ਰਾਧੇ ਮਾਂ: ਬਾਬਿਆਂ ਦੀ ਦੁਨੀਆਂ ਵਿੱਚ ਉੱਭਰੀ 'ਦੇਵੀ ਮਾਂ' ਦੀ ਅਣਕਹੀ ਕਹਾਣੀ

- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਉਹ ਚਮਤਕਾਰ ਕਰਨ ਦਾ ਦਾਅਵਾ ਕਰਦੇ ਹਨ। ਉਨ੍ਹਾਂ ਦੇ ਭਗਤ ਉਨ੍ਹਾਂ ਨੂੰ ਦੇਵੀ ਮਾਂ ਮੰਨਦੇ ਹਨ।
ਰਾਧੇ ਮਾਂ ਦੇ ਨਾਂ ਨਾਲ ਮਸ਼ਹੂਰ ਸੁਖਵਿੰਦਰ ਕੌਰ, ਉਨ੍ਹਾਂ ਕੁਝ ਔਰਤਾਂ ਵਿੱਚੋਂ ਇੱਕ ਹਨ ਜੋ ਭਾਰਤ ਵਿੱਚ ਫੈਲਦੀ ਬਾਬਿਆਂ ਦੀ ਦੁਨੀਆਂ ਵਿੱਚ ਜਗ੍ਹਾ ਬਣਾ ਸਕੇ ਹਨ। ਭਗਤੀ, ਭੈਅ, ਅੰਧਵਿਸ਼ਵਾਸ ਅਤੇ ਰਹੱਸ ਦੀ ਇਸ ਦੁਨੀਆਂ ਤੱਕ ਪਹੁੰਚ ਹਾਸਲ ਕਰਨਾ ਮੁਸ਼ਕਿਲ ਹੈ।
ਬੀਬੀਸੀ ਰਾਧੇ ਮਾਂ ਦੀ ਇਸ ਦੁਨੀਆਂ ਵਿੱਚ ਦਾਖ਼ਲ ਹੋਇਆ ਅਤੇ ਇਸ ਦੀ ਪਰਤ ਦਰ ਪਰਤ ਖੋਲ੍ਹੀ।
ਲੂਈ ਵਿਤੋਨ ਅਤੇ ਗੂਚੀ ਵਰਗੇ ਮਹਿੰਗੇ ਗਲੋਬਲ ਬਰੈਂਡ ਦੇ ਪਰਸ ਹੱਥ ਵਿੱਚ ਲੈ ਕੇ, ਸੋਨੇ ਅਤੇ ਹੀਰਿਆਂ ਨਾਲ ਜੜੇ ਗਹਿਣੇ ਅਤੇ ਫੈਸ਼ਨਏਬਲ ਲਿਬਾਸ ਪਹਿਨ ਕੇ ਔਰਤਾਂ ਇਕੱਠੀਆਂ ਹੋ ਰਹੀਆਂ ਹਨ।
ਇਹ ਰਾਧੇ ਮਾਂ ਦੀਆਂ ਭਗਤ ਹਨ। ਉਹ ਦਿੱਲੀ ਵਿੱਚ ਲਗਭਗ ਅੱਧੀ ਰਾਤ ਨੂੰ ਸ਼ੁਰੂ ਹੋਣ ਵਾਲੇ ਉਨ੍ਹਾਂ ਦੇ ਦਰਸ਼ਨ ਲਈ ਆਈਆਂ ਹਨ।
ਖ਼ੁਦ ਨੂੰ 'ਚਮਤਕਾਰੀ ਮਾਤਾ' ਦੱਸਣ ਵਾਲੇ ਰਾਧੇ ਮਾਂ ਨੂੰ ਸੰਤਾਂ ਵਰਗਾ ਸਾਦਾ ਜੀਵਨ ਪਸੰਦ ਨਹੀਂ ਹੈ। ਨਾ ਹੀ ਉਨ੍ਹਾਂ ਦਾ ਪਹਿਰਾਵਾ ਸਾਧਾਰਨ ਹੈ, ਨਾ ਉਹ ਲੰਬੇ ਪ੍ਰਵਚਨ ਦਿੰਦੇ ਹਨ, ਨਾ ਹੀ ਸਵੇਰ ਦੇ ਸਮੇਂ ਭਗਤਾਂ ਨੂੰ ਮਿਲਦੇ ਹਨ।

ਬੀਬੀਸੀ ਨਾਲ ਜਦੋਂ ਉਨ੍ਹਾਂ ਦੀ ਮੁਲਾਕਾਤ ਹੋਈ ਤਾਂ ਬਿਨਾਂ ਲਾਗ ਲਪੇਟ ਬੋਲੇ, "ਇਹੀ ਸੱਚ ਹੈ ਕਿ ਚਮਤਕਾਰ ਨੂੰ ਨਮਸਕਾਰ ਹੈ। ਵੈਸੇ ਬੰਦਾ ਇੱਕ ਰੁਪਇਆ ਵੀ ਨਹੀਂ ਚੜ੍ਹਾਉਂਦਾ। ਉਨ੍ਹਾਂ ਨਾਲ ਚਮਤਕਾਰ ਹੁੰਦੇ ਹਨ। ਉਨ੍ਹਾਂ ਦੇ ਕੰਮ ਹੁੰਦੇ ਹਨ ਤਾਂ ਉਹ ਚੜ੍ਹਾਉਂਦੇ ਹਨ।"
ਇਨ੍ਹਾਂ 'ਚਮਤਕਾਰਾਂ' ਦੀਆਂ ਕਈ ਕਹਾਣੀਆਂ ਹਨ। ਉਨ੍ਹਾਂ ਦੇ ਭਗਤ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਆਸ਼ੀਰਵਾਦ ਨਾਲ ਜਿਨ੍ਹਾਂ ਦੇ ਬੱਚੇ ਨਹੀਂ ਹੋ ਰਹੇ, ਉਨ੍ਹਾਂ ਨੂੰ ਬੱਚੇ ਹੋ ਜਾਂਦੇ ਹਨ।ਜਿਨ੍ਹਾਂ ਦੇ ਸਿਰਫ਼ ਲੜਕੀਆਂ ਪੈਦਾ ਹੋ ਰਹੀਆਂ ਹਨ, ਉਨ੍ਹਾਂ ਦੇ ਲੜਕਾ ਹੋ ਜਾਂਦਾ ਹੈ। ਜਿਨ੍ਹਾਂ ਦਾ ਵਪਾਰ ਡੁੱਬ ਰਿਹਾ ਹੋਵੇ, ਉਨ੍ਹਾਂ ਨੂੰ ਮੁਨਾਫ਼ਾ ਹੋਣ ਲੱਗਦਾ ਹੈ। ਬਿਮਾਰ ਲੋਕ ਤੰਦਰੁਸਤ ਹੋ ਜਾਂਦੇ ਹਨ।
'ਭਗਵਾਨ ਰੂਪ' ਹੋਣ ਅਤੇ ਚਮਤਕਾਰ ਕਰਨ ਦੇ ਦਾਅਵੇ ਸਿਰਫ਼ ਰਾਧੇ ਮਾਂ ਦੇ ਹੀ ਨਹੀਂ ਹਨ। ਭਾਰਤ ਵਿੱਚ ਅਜਿਹੇ ਕਈ ਸਵੈਐਲਾਨੇ ਬਾਬੇ ਹਨ। ਇਨ੍ਹਾਂ ਦੀ ਗਿਣਤੀ ਦਿਨੋਂ ਦਿਨ ਵੱਧ ਹੀ ਰਹੀ ਹੈ।
ਵੈਸੇ ਕੁਝ 'ਤੇ ਭ੍ਰਿਸ਼ਟਾਚਾਰ ਜਾਂ ਜਿਨਸੀ ਹਿੰਸਾ ਤੱਕ ਕਈ ਇਲਜ਼ਾਮ ਵੀ ਲੱਗੇ ਹਨ। ਰਾਧੇ ਮਾਂ 'ਤੇ ਵੀ 'ਕਾਲਾ ਜਾਦੂ' ਕਰਨ ਅਤੇ ਇੱਕ ਪਰਿਵਾਰ ਨੂੰ ਦਾਜ ਲੈਣ ਲਈ ਉਕਸਾਉਣ ਦੇ ਇਲਜ਼ਾਮ ਲੱਗੇ ਸਨ। ਹਾਲਾਂਕਿ ਪੁਲਿਸ ਦੀ ਪੜਤਾਲ ਤੋਂ ਬਾਅਦ ਸਾਰੇ ਇਲਜ਼ਾਮ ਖ਼ਾਰਜ ਹੋ ਗਏ।
ਇਸ ਦੇ ਬਾਅਦ ਵੀ ਹਜ਼ਾਰਾਂ ਲੋਕ ਇਨ੍ਹਾਂ ਬਾਬਿਆਂ ਅਤੇ ਦੇਵੀਆਂ ਨੂੰ ਦੇਖਣ ਲਈ ਆਉਂਦੇ ਹਨ। ਸਾਲ 2024 ਵਿੱਚ ਹਾਥਰਸ ਵਿੱਚ ਅਜਿਹੇ ਹੀ ਇੱਕ ਬਾਬੇ ਦੇ ਸਤਿਸੰਗ ਵਿੱਚ ਹੋਈ ਭਗਦੜ ਵਿੱਚ 120 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ।
ਅਖਿਲ ਭਾਰਤੀ ਅੰਧਸ਼ਰਧਾ ਨਿਰਮੂਲਨ ਸਮਿਤੀ ਦੇ ਸੰਸਥਾਪਕ ਪ੍ਰੋਫੈਸਰ ਸ਼ਿਆਮ ਮਾਨਵ ਨਾਲ ਸਾਡੀ ਮੁਲਾਕਾਤ ਨਾਗਪੁਰ ਵਿੱਚ ਹੋਈ।
ਉਹ ਕਹਿੰਦੇ ਹਨ, "ਜ਼ਿਆਦਾਤਰ ਭਾਰਤੀ ਪਰਿਵਾਰਾਂ ਵਿੱਚ ਇਹ ਆਮ ਸੰਸਕਾਰ ਹੈ ਕਿ ਜੀਵਨ ਦਾ ਉਦੇਸ਼ ਹੀ ਭਗਵਾਨ ਦੀ ਪ੍ਰਾਪਤੀ ਹੈ। ਇਸ ਲਈ ਜੇਕਰ ਧਿਆਨ, ਪ੍ਰਾਰਥਨਾ, ਭਜਨ-ਕੀਰਤਨ ਕੀਤਾ ਜਾਵੇ ਤਾਂ ਸਿੱਧੀਆਂ ਪ੍ਰਾਪਤ ਹੋ ਸਕਦੀਆਂ ਹਨ।
"ਸਿੱਧੀਆਂ ਪ੍ਰਾਪਤ ਕਰਨ ਵਾਲੇ ਬਾਬੇ ਜਾਂ ਦੇਵੀ ਨੂੰ ਲੋਕ ਭਗਵਾਨ ਦਾ ਰੂਪ ਮੰਨਣ ਲੱਗਦੇ ਹਨ ਜੋ ਚਮਤਕਾਰ ਕਰ ਸਕਦੇ ਹਨ।"

ਕੌਣ ਹਨ ਰਾਧੇ ਮਾਂ ਦੇ ਭਗਤ?
ਆਮ ਧਾਰਨਾ ਹੈ ਗ਼ਰੀਬ ਜਾਂ ਜਿਹੜੇ ਲੋਕ ਪੜ੍ਹ-ਲਿਖ ਨਹੀਂ ਸਕਦੇ, ਉਹ ਅਜਿਹੀ ਸੋਚ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ, ਪਰ ਰਾਧੇ ਮਾਂ ਦੇ ਕਈ ਭਗਤ ਅਮੀਰ ਅਤੇ ਪੜ੍ਹੇ-ਲਿਖੇ ਪਰਿਵਾਰਾਂ ਤੋਂ ਆਉਂਦੇ ਹਨ।
ਮੇਰੀ ਮੁਲਾਕਾਤ ਆਕਸਫੋਰਡ ਯੂਨੀਵਰਸਿਟੀ ਦੇ ਸੈਦ ਬਿਜ਼ਨਸ ਸਕੂਲ ਤੋਂ ਪੜ੍ਹਾਈ ਕਰਨ ਵਾਲੇ ਇੱਕ ਐਜੂਕੇਸ਼ਨ ਕੰਸਲਟੈਂਸੀ ਚਲਾਉਣ ਵਾਲੇ ਪੁਸ਼ਪਿੰਦਰ ਭਾਟੀਆ ਨਾਲ ਹੋਈ। ਉਹ ਵੀ ਉਸ ਰਾਤ ਉਨ੍ਹਾਂ ਔਰਤਾਂ ਨਾਲ ਦਰਸ਼ਨ ਕਰਨ ਲਈ ਕਤਾਰ ਵਿੱਚ ਸਨ।
ਉਨ੍ਹਾਂ ਨੇ ਮੈਨੂੰ ਕਿਹਾ ਕਿ 'ਦੈਵੀ ਸ਼ਕਤੀਆਂ ਦੇ ਮਨੁੱਖੀ ਰੂਪ' ਦੀ ਭਗਤੀ ਕਰਨ ਬਾਰੇ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ।
ਪੁਸ਼ਪਿੰਦਰ ਨੇ ਦੱਸਿਆ, "ਸ਼ੁਰੂਆਤ ਵਿੱਚ ਮਨ ਵਿੱਚ ਸਵਾਲ ਸਨ, 'ਕੀ ਭਗਵਾਨ ਮਨੁੱਖੀ ਰੂਪ ਵਿੱਚ ਆਉਂਦੇ ਹਨ? ਕੀ ਇਹ ਸੱਚ ਹੈ? ਕੀ ਉਹ ਅਜਿਹੇ ਆਸ਼ੀਰਵਾਦ ਦਿੰਦੇ ਹਨ ਕਿ ਤੁਹਾਡੀ ਜ਼ਿੰਦਗੀ ਬਦਲ ਜਾਵੇ? ਇਹ ਕਥਿਤ ਚਮਤਕਾਰ ਕਿਵੇਂ ਹੁੰਦੇ ਹਨ?"
ਪੁਸ਼ਪਿੰਦਰ ਭਾਟੀਆ ਰਾਧੇ ਮਾਂ ਦੇ ਸੰਪਰਕ ਵਿੱਚ ਉਸ ਸਮੇਂ ਆਏ ਜਦੋਂ ਉਨ੍ਹਾਂ ਦਾ ਪਰਿਵਾਰ ਇੱਕ ਵੱਡੀ ਦੁਖਦ ਘਟਨਾ ਨਾਲ ਜੂਝ ਰਿਹਾ ਸੀ।
ਕਈ ਲੋਕ ਕਹਿਣਗੇ ਕਿ ਇਸ ਵਜ੍ਹਾ ਨਾਲ ਉਹ ਕਮਜ਼ੋਰ ਹੋ ਗਏ ਹੋਣਗੇ ਜਾਂ ਉਨ੍ਹਾਂ ਨੂੰ ਫੁਸਲਾਇਆ ਜਾ ਸਕਦਾ ਹੋਵੇਗਾ। ਪਰ ਉਹ ਦੱਸਦੇ ਹਨ ਕਿ ਉਸ ਸਮੇਂ ਰਾਧੇ ਮਾਂ ਦੀਆਂ ਗੱਲਾਂ ਤੋਂ ਉਨ੍ਹਾਂ ਨੂੰ ਲੱਗਿਆ ਕਿ ਉਹ ਸੱਚਮੁੱਚ ਉਨ੍ਹਾਂ ਦੀ ਪਰਵਾਹ ਕਰਦੇ ਹਨ।
ਉਨ੍ਹਾਂ ਨੇ ਕਿਹਾ, "ਮੈਨੂੰ ਲੱਗਦਾ ਹੈ, ਪਹਿਲੇ ਹੀ ਦਰਸ਼ਨ ਵਿੱਚ ਉਨ੍ਹਾਂ ਦੇ ਆਭਾ ਮੰਡਲ ਨੇ ਮੈਨੂੰ ਆਕਰਸ਼ਿਤ ਕੀਤਾ। ਮੇਰੇ ਖ਼ਿਆਲ ਨਾਲ ਜਦੋਂ ਤੁਸੀਂ ਉਨ੍ਹਾਂ ਦੇ ਮਨੁੱਖ ਰੂਪ ਤੋਂ ਅੱਗੇ ਵੱਧ ਕੇ ਉਨ੍ਹਾਂ ਨੂੰ ਦੇਖਦੇ ਹੋ, ਤਾਂ ਤੁਰੰਤ ਉਨ੍ਹਾਂ ਨਾਲ ਜੁੜਾਅ ਮਹਿਸੂਸ ਕਰਦੇ ਹੋ।"

ਭਗਤਾਂ ਲਈ ਰਾਧੇ ਮਾਂ ਦੇ ਦਰਸ਼ਨ ਪਾਉਣਾ ਬੇਸ਼ਕੀਮਤੀ ਹੈ। ਅਸੀਂ ਦਿੱਲੀ ਵਿੱਚ ਅੱਧੀ ਰਾਤ ਨੂੰ ਇੱਕ ਨਿੱਜੀ ਘਰ ਵਿੱਚ ਹੋਏ ਅਜਿਹੇ ਹੀ ਇੱਕ ਦਰਸ਼ਨ ਵਿੱਚ ਮੌਜੂਦ ਰਹਿਣ ਦਾ ਮੌਕਾ ਹਾਸਲ ਕੀਤਾ।
ਉੱਥੇ ਇਕੱਤਰ ਸੈਂਕੜੇ ਭਗਤਾਂ ਵਿੱਚੋਂ ਇੱਕ ਵੱਡੇ ਵਪਾਰੀ ਅਤੇ ਇੱਕ ਸੀਨੀਅਰ ਪੁਲਿਸ ਅਫ਼ਸਰ ਵੀ ਸਨ। ਉਹ ਆਪਣੇ ਪਰਿਵਾਰ ਨਾਲ ਦੂਜੇ ਸ਼ਹਿਰ ਤੋਂ ਹਵਾਈ ਯਾਤਰਾ ਕਰ ਕੇ ਖ਼ਾਸ ਉਨ੍ਹਾਂ ਦੇ ਦਰਸ਼ਨ ਕਰਨ ਲਈ ਆਏ ਸਨ।
ਮੈਂ ਉੱਥੇ ਪੱਤਰਕਾਰ ਦੀ ਹੈਸੀਅਤ ਨਾਲ ਸਭ ਦੇਖਣ-ਸਮਝਣ ਗਈ ਸੀ। ਮੈਨੂੰ ਕਿਹਾ ਗਿਆ ਕਿ ਪਹਿਲਾਂ ਦਰਸ਼ਨ ਕਰਨੇ ਹੋਣਗੇ। ਫਿਰ ਇੱਕ ਲੰਬੀ ਕਤਾਰ ਦੇ ਅੱਗੇ ਖੜ੍ਹਾ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਦੱਸਿਆ ਗਿਆ ਕਿ ਕਿਵੇਂ ਪ੍ਰਾਰਥਨਾ ਕਰਨੀ ਹੋਵੇਗੀ। ਚਿਤਾਵਨੀ ਦਿੱਤੀ ਗਈ ਕਿ ਜੇਕਰ ਪ੍ਰਾਰਥਨਾ ਨਹੀਂ ਕੀਤੀ ਤਾਂ ਮੇਰੇ ਪਰਿਵਾਰ 'ਤੇ ਕਿੰਨੀ ਮੁਸੀਬਤ ਆ ਸਕਦੀ ਹੈ।
ਰਾਧੇ ਮਾਂ ਦੇ ਪਸੰਦੀਦਾ ਲਾਲ ਅਤੇ ਸੁਨਹਿਰੇ ਰੰਗਾਂ ਨਾਲ ਸਜੇ ਉਸ ਕਮਰੇ ਵਿੱਚ ਸਭ ਕੁਝ ਜਿਵੇਂ ਉਨ੍ਹਾਂ ਦੀਆਂ ਅੱਖਾਂ ਦੇ ਇਸ਼ਾਰੇ 'ਤੇ ਹੋ ਰਿਹਾ ਸੀ।
ਇੱਕ ਪਲ ਵਿੱਚ ਖ਼ੁਸ਼...ਇੱਕ ਪਲ ਵਿੱਚ ਨਾਰਾਜ਼…ਅਤੇ ਉਹ ਗੁੱਸਾ ਪਤਾ ਨਹੀਂ ਕਿਵੇਂ ਉਨ੍ਹਾਂ ਦੀ ਭਗਤ ਵਿੱਚ ਚਲਾ ਗਿਆ। ਪੂਰਾ ਕਮਰਾ ਸ਼ਾਂਤ ਹੋ ਗਿਆ। ਉਸ ਭਗਤ ਦਾ ਸਿਰ ਅਤੇ ਸਰੀਰ ਤੇਜ਼ੀ ਨਾਲ ਹਿੱਲਣ ਲੱਗਿਆ। ਉਹ ਜ਼ਮੀਨ 'ਤੇ ਲੇਟਣ ਲੱਗੀ।
ਭਗਤਾਂ ਨੇ ਰਾਧੇ ਮਾਂ ਨੂੰ ਗੁੱਸਾ ਛੱਡ ਕੇ ਮੁਆਫ਼ ਕਰਨ ਨੂੰ ਕਿਹਾ। ਕੁਝ ਹੀ ਮਿੰਟ ਬਾਅਦ ਬੌਲੀਵੁੱਡ ਦਾ ਗੀਤ ਵਜਾਇਆ ਗਿਆ। ਰਾਧੇ ਮਾਂ ਨੱਚਣ ਲੱਗੇ। ਰਾਤ ਦੀ ਰੌਣਕ ਪਰਤ ਆਈ।
ਭਗਤਾਂ ਦੀ ਕਤਾਰ ਫਿਰ ਚੱਲਣ ਲੱਗੀ।

ਪੰਜਾਬ ਤੋਂ ਮੁੰਬਈ ਦਾ ਸਫ਼ਰ ਕਿਵੇਂ ਤੈਅ ਕੀਤਾ
ਰਾਧੇ ਮਾਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੋਰਾਂਗਲਾ ਦੇ ਮੱਧ-ਵਰਗੀ ਪਰਿਵਾਰ ਵਿੱਚ ਪੈਦਾ ਹੋਏ। ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦਾ ਨਾਂ ਸੁਖਵਿੰਦਰ ਕੌਰ ਰੱਖਿਆ।
ਸੁਖਵਿੰਦਰ ਕੌਰ ਦੀ ਭੈਣ ਰਜਿੰਦਰ ਕੌਰ ਨੇ ਮੈਨੂੰ ਦੱਸਿਆ, "ਜਿਵੇਂ ਬੱਚੇ ਬੋਲ ਦਿੰਦੇ ਹਨ। ਮੈਂ ਪਾਇਲਟ ਬਣਾਂਗਾ, ਮੈਂ ਡਾਕਟਰ ਬਣਾਂਗਾ, ਦੇਵੀ ਮਾਂ ਜੀ ਬੋਲਦੇ ਸਨ: ਮੈਂ ਕੌਣ ਹਾਂ? ਤਾਂ ਪਿਤਾ ਜੀ ਉਨ੍ਹਾਂ ਨੂੰ 135 ਸਾਲ ਦੇ ਇੱਕ ਗੁਰੂ ਜੀ ਕੋਲ ਲੈ ਗਏ। ਉਨ੍ਹਾਂ ਨੇ ਬੋਲਿਆ ਕਿ ਇਹ ਬੱਚੀ ਬਿਲਕੁਲ ਭਗਵਤੀ ਦਾ ਰੂਪ ਹੈ।"
ਵੀਹ ਸਾਲ ਦੀ ਉਮਰ ਵਿੱਚ ਸੁਖਵਿੰਦਰ ਕੌਰ ਦਾ ਵਿਆਹ ਮੋਹਨ ਸਿੰਘ ਨਾਲ ਹੋਇਆ। ਇਸ ਤੋਂ ਬਾਅਦ ਉਹ ਮੁਕੇਰੀਆਂ ਸ਼ਹਿਰ ਵਿੱਚ ਰਹਿਣ ਲੱਗੇ। ਉਨ੍ਹਾਂ ਦੇ ਪਤੀ ਵਿਦੇਸ਼ ਕਮਾਉਣ ਲਈ ਚਲੇ ਗਏ।
ਰਾਧੇ ਮਾਂ ਦੇ ਮੁਤਾਬਕ, "ਇਸ ਵਿਚਕਾਰ ਮੈਂ ਸਾਧਨਾ ਕੀਤੀ। ਮੈਨੂੰ ਦੇਵੀ ਮਾਂ ਦੇ ਦਰਸ਼ਨ ਹੋਏ। ਇਸ ਤੋਂ ਬਾਅਦ ਮੇਰੀ ਪ੍ਰਸਿੱਧੀ ਹੋ ਗਈ।"
ਹੁਣ ਰਜਿੰਦਰ ਕੌਰ ਮੁਕੇਰੀਆਂ ਵਿੱਚ ਹੀ ਰਾਧੇ ਮਾਂ ਦੇ ਨਾਂ ਉੱਤੇ ਬਣੇ ਇੱਕ ਮੰਦਿਰ ਦੀ ਦੇਖ-ਰੇਖ ਕਰ ਰਹੇ ਹਨ। ਇਹ ਮੰਦਿਰ ਰਾਧੇ ਮਾਂ ਦੇ ਪਤੀ ਮੋਹਨ ਸਿੰਘ ਨੇ ਬਣਵਾਇਆ ਹੈ।
ਰਜਿੰਦਰ ਕੌਰ ਦੇ ਮੁਤਾਬਕ, "ਅਸੀਂ ਉਨ੍ਹਾਂ ਨੂੰ 'ਡੈਡੀ' ਕਹਿੰਦੇ ਹਾਂ। ਉਹ ਸਾਡੀ ਮਾਂ ਹਨ ਤਾਂ ਉਹ ਸਾਡੇ ਪਿਤਾ ਹੋਏ।"
ਜਦੋਂ ਰਾਧੇ ਮਾਂ ਦੇ ਪਤੀ ਵਿਦੇਸ਼ ਵਿੱਚ ਸਨ ਤਾਂ ਉਹ ਆਪਣੇ ਦੋਵੇਂ ਬੇਟਿਆਂ ਨੂੰ ਆਪਣੀ ਭੈਣ ਕੋਲ ਛੱਡ ਕੇ ਖ਼ੁਦ ਭਗਤਾਂ ਦੇ ਘਰਾਂ ਵਿੱਚ ਰਹਿਣ ਲੱਗੇ। ਜ਼ਿਆਦਾਤਰ ਭਗਤ ਵਪਾਰੀ ਪਰਿਵਾਰਾਂ ਤੋਂ ਸਨ।
ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਹੁੰਦੇ ਹੋਏ ਉਹ ਮੁੰਬਈ ਪਹੁੰਚੇ। ਇੱਥੇ ਉਹ ਇੱਕ ਦਹਾਕੇ ਤੋਂ ਜ਼ਿਆਦਾ ਇੱਕ ਵਪਾਰੀ ਪਰਿਵਾਰ ਨਾਲ ਰਹੇ। ਇਸ ਤੋਂ ਬਾਅਦ ਆਪਣੇ ਬੇਟਿਆਂ ਨਾਲ ਰਹਿਣ ਲੱਗੇ।
ਜਿਨ੍ਹਾਂ ਲੋਕਾਂ ਦੇ ਘਰ ਵਿੱਚ ਰਾਧੇ ਮਾਂ ਰਹੇ ਹਨ, ਉਹ ਉਨ੍ਹਾਂ ਦੇ ਪੱਕੇ ਭਗਤ ਹਨ। ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਘਰ ਵਿੱਚ ਦੇਵੀ ਮਾਂ ਦੇ 'ਚਰਨ ਪੈਣ' ਕਾਰਨ ਹੀ ਉਨ੍ਹਾਂ ਦੇ ਘਰ ਖੁਸ਼ਹਾਲੀ ਆਈ।

ਦੇਵੀ ਦੀ ਸੰਸਾਰਕ ਦੁਨੀਆਂ
ਰਾਧੇ ਮਾਂ ਦੀ ਦੁਨੀਆਂ ਅਜੀਬ ਹੈ। ਇਸ ਵਿੱਚ ਬ੍ਰਹਮਤਾ ਦੇ ਨਾਲ-ਨਾਲ ਦੁਨਿਆਵੀ ਚੀਜ਼ਾਂ ਅਤੇ ਰਿਸ਼ਤਿਆਂ ਦਾ ਤਾਣਾ-ਬਾਣਾ ਵੀ ਹੈ।
ਉਹ ਆਪਣੇ ਵਪਾਰੀ ਬੇਟਿਆਂ ਦੀ ਬਣਾਈ ਵੱਡੀ ਹਵੇਲੀ ਵਿੱਚ ਰਹਿੰਦੇ ਹਨ। ਬੇਟਿਆਂ ਦਾ ਵਿਆਹ ਵੀ ਉਨ੍ਹਾਂ ਵੱਡੇ ਕਾਰੋਬਾਰੀ ਪਰਿਵਾਰਾਂ ਵਿੱਚ ਹੋਇਆ ਹੈ ਜੋ ਰਾਧੇ ਮਾਂ ਦੇ ਸਭ ਤੋਂ ਕਰੀਬੀ ਭਗਤ ਹਨ।
ਬਾਕੀ ਪਰਿਵਾਰ ਤੋਂ ਵੱਖ, ਰਾਧੇ ਮਾਂ ਹਵੇਲੀ ਦੀ ਇੱਕ ਅਲੱਗ ਮੰਜ਼ਿਲ 'ਤੇ ਰਹਿੰਦੇ ਹਨ। ਉੱਥੋਂ ਉਹ ਤਾਂ ਹੀ ਬਾਹਰ ਨਿਕਲਦੇ ਹਨ ਜਦੋਂ ਦਰਸ਼ਨ ਦੇਣੇ ਹੋਣ ਜਾਂ ਜਨਤਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਹਵਾਈ ਜਹਾਜ਼ ਤੋਂ ਦੂਜੇ ਸ਼ਹਿਰ ਜਾਣਾ ਹੋਵੇ।
ਰਾਧੇ ਮਾਂ ਦੇ ਸਾਰੇ ਜਨਤਕ ਪ੍ਰੋਗਰਾਮ ਉਨ੍ਹਾਂ ਦੀ ਵੱਡੀ ਨੂੰਹ ਮੇਘਾ ਸਿੰਘ ਸੰਭਾਲਦੀ ਹੈ। ਮੇਘਾ ਦੇ ਮੁਤਾਬਕ, "ਉਹ ਸਾਡੇ ਨਾਲ ਨਹੀਂ ਰਹਿੰਦੇ। ਸਾਡੇ ਧੰਨਭਾਗ ਹਨ ਕਿ ਅਸੀਂ ਉਨ੍ਹਾਂ ਦੀ ਕਿਰਪਾ ਨਾਲ ਉਨ੍ਹਾਂ ਦੀ ਸ਼ਰਨ ਵਿੱਚ ਰਹਿ ਰਹੇ ਹਾਂ।"
ਰਾਧੇ ਮਾਂ ਦੇ ਨਾਂ 'ਤੇ ਆਉਣ ਵਾਲੇ ਦਾਨ ਦਾ ਹਿਸਾਬ-ਕਿਤਾਬ ਉਨ੍ਹਾਂ ਦੇ ਪਰਿਵਾਰ ਦੇ ਲੋਕ ਅਤੇ ਕਰੀਬੀ ਭਗਤ ਰੱਖਦੇ ਹਨ।
ਮੇਘਾ ਕਹਿੰਦੇ ਹਨ, "ਰਾਧੇ ਮਾਂ ਦੇ ਦਿਸ਼ਾ-ਨਿਰਦੇਸ਼ 'ਤੇ ਉਨ੍ਹਾਂ ਦੇ ਭਗਤਾਂ ਨੇ ਇੱਕ ਸੁਸਾਇਟੀ ਬਣਾਈ ਹੈ। ਜ਼ਰੂਰਤਮੰਦ ਬੇਨਤੀ ਦਿੰਦੇ ਹਨ। ਬੇਨਤੀ ਦੀ ਪੂਰੀ ਜਾਂਚ ਕਰ ਕੇ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ। ਰਾਧੇ ਮਾਂ ਖ਼ੁਦ ਸਾਰੀਆਂ ਦੁਨਿਆਵੀ ਚੀਜ਼ਾਂ ਤੋਂ ਪਰੇ ਹਨ।"
ਹਾਲਾਂਕਿ ਰਾਧੇ ਮਾਂ ਨੂੰ ਗੂੜ੍ਹੇ ਅਤੇ ਚਮਕੀਲੇ ਕੱਪੜੇ ਅਤੇ ਗਹਿਣੇ ਪਸੰਦ ਹਨ।
ਬੀਬੀਸੀ ਨਾਲ ਗੱਲਬਾਤ ਵਿੱਚ ਰਾਧੇ ਮਾਂ ਨੇ ਕਿਹਾ, "ਕਿਸੇ ਵੀ ਵਿਆਹੁਤਾ ਔਰਤ ਵਾਂਗ ਮੈਨੂੰ ਚੰਗੇ ਕੱਪੜੇ ਅਤੇ ਲਾਲ ਲਿਪਸਟਿਕ ਲਗਾਉਣੀ ਚੰਗੀ ਲੱਗਦੀ ਹੈ, ਪਰ ਮੈਨੂੰ ਮੇਕਅਪ ਪਸੰਦ ਨਹੀਂ ਹੈ।"
ਹਾਲਾਂਕਿ, ਅਸੀਂ ਉਨ੍ਹਾਂ ਨਾਲ ਜਿੰਨਾ ਵਕਤ ਬਿਤਾਇਆ, ਉਸ ਦੌਰਾਨ ਉਹ ਮੇਕਅਪ ਵਿੱਚ ਹੀ ਸਨ।
ਮੇਘਾ ਕਹਿੰਦੇ ਹਨ, "ਤੁਸੀਂ ਹਮੇਸ਼ਾ ਆਪਣੇ ਭਗਵਾਨ ਦੀ ਮੂਰਤੀ ਲਈ ਸਭ ਤੋਂ ਸੁੰਦਰ ਪੁਸ਼ਾਕਾਂ ਲਿਆਉਂਦੇ ਹੋ, ਤਾਂ ਜਿਉਂਦੀ-ਜਾਗਦੀ ਦੇਵੀ ਲਈ ਕਿਉਂ ਨਹੀਂ? ਅਸੀਂ ਖੁਸ਼ਕਿਸਮਤ ਹਾਂ ਕਿ ਉਹ ਹਨ ਅਤੇ ਅਸੀਂ ਉਨ੍ਹਾਂ ਦੀ ਸੇਵਾ ਕਰ ਪਾ ਰਹੇ ਹਾਂ।"
ਸਾਲ 2020 ਵਿੱਚ ਰਾਧੇ ਮਾਂ ਆਪਣੇ ਉਸੇ ਲਾਲ ਲਿਬਾਸ ਅਤੇ ਹੱਥ ਵਿੱਚ ਤ੍ਰਿਸ਼ੂਲ ਨਾਲ ਰਿਐਲਿਟੀ ਟੀਵੀ ਸ਼ੋਅ 'ਬਿਗ ਬੌਸ' ਦੇ ਸੈੱਟ 'ਤੇ ਆਏ ਅਤੇ ਬਿਗ ਬੌਸ ਦੇ ਘਰ ਨੂੰ ਆਪਣਾ ਆਸ਼ੀਰਵਾਦ ਦਿੱਤਾ।
ਉਨ੍ਹਾਂ ਦੀ ਅੱਜ ਦੀ ਦਿੱਖ, ਉਨ੍ਹਾਂ ਦੇ ਪੁਰਾਣੇ ਰੂਪ ਤੋਂ ਬਿਲਕੁਲ ਅਲੱਗ ਹੈ। ਜਦੋਂ ਮੈਂ ਪੰਜਾਬ ਗਈ ਅਤੇ ਉਨ੍ਹਾਂ ਦੇ ਭਗਤਾਂ ਨੂੰ ਮਿਲੀ ਤਾਂ ਉਨ੍ਹਾਂ ਵਿੱਚੋਂ ਕਈ ਨੇ ਮੈਨੂੰ ਪੁਰਾਣੀਆਂ ਤਸਵੀਰਾਂ ਦਿਖਾਈਆਂ।

ਚਮਤਕਾਰ ਦੇ ਦਾਅਵੇ ਅਤੇ ਉਨ੍ਹਾਂ ਦਾ 'ਸੱਚ'
ਮੁਕੇਰੀਆਂ ਵਿੱਚ ਰਹਿਣ ਵਾਲੀ ਸੰਤੋਸ਼ ਕੁਮਾਰੀ ਨੇ ਆਪਣੇ ਘਰ ਦੇ ਮੰਦਰ ਵਿੱਚ ਭਗਵਾਨ ਸ਼ਿਵ ਅਤੇ ਪਾਰਵਤੀ ਦੀਆਂ ਤਸਵੀਰਾਂ ਨਾਲ ਹੀ ਰਾਧੇ ਮਾਂ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਹਨ।
ਉਨ੍ਹਾਂ ਨੇ ਮੈਨੂੰ ਦੱਸਿਆ ਕਿ ਦਿਲ ਦਾ ਦੌਰਾ ਪੈਣ ਤੋਂ ਬਾਅਦ ਜਦੋਂ ਉਨ੍ਹਾਂ ਦੇ ਪਤੀ ਹਸਪਤਾਲ ਵਿੱਚ ਸਨ ਤਾਂ ਉਹ ਰਾਧੇ ਮਾਂ ਤੋਂ ਆਸ਼ੀਰਵਾਦ ਲੈਣ ਗਈ। ਉਸ ਤੋਂ ਬਾਅਦ ਉਨ੍ਹਾਂ ਦੇ ਪਤੀ ਦੀ ਸਿਹਤ ਜਲਦੀ ਠੀਕ ਹੋ ਗਈ। ਇਸ ਨਾਲ ਉਨ੍ਹਾਂ ਦੀ ਸ਼ਰਧਾ ਪੈਦਾ ਹੋ ਗਈ।
ਸੰਤੋਸ਼ ਕੁਮਾਰੀ ਨੇ ਕਿਹਾ, "ਮੈਂ ਅੱਜ ਸੁਹਾਗਣ ਹਾਂ ਤਾਂ ਉਹ ਦੇਵੀ ਮਾਂ ਦੀ ਦੇਣ ਹੈ। ਉਨ੍ਹਾਂ ਦੇ ਮੂੰਹ ਤੋਂ ਖੂਨ ਆਇਆ ਸੀ। ਉਨ੍ਹਾਂ ਨੇ ਉਸ ਨਾਲ ਮੇਰੀ ਮਾਂਗ ਭਰੀ। ਟਿੱਕਾ ਲਗਾਇਆ ਅਤੇ ਕਿਹਾ, ਜਾ…ਕੁਝ ਨਹੀਂ ਹੋਵੇਗਾ। ਤੇਰਾ ਪਤੀ ਠੀਕ ਹੋ ਜਾਵੇਗਾ।"
ਮੈਨੂੰ ਹੈਰਾਨੀ ਹੋਈ, ਪਰ ਕਈ ਭਗਤਾਂ ਨੇ ਰਾਧੇ ਮਾਂ ਦੀਆਂ ਬ੍ਰਹਮੀ ਸ਼ਕਤੀਆਂ ਕਾਰਨ ਉਨ੍ਹਾਂ ਦੇ ਮੂੰਹ ਤੋਂ ਖੂਨ ਆਉਣ ਦਾ ਦਾਅਵਾ ਕੀਤਾ, ਜੋ ਉਨ੍ਹਾਂ ਮੁਤਾਬਕ ਉਨ੍ਹਾਂ ਦੀਆਂ ਖ਼ਾਸ ਸ਼ਕਤੀਆਂ ਦੀ ਵਜ੍ਹਾ ਨਾਲ ਹੋਇਆ।
ਸ਼੍ਰੀ ਰਾਧੇ ਮਾਂ ਚੈਰੀਟੇਬਲ ਸੁਸਾਇਟੀ ਹਰ ਮਹੀਨੇ ਸੰਤੋਸ਼ ਕੁਮਾਰੀ ਸਮੇਤ ਕਰੀਬ ਪੰਜ ਸੌ ਔਰਤਾਂ ਨੂੰ ਇੱਕ ਤੋਂ ਦੋ ਹਜ਼ਾਰ ਰੁਪਏ ਪੈਨਸ਼ਨ ਦਿੰਦੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਧਵਾ ਜਾਂ ਇਕੱਲੀਆਂ ਔਰਤਾਂ ਹਨ।
ਪੈਨਸ਼ਨ ਲੈਣ ਵਾਲੀਆਂ ਇਨ੍ਹਾਂ ਭਗਤਾਂ ਨੇ ਚਮਤਕਾਰ ਦੀਆਂ ਕਈ ਕਹਾਣੀਆਂ ਦੱਸੀਆਂ, ਪਰ ਉਨ੍ਹਾਂ ਵਿੱਚ ਡਰ ਦਾ ਜ਼ਿਕਰ ਵੀ ਸੀ।

ਸੁਰਜੀਤ ਕੌਰ ਨੇ ਕਿਹਾ, "ਅਸੀਂ ਉਨ੍ਹਾਂ ਬਾਰੇ ਕੁਝ ਨਹੀਂ ਬੋਲ ਸਕਦੇ। ਮੇਰਾ ਨੁਕਸਾਨ ਹੋ ਜਾਵੇਗਾ। ਮੈਂ ਜੋਤ ਨਾ ਜਲਾਵਾਂ ਤਾਂ ਮੇਰਾ ਨੁਕਸਾਨ ਹੋ ਜਾਂਦਾ ਹੈ। ਮੈਂ ਬਿਮਾਰ ਹੋ ਜਾਂਦੀ ਹਾਂ।"
ਰਾਧੇ ਮਾਂ ਦੀ ਕਿਰਪਾ ਬਣੀ ਰਹੇ, ਇਸ ਲਈ ਸੁਰਜੀਤ ਰੋਜ਼ਾਨਾ ਉਨ੍ਹਾਂ ਦੀ ਤਸਵੀਰ ਦੇ ਅੱਗੇ ਦੀਵਾ ਜਗਾਉਂਦੀ ਹੈ।
ਪ੍ਰੋਫੈਸਰ ਮਾਨਵ ਦੇ ਮੁਤਾਬਕ ਅਜਿਹਾ ਇਸ ਲਈ ਹੈ ਕਿ ਭਗਤਾਂ ਨੂੰ ਡਰ ਹੁੰਦਾ ਹੈ ਕਿ ਕਿਧਰੇ ਦੇਵੀ ਮਾਂ ਨੂੰ ਉਨ੍ਹਾਂ ਦੀ ਭਗਤੀ ਕਮਜ਼ੋਰ ਨਾ ਲੱਗਣ ਲੱਗੇ।
ਉਨ੍ਹਾਂ ਨੇ ਕਿਹਾ, "ਲਾਅ ਆਫ ਪ੍ਰੋਬੇਬਿਲਿਟੀ ਦੇ ਕਾਰਨ ਜੋ ਭਵਿੱਖਬਾਣੀ ਸੱਚ ਹੁੰਦੀ ਹੈ, ਉਸ ਦਾ ਸਿਹਰਾ ਬਾਬਿਆਂ ਨੂੰ ਮਿਲਦਾ ਹੈ। ਪਰ ਜੋ ਸੱਚ ਨਹੀਂ ਹੁੰਦੀ, ਉਸ ਦਾ ਡਿਸਕਰੈਡਿਟ ਯਾਨਿ ਦੋਸ਼ ਬਾਬੇ ਤੱਕ ਨਹੀਂ ਜਾਂਦਾ ਹੈ।"
"ਭਗਤ ਖ਼ੁਦ ਨੂੰ ਦੋਸ਼ ਦੇਣ ਲੱਗਦੇ ਹਨ ਕਿ ਸਾਡੀ ਭਗਤੀ ਵਿੱਚ ਕਮੀ ਰਹਿ ਗਈ ਜਾਂ ਫਿਰ ਮੇਰਾ ਨਸੀਬ ਹੀ ਅਜਿਹਾ ਹੈ। ਬਾਬੇ ਦਾ ਹੱਥ ਸਿਰ ਤੋਂ ਉੱਠ ਜਾਵੇਗਾ। ਬਾਬੇ ਦੇ ਪਿਆਰੇ ਲੋਕਾਂ ਵਿੱਚੋਂ ਮੈਂ ਬਾਹਰ ਹੋ ਜਾਵਾਂਗਾ/ਜਾਵਾਂਗੀ, ਇਹ ਵੀ ਡਰ ਹੁੰਦਾ ਹੈ।"
ਰਾਧੇ ਮਾਂ ਦੇ ਜਨਤਕ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੇ ਚਮਤਕਾਰ ਦੇ ਦਾਅਵਿਆਂ ਨੂੰ ਬੇਬੁਨਿਆਦ ਦੱਸਣ ਵਾਲੇ ਵੀ ਕਈ ਸਨ।
ਦਿੱਲੀ ਦੇ ਇੱਕ ਪ੍ਰੋਗਰਾਮ ਵਿੱਚ ਮਿਲੀ ਇੱਕ ਔਰਤ ਨੇ ਇਨ੍ਹਾਂ ਦਾਅਵਿਆਂ ਨੂੰ 'ਮਨਘੜਤ ਕਹਾਣੀਆਂ' ਦੱਸਿਆ।
ਦੂਜੇ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਚਮਤਕਾਰ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ। ਮੇਕਅਪ ਕਰਨ ਅਤੇ ਮਹਿੰਗੇ ਕੱਪੜੇ ਪਹਿਨਣ ਨਾਲ ਵਿਅਕਤੀ ਭਗਵਾਨ ਨਹੀਂ ਬਣ ਜਾਂਦਾ।
ਉਹ ਫਿਰ ਵੀ ਰਾਧੇ ਮਾਂ ਦੇ ਪ੍ਰੋਗਰਾਮ ਵਿੱਚ ਆਏ ਸਨ। ਉਨ੍ਹਾਂ ਨੇ ਕਿਹਾ ਕਿ ਰਿਐਲਿਟੀ ਟੀਵੀ ਸ਼ੋਅ ਵਿੱਚ ਦੇਖਣ ਦੇ ਬਾਅਦ ਅਸਲ ਜ਼ਿੰਦਗੀ ਵਿੱਚ ਰਾਧੇ ਮਾਂ ਨੂੰ ਦੇਖਣ ਦੀ ਉਤਸੁਕਤਾ ਸੀ।

ਭਗਤੀ ਅਤੇ ਭੈਅ
ਇਸ ਪੜਤਾਲ ਦੇ ਦੌਰਾਨ ਮੈਨੂੰ ਕੁਝ ਅਜਿਹੇ ਲੋਕ ਵੀ ਮਿਲੇ ਜੋ ਪਹਿਲਾਂ ਰਾਧੇ ਮਾਂ ਦੇ ਭਗਤ ਸਨ, ਪਰ ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਮਲੇ ਵਿੱਚ ਰਾਧੇ ਮਾਂ ਦੇ 'ਚਮਤਕਾਰ' ਜਾਂ 'ਆਸ਼ੀਰਵਾਦ' ਕੰਮ ਨਹੀਂ ਆਏ।
ਇਸ ਦੇ ਉਲਟ ਉਨ੍ਹਾਂ ਦਾ ਨੁਕਸਾਨ ਹੋਇਆ। ਹਾਲਾਂਕਿ, ਉਨ੍ਹਾਂ ਵਿੱਚੋਂ ਕੋਈ ਵੀ ਆਪਣੀ ਪਛਾਣ ਜ਼ਾਹਿਰ ਕਰਨ ਨੂੰ ਤਿਆਰ ਨਹੀਂ ਸੀ।
ਇਸ ਸਭ ਨੇ ਰਾਧੇ ਮਾਂ ਦੇ ਉਨ੍ਹਾਂ ਭਗਤਾਂ ਬਾਰੇ ਮੇਰੀ ਜਗਿਆਸਾ ਹੋਰ ਵਧਾਈ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਬ੍ਰਹਮੀ ਸ਼ਕਤੀਆਂ 'ਤੇ ਵਿਸ਼ਵਾਸ ਹੈ ਅਤੇ ਜੋ ਉਨ੍ਹਾਂ ਦੀ ਸੇਵਾ ਕਰਨ ਨੂੰ ਤਿਆਰ ਹਨ।
ਇੱਕ ਸ਼ਾਮ ਤਾਂ ਮੈਂ ਹੈਰਾਨ ਰਹਿ ਗਈ। ਰਾਧੇ ਮਾਂ ਨੇ ਆਪਣੇ ਕਮਰੇ ਵਿੱਚ ਜ਼ਮੀਨ 'ਤੇ ਬੈਠੇ ਆਪਣੇ ਸਭ ਤੋਂ ਨਜ਼ਦੀਕੀ ਭਗਤਾਂ ਨੂੰ ਜਾਨਵਰਾਂ ਦੀ ਆਵਾਜ਼ ਕੱਢਣ ਨੂੰ ਕਿਹਾ ਅਤੇ ਉਹ ਮੰਨ ਗਏ।
ਰਾਧੇ ਮਾਂ ਨੇ ਉਨ੍ਹਾਂ ਨੂੰ ਕੁੱਤਿਆਂ ਅਤੇ ਬਾਂਦਰਾਂ ਵਾਂਗ ਵਿਹਾਰ ਕਰਨ ਨੂੰ ਕਿਹਾ। ਉਨ੍ਹਾਂ ਨੇ ਭੌਂਕਣ, ਚੀਕਣ ਅਤੇ ਆਵਾਜ਼ਾਂ ਕੱਢੀਆਂ ਅਤੇ ਖਾਰਸ਼ ਕਰਨ ਦੀ ਐਕਟਿੰਗ ਕੀਤੀ।
ਮੈਂ ਅਜਿਹਾ ਕਦੇ ਨਹੀਂ ਦੇਖਿਆ ਸੀ।
ਰਾਧੇ ਮਾਂ ਦੀ ਨੂੰਹ ਮੇਘਾ ਸਿੰਘ ਵੀ ਉਸ ਕਮਰੇ ਵਿੱਚ ਸੀ। ਮੈਂ ਉਨ੍ਹਾਂ ਨੂੰ ਭਗਤਾਂ ਦੇ ਇਸ ਵਿਹਾਰ ਦੀ ਵਜ੍ਹਾ ਪੁੱਛੀ।
ਉਹ ਬਿਲਕੁਲ ਹੈਰਾਨ ਨਹੀਂ ਹੋਈ।
ਉਨ੍ਹਾਂ ਨੇ ਦੱਸਿਆ ਕਿ ਪਿਛਲੇ ਤਿੰਨ ਦਹਾਕੇ ਤੋਂ ਦਰਸ਼ਨ ਦੇਣ ਦੇ ਇਲਾਵਾ ਰਾਧੇ ਮਾਂ ਆਪਣੇ ਕਮਰੇ ਵਿੱਚ ਹੀ ਬੰਦ ਰਹਿੰਦੇ ਹਨ।

ਮੇਘਾ ਨੇ ਕਿਹਾ, "ਤਾਂ ਉਨ੍ਹਾਂ ਕੋਲ ਮਨੋਰੰਜਨ ਦਾ ਇਹ ਇਕਲੌਤਾ ਜ਼ਰੀਆ ਹੈ। ਅਸੀਂ ਇਹ ਸਭ ਐਕਸ਼ਨ ਕਰ ਕੇ ਜਾਂ ਚੁਟਕੁਲੇ ਸੁਣਾ ਕੇ, ਕੋਸ਼ਿਸ਼ ਕਰਦੇ ਹਾਂ ਕਿ ਉਹ ਹੱਸਣ, ਮੁਸਕਰਾਉਣ।"
ਇਸ ਜਵਾਬ ਨੇ ਮੈਨੂੰ ਉਸ ਚੇਤਾਵਨੀ ਦੀ ਯਾਦ ਦਿਵਾਈ ਜੋ ਮੈਨੂੰ ਵਾਰ-ਵਾਰ ਦਿੱਤੀ ਗਈ ਸੀ-ਭਗਤਾਂ ਨੂੰ ਪੂਰੀ ਸ਼ਰਧਾ ਰੱਖਣੀ ਜ਼ਰੂਰੀ ਹੈ।
ਜਿਵੇਂ, ਜਦੋਂ ਮੈਂ ਪੁਸ਼ਪਿੰਦਰ ਸਿੰਘ ਨੂੰ ਪੁੱਛਿਆ ਕਿ ਰਾਧੇ ਮਾਂ ਆਪਣੇ ਭਗਤਾਂ ਤੋਂ ਕੀ ਮੰਗਦੇ ਹਨ?"
ਉਨ੍ਹਾਂ ਨੇ ਕਿਹਾ, "ਕੁਝ ਨਹੀਂ। ਉਹ ਬਸ ਕਹਿੰਦੇ ਹਨ, " ਜਦੋਂ ਮੇਰੇ ਕੋਲ ਆਓ ਤਾਂ ਦਿਲ ਅਤੇ ਦਿਮਾਗ਼ ਖੋਲ੍ਹ ਕੇ ਆਓ।"
ਮੈਂ ਦੇਖਿਆ ਵੀ ਹੈ ਕਿ ਲੋਕ, ਚਾਹੇ ਨਵੇਂ ਹੋਣ ਜਾਂ ਪੁਰਾਣੇ, ਜਦੋਂ ਉਹ ਇਸ ਸੋਚ ਨਾਲ ਆਉਂਦੇ ਹਨ, ਉਹ ਉਨ੍ਹਾਂ ਲਈ ਚਮਤਕਾਰ ਕਰਦੇ ਹਨ। ਜੇਕਰ ਤੁਸੀਂ ਉਨ੍ਹਾਂ ਦੀ ਪ੍ਰੀਖਿਆ ਲੈਣ ਜਾਓਗੇ ਤਾਂ ਤੁਸੀਂ ਉਸ ਸੰਗਤ ਦਾ ਹਿੱਸਾ ਨਹੀਂ ਰਹੋਗੇ।"
ਇਨ੍ਹਾਂ ਸਭ ਦਾ ਮਤਲਬ ਸੀ ਕਿ ਭਗਤੀ ਪੂਰਾ ਸਮਰਪਣ ਮੰਗਦੀ ਹੈ। 'ਭਗਵਾਨ ਦੀ ਪ੍ਰਾਪਤੀ' ਲਈ ਸਭ ਤਰਕ ਤਿਆਗਣਾ ਹੁੰਦਾ ਹੈ।
ਪ੍ਰੋਫੈਸਰ ਮਾਨਵ ਦੇ ਮੁਤਾਬਕ ਬਿਨਾਂ ਕੋਈ ਸਵਾਲ ਪੁੱਛੇ ਪੂਰੀ ਸ਼ਰਧਾ ਰੱਖਣਾ ਹੀ ਲੋਕਾਂ ਨੂੰ 'ਅੰਧਵਿਸ਼ਵਾਸੀ' ਬਣਾ ਦਿੰਦਾ ਹੈ।
ਉਨ੍ਹਾਂ ਨੇ ਕਿਹਾ, "ਸਾਨੂੰ ਕਿਹਾ ਜਾਂਦਾ ਹੈ ਕਿ ਉਸ ਨੂੰ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ ਜੋ ਆਪਣੇ ਗੁਰੂ 'ਤੇ ਅਡੋਲ ਸ਼ਰਧਾ ਰੱਖਦਾ ਹੈ। ਜੋ ਵੀ ਸ਼ੱਕ ਕਰੇਗਾ, ਜਾਂਚਣ ਦੀ ਕੋਸ਼ਿਸ਼ ਕਰੇਗਾ, ਉਹ ਆਪਣੀ ਸ਼ਰਧਾ ਗੁਆ ਬੈਠੇਗਾ।"
ਅੰਧਵਿਸ਼ਵਾਸ ਕਹੀਏ ਜਾਂ ਭਗਤੀ, ਰਾਧੇ ਮਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੇ ਭਗਤ ਉਨ੍ਹਾਂ ਦੇ ਨਾਲ ਰਹਿਣਗੇ। ਜਿਨ੍ਹਾਂ ਨੂੰ ਉਨ੍ਹਾਂ ਦੇ ਚਮਤਕਾਰਾਂ 'ਤੇ ਯਕੀਨ ਨਹੀਂ ਜਾਂ ਉਨ੍ਹਾਂ ਨੂੰ ਢੋਂਗੀ ਮੰਨਦੇ ਹਨ, ਰਾਧੇ ਮਾਂ ਨੂੰ ਉਨ੍ਹਾਂ ਦੀ ਫਿਕਰ ਨਹੀਂ।
ਰਾਧੇ ਮਾਂ ਮੁਸਕੁਰਾਉਂਦੇ ਹੋਏ ਕਹਿੰਦੇ ਹਨ, "ਆਈ ਡੋਂਟ ਕੇਅਰ…ਕਿਉਂਕਿ ਉੱਪਰਵਾਲਾ ਮੇਰੇ ਨਾਲ ਹੈ, ਸਭ ਦੇਖ ਰਿਹਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












