ਡਾਕਟਰ ਬਣਨਾ ਚਾਹੁੰਦੇ ਪੁੱਤ ਦੀ ‘ਖੁਦਕੁਸ਼ੀ’ ਮਗਰੋਂ ‘ਜਾਨ ਦੇਣ ਵਾਲੇ’ ਪਿਉ ਦੀ ਸਰਕਾਰ ਤੋਂ ਇਹ ਮੰਗ ਸੀ

ਪਿਉ-ਪੁੱਤਰ
ਤਸਵੀਰ ਕੈਪਸ਼ਨ, ਪੁੱਤਰ ਦੇ ਖੁਦਕੁਸ਼ੀ ਕਰਨ ਮਗਰੋਂ ਪਿਤਾ ਨੇ ਵੀ ਕੀਤੀ ਖੁਦਕੁਸ਼ੀ
    • ਲੇਖਕ, ਮੁਰਲੀਧਰਨ ਕਾਸੀਵਿਸਵਾਨਾਥਨ
    • ਰੋਲ, ਬੀਬੀਸੀ ਪੱਤਰਕਾਰ

ਤਮਿਲਨਾਡੂ ਵਿੱਚ ਨੀਟ ਦੀ ਪ੍ਰੀਖਿਆ ਦੇਣ ਤੋਂ ਬਾਅਦ ਸਰਕਾਰੀ ਮੈਡੀਕਲ ਕਾਲਜ ਵਿੱਚ ਸੀਟ ਨਾ ਮਿਲਣ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਬਹੁਤ ਲੰਬੀ ਹੈ।

ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੁੱਤਰ ਦੇ ਖ਼ੁਦਕੁਸ਼ੀ ਕਰਨ ਤੋਂ ਬਾਅਦ ਪਿਤਾ ਨੇ ਵੀ ਖ਼ੁਦਕੁਸ਼ੀ ਕਰ ਲਈ ਹੈ। ਇਸ ਘਟਨਾ ਨੇ ਤਮਿਲਨਾਡੂ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਕਰੋਮਪੇਟ, ਚੇੱਨਈ ਦੇ ਰਹਿਣ ਵਾਲੇ ਸੇਲਵਾਸੇਕਰ ਜੋ ਪੇਸ਼ੇ ਵਜੋਂ ਇੱਕ ਫੋਟੋਗ੍ਰਾਫਰ ਸਨ, ਨੇ ਸੋਮਵਾਰ ਨੂੰ ਆਪਣੇ ਘਰ ਵਿੱਚ ਖ਼ੁਦਕੁਸ਼ੀ ਕਰ ਲਈ ਸੀ।

ਸੋਚਾਂ ਵਿੱਚ ਪਏ ਸੇਲਵਾਸੇਕਰ ਦੇ ਦੋਸਤ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੇ ਹਨ, ਦੋਸਤਾਂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ।

ਇਹ ਲੋਕ ਆਪਣੇ ਦੋਸਤ ਸੇਲਵਾਸੇਕਰ ਕੋਲ ਅਫ਼ਸੋਸ ਕਰਨ ਲਈ ਸ਼ਨੀਵਾਰ ਨੂੰ ਵੀ ਆਏ ਸਨ, ਜਦੋਂ ਉਨ੍ਹਾਂ ਦੇ ਪੁੱਤ ਨੇ ਖ਼ੁਦਕੁਸ਼ੀ ਕਰ ਲਈ ਸੀ।

ਮ੍ਰਿਤਕ ਦੇਹ
ਤਸਵੀਰ ਕੈਪਸ਼ਨ, ਨੀਟ ਵਿੱਚ ਨੰਬਰ ਘੱਟ ਆਉਣ ਕਾਰਨ ਕੀਤੀ ਖੁਦਕੁਸ਼ੀ

ਪਰ ਹੁਣ ਉਨ੍ਹਾਂ ਨੂੰ ਆਪਣੇ ਉਸ ਪਿਆਰੇ ਦੋਸਤ ਦੇ ਸਸਕਾਰ ਵਿੱਚ ਸ਼ਾਮਲ ਹੋਣਾ ਪਵੇਗਾ, ਜਿਨ੍ਹਾਂ ਨੇ ਆਪਣੇ ਪੁੱਤਰ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਆਪ ਵੀ ਖ਼ੁਦਕੁਸ਼ੀ ਕਰ ਲਈ।

ਸੇਲਵਾਸੇਕਰ ਆਪਣੀ ਘਰਵਾਲੀ ਤੋਂ ਵੱਖ ਹੋ ਗਏ ਸਨ ਅਤੇ ਆਪਣੇ ਇੱਕ ਪੁੱਤਰ ਨਾਲ ਰਹਿ ਰਹੇ ਸਨ। ਉਨ੍ਹਾਂ ਦੇ ਇਕਲੌਤੇ ਪੁੱਤਰ ਜਗਦੀਸਵਰਨ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਇੱਕ ਸੀਬੀਐੱਸਈ ਸਕੂਲ ਤੋਂ ਕੀਤੀ ਸੀ।

ਜਸਦੀਸਵਰਨ ਦੇ ਬਾਰ੍ਹਵੀ ਵਿੱਚ 500 ਵਿੱਚੋਂ 424 ਅੰਕ ਆਏ ਸਨ।

ਉਸ ਤੋਂ ਬਾਅਦ ਜਗਦੀਸਵਰਨ ਪਿਛਲੇ ਦੋ ਸਾਲਾਂ ਤੋਂ ਨੀਟ ਦੀ ਪ੍ਰੀਖਿਆ ਦੇ ਰਹੇ ਸਨ ਅਤੇ ਮੈਡੀਕਲ ਕਾਲਜ ਵਿੱਚ ਦਾਖ਼ਲਾ ਲੈਣ ਦੀ ਕੋਸ਼ਿਸ਼ ਕਰ ਰਹੇ ਸਨ।

ਪਰ ਜਗਦੀਸਵਰਨ ਦੇ ਨੀਟ ਵਿੱਚ ਨੰਬਰ ਇੰਨੇ ਨਹੀਂ ਸਨ ਕਿ ਉਨ੍ਹਾਂ ਨੂੰ ਕਿਸੇ ਸਰਕਾਰੀ ਕਾਲਜ ਵਿੱਚ ਦਾਖ਼ਲਾ ਮਿਲ ਸਕੇ।

ਹਾਲਾਂਕਿ ਪਿਤਾ ਅਤੇ ਪੁੱਤਰ ਨੂੰ ਇਸ ਦਾ ਬਹੁਤ ਦੁਖ ਹੋਇਆ ਪਰ ਸੇਲਵਾਸੇਕਰ ਨੇ ਆਪਣੇ ਪੁੱਤਰ ਦੀ ਇੱਕ ਕੋਚਿੰਗ ਸੈਂਟਰ ਵਿੱਚ ਦਾਖ਼ਲੇ ਲਈ ਫੀਸ ਭਰ ਦਿੱਤੀ ਸੀ, ਤਾਂ ਜੋ ਉਹ ਦੁਬਾਰਾ ਪ੍ਰੀਖਿਆ ਦੇ ਸਕੇ।

ਲੋਕ
ਤਸਵੀਰ ਕੈਪਸ਼ਨ, ਜਗਦੀਸਵਰਨ ਪੜ੍ਹਨ ਵਿੱਚ ਮੋਹਰੀ ਸੀ
ਬੀਬੀਸੀ
  • ਤਾਮਿਲਨਾਡੂ ਦੇ ਇੱਕ ਵਿਦਿਆਰਥੀ ਵੱਲੋਂ ਨੀਟ ਵਿੱਚ ਘੱਟ ਨੰਬਰ ਆਉਣ ਕਾਰਨ ਖ਼ੁਦਕੁਸ਼ੀ ਕਰਨ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਵੀ ਖ਼ੁਦਕੁਸ਼ੀ ਕਰ ਲਈ।
  • ਇਸ ਘਟਨਾ ਨੇ ਤਾਮਿਲਨਾਡ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
  • ਤਾਮਿਲਨਾਡੂ ਵਿੱਚ ਅਜਿਹੇ ਕਾਰਨਾਂ ਕਰਕੇ ਪਿਛਲੇ ਸਮੇਂ ਵਿੱਚ ਤਕਰੀਬਨ 16 ਵਿਦਿਆਰਥੀ ਖ਼ੁਦਕੁਸ਼ੀ ਕਰ ਚੁੱਕੇ ਹਨ। ਹਾਲਾਂਕਿ ਖ਼ੁਦਕੁਸ਼ੀ ਕਰਨ ਵਾਲਾ ਵਿਦਿਆਰਥੀ ਪੜ੍ਹਾਈ ਵਿੱਚ ਮੋਹਰੀ ਸੀ, ਉਹ ਇੰਨੇ ਨੰਬਰ ਨਹੀਂ ਲੈ ਸਕਿਆ ਕਿ ਉਹ ਸਰਕਾਰੀ ਕਾਲਜ ਵਿੱਚ ਦਾਖਲਾ ਲੈ ਸਕੇ।
  • ਉਨ੍ਹਾਂ ਦੇ ਪਿਤਾ ਨੇ ਕਿਹਾ ਸੀ ਕਿ ਨੀਟ ਦੀ ਪ੍ਰੀਖਿਆ ਨੂੰ ਖਤਮ ਕਰ ਦੇਣਾ ਚਾਹੀਦਾ ਹੈ।
  • ਡੀਐੱਮਕੇ ਸਰਕਾਰ ਦੇ ਆਉੁਣ ਤੋਂ ਬਾਅਦ ਨੀਟ ਪ੍ਰੀਖਿਆ ਦੇ ਵਿਰੋਧ ਵਿੱਚ ਇੱਕ ਨਵਾਂ ਬਿੱਲ ਪਾਸ ਕੀਤਾ ਗਿਆ ਸੀ ਅਤੇ ਗਵਰਨਰ ਆਰ ਐਨ ਰਵੀ ਨੇ ਇਸ ਬਿੱਲ ਨੂੰ ਵਾਪਸ ਭੇਜ ਦਿੱਤਾ ਸੀ।
  • ਤਾਮਿਲਨਾਡੂ ਸਰਕਾਰ ਨੇ ਬਿੱਲ ਪਾਸ ਕੀਤਾ ਅਤੇ ਹੁਣ ਇਹ ਰਾਸ਼ਟਰਪਤੀ ਕੋਲ ਮਨਜ਼ੂਰੀ ਲਈ ਭੇਜਿਆ ਗਿਆ।
ਬੀਬੀਸੀ
ਨੀਟ ਦੀ ਪ੍ਰੀਖਿਆ ਦਾ ਵਿਰੋਧ
ਤਸਵੀਰ ਕੈਪਸ਼ਨ, ਤਮਿਲਨਾਡੂ ਵਿੱਚ ਨੀਟ ਨੂੰ ਲੈ ਕੇ ਕਾਫੀ ਵਿਰੋਧ ਹੋ ਰਿਹਾ

'ਮੈਂ ਨੀਟ ਕਰਕੇ ਪੁੱਤਰ ਗਵਾਇਆ'

ਪਰ ਅਗਲੇ ਹੀ ਦਿਨ 12 ਅਗਸਤ ਨੂੰ ਜਗਦੀਸਵਰਨ ਨੇ ਆਪਣੇ ਘਰ ਵਿੱਚ ਖ਼ੁਦਕੁਸ਼ੀ ਕਰ ਲਈ ਜਦੋਂ ਕੋਈ ਵੀ ਘਰ ਨਹੀਂ ਸੀ। ਇਸ ਦਾ ਉਨ੍ਹਾਂ ਦੇ ਪਿਤਾ ਸੇਲਵਾਸੇਕਰ ਨੂੰ ਬਹੁਤ ਵੱਡਾ ਝਟਕਾ ਲੱਗਾ।

ਐਤਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ, ਸੇਲਵਾਸੇਕਰ ਨੇ ਇਹ ਕਿਹਾ ਸੀ ਕਿ ਨੀਟ ਪੇਪਰ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਸੀ, “ਸਭ ਕੁਝ ਠੀਕ ਤਾਂ ਹੀ ਹੋਵੇਗਾ ਜੇਕਰ ਨੀਟ ਦੀ ਪ੍ਰੀਖਿਆ ਖ਼ਤਮ ਹੋਵੇਗੀ, ਤਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਕਿਹਾ ਸੀ ਕਿ ਉਹ ਨੀਟ ਖ਼ਤਮ ਕਰ ਦੇਣਗੇ। ਉਨ੍ਹਾਂ ਨੂੰ ਇਹ ਕਰ ਦੇਣਾ ਚਾਹੀਦਾ ਹੈ।"

"ਮੈਂ ਆਪਣੇ ਪੁੱਤਰ ਨੂੰ ਇਕੱਲੇ ਹੀ ਵੱਡਾ ਕੀਤਾ ਸੀ। ਮੈਂ ਉਸ ਨੂੰ ਨੀਟ ਕਰਕੇ ਗੁਆ ਦਿੱਤਾ ਹੈ। ਅਜਿਹਾ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ।”

ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਤੋਂ ਬਾਅਦ, ਸੇਲਵਾਸੇਕਰ ਦੇ ਦੋਸਤਾਂ ਨੇ ਉਨ੍ਹਾਂ ਨੂੰ ਧਰਵਾਸ ਦਿੱਤਾ ਅਤੇ ਚਲੇ ਗਏ। ਉਨ੍ਹਾਂ ਦੀ ਛੋਟੀ ਭੈਣ ਉਨ੍ਹਾਂ ਨਾਲ ਸੀ।

ਇਨ੍ਹਾਂ ਹਾਲਾਤਾਂ ਵਿੱਚ ਸੋਮਵਾਰ ਦੀ ਸਵੇਰ ਨੂੰ ਸੇਲਵਾਸੇਕਰ ਨੇ ਵੀ ਖ਼ੁਦਕੁਸ਼ੀ ਕਰ ਲਈ। ਸੇਲਵਾਸੇਕਰ ਦੇ ਦੋਸਤਾਂ ਨੇ ਕਿਹਾ ਕਿ ਇੱਕਲੇਪਣ ਦੇ ਅਹਿਸਾਸ ਨੇ ਉਨ੍ਹਾਂ ਨੂੰ ਇਹ ਫ਼ੈਸਲਾ ਲੈਣ ਲਈ ਮਜਬੂਰ ਕੀਤਾ।

ਬੀਬੀਸੀ

ਜਗਦੀਸਵਰਨ ਅਤੇ ਉਨ੍ਹਾਂ ਦੇ ਕਈ ਦੋਸਤਾਂ ਦਾ ਇਹ ਸੁਪਨਾ ਸੀ ਕਿ ਉਹ ਮੈਡੀਕਲ ਦੀ ਪੜ੍ਹਾਈ ਕਰਨ। ਉਨ੍ਹਾਂ ਸਾਰਿਆਂ ਨੇ ਬਾਰ੍ਹਵੀਂ ਤੋਂ ਬਾਅਦ ਇਕ ਨਿੱਜੀ ਕੋਚਿੰਗ ਸੈਂਟਰ ਵਿੱਚ ਦਾਖ਼ਲਾ ਲਿਆ ਸੀ।

ਹਾਲਾਂਕਿ ਜਗਦੀਸਵਰਨ ਨੇ ਪਿਛਲੇ ਦੋ ਸਾਲਾਂ ਵਿੱਚ ਨੀਟ ਦੀ ਪ੍ਰੀਖਿਆ ਕਲੀਅਰ ਕਰ ਲਈ ਸੀ ਪਰ ਉਸ ਦੇ ਇੰਨੇ ਨੰਬਰ ਨਹੀਂ ਸੀ ਆਏ ਕਿ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖ਼ਲਾ ਮਿਲੇ।

ਜਗਦੀਸਵਰਨ ਨੂੰ ਇਹ ਪਤਾ ਸੀ ਕਿ ਉਨ੍ਹਾ ਦੇ ਪਿਤਾ ਦੀ ਕਮਜ਼ੋਰ ਵਿੱਤੀ ਹਾਲਤ ਉਨ੍ਹਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦੇਵੇਗੀ ਕਿ ਉਹ ਕਿਸੇ ਨਿੱਜੀ ਮੈਡੀਕਲ ਕਾਲਜ ਜਾਂ ਪੜ੍ਹਾਈ ਲਈ ਵਿਦੇਸ਼ ਭੇਜ ਸਕਣ।

ਫਿਰ ਜਗਦੀਸਵਰਨ ਨੇ ਦੁਬਾਰਾ ਕੋਸ਼ਿਸ਼ ਕਰਨ ਦਾ ਫੈਸਲਾ ਲਿਆ ਅਤੇ ਨਿੱਜੀ ਕੋਚਿੰਗ ਸੈਂਟਰ ਵਿੱਚ ਫੀਸ ਜਮ੍ਹਾ ਕਰਵਾਈ।

ਇਸੇ ਦੌਰਾਨ ਉਨ੍ਹਾਂ ਦੇ ਨਾਲ ਪੜ੍ਹਨ ਵਾਲੇ ਦੋਸਤਾਂ ਵਿੱਚੋਂ ਇੱਕ ਨੇ ਨਿੱਜੀ ਮੈਡੀਕਲ ਕਾਲਜ ਵਿੱਚ ਦਾਖ਼ਲਾ ਲੈ ਲਿਆ ਕਿਉਂਕਿ ਉਨ੍ਹਾਂ ਨੂੰ ਸਰਕਾਰੀ ਕਾਲਜ ਵਿੱਚ ਦਾਖ਼ਲਾ ਨਾ ਮਿਲਿਆ।

ਡਾਕਟਰ ਬਣਨ ਦੀ ਇੱਛਾ ਸੀ

ਉਨ੍ਹਾਂ ਦੇ ਦੋ ਹੋਰ ਦੋਸਤਾਂ ਨੇ ਮੈਡੀਕਲ ਕਾਲਜ ਵਿੱਚ ਦਾਖ਼ਲਾ ਲੈਣ ਦਾ ਆਪਣਾ ਸੁਪਨਾ ਛੱਡ ਦਿੱਤਾ ਅਤੇ ਇੰਜੀਨਿਅਰਿੰਗ ਕਾਲਜ ਵਿੱਚ ਦਾਖ਼ਲਾ ਲੈ ਲਿਆ। ਉਨ੍ਹਾਂ ਦੇ ਦੋਸਤਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਜਗਦੀਸਵਰਨ ਨੂੰ ਡਿਪਰੈਸ਼ਨ ਹੋ ਗਿਆ ਹੋਵੇ।

ਉਨ੍ਹਾਂ ਦੇ ਦੋਸਤ ਸੰਤੋਸ਼ ਨੇ ਕਿਹਾ ਕਿ ਜਗਦੀਸਵਰਨ ਦੀ ਇਹ ਇੱਛਾ ਸੀ ਕਿ ਉਹ ਡਾਕਟਰ ਬਣਕੇ ਦੂਜਿਆਂ ਦੀ ਸੇਵਾ ਕਰੇ।

ਉਨ੍ਹਾਂ ਨੇ ਅੱਗੇ ਕਿਹਾ, “ਉਹ ਸਾਰਿਆਂ ਨੂੰ ਹੌਸਲਾ ਦੇ ਰਿਹਾ ਸੀ ਜੋ ਨੀਟ ਵਿੱਚ ਫੇਲ੍ਹ ਹੋ ਗਏ ਸਨ। ਉਹ ਕਹਿੰਦਾ ਸੀ ਕਿ ਬਿਨਾ ਸੋਚੇ ਫ਼ੈਸਲਾ ਨਾ ਲਓ ਆਪਾਂ ਦੁਬਾਰਾ ਕੋਸ਼ਿਸ਼ ਕਰ ਸਕਦੇ ਹਾਂ।”

ੳਨ੍ਹਾਂ ਦੇ ਦੋਸਤ ਆਦਿਤਿਆ ਨੇ ਦੱਸਿਆ ਕਿ ਹਾਲਾਂਕਿ ਜਗਦੀਸਵਰਨ ਪੜ੍ਹਾਈ ਵਿੱਚ ਮੋਹਰੀ ਸੀ ਉਹ ਏਨੇ ਨੰਬਰ ਨਹੀਂ ਲੈ ਸਕਿਆ ਕਿ ਉਹ ਸਰਕਾਰੀ ਕਾਲਜਾਂ ਵਿੱਚ ਦਾਖ਼ਲਾ ਲੈ ਸਕੇ।

ਜਗਦੀਸਵਰਨ ਦੇ ਘਰ ਦੇ ਨੇੜੇ ਰਹਿਣ ਵਾਲੀ ਅਤੇ ਉਨ੍ਹਾਂ ਦੀ ਅਧਿਆਪਕ ਵਰਾਮਥੀ ਦੱਸਦੇ ਹਨ ਕਿ ਡਾਕਟਰ ਬਣਨਾ ਜਗਦੀਸਵਰਨ ਦੀ ਆਪਣੀ ਖਾਹਿਸ਼ ਸੀ। ਇਹ ਉਨ੍ਹਾਂ ਦਾ ਆਪਣਾ ਸੁਪਨਾ ਸੀ ਜੋ ਉਨ੍ਹਾਂ ਕਿਸੇ ਹੋਰ ਦੇ ਪ੍ਰਭਾਵ ਤੋਂ ਬਗ਼ੈਰ ਲਿਆ ਸੀ।

ਉਨ੍ਹਾਂ ਨੇ ਕਿਹਾ, “ਉਨ੍ਹਾਂ ਦੇ ਪਿਤਾ ਜਾਂ ਕਿਸੇ ਹੋਰ ਨੇ ਜਗਦੀਸਵਰਨ ਉੱਤੇ ਮੈਡੀਕਲ ਦੀ ਪੜ੍ਹਾਈ ਕਰਨ ਦਾ ਜ਼ੋਰ ਨਹੀਂ ਪਾਇਆ, ਮੈਨੂੰ ਨਹੀਂ ਪਤਾ ਉਨ੍ਹਾਂ ਨੇ ਇਹ ਫ਼ੈਸਲਾ ਕਿਉਂ ਲਿਆ।”

ਡਾਕਟਰੀ ਦੀ ਪੜ੍ਹਾਈ ਕਰਕੇ ਕਈ ਜਾਨਾਂ ਬਚਾਉਣ ਦਾ ਸੁਪਨਾ ਦੋ ਲੋਕਾਂ ਦੀ ਮੌਤ ਨਾਲ ਖ਼ਤਮ ਹੋ ਗਿਆ ਹੈ।

ਨੀਟ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਵਿਦਿਆਰਥੀ
ਤਸਵੀਰ ਕੈਪਸ਼ਨ, ਨੀਟ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਵਿਦਿਆਰਥੀ

ਤਮਿਲਨਾਡੂ ਵਿੱਚ ਨੀਟ ਕਾਰਨ ਖ਼ੁਦਕੁਸ਼ੀਆਂ

ਜਦੋਂ ਦਾ ਕੇਂਦਰ ਸਰਕਾਰ ਵੱਲੋਂ ਮੈਡੀਕਲ ਕਾਲਜਾਂ ਵਿੱਚ ਦਾਖ਼ਲੇ ਲਈ ਨੈਸ਼ਨਲ ਇਲੀਜੀਬਿਲੀਟੀ ਟੈਸਟ ਨੀਟ ਲਿਆਂਦਾ ਗਿਆ ਹੈ, ਉਦੋਂ ਤੋਂ ਹੀ ਤਮਿਲਨਾਡੂ ਇਸ ਦਾ ਵਿਰੋਧ ਕਰਦਾ ਰਿਹਾ ਹੈ।

ਸਤੰਬਰ 2017 ਵਿੱਚ ਤਾਮਿਲਨਾਡੂ ਦੇ ਅਰਿਯਾਲੁਰ ਜ਼ਿਲ੍ਹੇ ਦੀ ਰਹਿਣ ਵਾਲੀ ਅਨੀਥਾ ਨਾਂ ਦੀ ਇੱਕ ਵਿਦਿਆਰਥਣ ਨੇ ਖ਼ੁਦਕੁਸ਼ੀ ਕਰ ਲਈ ਸੀ ਕਿਉਂਕਿ ਉਨ੍ਹਾਂ ਨੂੰ ਚੰਗੇ ਅੰਕ ਮਿਲਣ ਦੇ ਬਾਵਜੂਦ ਵੀ ਮੈਡੀਕਲ ਕਾਲਜ ਵਿੱਚ ਦਾਖ਼ਲਾ ਨਹੀਂ ਮਿਲਿਆ ਸੀ।

ਉਨ੍ਹਾਂ ਦੀ ਮੌਤ ਨੇ ਪੂਰੇ ਤਾਮਿਲਨਾਡੂ ਸੂਬੇ ਉੱਤੇ ਨੀਟ ਵਿਰੋਧੀ ਲਹਿਰ ਖੜ੍ਹੀ ਕੀਤੀ।

ਇਸ ਤੋਂ ਅਗਲੇ ਸਾਲ ਵਿੱਲੂਪੁਰਮ ਜ਼ਿਲ੍ਹੇ ਵਿੱਚ ਪਰਾਦੀਪਾ ਨੇ ਖ਼ੁਦਕੁਸ਼ੀ ਕਰ ਲਈ ਕਿਉਂਕਿ ਬਾਰ੍ਹਵੀਂ ਵਿੱਚ ਚੰਗੇ ਨੰਬਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਨੀਟ ਵਿੱਚ 39 ਨੰਬਰ ਹੀ ਆਏ ਸਨ।

ਇਸ ਤੋਂ ਬਾਅਦ, ਤ੍ਰਿਚੀ ਤੋਂ ਸੁਭਾਸਰੀ, ਚੇੱਨਈ ਤੋਂ ਏਨਜਲੀਨ ਸਰੁਥੀ, ਤੀਰੂਪੁਰ ਤੋਂ ਰਿਤੂ ਸ੍ਰੀ, ਮਰਾਕਨਮ ਕੂਨੇਮੇਦੂ ਇਲਾਕੇ ਤੋਂ ਮੋਨੀਸ਼ਾ, ਪੱਤੂਕੋਟਾਈ ਤੋਂ ਵੈਸਯਾ, ਤਿਰੂਨੇਲਵੇਲੀ ਤੋਂ ਥਾਨਾਲਕਸ਼ਮੀ, ਆਰਐਸਪੁਰਮ, ਕੋਇੰਬਟੋਰ ਤੋਂ ਸੁਭਾਸਰੀ, ਕੋਇੰਮਬਟੋਰ ਤੋਂ ਸੁਭਾਸਰੀ, ਮਦੁਰਾਈ ਤੋਂ ਜਯੋਤੀ ਸ੍ਰੀ ਦੁਰਗਾ, ਸੇਂਤੁਰਾਏ ਤੋਂ ਵਿਗਨੇਸ਼, ਧਰਮਾਪੁਰੀ ਤੋਂ ਆਦਿਤਿਆ, ਤਿਰੂਚੇਨਗੋਟ ਤੋਂ ਮੋਤੀਲਾਲ, ਮੇਤੂਰ ਨੇੜਲੇ ਕੂਲਾਇਯੁਰ ਤੋਂ ਧਨੁਸ਼, ਅਰਿਯਾਲਰ ਜ਼ਿਲ੍ਹੇ ਨੇੜਲੇ ਦੁਲਾਰਾਨਗੁਰਿਚੀ ਤੋਂ ਕਨੀਮੋਜ਼੍ਹੀ, ਵੇਲੋਰ ਜ਼ਿਲ੍ਹੇ ਦੇ ਥਲੀਯਾਰਾਮਪੱਤੂ ਤੋਂ ਸੇਲਾਂਦਰਿਆ, 16 ਤੋਂ ਵੱਧ ਜਣਿਆਂ ਨੇ ਇੱਕੋ-ਜਿਹੇ ਕਾਰਨਾਂ ਕਰਕੇ ਖ਼ੁਦਕੁਸ਼ੀ ਕੀਤੀ ਹੈ।

ਨੀਟ

ਤਸਵੀਰ ਸਰੋਤ, Getty Images

ਨੀਟ ਬਿੱਲ

ਤਮਿਲਨਾਡੂ ਸਰਕਾਰ ਨੀਟ ਪ੍ਰੀਖਿਆ ਨੂੰ ਖ਼ਤਮ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ।

2019 ਵਿੱਚ ਏਡਾਪਡੀ ਕੇ ਪਾਲਾਨੀਸਾਮੀ ਦੀ ਅਗਵਾਈ ਵਾਲੀ ਪਿਛਲੀ ਏਡੀਐੱਮਕੇ ਸਰਕਾਰ ਨੇ ਵਿਧਾਨ ਸਭਾ ਵਿੱਚ ਇਹ ਬਿੱਲ ਪਾਸ ਕੀਤਾ ਸੀ ਕਿ ਤਮਿਲਨਾਡੂ ਨੂੰ ਨੀਟ ਵਿੱਚੋਂ ਬਾਹਰ ਕੀਤਾ ਜਾਵੇ। ਬਿੱਲ ਨੂੰ ਰਾਸ਼ਟਰਪਤੀ ਕੋਲ ਮਨਜ਼ੂਰੀ ਲਈ ਭੇਜਿਆ ਗਿਆ ਸੀ।

ਇਸ ਤੋਂ ਬਾਅਦ ਇੱਕ ਆਰਡੀਨੈਂਸ ਵੀ ਜਾਰੀ ਕੀਤਾ ਗਿਆ ਸੀ। ਇਹ ਆਰਡੀਨੈਂਸ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੈਡੀਕਲ ਕਾਲਜਾਂ ਵਿੱਚ 7.5 ਫੀਸਦੀ ਇੰਟਰਨਲ ਰਿਜ਼ਰਵੇਸ਼ਨ ਦੇਣ ਬਾਰੇ ਸੀ।

ਇਸ ਤੋਂ ਬਾਅਦ ਡੀਐੱਮਕੇ ਸਰਕਾਰ ਦੇ ਆਉੁਣ ਤੋਂ ਬਾਅਦ ਨੀਟ ਪ੍ਰੀਖਿਆ ਦੇ ਵਿਰੋਧ ਵਿੱਚ ਇੱਕ ਨਵਾਂ ਬਿੱਲ ਪਾਸ ਕੀਤਾ ਗਿਆ ਸੀ ਅਤੇ ਗਵਰਨਰ ਆਰ ਐੱਨ ਰਵੀ ਨੇ ਇਸ ਬਿੱਲ ਨੂੰ ਵਾਪਸ ਭੇਜ ਦਿੱਤਾ ਸੀ।

ਫੇਰ ਤਮਿਲਨਾਡੂ ਸਰਕਾਰ ਨੇ ਬਿੱਲ ਪਾਸ ਕੀਤਾ ਅਤੇ ਹੁਣ ਇਹ ਰਾਸ਼ਟਰਪਤੀ ਕੋਲ ਮਨਜ਼ੂਰੀ ਲਈ ਭੇਜਿਆ ਗਿਆ।

ਪਿਤਾ ਅਤੇ ਪੁੱਤਰ ਵੱਲੋਂ ਹਾਲ ਹੀ ਵਿੱਚ ਕੀਤੀ ਗਈ ਖ਼ੁਦਕੁਸ਼ੀ ਨੇ ਸੂਬੇ ਵਿੱਚ ਨਵਾਂ ਹੰਗਾਮਾ ਕੀਤਾ ਹੈ ਅਤੇ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਰਾਸ਼ਟਰਪਤੀ ਦਰੌਪਦੀ ਮੁਰਮੂ ਨੂੰ ਚਿੱਠੀ ਲਿਖੀ ਹੈ ਕਿ ਤਮਿਲਨਾਡੂ ਵੱਲੋਂ ਸੂਬੇ ਨੂੰ ਨੀਟ ਵਿੱਚੋਂ ਬਾਹਰ ਕੱਢੇ ਜਾਣ ਬਾਰੇ ਭੇਜੇ ਗਏ ਬਿੱਲ ਨੂੰ ਪਾਸ ਕੀਤਾ ਜਾਵੇ।

ਨੋਟ: ਕਿਸੇ ਦਵਾਈ ਅਤੇ ਥੈਰਿਪੀ ਦੇ ਰਾਹੀਂ ਮਾਨਸਿਕ ਬਿਮਾਰੀਆਂ ਦਾ ਇਲਾਜ ਸੰਭਵ ਹੈ। ਇਸ ਲਈ ਤੁਹਾਨੂੰ ਕਿਸੇ ਮਾਹਿਰ ਦੀ ਮਦਦ ਲੈਣੀ ਚਾਹੀਦੀ ਹੈ। ਜੇ ਤੁਹਾਡੇ ਵਿੱਚ ਜਾਂ ਤੁਹਾਡੇ ਕਿਸੇ ਨਜ਼ਦੀਕੀ ਵਿੱਚ ਕਿਸੇ ਤਰ੍ਹਾਂ ਦੀ ਮਾਨਸਿਕ ਤਕਲੀਫ਼ ਦੇ ਲੱਛਣ ਹਨ ਤਾਂ ਇਨ੍ਹਾਂ ਹੈਲਪਲਾਈਨ ਨੰਬਰਾਂ ਉੱਪਰ ਫ਼ੋਨ ਕਰ ਕੇ ਮਦਦ ਹਾਸਲ ਕੀਤੀ ਜਾ ਸਕਦੀ ਹੈ।

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ-1800-599-0019

ਇੰਸਟੀਚਿਊਟ ਆਫ਼ ਹਿਊਮਨ ਬਿਹੇਰਵੀਅਰ ਐਂਡ ਅਲਾਈਡ ਸਾਇੰਸਿਜ਼-9868396824, 9868396841, 011-22574820

ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼-080 - 26995000

ਵਿਦਿਆਸਾਗਰ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਅਲਾਈਡ ਸਾਇੰਸਿਜ਼-011 2980 2980

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)