ਕੋਟਾ ’ਚ ਸਿੱਖ ਨੌਜਵਾਨ ਦੀ ਮੌਤ: 'ਸਾਡਾ ਮੁੰਡਾ ਟੌਪਰ ਸੀ, ਉਸ ਨੂੰ ਈਰਖਾ ਕਰਕੇ ਮਾਰਿਆ ਗਿਆ'

ਤਸਵੀਰ ਸਰੋਤ, Shabaz Anwar/BBC
- ਲੇਖਕ, ਮੋਹਰ ਸਿੰਘ ਮੀਨਾ ਅਤੇ ਸ਼ਾਹਬਾਜ਼ ਅਨਵਰ
- ਰੋਲ, ਬੀਬੀਸੀ ਲਈ
ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚ ਵਿਦਿਆਰਥੀ ਮਨਜੋਤ ਸਿੰਘ ਛਾਬੜਾ ਦੀ ਮੌਤ ਨੂੰ ਪਰਿਵਾਰਕ ਮੈਂਬਰਾਂ ਨੇ ‘‘ਕਤਲ’’ ਦੱਸਿਆ ਹੈ।
ਮਨਜੋਤ ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ ਸੀ। ਉਹ ਰਾਜਸਥਾਨ ਦੇ ਸਿੱਖਿਆ ਹੱਬ ਸਮਝੇ ਜਾਂਦੇ ਕੋਟਾ ਵਿੱਚ ਨੀਟ ( (ਨੈਸ਼ਨਲ ਅਲਿਜੀਬਿਲਟੀ ਐਂਟਰਰੈਂਸ ਟੈਸਟ) ਦੀ ਤਿਆਰੀ ਕਰ ਰਿਹਾ ਸੀ।
3 ਅਗਸਤ ਨੂੰ ਉਸ ਦੀ ਮਿੱਤਰ ਦੇਹ ਪੁਲਿਸ ਨੇ ਹੋਸਟਲ ਵਿਚਲੇ ਕਮਰੇ ਤੋਂ ਬਰਾਮਦ ਕੀਤੀ ਸੀ।
ਪੁਲਿਸ ਇਸ ਨੂੰ ਖੁਦਕਸ਼ੀ ਦੱਸ ਰਹੀ ਹੈ, ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਚਾਰ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਕਤਲ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਚਾਰ ਵਿਅਕਤੀਆਂ ਵਿੱਚੋਂ ਇੱਕ ਉਸ ਦਾ ਨਾਬਾਲਗ ਸਹਿਪਾਠੀ ਵੀ ਹੈ।
ਮਨਜੋਤ ਛਾਬੜਾ ਵਿਗਿਆਨ ਨਗਰ ਥਾਣਾ ਖੇਤਰ ਦੇ ਇੱਕ ਹੋਸਟਲ ਵਿੱਚ ਰਹਿ ਕੇ ਨੀਟ ਦੀ ਕੋਚਿੰਗ ਲੈ ਰਿਹਾ ਸੀ।
ਕਰੀਬ 18 ਸਾਲ ਦਾ ਮਨਜੋਤ 15 ਅਪ੍ਰੈਲ ਨੂੰ ਹੀ ਉੱਤਰ ਪ੍ਰਦੇਸ਼ ਤੋਂ ਕੋਟਾ ਆਇਆ ਸੀ।
ਵਿਗਿਆਨ ਨਗਰ ਥਾਣੇ ਦੇ ਇੰਚਾਰਜ ਦੇਵੇਸ਼ ਭਾਰਦਵਾਜ ਨੇ ਬੀਬੀਸੀ ਨੂੰ ਦੱਸਿਆ, "3 ਅਗਸਤ ਦੀ ਸਵੇਰ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ। ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ, ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ।"

ਤਸਵੀਰ ਸਰੋਤ, Mohar Singh Meena/BBC
ਘਰਦਿਆਂ ਨੂੰ ਕਤਲ ਦਾ ਸ਼ੱਕ
ਦਰਅਸਲ, 3 ਅਗਸਤ ਨੂੰ ਮਨਜੋਤ ਦੀ ਲਾਸ਼ ਉਸੇ ਹੋਸਟਲ ਦੇ ਇੱਕ ਕਮਰੇ ਵਿੱਚ ਮਿਲੀ ਸੀ। ਸ਼ੁਰੂਆਤ ਵਿੱਚ ਮਾਮਲਾ ਖ਼ੁਦਕੁਸ਼ੀ ਦਾ ਮੰਨਿਆ ਜਾ ਰਿਹਾ ਸੀ ਪਰ ਮਨਜੋਤ ਦੇ ਘਰਦਿਆਂ ਨੂੰ ਇਹ ਮਾਮਲਾ ਕਤਲ ਦਾ ਹੋਣ ਦਾ ਸ਼ੱਕ ਹੈ।
ਮਨਜੋਤ ਦੇ ਕਤਲ ਦਾ ਸ਼ੱਕ ਜਤਾਉਂਦੇ ਹੋਏ ਘਰਦਿਆਂ ਨੇ ਨਾਮਜ਼ਦ ਚਾਰਾਂ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਹੈ।
ਦੇਵੇਸ਼ ਭਾਰਦਵਾਜ ਨੇ ਕਿਹਾ, "ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਆਈਪੀਸੀ ਦੀ ਧਾਰਾ 302 ਦੇ ਤਹਿਤ ਇੱਕ ਨਾਬਾਲਗ ਸਣੇ ਚਾਰਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।"
"ਘਰਦਿਆਂ ਨੇ ਕਤਲ ਦੀ ਸੰਭਾਵਨਾ ਜਤਾਈ ਹੈ। ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਵਿਸਰਾ ਜਾਂਚ ਲਈ ਭੇਜ ਦਿੱਤਾ ਗਿਆ ਹੈ। ਰਿਸ਼ਤੇਦਾਰ ਲਾਸ਼ ਨੂੰ ਉੱਤਰ ਪ੍ਰਦੇਸ਼ ਲੈ ਗਏ ਸਨ।"
ਜਾਂਚ ਅਧਿਕਾਰੀ ਡੀਐੱਸਪੀ ਨੇ ਦੱਸਿਆ ਕਿ ਅਜੇ ਤੱਕ ਕਤਲ ਦੇ ਸਬੂਤ ਨਹੀਂ ਮਿਲੇ ਹਨ।
ਮਾਮਲੇ ਦੇ ਜਾਂਚ ਅਧਿਕਾਰੀ ਡੀਐੱਸਪੀ ਧਰਮਵੀਰ ਸਿੰਘ ਨੇ ਬੀਬੀਸੀ ਨੂੰ ਫ਼ੋਨ 'ਤੇ ਦੱਸਿਆ, "ਹੁਣ ਤੱਕ ਦੀ ਜਾਂਚ ਵਿੱਚ ਕਤਲ ਦੇ ਸਬੂਤ ਸਾਹਮਣੇ ਨਹੀਂ ਆਏ ਹਨ। ਮ੍ਰਿਤਕ ਮਨਜੋਤ ਦੇ ਪਰਿਵਾਰ ਵਾਲਿਆਂ ਨੇ ਹੋਸਟਲ ਮਾਲਕ, ਮੈਨੇਜਰ ਅਤੇ ਮਨਜੋਤ ਦੇ ਨਾਲ ਕਮਰੇ ਵਿੱਚ ਰਹਿਣ ਵਾਲੇ ਨਾਬਾਲਗ਼ ਸਣੇ ਚਾਰ ਖ਼ਿਲਾਫ਼ ਨਾਮਜ਼ਦ ਐੱਫਆਈਆਰ ਦਰਜ ਕਰਵਾਈ ਹੈ।"
"ਨਾਬਾਲਗ਼ ਅਤੇ ਮਨਜੋਤ ਉੱਤਰ ਪ੍ਰਦੇਸ਼ ਦੇ ਇੱਕੇ ਜਗ੍ਹਾ ਦੇ ਹੀ ਰਹਿਣ ਵਾਲੇ ਹਨ। ਉੱਥੇ ਸਕੂਲ ਵਿੱਚ ਇਕੱਠੇ ਪੜ੍ਹਦੇ ਸਨ। ਕੋਟਾ ਵਿੱਚ ਵੀ ਉਹ ਹੋਸਟਲ ਦੇ ਨਾਲ ਲੱਗਦੇ ਕਮਰਿਆਂ ਵਿੱਚ ਰਹਿੰਦੇ ਸਨ।"
ਜਾਂਚ ਅਧਿਕਾਰੀ ਡੀਐੱਸਪੀ ਨੇ ਅੱਗੇ ਦੱਸਿਆ, "ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਹੋਸਟਲ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਸੀ, ਉਨ੍ਹਾਂ ਨੂੰ ਪੈਨ ਡਰਾਈਵ ਵਿੱਚ ਸੀਸੀਟੀਵੀ ਫੁਟੇਜ ਵੀ ਦੇ ਦਿੱਤੀ ਗਈ ਹੈ।"

ਤਸਵੀਰ ਸਰੋਤ, Mohar Singh Meena/BBC
ਮ੍ਰਿਤਕ ਵਿਦਿਆਰਥੀ ਮਨਜੋਤ ਦੇ ਪਿਤਾ ਨੇ ਕੀ ਕਿਹਾ?
ਮ੍ਰਿਤਕ ਵਿਦਿਆਰਥੀ ਮਨਜੋਤ ਛਾਬੜਾ ਦੇ ਪਿਤਾ ਹਰਜੋਤ ਛਾਬੜਾ ਨੇ ਬੀਬੀਸੀ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਕਿਹਾ, "ਹੋਸਟਲ ਦੇ ਮਾਲਕ, ਸਟਾਫ਼ ਅਤੇ ਮਨਜੋਤ ਦੇ ਕਮਰੇ ਦੇ ਕੋਲ ਰਹਿਣ ਵਾਲੇ ਵਿਦਿਆਰਥੀ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਗਈ ਹੈ।"
ਕੀ ਮਨਜੋਤ ਨੇ ਕਦੇ, ਕਿਸੇ ਕਿਸਮ ਦੀ ਸਮੱਸਿਆ ਦਾ ਜ਼ਿਕਰ ਕੀਤਾ ਹੈ?
ਇਸ ਸਵਾਲ 'ਤੇ ਹਰਜੋਤ ਛਾਬੜਾ ਕਹਿੰਦੇ ਹਨ, "ਮਨਜੋਤ ਹੁਸ਼ਿਆਰ ਵਿਦਿਆਰਥੀ ਸੀ। ਉਸ ਨੇ ਬਾਰ੍ਹਵੀਂ ਵਿੱਚ 94 ਫ਼ੀਸਦੀ ਅੰਕ ਲਏ ਸਨ। ਉਸ ਨੇ ਕੋਚਿੰਗ ਇੰਸਟੀਚਿਊਟ ਵਿੱਚ ਵੀ 570, 520 ਅੰਕ ਲਏ ਸਨ। ਉਹ ਟਾਪਰ ਬੱਚਾ ਸੀ। ਉਹ 15 ਅਪ੍ਰੈਲ ਨੂੰ ਕੋਟਾ ਆਇਆ ਸੀ ਅਤੇ 18 ਤਰੀਕ ਤੋਂ ਕਲਾਸਾਂ ਸ਼ੁਰੂ ਹੋਈਆਂ ਸਨ।"
ਕੋਟਾ ਦੇ ਹੋਸਟਲ ਦੀ ਸੀਸੀਟੀਵੀ ਫੁਟੇਜ ਦੇਖ ਕੇ ਤੁਹਾਨੂੰ ਕੋਈ ਸ਼ੱਕ ਹੋਇਆ?
ਇਸ ਸਵਾਲ 'ਤੇ ਉਹ ਦੱਸਦੇ ਹਨ, "ਮਨਜੋਤ ਦੇ ਕਮਰੇ ਦੇ ਨੇੜੇ ਰਹਿੰਦੇ ਵਿਦਿਆਰਥੀ ਅਤੇ ਮਨਜੋਤ ਨਾਲ ਕਮਰਾ ਸਾਂਝਾ ਕਰਦੇ ਸਨ। ਵਿਦਿਆਰਥੀ ਨੂੰ ਡਰ ਲੱਗਦਾ ਸੀ, ਉਸ ਦੀ ਮੰਮੀ ਵੀ ਕਹਿ ਕੇ ਗਈ ਸੀ, ਇਸ ਲਈ ਉਹ ਇੱਕ-ਦੂਜੇ ਦੇ ਕਮਰੇ ਵਿੱਚ ਸੌਂਦੇ ਸਨ। ਦੋਵੇਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਇਕੱਠੇ ਪੜ੍ਹਦੇ ਸਨ।"
ਉਹ ਅੱਗੇ ਦੱਸਦੇ ਹਨ, "ਰਾਤ ਦੇ 12.15 ਵਜੇ ਮਨਜੋਤ ਨੇ ਆਪਣੇ ਕਮਰੇ ਦਾ ਗੇਟ ਖੋਲ੍ਹਿਆ ਅਤੇ ਉਸ ਲੜਕੇ ਦੇ ਕਮਰੇ ਵੱਲ ਝਾਤ ਮਾਰੀ ਅਤੇ ਦਰਵਾਜ਼ਾ ਬੰਦ ਕਰਕੇ ਕਮਰੇ ਵਿੱਚ ਹੀ ਬੈਠ ਗਿਆ।"
"ਮਨਜੋਤ ਨੇ ਵੀ ਦੇਰ ਤੱਕ ਆਨਲਾਈਨ ਪੜ੍ਹਾਈ ਕੀਤੀ ਹੈ। 1.15 ਵਜੇ ਉਸ ਨੇ ਆਪਣੀ ਦੋਸਤ ਨੂੰ ਮੈਸੇਜ ਵੀ ਕੀਤਾ ਹੈ ਕਿ ਮੈਨੂੰ ਨੀਂਦ ਆ ਰਹੀ ਹੈ। ਦੋਵੇਂ ਹਾਸਾ-ਮਜ਼ਾਕ ਵੀ ਕਰਦੇ ਰਹੇ। ਜੇਕਰ ਉਸ ਦਾ ਕੋਈ ਇਰਾਦਾ ਹੁੰਦਾ ਤਾਂ ਉਹ ਆਪਣੀ ਦੋਸਤ ਨਾਲ ਗੱਲ ਕਿਉਂ ਕਰਦਾ?"
ਹਰਜੋਤ ਛਾਬੜਾ ਨੇ ਇਲਜ਼ਾਮ ਲਗਾਉਂਦਿਆਂ ਕਿਹਾ, "ਮੇਰੇ ਪੁੱਤਰ ਦਾ ਦਰਦਨਾਕ ਕਤਲ ਕੀਤਾ ਗਿਆ ਹੈ। ਐੱਫਆਈਆਰ ਵਿੱਚ ਨਾਮ ਹੋਣ ਦੇ ਬਾਵਜੂਦ ਕੋਈ ਗ੍ਰਿਫ਼ਤਾਰੀ ਨਹੀਂ ਹੋਈ।"
ਉਹ ਬੀਬੀਸੀ ਨੂੰ ਦੱਸਦੇ ਹਨ, "ਮੇਰੇ ਬੇਟੇ ਨੂੰ ਉਸਦੇ ਇੱਕ ਸਹਿਪਾਠੀ ਅਤੇ ਪੰਜ ਹੋਰ ਲੋਕਾਂ ਨੇ ਮਿਲ ਕੇ ਮਾਰਿਆ ਸੀ। ਮੈਂ ਉਨ੍ਹਾਂ ਸਾਰਿਆਂ ਦੇ ਖਿਲਾਫ ਕਤਲ ਦੀ ਰਿਪੋਰਟ ਦਰਜ ਕਰਵਾਈ ਹੈ, ਪਰ ਮੈਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਵਾਂਗਾ। ਮੈਂ ਸੂਬੇ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਹੈ।"

ਤਸਵੀਰ ਸਰੋਤ, Mohar Singh Meena/BBC
ਪਿਤਾ ਨੇ ਦਿੱਲੀ ਕਮੇਟੀ ਨੂੰ ਕੀਤੀ ਅਪੀਲ
ਮਨਜੋਤ ਦੇ ਪਿਤਾ ਹਰਜੋਤ ਛਾਬੜਾ ਮਾਮਲੇ ਵਿੱਚ ਮਦਦ ਦੀ ਅਪੀਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪਹੁੰਚੇ ਸਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।
ਇਸ ਦੌਰਾਨ ਦਿੱਲੀ ਕਮੇਟੀ ਨੇ ਮਾਪਿਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਡੀਜੀਪੀ ਰਾਜਸਥਾਨ ਉਮੇਸ਼ ਮਿਸ਼ਰਾ ਨੂੰ ਮਨਜੋਤ ਸਿੰਘ ਦੀ ਸ਼ੱਕੀ ਮੌਤ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ, "ਮ੍ਰਿਤਕ ਦੇ ਪਰਿਵਾਰ ਦੀ ਲੰਬੀ ਜੱਦੋਜਹਿਦ ਤੋਂ ਬਾਅਦ ਪੁਲਿਸ ਨੇ ਐੱਫਆਈਆਰ ਅਸੀਂ ਰਾਜਸਥਾਨ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੀ ਸਹੀ ਜਾਂਚ ਲਈ ਇੱਕ ਐੱਸਆਈਟੀ ਦਾ ਗਠਨ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ।"

ਕੌਣ ਸੀ ਮਨਜੋਤ
- 3 ਅਗਸਤ ਨੂੰ ਮਨਜੋਤ ਛਾਬੜਾ (17 ਸਾਲ) ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਸੀ।
- ਉਹ ਰਾਜਸਥਾਨ ਦੇ ਕੋਟਾ 'ਚ ਮੈਡੀਕਲ ਪ੍ਰੀਖਿਆ ਦੀ ਤਿਆਰੀ ਕਰਨ ਗਿਆ ਸੀ।
- ਮਨਜੋਤ ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ ਸੀ।
- ਮਨਜੋਤ ਦੇ ਪਿਤਾ ਹਰਜੋਤ ਮੁਤਾਬਕ ਉਹ ਹੋਣਹਾਰ ਵਿਦਿਆਰਥੀ ਸੀ।
- ਹਰਜੋਤ ਛਾਬੜਾ ਨੇ ਪੁੱਤਰ ਦੇ ਕਤਲ ਦਾ ਖਦਸ਼ਾ ਪ੍ਰਗਟਾਇਆ ਹੈ।
- ਉਨ੍ਹਾਂ ਨੇ ਕਿਹਾ ਕਿ ਈਰਖਾ ਕਰਕੇ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ।

ਮਾਮਲਾ ਕੀ ਸੀ
ਦਰਅਸਲ 3 ਅਗਸਤ ਨੂੰ ਰਾਜਸਥਾਨ ਦੇ ਕੋਟਾ 'ਚ ਮੈਡੀਕਲ ਪ੍ਰੀਖਿਆ ਦੀ ਤਿਆਰੀ ਕਰਨ ਗਏ ਉੱਤਰ ਪ੍ਰਦੇਸ਼ ਦੇ ਰਾਮਪੁਰ ਨਿਵਾਸੀ ਮਨਜੋਤ ਛਾਬੜਾ (17 ਸਾਲ) ਦੀ ਸ਼ੱਕੀ ਹਾਲਤਾਂ 'ਚ ਮੌਤ ਹੋ ਗਈ ਸੀ।
ਹੋਸਟਲ ਮਾਲਕ ਨੇ ਦਾਅਵਾ ਕੀਤਾ ਸੀ ਕਿ ਮਨਜੋਤ ਨੇ ਖ਼ੁਦਕੁਸ਼ੀ ਕੀਤੀ ਹੈ, ਨਾਲ ਹੀ ਕਿਹਾ ਸੀ ਕਿ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਹਾਲਾਂਕਿ ਮਨਜੋਤ ਦੇ ਪਿਤਾ ਹਰਜੋਤ ਨੇ ਬੇਟੇ ਦੀ ਖ਼ੁਦਕੁਸ਼ੀ ਤੋਂ ਸ਼ੁਰੂ ਤੋਂ ਹੀ ਇਨਕਾਰ ਕੀਤਾ ਸੀ।
ਉਨ੍ਹਾਂ ਨੇ 4 ਅਗਸਤ ਨੂੰ ਕੋਟਾ 'ਚ ਹੀ ਆਪਣੇ ਕੁਝ ਰਿਸ਼ਤੇਦਾਰਾਂ ਅਤੇ ਸਮਾਜ ਦੇ ਲੋਕਾਂ ਨਾਲ ਮਿਲ ਕੇ ਆਪਣੇ ਬੇਟੇ ਦਾ ਕਤਲ ਹੋਣ ਦਾ ਖਦਸ਼ਾ ਪ੍ਰਗਟਾਇਆ ਸੀ।
ਇਸ ਤੋਂ ਬਾਅਦ ਉਸੇ ਹੀ ਦਿਨ ਰਾਜਸਥਾਨ ਪੁਲਿਸ ਨੇ ਮਨਜੋਤ ਦੇ ਇੱਕ ਜਮਾਤੀ, ਹੋਸਟਲ ਮੈਨੇਜਰ ਸਮੇਤ ਛੇ ਜਣਿਆਂ ਖ਼ਿਲਾਫ਼ ਵਿਗਿਆਨ ਨਗਰ ਥਾਣੇ ਵਿੱਚ ਕਤਲ ਤੇ ਹੋਰ ਧਾਰਾਵਾਂ ਤਹਿਤ ਰਿਪੋਰਟ ਦਰਜ ਕਰ ਲਈ ਸੀ, ਜਿਸ ਤੋਂ ਬਾਅਦ ਅਗਲੇ ਦਿਨ ਮਨਜੋਤ ਦਾ ਰਾਮਪੁਰ ਵਿੱਚ ਸਸਕਾਰ ਕਰ ਦਿੱਤਾ ਗਿਆ ਸੀ।

"ਈਰਖਾ ਕਰਕੇ ਪੁੱਤਰ ਨੂੰ ਮਾਰਿਆ"
ਹਰਜੋਤ ਛਾਬੜਾ ਸ਼ੁਰੂ ਤੋਂ ਹੀ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਦਾ ਬੇਟਾ ਹੋਣਹਾਰ ਸੀ ਅਤੇ ਉਸ ਨੇ 10ਵੀਂ ਅਤੇ 12ਵੀਂ ਜਮਾਤਾਂ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਸਨ।
ਉਨ੍ਹਾਂ ਨੇ ਪੁਲੀਸ ਐੱਫਆਈਆਰ ਵਿੱਚ ਇਲਜ਼ਾਮ ਲਗਾਇਆ ਹੈ ਕਿ ਮਨਜੋਤ ਦਾ ਜਮਾਤੀ ਉਸ ਦੇ ਪੁੱਤਰ ਦੇ ਚੰਗੇ ਨੰਬਰ ਲੈਣ ’ਤੇ ਈਰਖਾ ਕਰਦਾ ਸੀ।
ਕੋਚਿੰਗ ਸੈਂਟਰ 'ਚ ਹੋਈ ਪ੍ਰੀਖਿਆ 'ਚ ਮਨਜੋਤ ਚੰਗੇ ਨੰਬਰ ਲੈਂਦਾ ਸੀ, ਇਹ ਗੱਲ ਜਮਾਤੀ ਨੂੰ ਪਰੇਸ਼ਾਨ ਕਰਦੀ ਸੀ। ਹੋਸਟਲ ਮੈਨੇਜਰ ਅਤੇ ਕੁਝ ਹੋਰ ਲੋਕ ਵੀ ਇਸ ਵਿੱਚ ਸ਼ਾਮਲ ਹੋ ਗਏ ਅਤੇ ਮਨਜੋਤ ਦਾ ਕਤਲ ਕਰ ਦਿੱਤਾ ਗਿਆ।
ਹਰਜੋਤ ਨੇ ਬੀਬੀਸੀ ਨੂੰ ਦੱਸਿਆ, " ਮੇਰਾ ਬੇਟਾ ਕੋਚਿੰਗ ਵਿੱਚ ਟੈਸਟ ਇਮਤਿਹਾਨ ਵਿੱਚ ਬਹੁਤ ਵਧੀਆ ਅੰਕ ਹਾਸਿਲ ਕਰਦਾ ਸੀ। ਇਸ ਕਾਬਲੀਅਤ ਨੇ ਮਨਜੋਤ ਦੇ ਸਹਿਪਾਠੀ ਨੂੰ ਉਸ ਦਾ ਦੁਸ਼ਮਣ ਬਣਾ ਦਿੱਤਾ ਸੀ।"
"ਹੋਸਟਲ ਮਾਲਕ ਤੋਂ ਇਲਾਵਾ ਕਈ ਹੋਰ ਲੋਕ ਵੀ ਇਸ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਮੇਰੇ ਪੁੱਤਰ ਨੂੰ ਮਾਰ ਦਿੱਤਾ ਹੈ। ਇਸ ਗੱਲ ਦੀ ਉੱਚ ਪੱਧਰੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਕਿ ਹੋਸਟਲ ਮਾਲਕ ਅਤੇ ਹੋਰ ਕਰਮਚਾਰੀਆਂ ਦਾ ਇਸ ਪਿੱਛੇ ਵੱਡਾ ਮਕਸਦ ਕੀ ਸੀ।"
ਹਰਜੋਤ ਨੇ ਇਹ ਵੀ ਮੰਗ ਕੀਤੀ ਕਿ ਇੱਥੇ ਅਕਸਰ ਦੂਜੇ ਸੂਬਿਆਂ ਦੇ ਬੱਚਿਆਂ ਦੀ ਮੌਤ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਅਜਿਹੇ ਵਿੱਚ ਮਨਜੋਤ ਦੇ ਕਤਲ ਦੀ ਉੱਚ ਪੱਧਰੀ ਜਾਂਚ ਵਿੱਚ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ।

ਤਸਵੀਰ ਸਰੋਤ, Mohar Singh Meena/bbc
'ਕਤਲ ਦਾ ਸਬੂਤ ਫਿਰ ਖੁਦਕੁਸ਼ੀ ਕਿਵੇਂ'
ਮਨਜੋਤ ਦੇ ਪਿਤਾ ਹਰਜੋਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 3 ਅਗਸਤ ਨੂੰ ਸਵੇਰੇ 9.30 ਵਜੇ ਦੇ ਕਰੀਬ ਹਾਦਸੇ ਦੀ ਸੂਚਨਾ ਮਿਲੀ ਸੀ।
ਉਨ੍ਹਾਂ ਨੇ ਕਿਹਾ, "ਜਦੋਂ ਮੈਂ ਸ਼ਾਮ ਨੂੰ ਰਾਮਪੁਰ ਤੋਂ ਰਾਜਸਥਾਨ ਪਹੁੰਚਿਆ ਤਾਂ ਮੇਰੇ ਪੁੱਤਰ ਦੀ ਲਾਸ਼ ਜਿਸ ਹਾਲਤ ਵਿਚ ਪਈ ਸੀ, ਉਸ ਨੂੰ ਦੇਖ ਕੇ ਲੱਗ ਰਿਹਾ ਸੀ ਇਹ ਖੁਦਕੁਸ਼ੀ ਦਾ ਨਹੀਂ ਸਗੋਂ ਕਤਲ ਦਾ ਮਾਮਲਾ ਹੈ।"
ਕਹਿੰਦੇ ਹਨ, "ਮੇਰੇ ਬੇਟੇ ਦਾ ਮੂੰਹ ਪੋਲੀਥੀਨ ਨਾਲ ਲਪੇਟਿਆ ਹੋਇਆ ਸੀ। ਉਸ ਦੇ ਗਲੇ ਵਿਚ ਰੱਸੀ ਪਾਈ ਹੋਈ ਸੀ ਅਤੇ ਉਸ ਦੇ ਹੱਥ ਪਿੱਛੇ ਬੰਨ੍ਹੇ ਹੋਏ ਸਨ। ਉਸ ਦੇ ਕਮਰੇ ਦੀਆਂ ਖਿੜਕੀਆਂ ਦੇ ਦੋਵੇਂ ਦਰਵਾਜ਼ੇ ਵੀ ਟੁੱਟੇ ਹੋਏ ਸਨ। ਹੁਣ ਦੱਸੋ ਅਜਿਹੇ ਹਾਲਾਤ ਵਿਚ ਕੋਈ ਖੁਦਕੁਸ਼ੀ ਕਿਵੇਂ ਕਰ ਸਕਦਾ ਹੈ?"
ਇਕ ਸਵਾਲ ਦੇ ਜਵਾਬ 'ਚ ਉਹ ਕਹਿੰਦੇ ਹਨ, "ਦੇਖੋ, ਸੁਸਾਈਡ ਨੋਟ ਮਿਲਣਾ ਕੋਈ ਵੱਡੀ ਗੱਲ ਨਹੀਂ ਹੈ। ਕੋਈ ਵੀ ਗਲੇ 'ਤੇ ਚਾਕੂ ਰੱਖ ਕੇ ਕੁਝ ਵੀ ਲਿਖਵਾ ਸਕਦਾ ਹੈ। ਮੇਰੇ ਬੇਟੇ ਨੂੰ ਇਕ-ਦੋ ਨੇ ਨਹੀਂ ਸਗੋਂ ਕਈ ਲੋਕਾਂ ਨੇ ਮਿਲ ਕੇ ਮਾਰਿਆ ਸੀ।"

ਤਸਵੀਰ ਸਰੋਤ, Mohar Singh Meena/bbc
ਸਦਮੇ ਵਿੱਚ ਮਾਂ
ਮ੍ਰਿਤਕ ਮਨਜੋਤ ਦੇ ਪਰਿਵਾਰ ਵਿੱਚ ਉਸ ਦੇ ਪਿਤਾ ਹਰਜੋਤ ਛਾਬੜਾ, ਮਾਂ ਗੁਰਪ੍ਰੀਤ ਅਤੇ ਕਰੀਬ 16 ਸਾਲ ਦਾ ਇੱਕ ਛੋਟਾ ਭਰਾ ਸ਼ਾਮਲ ਹੈ।
ਹਰਜੋਤ ਦਾ ਕਹਿਣਾ ਹੈ, "ਮੇਰਾ ਬੇਟਾ ਰਾਮਪੁਰ ਦੇ ਵ੍ਹਾਈਟ ਹਾਲ ਦਾ ਵਿਦਿਆਰਥੀ ਰਿਹਾ ਹੈ, ਜਦਕਿ ਛੋਟਾ ਬੇਟਾ ਵੀ 12ਵੀਂ ਜਮਾਤ ਵਿੱਚ ਇਸੇ ਸਕੂਲ ਵਿੱਚ ਪੜ੍ਹਦਾ ਹੈ।"
ਪੁੱਤਰ ਦੀ ਮੌਤ ਤੋਂ ਬਾਅਦ ਮਾਂ ਗੁਰਪ੍ਰੀਤ ਡੂੰਘੇ ਸਦਮੇ ਵਿੱਚ ਹੈ।
ਬੀਬੀਸੀ ਨੇ ਹਰਜੋਤ ਨੂੰ ਆਪਣੀ ਪਤਨੀ ਨਾਲ ਗੱਲ ਕਰਵਾਉਣ ਲਈ ਕਿਹਾ, ਪਰ ਉਹ ਗੱਲ ਨਹੀਂ ਕਰ ਸਕੀ।
ਮਨਜੋਤ ਦੀ ਮਾਂ ਨੇ ਆਪਣੇ ਬੇਟੇ ਦੀ ਮੌਤ ਤੋਂ ਪਹਿਲਾਂ 2 ਅਗਸਤ ਨੂੰ ਰਾਤ 10.30 ਵਜੇ ਉਸ ਨਾਲ ਗੱਲ ਕੀਤੀ ਸੀ।
ਉਹ 3 ਅਗਸਤ ਨੂੰ ਆਪਣੇ ਪਿਤਾ ਦੇ ਜਨਮ ਦਿਨ ਨੂੰ ਲੈ ਕੇ ਬਹੁਤ ਖੁਸ਼ ਸੀ। ਦੂਜੇ ਪਾਸੇ ਮਨਜੋਤ ਦਾ ਛੋਟਾ ਭਰਾ ਵੀ ਬਹੁਤ ਦੁਖੀ ਹੈ। ਲੋਕ ਪਰਿਵਾਰ ਨੂੰ ਦਿਲਾਸਾ ਦੇਣ ਲਈ ਪਹੁੰਚ ਰਹੇ ਹਨ।












