ਪੰਜਾਬ 'ਚੋਂ ਹੁਣ ਤੱਕ ਕਿੰਨੀਆਂ ਬੀਬੀਆਂ ਪੁੱਜੀਆਂ ਲੋਕ ਸਭਾ, ਇੰਨੀ ਘੱਟ ਨੁਮਾਇੰਦਗੀ ਦੇ ਕੀ ਹਨ ਕਾਰਨ

ਤਸਵੀਰ ਸਰੋਤ, Getty Images
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਭਾਰਤ ਅੰਦਰ 18ਵੀਂ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਪਰ ਲੋਕ ਨੁਮਾਇੰਦਿਆਂ ਦੇ ਇਸ ਗ੍ਰਹਿ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਵਿੱਚ ਭਾਰੀ ਅਸਮਾਨਤਾ ਹੈ।
ਪੰਜਾਬ ਵਿੱਚੋਂ ਮਹਿਲਾ ਲੋਕ ਸਭਾ ਉਮੀਦਵਾਰਾਂ ਦੇ ਜਿੱਤ ਕੇ ਲੋਕ ਸਭਾ ਵਿੱਚ ਜਾਣ ਦੇ ਅੰਕੜੇ ਕਾਫੀ ਹੈਰਾਨੀਜਨਕ ਹਨ।
ਪੰਜਾਬ ਤੋਂ ਹੁਣ ਤੱਕ 11 ਬੀਬੀਆਂ ਲੋਕ ਸਭਾ ਪਹੁੰਚੀਆਂ ਹਨ। ਇਨ੍ਹਾਂ ਵਿੱਚ ਛੇ ਸਿਰਫ਼ ਇੱਕ-ਇੱਕ ਵਾਰ ਹੀ ਲੋਕ ਸਭਾ ਮੈਂਬਰ ਬਣੀਆਂ।
ਹੁਣ ਤੱਕ ਦੇ ਚੋਣ ਅੰਕੜਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ 1962, 1971 ਅਤੇ 1977 ਦੀ ਲੋਕ ਸਭਾ ਵਿੱਚ ਪੰਜਾਬ ਤੋਂ ਕੋਈ ਵੀ ਮਹਿਲਾ ਲੋਕ ਸਭਾ ਸਾਂਸਦ ਨਹੀਂ ਸੀ।
ਪੰਜਾਬ ਵਿੱਚ ਹੁਣ ਤੱਕ ਸਭ ਤੋਂ ਵੱਧ 4 ਮਹਿਲਾ ਸਾਂਸਦ 2009 ਦੀ ਲੋਕ ਸਭਾ ਵਿੱਚ ਪਹੁੰਚੀਆਂ।
ਲੋਕ ਸਭਾ ਹਲਕੇ ਅੰਮ੍ਰਿਤਸਰ, ਖਡੂਰ ਸਾਹਿਬ (2008 ਵਿੱਚ ਹੋਂਦ ‘ਚ ਆਇਆ), ਜਲੰਧਰ ਅਤੇ ਫ਼ਿਰੋਜ਼ਪੁਰ ਤੋਂ ਹੁਣ ਤੱਕ ਕੋਈ ਮਹਿਲਾ ਸਾਂਸਦ ਨਹੀਂ ਬਣੇ ਹਨ।
ਅਨੰਦਪੁਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ 2008 ਵਿੱਚ ਹੋਂਦ ਵਿੱਚ ਆਉਣ ਤੋਂ ਹੁਣ ਤੱਕ ਇੱਥੋਂ ਕੋਈ ਮਹਿਲਾ ਸਾਂਸਦ ਨਹੀਂ ਬਣੇ।
ਹੁਣ ਤੱਕ ਸਭ ਤੋਂ ਵੱਧ ਛੇ ਵਾਰ ਮਹਿਲਾ ਸਾਂਸਦ ਚੁਨਣ ਵਾਲਾ ਲੋਕ ਸਭਾ ਹਲਕਾ ਪਟਿਆਲ਼ਾ ਹੈ।
ਉਸ ਤੋਂ ਬਾਅਦ ਪੰਜ ਵਾਰ ਗੁਰਦਾਸਪੁਰ ਅਤੇ ਚਾਰ ਵਾਰ ਬਠਿੰਡਾ ਤੋਂ ਮਹਿਲਾ ਸਾਂਸਦ ਲੋਕ ਸਭਾ ਪਹੁੰਚੇ।
ਇੱਥੇ ਅਸੀਂ ਲੋਕ ਸਭਾ ਵਿੱਚ ਪੰਜਾਬ ਦੀਆਂ ਔਰਤਾਂ ਦੀ ਭੂਮਿਕਾ ਬਾਰੇ ਗੱਲ ਕਰਾਂਗੇ।
ਪਿਛਲੀ ਲੋਕ ਸਭਾ ਯਾਨਿ 2019 ਦੀਆਂ ਚੋਣਾਂ ਵਿੱਚ ਭਾਰਤੀ ਸੰਸਦ ਵਿੱਚ ਔਰਤਾਂ ਦੀ ਨੁਮਾਇੰਦਗੀ ਹੁਣ ਤੱਕ ਦੀ ਸਭ ਤੋਂ ਵੱਧ ਸੀ।
ਪਹਿਲੀ ਲੋਕ ਸਭਾ (1951-52) ਵਿੱਚ ਔਰਤਾਂ ਦੀ ਪੰਜ ਫੀਸਦ ਹਿੱਸੇਦਾਰੀ ਦੇ ਮੁਕਾਬਲੇ 17ਵੀਂ ਲੋਕ ਸਭਾ (2019) ਵਿੱਚ ਔਰਤਾਂ ਦੀ ਨੁਮਾਇੰਦਗੀ 14 ਫੀਸਦੀ ਰਹੀ।
ਅਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ਤੋਂ ਲੋਕ ਸਭਾ ਪਹੁੰਚੀਆਂ ਬੀਬੀਆਂ
ਸੁਭੱਦਰਾ ਜੋਸ਼ੀ

ਤਸਵੀਰ ਸਰੋਤ, Amrit Mahotsav
ਪੰਜਾਬ ਤੋਂ ਲੋਕ ਸਭਾ ਮੈਂਬਰ ਬਣਨ ਵਾਲੀ ਪਹਿਲੀ ਔਰਤ ਸੁਭੱਦਰਾ ਜੋਸ਼ੀ ਸਨ।
ਬ੍ਰਿਟਿਸ਼ ਹਕੂਮਤ ਤੋਂ ਅਜ਼ਾਦੀ ਦੇ ਬਾਅਦ ਹੋਈਆਂ ਦੇਸ਼ ਦੀਆਂ ਪਹਿਲੀਆਂ ਆਮ ਚੋਣਾਂ(1951-52) ਵਿੱਚ ਸੁੱਭਦਰਾ ਜੋਸ਼ੀ ਕਰਨਾਲ(ਹੁਣ ਹਰਿਆਣਾ ਵਿੱਚ) ਤੋਂ ਲੋਕ ਸਭਾ ਚੋਣ ਜਿੱਤੇ ਸਨ।
ਇਸ ਤੋਂ ਬਾਅਦ 1957 ਦੀ ਲੋਕ ਸਭਾ ਚੋਣ ਸੁਭੱਦਰਾ ਜੋਸ਼ੀ ਨੇ 1957 ਵਿੱਚ ਅੰਬਾਲਾ(ਹੁਣ ਹਰਿਆਣਾ ਵਿੱਚ) ਤੋਂ ਲੜੀ ਸੀ ਅਤੇ ਲੋਕ ਸਭਾ ਵਿੱਚ ਦੂਜੀ ਵਾਲ ਇੱਥੋਂ ਚੋਣ ਜਿੱਤ ਕੇ ਪਹੁੰਚੇ ਸਨ।
ਭਾਸ਼ਾ ਦੇ ਅਧਾਰ ‘ਤੇ 1966 ਵਿੱਚ ਪੰਜਾਬ ਦੀ ਵੰਡ ਤੋਂ ਪਹਿਲਾਂ ਕਰਨਾਲ ਅਤੇ ਅੰਬਾਲਾ ਪੰਜਾਬ ਵਿੱਚ ਆਉਂਦੇ ਸਨ, ਹੁਣ ਹਰਿਆਣਾ ਦਾ ਹਿੱਸਾ ਹਨ। ਸੁਭੱਦਰਾ ਜੋਸ਼ੀ ਨੇ ਕਾਂਗਰਸ ਵੱਲੋਂ ਇਹ ਚੋਣਾਂ ਲੜੀਆਂ ਸਨ।
ਇਸ ਤੋਂ ਬਾਅਦ ਸੁਭੱਦਰਾ ਜੋਸ਼ੀ 1962 ਵਿੱਚ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਅਤੇ 1971 ਵਿੱਚ ਚਾਂਦਨੀ ਚੌਂਕ ਲੋਕ ਸਭਾ ਹਲਕੇ ਤੋਂ ਤੋਂ ਸਾਂਸਦ ਬਣੇ।
ਸੁਭੱਦਰਾ ਜੋਸ਼ੀ ਨੇ 1962 ਵਿੱਚ ਬਲਰਾਮਪੁਰ ਦੇ ਉਸ ਵੇਲੇ ਦੇ ਮੌਜੂਦਾ ਸਾਂਸਦ ਅਟੱਲ ਬਿਹਾਰੀ ਵਾਜਪਾਈ ਨੂੰ ਮਾਤ ਦਿੱਤੀ ਸੀ, ਜੋ ਕਿ ਬਾਅਦ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵੀ ਬਣੇ। 1967 ਵਿੱਚ ਸੁਭੱਦਰਾ ਜੋਸ਼ੀ ਵਾਜਪਾਈ ਤੋਂ ਬਲਰਾਮਪੁਰ ਹਲਕੇ ਵਿੱਚੋਂ ਹਾਰ ਗਏ ਸੀ।
ਇਤਿਹਾਸਕਾਰ ਪ੍ਰੋ. ਮੰਜੂ ਵਰਮਾ ਦੀ ਪੰਜਾਬ ਵਿੱਚ ਅਜ਼ਾਦੀ ਦੀ ਲੜਾਈ ‘ਚ ਔਰਤਾਂ ਦੀ ਭੂਮਿਕਾ ਬਾਰੇ ਲਿਖੀ ਕਿਤਾਬ ਮੁਤਾਬਕ ਸੁਭੱਦਰਾ ਜੋਸ਼ੀ 1919 ‘ਚ ਜਨਮੇ ਸਨ।
ਸੁਭੱਦਰਾ ਜੋਸ਼ੀ ਨੇ ਆਪਣੇ ਪਿਤਾ ਦੇ ਨਕਸ਼ੇ ਕਦਮਾਂ ‘ਤੇ ਚਲਦਿਆਂ ਦੇਸ਼ ਦੀ ਅਜ਼ਾਦੀ ਸੰਘਰਸ਼ ਵਿੱਚ ਹਿੱਸਾ ਲਿਆ ਸੀ।
ਲਿਖਿਆ ਗਿਆ ਹੈ ਕਿ ਲਾਹੌਰ ਦੇ ਲੇਡੀ ਮੈਕਲਾਗਨ ਗਰਲਜ਼ ਹਾਈ ਸਕੂਲ ਵਿੱਚ ਪੜ੍ਹਦਿਆਂ ਇਕ ਵਾਰ ਸੁਭੱਦਰਾ ਨੇ ਯੁਨੀਅਨ ਜੈਕ ਨੂੰ ਸੈਲਿਊਟ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਕਰਕੇ ਉਨ੍ਹਾਂ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਸੀ।
ਉਹ ਮਹਾਤਮਾ ਗਾਂਧੀ ਦੇ ਭਾਰਤ ਛੱਡੋ ਅੰਦੋਲਨ(1942) ਦਾ ਹਿੱਸਾ ਬਣੇ ਅਤੇ ਹਮਾਰਾ ਸੰਗਰਾਮ ਜਰਨਲ ਦੀ ਸੰਪਾਦਕੀ ਵੀ ਕੀਤੀ।
ਬ੍ਰਿਟਿਸ਼ ਹਕੂਮਤ ਤੋਂ ਭਾਰਤ ਦੀ ਅਜ਼ਾਦੀ ਨਾਲ ਜੁੜੀਆਂ ਗਤੀਵਿਧੀਆਂ ਕਰਕੇ ਇੱਕ ਵਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ, ਅਤੇ ਉਨ੍ਹਾਂ ਨੂੰ ਪੰਜ ਮਹੀਨੇ ਲਾਹੌਰ ਦੀ ਵੂਮਨ ਸੈਂਟਲਰ ਜੇਲ੍ਹ ਵਿੱਚ ਵੀ ਰੱਖਿਆ ਗਿਆ ਸੀ।
ਸਾਲ 2003 ਵਿੱਚ ਜੋਸ਼ੀ ਦੀ ਮੌਤ ਹੋਣ ਬਾਅਦ ਮਾਰਚ, 2011 ਵਿੱਚ ਉਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਦੇ ਸਨਮਾਨ ਵਿੱਚ ਯਾਦਗਾਰੀ ਸਟੈਂਪ ਵੀ ਜਾਰੀ ਕੀਤੀ ਗਈ।
ਮਹਾਰਾਣੀ ਮੋਹਿੰਦਰ ਕੌਰ

ਤਸਵੀਰ ਸਰੋਤ, Getty Images
ਮੌਜੂਦਾ ਪੰਜਾਬ(1966 ਵਿੱਚ ਭਾਸ਼ਾ ਦੇ ਅਧਾਰ ’ਤੇ ਪੰਜਾਬ ਦੀ ਵੰਡ ਹੋਣ ਬਾਅਦ) ਤੋਂ ਲੋਕ ਸਭਾ ਵਿੱਚ ਜਾਣ ਵਾਲੀਆਂ ਪਹਿਲੀਆਂ ਦੋ ਔਰਤਾਂ ਵਿੱਚ ਪਟਿਆਲ਼ਾ ਦੀ ਮਹਾਰਾਣੀ ਮੋਹਿੰਦਰ ਕੌਰ ਦਾ ਨਾਮ ਆਉਂਦਾ ਹੈ।
ਉਹ 1967 ਵਿੱਚ ਪਟਿਆਲ਼ਾ ਤੋਂ ਲੋਕ ਸਭਾ ਚੋਣ ਜਿੱਤੇ ਸਨ। ਇਸ ਤੋਂ ਪਹਿਲਾਂ ਕਾਂਗਰਸ ਮੈਂਬਰ ਵਜੋਂ ਸਾਲ 1964-67 ਤੱਕ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਸੀ।
ਫਿਰ 1977 ਵਿੱਚ ਉਹ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਅਤੇ 1978 ਤੋਂ 1984 ਤੱਕ ਜਨਤਾ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਰਹੇ।
ਮੋਹਿੰਦਰ ਕੌਰ ਪਟਿਆਲ਼ਾ ਦੇ ਆਖ਼ਰੀ ਮਹਾਰਾਜਾ ਯਾਦਵਿੰਦਰ ਸਿੰਘ ਦੇ ਦੂਜੇ ਪਤਨੀ ਸਨ। ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਸਨ।
ਇਤਿਹਾਸਕਾਰ ਹਰਜੇਸ਼ਵਰਪਾਲ ਸਿੰਘ ਦੱਸਦੇ ਹਨ ਕਿ ਮੋਹਿੰਦਰ ਕੌਰ ਦੇ ਪਿਤਾ ਹਰਚੰਦ ਸਿੰਘ ਜੇਜੀ ਪਟਿਆਲ਼ਾ ਰਿਆਸਤ ਪਰਜਾ ਮੰਡਲ ਦੇ ਮੈਂਬਰ ਸਨ, ਉਸ ਵੇਲੇ ਮੋਹਿੰਦਰ ਕੌਰ ਦਾ ਮਹਾਰਾਜਾ ਯਾਦਵਿੰਦਰ ਸਿੰਘ ਨਾਲ ਵਿਆਹ ਦੋਹਾਂ ਧਿਰਾਂ ਵਿਚਕਾਰ ਸਮਝੌਤੇ ਦਾ ਕਾਰਨ ਵੀ ਮੰਨਿਆ ਗਿਆ।
ਜੁਲਾਈ 2017 ਵਿੱਚ ਮੋਹਿੰਦਰ ਕੌਰ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ।
ਦੇਸ਼ ਦੀ ਅਜ਼ਾਦੀ ਤੋਂ ਬਾਅਦ ਸ਼ਾਹੀ ਸ਼ਕਤੀਆਂ ਖਤਮ ਹੋਣ ਕਰਕੇ ਰਸਮੀ ਤੌਰ ਤੌਰ ’ਤੇ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਪਟਿਆਲ਼ਾ ਦੇ ਆਖ਼ਰੀ ਮਹਾਰਾਜਾ ਅਤੇ ਮੋਹਿੰਦਰ ਕੌਰ ਨੂੰ ਆਖ਼ਰੀ ਮਹਾਰਾਣੀ ਕਿਹਾ ਜਾਂਦਾ ਹੈ।
ਨਿਰਲੇਪ ਕੌਰ
ਨਿਰਲੇਪ ਕੌਰ 1967 ਦੀਆਂ ਚੋਣਾਂ ਵਿੱਚ ਅਕਾਲੀ ਦਲ(ਸੰਤ ਫ਼ਤਿਹ ਸਿੰਘ ਗਰੁੱਪ) ਵੱਲੋਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ।
ਨਿਰਲੇਪ ਕੌਰ ਦੇ ਪਿਤਾ ਗਿਆਨ ਸਿੰਘ ਰਾੜੇਵਾਲਾ ਪੈਪਸੂ ਦੇ ਪਹਿਲੇ ਮੁੱਖ ਮੰਤਰੀ ਸਨ। ਨਿਰਲੇਪ ਕੌਰ ਨੇ ਸਿਆਸਤ ਦੀ ਸ਼ੁਰੂਆਤ ਕਾਂਗਰਸ ਪਾਰਟੀ ਤੋਂ ਕੀਤੀ ਸੀ, ਪਰ ਬਾਅਦ ਵਿੱਚ ਕਾਂਗਰਸ ਤੋਂ ਵੱਖ ਹੋ ਗਏ ਸੀ।
ਨਿਰਲੇਪ ਕੌਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਣ ਵਾਲੀ ਵੀ ਪਹਿਲੀ ਮਹਿਲਾ ਸਨ, ਹਾਲਾਂਕਿ ਉਹ ਇਹ ਚੋਣ ਜਿੱਤ ਨਹੀਂ ਸਕੇ ਸੀ।
ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ ਕਿ ਦਿੱਲੀ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਗਠਨ ਵਿੱਚ ਵੀ ਨਿਰਲੇਪ ਕੌਰ ਦੀ ਅਹਿਮ ਭੂਮਿਕਾ ਰਹੀ ਹੈ।
1980 ਵਿੱਚ ਉਨ੍ਹਾਂ ਨੇ ਪੰਜਾਬ ਦੇ ਪਾਇਲ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਵੱਡੇ ਨੇਤਾ ਬੇਅੰਤ ਸਿੰਘ(ਮਰਹੂਮ ਮੁੱਖ ਮੰਤਰੀ) ਖ਼ਿਲਾਫ਼ ਵੀ ਚੋਣ ਲੜੀ ਸੀ, ਪਰ ਨਿਰਲੇਪ ਕੌਰ ਇਹ ਚੋਣ ਹਾਰ ਗਏ ਸਨ।


ਬੀਬੀ ਸੁਖਬੰਸ ਕੌਰ
ਸੁਖਬੰਸ ਕੌਰ ਭਿੰਡਰ ਪੰਜਾਬ ’ਚੋਂ 1980 ਤੋਂ ਲਗਾਤਾਰ ਪੰਜ ਵਾਰ ਲੋਕ ਸਭਾ ਪਹੁੰਚਣ ਵਾਲੀ ਬੀਬੀ ਸਨ।
ਕਾਂਗਰਸ ਦੀ ਟਿਕਟ ਤੋਂ ਉਹ ਗੁਰਦਾਸਪੁਰ ਤੋਂ 1980, 1985, 1989, 1992 ਅਤੇ 1996 ਦੀ ਲੋਕ ਸਭਾ ਚੋਣ ਜਿੱਤੇ।
1997 ਵਿੱਚ ਬੀਜੇਪੀ ਵੱਲੋਂ ਵਿਨੋਦ ਖੰਨਾ ਨੇ ਗੁਰਦਾਸਪੁਰ ਲੋਕ ਸਭਾ ਚੋਣ ਵਿੱਚ ਉਨ੍ਹਾਂ ਨੂੰ ਮਾਤ ਦਿੱਤੀ ਸੀ।
ਸੁਖਬੰਸ ਕੌਰ 2006 ਵਿੱਚ ਰਾਜ ਸਭਾ ਲਈ ਵੀ ਨਾਮਜ਼ਦ ਹੋਏ।
ਉਹ 1992-1996 ਦਰਮਿਆਨ ਸਿਵਲ ਏਵੀਏਸ਼ਨ ਅਤੇ ਟੂਰਿਜ਼ਮ ਮੰਤਰੀ ਵੀ ਰਹੇ। ਉਨ੍ਹਾਂ ਦੇ ਪਤੀ ਆਈਪੀਐਸ ਅਫਸਰ ਪ੍ਰੀਤਮ ਸਿੰਘ ਭਿੰਡਰ ਸਨ। ਦਸੰਬਰ 2006 ਵਿੱਚ ਸੁਖਬੰਸ ਕੌਰ ਦੀ ਮੌਤ ਹੋ ਗਈ ਸੀ।
ਗੁਰਬਿੰਦਰ ਕੌਰ ਬਰਾੜ

ਤਸਵੀਰ ਸਰੋਤ, wikimediacommons
ਗੁਰਬਿੰਦਰ ਕੌਰ ਬਰਾੜ ਸਾਲ 1980 ਵਿੱਚ ਕਾਂਗਰਸ ਵੱਲੋਂ ਫਰੀਦਕੋਟ ਹਲਕੇ ਤੋਂ ਚੋਣ ਜਿੱਤੇ ਸਨ। ਉਨ੍ਹਾਂ ਨੇ ਅਕਾਲੀ ਲੀਡਰ ਬਲਵੰਤ ਸਿੰਘ ਰਾਮੂਵਾਲੀਆ ਨੂੰ ਹਰਾਇਆ ਸੀ।
ਗੁਰਬਿੰਦਰ ਕੌਰ ਅੰਮ੍ਰਿਤਸਰ ਦੇ ਕੈਰੋਂ ਵਿੱਚ ਜਸਵੰਤ ਸਿੰਘ ਦੇ ਘਰ ਜਨਮੇ ਸਨ। ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਤਾਪ ਸਿੰਘ ਕੈਰੋਂ ਦੀ ਭਤੀਜੀ ਸਨ। ਗੁਰਬਿੰਦਰ ਕੌਰ ਦੇ ਪਤੀ ਹਰਚਰਨ ਸਿੰਘ ਬਰਾੜ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ।
ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਦੱਸਦੇ ਹਨ ਕਿ ਬਰਾੜ ਪਰਿਵਾਰ ਫਰੀਦਕੋਟ ਦਾ ਦੌਲਤਮੰਦ ਤੇ ਰਸੂਖਦਾਰ ਪਰਿਵਾਰ ਸੀ।ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਬਾਅਦ ਗੁਰਬਿੰਦਰ ਕੌਰ 1964 ਤੋਂ 1970 ਤੱਕ ਫ਼ਿਰੋਜ਼ਪੁਰ ਦੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹੇ।
ਉਹ 1972 ਵਿੱਚ ਮਲੋਟ ਤੋਂ ਵਿਧਾਇਕ ਬਣੇ ਅਤੇ ਕੈਬਨਿਟ ਦਾ ਵੀ ਹਿੱਸਾ ਰਹੇ।1985 ਵਿੱਚ ਉਹ ਫਿਰ ਵਿਧਾਨ ਸਭਾ ਚੋਣ ਲੜੇ ਅਤੇ ਮੁਕਤਸਰ ਤੋਂ ਵਿਧਾਇਕ ਬਣੇ।
ਉਸ ਸਾਲ ਪੰਜਾਬ ਵਿੱਚ ਅਕਾਲੀ ਸਰਕਾਰ ਬਣੀ ਸੀ ਅਤੇ ਗੁਰਬਿੰਦਰ ਕੌਰ ਬਰਾੜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸਨ। ਸਤੰਬਰ 2013 ਵਿੱਚ ਗੁਰਬਿੰਦਰ ਕੌਰ ਬਰਾੜ ਦੀ ਮੌਤ ਹੋਈ।
ਗੁਰਬਿੰਦਰ ਕੌਰ ਦੀ ਮੌਤ ਤੋਂ ਇੱਕ ਸਾਲ ਪਹਿਲਾਂ ਉਨ੍ਹਾਂ ਦੇ ਬੇਟੇ ਕੰਵਰਜੀਤ ਸਿੰਘ ਸੰਨੀ ਬਰਾੜ ਦੀ ਵੀ ਮੌਤ ਹੋ ਗਈ ਸੀ।
ਬਿਮਲ ਕੌਰ ਖ਼ਾਲਸਾ

ਤਸਵੀਰ ਸਰੋਤ, Robert Nickelsberg/Getty Images
ਬਿਮਲ ਕੌਰ ਉਰਫ਼ ਬਿਮਲ ਕੌਰ ਖ਼ਾਲਸਾ, 1989 ਦੀਆਂ ਲੋਕ ਸਭਾ ਚੋਣਾਂ ਵਿੱਚ ਰੋਪੜ ਤੋਂ ਸ਼੍ਰੋਮਣੀ ਅਕਾਲੀ ਦਲ(ਸਿਮਰਨਜੀਤ ਸਿੰਘ ਮਾਨ) ਦੇ ਉਮੀਦਵਾਰ ਵਜੋਂ ਚੋਣ ਜਿੱਤੇ।
ਉਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਵਿੱਚ ਸ਼ਾਮਲ ਬੇਅੰਤ ਸਿੰਘ ਦੀ ਪਤਨੀ ਸਨ। ਬੇਅੰਤ ਸਿੰਘ 31 ਅਕਤੂਬਰ 1984 ਨੂੰ ਹੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸੁਰੱਖਿਆ ਕਰਮੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਸਨ।
ਇਤਿਹਾਸਕਾਰ ਹਰਜੇਸ਼ਵਰਪਾਲ ਸਿੰਘ ਦੱਸਦੇ ਹਨ ਕਿ ਬਿਮਲ ਹਿੰਦੂ ਪਰਿਵਾਰ ਵਿੱਚ ਜਨਮੇ ਸਨ।
ਜਨਵਰੀ 1976 ਵਿੱਚ ਉਨ੍ਹਾਂ ਦਾ ਬੇਅੰਤ ਸਿੰਘ ਨਾਲ ਵਿਆਹ ਹੋਇਆ ਸੀ। ਅਕਤੂਬਰ 1984 ਵਿੱਚ ਅੰਮ੍ਰਿਤ ਪਾਨ ਕਰਨ ਬਾਅਦ ਉਹ ਬਿਮਲ ਕੌਰ ਬਣੇ।
ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋਇਆ, ਬਿਮਲ ਕੌਰ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿੱਚ ਨਰਸ ਸਨ। ਇੱਕ ਗੁਰਦੁਆਰਾ ਸਾਹਿਬ ਵਿਖੇ ਉਕਸਾਊ ਭਾਸ਼ਣ ਦੇਣ ਦੇ ਇਲਜ਼ਾਮ ਹੇਠ ਬਿਮਲ ਕੌਰ ਨੂੰ ਦੋ ਸਾਲ ਦੀ ਜੇਲ੍ਹ ਵੀ ਹੋਈ ਸੀ।
ਸਤੰਬਰ 1991 ਨੂੰ ਭੇਦਭਰੇ ਹਾਲਾਤ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ, ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਯਾਦ ਕਰਦੇ ਹਨ ਕਿ ਘਰ ਅੰਦਰੋਂ ਹੀ ਬਿਮਲ ਕੌਰ ਦੀ ਲਾਸ਼ ਮਿਲਣ ਬਾਅਦ, ਮੌਤ ਦੇ ਕਾਰਨਾਂ ਬਾਰੇ ਕਈ ਕਿਆਸ ਅਰਾਈਆਂ ਲੱਗੀਆਂ ਸੀ।
ਇੱਕੋ ਵਾਰ ਸਾਂਸਦ ਬਣੀ ਰਜਿੰਦਰ ਕੌਰ

ਤਸਵੀਰ ਸਰੋਤ, Facebook/rajinderbulara
ਰਜਿੰਦਰ ਕੌਰ ਉਰਫ ਰਜਿੰਦਰ ਕੌਰ ਬੁਲਾਰਾ ਸ਼੍ਰੋਮਣੀ ਅਕਾਲੀ ਦਲ(ਮਾਨ) ਵੱਲੋਂ 1989 ਵਿੱਚ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਬਣੇ ਸਨ।
ਉਨ੍ਹਾਂ ਦੇ ਪਤੀ ਰਜਿੰਦਰ ਪਾਲ ਸਿੰਘ ਗਿੱਲ ਲੁਧਿਆਣਾ ਦੀ ਖੇਤੀਬਾੜੀ ਯੁਨੀਵਰਸਿਟੀ ਵਿੱਚ ਪ੍ਰੋਫੈਸਰ ਸਨ। ਮਿਲੀਟੈਂਸੀ ਦੌਰਾਨ ਜਨਵਰੀ 1989 ਵਿੱਚ ਉਹ ਇੱਕ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸੀ।
ਰਜਿੰਦਰ ਕੌਰ ਅਤੇ ਉਨ੍ਹਾਂ ਦਾ ਪਰਿਵਾਰ ਇਹ ਦਾਅਵਾ ਕਰਦਾ ਰਿਹਾ ਹੈ ਕਿ ਰਜਿੰਦਰ ਪਾਲ ਸਿੰਘ ਅੱਤਵਾਦੀ ਨਹੀਂ ਸਨ ਅਤੇ ਉਨ੍ਹਾਂ ਨੂੰ ਝੂਠਾ ਮੁਕਾਬਲਾ ਬਣਾ ਕੇ ਮਾਰਿਆ ਗਿਆ ਹੈ। ਰਜਿੰਦਰ ਕੌਰ ਨੇ 2002 ਵਿੱਚ ਲੁਧਿਆਣਾ ਪੱਛਮੀ ਤੋਂ ਵਿਧਾਨ ਸਭਾ ਚੋਣ ਵੀ ਲੜੀ ਪਰ ਹਾਰ ਗਏ ਸਨ।
ਸੰਤੋਸ਼ ਚੌਧਰੀ

ਤਸਵੀਰ ਸਰੋਤ, prsinda
ਸੰਤੋਸ਼ ਚੌਧਰੀ ਕਾਂਗਰਸ ਦੀ ਟਿਕਟ ਤੋਂ 1992, 1999 ਅਤੇ 2009 ਵਿੱਚ ਲੋਕ ਸਭਾ ਮੈਂਬਰ ਬਣੇ। 1992, 1999 ਵਿੱਚ ਫਿਲੌਰ ਤੋਂ ਅਤੇ 2009 ਵਿੱਚ ਹੁਸ਼ਿਆਰਪੁਰ ਤੋਂ ਉਹ ਸਾਂਸਦ ਬਣੇ ।
ਉਹ ਦਲਿਤ ਪਰਿਵਾਰ ਨਾਲ ਸਬੰਧ ਰੱਖਦੇ ਹਨ।ਸੰਤੋਸ਼ ਚੌਧਰੀ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਦੇ ਅਹੁਦੇ ‘ਤੇ ਰਹੇ ਹਨ।
1986 ਵਿੱਚ ਉਹ ਪੰਜਾਬ ਕਾਂਗਰਸ ਦੀ ਉਪ ਪ੍ਰਧਾਨ ਬਣੇ ਸਨ। ਸੰਤੋਸ਼ ਚੌਧਰੀ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਪਰਸਨ ਰਹਿ ਚੁੱਕੇ ਹਨ।
ਉਹ ਸਫਾਈ ਕਰਮਚਾਰੀਆਂ ਲਈ ਬਣੇ ਕੌਮੀ ਕਮਿਸ਼ਨ ਦੀ ਚੇਅਰਪਰਸਨ ਵੀ ਰਹੇ ਹਨ।
ਉਨ੍ਹਾਂ ਦੇ ਪਤੀ ਚੌਧਰੀ ਰਾਮ ਲੁਭਾਇਆ ਕਾਂਗਰਸ ਦੇ ਸੀਨੀਅਰ ਲੀਡਰ ਰਹੇ ਹਨ ਅਤੇ 2002 ਵਿੱਚ ਹਲਕਾ ਸ਼ਾਮ ਚੁਰਾਸੀ ਤੋਂ ਵਿਧਾਇਕ ਬਣੇ ਸਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਤਵਿੰਦਰ ਕੌਰ
ਸਤਵਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਪੜ ਤੋਂ ਲੋਕ ਸਭਾ ਮੈਂਬਰ ਬਣੇ। ਉਹ 1998 ਵਿੱਚ ਪੰਜਾਬ ਤੋਂ ਲੋਕ ਸਭਾ ਲਈ ਚੁਣੇ ਜਾਣ ਵਾਲੀ ਇਕਲੌਤੀ ਮਹਿਲਾ ਸਾਂਸਦ ਸਨ।
ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਪੰਜਾਬ ਵਿੱਚੋਂ ਲੋਕ ਸਭਾ ਪਹੁੰਚਣ ਵਾਲੀ ਪਹਿਲੀ ਮਹਿਲਾ ਉਨ੍ਹਾਂ ਨੂੰ ਕਿਹਾ ਜਾ ਸਕਦਾ ਹੈ।
ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੀ ਹਨ।
ਪਰਮਜੀਤ ਕੌਰ ਗੁਲਸ਼ਨ

ਤਸਵੀਰ ਸਰੋਤ, PRSindia.org
ਪਰਮਜੀਤ ਕੌਰ ਗੁਲਸ਼ਨ ਬਠਿੰਡਾ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ।
ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਉਹ 2004 ਵਿੱਚ ਬਠਿੰਡਾ ਅਤੇ 2009 ਵਿੱਚ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਬਣੇ।
ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਦੱਸਦੇ ਹਨ ਕਿ ਪਰਮਜੀਤ ਕੌਰ ਦੇ ਪਿਤਾ ਧੰਨਾ ਸਿੰਘ ਗੁਲਸ਼ਨ ਜਨਤਾ ਪਾਰਟੀ ਦੀ ਸਰਕਾਰ ਦੌਰਾਨ ਕੇਂਦਰ ਵਿੱਚ ਮੰਤਰੀ ਰਹੇ ਹਨ।
ਉਹ ਅਜ਼ਾਦੀ ਸੰਘਰਸ਼ ਨਾਲ ਜੁੜੇ ਰਹੇ ਹਨ ਅਤੇ ਅਕਾਲੀ ਦਲ ਵੱਲੋਂ ਬਠਿੰਡਾ ਤੋਂ ਲੋਕ ਸਭਾ ਮੈਂਬਰ ਬਣੇ ਸਨ।
ਛੇ ਭੈਣ-ਭਰਾਵਾਂ ਵਿੱਚੋਂ ਪਰਮਜੀਤ ਕੌਰ ਗੁਲਸ਼ਨ ਨੇ ਪਿਤਾ ਦੀ ਸਿਆਸੀ ਵਿਰਾਸਤ ਸੰਭਾਲੀ।
ਪਰਮਜੀਤ ਕੌਰ ਨੇ ਸਕੂਲ ਪ੍ਰਿੰਸੀਪਲ ਦੇ ਅਹੁਦੇ ਤੋਂ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈ ਲਈ ਸੀ ਅਤੇ ਸਿਆਸਤ ਵਿੱਚ ਸਰਗਰਮ ਹੋ ਗਏ ਸਨ।
ਉਨ੍ਹਾਂ ਦੇ ਪਤੀ ਨਿਰਮਲ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਰਹਿ ਚੁੱਕੇ ਹਨ। ਨਿਰਮਲ ਸਿੰਘ 2012 ਵਿੱਚ ਬੱਸੀ ਪਠਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜ ਕੇ ਵਿਧਾਇਕ ਬਣੇ ਸਨ।
2017 ਵਿੱਚ ਉਹ ਕਾਂਗਰਸ ਦੇ ਚਰਨਜੀਤ ਚੰਨੀ ਤੋਂ ਚੋਣ ਹਾਰ ਗਏ ਸਨ।
ਪਰਨੀਤ ਕੌਰ

ਤਸਵੀਰ ਸਰੋਤ, Getty Images
ਪਰਨੀਤ ਕੌਰ ਪਟਿਆਲਾ ਤੋਂ ਕਾਂਗਰਸ ਦੀ ਟਿਕਟ ਤੋਂ ਚਾਰ ਵਾਰ ਲੋਕ ਸਭਾ ਮੈਂਬਰ ਬਣੇ। ਉਨ੍ਹਾਂ ਨੇ 1999, 2004 ਅਤੇ 2009 ਵਿੱਚ ਲਗਾਤਾਰ ਲੋਕ ਸਭਾ ਚੋਣ ਜਿੱਤੀ। 2014 ਵਿੱਚ ਹਾਰ ਗਏ ਅਤੇ ਫਿਰ 2019 ਵਿੱਚ ਜਿੱਤ ਦਰਜ ਕੀਤੀ। ਪਰਨੀਤ ਕੌਰ 2019 ਵਿੱਚ ਵੀ ਕਾਂਗਰਸ ਦੀ ਟਿਕਟ ਤੋਂ ਲੋਕ ਸਭਾ ਮੈਂਬਰ ਬਣੇ, ਪਰ ਹੁਣ ਪਰਨੀਤ ਕੌਰ ਬੀਜੇਪੀ ਵਿੱਚ ਹਨ।
ਉਨ੍ਹਾਂ ਨੂੰ 2009 ਵਿੱਚ ਕਾਂਗਰਸ ਸਰਕਾਰ ਦੌਰਾਨ ਵਿਦੇਸ਼ ਰਾਜ ਮੰਤਰੀ ਬਣਾਇਆ ਗਿਆ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਹਨ।
ਪੁਨਰਗਠਿਤ ਪੰਜਾਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੀ ਪਹਿਲੀ ਮਹਿਲਾ ਮਹਾਰਾਣੀ ਮੋਹਿੰਦਰ ਕੌਰ ਦੀ ਨੂੰਹ ਹਨ।
ਸ਼ਿਮਲਾ ਦੇ ਜੰਮ-ਪਲ ਪਰਨੀਤ ਕੌਰ ਦੇ ਪਿਤਾ ਗਿਆਨ ਸਿੰਘ ਕਾਹਲੋਂ ਨੇ 1937 ਵਿੱਚ ਭਾਰਤੀ ਸਿਵਲ ਸਰਵਿਸ ਜੁਆਇਨ ਕੀਤੀ, ਜਦੋਂ ਵਿਰਲਾ ਹੀ ਭਾਰਤੀ ਅਜਿਹੀ ਉਪਲਬਧੀ ਹਾਸਿਲ ਕਰਦਾ ਸੀ।
ਉਹ 1960ਵਿਆਂ ਦੌਰਾਨ ਮੁੱਖ ਸਕੱਤਰ ਵੀ ਰਹੇ ਹਨ।ਸਿਆਸਤ ਵਿੱਚ ਆਉਣ ਤੋਂ ਪਹਿਲਾਂ ਪਰਨੀਤ ਕੌਰ ਰੈਡ ਕਰੌਸ ਸੁਸਾਇਟੀ ਨਾਲ ਜੁੜੇ ਰਹੇ ਅਤੇ ਪਟਿਆਲ਼ਾ ਵਿੱਚ ਦਿਵਿਯਾਂਗ ਬੱਚਿਆ ਦੀ ‘ਸੰਜੀਵਨੀ’ ਨਾਮੀ ਸੰਸਥਾ ਬਣਾਉਣ ਵਿੱਚ ਸ਼ਾਮਲ ਰਹੇ।
ਭਰੂਣ ਹੱਤਿਆ ਖਿਲਾਫ ਸਟੇਟ ਕਮੇਟੀ ਦੇ ਚੇਅਰਪਰਸਨ ਵੀ ਰਹੇ ਹਨ।
ਹਰਸਿਮਰਤ ਕੌਰ ਬਾਦਲ

ਤਸਵੀਰ ਸਰੋਤ, Getty Images
ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੀ ਵਾਰ 2009 ਵਿੱਚ ਬਠਿੰਡਾ ਤੋਂ ਲੋਕ ਸਭਾ ਚੋਣ ਜਿੱਤੇ।
ਇਸ ਤੋਂ ਬਾਅਦ ਲਗਾਤਾਰ 2014 ਅਤੇ 2019 ਵਿੱਚ ਵੀ ਬਠਿੰਡਾ ਤੋਂ ਲੋਕ ਸਭਾ ਮੈਂਬਰ ਬਣੇ।
2014 ਤੋਂ ਮੋਦੀ ਸਰਕਾਰ ਵਿੱਚ ਉਹ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਵੀ ਰਹੇ।
2019 ਵਿੱਚ ਲੋਕ ਸਭਾ ਚੋਣ ਜਿੱਤਣ ਬਾਅਦ ਵੀ ਉਨ੍ਹਾਂ ਨੂੰ ਇਸੇ ਵਿਭਾਗ ਦੇ ਮੰਤਰੀ ਬਣਾਇਆ ਗਿਆ, ਪਰ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਮਸਲੇ ‘ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਾ ਦਹਾਕਿਆਂ ਪੁਰਾਣਿਆਂ ਗਠਜੋੜ ਟੁੱਟਿਆ ਤਾਂ ਹਰਸਮਿਰਤ ਕੌਰ ਬਾਦਲ ਨੇ ਵੀ 2020 ਵਿੱਚ ਕੇਂਦਰੀ ਮੰਤਰੀ ਵਜੋਂ ਅਸਤੀਫ਼ਾ ਦਿੱਤਾ।
ਉਹ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਪਤੀ ਹਨ।
ਹਰਸਮਿਰਤ ਕੌਰ ਬਾਦਲ ਦਾ ਪੇਕਾ ਪਰਿਵਾਰ ਅੰਮ੍ਰਿਤਸਰ ਦਾ ਨਾਮੀਂ ਮਜੀਠੀਆ ਖ਼ਾਨਦਾਨ ਹੈ।
ਹਰਸਿਮਰਤ ਦੇ ਪਿਤਾ ਸੱਤਿਆਜੀਤ ਸਿੰਘ ਮਜੀਠੀਆ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਗਵਰਨਿੰਗ ਕਾਊਂਸਲ ਦੇ ਪ੍ਰੈਜ਼ੀਡੈਂਟ ਹਨ। ਹਰਸਿਮਰਤ ਦੇ ਦਾਦਾ ਸੁਰਜੀਤ ਸਿੰਘ ਮਜੀਠੀਆ 1952-1967 ਦੌਰਾਨ ਤਰਨਤਾਰਨ ਤੋਂ ਲੋਕ ਸਭਾ ਮੈਂਬਰ ਰਹੇ।
ਲੋਕ ਸਭਾ ਵਿੱਚ ਔਰਤਾਂ ਦੀ ਘੱਟ ਨੁਮਾਇੰਦਗੀ ਦੇ ਕਾਰਨ ਕੀ ?
ਚੰਡੀਗੜ੍ਹ ਦੀ ਪੰਜਾਬ ਯੁਨੀਵਰਸਿਟੀ ਵਿੱਚ ਸੈਂਟਰ ਫਾਰ ਵੂਮਨ ਸਟੀਡਜ਼ ਐਂਡ ਡਵੈਲਪਮੈਂਟ ਦੀ ਮੁਖੀ ਪ੍ਰੋਫੈਸਰ ਮਨਵਿੰਦਰ ਕੌਰ ਕਹਿੰਦੇ ਹਨ ਕਿ ਔਰਤ ਦੇ ਲੀਡਰਸ਼ਿਪ ਭੂਮਿਕਾ ਚ ਅੱਗੇ ਵਧਣ ਵਿੱਚ ਪਿੱਤਰਸੱਤਾ ਇੱਕ ਵੱਡਾ ਰੋੜਾ ਬਣਦੀ ਹੈ।
ਦੇਸ਼ ਦੀ ਸਿਆਸਤ ਵਿੱਚ ਔਰਤਾਂ ਦੀ ਨੁਮਾਇੰਦਗੀ ਘੱਟ ਹੋਣ ਦੇ ਉਹ ਕਈ ਕਾਰਨ ਦੱਸਦੇ ਹਨ। ਉਹ ਕਹਿੰਦੇ ਹਨ ਕਿ ਸਿਆਸਤ ਵਿੱਚ ਆਉਣ ਲਈ ਪੈਸੇ ਦੀ ਵੀ ਲੋੜ ਹੁੰਦੀ ਹੈ, ਪਰ ਬਹੁਤ ਥੋੜ੍ਹੀਆਂ ਔਰਤਾਂ ਹੁੰਦੀਆਂ ਹਨ ਜਿਨ੍ਹਾਂ ਦੇ ਹੱਥ ਵਿੱਚ ਪੈਸਾ ਹੁੰਦਾ ਹੈ।
ਉਹ ਕਹਿੰਦੇ ਹਨ ਕਿ ਭਾਵੇਂ ਔਰਤਾਂ ਕਮਾਉਂਦੀਆਂ ਵੀ ਹੋਣ, ਪਰ ਪੈਸੇ ‘ਤੇ ਉਨ੍ਹਾਂ ਦਾ ਨਿਯੰਰਤਰਨ ਨਹੀਂ ਹੁੰਦਾ।
ਦੂਜਾ ਕਾਰਨ ਉਹ ਦੱਸਦੇ ਹਨ ਕਿ ਸਮਾਜ ਵਿੱਚ ਔਰਤਾਂ ਤੇ ਮਰਦਾਂ ਲਈ ਵੱਖਰੀ ਭੂਮਿਕਾ ਪ੍ਰਚਲਿਤ ਹੈ, ਜਿਸ ਮੁਤਾਬਕ ਬੱਚਿਆਂ ਤੇ ਪਰਿਵਾਰ ਦੀ ਦੇਖਭਾਲ ਔਰਤ ਦੀ ਮੁੱਖ ਜ਼ਿੰਮੇਵਾਰੀ ਮੰਨੀ ਜਾਂਦੀ ਹੈ।

ਤਸਵੀਰ ਸਰੋਤ, getty images
ਸਿਆਸਤ ਜਿਹੇ ਕਿੱਤੇ ਵਿੱਚ ਜਿੱਥੇ ਤੁਹਾਨੂੰ ਹਰ ਵੇਲੇ ਲੋਕਾਂ ਵਿੱਚ ਵਿਚਰਨ ਲਈ ਤਿਆਰ ਰਹਿਣਾ ਪੈਂਦਾ ਹੈ, ਬਹੁਤੀਆਂ ਔਰਤਾਂ ਲਈ ਪਰਿਵਾਰਕ ਪੱਖੋਂ ਇਹ ਸੰਭਵ ਨਹੀਂ ਹੁੰਦਾ ਕਿ ਘਰੋਂ ਬਾਹਰ ਇੰਨਾਂ ਸਮਾਂ ਦੇ ਸਕਣ।
ਤੀਜਾ ਕਾਰਨ ਉਹ ਦੱਸਦੇ ਹਨ, "ਸਾਡੇ ਸਮਾਜ ਵਿੱਚ ਸਿਆਸਤ ਔਰਤਾਂ ਲਈ ਅਨੁਕੂਲ ਨਹੀਂ ਮੰਨੀ ਜਾਂਦੀ, ਬਹੁਤ ਸਾਰੇ ਲੋਕ ਸਿਆਸਤ ਨੂੰ ਉਨ੍ਹਾਂ ਦੇ ਘਰ ਦੀਆਂ ਔਰਤਾਂ ਲਈ ਗੰਦਾ ਖੇਡ ਸਮਝਦੇ ਹਨ, ਅਤੇ ਔਰਤਾਂ ਨੂੰ ਮਰਦਾਂ ਦੀ ਤਰ੍ਹਾਂ ਸਿਆਸਤ ਵਿੱਚ ਆਉਣ ਦੀ ਇਜਾਜ਼ਤ ਨਹੀਂ ਮਿਲਦੀ।"
ਇਸੇ ਵਿਭਾਗ ਵਿੱਚ ਪ੍ਰੋਫੈਸਰ ਅਮੀਰ ਸੁਲਤਾਨਾ ਕਹਿੰਦੇ ਹਨ ਕਿ ਪੰਜਾਬ ਤੋਂ ਕੁਝ ਮਹਿਲਾਵਾਂ ਸਿਰਫ਼ ਇੱਕ-ਇੱਕ ਵਾਰ ਹੀ ਸਾਂਸਦ ਬਣੀਆਂ ਹਨ, ਜਿਵੇਂ ਕਿ ਉਹ ਔਰਤਾਂ ਜਿਨ੍ਹਾਂ ਨੂੰ ਅੱਤਵਾਦ ਦੌਰਾਨ ਉਨ੍ਹਾਂ ਦੇ ਪਤੀ ਜਾਂ ਹੋਰ ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਸੀ।
ਸੁਲਤਾਨਾ ਕਹਿੰਦੇ ਹਨ ਕਿ ਉਹ ਮਹਿਲਾਵਾਂ ਉਸ ਤੋਂ ਬਾਅਦ ਆਪਣੀ ਸਿਆਸੀ ਪਾਰੀ ਜਾਰੀ ਨਹੀਂ ਰੱਖ ਸਕੀਆਂ। ਜਿਹੜੀਆਂ ਮਹਿਲਾ ਸਿਆਸਤਦਾਨ ਇੱਕ ਵਾਰ ਤੋਂ ਵੱਧ ਲੋਕ ਸਭਾ ਪਹੁੰਚੀਆਂ, ਉਨ੍ਹਾਂ ਵਿੱਚ ਵਧੇਰੇ ਪ੍ਰਭਾਵਸ਼ਾਲੀ ਸਿਆਸੀ ਪਰਿਵਾਰਾਂ ਦੀਆਂ ਔਰਤਾਂ ਹੀ ਰਹੀਆਂ ਹਨ।
ਸੁਲਤਾਨਾ ਕਹਿੰਦੇ ਹਨ ਕਿ ਉਨ੍ਹਾਂ ਨੇ ਇਹ ਵੀ ਦੇਖਿਆ ਹੈ ਕਿ ਜੇ ਮਿਉਂਸੀਪਲ ਚੋਣਾਂ ਵਿੱਚ ਕਈ ਔਰਤਾਂ ਰਾਖਵੀਂ ਸੀਟ ਤੋਂ ਜਿੱਤੀਆਂ, ਤਾਂ ਆਪਣੇ ਪ੍ਰਭਾਵਸ਼ਾਲੀ ਕੰਮ ਸਦਕਾ ਉਹ ਅਗਲੀ ਵਾਰ ਸੀਟ ਔਰਤਾਂ ਲਈ ਰਾਖਵੀਂ ਨਾ ਹੋਣ ਦੇ ਬਾਵਜੂਦ ਵੀ ਚੋਣ ਲੜੀਆਂ ਅਤੇ ਜਿੱਤੀਆਂ।
ਸੁਲਤਾਨਾ ਕਹਿੰਦੇ ਹਨ, “ਪਰ ਉਹ ਇੱਥੋਂ ਤੱਕ ਹੀ ਸੀਮਤ ਰਹਿ ਜਾਂਦੀਆਂ ਹਨ, ਸੂਬੇ ਦੀ ਸਿਆਸਤ ਜਾਂ ਕੌਮੀ ਸਿਆਸਤ ਤੱਕ ਪਹੁੰਚਣਾ ਉਨ੍ਹਾਂ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ।”
ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਅਤੇ ਸਿਆਸੀ ਮਾਹਿਰ ਪ੍ਰੋਫੈਸਰ ਮੁੰਹਮਦ ਖਾਲਿਦ ਕਹਿੰਦੇ ਹਨ ਪੰਜਾਬ ਤੋਂ ਹੁਣ ਤੱਕ ਲੋਕ ਸਭਾ ਪਹੁੰਚੀਆਂ ਜ਼ਿਆਦਾਤਰ ਮਹਿਲਾਵਾਂ ਜ਼ਮੀਨੀ ਪੱਧਰ ਦੀ ਸਿਆਸਤ ਤੋਂ ਉੱਠ ਕੇ ਨਾ ਆਈਆਂ ਹੋਣ ਕਾਰਨ, ਉਨ੍ਹਾਂ ਦਾ ਸੰਸਦ ਵਿੱਚ ਯੋਗਦਾਨ ਵੀ ਜ਼ਿਆਦਾ ਨਹੀਂ ਹੈ।

ਤਸਵੀਰ ਸਰੋਤ, Getty images
ਦੋਹਾਂ ਦਾ ਹੀ ਮੰਨਣਾ ਸੀ ਕਿ ਅਜਿਹਾ ਨਹੀਂ ਦਿਸਦਾ ਕਿ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਪੰਜਾਬ ਦੀਆਂ ਬਾਕੀ ਮਹਿਲਾ ਸਾਂਸਦਾਂ ਨੇ ਲੋਕ ਸਭਾ ਵਿੱਚ ਉਸ ਤਰ੍ਹਾਂ ਪੰਜਾਬ ਦੇ ਮਸਲਿਆਂ ਬਾਰੇ ਗੱਲ ਕੀਤੀ ਹੋਵੇ।
ਮਨਵਿੰਦਰ ਕੌਰ ਕਹਿੰਦੇ ਹਨ ਕਿ ਵੱਡੇ ਸਿਆਸੀ ਪਰਿਵਾਰਾਂ ਵਿੱਚੋਂ ਸਿਆਸੀ ਮੌਕੇ ਹਾਸਿਲ ਕਰਨ ਵਾਲੇ ਆਦਮੀਆਂ ਦੇ ਮੁਕਾਬਲੇ ਮਹਿਲਾਵਾਂ ਨੂੰ ਪਰਿਵਾਰਵਾਦ ਦੇ ਮਸਲੇ ਤੇ ਵੱਧ ਨਿਸ਼ਾਨੇ 'ਤੇ ਲਿਆ ਜਾਂਦਾ ਹੈ।
ਆਮ ਔਰਤਾਂ ਬਾਰੇ ਵੀ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਿਆਸਤ ਵਿੱਚ ਆਉਣ ਅਤੇ ਸਿਖਲਾਈ ਦੇ ਮੌਕੇ ਮਿਲਣੇ ਚਾਹੀਦੇ ਹਨ ਤਾਂ ਕਿ ਪ੍ਰਭਾਵਸ਼ਾਲੀ ਕੰਮ ਕਰ ਸਕਣ।
ਸੁਲਤਾਨਾ ਕਹਿੰਦੇ ਹਨ ਜੇ ਰਾਖਵਾਂਕਰਨ ਬਾਅਦ ਔਰਤਾਂ ਸੂਬਿਆਂ ਜਾਂ ਦੇਸ਼ ਦੀ ਸਿਆਸਤ ਵਿੱਚ ਆਉਣ ਵੀ, ਤਾਂ ਜ਼ਰੂਰੀ ਨਹੀਂ ਕਿ ਉਹ ਅਸਲ ਵਿੱਚ ਸਮਾਜਿਕ ਜਾਂ ਔਰਤਾਂ ਦੇ ਮਸਲਿਆਂ ਲਈ ਗੰਭੀਰ ਹੋਣਗੀਆਂ।
ਉਨ੍ਹਾਂ ਮੁਤਾਬਕ ਟਰੇਨਿੰਗ ਤੋਂ ਬਿਨ੍ਹਾਂ ਰਾਖਵਾਂਕਰਨ ਵੀ ਪ੍ਰਭਾਵਸ਼ਾਲੀ ਨਹੀਂ ਰਹੇਗੀ।ਉਹ ਕਹਿੰਦੇ ਹਨ, ਮੇਰੇ ਮੁਤਾਬਕ ਸਿਆਸੀ ਪਾਰਟੀਆਂ ਨੂੰ ਹੀ ਆਪਣੇ ਕਾਡਰ ਵਿੱਚੋਂ ਚੁਣ ਕੇ ਮਹਿਲਾਵਾਂ ਨੂੰ ਟਰੇਨ ਕਰਨਾ ਚਾਹੀਦਾ ਹੈ।
ਸੁਲਤਾਨਾ ਕਹਿੰਦੇ ਹਨ ਕਿ ਹੁਣ ਚੋਣਾਂ ਵੀ ਅਸਲ ਮੁੱਦਿਆਂ ‘ਤੇ ਨਹੀਂ ਹੋ ਰਿਹਾ, ਜਦੋਂ ਤੱਕ ਚੋਣ ਪ੍ਰਕਿਰਿਆ ਵਿੱਚੋਂ ਮਨੀ ਅਤੇ ਮੱਸਲ ਪਾਵਰ ਨੂੰ ਨਹੀਂ ਰੋਕਾਂਗੇ, ਮੈਨੂੰ ਨਹੀਂ ਲਗਦਾ ਔਰਤਾਂ ਬਹੁਤ ਅੱਗੇ ਨਿਕਲ ਸਕਣਗੀਆਂ।
ਅਮੀਰ ਸੁਲਤਾਨਾ ਕਹਿੰਦੇ ਹਨ ਕਿ ਜਿਹੜੀਆਂ ਔਰਤਾਂ ਜ਼ਮੀਨੀ ਪੱਧਰ ਦੀ ਸਿਆਸਤ ਤੋਂ ਉੱਪਰ ਉੱਠ ਕੇ ਆਉਣਗੀਆਂ, ਉਨ੍ਹਾਂ ਨੂੰ ਮਸਲਿਆਂ ਦੀ ਬਿਹਤਰ ਸਮਝ ਹੋਏਗੀ ਅਤੇ ਆਪਣੇ ਹਲਕੇ ਤੇ ਦੇਸ਼ ਲਈ ਬਿਹਤਰ ਕੰਮ ਕਰ ਸਕਣਗੀਆਂ।
ਮਨਵਿੰਦਰ ਕੌਰ ਕਹਿੰਦੇ ਹਨ ਬਹੁਤ ਸਾਰੀਆਂ ਔਰਤਾਂ ਪੰਜਾਬ ਵਿਚ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੀਆਂ ਹਨ, ਜੋ ਸਿਆਸੀ ਪਰਿਵਾਰਾਂ ਤੋਂ ਨਹੀਂ ਹਨ। ਉਨ੍ਹਾਂ ਨੂੰ ਟਿਕਟ ਮਿਲਣੀ ਔਖੀ ਹੋ ਸਕਦੀ ਹੈ, ਪਰ ਅਜਿਹੀਆਂ ਔਰਤਾਂ ਨੂੰ ਅੱਗੇ ਲਿਆਇਆ ਜਾਣਾ ਚਾਹੀਦਾ ਹੈ।
ਮਨਵਿੰਦਰ ਕੌਰ ਕਹਿੰਦੇ ਹਨ ਕਿ ਜੇ ਜ਼ਿਆਦਾ ਔਰਤਾਂ ਸਿਆਸਤ ਵਿੱਚ ਆਉਣਗੀਆਂ, ਤਾਂ ਆਪਣੀ ਪਾਰਟੀ ਦੇ ਅੰਦਰ ਵੀ ਅਤੇ ਸੰਸਦ ਜਾਂ ਵਿਧਾਨ ਸਭਾਵਾਂ ਵਿੱਚ ਵੀ ਆਪਣਾ ਦਬਦਬਾ ਬਣਾ ਸਕਦੀਆਂ ਹਨ ਅਤੇ ਔਰਤਾਂ ਦੇ ਮਸਲਿਆਂ ਤੇ ਬਿਹਤਰ ਕੰਮ ਕਰ ਸਕਦੀਆਂ ਹਨ।
ਉਹ ਕਹਿੰਦੇ ਹਨ ਕਿ ਔਰਤਾਂ ਦੀ ਬਰਾਬਰ ਸ਼ਮੂਲੀਅਤ ਇਸ ਵੇਲੇ ਪੂਰੀ ਦੁਨੀਆ ਦੀ ਲੋੜ ਹੈ, ਕਿਉਂਕਿ ਵਿਸ਼ਵ ਬੈਂਕ ਅਤੇ ਯੂਐਨ ਦੀਆਂ ਰਿਪੋਰਟਾਂ ਕਹਿੰਦੀਆਂ ਹਨ ਕਿ ਲਿੰਗ ਬਰਾਬਰਤਾ ਤੋਂ ਬਿਨ੍ਹਾਂ ਟਿਕਾਊ ਵਿਕਾਸ ਨਹੀਂ ਹੋ ਸਕਦਾ।
ਉਹ ਕਹਿੰਦੇ ਹਨ ਕਿ ਔਰਤ-ਮਰਦ ਦੀ ਬਰਾਬਰੀ ਲਿਆਉਣਾ ਇਸ ਵੇਲੇ ਕੋਈ ਵਿਕਲਪ ਨਹੀਂ, ਬਲਕਿ ਲਾਜ਼ਮ ਹੈ।












