ਮੋਟਾਪਾ ਘਟਾਉਣ ਦਾ ਦਾਅਵਾ ਕਰਦੀਆਂ ਇਹ ਦਵਾਈਆਂ ਕੀ ਇਸ ਤੋਂ ਨਿਜਾਤ ਦੁਆ ਸਕਦੀਆਂ ਹਨ

ਮੋਟਾਪਾ

ਤਸਵੀਰ ਸਰੋਤ, Getty Images

ਜੂਨ 2023 ’ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਦੇਸ਼ ’ਚ ਮੋਟਾਪੇ ਦੀ ਸਮੱਸਿਆ ਦਾ ਹੱਲ ਕੱਢਣ ਲਈ ਇੱਕ ਸ਼ੁਰੂਆਤੀ ਯੋਜਨਾ ਭਾਵ ਪਾਇਲਟ ਪ੍ਰੋਜੈਕਟ ਦਾ ਐਲਾਨ ਕੀਤਾ। ਇਸ ਯੋਜਨਾ ’ਤੇ 4 ਕਰੋੜ ਪੌਂਡ ਦਾ ਖਰਚਾ ਹੋਵੇਗਾ।

ਉਨ੍ਹਾਂ ਕਿਹਾ ਹੈ ਕਿ ਦੇਸ਼ ਦੇ ਲੋਕਾਂ ’ਚ ਓਬੇਸਿਟੀ ਭਾਵ ਮੋਟਾਪਾ ਘਟਾਉਣ ਲਈ ਨਵੀਨਤਮ ਦਵਾਈਆਂ ਦੀ ਵਰਤੋਂ ਨਾਲ ਵੱਡੀ ਸਫਲਤਾ ਹੱਥ ਲੱਗ ਸਕਦੀ ਹੈ।

ਇਨ੍ਹਾਂ ’ਚੋਂ ਇੱਕ ਦਵਾਈ ਦੀ ਮੰਗ ਤਾਂ ਅੰਤਰਰਾਸ਼ਟਰੀ ਬਜ਼ਾਰ ’ਚ ਹੁਣ ਤੋਂ ਹੀ ਅਸਮਾਨ ਛੂਹ ਰਹੀ ਹੈ।

ਸੋਸ਼ਲ ਮੀਡੀਆ ’ਤੇ ਵੀ ਅਟਕਲਾਂ ਦਾ ਬਾਜ਼ਾਰ ਗਰਮ ਹੈ ਕਿ ਹਾਲੀਵੁੱਡ ਦੇ ਕਿਹੜੇ ਸਿਤਾਰੇ ਇਸ ਦਵਾਈ ਦੀ ਵਰਤੋਂ ਕਰਕੇ ਆਪਣਾ ਮੋਟਾਪਾ ਘਟਾ ਰਹੇ ਹਨ? ਪਰ ਇਹ ਹਰ ਕਿਸੇ ਲਈ ਨਹੀਂ ਹੈ।

ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਦਵਾਈਆਂ ਦੀ ਵਰਤੋਂ ਕਰਕੇ ਮੋਟਾਪੇ ਤੋਂ ਨਿਜਾਤ ਪਾਈ ਜਾ ਸਕਦੀ ਹੈ?

ਮੋਟਾਪਾ ਇੱਕ ਆਲਮੀ ਸਮੱਸਿਆ

ਮੋਟਾਪਾ

ਤਸਵੀਰ ਸਰੋਤ, Getty Images

ਡਾ. ਦਿਸ਼ਾ ਨਾਰੰਗ ਅਮਰੀਕਾ ਦੇ ਇਲੀਨਾਏ ਸੂਬੇ ਦੇ ਨਾਰਥ ਵੈਸਟਰਨ ਵੇਕੋਰੈਸਟ ਹਸਪਤਾਲ ਦੇ ਓਬੇਸਿਟੀ ਮੈਡੀਸਨ ਵਿਭਾਗ ਦੀ ਡਾਇਰੈਕਟਰ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਭਾਰ ਘਟਾਉਣ ਦੇ ਲਈ ਓਜ਼ੈਂਪਿਕ ਨਾਮ ਦੀ ਦਵਾਈ ਦੀ ਵਰਤੋਂ ਧੜਾਧੜ ਹੋ ਰਹੀ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਇਹ ਦਵਾਈ ਮੁੱਖ ਤੌਰ ’ਤੇ ਸ਼ੂਗਰ ਦੇ ਇਲਾਜ ਲਈ ਬਣਾਈ ਗਈ ਸੀ। ਇਹ ਜੀਐਲਪੀ1 ਐਗੋਨਿਸਟ ਦੀ ਸ਼੍ਰੇਣੀ ’ਚ ਆਉਂਦੀ ਹੈ।

ਜੀਐਲਪੀ1 ਸਾਡੇ ਸਰੀਰ ’ਚ ਪਾਇਆ ਜਾਣ ਵਾਲਾ ਇੱਕ ਹਾਰਮੋਨ ਹੁੰਦਾ ਹੈ। ਇਸ ਦਵਾਈ ਦੀ ਵਰਤੋਂ ਨਾਲ ਇਹ ਹਾਰਮੋਨ ਬਿਹਤਰ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।

ਇਸ ਦੀ ਮਦਦ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਪਰ ਇਹ ਹੋਰ ਕੰਮ ਵੀ ਕਰਦਾ ਹੈ।

ਡਾ. ਨਾਰੰਗ ਦਾ ਕਹਿਣਾ ਹੈ, “ਓਜ਼ੈਂਪਿਕ ਪਿਛਲੇ 1-2 ਸਾਲਾਂ ’ਚ ਲੋਕਾ ਦੀ ਪਸੰਦ ਬਣ ਗਈ ਹੈ, ਕਿਉਂਕਿ ਇਸਦੀ ਮਦਦ ਨਾਲ ਭਾਰ ਘੱਟ ਕਰਨ ’ਚ ਵੀ ਮਦਦ ਮਿਲਦੀ ਹੈ। ਇਹ ਟਾਈਪ 2 ਸ਼ੂਗਰ ਨੂੰ ਕੰਟਰੋਲ ਕਰਦੀ ਹੈ ਅਤੇ ਨਾਲ ਹੀ ਉਸ ਹਾਰਮੋਨ ਨੂੰ ਵੀ ਜਿਸ ਦੇ ਕਾਰਨ ਸਾਨੂੰ ਭੁੱਖ ਲੱਗਦੀ ਹੈ।''

''ਇਸਦੀ ਵਰਤੋਂ ਨਾਲ ਜਿੱਥੇ ਮਰੀਜ਼ਾਂ ਦਾ ਸ਼ੂਗਰ ਪੱਧਰ ਘੱਟਦਾ ਹੈ, ਉੱਥੇ ਹੀ ਵਾਰ-ਵਾਰ ਕੁਝ ਨਾ ਕੁਝ ਖਾਣ ਦੀ ਇੱਛਾ ਵੀ ਘੱਟ ਜਾਂਦੀ ਹੈ।”

ਬ੍ਰਿਟੇਨ ’ਚ ਮੋਟਾਪਾ ਘਟਾਉਣ ਲਈ ਜਿਸ ਪਾਇਲਟ ਯੋਜਨਾ ਦਾ ਐਲਾਨ ਕੀਤਾ ਗਿਆ ਹੈ, ਉਸ ’ਚ ਵੀਗੋਵੀ ਅਤੇ ਓਜ਼ੈਂਪਿਕ ਦੀ ਵਰਤੋਂ ਕੀਤੀ ਜਾਵੇਗੀ।

ਡਾ. ਨਾਰੰਗ ਦਾ ਕਹਿਣਾ ਹੈ ਕਿ ਇਹ ਦੋਵੇਂ ਦਵਾਈਆਂ ਸੇਮਾਗਲੂਟਾਈਡ ਹੀ ਹਨ, ਜਿਨ੍ਹਾਂ ਦੀ ਵਰਤੋਂ ਟਾਈਪ 2 ਸ਼ੂਗਰ ਦੇ ਇਲਾਜ ਲਈ ਕੀਤੀ ਜਾਂਦੀ ਹੈ।

ਇਹ ਦੋਵੇਂ ਦਵਾਈਆਂ ਇੱਕੋ ਜਿਹੇ ਤਰੀਕੇ ਨਾਲ ਕੰਮ ਕਰਦੀਆਂ ਹਨ। ਸੇਮਾਗਲੂਟਾਈਡ ਨਾਲ ਇਲਾਜ ਕਰਨ ਤੋਂ ਬਾਅਦ ਭਾਰ ਦੇ ਮੁੜ ਵਧਣ ਨੂੰ ਵੀ ਰੋਕਿਆ ਜਾ ਸਕਦਾ ਹੈ।

ਲਾਈਨ

ਇਹ ਵੀ ਪੜ੍ਹੋ:

ਲਾਈਨ

ਅਮਰੀਕਾ ਨੇ ਦਿੱਤੀ ਇਸ ਦਵਾਈ ਨੂੰ ਹਰੀ ਝੰਡੀ

ਮੋਟਾਪਾ

ਹਾਲਾਂਕਿ ਡਾ. ਨਾਰੰਗ ਚੇਤਾਵਨੀ ਦਿੰਦੇ ਹਨ, “ਇਹ ਕੋਈ ਅਜਿਹਾ ਇਲਾਜ ਨਹੀਂ ਹੈ ਜਿਸ ’ਚ ਤੁਹਾਡਾ ਭਾਰ ਤੁਰੰਤ ਹੀ 4-5 ਕਿੱਲੋ ਘੱਟ ਜਾਵੇਗਾ। ਕਈ ਲੋਕ ਲੰਮੇ ਸਮੇਂ ਤੱਕ ਆਪਣਾ ਭਾਰ ਘੱਟ ਕਰਨ ਲਈ ਸੰਘਰਸ਼ ਕਰਦੇ ਰਹਿੰਦੇ ਹਨ। ਕਈ ਵਾਰ ਜੇਕਰ ਭਾਰ ਘੱਟ ਵੀ ਜਾਵੇ ਤਾਂ ਕੁਝ ਸਮੇਂ ਬਾਅਦ ਭਾਰ ਮੁੜ ਵੱਧ ਜਾਂਦਾ ਹੈ।”

ਅਮਰੀਕਾ ’ਚ ਡਰੱਗ ਅਤੇ ਫੂਡ ਕੰਟਰੋਲ ਸਬੰਧੀ ਸੰਸਥਾ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਜੂਨ 2021 ’ਚ ਵਿਗੋਵੀ ਨੂੰ ਮੋਟਾਪੇ ਦੇ ਇਲਾਜ ਲਈ ਮਨਜ਼ੂਰੀ ਦੇ ਦਿੱਤੀ ਸੀ।

ਡਾ. ਨਾਰੰਗ ਦਾ ਕਹਿਣਾ ਹੈ ਕਿ ਓਬੇਸਿਟੀ ਦੀ ਸਮੱਸਿਆ ਦੁਨੀਆ ਭਰ ’ਚ ਹੈ। 2030 ਤੱਕ ਅਮਰੀਕਾ ’ਚ ਲਗਭਗ 13 ਕਰੋੜ ਲੋਕ ‘ਓਬੀਸ’ ਸ਼੍ਰੇਣੀ ’ਚ ਆ ਜਾਣਗੇ। ਇਹ ਸਿਰਫ਼ ਤੰਦਰੁਸਤ ਵਿਖਣ ਦੀ ਇੱਛਾ ਨਹੀਂ ਹੈ ਬਲਕਿ ਇੱਕ ਨਿਊਰੋ-ਹਾਰਮੋਨਲ ਬਿਮਾਰੀ ਹੈ।

ਕਿਸੇ ਹੋਰ ਬਿਮਾਰੀ ਦੀ ਤਰ੍ਹਾਂ ਇਸ ਦੇ ਇਲਾਜ ਲਈ ਵੀ ਲੰਮੇ ਸਮੇਂ ਤੱਕ ਦਵਾਈ ਲੈਣ ਦੀ ਜ਼ਰੂਰਤ ਹੁੰਦੀ ਹੈ। ਅਮਰੀਕਾ ’ਚ ਇਸ ਦਵਾਈ ਨੂੰ ਹਾਸਲ ਕਰਨ ਲਈ ਕੁਝ ਮਾਪਦੰਡ ਤੈਅ ਕੀਤੇ ਗਏ ਹਨ।

ਇਹ ਦਵਾਈ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਦਾ ਬਾਡੀ ਮਾਸ ਇੰਡੈਕਸ (ਬੀਐਮਆਈ) ਘੱਟ ਤੋਂ ਘੱਟ 27 ਹੋਵੇ ਅਤੇ ਨਾਲ ਹੀ ਮੋਟਾਪੇ ਦੇ ਕਾਰਨ ਹੋਣ ਵਾਲੀ ਕੋਈ ਬਿਮਾਰੀ ਵੀ ਹੋਵੇ।

ਮਿਸਾਲ ਦੇ ਤੌਰ ’ਤੇ ਮਰੀਜ਼ ਨੂੰ ਸ਼ੂਗਰ, ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋਵੇ ਜਾਂ ਫਿਰ ਮਰੀਜ਼ ਨੂੰ ਕੋਈ ਬਿਮਾਰੀ ਨਾ ਹੋਵੇ, ਪਰ ਉਸ ਦਾ ਬੀਐਮਆਈ ਇੰਡੈਕਸ 30 ਤੋਂ ਵੱਧ ਹੈ ਤਾਂ ਉਸ ਨੂੰ ਇਹ ਦਵਾਈ ਦਿੱਤੀ ਜਾਵੇਗੀ।

ਇਸ ਸਭ ਦੇ ਬਾਵਜੂਦ ਕਈ ਮਰੀਜ਼ ਇਸ ਦਵਾਈ ਨੂੰ ਹਾਸਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਇਸ ਦੀ ਕੀਮਤ ਬਹੁਤ ਵਧੇਰੇ ਹੈ।

ਦਵਾਈ ਦੀ ਕੀਮਤ ਅਤੇ ਖੁਰਾਕ

ਮੋਟਾਪਾ

ਤਸਵੀਰ ਸਰੋਤ, Getty Images

ਮਰੀਜ਼ ਨੂੰ ਹਰ ਹਫ਼ਤੇ ਇਸ ਦਵਾਈ ਦਾ ਇੱਕ ਟੀਕਾ ਲਗਾਉਣਾ ਪੈਂਦਾ ਹੈ।

ਡਾ. ਦਿਸ਼ਾ ਨਾਰੰਗ ਦਾ ਕਹਿਣਾ ਹੈ ਕਿ ਕਈ ਬੀਮਾ ਕੰਪਨੀਆਂ ਆਪਣੇ ਪਲਾਨ ’ਚ ਇਸ ਨੂੰ ਸ਼ਾਮਲ ਨਹੀਂ ਕਰਦੀਆਂ ਹਨ। ਇੱਕ ਮਹੀਨੇ ਦਾ ਇਲਾਜ ਭਾਵ ਇਸ ਦਵਾਈ ਦੇ 4 ਟੀਕਿਆਂ ਦੀ ਕੀਮਤ 1300 ਡਾਲਰ ਹੈ। ਦੂਜੀ ਸਮੱਸਿਆ ਇਸ ਦੀ ਉਪਲਬਧਤਾ ਦੀ ਵੀ ਹੈ।

ਡਾ. ਨਾਰੰਗ ਨੇ ਅੱਗੇ ਦੱਸਿਆ ਕਿ ਪਿਛਲੇ ਇੱਕ ਦੋ ਸਾਲਾਂ ’ਚ ਇਸ ਦਵਾਈ ਦੀ ਮੰਗ ਬਹੁਤ ਵੱਧ ਗਈ ਹੈ ਅਤੇ ਇਸ ਦਾ ਇੱਕ ਕਾਰਨ ਸੋਸ਼ਲ ਮੀਡੀਆ ’ਤੇ ਇਸ ਬਾਰੇ ਚਰਚਾ ਦਾ ਹੋਣਾ ਹੈ। ਇਸ ਦਵਾਈ ਦੀ ਮੰਗ ਜ਼ਿਆਦਾ ਹੈ ਅਤੇ ਸਪਲਾਈ ਬਹੁਤ ਘੱਟ ਹੈ।

ਸੋਸ਼ਲ ਮੀਡੀਆ ’ਤੇ ਲੋਕ ਅਟਕਲਾਂ ਲਗਾ ਰਹੇ ਹਨ ਕਿ ਕਿਹੜੇ ਸੈਲੀਬ੍ਰਿਟੀ ਨੇ ਇਸ ਦਵਾਈ ਦੀ ਵਰਤੋਂ ਨਾਲ ਆਪਣਾ ਭਾਰ ਘਟਾਇਆ ਹੋਵੇਗਾ? ਹਾਲੀਵੁੱਡ ਦੇ ਕਿਹੜੇ- ਕਿਹੜੇ ਸਿਤਾਰੇ ਇਸ ਦਵਾਈ ਦੀ ਵਰਤੋਂ ਕਰ ਰਹੇ ਹੋਣਗੇ?

ਟਿਕਟਾਕ ’ਤੇ ਹੈਸ਼ਟੈਗ ਓਜ਼ੈਂਪਿਕ ਨੂੰ ਇੱਕ ਅਰਬ ਤੋਂ ਵੀ ਵੱਧ ਵਾਰ ਵੇਖਿਆ ਗਿਆ ਹੈ ਜਦਕਿ ਹੈਸ਼ਟੈਗ ਵੀਗੋਵੀ ਨੂੰ 50 ਕਰੋੜ ਤੋਂ ਵੱਧ ਵਾਰ ਵੇਖਿਆ ਗਿਆ ਹੈ।

ਡਾ. ਨਾਰੰਗ ਦਾ ਕਹਿਣਾ ਹੈ ਕਿ ਦਵਾਈ ਦੀ ਘਾਟ ਦੇ ਕਾਰਨ ਸ਼ੂਗਰ ਅਤੇ ਮੋਟਾਪੇ ਨਾਲ ਜੂਝ ਰਹੇ ਮਰੀਜ਼ਾਂ ਨੂੰ ਸਮੇਂ ਸਿਰ ਦਵਾਈ ਮਿਲਣ ’ਚ ਦਿੱਕਤ ਹੋ ਰਹੀ ਹੈ।

ਕਿਵੇਂ ਪੈਦਾ ਹੁੰਦੀ ਹੈ ਦਵਾਈਆਂ ਦੀ ਸਪਲਾਈ ਦੀ ਕਮੀ

ਮੋਟਾਪਾ

ਤਸਵੀਰ ਸਰੋਤ, Getty Images

ਯੂਰਪ ਦੀ ਦਵਾਈਆਂ ਬਣਾਉਣ ਵਾਲੀ ਕੰਪਨੀਆਂ ਦੀ ਐਸੋਸੀਏਸ਼ਨ ਮੈਡੀਸਨਜ਼ ਫਾਰ ਯੂਰਪ ਦੇ ਡਾਇਰੈਕਟਰ ਜਨਰਲ ਐਡਰੀਅਨ ਵੈਨ ਹੋਵੇਨ ਦਾ ਕਹਿਣਾ ਹੈ ਕਿ ਫਾਰਮਾਸਿਊਟੀਕਲ ਕੰਪਨੀਆਂ ਮੰਗ ਦੇ ਆਧਾਰ ’ਤੇ ਉਤਪਾਦਨ ਦੀ ਮਾਤਰਾ ਨਿਰਧਾਰਤ ਕਰਦੀਆਂ ਹਨ।

ਕਈ ਵਾਰ ਇਹ ਅੰਦਾਜ਼ਾ ਗਲਤ ਵੀ ਹੋ ਜਾਂਦਾ ਹੈ ਅਤੇ ਦਵਾਈਆਂ ਦੀ ਘਾਟ ਹੋ ਜਾਂਦੀ ਹੈ।

ਹੋਵੇਨ ਨੇ ਅੱਗੇ ਦੱਸਿਆ ਕਿ ਜ਼ਿਆਦਾਤਰ ਦਵਾਈਆਂ ਦੇ ਨਿਰਮਾਣ ’ਚ ਕੋਈ ਕੰਪਨੀ ਇੱਕ ਨਵਾਂ ਰਸਾਇਣਕ ਜਾਂ ਜੈਵਿਕ ਪਦਾਰਥ ਬਣਾਉਂਦੀ ਹੈ ਅਤੇ ਜਾਂਚ ਕਰਕੇ ਪੱਕਾ ਕਰਦੀ ਹੈ ਕਿ ਉਹ ਕਿਸੇ ਬਿਮਾਰੀ ਦੀ ਰੋਕਥਾਮ ’ਚ ਕਾਰਗਰ ਹੈ ਜਾਂ ਨਹੀਂ।

ਜੇਕਰ ਉਹ ਪਦਾਰਥ ਅਸਰਦਾਰ ਸਾਬਤ ਹੁੰਦਾ ਹੈ ਤਾਂ ਉਸ ਦੀ ਵਰਤੋਂ ਕਰਕੇ ਇੱਕ ਦਵਾਈ ਬਣਾਈ ਜਾਂਦੀ ਹੈ ਅਤੇ ਫਿਰ ਉਸ ਦੀ ਜਾਂਚ ਕੀਤੀ ਜਾਂਦੀ ਹੈ।

ਜਾਂਚ ਤੋਂ ਬਾਅਦ ਉਸ ਦਵਾਈ ਦੀ ਵਰਤੋਂ ਦੀ ਮਨਜ਼ੂਰੀ ਲਈ ਅਮਰੀਕੀ ਡਰੱਗ ਏਜੰਸੀ ਯੂਐਸ- ਐਫ਼ਡੀਏ ਅਤੇ ਯੂਰਪੀਅਨਜ਼ ਮੈਡੀਸਨ ਏਜੰਸੀ ਕੋਲ ਭੇਜਿਆ ਜਾਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ, “ਮਨਜ਼ੂਰੀ ਮਿਲਣ ਤੋਂ ਬਾਅਦ ਉਸ ਦਵਾਈ ਦੇ ਪੇਟੈਂਟ ’ਤੇ ਕੰਪਨੀ ਨੂੰ ਲਗਭਗ 20 ਸਾਲਾਂ ਲਈ ਨਿਰਮਾਣ ਦਾ ਏਕਾਧਿਕਾਰ ਮਿਲ ਜਾਂਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਦਵਾਈਆਂ ਨੂੰ ਤੁਲਨਾਤਮਕ ਤੌਰ ’ਤੇ ਉੱਚ ਕੀਮਤਾਂ ’ਤੇ ਵੇਚਿਆ ਜਾ ਸਕਦਾ ਹੈ ਤਾਂ ਜੋ ਕੰਪਨੀ ਨਿਵੇਸ਼ ’ਤੇ ਕਾਫ਼ੀ ਮੁਨਾਫ਼ਾ ਕਮਾ ਸਕੇ।”

ਲਗਭਗ 20 ਸਾਲਾਂ ਬਾਅਦ ਉਸ ਅਸਲੀ ਦਵਾਈ ਵਰਗੀ ਜੈਨਰਿਕ ਦਵਾਈ ਬਣਾਈ ਜਾਂਦੀ ਹੈ, ਜਿਸ ਨੂੰ ਦੂਜੀਆਂ ਕੰਪਨੀਆਂ ਵੀ ਬਣਾ ਸਕਦੀਆਂ ਹਨ।

ਹੋਵੇਨ ਅਨੁਸਾਰ ਕਈ ਵਾਰ ਹੋਰ ਕੰਪਨੀਆਂ ਵਧਦੀ ਮੰਗ ਦੇ ਅਨੁਸਾਰ ਉਤਪਾਦਨ ਨਹੀਂ ਵਧਾ ਪਾਉਂਦੀਆਂ ਹਨ। ਪਰ ਦਵਾਈਆਂ ਦੀ ਕਮੀ ਦਾ ਇੱਕ ਕਾਰਨ ਹੋਰ ਵੀ ਹੈ।

ਉਨ੍ਹਾਂ ਦਾ ਕਹਿਣਾ ਹੈ, “ਕੁਝ ਦਵਾਈਆਂ ਨੂੰ ਇੱਕ ਖਾਸ ਬਿਮਾਰੀ ਦੇ ਇਲਾਜ ਲਈ ਮਨਜ਼ੂਰੀ ਦਿੱਤੀ ਜਾਂਦੀ ਹੈ। ਮਿਸਾਲ ਦੇ ਤੌਰ ’ਤੇ ਸ਼ੂਗਰ ਦੇ ਇਲਾਜ ਦੀ ਦਵਾਈ। ਪਰ ਬਾਅਦ ’ਚ ਡਾਕਟਰਾਂ ਨੂੰ ਲੱਗਦਾ ਹੈ ਕਿ ਉਸ ਦੀ ਵਰਤੋਂ ਹੋਰ ਬਿਮਾਰੀਆਂ ਲਈ ਵੀ ਹੋ ਸਦਕੀ ਹੈ।’’

‘‘ਉਹ ਉਸ ਦਵਾਈ ਨੂੰ ਹੋਰਨਾਂ ਬਿਮਾਰੀਆਂ ਦੇ ਇਲਾਜ ਲਈ ਵੀ ਪ੍ਰਿਸਕ੍ਰਾਇਬ ਕਰਦੇ ਹਨ। ਇਸ ਕਰਕੇ ਵੀ ਉਸ ਦਵਾਈ ਦੀ ਮੰਗ ’ਚ ਭਾਰੀ ਵਾਧਾ ਹੋ ਜਾਂਦਾ ਹੈ, ਜਿਸਦਾ ਪਹਿਲਾਂ ਤੋਂ ਅੰਦਾਜ਼ਾ ਲਗਾਉਣਾ ਮੁਸ਼ਕਲ ਹੁੰਦਾ ਹੈ।”

ਇਨ੍ਹਾਂ ਦਵਾਈਆਂ ਦੇ ਉਤਪਾਦਨ ਲਈ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਨੂੰ ਲੰਮੇ ਸਮੇਂ ਤੱਕ ਸਿਖਲਾਈ ਦਿੱਤੀ ਜਾਂਦੀ ਹੈ। ਅਜਿਹੇ ਕਰਮਚਾਰੀਆਂ ਦੀ ਗਿਣਤੀ ਅਚਾਨਕ ਵਧਾ ਪਾਉਣਾ ਮੁਸ਼ਕਲ ਕਾਰਜ ਹੈ।

ਕੰਪਨੀਆਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ’ਚੋਂ ਇੱਕ ਸਮੱਸਿਆ ਇਹ ਹੈ ਕਿ ਹਰ ਦਵਾਈ ਦੀ ਐਕਸਪਾਈਰੀ ਡੇਟ ਹੁੰਦੀ ਹੈ, ਜਿਸ ਤੋਂ ਬਾਅਦ ਉਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।

ਇਸ ਲਈ ਸਾਰੀਆਂ ਦਵਾਈਆਂ ਨੂੰ ਪਹਿਲਾਂ ਤੋਂ ਬਣਾ ਕੇ ਸਟੋਰ ਵੀ ਨਹੀਂ ਕੀਤਾ ਜਾ ਸਕਦਾ। ਉਦਾਹਰਣ ਵਜੋਂ ਗੋਲੀਆਂ ਅਤੇ ਕੈਪਸੂਲ ਨੂੰ ਲੰਮੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ, ਪਰ ਇੰਜੈਕਸ਼ਨ ਦੀ ਮਿਆਦ ਪੁੱਗਣ ਦਾ ਸਮਾਂ ਬਹੁਤ ਘੱਟ ਹੁੰਦਾ ਹੈ।

ਪੇਟੈਂਟ ਵਾਲੀਆਂ ਮਹਿੰਗੀਆਂ ਦਵਾਈਆਂ ਦੀ ਵੰਡ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਕਿਹੜੇ ਬਜ਼ਾਰ ’ਚ ਉਸ ਨੂੰ ਮਹਿੰਗੇ ਰੇਟ ’ਤੇ ਵੇਚਿਆ ਜਾ ਸਕਦਾ ਹੈ।

ਅਜਿਹੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਉਨ੍ਹਾਂ ਦੇਸ਼ਾਂ ਨੂੰ ਵਧੇਰੇ ਸਪਲਾਈ ਕਰਦੀਆਂ ਹਨ, ਜਿੱਥੇ ਉੱਚ ਕੀਮਤਾਂ ਮਿਲਦੀਆਂ ਹਨ।

ਜੀਵਨ ਭਰ ਦੀ ਦਵਾਈ

ਮੋਟਾਪਾ

ਤਸਵੀਰ ਸਰੋਤ, Getty Images

ਮੋਟਾਪਾ ਘਟਾਉਣ ਲਈ ਦਵਾਈਆਂ ਦੀ ਵਰਤੋਂ ਕੀਤਾ ਜਾਣਾ ਕੋਈ ਨਵੀਂ ਗੱਲ ਨਹੀਂ ਹੈ।

ਇਸ ਦੀ ਸ਼ੁਰੂਆਤ ਬਾਰੇ ਹੋਰ ਜਾਣਨ ਲਈ ਬੀਬੀਸੀ ਨੇ ਡਾ. ਜੇਨਾ ਟ੍ਰੋਨੀਏਰੀ ਨਾਲ ਗੱਲਬਾਤ ਕੀਤੀ, ਜੋ ਕਿ ਪੈਨਸਿਲਵੇਨੀਆ ਯੂਨੀਵਰਸਿਟੀ ਦੇ ਪੇਰੇਲਮੈਨ ਮੈਡੀਕਲ ਕਾਲਜ ’ਚ ਕਲੀਨਿਕਲ ਸੇਵਾਵਾਂ ਦੀ ਡਾਇਰੈਕਟਰ ਹੈ।

ਉਨ੍ਹਾਂ ਨੇ ਦੱਸਿਆ ਕਿ ਭਾਰ ਘਟਾਉਣ ਦੀ ਸਭ ਤੋਂ ਪੁਰਾਣੀ ਦਵਾਈ ਫੈਂਟ੍ਰਾਮੀਨ ਹੈ, ਜਿਸ ਨੂੰ ਅਮਰੀਕਾ ’ਚ 1959 ’ਚ ਮਨਜ਼ੂਰੀ ਮਿਲੀ ਸੀ ਅਤੇ ਮੌਜੂਦਾ ਸਮੇਂ ’ਚ ਵੀ ਇਸ ਦੀ ਵਰਤੋਂ ਲਗਾਤਾਰ ਜਾਰੀ ਹੈ।

ਭਾਰ ਘਟਾਉਣ ਲਈ ਹੋਰ ਦਵਾਈਆਂ ਦੇ ਨਾਲ ਇਸ ਦਵਾਈ ਨੂੰ ਮਿਲਾ ਕੇ ਦਿੱਤਾ ਜਾਂਦਾ ਹੈ।

ਇਸ ਨਾਲ ਭੁੱਖ ਘੱਟ ਕਰਨ ’ਚ ਮਦਦ ਮਿਲਦੀ ਹੈ ਅਤੇ ਇਸ ਦੀ ਵਰਤੋਂ ਥੋੜ੍ਹੇ ਸਮੇਂ ਲਈ ਕੀਤੀ ਜਾਂਦੀ ਹੈ।

ਡਾ. ਜੇਨਾ ਨੇ ਦੱਸਿਆ ਕਿ ਇੱਕ ਹੋਰ ਦਵਾਈ ਹੈ ਓਰਲੀਸਟੈਟ, ਜਿਸ ਦੀਆਂ ਛੋਟੀਆਂ ਖੁਰਾਕਾਂ ਕੁਝ ਥਾਵਾਂ ’ਤੇ ਬਿਨਾਂ ਪ੍ਰਿਸਕ੍ਰਿਪਸ਼ਨ ਦੇ ਵੀ ਉਪਲਬਧ ਹਨ।

ਇਹ ਸਰੀਰ ’ਚ ਚਰਬੀ ਨੂੰ ਘੁਲਣ ਜਾਂ ਜਮ੍ਹਾਂ ਹੋਣ ਤੋਂ ਰੋਕਦੀ ਹੈ ਅਤੇ ਇਸ ਨਾਲ ਭੋਜਨ ਦੇ ਜ਼ਰੀਏ ਸਰੀਰ ’ਚ ਪਹੁੰਚਣ ਵਾਲੀ ਕੈਲੋਰੀ ਦੀ ਮਾਤਰਾ ਵੀ ਘੱਟ ਹੋ ਜਾਂਦੀ ਹੈ।

ਜਦਕਿ ਦੂਜੀਆਂ ਦਵਾਈਆਂ ਸਰੀਰ ਅੰਦਰ ਭੁੱਖ ਦੇ ਹਾਰਮੋਨ ਨੂੰ ਕੰਟਰੋਲ ਕਰਕੇ ਭਾਰ ਘਟਾਉਣ ਦਾ ਕੰਮ ਕਰਦੀਆਂ ਹਨ।

ਡਾ. ਜੇਨਾ ਅਨੁਸਾਰ ਉਨ੍ਹਾਂ ਦੇ ਹਸਪਤਾਲ ’ਚ ਮੋਟਾਪਾ ਘਟਾਉਣ ਦੇ ਲਈ ਦਵਾਈਆਂ ਦੇ ਨਾਲ-ਨਾਲ ਜੀਵਨ ਸ਼ੈਲੀ ’ਚ ਬਦਲਾਅ ਅਤੇ ਖਾਣ-ਪੀਣ ਦੇ ਤਰੀਕੇ ’ਚ ਸੁਧਾਰ ’ਤੇ ਵੀ ਜ਼ੋਰ ਦਿੱਤਾ ਜਾਂਦਾ ਹੈ।

ਉਨ੍ਹਾਂ ਨੇ ਅੱਗੇ ਦੱਸਿਆ, “ਅਸੀਂ ਆਪਣੇ ਮੈਡੀਕਲ ਸੈਂਟਰ ’ਚ ਵੇਖਿਆ ਹੈ ਕਿ ਮਰੀਜ਼ ਸਿਰਫ਼ ਕਸਰਤ, ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ’ਚ ਸੁਧਾਰ ਕਰਕੇ ਹੀ 5-10 ਕਿੱਲੋ ਤੱਕ ਭਾਰ ਘਟਾ ਪਾਉਂਦੇੇ ਹਨ। ਜਦਕਿ ਦੂਜੀਆਂ ਦਵਾਈਆਂ ਦੀ ਵਰਤੋਂ ਨਾਲ ਉਨ੍ਹਾਂ ਦਾ ਭਾਰ 20 ਕਿੱਲੋ ਤੱਕ ਜਾਂ ਇਸ ਤੋਂ ਵੀ ਵੱਧ ਘੱਟ ਜਾਂਦਾ ਹੈ।”

ਸੋਸ਼ਲ ਮੀਡੀਆ ’ਤੇ ਕਈ ਵਾਰ ਇਹ ਵੇਖਣ-ਸੁਣਨ ਨੂੰ ਮਿਲਦਾ ਹੈ ਕਿ ਇਨ੍ਹਾਂ ਦਵਾਈਆਂ ਦੀ ਵਰਤੋਂ ਨਾਲ ਬਹੁਤ ਜਲਦੀ ਭਾਰ ਘੱਟ ਜਾਂਦਾ ਹੈ, ਜੋ ਕਿ ਗਲਤ ਜਾਣਕਾਰੀ ਹੈ। ਸੱਚ ਤਾਂ ਇਹ ਹੈ ਕਿ ਇਹ ਦਵਾਈਆਂ ਲੰਮੇ ਸਮੇਂ ਤੱਕ ਲੈਣੀਆਂ ਪੈਂਦੀਆਂ ਹਨ।

ਡਾ. ਜੇਨਾ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਇਹ ਵੇਖਿਆ ਗਿਆ ਹੈ ਕਿ ਜਦੋਂ ਮਰੀਜ਼ ਇਨ੍ਹਾਂ ਦਵਾਈਆਂ ਦੀ ਵਰਤੋਂ ਬੰਦ ਕਰ ਦਿੰਦਾ ਹੈ ਤਾਂ ਭਾਰ ਮੁੜ ਵਧਣਾ ਸ਼ੁਰੂ ਹੋ ਜਾਂਦਾ ਹੈ।

''ਇਹ ਬਲੱਡ ਪ੍ਰੈਸ਼ਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਤਰ੍ਹਾਂ ਹੀ ਹੈ। ਅਜਿਹਾ ਨਹੀਂ ਹੈ ਕਿ ਬਲੱਡ ਪ੍ਰੈਸ਼ਰ ਦੇ ਕੰਟਰੋਲ ’ਚ ਆਉਣ ’ਤੇ ਹੀ ਤੁਸੀਂ ਉਸ ਦਵਾਈ ਦੀ ਵਰਤੋਂ ਬੰਦ ਕਰ ਸਕਦੇ ਹੋ। ਉਸ ਨੂੰ ਲੰਮੇ ਸਮੇਂ ਤੱਕ ਜਾਰੀ ਰੱਖਣਾ ਪੈਂਦਾ ਹੈ।''

ਡਾ. ਜੇਨਾ ਇਹ ਵੀ ਯਾਦ ਕਰਵਾਉਂਦੇ ਹਨ ਕਿ ਇਨ੍ਹਾਂ ਦਵਾਈਆਂ ਦੇ ਮਾੜੇ ਪ੍ਰਭਾਵ ਵੀ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਢਿੱਡ ’ਚ ਗੈਸ ਅਤੇ ਮਨ ਕੱਚਾ ਹੋਣ ਦੀ ਸਮੱਸਿਆ ਪੈਦਾ ਹੋ ਸਕਦੀ ਹੈ ਅਤੇ ਇਹ ਸਮੱਸਿਆ ਦਾ ਕੋਈ ਵਧੀਆ ਹੱਲ ਤਾਂ ਨਹੀਂ ਹੈ।

ਸੇਮਾਗਲੂਟਾਈਡ ਨਾਲ ਕਿਉਂ ਵਧੀ ਉਮੀਦ

ਮੋਟਾਪਾ

ਤਸਵੀਰ ਸਰੋਤ, Getty Images

ਜੋਸ਼ ਜੋਰਡੀ ਸਵਿਟਜ਼ਰਲੈਂਡ ਸਥਿਤ ਬਾਇਓਟੈਕਨਾਲੋਜੀ ਕੰਪਨੀ ‘ਏਰਾਕਲ ਥੇਰੇਪਿਊਟਿਕਸ’ ਦੇ ਸੀਈਓ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੋਟਾਪੇ ਦਾ ਹੱਲ ਕੱਢਣ ’ਚ ਅੱਜ ਤੱਕ ਕੋਈ ਖਾਸੀ ਸਫਲਤਾ ਹੱਥ ਨਹੀਂ ਲੱਗੀ ਸੀ। ਪਰ ਸੇਮਾਗਲੂਟਾਈਡ ਤੋਂ ਕੁਝ ਉਮੀਦ ਜ਼ਰੂਰ ਪੱਕੀ ਹੋਈ ਹੈ।

ਉਨ੍ਹਾਂ ਅੱਗੇ ਕਿਹਾ, “ਹਾਲਾਂਕਿ ਇਹ ਮੋਟਾਪੇ ਦੀ ਸਮੱਸਿਆ ਦਾ ਪੱਕਾ ਹੱਲ ਨਹੀਂ ਹੈ। ਸਾਨੂੰ ਇਸ ਦੇ ਨਾਲ ਹੋਰ ਵੀ ਢੰਗ ਤਰੀਕੇ ਅਪਣਾਉਣੇ ਪੈਣਗੇ।”

“ਵਿਗਿਆਨ ਕਿਤੇ ਵੀ ਰੁਕਦਾ ਨਹੀਂ ਹੈ ਅਤੇ ਨਾ ਹੀ ਉਸਦੀ ਕੋਈ ਆਖਰੀ ਮੰਜ਼ਿਲ ਹੈ। ਤਰੱਕੀ ਕਰਦੇ ਜਾਣਾ ਹੀ ਮਨੁੱਖ ਦਾ ਸੁਭਾਅ ਹੈ।”

ਜੋਰਡੀ ਕਹਿੰਦੇ ਹਨ ਕਿ ਫਿਲਹਾਲ ਇਹ ਦਵਾਈ ਇੰਜੈਕਸ਼ਨ ਦੇ ਰੂਪ ’ਚ ਲਈ ਜਾਂਦੀ ਹੈ। ਸਾਰੇ ਮਰੀਜ਼ਾਂ ਲਈ ਹਰ ਹਫ਼ਤੇ ਇੰਜੈਕਸ਼ਨ ਲੈਣਾ ਸੌਖਾ ਨਹੀਂ ਹੁੰਦਾ ਹੈ। ਇਸ ਦਵਾਈ ਨੂੰ ਗੋਲੀ ਜਾਂ ਫਿਰ ਕੈਪਸੂਲ ਦੇ ਰੂਪ ’ਚ ਤਿਆਰ ਕਰਨ ਦੀ ਲੋੜ ਹੈ।

ਪਰ ਇਸ ਨਾਲ ਉਸ ਦੀ ਰਸਾਇਣਕ ਰਚਨਾ ਬਦਲ ਜਾਵੇਗੀ। ਇਸ ਦਾ ਹੱਲ ਕੱਢਣ ਲਈ ਵਧੇਰੇ ਖੋਜ ਦੀ ਜ਼ਰੂਰਤ ਹੈ।

ਜੋਰਡੀ ਦਾ ਕਹਿਣਾ ਹੈ ਕਿ ਹੋਰ ਕਈ ਭਿਆਨਕ ਬਿਮਾਰੀਆਂ ਦੇ ਲਈ ਦਵਾਈਆਂ ਗੋਲੀ ਦੇ ਰੂਪ ’ਚ ਉਪਲਬਧ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਮੋਟਾਪਾ ਘਟਾਉਣ ਲਈ ਵਰਤੀਆਂ ਜਾਂਦੀਆਂ ਦਵਾਈਆਂ ਵੀ ਗੋਲੀ ਜਾਂ ਕੈਪਸੂਲ ਦੇ ਰੂਪ ’ਚ ਜਲਦ ਹੀ ਉਪਲਬਧ ਹੋ ਜਾਣਗੀਆਂ।

ਪਰ ਇਸ ’ਚ ਅਜੇ ਕਿੰਨਾਂ ਸਮਾਂ ਲੱਗੇਗਾ, ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ, ਕਿਉਂਕਿ ਕਿਸੇ ਵੀ ਨਵੀਂ ਦਵਾਈ ਨੂੰ ਬਣਾਉਣ ਦੀ ਪ੍ਰਕਿਰਿਆ ਗੁੰਝਲਦਾਰ ਅਤੇ ਮਹਿੰਗੀ ਹੁੰਦੀ ਹੈ। ਇਸ ’ਚ 7-8 ਸਾਲਾਂ ਦਾ ਸਮਾਂ ਲੱਗ ਜਾਂਦਾ ਹੈ ਅਤੇ ਇਸ ਦੀ ਵੀ ਕੋਈ ਗਰੰਟੀ ਨਹੀਂ ਹੁੰਦੀ ਹੈ ਕਿ ਜਾਂਚ ਤੋਂ ਬਾਅਦ ਇਸ ਦਾ ਨਤੀਜਾ ਸਫਲ ਹੀ ਹੋਵੇ।

ਟੈਬਲੇਟ ਦੇ ਰੂਪ ’ਚ ਕਦੋਂ ਆਵੇਗੀ ਸੇਮਾਗਲੂਟਾਈਡ?

ਮੋਟਾਪਾ

ਤਸਵੀਰ ਸਰੋਤ, Getty Images

ਜੋਰਡੀ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੀ ਮੋਟਾਪਾ ਘਟਾਉਣ ਵਾਲੀ ਇੱਕ ਅਜਿਹੀ ਦਵਾਈ ਬਣਾ ਰਹੀ ਹੈ ਜੋ ਕਿ ਟੈਬਲੇਟ ਦੇ ਰੂਪ ’ਚ ਉਪਲਬਧ ਹੋਵੇਗੀ ਅਤੇ ਭੁੱਖ ਘੱਟ ਕਰਨ ’ਚ ਮਦਦਗਾਰ ਹੋਵੇਗੀ।

ਫਿਲਹਾਲ ਮੋਟਾਪਾ ਘੱਟ ਕਰਨ ਲਈ ਵਰਤੀ ਜਾਣ ਵਾਲੀ ਦਵਾਈ ਸੇਮਾਗਲੂਟਾਈਡ ਓਜ਼ੈਂਪਿਕ ਅਤੇ ਵੀਗੋਵੀ ਦੇ ਬ੍ਰਾਂਡ ਨਾਮ ਨਾਲ ਵਿਕ ਰਹੀ ਹੈ। ਸੇਮਾਗਲੂਟਾਈਡ ਨੂੰ ਨੋਵੋਨੋਰਡਿਸਕ ਕੰਪਨੀ ਨੇ ਬਣਾਇਆ ਸੀ ਅਤੇ ਇਸ ਦਾ ਮਾਰਕੀਟ ਸ਼ੇਅਰ ਸਭ ਤੋਂ ਵਧੇਰੇ ਹੈ।

ਜੋਰਡੀ ਅਨੁਸਾਰ ਹੁਣ ਦੂਜੀਆਂ ਕੰਪਨੀਆਂ ਵੀ ਇਸ ਮੁਕਾਬਲੇ ’ਚ ਨਿਤਰ ਆਈਆਂ ਹਨ। ‘ਇਲਾਏ ਲਿਲੀ’ ਵੀ ਮੋਟਾਪਾ ਘਟਾਉਣ ਵਾਲੀ ਦਵਾਈ ਵਿਕਸਿਤ ਕਰ ਰਹੀ ਹੈ ਅਤੇ ਜੋ ਡੇਟਾ ਉਨ੍ਹਾਂ ਵੱਲੋਂ ਪੇਸ਼ ਕੀਤਾ ਗਿਆ ਹੈ, ਉਹ ਕਾਫ਼ੀ ਉਤਸ਼ਾਹ ਵਾਲਾ ਲੱਗ ਰਿਹਾ ਹੈ।

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸਦੀ ਦਵਾਈ ਅਗਲੇ 6 ਮਹੀਨਿਆਂ ’ਚ ਬਜ਼ਾਰ ’ਚ ਆ ਸਕਦੀ ਹੈ ਅਤੇ ਵਿਗੋਵੀ ਨੂੰ ਚੁਣੌਤੀ ਦੇ ਸਕਦੀ ਹੈ।

ਸੇਮਾਗਲੂਟਾਈਡ ਦਾ ਪੇਟੈਂਟ 2030 ’ਚ ਖ਼ਤਮ ਹੋ ਜਾਵੇਗਾ। ਹੋ ਸਕਦਾ ਹੈ ਕਿ ਪੇਟੈਂਟ ਨੂੰ 5 ਸਾਲ ਲਈ ਵਧਾ ਦਿੱਤਾ ਜਾਵੇ।

ਪਰ ਉਸ ਤੋਂ ਬਾਅਦ ਇਹ ਦਵਾਈ ਜੈਨਰਿਕ ਸ਼੍ਰੇਣੀ ’ਚ ਆ ਜਾਵੇਗੀ, ਮਤਲਬ ਕਿ ਇਸ ਦੇ ਉਤਪਾਦਨ ਦਾ ਏਕਾਧਿਕਾਰ ਖ਼ਤਮ ਹੋ ਜਾਵੇਗਾ ਅਤੇ ਦੂਜੀਆਂ ਕੰਪਨੀਆਂ ਵੀ ਇਸ ਨੂੰ ਬਣਾ ਸਕਣਗੀਆਂ। ਜਿਸ ਨਾਲ ਕਿ ਇਸ ਦੀ ਕੀਮਤ ’ਚ ਵੀ ਕਮੀ ਆ ਜਾਵੇਗੀ।

ਪਰ ਜੋਰਡੀ ਦੀ ਰਾਏ ਹੈ ਕਿ ਇਸ ਨੂੰ ਬਿਨ੍ਹਾਂ ਡਾਕਟਰ ਦੀ ਪਰਚੀ ਦੇ ਵੇਚਿਆ ਨਹੀਂ ਜਾਣਾ ਚਾਹੀਦਾ ਹੈ।

ਉਨ੍ਹਾਂ ਦਾ ਕਹਿਣਾ ਹੈ, “ਇਹ ਇੱਕ ਅਜਿਹੀ ਦਵਾਈ ਹੈ, ਜਿਸ ’ਤੇ ਸਖਤ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਲੋਕ ਇਸ ਨੂੰ ਫਿਲਮੀ ਸਿਤਾਰਿਆਂ ਦੀ ਦਵਾਈ ਦੇ ਰੂਪ ’ਚ ਵੇਖਣਾ ਸ਼ੁਰੂ ਕਰ ਦੇਣ ਅਤੇ ਕਿਸੇ ਸੈਲੀਬ੍ਰਿਟੀ ਵਰਗਾ ਸਰੀਰ ਬਣਾਉਣ ਦੀ ਇੱਛਾ ’ਚ ਇਸ ਦੀ ਵਰਤੋਂ ਕਰਨੀ ਸ਼ੁਰੂ ਕਰ ਦੇਣ।''

''ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਬਹੁਤ ਹੀ ਗਲਤ ਹੋਵੇਗਾ ਕਿਉਂਕਿ ਇਹ ਕਾਫ਼ੀ ਤਾਕਤਵਰ ਦਵਾਈ ਹੈ।’’

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)