ਐੱਚਆਈਵੀ: ਸਾਇੰਸਦਾਨਾਂ ਦਾ ਦਾਅਵਾ, ਲਾਗ ਵਾਲੇ ਸੈੱਲਾਂ ’ਚੋਂ ਵਾਇਰਸ ਵੱਖ ਕਰਨ ’ਚ ਮਿਲੀ ਸਫਲਤਾ, ਜਾਣੋ ਇਹ ਕਿੰਨੀਂ ਵੱਡੀ ਕਾਮਯਾਬੀ

ਟੈਸਟ ਸ਼ੀਸ਼ੀਆਂ

ਤਸਵੀਰ ਸਰੋਤ, Getty Images

    • ਲੇਖਕ, ਮਿਸ਼ੇਲ ਰੌਬਰਟਸ
    • ਰੋਲ, ਡੀਜੀਟਲ ਹੈਲਥ ਐਡੀਟਰ

ਸਾਇੰਸਦਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਾਗ ਵਾਲੇ ਸੈੱਲਾਂ ਤੋਂ ਐੱਚਆਈਵੀ ਵਾਇਰਸ ਵੱਖ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਉਹ ਅਜਿਹਾ ‘ਕ੍ਰਿਸਪਰ ਜੀਨ-ਐਡਿਟਿੰਗ’ ਨਾਮਕ ਨੋਬਲ ਪੁਰਸਕਾਰ ਜੇਤੂ ਤਕਨੀਕ ਦੀ ਵਰਤੋਂ ਨਾਲ ਕਰ ਸਕੇ ਹਨ।

ਮੌਲੀਕਿਊਲ ਦੇ ਪੱਧਰ ਉੱਤੇ ਕੈਂਚੀ ਵਾਂਗ ਕੰਮ ਕਰਦੇ ਹੋਏ ਇਸ ਤਕਨੀਕ ਰਾਹੀਂ ਡੀਐੱਨਏ ਦੇ “ਖਰਾਬ” ਹਿੱਸੇ ਨੂੰ ਕੱਟ ਦਿੱਤਾ ਜਾਂਦਾ ਹੈ।

ਉਮੀਦ ਹੈ ਕਿ ਇਸ ਤਕਨੀਕ ਦੀ ਮਦਦ ਨਾਲ ਆਖਰਕਾਰ ਸਰੀਰ ਵਾਇਰਸ ਤੋਂ ਮੁਕੰਮਲ ਪਿੱਛਾ ਛੁਡਾ ਸਕੇਗਾ। ਹਾਲਾਂਕਿ ਇਸ ਵਿਧੀ ਨੂੰ ਹੋਰ ਕਾਰਗਰ ਅਤੇ ਸੁਰੱਖਿਅਤ ਬਣਾਉਣ ਲਈ ਅਜੇ ਹੋਰ ਕੰਮ ਕਰਨ ਦੀ ਲੋੜ ਹੈ।

ਐੱਚਆਈਵੀ ਦੀਆਂ ਮੌਜੂਦਾ ਦਵਾਈਆਂ ਵਾਇਰਸ ਦੇ ਵਾਧੇ ਨੂੰ ਤਾਂ ਰੋਕਣ ਵਿੱਚ ਕਾਰਗਰ ਦੇਖੀਆਂ ਗਈਆਂ ਹਨ ਪਰ ਖਤਮ ਨਹੀਂ ਕਰ ਸਕਦੀਆਂ।

ਐਮਸਟਰਡਮ ਯੂਨੀਵਰਸਿਟੀ ਦੇ ਸਾਇੰਸਦਾਨਾਂ ਦੀ ਟੀਮ ਨੇ ਇੱਕ ਮੈਡੀਕਲ ਕਾਨਫਰੰਸ ਵਿੱਚ ਇਸ ਸੰਬੰਧ ਵਿੱਚ ਆਪਣੇ ਮੁੱਢਲੇ ਸਿੱਟਿਆਂ ਦਾ ਸੰਖੇਪ ਸਾਰ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਕੰਮ ਸੰਕਲਪ ਦੀ ਪਰਵਾਨਗੀ ਦਾ ਸਬੂਤ ਹੈ ਅਤੇ ਪਰ ਇਸ ਨੂੰ ਐੱਚਆਈਵੀ ਏਡਜ਼ ਦਾ ਇਲਾਜ ਮਿਲ ਗਿਆ ਹੈ ਅਜਿਹਾ ਨਹੀਂ ਸਮਝਿਆ ਜਾਣਾ ਚਾਹੀਦਾ।

ਨੌਟਿੰਘਮ ਯੂਨੀਵਰਸਿਟੀ ਵਿੱਚ ਸਟੈਮ-ਸੈੱਲ ਐਂਡ ਜੀਨ-ਥੈਰਿਪੀ ਟੈਕਨੋਲੇਜੀਜ਼ ਦੇ ਐਸੋਸੀਏਟ ਪ੍ਰੋਫੈਸਰ ਡਾ਼ ਜੇਮਜ਼ ਡਿਕਸਨ ਇਸ ਨਾਲ ਸਹਿਮਤ ਹਨ ਕਿ ਅਜੇ ਪੂਰੇ ਨਤੀਜਿਆਂ ਦੀ ਪੁਣ-ਛਾਣ ਕੀਤੀ ਜਾਣੀ ਹੈ।

ਉਨ੍ਹਾਂ ਨੇ ਕਿਹਾ ਕਿ ਜੋ ਇੱਕ ਸੈੱਲ ਵਿੱਚ ਕੀਤਾ ਜਾ ਸਕਿਆ ਹੈ ਉਹ ਭਵਿੱਖੀ ਇਲਾਜ ਲਈ ਪੂਰੇ ਸਰੀਰ ਦੇ ਸੈੱਲਾਂ ਵਿੱਚ ਕੀਤਾ ਜਾ ਸਕੇਗਾ, ਇਹ ਸਾਬਤ ਕਰਨ ਲਈ ਅਜੇ ਹੋਰ ਬਹੁਤ ਸਾਰੇ ਖੋਜ ਦੀ ਲੋੜ ਪਵੇਗੀ।

ਇਸ ਦਾ ਐੱਚਆਈਵੀ ਵਾਲਿਆਂ ਉੱਪਰ ਕੋਈ ਅਸਰ ਪੈ ਸਕੇ ਇਸ ਤੋਂ ਪਹਿਲਾਂ ਹੋਰ ਬਹੁਤ ਸਾਰੀ ਖੋਜ ਦੀ ਲੋੜ ਪਵੇਗੀ।

ਬੇਹੱਦ ਚੁਣੌਤੀਪੂਰਨ

ਹੋਰ ਸਾਇੰਸਦਾਨ ਵੀ ਐੱਚਆਈਵੀ ਦੇ ਖਿਲਾਫ਼ ਕ੍ਰਿਸਪਰ ਦੀ ਵਰਤੋਂ ਕਰ ਰਹੇ ਹਨ।

ਐਕਸੀਜ਼ੀਅਨ ਬਾਇਓ-ਥੈਰਾਪਿਊਟਿਕਸ ਦਾ ਕਹਿਣਾ ਹੈ ਕਿ ਐੱਚਆਈਵੀ ਵਾਲੇ ਤਿੰਨ ਵਲੰਟੀਅਰਾਂ ਵਿੱਚ 48 ਹਫ਼ਤਿਆਂ ਬਾਅਦ ਵੀ ਕੋਈ ਗੰਭੀਰ ਦੁਸ਼-ਪਰਿਣਾਮ ਨਹੀਂ ਦੇਖੇ ਗਏ

ਜਦਕਿ ਡਾ਼ ਜੋਨਾਥਨ ਸਟੋਏ ਜੋ ਕਿ ਲੰਡਨ ਦੇ ਫ੍ਰਾਂਸਿਸ ਕਰਿਕ ਇੰਸਟੀਚਿਊਟ ਵਿੱਚ ਵਾਇਰਸ ਮਾਹਰ ਹਨ।

ਉਹ ਕਹਿੰਦੇ ਹਨ,"ਐੱਚਆਈਵ ਨੂੰ ਸਾਰੇ ਐੱਚਆਈਵੀ ਪ੍ਰਭਾਵਿਤ ਸਾਰੇ ਸੈੱਲਾਂ ਤੋਂ ਨਿਖੇੜਨਾ ਬੇਹੱਦ ਚੁਣੌਤੀਪੂਰਨ ਸੀ।"

ਉਨ੍ਹਾਂ ਦਾ ਕਹਿਣਾ ਹੈ, "ਇਸ ਵਿਧੀ ਦੇ ਅਣਕਿਆਸੇ ਪਰਭਾਵ ਜਿਨ੍ਹਾਂ ਦੇ ਲੰਬੇ ਸਮੇਂ ਦੇ ਦੁਸ਼-ਪ੍ਰਭਾਵ ਹੋ ਸਕਦੇ ਹਨ, ਅਜੇ ਵੀ ਚਿੰਤਾ ਦਾ ਸਬੱਬ ਹਨ।"

ਉਨ੍ਹਾਂ ਦਾ ਕਹਿਣਾ ਹੈ,"ਇਸ ਲਈ ਕ੍ਰਿਸਪਰ ਅਧਾਰਿਤ ਕੋਈ ਵੀ ਇਲਾਜ ਭਾਵੇਂ ਉਹ ਕਰਗਰ ਸਾਬਤ ਹੋ ਵੀ ਜਾਵੇ ਪਰ ਆਉਣ ਵਿੱਚ ਵੀ ਕਈ ਸਾਲ ਲੱਗ ਸਕਦੇ ਹਨ।"

ਐੱਚਆਈਵੀ ਅਤੇ ਏਡਜ਼ ਕੀ ਹੈ

ਐੱਚਆਈਵੀ ਅਤੇ ਮਨੁੱਖੀ ਟੀ-ਸੈੱਲ਼ ਦੀ ਬਿਜਲ ਖੁਰਦਬੀਨ ਨਾਲ ਲਈ ਗਈ ਤਸਵੀਰ
ਤਸਵੀਰ ਕੈਪਸ਼ਨ, ਐੱਚਆਈਵੀ ਅਤੇ ਮਨੁੱਖੀ ਟੀ-ਸੈੱਲ਼ ਦੀ ਬਿਜਲ ਖੁਰਦਬੀਨ ਨਾਲ ਲਈ ਗਈ ਤਸਵੀਰ

ਐੱਚਆਈਵੀ ਸਰੀਰ ਦੇ ਰੋਗਾਂ ਨਾਲ ਲੜਨ ਵਾਲੀ ਪ੍ਰਣਾਲੀ ਦੇ ਸੈੱਲਾਂ ਉੱਪਰ ਹਮਲਾ ਕਰਦਾ ਹੈ। ਉਨ੍ਹਾਂ ਦੀ ਪ੍ਰਕਿਰਿਆ ਦੀ ਹੀ ਵਰਤੋਂ ਕਰਕੇ ਆਪਣੀਆਂ ਨਕਲਾਂ ਤਿਆਰ ਕਰਦਾ ਹੈ।

ਐੱਚਆਈਵੀ ਜਾਣੀ ਹਿਊਮਨ ਇਮਿਊਨੋ-ਡੈਫੀਸ਼ੈਂਸੀ ਵਾਇਰਸ ਇੱਕ ਅਜਿਹਾ ਵਾਇਰਸ ਹੈ ਸਰੀਰ ਵਿੱਚ ਟੀ-ਲਿੰਫੋਸਾਈਟਸ ਨੂੰ ਨਸ਼ਟ ਕਰਦਾ ਹੈ। ਸਰੀਰ ਵਿੱਚ ਟੀ-ਸੈੱਲਾਂ ਦੀ ਕਮੀ ਕਾਰਨ ਅਕੁਆਇਰਡ ਇਮਿਊਨ ਡੈਫੀਸ਼ੈਂਸੀ ਸਿੰਡਰਾਮ (ਏਡਜ਼) ਵਿਕਸਿਤ ਹੋ ਸਕਦਾ ਹੈ।

ਏਡਜ਼ ਦੇ ਮਰੀਜ਼ਾਂ ਵਿੱਚ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਜਿਸ ਕਾਰਨ ਉਹ ਮੌਕਾਪ੍ਰਸਤ ਬੀਮਾਰੀਆਂ ਦੇ ਜਲਦੀ ਸ਼ਿਕਾਰ ਹੁੰਦੇ ਹਨ ਅਤੇ ਅਕਸਰ ਬੀਮਾਰ ਰਹਿੰਦੇ ਹਨ।

ਉਨ੍ਹਾਂ ਵਿੱਚ ਤਪੈਦਕ, ਨਮੂਨੀਆ ਵਰਗੀਆਂ ਬੀਮਾਰੀਆਂ ਆਮ ਹੁੰਦੀਆਂ ਹਨ ਅਤੇ ਬਹੁਤੀ ਵਾਰ ਜਾਨਲੇਵਾ ਵੀ ਹੁੰਦੀਆਂ ਹਨ।

ਕਾਰਗਰ ਇਲਾਜ ਨਾਲ ਵੀ, ਇਨ੍ਹਾਂ ਵਿੱਚੋਂ ਕੁਝ ਵਾਇਰਸ ਸੁਸਤ ਹੋ ਜਾਂਦੇ ਹਨ। ਆਪਣੀਆਂ ਨਵੀਂ ਨਕਲਾਂ ਨਹੀਂ ਬਣਾਉਂਦੇ ਪਰ ਫਿਰ ਵੀ ਉਨ੍ਹਾਂ ਕੋਲ ਐੱਚਆਈਵੀ ਦਾ ਜਨੈਟਿਕ ਮਾਦਾ ਰਹਿੰਦਾ ਹੈ।

ਐੱਚਆਈਵੀ ਦੇ ਜ਼ਿਆਦਾਤਰ ਮਰੀਜ਼ਾਂ ਨੂੰ ਜੀਵਨ ਭਰ ਐਂਟੀਰੈਟਰੋਵਾਇਰਲ ਇਲਾਜ ਦੀ ਲੋੜ ਹੁੰਦੀ ਹੈ।

ਜੇ ਉਹ ਦਵਾਈ ਬੰਦ ਕਰ ਦਿੰਦੇ ਹਨ ਤਾਂ ਵਾਇਰਸ ਮੁੜ ਜਾਗ ਸਕਦੇ ਹਨ ਅਤੇ ਸਮੱਸਿਆ ਖੜ੍ਹੀ ਕਰ ਸਕਦੇ ਹਨ।

ਕੁਝ ਦੁਰਲਭ ਮਾਮਲਿਆਂ ਵਿੱਚ ਏਡਜ਼ ਦੇ ਕੁਝ ਮਰੀਜ਼ ਕੈਂਸਰ ਦਾ ਹਮਲਾਵਰ ਇਲਾਜ ਦੇਣ ਤੋਂ ਬਾਅਦ ਠੀਕ ਹੋਏ ਹਨ। ਹਾਲਾਂਕਿ ਇਨ੍ਹਾਂ ਇਲਾਜਾਂ ਦੀ ਸਿਫਾਰਿਸ਼ ਇਕੱਲੇ ਐੱਚਆਈਵੀ ਦੇ ਇਲਾਜ ਲਈ ਨਹੀਂ ਕੀਤੀ ਜਾ ਸਕਦੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)