ਇਸ ਪਨੀਰ ਵਿੱਚ ਅਜਿਹਾ ਕੀ ਹੈ ਕਿ ਇੱਕ ਕਿਲੋਗ੍ਰਾਮ ਇੱਕ ਲੱਖ ਰੁਪਏ ਤੋਂ ਵੀ ਵੱਧ ਕੀਮਤ 'ਚ ਮਿਲਦਾ ਹੈ

ਪਿਓਲ ਪਨੀਰ
ਤਸਵੀਰ ਕੈਪਸ਼ਨ, ਗਧੀ ਦੇ ਦੁੱਧ ਤੋਂ ਬਣਦੇ ਪਨੀਰ ਦੀ ਕੀਮਤ ਇੱਕ ਲੱਖ ਰੁਪਏ ਤੋਂ ਵੀ ਵੱਧ ਹੈ
    • ਲੇਖਕ, ਜੋਵਾਨਾ ਜੀਓਰਜੀਵਸਕੀ
    • ਰੋਲ, ਬੀਬੀਸੀ ਨਿਊਜ਼ ਸਰਬੀਅਨ

ਸਰਬੀਆ 'ਚ ਬਣਦੇ ਇਸ ਇੱਕ ਕਿਲੋਗ੍ਰਾਮ ਪਨੀਰ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਉੱਥੋਂ ਦੇ ਇੱਕ ਆਮ ਆਦਮੀ ਦੀ ਔਸਤ ਮਾਸਿਕ ਤਨਖਾਹ ਵੀ ਇਸ ਤੋਂ ਘੱਟ ਹੋਵੇਗੀ। ਦਰਅਸਲ, ਇਹ ਪਨੀਰ ਗਧੀ ਦੇ ਦੁੱਧ ਤੋਂ ਬਣਾਇਆ ਜਾਂਦਾ ਹੈ ਅਤੇ ਪ੍ਰਤੀ ਕਿਲੋਗ੍ਰਾਮ 1,200 ਯੂਰੋ ਦੀ ਵੱਡੀ ਕੀਮਤ 'ਤੇ ਵਿਕਦਾ ਹੈ।

ਇਸ ਹਿਸਾਬ ਨਾਲ, ਭਾਰਤੀ ਰੁਪਏ ਵਿੱਚ ਇਸ ਦੀ ਕੀਮਤ ਲਗਭਗ 1 ਲੱਖ 13 ਹਜ਼ਾਰ ਰੁਪਏ ਪ੍ਰਤੀ ਕਿੱਲੋ ਹੋਵੇਗੀ। ਜੋ ਕਿ ਇੱਕ ਆਮ ਆਦਮੀ ਲਈ ਬਹੁਤ ਜ਼ਿਆਦਾ ਵੱਡੀ ਰਕਮ ਹੈ।

ਰਾਜਧਾਨੀ ਬੇਲਗ੍ਰੇਡ ਤੋਂ ਲਗਭਗ 80 ਕਿਲੋਮੀਟਰ ਪੱਛਮ ਵਿੱਚ ਸਥਿਤ ਜ਼ਸਾਵਿਕਾ ਨੇਚਰ ਰਿਜ਼ਰਵ ਵਿੱਚ ਇਹ ਪਨੀਰ ਵਿਸ਼ੇਸ਼ ਤੌਰ 'ਤੇ ਵੇਚਿਆ ਜਾਂਦਾ ਹੈ।

ਜ਼ਸਾਵਿਕਾ ਨੇਚਰ ਰਿਜ਼ਰਵ ਦੇ ਮੈਨੇਜਰ ਵੁਕ ਸਿਮਿਕ ਨੇ ਬੀਬੀਸੀ ਨਿਊਜ਼ ਸਰਬੀਅਨ ਨਾਲ ਇੱਕ ਇੰਟਰਵਿਊ ਵਿੱਚ ਦੱਸਿਆ, "ਸਿਰਫ ਇੱਕ ਕਿਲੋਗ੍ਰਾਮ ਪਨੀਰ ਬਣਾਉਣ ਲਈ 25 ਲੀਟਰ ਗਧੀ ਦੇ ਦੁੱਧ ਦੀ ਲੋੜ ਹੁੰਦੀ ਹੈ ਅਤੇ ਇੱਕ ਮਾਦਾ ਗਧੀ ਇੰਨੀ ਮਾਤਰਾ ਵਿੱਚ ਦੁੱਧ ਡੇਢ ਸਾਲ ਵਿੱਚ ਪੈਦਾ ਕਰਦੀ ਹੈ।"

ਹਾਲਾਂਕਿ ਇਹ ਪਨੀਰ ਬਹੁਤ ਮਹਿੰਗਾ ਹੈ ਪਰ ਫਿਰ ਵੀ ਇਸ ਕੋਲ ਸਭ ਤੋਂ ਮਹਿੰਗਾ ਪਨੀਰ ਹੋਣ ਦਾ ਖਿਤਾਬ ਨਹੀਂ ਹੈ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਵਰਤਮਾਨ ਵਿੱਚ ਸਭ ਤੋਂ ਮਹਿੰਗੇ ਪਨੀਰ ਹੋਣ ਦਾ ਖਿਤਾਬ ਸਪੈਨਿਸ਼ ਕੈਬਰਾਲੇਸ ਬਲੂ ਪਨੀਰ ਕੋਲ ਹੈ।

ਸਾਲ 2024 ਵਿੱਚ 2.5 ਕਿਲੋਗ੍ਰਾਮ ਦਾ ਇਹ ਇਹ ਪਨੀਰ 36,000 ਯੂਰੋ ਵਿੱਚ ਵਿਕਿਆ ਸੀ - ਭਾਰਤੀ ਰੁਪਏ ਮੁਤਾਬਕ ਲਗਭਗ 33 ਲੱਖ 99 ਹਜ਼ਾਰ ਰੁਪਏ।

ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।

ਸਰਬੀਆਈ ਟੈਨਿਸ ਦਿੱਗਜ ਨੋਵਾਕ ਜੋਕੋਵਿਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਬੀਆਈ ਟੈਨਿਸ ਦਿੱਗਜ ਨੋਵਾਕ ਜੋਕੋਵਿਚ

ਹਾਲਾਂਕਿ ਸਪੈਨਿਸ਼ ਕੈਬਰਾਲੇਸ ਬਲੂ ਪਨੀਰ ਜਿੰਨਾਂ ਤਾਂ ਨਹੀਂ ਪਰ ਪਿਓਲ ਪਨੀਰ ਵੀ ਇੱਕ ਮਹਿੰਗਾ ਸ਼ੌਕ ਹੈ, ਜਿਸ ਨੂੰ ਬਸ ਓਹੀ ਲੋਕ ਖਰੀਦ ਸਕਦੇ ਹਨ ਜਿਨ੍ਹਾਂ ਦੀ ਜੇਬ੍ਹ ਭਾਰੀ ਹੋਵੇ।

ਸਰਬੀਆਈ ਟੈਨਿਸ ਦਿੱਗਜ ਨੋਵਾਕ ਜੋਕੋਵਿਚ ਦੀ ਵੀ ਇਸ ਦਿਲਚਸਪੀ ਹੈ ਤੇ ਉਨ੍ਹਾਂ ਨੇ ਕਥਿਤ ਤੌਰ 'ਤੇ ਆਪਣੇ ਰੈਸਟੋਰੈਂਟਾਂ ਲਈ ਪੂਰੇ ਸਾਲ ਦੀ ਸਪਲਾਈ ਖਰੀਦੀ ਸੀ।

ਜ਼ਸਾਵਿਕਾ ਨੇਚਰ ਰਿਜ਼ਰਵ ਦੇ ਸਾਬਕਾ ਮੈਨੇਜਰ ਸਲੋਬੋਡਨ ਸਿਮਿਕ ਦੇ ਅਨੁਸਾਰ, ਜੋਕੋਵਿਚ ਨੇ ਅੱਧੇ ਕਿਲੋਗ੍ਰਾਮ ਲਈ ਲਗਭਗ 480 ਯੂਰੋ (ਲਗਭਗ 45 ਹਜ਼ਾਰ ਭਾਰਤੀ ਰੁਪਏ) ਦਾ ਭੁਗਤਾਨ ਕੀਤਾ ਹੈ।

ਜ਼ਸਾਵਿਕਾ- ਦੁਰਲੱਭ ਪੌਦਿਆਂ ਅਤੇ ਜਾਨਵਰਾਂ ਦਾ ਘਰ

ਜ਼ਸਾਵਿਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੱਖਣ-ਪੂਰਬੀ ਯੂਰਪ ਵਿੱਚ ਸਭ ਤੋਂ ਵੱਡਾ ਡੌਂਕੀ ਫਾਰਮ ਹੈ

36 ਵਰਗ ਕਿਲੋਮੀਟਰ ਵਿੱਚ ਫੈਲੇ ਨੈਚਰਲ ਰਿਜ਼ਰਵ 'ਚ ਵਸਿਆ ਜ਼ਸਾਵਿਕਾ, ਦੁਰਲੱਭ ਪੌਦਿਆਂ ਅਤੇ ਜਾਨਵਰਾਂ ਦੀਆਂ ਕਿਸਮਾਂ, ਜੰਗਲੀ ਘੋੜਿਆਂ ਅਤੇ ਸੈਂਕੜੇ ਤਰ੍ਹਾਂ ਦੇ ਪੰਛੀਆਂ ਦਾ ਘਰ ਹੈ।

ਹਾਲਾਂਕਿ, ਇਸਦੇ ਸਭ ਤੋਂ ਮਸ਼ਹੂਰ ਨਿਵਾਸੀ ਇਸ ਦੇ 300 ਗਧੇ ਹਨ, ਜੋ ਇਸਨੂੰ ਦੱਖਣ-ਪੂਰਬੀ ਯੂਰਪ ਵਿੱਚ ਸਭ ਤੋਂ ਵੱਡਾ ਡੌਂਕੀ ਫਾਰਮ ਬਣਾਉਂਦੇ ਹਨ।

ਜ਼ਾਸਾਵਿਕਾ ਦੇ ਡੌਂਕੀ ਫਾਰਮ ਵਿੱਚ ਜੋ ਸਰਬੀਆਈ ਗਧੀ ਦੇ ਦੁੱਧ ਦਾ ਪਨੀਰ ਤਿਆਰ ਹੁੰਦਾ ਹੋ, ਉਸਨੂੰ ਸਥਾਨਕ ਤੌਰ 'ਤੇ ਪਿਓਲ ਕਿਹਾ ਜਾਂਦਾ ਹੈ।

ਗਧੇ
ਤਸਵੀਰ ਕੈਪਸ਼ਨ, ਨਿਕੋਲਾ ਨੀਲਿਕ ਕਹਿੰਦੇ ਹਨ, "ਹਰੇਕ ਗਧੇ ਦਾ ਆਪਣਾ ਸੁਭਾਅ ਹੁੰਦਾ ਹੈ

ਇਸ ਫਾਰਮ ਦੇ ਦ੍ਰਿਸ਼ ਵੀ ਬੜੇ ਪਿਆਰੇ ਹਨ। ਇੱਕ ਪਾਸੇ ਜਿੱਥੇ ਗਧਿਆਂ ਦੇ ਨਵਜੰਮੇ ਬੱਚੇ ਆਪਣੀਆਂ ਮਾਵਾਂ ਤੋਂ ਨਿੱਘ ਅਤੇ ਪੋਸ਼ਣ ਦੀ ਭਾਲ਼ਦੇ ਹੋਏ ਆਪਣੀਆਂ ਕਮਜ਼ੋਰ ਲੱਤਾਂ 'ਤੇ ਖੜ੍ਹੇ ਹੋਣ ਦੀ ਕੋਸ਼ਿਸ਼ ਕਰਦੇ ਹਨ, ਦੂਜੇ ਪਾਸੇ ਕੁਝ ਗਧੇ ਆਲਸ 'ਚ ਤੂੜੀ ਵਿੱਚ ਸੁੱਤੇ ਰਹਿੰਦੇ ਹਨ।

ਗਧਿਆਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਹੁਤ ਜ਼ਿੱਦੀ ਹੁੰਦੇ ਹਨ ਪਰ ਇਸ ਦੇ ਬਾਵਜੂਦ, ਉਹ ਨਰਮ ਸੁਭਾਅ ਦੇ ਅਤੇ ਮਿਲਣਸਾਰ ਜੀਵ ਹਨ।

ਫਾਰਮ ਦੇ ਮੁਖੀ ਨਿਕੋਲਾ ਨੀਲਿਕ ਕਹਿੰਦੇ ਹਨ, "ਹਰੇਕ ਗਧੇ ਦਾ ਆਪਣਾ ਸੁਭਾਅ ਹੁੰਦਾ ਹੈ।"

ਉਹ ਦੱਸਦੇ ਹਨ, "ਕੁਝ ਜ਼ਿਆਦਾ ਖੇਡਣ ਵਾਲੇ ਹੁੰਦੇ ਹਨ, ਜਦਕਿ ਕੁਝ ਸੰਜਮੀ ਹੁੰਦੇ ਹਨ, ਪਰ ਉਹ ਸਾਰੇ ਹੀ ਬਹੁਤ ਜ਼ਿਆਦਾ ਨਹੀਂ ਤਾਂ ਥੋੜ੍ਹਾ ਲਾਡ ਤਾਂ ਪਸੰਦ ਕਰਦੇ ਹੀ ਹਨ।

'ਹਰਮ ਵਾਲੀ ਜ਼ਿੰਦਗੀ'

ਇਸ ਫਾਰਮ 'ਤੇ ਰਹਿੰਦੇ 300 ਗਧਿਆਂ ਵਿੱਚੋਂ, ਸਿਰਫ਼ ਇੱਕ ਦਰਜਨ ਨਰ ਗਧੇ ਹਨ। ਵੁਕ ਸਿਮਿਕ ਮਜ਼ਾਕੀਆ ਲਹਿਜ਼ੇ 'ਚ ਕਹਿੰਦੇ ਹਨ, "ਉਹ ਹਰਮ ਵਾਂਗ ਰਹਿੰਦੇ ਹਨ।"

ਮਾਦਾ ਗਧੀਆਂ ਜਨਮ ਦੇਣ ਤੋਂ ਨੌਂ ਦਿਨਾਂ ਬਾਅਦ ਹੀ ਮੇਲ ਕਰਨਾ ਸ਼ੁਰੂ ਕਰ ਦਿੰਦੀਆਂ ਹਨ, ਤਾਂ ਜੋ ਉਹ ਆਪਣੇ ਬੱਚਿਆਂ ਨੂੰ ਲਗਾਤਾਰ ਦੁੱਧ ਚੁੰਘਾ ਸਕਣ।

ਪਰ ਗਧਿਆਂ ਵਿੱਚ ਦੁੱਧ ਚੁੰਘਾਉਣਾ, ਜਾਂ ਦੁੱਧ ਬਣਨ ਦੀ ਮਿਆਦ ਸਿਰਫ਼ ਉਦੋਂ ਤੱਕ ਰਹਿੰਦੀ ਹੈ ਜਦੋਂ ਤੱਕ ਉਹਨਾਂ ਕੋਲ ਬੱਚਾ ਹੁੰਦਾ ਹੈ। ਨਾਲੇ ਗਧੀ ਦਾ ਦੁੱਧ ਬਹੁਤ ਘੱਟ ਮਾਤਰਾ ਵਿੱਚ ਬਣਦਾ ਹੈ।

ਸਿਮਿਕ ਕਹਿੰਦੇ ਹਨ, "ਇੱਕ ਮਾਦਾ ਗਧੀ ਇੱਕ ਦਿਨ ਵਿੱਚ ਸਿਰਫ਼ 300 ਮਿਲੀਲੀਟਰ ਦੁੱਧ ਦਿੰਦੀ ਹੈ, ਲਗਭਗ ਪਾਣੀ ਦੇ ਇੱਕ ਗਲਾਸ ਬਰਾਬਰ।''

ਇਸ ਵਿੱਚੋਂ ਅੱਧਾ ਹਿੱਸਾ ਬੱਚਾ ਪੀ ਜਾਂਦਾ ਹੈ, ਜਿਸ ਨਾਲ ਪਿਓਲ ਪਨੀਰ ਦਾ ਉਤਪਾਦਨ ਹੋਰ ਵੀ ਹੌਲੀ ਹੋ ਜਾਂਦਾ ਹੈ।

ਗਧੇ
ਤਸਵੀਰ ਕੈਪਸ਼ਨ, ਗਧੀ ਦੇ ਦੁੱਧ ਤੋਂ ਪਨੀਰ ਬਣਾਉਣ ਦਾ ਵਿਚਾਰ ਇੱਕ ਦਹਾਕੇ ਪਹਿਲਾਂ ਆਇਆ ਸੀ

ਪਿਓਲ ਪਨੀਰ ਦਾ ਰਾਜ਼

ਪਰ ਉਹ ਕੀ ਚੀਜ਼ ਹੈ ਜੋ ਇਸ ਪਨੀਰ ਨੂੰ ਇੰਨਾ ਖਾਸ ਬਣਾਉਂਦੀ ਹੈ?

ਜਦੋਂ ਇਸ ਗੁਪਤ ਸਮੱਗਰੀ ਬਾਰੇ ਪੁੱਛਿਆ ਗਿਆ, ਤਾਂ ਨਿਕੋਲਾ ਨੀਲਿਕ ਜਵਾਬ ਵਿੱਚ ਸਿਰਫ਼ ਮੁਸਕੁਰਾਏ।

ਉਨ੍ਹਾਂ ਕਿਹਾ, "ਇਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ।''

ਗਧੀ ਦੇ ਦੁੱਧ ਤੋਂ ਪਨੀਰ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਇੱਕ ਦਹਾਕੇ ਪਹਿਲਾਂ ਵੁਕ ਸਿਮਿਕ ਦੇ ਪਿਤਾ, ਸਲੋਬੋਡਨ ਸਿਮਿਕ ਨੂੰ ਆਇਆ ਸੀ।

ਇਸ ਵਿੱਚ ਆਉਣ ਵਾਲੀਆਂ ਸਭ ਤੋਂ ਵੱਡੀਆਂ ਰੁਕਾਵਟਾਂ ਵਿੱਚੋਂ ਇੱਕ ਸੀ - ਗਧੀ ਦੇ ਦੁੱਧ ਦੀ ਵਿਲੱਖਣ ਬਣਤਰ ਸੀ, ਜੋ ਮਨੁੱਖੀ ਦੁੱਧ ਵਰਗੀ ਹੈ ਅਤੇ ਜਿਸ ਕਾਰਨ ਇਹ ਦੁੱਧ ਆਸਾਨੀ ਨਾਲ ਗਾੜ੍ਹਾ ਨਹੀਂ ਹੁੰਦਾ।

ਹਾਲਾਂਕਿ, ਕਈ ਅਸਫਲ ਕੋਸ਼ਿਸ਼ਾਂ ਤੋਂ ਬਾਅਦ, ਜ਼ਸਾਵਿਕਾ ਦੇ ਫੂਡ ਇੰਜੀਨੀਅਰਾਂ ਨੇ ਅੰਤ ਵਿੱਚ ਇਸ 'ਚ ਸਫਲਤਾ ਪ੍ਰਾਪਤ ਕੀਤੀ।

ਪਿਓਲ ਪਨੀਰ

ਸਿਮਿਕ ਯਾਦ ਕਰਦੇ ਹਨ, "ਜੋ ਸੁਆਦ ਪਿਓਲ ਪਨੀਰ ਦਾ ਹੈ, ਹੋ ਕਿਸੇ ਹੋਰ ਚੀਜ਼ ਦਾ ਨਹੀਂ। ਮੈਂ ਕਹਿਣਾ ਚਾਹਾਂਗਾ ਕਿ ਇਸਦਾ ਸੁਆਦ ਮਹਿੰਗਾ (ਬੇਮਿਸਾਲ) ਹੈ।"

ਪਿਓਲ ਪਨੀਰ ਆਮ ਲੋਕਾਂ ਲਈ ਉਪਲੱਬਧ ਨਹੀਂ ਹੈ ਅਤੇ ਨਾ ਹੀ ਇਹ ਬਰਾਮਦ ਕੀਤਾ ਜਾਂਦਾ ਹੈ।

ਇਸਨੂੰ ਸਿਰਫ਼ ਜ਼ਾਸਾਵਿਕਾ ਵਿੱਚ ਹੀ ਖਰੀਦਿਆ ਜਾ ਸਕਦਾ ਹੈ - ਇੱਥੋਂ ਤੱਕ ਕਿ ਇਸਦੇ ਆਪਣੇ ਰੈਸਟੋਰੈਂਟ ਵਿੱਚ ਵੀ ਨਹੀਂ, ਸਗੋਂ ਸਿਰਫ਼ ਛੋਟੀ ਸਥਾਨਕ ਦੁਕਾਨ ਵਿੱਚ ਹੀ ਇਹ ਮਿਲਦਾ ਹੈ।

ਸਿਮਿਕ ਦੱਸਦੇ ਹਨ, "ਅਸੀਂ ਪ੍ਰਤੀ ਸਾਲ ਸਿਰਫ਼ 25 ਤੋਂ 30 ਕਿਲੋਗ੍ਰਾਮ ਹੀ ਬਣਾਉਂਦੇ ਹਾਂ, ਜਿਸ ਕਾਰਨ ਇਹ ਇੱਕ ਬਹੁਤ ਹੀ ਦੁਰਲੱਭ ਉਤਪਾਦ ਬਣ ਜਾਂਦਾ ਹੈ।''

ਤਿਆਰ ਹੋਣ ਵਿੱਚ ਲੱਗਦਾ ਹੈ ਲੰਮਾ ਸਮਾਂ

ਪਿਓਲ ਪਨੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਨੀਰ ਨੂੰ ਬਰਾਮਦ ਕਰਨ ਲਈ ਖਾਸ ਨਿਯਮਾਂ ਦੀ ਲੋੜ ਹੋਵੇਗੀ

ਐਸੋਸੀਏਸ਼ਨ ਆਫ਼ ਸਰਬੀਅਨ ਕੈਟਲ ਫਾਰਮਰਜ਼ ਦੇ ਅਨੁਸਾਰ, ਸਰਬੀਆ ਵਿੱਚ ਮੁੱਠੀ ਭਰ ਛੋਟੇ ਗਧਿਆਂ ਦੇ ਫਾਰਮ ਹਨ, ਪਰ ਜ਼ਿਆਦਾਤਰ ਪਨੀਰ ਦੀ ਬਜਾਏ ਦੁੱਧ ਵੇਚਣ 'ਤੇ ਧਿਆਨ ਕੇਂਦਰਿਤ ਕਰਦੇ ਹਨ।

ਸਰਬੀਅਨ ਚੈਂਬਰ ਆਫ਼ ਕਾਮਰਸ ਨੇ ਬੀਬੀਸੀ ਨੂੰ ਦੱਸਿਆ ਕਿ ਗਧਿਆਂ ਦੇ ਦੁੱਧ ਦਾ ਉਤਪਾਦਨ ਆਰਥਿਕਤਾ ਨੂੰ ਪ੍ਰਭਾਵਿਤ ਕਰਨ ਲਈ ਬਹੁਤ ਘੱਟ ਹੈ।

ਉਨ੍ਹਾਂ ਕਿਹਾ, "ਵੱਡੇ ਪੱਧਰ 'ਤੇ ਪਨੀਰ ਦੇ ਉਤਪਾਦਨ ਲਈ ਸਿਰਫ ਗਧੀ ਦਾ ਦੁੱਧ ਖਰੀਦਣ ਨਾਲ ਫਾਇਦਾ ਨਹੀਂ ਹੋਵੇਗਾ।''

ਪਨੀਰ ਨੂੰ ਬਰਾਮਦ ਕਰਨ ਲਈ ਖਾਸ ਨਿਯਮਾਂ ਦੀ ਲੋੜ ਹੋਵੇਗੀ, ਅਤੇ ਜ਼ਾਸਾਵਿਕਾ ਇਸ ਗੁਪਤ ਵਿਅੰਜਨ ਦਾ ਇਕਲੌਤਾ ਸਰਪ੍ਰਸਤ ਬਣਿਆ ਹੋਇਆ ਹੈ।

ਪਿਓਲ ਪਨੀਰ
ਤਸਵੀਰ ਕੈਪਸ਼ਨ, ਦੁਨੀਆਂ ਭਰ ਦੇ ਲੋਕ ਪਿਓਲ ਪਨੀਰ ਦੇ ਉਤਪਾਦਕਾਂ ਬਾਰੇ ਜਾਣਨ ਲੱਗੇ ਹਨ

ਸਿਮਿਕ ਜ਼ੋਰ ਦੇ ਕੇ ਕਹਿੰਦੇ ਹਨ, "ਫਿਲਹਾਲ, ਸਾਡੀ ਇਸਨੂੰ ਕਿਸੇ ਨਾਲ ਸਾਂਝਾ ਕਰਨ ਦੀ ਕੋਈ ਯੋਜਨਾ ਨਹੀਂ ਹੈ।''

ਸੰਭਾਵੀ ਅੰਤਰਰਾਸ਼ਟਰੀ ਖਰੀਦਦਾਰਾਂ ਦੀ ਦਿਲਚਸਪੀ ਦੇ ਬਾਵਜੂਦ, ਸਿਮਿਕ ਕਹਿੰਦੇ ਹਨ ਕਿ ਪੁਲੇ ਪਨੀਰ ਨੂੰ ਬਰਾਮਦ ਕਰਨਾ ਉਨ੍ਹਾਂ ਦੀ ਤਰਜੀਹ ਨਹੀਂ ਹੈ।

ਉਹ ਬੜੇ ਵਿਸ਼ਵਾਸ ਨਾਲ ਕਹਿੰਦੇ ਹਨ ਕਿ "ਦੁਨੀਆਂ ਭਰ ਦੇ ਲੋਕਾਂ ਨੇ ਸਾਡੇ ਬਾਰੇ ਬਾਰੇ ਜਾਣਨ ਲੱਗੇ ਹਨ ਅਤੇ ਅਸੀਂ ਆਪਣੇ ਦੁਆਰਾ ਤਿਆਰ ਕੀਤੇ ਗਏ ਪਨੀਰ ਦਾ ਨਿੱਕਾ ਜਿਹਾ ਟੁਕੜਾ ਵੀ ਵੇਚ ਰਹੇ ਹਾਂ।''

ਉਹ ਮੰਨਦੇ ਹਨ ਕਿ ਉਨ੍ਹਾਂ ਦੇ ਜ਼ਿਆਦਾਤਰ ਖਰੀਦਦਾਰ ਅਮੀਰ ਵਿਦੇਸ਼ੀ ਹਨ, ਜੋ ਇਸ ਦੁਰਲੱਭ ਸੁਆਦ ਲਈ ਵੱਡੀ ਰਕਮ ਅਦਾ ਕਰਨ ਲਈ ਤਿਆਰ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)