਾਵ ਤੋਂ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਨਾਲ ਅਨਿਆ ਨਾ ਹੋਵੇ।”

ਤਸਵੀਰ ਸਰੋਤ, Getty Images
ਕੰਗਨਾ ਦੇ ਕਿਸਾਨਾਂ ਬਾਰੇ ਵਿਵਾਦਿਤ ਬਿਆਨ
ਸਾਲ 2020 ਵਿੱਚ ਦੇਸ਼ ਭਰ ਦੇ ਕਿਸਾਨਾ ਵੱਲੋਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸਾਲ ਭਰ ਚੱਲੇ ਅੰਦੋਲਨ ਦੌਰਾਨ ਵੀ ਕੰਗਨਾ ਆਪਣੇ ਬਿਆਨਾਂ ਕਰਕੇ ਵਿਵਾਦਾਂ ਵਿੱਚ ਰਹੀ ਸੀ।
ਸਤੰਬਰ 2020 ਵਿੱਚ ਉਨ੍ਹਾਂ ਨੇ ਮੁਜ਼ਾਹਰਾਕਾਰੀ ਕਿਸਾਨਾਂ ਬਾਰੇ ਇੱਕ ਟਵੀਟ ਵਿੱਚ ਲਿਖਿਆ ਸੀ, “ਉਹ ਲੋਕ ਜੋ ਸੀਏਏ ਬਾਰੇ ਗ਼ਲਤ ਜਾਣਕਾਰੀ ਅਤੇ ਅਫ਼ਵਾਹਾਂ ਫੈਲਾਅ ਰਹੇ ਸਨ, ਜਿਨ੍ਹਾਂ ਕਾਰਨ ਦੰਗੇ ਹੋਏ, ਉਹੀ ਲੋਕ ਹੁਣ ਕਿਸਾਨ ਬਿੱਲ ਬਾਰੇ ਗ਼ਲਤ ਜਾਣਕਾਰੀ ਫੈਲਾਅ ਰਹੇ ਹਨ।”
“ਦੇਸ਼ ਵਿੱਚ ਦਹਿਸ਼ਤ ਪੈਦਾ ਕਰ ਰਹੇ ਹਨ, ਉਹ 'ਅੱਤਵਾਦੀ' ਹਨ। ਤੁਸੀਂ ਜਾਣਦੇ ਹੋ ਕਿ ਮੈਂ ਕੀ ਕਿਹਾ ਪਰ ਗ਼ਲਤ ਜਾਣਕਾਰੀ ਫੈਲਾਉਣਾ ਕੁਝ ਲੋਕਾਂ ਨੂੰ ਪਸੰਦ ਹੈ।"
ਇਸ ਤੋਂ ਬਾਅਦ ਕੰਗਨਾ ਨੇ ਫਿਰ ਟਵੀਟ ਕੀਤਾ ਅਤੇ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਜੇ ਕੋਈ ਸਾਬਤ ਕਰਦਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਨੂੰ 'ਅੱਤਵਾਦੀ' ਕਿਹਾ ਹੈ ਤਾਂ ਉਹ ਟਵਿੱਟਰ ਡਿਲੀਟ ਕਰ ਦੇਵੇਗੀ।
ਕੰਗਨਾ ਨੇ ਪਹਿਲੇ ਟਵੀਟ ਤੋਂ ਬਾਅਦ ਆਪਣੀ ਸਫਾਈ ਵਿਚ ਦੋ ਟਵੀਟ ਕੀਤੇ। ਹਾਲਾਂਕਿ, ਉਨ੍ਹਾਂ ਨੇ ਪਹਿਲਾ ਟਵੀਟ ਡਿਲੀਟ ਨਹੀਂ ਕੀਤਾ ਸੀ।
ਕੰਗਨਾ ਆਪਣੇ ਕਹੀ 'ਤੇ ਅੜੇ ਰਹੇ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਖੇਤੀ ਬਿੱਲ ਬਾਰੇ ਅਫਵਾਹਾਂ ਫ਼ੈਲਾਉਣ ਵਾਲਿਆਂ ਨੂੰ 'ਅੱਤਵਾਦੀ' ਕਿਹਾ ਹੈ ਨਾ ਕਿ ਕਿਸਾਨਾਂ ਨੂੰ।

ਤਸਵੀਰ ਸਰੋਤ, Getty Images
ਦਿਲਜੀਤ ਨੂੰ ਟੈਗ ਕਰਕੇ ਖ਼ਾਲਿਸਤਾਨ ਦਾ ਜ਼ਿਕਰ
ਮਾਰਚ 2023 ਵਿੱਚ ਕੰਗਨਾ ਵਲੋਂ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਦਿਲਜੀਤ ਦੋਸਾਂਝ ਨੂੰ ਟੈਗ ਕੀਤਾ ਗਿਆ ਸੀ।
ਕੰਗਨਾ ਨੇ ਕਿਹਾ ਕਿ ਕਈ ਪੰਜਾਬ ਸੈਲੇਬਰਿਟੀਜ਼ ਨੂੰ 'ਖ਼ਾਲਿਸਤਾਨ ਵਾਇਰਸ ਵਾਲੀ ਬਿਮਾਰੀ ਹੈ' ਤੇ ਭਾਰਤ ਸਰਕਾਰ ਵਲੋਂ ਉਨ੍ਹਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਸੀ।
ਉਸ ਪੋਸਟ ਨੂੰ ਪੰਜਾਬ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਕਾਰਵਾਈ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।
ਦਿਲਜੀਤ ਦੋਸਾਂਝ ਨੇ ਇਸ ਪੋਸਟ ਦਾ ਜਵਾਬ ਦਿੰਦਿਆਂ ਲਿਖਿਆ, “ਪੰਜਾਬ ਮੇਰਾ ਰਹੇ ਵਸਦਾ’।
ਕੰਗਨਾ ਤੇ ਦਿਲਜੀਤ ਦਰਮਿਆਨ ਸੋਸ਼ਲ ਮੀਡੀਆ ’ਤੇ ਚੱਲ ਰਹੀ ਖਿਚੋਤਾਣ ਤੋਂ ਬਾਅਦ ਮਨੋਰੰਜਨ ਜਗਤ ਦੇ ਕਈ ਲੋਕਾਂ ਨੇ ਕੰਗਨਾ ਦੀ ਅਲੋਚਨਾ ਕੀਤੀ।
ਇੱਕ ਹੋਰ ਪੋਸਟ 'ਚ ਕੰਗਨਾ ਨੇ ਲਿਖਿਆ, ‘ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲੇ ਸਾਰੇ ਯਾਦ ਰੱਖਣ, ਪੁਲਿਸ ਆ ਚੁੱਕੀ ਹੈ, ਇਹ ਉਹ ਸਮਾਂ ਨਹੀਂ ਹੈ, ਜਦੋਂ ਕੋਈ ਕੁਝ ਵੀ ਕਰਦਾ ਸੀ, ਦੇਸ਼ ਨਾਲ ਗੱਦਾਰੀ ਜਾਂ ਟੁਕੜੇ-ਟੁਕੜੇ ਕਰਨ ਦੀ ਕੋਸ਼ਿਸ਼ ਹੁਣ ਮਹਿੰਗੀ ਪਵੇਗੀ।’
ਇਸ ਪੋਸਟ ਵਿੱਚ ਕੰਗਨਾ ਨੇ ਹਥਕੜੀ ਦੇ ਨਾਲ-ਨਾਲ ਇੱਕ ਮਹਿਲਾ ਪੁਲਿਸ ਕਰਮੀ ਦਾ ਸਟਿੱਕਰ ਵੀ ਲਗਾਇਆ ਹੈ।

ਤਸਵੀਰ ਸਰੋਤ, Kangana Ranaut/FB
ਵਿਵਾਦਤ ਬੋਲ ਅਤੇ ਭਾਜਪਾ ਦਾ ਸਮਰਥਨ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕੰਗਨਾ ਰਣੌਤ ਦੇ ਤੇਵਰ ਹੋਰ ਸਖਤ ਹੋ ਗਿਆ ਹੈ।
ਉਨ੍ਹਾਂ ਨੇ ਪੂਰੀ ਫਿਲਮ ਇੰਡਸਟਰੀ ਨੂੰ ਸਖ਼ਤ ਹੱਥੀਂ ਲਿਆ। ਇਕ ਵਾਰ ਫਿਰ ਕੰਗਨਾ ਨੇ ਨੈਪੋਟਿਜ਼ਮ ਅਤੇ 'ਫਿਲਮ ਮਾਫੀਆ' ਦਾ ਮੁੱਦਾ ਉਠਾਇਆ।
ਕਰਨ ਜੌਹਰ ਹੋਵੇ ਜਾਂ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ ਅਤੇ ਆਮਿਰ ਖਾਨ, ਸਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਇੰਨਾ ਹੀ ਨਹੀਂ, ਉਨ੍ਹਾਂ ਦੀ ਲੜਾਈ ਮਹੇਸ਼ ਭੱਟ ਨਾਲ ਵੀ ਹੋਈ ਜਿਨ੍ਹਾਂ ਨੇ ਕੰਗਨਾ ਨੂੰ ਪਹਿਲਾ ਮੌਕਾ ਦਿੱਤਾ ਅਤੇ ਉਨ੍ਹਾਂ ਨੂੰ ਗੈਂਗਸਟਰ, ਵੋਹ ਲਮਹੇ ਅਤੇ ਰਾਜ਼-3 ਵਰਗੀਆਂ ਸਫ਼ਲ ਫਿਲਮਾਂ ਦਾ ਹਿੱਸਾ ਬਣਾਇਆ।
ਸੁਸ਼ਾਂਤ ਦੀ ਮੌਤ ਦਾ ਰਹੱਸ ਸਾਹਮਣੇ ਆਉਣ 'ਤੇ ਕੰਗਨਾ ਨੇ ਕਿਹਾ ਕਿ ਬਾਲੀਵੁੱਡ 'ਚ 99 ਫੀਸਦੀ ਲੋਕ ਨਸ਼ਾ ਕਰਦੇ ਹਨ।
ਪਿਛਲੇ ਕੁਝ ਸਮੇਂ ਤੋਂ ਕੰਗਨਾ ਫਿਲਮ ਇੰਡਸਟਰੀ ਦੇ ਹਰ ਮੁੱਦੇ 'ਤੇ ਤਾਂ ਸਾਹਮਣੇ ਆਉਂਦੀ ਰਹੀ ਹੈ, ਇਸ ਦੇ ਨਾਲ ਹੀ ਦੇਸ਼ ਦੇ ਮੁੱਦਿਆਂ 'ਤੇ ਵੀ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ ਦਿੰਦੀ ਨਜ਼ਰ ਆਉਂਦੀ ਹੈ।
ਕੰਗਨਾ ਦੇ ਇਹ ਬਿਆਨ ਪੂਰੀ ਤਰ੍ਹਾਂ ਮੋਦੀ ਸਰਕਾਰ ਦੇ ਸਮਰਥਨ 'ਚ ਨਜ਼ਰ ਆਉਂਦੇ ਰਹੇ ਹਨ।
ਕਈ ਵਾਰ ਕੰਗਨਾ ਭਾਸ਼ਾ ਦੀਆਂ ਹੱਦਾਂ ਵੀ ਤੋੜਦੀ ਨਜ਼ਰ ਆਈ ਹੈ।
ਦਿੱਲੀ ਦੰਗਿਆਂ 'ਤੇ ਕੰਗਨਾ ਦੀ ਭੈਣ ਰੰਗੋਲੀ ਦੇ ਟਵਿੱਟਰ ਹੈਂਡਲ ਰਾਹੀਂ ਟਵੀਟ ਕਰ ਕੇ ਕਿਹਾ ਸੀ, "ਦਿੱਲੀ ਨੂੰ ਸੀਰੀਆ ਬਣਾ ਦਿੱਤਾ। ਇਨ੍ਹਾਂ ਬਾਲੀਵੁਡ ਜੇਹਾਦੀਆਂ ਦੇ ਸੀਨੇ 'ਚ ਠੰਢ ਪੈ ਗਈ। ਕੀੜਿਆਂ ਵਾਂਗ ਮਸਲ ਦਿਓ ਇਨ੍ਹਾਂ ਨੂੰ।"
ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ 'ਚ ਵੀ ਕੰਗਣਾ ਨੇ ਮਹਾਰਾਸ਼ਟਰ ਸਰਕਾਰ 'ਤੇ ਨਿਸ਼ਾਨਾ ਸਾਧਿਆ, ਜੋ ਕਾਂਗਰਸ, ਐੱਨਸੀਪੀ ਅਤੇ ਸ਼ਿਵ ਸੈਨਾ ਦੀ ਗੱਠਜੋੜ ਸਰਕਾਰ ਸੀ।
ਕੰਗਨਾ ਨੇ ਮੁੰਬਈ ਨੂੰ 'ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ' ਵੀ ਕਿਹਾ, ਜਿਸ 'ਤੇ ਸਿਆਸਤ ਵੀ ਤੇਜ਼ ਹੋ ਗਈ। ਭਾਜਪਾ ਤੇ ਸ਼ਿਵ ਸੈਨਾ ਆਹਮੋ-ਸਾਹਮਣੇ ਹੋ ਗਏ।
ਭਾਜਪਾ ਖੁੱਲ੍ਹ ਕੇ ਕੰਗਨਾ ਦੇ ਸਮਰਥਨ 'ਚ ਆਈ ਅਤੇ ਕੰਗਨਾ ਨੂੰ ਵਾਈ ਪਲੱਸ ਸੁਰੱਖਿਆ ਵੀ ਦਿੱਤੀ ਸੀ। ਇਸ ਤੋਂ ਬਾਅਦ ਹੀ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਜਲਦ ਹੀ ਭਾਜਪਾ 'ਚ ਸ਼ਾਮਲ ਹੋ ਜਾਵੇਗੀ।
ਨਰਿੰਦਰ ਮੋਦੀ ਸਰਕਾਰ ਵਿੱਚ ਰਾਜ ਮੰਤਰੀ ਅਤੇ ਰਾਜ ਸਭਾ ਮੈਂਬਰ, ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਪ੍ਰਧਾਨ ਰਾਮਦਾਸ ਅਠਾਵਲੇ ਨੇ ਪਹਿਲਾਂ ਹੀ ਕਿਹਾ ਸੀ ਕਿ ਭਾਜਪਾ ਕੰਗਨਾ ਰਣੌਤ ਦਾ ਸਵਾਗਤ ਕਰੇਗੀ।
ਤੇ ਹੁਣ ਉਹ ਭਾਜਪਾ ਦੇ ਸੰਸਦ ਮੈਂਬਰ ਹਨ।

ਤਸਵੀਰ ਸਰੋਤ, FB/KANGANA
ਕੰਗਨਾ ਦਾ ਬਾਲੀਵੁੱਡ ਨਾਲ ਰਿਸ਼ਤਾ
ਕੰਗਨਾ ਰਣੌਤ ਹਿੰਦੀ ਫਿਲਮ ਇੰਡਸਟਰੀ ਦਾ ਇੱਕ ਅਜਿਹਾ ਨਾਮ ਹੈ ਜੋ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ, ਕਦੇ ਵਿਵਾਦਾਂ ਕਾਰਨ, ਕਦੇ ਆਪਣੀ ਠੋਸ ਅਦਾਕਾਰੀ ਕਰਕੇ ਅਤੇ ਕਦੇ ਲੜਾਈਆਂ ਕਾਰਨ।
ਹਿਮਾਚਲ ਪ੍ਰਦੇਸ਼ ਵਿੱਚ ਪੈਦਾ ਹੋਈ ਕੰਗਨਾ ਨੇ ਜਦੋਂ ਐਕਟਿੰਗ ਕਰਨ ਬਾਰੇ ਸੋਚਿਆ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ ਵਿੱਚ ਥੀਏਟਰ ਡਾਇਰੈਕਟਰ ਅਰਵਿੰਦ ਗੌੜ ਤੋਂ ਅਦਾਕਾਰੀ ਦੇ ਗੁਰ ਸਿੱਖੇ ਅਤੇ ਫਿਰ ਮੁੰਬਈ ਚਲੀ ਗਈ।
ਮੁੰਬਈ ਆਉਣ ਤੋਂ ਬਾਅਦ ਕੰਗਨਾ ਦਾ ਸੰਘਰਸ਼ ਸ਼ੁਰੂ ਹੋ ਗਿਆ ਪਰ ਉਨ੍ਹਾਂ ਨੂੰ ਆਦਿਤਿਆ ਪੰਚੋਲੀ ਦਾ ਸਾਥ ਮਿਲਿਆ। ਉਨ੍ਹਾਂ ਦੀ ਦੋਸਤੀ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ ਅਤੇ ਕੰਗਨਾ ਨੂੰ ਆਦਿਤਿਆ ਪੰਚੋਲੀ ਦੀ ਗਰਲਫਰੈਂਡ ਕਿਹਾ ਜਾਂਦਾ ਸੀ।
ਆਪਣੀ ਮੰਜ਼ਿਲ ਦੀ ਭਾਲ ਵਿਚ ਕੰਗਨਾ ਦੀ ਮੁਲਾਕਾਤ ਫਿਲਮ ਨਿਰਮਾਤਾ ਮਹੇਸ਼ ਭੱਟ ਨਾਲ ਹੋਈ, ਜਿਨ੍ਹਾਂ ਨੇ ਉਨ੍ਹਾਂ ਨੂੰ 2006 ਵਿਚ ਅਨੁਰਾਗ ਬਾਸੂ ਦੁਆਰਾ ਨਿਰਦੇਸ਼ਿਤ ਫਿਲਮ 'ਗੈਂਗਸਟਰ' ਵਿਚ ਮੁੱਖ ਭੂਮਿਕਾ ਦਿੱਤੀ।
ਇਸ ਪਹਿਲੀ ਫਿਲਮ ਦੇ ਕਿਰਦਾਰ ਨੇ ਕੰਗਨਾ ਨੂੰ ਲਾਈਮਲਾਈਟ ਵਿੱਚ ਲਿਆ ਖੜ੍ਹਾ ਕੀਤਾ।
ਕੰਗਨਾ ਨੇ ਆਪਣੀ ਪਹਿਲੀ ਫਿਲਮ 'ਚ ਇੰਨੀ ਵਧੀਆ ਅਦਾਕਾਰੀ ਕੀਤੀ ਕਿ ਉਨ੍ਹਾਂ ਨੂੰ ਨਾ ਸਿਰਫ਼ ਤਾਰੀਫ਼ ਮਿਲੀ, ਸਗੋਂ ਉਨ੍ਹਾਂ ਨੂੰ ਫਿਲਮਫੇਅਰ ਬੈਸਟ ਡੈਬਿਊ ਐਵਾਰਡ ਵੀ ਮਿਲਿਆ।
ਇੱਥੋਂ ਕੰਗਨਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।












