ਕੰਗਨਾ ਰਣੌਤ ਦੇ ਇਲਜ਼ਾਮਾਂ ਬਾਰੇ ਕਾਂਸਟੇਬਲ ਦਾ ਪਰਿਵਾਰ ਕੀ ਕਹਿੰਦਾ ਹੈ, ਜਾਣੋ ਕੰਗਨਾ ਕਦੋਂ-ਕਦੋਂ ਵਿਵਾਦਾਂ ਵਿੱਚ ਘਿਰੇ

ਕੰਗਨਾ ਰਣੌਤ

ਤਸਵੀਰ ਸਰੋਤ, Getty Images

ਮੰਡੀ ਤੋਂ ਲੋਕ ਸਭਾ ਮੈਂਬਰ ਚੁਣੀ ਗਈ ਕੰਗਨਾ ਰਣੌਤ ਨਾਲ ਚੰਡੀਗੜ੍ਹ ਏਅਰਪੋਰਟ ਉੱਤੇ ਕਥਿਤ ਬਦਸਲੂਕੀ ਦੀ ਘਟਨਾ ਤੋਂ ਬਾਅਦ ਕਈ ਤਰ੍ਹਾਂ ਦੇ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਹਨ।

ਚੰਡੀਗੜ੍ਹ ਹਵਾਈ ਅੱਡੇ ਉੱਤੇ ਸੈਂਟਰਲ ਇੰਡਸਟਰੀਅਲ ਸਕਿਓਰਿਟੀ ਫ਼ੋਰਸ (ਸੀਆਈਐੱਸਐੱਫ਼) ਦੀ ਇੱਕ ਕਾਂਸਟੇਬਲ ਰੈਂਕ ਦੀ ਅਧਿਕਾਰੀ ਉੱਤੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਇਲਜ਼ਾਮ ਲੱਗਿਆ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਇਸ ਮਾਮਲੇ ਵਿੱਚ ਅਗਾਓਂ ਜਾਂਚ ਲਈ ਸੀਆਈਐੱਸਐੱਫ਼ ਦੇ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਈ ਗਈ ਹੈ।

ਵੀਰਵਾਰ ਨੂੰ ਕੰਗਨਾ ਰਣੌਤ ਐੱਨਡੀਏ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਦਿੱਲੀ ਆ ਰਹੇ ਸਨ ਜਦੋਂ ਸੀਆਈਐੱਸਐੱਫ ਸਟਾਫ ਵੱਲੋਂ ਕਥਿਤ ਤੌਰ 'ਤੇ ਕੰਗਨਾ ਨੂੰ ਥੱਪੜ ਮਾਰਨ ਦੀ ਖਬਰ ਆਈ। ਇਸ ਬਾਰੇ ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵੀ ਦੱਸਿਆ।

ਉਨ੍ਹਾਂ ਵੱਲੋਂ ਦਿੱਤੇ ਇੱਕ ਬਿਆਨ ਨੂੰ ਲੈ ਕੇ ਕਾਫੀ ਵਿਵਾਦ ਛਿੜ ਗਿਆ।

ਕੰਗਨਾ ਨੇ ਕਿਹਾ ਕਿ, “ਮੈਂ ਸੁਰੱਖਿਅਤ ਹਾਂ ਪਰ ਮੇਰੀ ਚਿੰਤਾ ਹੈ ਕਿ ਜੋ ਅੱਤਵਾਦ ਪੰਜਾਬ ਵਿੱਚ ਵੱਧ ਰਿਹਾ ਹੈ ਅਸੀਂ ਉਸ ਨਾਲ ਕਿਵੇਂ ਨਜਿੱਠਾਂਗੇ।”

ਬਠਿੰਡਾ ਤੋਂ ਅਕਾਲੀ ਦਲ ਦੀ ਟਿਕਟ ਉੱਤੇ ਸਾਂਸਦ ਚੁਣੀ ਗਏ ਹਰਸਿਮਰਤ ਕੌਰ ਬਾਦਲ ਨੇ ਇਸ ਬਾਰੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ।

ਉਨ੍ਹਾਂ ਨੇ ਲਿਖਿਆ, “ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਅਨਸਰਾਂ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਲਿਖਿਆ, "ਮੈਂ ਸੰਘੀ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਕਿਸਾਨਾਂ ਦੇ ਦੁੱਖਾਂ ਅਤੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਉੱਤੇ ਧਿਆਨ ਦੇਵੇ। ਕਿਸੇ ਨੂੰ ਵੀ ਪੰਜਾਬੀਆਂ ਨੂੰ ਅੱਤਵਾਦੀ ਜਾਂ ਉੱਗਰਵਾਦੀ ਵਜੋਂ ਲੇਬਲ ਕਰਨ ਅਤੇ ਫਿਰਕੂ ਫੁੱਟ ਪਾਉਣ ਦੀ ਆਗਿਆ ਨਹੀਂ ਹੋਣੀ ਚਾਹੀਦੀ। ਪੰਜਾਬੀ ਸਭ ਤੋਂ ਜ਼ਿਆਦਾ ਦੇਸ ਭਗਤ ਹਨ ਜੋ ਸਰਹੱਦਾਂ ਉੱਤੇ ਦੇਸ ਦੀ ਸੇਵਾ ਕਰ ਰਹੇ ਹਨ ਅਤੇ ਅੰਨ ਦਾਤੇ ਹਨ। ਅਸੀਂ ਬਿਹਤਰ ਦੇ ਹੱਕਦਾਰ ਹਾਂ।”

ਕੰਗਨਾ ਰਣੌਤ

ਤਸਵੀਰ ਸਰੋਤ, KANGANA RANAUT (MODI KA PARIVAR)/X

ਤਸਵੀਰ ਕੈਪਸ਼ਨ, ਘਟਨਾ ਤੋਂ ਬਾਅਦ ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਮੈਸਜ ਵਿੱਛ ਦਿੱਸਿਆ ਕਿ ਉਹ ਸੁਰੱਖਿਅਤ ਹਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਐਕਸ (ਪਹਿਲਾਂ ਟਵਿੱਟਰ) ਉੱਤੇ ਇਸ ਬਾਰੇ ਲੰਬਾ ਬਿਆਨ ਸਾਂਝਾ ਕੀਤਾ।

ਉਨ੍ਹਾਂ ਕਿਹਾ, “ਕੰਗਨਾ ਰਣੌਤ ਵੱਲੋਂ ਲਗਾਤਾਰ ਪੰਜਾਬ ਅਤੇ ਪੰਜਾਬੀਆਂ ਨੂੰ ਨਿਸ਼ਾਨੇ ਉੱਤੇ ਲੈ ਕੇ ਨਫ਼ਰਤੀ ਸੋਚ ਦਾ ਪ੍ਰਗਟਾਵਾ ਕਰਨਾ ਬੇਹੱਦ ਮੰਦਭਾਗਾ ਅਤੇ ਦੁਖਦਾਈ ਹੈ।”

ਮਹਿਲਾ ਪਹਿਲਵਾਨ ਨਾਲ ਜਿਣਸੀ ਸ਼ੋਸ਼ਣ ਖਿਲਾਫ਼ ਸੰਘਰਸ਼ ਦੇ ਸਾਥੀ ਰਹੇ ਪਹਿਲਵਾਨ ਬਜਰੰਗ ਪੁਨੀਆਂ ਨੇ ਐਕਸ ਉੱਤੇ ਲਿਖਿਆ, “ਜਦੋਂ ਮਹਿਲਾ ਕਿਸਾਨਾਂ ਲਈ ਅਨਾਪ-ਸ਼ਨਾਪ ਬੋਲਿਆ ਜਾ ਰਿਹਾ ਸੀ ਉਦੋ ਕਿੱਥੇ ਸਨ ਇਹ ਨੈਤਿਕਤਾ ਪੜ੍ਹਾਉਣ ਵਾਲੇ ਲੋਕ! ਹੁਣ ਸ਼ਾਂਤੀ ਦਾ ਪਾਠ ਪੜ੍ਹਾਉਣ ਆ ਗਏ। ਸਰਕਾਰੀ ਜ਼ੁਲਮ ਨਾਲ ਕਿਸਾਨ ਮਾਰੇ ਗਏ, ਉਸ ਸਮੇਂ ਇਹ ਸ਼ਾਂਤੀ ਦਾ ਪਾਠ ਪੜ੍ਹਾਉਣਾ ਸੀ ਸਰਕਾਰ ਨੂੰ!”

ਸੀਨੀਅਰ ਪੱਤਰਕਾਰ ਗਗਨਦੀਪ ਸਿੰਘ ਨੇ ਆਪਣੇ ਐਕਸ ਹੈਂਡਲ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ ਮੁਹਾਲੀ ਦੇ ਵਪਾਰੀ ਸ਼ਿਵਰਾਜ ਸਿੰਘ ਬੈਂਸ ਨੇ ਸੀਆਈਐੱਸਐੱਫ਼ ਦੀ ਕਾਂਸਟੇਬਲ ਜਿਨ੍ਹਾਂ ਨੇ ਕੰਗਨਾ ਰਣੌਤ ਨੂੰ ਥੱਪੜ ਮਾਰਿਆ, ਨੂੰ ਇੱਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਪੰਜਾਬ ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਘਟਨਾਕ੍ਰਮ ਉੱਤੇ ਬਿਆਨ ਜਾਰੀ ਕੀਤਾ ਹੈ।

ਉਨ੍ਹਾਂ ਨੇ ਫੇਸਬੁੱਕ ਉੱਤੇ ਲਿਖਿਆ, “ਦੋਸਤੋ, ਹਾਲਾਕਿ ਮੈਂ ਕਿਸੇ ਤਰ੍ਹਾਂ ਦੀ ਹਿੰਸਾ ਦਾ ਹਮਾਇਤੀ ਨਹੀਂ, ਲੇਕਿਨ ਅੱਜ ਜੋ ਕੰਗਨਾ ਰਣੌਤ ਨੇ ਸੀਆਈਐੱਸਐੱਫ਼ ਦੀ ਬਹਾਦਰ ਕੁਲਵਿੰਦਰ ਕੌਰ ਤੋਂ ਥੱਪੜ ਖਾਧਾ, ਉਹ ਆਪਣੀ ਨਫ਼ਰਤ ਭਰੀ ਰਾਜਨੀਤੀ ਕਰਕੇ ਖਾਧਾ ਹੈ ਅਤੇ ਹਰ ਵਕਤ ਪੰਜਾਬ ਨੂੰ ਉਗਰਵਾਦ ਅਤੇ ਅੱਤਵਾਦ ਨਾਲ ਜੋੜਨਾ, ਉਸਦੀ ਬਹੁਤ ਵੱਡੀ ਗਲਤੀ ਹੈ ਜਿਸ ਕਰਕੇ ਉਸਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।“

ਬੀਰ ਕੌਰ
ਤਸਵੀਰ ਕੈਪਸ਼ਨ, ਕੁਲਵਿੰਦਰ ਦੇ ਮਾਤਾ ਬੀਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨੇ ਜੋ ਕੀਤਾ ਠੀਕ ਕੀਤਾ ਹੈ।

‘ਮਾਂ ਖ਼ਿਲਾਫ਼ ਕੋਈ ਬੱਚਾ ਨਹੀਂ ਸੁਣਦਾ’

ਕੁਲਵਿੰਦਰ ਦਾ ਪਰਿਵਾਰ ਤੇ ਕਈ ਕਿਸਾਨ ਜਥੇਬੰਦੀਆਂ ਉਸ ਦੇ ਹੱਕ ਵਿੱਚ ਹਨ। ਘਟਨਾ ਤੋਂ ਬਾਅਦ ਉਨ੍ਹਾਂ ਦੇ ਘਰ ਕਿਸਾਨਾਂ ਦਾ ਆਉਣਾ ਲਗਾਤਾਰ ਜਾਰੀ ਹੈ।

ਕੁਲਵਿੰਦਰ ਦੇ ਮਾਂ ਬੀਰ ਕੌਰ ਨੇ ਕਿਸਾਨੀ ਧਰਨੇ ਬਾਰੇ ਕੰਗਨਾ ਰਣੌਤ ਵੱਲੋਂ ਵਰਤੇ ਗਏ ਸ਼ਬਦਾਂ ’ਤੇ ਇਤਰਾਜ਼ ਜ਼ਾਹਰ ਕਰਦਿਆਂ ਕਿਹਾ, “ਕਦੀ ਇਹ ਕਹਿ ਦੇਣਾ ਕੇ ਇਹ 100 ਰੁਪਿਆ ਲੈਕੇ ਧਰਨੇ ਉੱਤੇ ਜਾਂਦੀਆਂ ਹਨ ਤੇ ਕਦੀ ਇਹ ਕਹਿ ਦੇਣ ਕਿ ਇਹ ਦੁੱਕੀ ਦੀਆਂ ਹਨ।”

ਉਨ੍ਹਾਂ ਕਿਹਾ, “ਅਸੀਂ ਆਪਣਾ ਹੱਕ ਲੈਣ ਜਾਂਦੀਆਂ ਸੀ, ਆਪਣੀ ਜਾਇਦਾਦਾਂ ਵਾਸਤੇ ਜਾਂਦੀਆਂ ਸੀ। ਅਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਜਾਂਦੀਆਂ ਸੀ।”

“ਸਾਡਾ ਵੀ ਜੀਅ ਨਹੀਂ ਕਰਦਾ ਸੜਕਾਂ ਉੱਤੇ ਬੈਠਣ ਨੂੰ। ਕੋਈ ਵੀ ਬੱਚਾ ਆਪਣੀ ਮਾਂ ਦੇ ਖ਼ਿਲਾਫ਼ ਨਹੀਂ ਸੁਣ ਸਕਦਾ।”

ਉਨ੍ਹਾਂ ਦਾਅਵਾ ਕੀਤਾ ਕਿ ਕੁਲਵਿੰਦਰ ਜਲਦੀ ਗੁੱਸੇ ਵਿੱਚ ਨਹੀਂ ਆਉਂਦੇ ਤੇ ਇਸ ਲਈ ਉਨ੍ਹਾਂ ਨੂੰ ਜ਼ਰੂਰ ਕੁਝ ਕਿਹਾ ਗਿਆ ਹੋਵੇਗਾ।

ਕੁਲਵਿੰਦਰ ਦੇ ਮਾਤਾ ਦਾ ਕਹਿਣਾ ਹੈ ਕਿ ਜੋ ਵੀ ਕੱਲ੍ਹ ਉਸ ਨੇ ਚੰਡੀਗੜ੍ਹ ਏਅਰ ਪੋਰਟ ਉੱਤੇ ਕੀਤਾ ਠੀਕ ਹੈ, ਪਰਿਵਾਰ ਤੇ ਜਥੇਬੰਦੀ ਉਸ ਦੇ ਨਾਲ ਹੈ।

ਉਨ੍ਹਾਂ ਦੇ ਭਰਾ ਸ਼ੇਰ ਸਿੰਘ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਕਾਰਵਾਈ ਤੋਂ ਪਹਿਲਾਂ ਜਾਂਚ ਕੀਤੀ ਜਾਵੇ।

ਉਨ੍ਹਾਂ ਕਿਹਾ,“ਸਾਨੂੰ ਆਪਣੀ ਭੈਣ ਉੱਤੇ ਮਾਣ ਹੈ।”

ਕੁਝ ਲੋਕਾਂ ਨੇ ਕੰਗਨਾ ਦਾ ਬਚਾਅ ਵੀ ਕੀਤਾ ਹੈ

 ਵਿਕਰਮਾਦਿੱਤਿਆ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮੰਡੀ ਵਿੱਚ ਕੰਗਨਾ ਰਣੌਤ ਦੇ ਖਿਲਾਫ ਕਾਂਗਰਸ ਦੇ ਉਮੀਦਵਾਰ ਵਿਕਰਮਾਦਿੱਤਿਆ ਸਿੰਘ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਤੋਂ ਲੋਕ ਸਭਾ ਮੈਂਬਰ ਮਨੋਹਰ ਲਾਲ ਖੱਟਰ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਹੈ।

ਉਨ੍ਹਾਂ ਕਿਹਾ, "ਸੁਰੱਖਿਆ ਏਜੰਸੀਆਂ ਦਾ ਕੰਮ ਸੁਰੱਖਿਆ ਹੈ। ਉਨ੍ਹਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਜਨਤਕ ਭਾਵਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਾਨੂੰ ਉਮੀਦ ਹੈ ਕਿ ਸੀਆਈਐਸਐਫ ਵਿਭਾਗੀ ਕਾਰਵਾਈ ਕਰੇਗੀ।"

ਮੰਡੀ ਵਿੱਚ ਕੰਗਨਾ ਰਣੌਤ ਦੇ ਖਿਲਾਫ ਕਾਂਗਰਸ ਦੇ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ, "ਇਹ ਬਹੁਤ ਮੰਦਭਾਗੀ ਗੱਲ ਹੈ। ਕਿਸੇ ਵੀ ਵਿਅਕਤੀ ਨਾਲ ਅਜਿਹਾ ਵਿਵਹਾਰ ਨਹੀਂ ਕੀਤਾ ਜਾਣਾ ਚਾਹੀਦਾ, ਖਾਸ ਤੌਰ 'ਤੇ ਇਕ ਔਰਤ ਜੋ ਸੰਸਦ ਮੈਂਬਰ ਹੈ, ਜੇਕਰ ਉਸ ਨਾਲ ਬਦਸਲੂਕੀ ਕੀਤੀ ਗਈ ਹੈ ਤਾਂ ਮੈਂ ਸਮਝਦਾ ਹਾਂ ਕਿ... ਉਹ ਵੀ ਸੁਰੱਖਿਆ ਕਰਮਚਾਰੀ ਨੇ ਕੀਤੀ ਹੈ ਤਾਂ ਇਹ ਬਹੁਤ ਮੰਦਭਾਗਾ ਹੈ।"

ਵਾਇਰਲ ਹੋ ਰਹੇ ਵੀਡੀਓ ਵਿੱਚ ਸੀਆਈਐੱਸਐੱਫ਼ ਜਵਾਨ ਕੁਲਵਿੰਦਰ ਕੌਰ ਦਾ ਸਕਰੀਨ ਸ਼ਾਟ
ਤਸਵੀਰ ਕੈਪਸ਼ਨ, ਵਾਇਰਲ ਹੋ ਰਹੇ ਵੀਡੀਓ ਵਿੱਚ ਸੀਆਈਐੱਸਐੱਫ਼ ਜਵਾਨ ਕੁਲਵਿੰਦਰ ਕੌਰ ਦਾ ਸਕਰੀਨ ਸ਼ਾਟ

ਉਨ੍ਹਾਂ ਨੇ ਕਿਹਾ, "ਸੁਣਨ ਵਿੱਚ ਆ ਰਿਹਾ ਹੈ ਕਿ ਮਹਿਲਾ ਦੀਆਂ ਕਿਸਾਨ ਅੰਦੋਲਨ ਨਾਲ ਜੁੜੀਆਂ ਕੁਝ ਸ਼ਿਕਾਇਤਾਂ ਸਨ। ਆਪਣੇ ਵਿਚਾਰ ਪ੍ਰਗਟ ਕਰਨ ਦਾ ਇੱਕ ਸੰਵਿਧਾਨਕ ਤਰੀਕਾ ਹੈ, ਇੱਕ ਮੰਚ ਹੈ। ਉਸ ਉੱਤੇ ਆਪਣੇ ਵਿਚਾਰ ਰੱਖਦੇ ਇਸ ਕੋਈ ਦੋ ਰਾਇ ਨਹੀਂ ਹੈ।"

"ਲੇਕਿਨ ਕਿਸੇ ਦੇ ਨਾਲ ਇਸ ਤਰੀਕੇ ਨਾਲ ਬਦਸਲੂਕੀ ਕਰਨਾ, ਉਹ ਵੀ ਇੱਕ ਸੁਰੱਖਿਆ ਕਰਮਚਾਰੀ, ਤਾਂ ਇਹ ਮੰਦਭਾਗਾ ਹੈ। ਅਸੀਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਸਰਕਾਰ ਨੂੰ ਇਸ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।"

ਕੰਗਨਾ ਰਣੌਤ ਨਾਲ ਜੁੜੇ 5 ਹੋਰ ਵਿਵਾਦ

ਕੰਗਨਾ ਰਣੌਤ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਭਾਰਤੀ ਜਨਤਾ ਪਾਰਟੀ ਦੀ ਟਿੱਕਟ ਉੱਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ।

ਲੇਕਿਨ ਇਹ ਪਹਿਲਾ ਮੌਕਾ ਨਹੀਂ ਹੈ ਕਿ ਉਹ ਕਿਸੇ ਵਿਵਾਦ ਵਿੱਚ ਘਿਰੇ ਹੋਣ। ਵਿਵਾਦਾਂ ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਹੈ।

ਇੱਕ ਨਜ਼ਰ ਉਨ੍ਹਾਂ ਨਾਲ ਜੁੜੇ 5 ਵਿਵਾਦਾਂ ਉੱਤੇ-

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਬੀਫ਼ ਖਾਣ ਬਾਰੇ ਵਿਵਾਦ

ਭਾਜਪਾ ਨੇ 24 ਮਾਰਚ 2024 ਨੂੰ ਕੰਗਨਾ ਦੀ ਮੰਡੀ ਤੋਂ ਉਮੀਦਵਾਰਾ ਦਾ ਐਲਾਨ ਕੀਤਾ ਅਤੇ ਇਸ ਤੋਂ ਕੁਝ ਦਿਨ ਬਾਅਦ ਹੀ ਕੰਗਨਾ ਇੱਕ ਤੋਂ ਬਾਅਦ ਇੱਕ ਵਿਵਾਦਾਂ ਕਾਰਨ ਸੁਰਖੀਆਂ ਵਿੱਚ ਆ ਗਏ ਹਨ।

ਕੰਗਨਾ ਉੱਤੇ ਇਲਜ਼ਾਮ ਲੱਗੇ ਕਿ ਉਨ੍ਹਾਂ ਨੇ ਇੱਕ ਵਾਰ ਬੀਫ ਯਾਨੀ ਗਾਂ ਦਾ ਮਾਂਸ ਖਾਦਾ ਹੈ। ਇਹ ਇਲਜ਼ਾਮ ਉਨ੍ਹਾਂ ਤੇ ਮਹਾਰਾਸ਼ਟਰ ਕਾਂਗਰਸ ਦੇ ਲੀਡਰ ਵਿਜੇ ਵਰਡਿਟੀਵਾਰ ਨੇ ਲਾਏ ਸਨ।

ਭਾਰਤ ਵਿੱਚ ਬੀਫ ਖਾਣ ਦਾ ਮੁੱਦਾ ਕਾਫੀ ਸੰਵੇਦਨਸ਼ੀਲ ਹੈ ਕਿਉਂਕਿ ਗਾਂ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ।

ਉਨ੍ਹਾਂ ਨੇ ਆਪਣੇ ‘ਐਕਸ’ ਅਕਾਊਂਟ ਉੱਤੇ ਉਨ੍ਹਾਂ ਉੱਤੇ ਲੱਗੇ ਇਲਜ਼ਾਮਾਂ ਦਾ ਸਪਸ਼ਟੀਕਰਨ ਦਿੰਦਿਆ ਲਿਖਿਆ ਕਿ ਉਹ ‘ਬੀਫ’ ਨਹੀਂ ਖਾਂਦੇ।

ਸੁਭਾਸ਼ ਚੰਦਰ ਬੋਸ ਬਾਰੇ ਬਿਆਨ ਤੋਂ ਵਿਵਾਦ

ਇਸ ਤੋਂ ਪਹਿਲਾਂ ਕੰਗਨਾ ਰਣੌਤ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਸੁਭਾਸ਼ ਚੰਦਰ ਬੋਸ ਨੂੰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕਹੇ ਜਾਣ ਕਰਕੇ ਵੀ ਚਰਚਾ ਵਿੱਚ ਆਏ ਸਨ।

ਸੁਭਾਸ਼ ਚੰਦਰ ਬੋਸ ਇੱਕ ਸੁਤੰਤਰਤਾ ਸੈਨਾਨੀ ਸਨ, ਜਿਨ੍ਹਾਂ ਨੇ ਭਾਰਤ ਵਿੱਚ ਬ੍ਰਿਟਿਸ਼ ਰਾਜ ਵਿਰੁੱਧ ਲੜਾਈ ਲੜੀ ਸੀ।

ਉਨ੍ਹਾਂ ਦੀ ਇੱਕ ਜਹਾਜ਼ ਹਾਦਸੇ ਵਿੱਚ 18 ਅਗਸਤ 1945 ਨੂੰ ਮੌਤ ਹੋ ਗਈ ਸੀ।

ਇਸ ਮਗਰੋਂ ਕੰਗਨਾ ਰਣੌਤ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਇੱਕ ਨਿਊਜ਼ ਪੋਰਟਲ ਦਾ ਸਕ੍ਰੀਨਸ਼ੌਟ ਪਾ ਕੇ ਆਪਣੇ ਆਪ ਨੂੰ ਸਹੀ ਠਹਿਰਾਇਆ ਸੀ।

ਕਾਂਗਰਸੀ ਆਗੂ ਸੁਪ੍ਰਿਆ ਸ਼੍ਰੀਨੇਤ ਨਾਲ ਵਿਵਾਦ

ਸੁਪ੍ਰਿਆ ਸ਼੍ਰੀਨੇਤ

ਤਸਵੀਰ ਸਰੋਤ, X/@SUPRIYASHRINATE

ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਇੱਕ ਕਾਂਗਰਸੀ ਆਗੂ ਸੁਪ੍ਰਿਆ ਸ਼੍ਰੀਨੇਤ ਦੇ ਅਕਾਊਂਟ ਤੋਂ ਕੀਤੀ ਗਈ ਇੱਕ ਇਤਰਾਜ਼ਯੋਗ ਟਿੱਪਣੀ ਉੱਤੇ ਇਤਰਾਜ਼ ਜ਼ਾਹਰ ਕੀਤਾ ਸੀ।

ਇੱਹ ਟਿੱਪਣੀ ਸੁਪ੍ਰਿਆ ਸ਼੍ਰੀਨੇਤ ਦੇ ਨਾਮ ਵਾਲੇ ਇੰਸਟਾਗ੍ਰਾਮ ਅਕਾਊਂਟ ਤੋਂ ਕੀਤੀ ਗਈ ਸੀ। ਸੁਪ੍ਰਿਆ ਸ਼੍ਰੀਨੇਤ ਨੇ ਇਹ ਦਾਅਵਾ ਕੀਤਾ ਸੀ ਕਿ ਇਹ ਟਿੱਪਣੀ ਉਨ੍ਹਾਂ ਦੇ ਵੱਲੋਂ ਨਹੀਂ ਕੀਤੀ ਗਈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਫੇਸਬੁੱਕ ਅਤੇ ਇੰਸਟਾ ਅਕਾਊਂਟ ਦਾ ਐਕਸਸ ਕਈ ਲੋਕਾਂ ਦੇ ਕੋਲ ਹੈ।

ਇਸ ਉੱਤੇ ਕੰਗਨਾ ਰਣੌਤ ਨੇ ਐੱਕਸ ਉੱਤੇ ਲਿਖਿਆ ਸੀ ਕਿ, “ਸੁਪ੍ਰਿਆ ਜੀ, ਇੱਕ ਕਲਾਕਾਰ ਦੇ ਰੂਪ ਵਿੱਚ ਆਪਣੇ ਕਰੀਅਰ ਦੇ ਪਿਛਲੇ 20 ਸਾਲਾਂ ਵਿੱਚ ਮੈਂ ਹਰ ਤਰੀਕੇ ਦੀਆਂ ਔਰਤਾਂ ਦਾ ਕਿਰਦਾਰ ਨਿਭਾਇਆ ਹੈ।”

ਸ਼੍ਰੀਨੇਤ ਨੇ ਇਸ ਬਾਰੇ ਸਪਸ਼ਟੀਕਰਨ ਵਿੱਚ ਕਿਹਾ, "ਬਹੁਤ ਸਾਰੇ ਲੋਕਾਂ ਕੋਲ ਮੇਰੇ ਫੇਸਬੁੱਕ ਅਤੇ ਇੰਸਟਾ ਅਕਾਊਂਟ ਦਾ ਐਕਸੈੱਸ ਹੈ। ਉਨ੍ਹਾਂ ਵਿੱਚੋਂ ਇੱਕ ਨੇ ਅੱਜ ਬਹੁਤ ਹੀ ਘਿਣਾਉਣੀ ਅਤੇ ਇਤਰਾਜ਼ਯੋਗ ਪੋਸਟ ਪਾਈ ਸੀ।"

"ਜਿਵੇਂ ਹੀ ਮੈਨੂੰ ਇਸ ਬਾਰੇ ਪਤਾ ਲੱਗਾ, ਮੈਂ ਪੋਸਟ ਨੂੰ ਡਿਲੀਟ ਕਰ ਦਿੱਤਾ। ਜੋ ਵੀ ਮੈਨੂੰ ਜਾਣਦਾ ਹੈ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੈਂ ਕਿਸੇ ਵੀ ਔਰਤ ਬਾਰੇ ਨਿੱਜੀ ਟਿੱਪਣੀ ਨਹੀਂ ਕਰਦੀ।"

ਦਿਲਜੀਤ ਅਤੇ ਖ਼ਾਲਿਸਤਾਨ ਦਾ ਵਿਵਾਦ

ਦਿਲਜੀਤ ਦੁਸਾਂਝ

ਤਸਵੀਰ ਸਰੋਤ, STR/AFP/GETTYIMAGES

ਦਿਦਿਮਾਰਚ 2023 ਵਿੱਚ ਕੰਗਨਾ ਵਲੋਂ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਦਿਲਜੀਤ ਦੋਸਾਂਝ ਨੂੰ ਟੈਗ ਕੀਤਾ ਗਿਆ ਸੀ।

ਕੰਗਨਾ ਨੇ ਕਿਹਾ ਕਿ ਕਈ ਪੰਜਾਬ ਸੈਲੇਬਰਿਟੀਜ਼ ਨੂੰ 'ਖ਼ਾਲਿਸਤਾਨ ਵਾਇਰਸ ਵਾਲੀ ਬਿਮਾਰੀ ਹੈ' ਤੇ ਭਾਰਤ ਸਰਕਾਰ ਵਲੋਂ ਉਨ੍ਹਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਸੀ।

ਉਸ ਪੋਸਟ ਨੂੰ ਪੰਜਾਬ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਕਾਰਵਾਈ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।

ਦਿਲਜੀਤ ਦੋਸਾਂਝ ਨੇ ਇਸ ਪੋਸਟ ਦਾ ਜਵਾਬ ਦਿੰਦਿਆਂ ਲਿਖਿਆ, “ਪੰਜਾਬ ਮੇਰਾ ਰਹੇ ਵਸਦਾ’।

ਕੰਗਨਾ ਤੇ ਦਿਲਜੀਤ ਦਰਮਿਆਨ ਸੋਸ਼ਲ ਮੀਡੀਆ ’ਤੇ ਚੱਲ ਰਹੀ ਖਿਚੋਤਾਣ ਤੋਂ ਬਾਅਦ ਮਨੋਰੰਜਨ ਜਗਤ ਦੇ ਕਈ ਲੋਕਾਂ ਨੇ ਕੰਗਨਾ ਦੀ ਅਲੋਚਨਾ ਕੀਤੀ ਸੀ।

ਕੰਗਨਾ ਨੇ ਦਾਲਾਂ ਵਾਲੀ ਇੱਕ ਪੋਸਟ ਵਿੱਚ ਤਾਂ ਦਿਲਜੀਤ ਦੋਸਾਂਝ ਨੂੰ ਟੈਗ ਕੀਤਾ ਸੀ ਜਿਸ ਨੂੰ ਪੁਲਿਸ ਆਉਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਪੋਸਟ ਕੀਤੀ ਜਿਸ ਵਿੱਚ ਦਿਲਜੀਤ ਨੂੰ ਸਵਾਲ ਕੀਤੇ ਗਏ ਹਨ।

ਕੰਗਨਾ ਨੇ ਲਿਖਿਆ, “ਪਹਿਲਾਂ ਦਿਲਜੀਤ ਦੋਸਾਂਝ ਧਮਕੀਆਂ ਦਿੰਦਾ ਸੀ ਤੇ ਉਸ ਦੇ ਖ਼ਾਲਿਸਤਾਨੀ ਸਮਰਥਕ ਵੀ ਬਹੁਤ ਬੋਲਦੇ ਸਨ...ਹੁਣ ਚੁੱਪ ਕਿਉਂ ਕਰ ਗਏ ਹਨ?”

“ਪਹਿਲਾਂ ਕਿਸ ਦੇ ਹੌਸਲੇ ਉੱਤੇ ਉੱਡ ਰਹੇ ਸਨ ਤੇ ਹੁਣ ਕਿਸ ਤੋਂ ਡਰ ਗਏ ਹਨ? ਇਸ ਬਾਰੇ ਦੱਸੋ?”

ਇੱਕ ਹੋਰ ਪੋਸਟ 'ਚ ਕੰਗਨਾ ਨੇ ਲਿਖਿਆ, ‘ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲੇ ਸਾਰੇ ਯਾਦ ਰੱਖਣ, ਪੁਲਿਸ ਆ ਚੁੱਕੀ ਹੈ, ਇਹ ਉਹ ਸਮਾਂ ਨਹੀਂ ਹੈ, ਜਦੋਂ ਕੋਈ ਕੁਝ ਵੀ ਕਰਦਾ ਸੀ, ਦੇਸ਼ ਨਾਲ ਗੱਦਾਰੀ ਜਾਂ ਟੁਕੜੇ-ਟੁਕੜੇ ਕਰਨ ਦੀ ਕੋਸ਼ਿਸ਼ ਹੁਣ ਮਹਿੰਗੀ ਪਵੇਗੀ।’

ਇਸ ਪੋਸਟ ਵਿੱਚ ਕੰਗਨਾ ਨੇ ਹਥਕੜੀ ਦੇ ਨਾਲ-ਨਾਲ ਇੱਕ ਮਹਿਲਾ ਪੁਲਿਸ ਕਰਮੀ ਦਾ ਸਟਿੱਕਰ ਵੀ ਲਗਾਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)