ਗੋਆ ਅਜ਼ਾਦੀ ਦੀ ਜੰਗ : ਉਹ ਸਿੱਖ ਫੌਜੀ ਜਰਨੈਲ ਜਿਸ ਨੇ ਪੁਰਤਗਾਲ ਦੀ ਫੌਜ ਤੋਂ ਆਤਮ ਸਮਰਪਣ ਕਰਵਾਇਆ

ਤਸਵੀਰ ਸਰੋਤ, BHARATRAKSHAK.COM
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਵਿਦੇਸ਼ ’ਚ ਰਹਿੰਦਿਆਂ ਆਜ਼ਾਦੀ ਦੀ ਲੜਾਈ ਲੜ ਰਹੇ ਕ੍ਰਿਸ਼ਨ ਮੇਨਨ ਵਰਗੇ ਭਾਰਤੀ ਆਗੂ ਗੋਆ ਨੂੰ ਭਾਰਤ ਦੇ ਮੂੰਹ ’ਤੇ ‘ਫ਼ਿਣਸੀ’ ਕਹਿੰਦੇ ਸਨ। ਉਹ ਅਕਸਰ ਹੀ ਨਹਿਰੂ ਨੂੰ ਕਿਹਾ ਕਰਦੇ ਸਨ ਕਿ ‘ਗੋਆ ਨੂੰ ਘਰ ਲੈ ਕੇ ਆਉਣਾ ਹੈ’।
ਗੋਆ ਦੇ ਸਬੰਧ ’ਚ ਨਹਿਰੂ ਦਾ ਇੱਕ ਤਰ੍ਹਾਂ ਨਾਲ “ ਮੈਂਟਲ ਬਲਾਕ” ਸੀ।
ਉਨ੍ਹਾਂ ਨੇ ਪੱਛਮੀ ਦੇਸ਼ਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਤਾਕਤ ਨਾਲ ਗੋਆ ਨੂੰ ਭਾਰਤ ’ਚ ਮਿਲਾਉਣ ਦਾ ਯਤਨ ਨਹੀਂ ਕਰਨਗੇ, ਪਰ ਕ੍ਰਿਸ਼ਨ ਮੇਨਨ ਉਨ੍ਹਾਂ ਨੂੰ ਸਮਝਾਉਣ ’ਚ ਸਫਲ ਰਹੇ ਕਿ ਉਹ ਪੁਰਤਗਾਲ ਦੀ ਇਸ ਬਸਤੀ ਦੇ ਬਾਰੇ ਦੋਹਰਾ ਮਾਪਦੰਡ ਨਹੀਂ ਅਪਣਾ ਸਕਦੇ ਹਨ।
ਇੱਕ ਪਾਸੇ ਤਾਂ ਉਹ ਰੰਗ-ਭੇਦ ਸਮਰਥਕ ਦੇਸ਼ਾਂ ਦੀ ਆਲੋਚਨਾ ਕਰ ਰਹੇ ਹਨ, ਪਰ ਦੂਜੇ ਪਾਸੇ ਭਾਰਤ ਦੇ ਨਾਲ ਲੱਗਦੇ ਗੋਆ ’ਤੇ ਪੁਰਤਗਾਲ ਦੇ ਕਬਜ਼ੇ ਬਾਰੇ ਬਿਲਕੁਲ ਹੀ ਚੁੱਪ ਹਨ।
ਜਦੋਂ ਪੁਰਤਗਾਲੀਆਂ ਨੂੰ ਸ਼ਾਂਤੀ ਨਾਲ ਗੋਆ ਤੋਂ ਬਾਹਰ ਕੱਢਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਤਾਂ ਨਹਿਰੂ ਨੇ ਫੌਜ ਭੇਜ ਕੇ ਗੋਆ ਨੂੰ ਆਜ਼ਾਦ ਕਰਵਾਉਣ ਦੀ ਯੋਜਨਾ ਨੂੰ ਹਰੀ ਝੰਡੀ ਦਿੱਤੀ।
ਹਾਲ ਹੀ ’ਚ ਪ੍ਰਕਾਸ਼ਿਤ ਕਿਤਾਬ ‘ਗੋਆ, 1961 ਦਿ ਕੰਪਲੀਟ ਸਟੋਰੀ ਆਫ਼ ਨੈਸ਼ਨੇਲਿਜ਼ਮ ਐਂਡ ਇੰਟੀਗ੍ਰੇਸ਼ਨ’ ਦੇ ਲੇਖਕ ਵਾਲਮੀਕੀ ਫ਼ਲੇਰੋ ਲਿਖਦੇ ਹਨ, “2 ਦਸੰਬਰ, 1961 ਤੋਂ ਭਾਰਤੀ ਫੌਜ ਦੀ ਲਾਮਬੰਦੀ ਸ਼ੁਰੂ ਹੋ ਗਈ ਸੀ। 50ਵੀਂ ਪੈਰਾਸ਼ੂਟ ਬ੍ਰਿਗੇਡ ਨੂੰ ਆਗਰਾ, ਹੈਦਰਾਬਾਦ ਅਤੇ ਮਦਰਾਸ ਤੋਂ ਬੇਲਗਾਂਵ ਲਿਆਂਦਾ ਗਿਆ ਸੀ।”
“ ਉੱਤਰੀ, ਪੱਛਮੀ ਅਤੇ ਦੱਖਣੀ ਭਾਰਤ ’ਚ 100 ਤੋਂ ਵੱਧ ਯਾਤਰੀ ਰੇਲਗੱਡੀਆਂ ਦੇ ਰਸਤੇ ਬਦਲ ਕੇ ਬ੍ਰਿਗੇਡ ਦੇ ਫ਼ੌਜੀਆਂ ਨੂੰ ਬੇਲਗਾਂਵ ਪਹੁੰਚਾਇਆ ਗਿਆ ਸੀ।”
“ਯਾਤਰੀ ਰੇਲਗੱਡੀਆਂ ਤੋਂ ਇਲਾਵਾ ਮਾਲ ਗੱਡੀਆਂ ਜ਼ਰੀਏ ਵੀ ਬੇਲਗਾਂਵ ਤੱਕ ਫੌਜੀ ਸਾਜ਼ੋ-ਸਮਾਨ ਦੀ ਢੋਆ ਢੁਆਈ ਕੀਤੀ ਗਈ। ਮਾਲ ਗੱਡੀਆਂ ਦਾ ਰਾਹ ਬਦਲਣ ਕਾਰਨ ਅਹਿਮਦਾਬਾਦ ਦੀਆਂ ਕਈ ਮਿੱਲਾਂ ਨੂੰ ਕੋਲੇ ਦੀ ਘਾਟ ਕਰਕੇ ਬੰਦ ਕਰਨਾ ਪਿਆ ਸੀ।”

ਤਸਵੀਰ ਸਰੋਤ, ALEPH
ਪੁਰਤਗਾਲ ਨੇ ਆਪਣਾ ਜਹਾਜ਼ ਗੋਆ ਭੇਜਿਆ
ਭਾਰਤੀ ਕਾਰਵਾਈ ਨਾਲ ਨਜਿੱਠਣ ਲਈ ਪੁਰਤਗਾਲ ਨੇ ਵੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਆਪਣੇ ਇੱਕ ਸਮੁੰਦਰੀ ਜਹਾਜ਼ ‘ਇੰਡੀਆ’ ਨੂੰ ਗੋਆ ਭੇਜਿਆ ਤਾਂ ਕਿ ‘ਬੈਕੋ ਨੈਸ਼ਨਲ ਅਲਟਰਾਮੇਰਿਨੋ’ ’ਚ ਪੁਰਤਗਾਲੀ ਨਾਗਰਿਕਾਂ ਦੇ ਜਮ੍ਹਾਂ ਸੋਨੇ ਅਤੇ ਉਨ੍ਹਾਂ ਦੀਆਂ ਪਤਨੀਆਂ ਤੇ ਬੱਚਿਆਂ ਨੂੰ ਸੁਰੱਖਿਅਤ ਲਿਸਬਨ ਭੇਜਿਆ ਜਾ ਸਕੇ।
ਪੀਐੱਨ ਖੇੜਾ ਆਪਣੀ ਕਿਤਾਬ ‘ਆਪਰੇਸ਼ਨ ਵਿਜੇ, ਦਿ ਲਿਬਰੇਸ਼ਨ ਆਫ਼ ਗੋਆ ਐਂਡ ਅਦਰ ਪੁਰਤਗੀਜ਼ ਕਲੋਨੀਜ਼ ਇਨ ਇੰਡੀਆ’ ’ਚ ਲਿਖਦੇ ਹਨ, “9 ਦਸੰਬਰ, 1961 ਨੂੰ ਪੁਰਤਗਾਲੀ ਜਹਾਜ਼ ਲਿਸਬਨ ਤੋਂ ਮੋਰਮੁਗਾਓ ਪਹੁੰਚਿਆ। ਜਹਾਜ਼ ਨੇ 12 ਦਸੰਬਰ ਨੂੰ ਲਿਸਬਨ ਲਈ ਵਾਪਸੀ ਯਾਤਰਾ ਸ਼ੁਰੂ ਕੀਤੀ।”
“ਇਸ ਜਹਾਜ਼ ’ਚ 380 ਲੋਕਾਂ ਦੇ ਆਉਣ ਦੀ ਵਿਵਸਥਾ ਸੀ ਪਰ ਉਸ ’ਚ 700 ਔਰਤਾਂ ਅਤੇ ਬੱਚਿਆਂ ਨੂੰ ਲੱਦ ਕੇ ਭੇਜਿਆ ਗਿਆ। ਜਹਾਜ਼ ’ਚ ਇੰਨੇ ਲੋਕ ਸਨ ਕਿ ਕੁਝ ਲੋਕਾਂ ਨੂੰ ਪੈਖਾਨਿਆਂ ’ਚ ਬੈਠਣਾ ਪਿਆ ਸੀ।”
ਦਸੰਬਰ 1961 ’ਚ ਭਾਰਤ ’ਚ ਅਮਰੀਕੀ ਰਾਜਦੂਤ ਜੌਨ ਕੀਨੇਥ ਗੈਲਬ੍ਰੇਥ ਨੇ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਕਈ ਵਾਰ ਮਿਲ ਕੇ ਗੋਆ ’ਚ ਫ਼ੌਜੀ ਕਾਰਵਾਈ ਦੇ ਉਨ੍ਹਾਂ ਦੇ ਫ਼ੈਸਲੇ ਨੂੰ ਟਾਲਣ ਲਈ ਦਬਾਅ ਪਾਉਣ ਦੀ ਯਤਨ ਕੀਤਾ।
ਗੋਆ ’ਚ ਫੌਜੀ ਕਾਰਵਾਈ ਦਾ ਪਹਿਲਾਂ ਤੋਂ ਮੁਕੱਰਰ ਦਿਨ 14 ਦਸੰਬਰ ਸੀ, ਜਿਸ ਨੂੰ ਅੱਗੇ ਵਧਾ ਕਿ 16 ਦਸੰਬਰ ਕਰ ਦਿੱਤਾ ਗਿਆ। 15 ਦਸੰਬਰ ਨੂੰ ਗਾਲਬ੍ਰੇਥ ਨੇ ਨਹਿਰੂ ਦੇ ਨਾਲ-ਨਾਲ ਉਨ੍ਹਾਂ ਦੇ ਵਿੱਤ ਮੰਤਰੀ ਮੋਰਾਰਜੀ ਦੇਸਾਈ ਨਾਲ ਮੁਲਾਕਾਤ ਕੀਤੀ।

ਤਸਵੀਰ ਸਰੋਤ, BHARATRAKSHAK.COM
ਐਡੀਲਾ ਗਾਇਤੋਂਡੇ ਆਪਣੀ ਕਿਤਾਬ ‘ਇਨ ਸਰਚ ਆਫ਼ ਟੂਮਾਰੋ’ ’ਚ ਲਿਖਦੇ ਹਨ, “ਮੋਰਾਰਜੀ ਗੋਆ ’ਚ ਹਿੰਸਾ ਦੀ ਵਰਤੋਂ ਕੀਤੇ ਜਾਣ ਦੇ ਖਿਲਾਫ ਸਨ, ਕਿਉਂਕਿ ਉਹ ਨਿੱਜੀ ਤੌਰ ’ਤੇ ਬਸਤੀਵਾਦੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਹਿੰਸਾ ਦੀ ਵਰਤੋਂ ਕਰਨ ਦੇ ਸਮਰਥਕ ਸਨ।”
“ਪੁਰਤਗਾਲੀ ਆਖਰੀ ਸਮੇਂ ਤੱਕ ਅਮਰੀਕੀ ਕੂਟਨੀਤੀ ਦੇ ਸਫਲ ਹੋ ਜਾਣ ਪ੍ਰਤੀ ਇੰਨੇ ਭਰੋਸੇਮੰਦ ਸਨ ਕਿ 16 ਦਸੰਬਰ ਦੀ ਰਾਤ ਨੂੰ ਪੁਰਤਗਾਲੀ ਗਵਰਨਰ ਜਨਰਲ ਅਤੇ ਉਨ੍ਹਾਂ ਦੀ ਫੌਜ ਦੇ ਕਮਾਂਡਰ ਇਨ ਚੀਫ਼ ਆਪਣੇ ਇੱਕ ਦੋਸਤ ਦੀ ਬੇਟੀ ਦੇ ਵਿਆਹ ਦੀ ਪਾਰਟੀ ’ਚ ਸ਼ਾਮਲ ਹੋਏ ਸਨ।”
17 ਦਸੰਬਰ ਨੂੰ ਅਮਰੀਕੀ ਰਾਜਦੂਤ ਨੇ ਨਹਿਰੂ ਨੂੰ ਮਿਲ ਕੇ ਪ੍ਰਸਤਾਵ ਦਿੱਤਾ ਕਿ ਭਾਰਤ ਗੋਆ ਵਿਰੁੱਧ ਆਪਣੀ ਫੋਜੀ ਕਾਰਵਾਈ ਨੂੰ 6 ਮਹੀਨਿਆਂ ਲਈ ਮੁਲਤਵੀ ਕਰ ਦੇਵੇ। ਉਸ ਬੈਠਕ ’ਚ ਮੌਜੂਦ ਕ੍ਰਿਸ਼ਨ ਮੇਨਨ ਨੇ ਨਹਿਰੂ ਅਤੇ ਗੈਲਬ੍ਰੇਥ ਨੂੰ ਕਿਹਾ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ। ਭਾਰਤੀ ਫ਼ੌਜੀ ਗੋਆ ’ਚ ਦਾਖਲ ਹੋ ਗਏ ਹਨ ਅਤੇ ਉਨ੍ਹਾਂ ਨੂੰ ਵਾਪਸ ਨਹੀਂ ਬੁਲਾਇਆ ਜਾ ਸਕਦਾ ਹੈ।
ਕਈ ਸਾਲਾਂ ਬਾਅਦ ਕ੍ਰਿਸ਼ਨ ਮੇਨਨ ਨੇ ਇੱਕ ਇੰਟਰਵਿਊ ’ਚ ਮੰਨਿਆ ਸੀ ਕਿ ਇਹ ਸਹੀ ਨਹੀਂ ਸੀ। ਭਾਰਤੀ ਫ਼ੌਜੀਆਂ ਨੇ ਉਦੋਂ ਤੱਕ ਗੋਆ ਦੀ ਸਰਹੱਦ ਪਾਰ ਨਹੀਂ ਕੀਤੀ ਸੀ।
ਉਸੇ ਰਾਤ ਕ੍ਰਿਸ਼ਨ ਮੇਨਨ ਨੇ ਗੋਆ ਦੀ ਸਰਹੱਦ ’ਤੇ ਪਹੁੰਚ ਕੇ ਭਾਰਤੀ ਜਵਾਨਾਂ ਦਾ ਮੁਆਇਨਾ ਕੀਤਾ ਸੀ। ਮੇਨਨ ਵੱਲੋਂ ਨਹਿਰੂ ਨੂੰ ਫ਼ੌਜੀ ਕਾਰਵਾਈ ਦਾ ਸਮਾਂ ਦੱਸਣ ਤੋਂ ਪਹਿਲਾਂ ਹੀ ਭਾਰਤੀ ਫ਼ੌਜ ਗੋਆ ਅੰਦਰ ਦਾਖਲ ਹੋ ਚੁੱਕੀ ਸੀ।

ਮਾਮੂਲੀ ਟਾਕਰੇ ਜਾਂ ਪ੍ਰਤੀਰੋਧ ਦਾ ਸਾਹਮਣਾ ਕਰਨਾ ਪਿਆ
ਭਾਰਤੀ ਫ਼ੌਜ ਨੇ 17-18 ਦਸੰਬਰ ਦੀ ਅੱਧੀ ਰਾਤ ਨੂੰ ਗੋਆ ਦੀ ਸੀਮਾ ਪਾਰ ਕੀਤੀ ਸੀ।
ਟਾਈਮਜ਼ ਆਫ਼ ਇੰਡੀਆ ਨੇ ਆਪਣੇ 19 ਦਸੰਬਰ 1961 ਦੇ ਅਖ਼ਬਾਰ ’ਚ ਬੈਨਰ ਹੈੱਡਲਾਈਨ ਪ੍ਰਕਾਸ਼ਿਤ ਕੀਤੀ ਸੀ, “ ਅਵਰ ਟਰੂਪਸ ਐਂਟਰ ਗੋਆ, ਦਮਨ ਐਂਡ ਦੀਉ ਐਟ ਲਾਸਟ।”
ਭਾਰਤੀ ਫ਼ੌਜ ਨੂੰ ਗੋਆ ਅੰਦਰ ਦਾਖਲ ਹੋਣ ਮੌਕੇ ਮਾਮੂਲੀ ਟਾਕਰੇ ਦਾ ਸਾਹਮਣਾ ਕਰਨਾ ਪਿਆ ਸੀ। ਗੋਆ ’ਤੇ ਕਬਜ਼ਾ ਕਰਨ ਦੀ ਜ਼ਿੰਮੇਵਾਰੀ ਮੇਜਰ ਜਨਰਲ ਕੈਂਡੇਥ ਦੀ ਅਗਵਾਈ ’ਚ 17 ਇਨਫੈਂਟਰੀ ਡਿਵੀਜ਼ਨ ਨੂੰ ਸੌਂਪੀ ਗਈ ਸੀ।
ਇਤਿਹਾਸਕਾਰ ਰਾਮਚੰਦਰ ਗੁਹਾ ਆਪਣੀ ਕਿਤਾਬ ‘ਇੰਡੀਆ ਆਫ਼ਟਰ ਗਾਂਧੀ’ ’ਚ ਲਿਖਦੇ ਹਨ, “ 18 ਦਸੰਬਰ ਦੀ ਸਵੇਰ ਨੂੰ ਭਾਰਤੀ ਫ਼ੌਜੀ ਉੱਤਰ ’ਚ ਸਾਵੰਤਵਾੜੀ, ਦੱਖਣ ’ਚ ਕਾਰਵਾਰ ਅਤੇ ਪੂਰਬ ’ਚ ਬੇਲਗਾਂਵ ਤੋਂ ਗੋਆ ’ਚ ਦਾਖਲ ਹੋਏ ਸਨ।”
“ ਇਸ ਦੌਰਾਨ ਭਾਰਤੀ ਜਹਾਜ਼ਾਂ ਨੇ ਪੂਰੇ ਗੋਆ ’ਚ ਪਰਚੇ ਸੁੱਟ ਕੇ ਗੋਆ ਵਾਸੀਆਂ ਨੂੰ ਸ਼ਾਂਤ ਅਤੇ ਬਹਾਦੁਰ ਬਣੇ ਰਹਿਣ ਲਈ ਕਿਹਾ। ਇਸ ਪਰਚੇ ’ਚ ਕਿਹਾ ਗਿਆ ਸੀ ਕਿ ਤੁਸੀਂ ਆਪਣੀ ਆਜ਼ਾਦੀ ’ਤੇ ਖੁਸ਼ ਹੋਵੋ ਅਤੇ ਉਸ ਨੂੰ ਮਜ਼ਬੂਤ ਕਰੋ।”
“18 ਦਸੰਬਰ ਦੀ ਸ਼ਾਮ ਤੱਕ ਰਾਜਧਾਨੀ ਪਣਜੀ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਗਿਆ ਸੀ। ਸਥਾਨਕ ਲੋਕ ਭਾਰਤੀ ਫ਼ੌਜ ਦੀ ਮਦਦ ਕਰ ਰਹੇ ਸਨ ਅਤੇ ਉਨ੍ਹਾਂ ਥਾਵਾਂ ਬਾਰੇ ਉਨ੍ਹਾਂ ਨੂੰ ਦੱਸ ਰਹੇ ਸਨ ਜਿੱਥੇ ਪੁਰਤਗਾਲੀਆਂ ਨੇ ਬਾਰੂਦੀ ਸੁਰੰਗਾਂ ਵਿਛਾਈਆਂ ਹੋਈਆਂ ਸਨ।”
ਅਪਰੇਸ਼ਨ ਸ਼ੁਰੂ ਹੋਣ ਦੇ 36 ਘੰਟਿਆਂ ਦੇ ਅੰਦਰ ਪੁਰਤਗਾਲੀ ਗਵਰਨਰ ਜਨਰਲ ਨੇ ਬਿਨਾਂ ਸ਼ਰਤ ਸਮਰਪਣ ਕਰਨ ਦੇ ਦਸਤਾਵੇਜ਼ ’ਤੇ ਦਸਤਖ਼ਤ ਕਰ ਦਿੱਤੇ ਸਨ।
ਜਦੋਂ ਪੰਜਾਬ ਰੈਜੀਮੈਂਟ ਦੇ ਜਵਾਨ ਪਣਜੀ ’ਚ ਦਾਖਲ ਹੋਏ ਤਾਂ ਉਨ੍ਹਾਂ ਨੇ ਪੁਰਤਗਾਲੀ ਅਫ਼ਸਰਾਂ ਅਤੇ ਉਨ੍ਹਾਂ ਦੇ ਫ਼ੌਜੀਆਂ ਨੂੰ ਸਿਰਫ ਅੰਡਰਵੀਅਰ ਹੀ ਪਹਿਨੇ ਹੋਏ ਵੇਖਿਆ।
ਜਦੋਂ ਉਨ੍ਹਾਂ ਤੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਭਾਰਤੀ ਫ਼ੌਜੀ ਇੰਨੇ ਜ਼ਾਲਮ ਹਨ ਕਿ ਜੇਕਰ ਉਹ ਕਿਸੇ ਪੁਰਤਗਾਲੀ ਫ਼ੌਜੀ ਨੂੰ ਉਸ ਦੀ ਵਰਦੀ ਤੋਂ ਪਛਾਣਨਗੇ ਤਾਂ ਮੌਕੇ ’ਤੇ ਹੀ ਉਸ ਨੂੰ ਗੋਲੀ ਮਾਰ ਦੇਣਗੇ।

ਬ੍ਰਿਗੇਡੀਅਰ ਸਗਤ ਸਿੰਘ ਦੀ ਅਹਿਮ ਭੂਮਿਕਾ
ਬ੍ਰਿਗੇਡੀਅਰ ਸਗਤ ਸਿੰਘ ਦੀ ਅਗਵਾਈ ’ਚ 50ਵੀਂ ਪੈਰਾਸ਼ੂਟ ਬ੍ਰਿਗੇਡ ਨੇ ਜ਼ਿੰਮੇਵਾਰੀ ਨਾਲੋਂ ਕਿਤੇ ਵੱਧ ਕੇ ਕੰਮ ਕੀਤਾ ਅਤੇ ਇੰਨੀ ਤੇਜ਼ੀ ਨਾਲ ਉਹ ਪਣਜੀ ਪਹੁੰਚੇ ਕੇ ਉਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਗਿਆ।
ਬ੍ਰਿਗੇਡੀਅਰ ਸਗਤ ਸਿੰਘ ਦੀ ਜੀਵਨੀ ਲਿਖਣ ਵਾਲੇ ਜਨਰਲ ਵੀ ਕੇ ਸਿੰਘ ਦੱਸਦੇ ਹਨ, “ 24 ਘੰਟਿਆਂ ਦੇ ਅੰਦਰ – ਅੰਦਰ ਹੀ ਉਨ੍ਹਾਂ ਦੀ ਬਟਾਲੀਅਨ ਪਣਜੀ ਪਹੁੰਚ ਗਈ ਸੀ। ਉੱਥੇ ਸੰਗਤ ਸਿੰਘ ਨੇ ਆਪਣੀ ਬਟਾਲੀਅਨ ਨੂੰ ਇਹ ਕਹਿ ਕੇ ਰੋਕਿਆ ਕਿ ਹੁਣ ਰਾਤ ਹੋ ਗਈ ਹੈ।”
“ਪਣਜੀ ਆਬਾਦੀ ਵਾਲਾ ਇਲਾਕਾ ਹੈ। ਰਾਤ ਦੇ ਸਮੇਂ ਹਮਲਾ ਕਰਨ ਨਾਲ ਆਮ ਨਾਗਰਿਕਾਂ ਦਾ ਜਾਨੀ ਨੁਕਸਾਨ ਹੋ ਸਕਦਾ ਹੈ। ਸਵੇਰੇ ਉਨ੍ਹਾਂ ਨੇ ਨਦੀ ਪਾਰ ਕੀਤੀ। ਪੁਰਤਗਾਲੀ ਸਰਕਾਰ ਨੇ ਭਾਰਤੀ ਫ਼ੌਜੀਆਂ ਨੂੰ ਰੋਕਣ ਲਈ ਪੁਲ ਤੋੜ ਦਿੱਤੇ ਸਨ। ਸੰਗਤ ਸਿੰਘ ਦੇ ਫ਼ੌਜੀਆਂ ਨੇ ਇੱਕ ਤਰ੍ਹਾਂ ਨਾਲ ਤੈਰ ਕੇ ਉਸ ਨਦੀ ਨੂੰ ਪਾਰ ਕੀਤਾ।”
ਜੂਨ 1962 ਤੱਕ ਭਾਰਤੀ ਫ਼ੌਜੀ ਗੋਆ ’ਚ ਆਪਣੀ ਕਾਰਵਾਈ ਮੁਕੰਮਲ ਕਰਕੇ ਵਾਪਸ ਆਗਰਾ ਪਹੁੰਚ ਚੁੱਕੇ ਸਨ। ਆਗਰਾ ਦੇ ਮਸ਼ਹੂਰ ਕਲਾਰਕਸ ਸੀਰਾਜ਼ ਹੋਟਲ ’ਚ ਇੱਕ ਦਿਲਚਸਪ ਘਟਨਾ ਵਾਪਰੀ।
ਮੇਜਰ ਜਨਰਲ ਵੀ ਕੇ ਸਿੰਘ ਦੱਸਦੇ ਹਨ, “ ਬ੍ਰਿਗੇਡੀਅਰ ਸਗਤ ਸਿੰਘ ਉੱਥੇ ਸਿਵਲ ਡਰੈੱਸ ’ਚ ਗਏ ਸਨ। ਉੱਥੇ ਕੁਝ ਅਮਰੀਕੀ ਸੈਲਾਨੀ ਵੀ ਆਏ ਹੋਏ ਸਨ, ਜੋ ਕਿ ਉਨ੍ਹਾਂ ਨੂੰ ਬਹੁਤ ਹੀ ਧਿਆਨ ਨਾਲ ਵੇਖ ਰਹੇ ਸਨ। ਕੁਝ ਦੇਰ ਬਾਅਦ ਉਨ੍ਹਾਂ ’ਚੋਂ ਇੱਕ ਵਿਅਕਤੀ ਨੇ ਉਨ੍ਹਾਂ ਕੋਲ ਆ ਕੇ ਪੁੱਛਿਆ, ਕੀ ਤੁਸੀਂ ਬ੍ਰਿਗੇਡੀਅਰ ਸਗਤ ਸਿੰਘ ਹੋ?”
“ਉਨ੍ਹਾਂ ਨੇ ਕਿਹਾ ਤੁਸੀਂ ਇਹ ਕਿਉਂ ਪੁੱਛ ਰਹੇ ਹੋ? ਤਾਂ ਉਸ ਵਿਅਕਤੀ ਨੇ ਜਵਾਬ ਦਿੱਤਾ ਕਿ ਅਸੀਂ ਹੁਣੇ ਪੁਰਤਗਾਲ ਤੋਂ ਆ ਰਹੇ ਹਾਂ। ਉੱਥੇ ਥਾਂ-ਥਾਂ ’ਤੇ ਤੁਹਾਡੇ ਪੋਸਟਰ ਲੱਗੇ ਹੋਏ ਹਨ।”
“ਉਨ੍ਹਾਂ ਪੋਸਟਰਾਂ ’ਤੇ ਲਿਖਿਆ ਹੋਇਆ ਹੈ ਕਿ ਜੋ ਕੋਈ ਵੀ ਤੁਹਾਨੂੰ ਫੜ ਕੇ ਲਿਆਵੇਗਾ ਉਸ ਨੂੰ 10 ਹਜ਼ਾਰ ਡਾਲਰ ਮਿਲਣਗੇ। ਬ੍ਰਿਗੇਡੀਅਰ ਸਗਤ ਸਿੰਘ ਨੇ ਹੱਸਦੇ ਹੋਏ ਕਿਹਾ, ਜੇਕਰ ਤੁਸੀਂ ਕਹੋ ਤਾਂ ਮੈਂ ਤੁਹਾਡੇ ਨਾਲ ਚੱਲਾਂ। ਅਮਰੀਕੀ ਸੈਲਾਨੀ ਨੇ ਹੱਸਦੇ ਹੋਏ ਕਿਹਾ, ਹੁਣ ਤਾਂ ਅਸੀਂ ਪੁਰਤਗਾਲ ਵਾਪਸ ਨਹੀਂ ਜਾ ਰਹੇ ਹਾਂ।”

ਤਸਵੀਰ ਸਰੋਤ, HARPER COLLINS
ਪੁਰਤਗਾਲ ਨੇ ਗੋਆ ’ਤੇ ਕਬਜ਼ੇ ਦੀ ਖ਼ਬਰ ਨੂੰ ਕੀਤਾ ਸੈਂਸਰ
ਦੂਜੇ ਪਾਸੇ ਪੁਰਤਗਾਲ ਦੀ ਰਾਜਧਾਨੀ ਲਿਸਬਨ ’ਚ ਸੈਂਸਰ ਅਧੀਨ ਕੰਮ ਕਰਨ ਵਾਲੀ ਪ੍ਰੈਸ ਉੱਥੋਂ ਦੇ ਲੋਕਾਂ ਨੂੰ ਗੋਆ ’ਚ ਪੁਰਤਗਾਲੀ ਫ਼ੌਜੀਆਂ ਦੇ ਸਖ਼ਤ ਵਿਰੋਧ ਅਤੇ ਭਾਰਤੀ ਫ਼ੌਜੀਆਂ ਦੇ ਹੱਥ ਨਾਲ ਲੜਨ ਦੀਆਂ ਖ਼ਬਰਾਂ ਨਸ਼ਰ ਕਰ ਰਹੀ ਸੀ।
ਇਹ ਝੂਠੀ ਖ਼ਬਰ ਵੀ ਪ੍ਰਕਾਸ਼ਿਤ ਕੀਤੀ ਜਾ ਰਹੀ ਸੀ ਕਿ ਪੁਰਤਗਾਲੀ ਫ਼ੌਜੀਆਂ ਨੇ ਭਾਰਤੀ ਫ਼ੌਜੀਆਂ ਨੂੰ ਬੰਦੀ ਬਣਾ ਲਿਆ ਹੈ।
ਪੁਰਤਗਾਲ ਦੇ ਲੋਕਾਂ ਨੂੰ ਇਹ ਦੱਸਿਆ ਹੀ ਨਹੀਂ ਗਿਆ ਸੀ ਕਿ ਗੋਆ ’ਚ ਬਹੁਤ ਘੱਟ ਪੁਰਤਗਾਲੀ ਫ਼ੌਜੀ ਮੌਜੂਦ ਹਨ। ਉਨ੍ਹਾਂ ਕੋਲ ਨਾ ਤਾਂ ਲੜਨ ਦਾ ਤਜ਼ਰਬਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਅਜਿਹੇ ਅਪਰੇਸ਼ਨ ਲਈ ਸਿਖਲਾਈ ਦਿੱਤੀ ਗਈ ਹੈ।
ਜੇਕਰ ਉਹ ਪ੍ਰਤੀਕਾਤਮਕ ਤੌਰ ’ਤੇ ਵਿਰੋਧ ਕਰਨਾ ਵੀ ਚਾਹੁੰਦੇ ਹੋਣ ਤਾਂ ਇਸ ਲਈ ਉਨ੍ਹਾਂ ਕੋਲ ਲੋੜੀਂਦੇ ਸਾਧਨ ਮੌਜੂਦ ਨਹੀਂ ਸਨ। ਜਦੋਂ ਪੁਰਤਗਾਲ ਨੇ ਇਹ ਮਾਮਲਾ ਸੁਰੱਖਿਆ ਪ੍ਰੀਸ਼ਦ ਅੱਗੇ ਰੱਖਿਆ, ਉਸ ਦਿਨ ਤੱਕ ਵੀ ਪੁਰਤਗਾਲੀ ਪ੍ਰੈਸ ਵਧਾ-ਚੜ੍ਹਾ ਕੇ ਦਾਅਵਾ ਕਰ ਰਹੀ ਸੀ ਕਿ ਭਾਰਤ ਦੇ ਹੁਣ ਤੱਕ 1500 ਫ਼ੌਜੀ ਹਲਾਕ ਹੋ ਚੁੱਕੇ ਹਨ।
18 ਦਸੰਬਰ ਦੇ ਪੂਰੇ ਦਿਨ ਗੋਆ ਰੇਡਿਓ ਜੰਗੀ ਸੰਗੀਤ ਵਜਾਉਂਦਾ ਰਿਹਾ, ਪਰ ਉਸ ਨੇ ਭਾਰਤੀ ਫੌਜੀਆਂ ਦੇ ਗੋਆ ’ਚ ਦਾਖਲ ਹੋਣ ਸਬੰਧੀ ਕੋਈ ਖ਼ਬਰ ਨਾ ਦਿੱਤੀ।
ਜਿਵੇਂ ਹੀ ਭਾਰਤੀ ਹਵਾਈ ਜਹਾਜ਼ਾਂ ਨੇ ਡੇਬੋਲਿਮ ਹਵਾਈ ਅੱਡੇ ’ਤੇ ਬੰਬਾਰੀ ਸ਼ੁਰੂ ਕੀਤੀ ਤਾਂ ਸਕੂਲ ’ਚ ਮੌਜੂਦ ਬੱਚਿਆਂ ਨੂੰ ਤੁਰੰਤ ਘਰ ਪਰਤਣ ਦੀ ਹਦਾਇਤ ਕੀਤੀ ਗਈ।

ਤਸਵੀਰ ਸਰੋਤ, Sagat Singh Family
ਡੇਬੋਲਿਮ ਹਵਾਈ ਪੱਟੀ ’ਤੇ ਹੰਟਰ ਜਹਾਜ਼ਾਂ ਰਾਹੀਂ ਬੰਬਾਰੀ
18 ਦਸੰਬਰ ਨੂੰ ਸਵੇਰੇ 7 ਵਜੇ ਸਕੁਐਡਰਨ ਲੀਡਰ ਜੈਵੰਤ ਸਿੰਘ ਦੀ ਅਗਵਾਈ ’ਚ 6 ਹੰਟਰ ਜਹਾਜ਼ਾਂ ਨੇ ਪੂਣੇ ਸਥਿਤ ਹਵਾਈ ਸੈਨਾ ਦੇ ਅੱਡੇ ਤੋਂ ਉਡਾਣ ਭਰੀ। ਉਨ੍ਹਾਂ ਨੇ ਬੰਬੋਲਿਮ ਸਥਿਤ ਰੇਡਿਓ ਸਟੇਸ਼ਨ ’ਤੇ ਰਾਕੇਟ ਅਤੇ ਗੰਨ ਕੈਨਨ ਨਾਲ ਹਮਲਾ ਕੀਤਾ ਅਤੇ 10 ਮਿੰਟਾਂ ’ਚ ਉਸ ਨੂੰ ਬਰਬਾਦ ਕਰ ਦਿੱਤਾ।
ਗੋਆ ਦਾ ਬਾਹਰੀ ਦੁਨੀਆ ਨਾਲ ਸੰਪਰਕ ਟੁੱਟ ਗਿਆ ਅਤੇ ਗੋਆ ਰੇਡਿਓ ਦੀ ਉਹ ਮਸ਼ਹੂਰ ਅਨਾਊਨਸਮੈਂਟ ਹਮੇਸ਼ਾ ਲਈ ਬੰਦ ਹੋ ਗਈ- “ ਇਹ ਪੁਰਤਗਾਲ ਹੈ, ਤੁਸੀਂ ਸੁਣ ਰਹੇ ਹੋ ਰੇਡਿਓ ਗੋਆ’।
ਉਸੇ ਸਮੇਂ ਪੂਣੇ ਤੋਂ 12 ਕੈਨਬਰਾ ਅਤੇ 4 ਹੰਟਰ ਜਹਾਜ਼ਾਂ ਨੇ ਗੋਆ ਲਈ ਉਡਾਣ ਭਰੀ। ਉਨ੍ਹਾਂ ਨੇ ਗੋਆ ਦੇ ਡੇਬੋਲਿਮ ਰਨਵੇਅ ’ਤੇ 1000 ਪੌਂਡ ਦੇ 63 ਬੰਬ ਸੁੱਟੇ।
ਵਾਲਮੀਕੀ ਫਲੇਰੋ ਲਿਖਦੇ ਹਨ, “ ਪਹਿਲੇ ਦੌਰ ’ਚ 63 ਪੌਂਡ ਬੰਬ ਸੁੱਟਣ ਦੇ ਬਾਵਜੂਦ ਭਾਰਤੀ ਹਵਾਈ ਸੈਨਾ ਚੈਨ ਨਾਲ ਨਹੀਂ ਬੈਠੀ। ਤਕਰੀਬਨ ਅੱਧੇ ਘੰਟੇ ਬਾਅਦ ਉਨ੍ਹਾਂ ਨੇ ਉੱਥੇ ਮੁੜ ਹਮਲਾ ਕੀਤਾ ਅਤੇ ਇਸ ਵਾਰ 48 ਹਜ਼ਾਰ ਪੌਂਡ ਦੇ ਬੰਬ ਸੁੱਟੇ।”
“ਇਸ ਤੋਂ ਅੱਧੇ ਘੰਟੇ ਬਾਅਦ ਫਲਾਈਟ ਲੈਫਟੀਨੈਂਟ ਵਿਵਿਅਨ ਗੁਡਵਿਨ ਨੂੰ ਡੇਬੋਲਿਮ ਹਵਾਈ ਪੱਟੀ ’ਤੇ ਹੋਈ ਬੰਬਾਰੀ ਕਾਰਨ ਹੋਏ ਨੁਕਸਾਨ ਦੀਆਂ ਤਸਵੀਰਾਂ ਲੈਣ ਲਈ ਭੇਜਿਆ ਗਿਆ। ਫੋਟੋਆਂ ਤੋਂ ਪਤਾ ਲੱਗਿਆ ਕਿ ਹਵਾਈ ਪੱਟੀ ਨੂੰ ਵਧੇਰੇ ਨੁਕਸਾਨ ਨਹੀਂ ਪਹੁੰਚਿਆ ਸੀ। ਇਸ ਤੋਂ ਬਾਅਦ 11: 40 ’ਤੇ ਡੇਬੋਲਿਮ ’ਤੇ ਤੀਜਾ ਹਮਲਾ ਕੀਤਾ ਗਿਆ।”

ਤਸਵੀਰ ਸਰੋਤ, AP
ਗੋਆ ਦੇ ਭਾਰਤ ਦਾ ਹਿੱਸਾ ਬਣਨ ਦੀ ਕਹਾਣੀ
- ਭਾਰਤੀ ਫ਼ੌਜ ਨੇ 17-18 ਦਸੰਬਰ ਦੀ ਅੱਧੀ ਰਾਤ ਨੂੰ ਗੋਆ ਦੀ ਸੀਮਾ ਪਾਰ ਕੀਤੀ ਸੀ।
- ਟਾਈਮਜ਼ ਆਫ਼ ਇੰਡੀਆ ਨੇ ਆਪਣੇ 19 ਦਸੰਬਰ 1961 ਦੇ ਅਖ਼ਬਾਰ ’ਚ ਬੈਨਰ ਹੈੱਡਲਾਈਨ ਪ੍ਰਕਾਸ਼ਿਤ ਕੀਤੀ ਸੀ, “ ਅਵਰ ਟਰੂਪਸ ਐਂਟਰ ਗੋਆ, ਦਮਨ ਐਂਡ ਦੀਉ ਐਟ ਲਾਸਟ।”
- ਭਾਰਤੀ ਫ਼ੌਜ ਨੂੰ ਗੋਆ ਅੰਦਰ ਦਾਖਲ ਹੋਣ ਮੌਕੇ ਮਾਮੂਲੀ ਟਾਕਰੇ ਦਾ ਸਾਹਮਣਾ ਕਰਨਾ ਪਿਆ ਸੀ। ਗੋਆ ’ਤੇ ਕਬਜ਼ਾ ਕਰਨ ਦੀ ਜ਼ਿੰਮੇਵਾਰੀ ਮੇਜਰ ਜਨਰਲ ਕੈਂਡੇਥ ਦੀ ਅਗਵਾਈ ’ਚ 17 ਇਨਫੈਂਟਰੀ ਡਿਵੀਜ਼ਨ ਨੂੰ ਸੌਂਪੀ ਗਈ ਸੀ।
- ਇਤਿਹਾਸਕਾਰ ਰਾਮਚੰਦਰ ਗੁਹਾ ਆਪਣੀ ਕਿਤਾਬ ‘ਇੰਡੀਆ ਆਫ਼ਟਰ ਗਾਂਧੀ’ ’ਚ ਲਿਖਦੇ ਹਨ, “ 18 ਦਸੰਬਰ ਦੀ ਸਵੇਰ ਨੂੰ ਭਾਰਤੀ ਫ਼ੌਜੀ ਉੱਤਰ ’ਚ ਸਾਵੰਤਵਾੜੀ, ਦੱਖਣ ’ਚ ਕਾਰਵਾਰ ਅਤੇ ਪੂਰਬ ’ਚ ਬੇਲਗਾਂਵ ਤੋਂ ਗੋਆ ’ਚ ਦਾਖਲ ਹੋਏ ਸਨ।”
- “18 ਦਸੰਬਰ ਦੀ ਸ਼ਾਮ ਤੱਕ ਰਾਜਧਾਨੀ ਪਣਜੀ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਗਿਆ ਸੀ। ਸਥਾਨਕ ਲੋਕ ਭਾਰਤੀ ਫ਼ੌਜ ਦੀ ਮਦਦ ਕਰ ਰਹੇ ਸਨ ਅਤੇ ਉਨ੍ਹਾਂ ਥਾਵਾਂ ਬਾਰੇ ਉਨ੍ਹਾਂ ਨੂੰ ਦੱਸ ਰਹੇ ਸਨ ਜਿੱਥੇ ਪੁਰਤਗਾਲੀਆਂ ਨੇ ਬਾਰੂਦੀ ਸੁਰੰਗਾਂ ਵਿਛਾਈਆਂ ਹੋਈਆਂ ਸਨ।”
- ਇਸ ਸਭ ਦਾ ਅੰਤ ਗੋਆ ਦੇ ਭਾਰਤ ਦਾ ਹਿੱਸਾ ਬਣਨ ਨਾਲ ਹੋਇਆ।


ਤਸਵੀਰ ਸਰੋਤ, BHARATRAKSHAK.COM
ਔਰਤਾਂ ਅਤੇ ਬੱਚਿਆਂ ਨੂੰ ਭੇਜਿਆ ਲਿਸਬਨ
ਭਾਰਤੀ ਹਵਾਈ ਫ਼ੌਜ ਵੱਲੋਂ ਕੀਤੀ ਭਾਰੀ ਬੰਬਾਰੀ ਦੇ ਬਾਵਜੂਦ ਡੇਬੋਲਿਮ ਹਵਾਈ ਪੱਟੀ ’ਤੇ ਕੁਝ ਟੋਏ ਹੀ ਬਣੇ। ਗੋਆ ’ਚ ਮੌਜੂਦ ਪੁਰਤਗਾਲੀ ਅਧਿਕਾਰੀਆਂ ਨੇ ਤੈਅ ਕੀਤਾ ਕਿ ਉਹ ਆਪਣੀਆਂ ਪਤਨੀਆਂ ਅਤੇ ਬੱਚਿਆਂ ਨੂੰ ਹਵਾਈ ਜਹਾਜ਼ ਰਾਹੀਂ ਪੁਰਤਗਾਲ ਭੇਜਣਗੇ।
ਉਸ ਸਮੇਂ ਡੇਬੋਲਿਮ ’ਚ ਸਿਰਫ ਦੋ ਜਹਾਜ਼ ਹੀ ਉਪਲੱਬਧ ਸਨ।
ਜਿਵੇਂ ਹੀ ਹਨੇਰਾ ਹੋਇਆ ਡੇਬੋਲਿਮ ਹਵਾਈ ਪੱਟੀ ’ਤੇ ਪਏ ਟੋਇਆਂ ਦੀ ਜਲਦੀ ਤੋਂ ਜਲਦੀ ਮੁਰੰਮਤ ਕੀਤੀ ਗਈ। ਚਾਰੇ ਪਾਸਿਆਂ ਤੋਂ ਘਿਰੇ ਹੋਣ ਦੇ ਬਾਵਜੂਦ ਗਵਰਨਰ ਜਨਰਲ ਸਿਲਵਾ ਨੇ ਇਨ੍ਹਾਂ ਜਹਾਜ਼ਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ।
ਵਾਲਮੀਕੀ ਫਲੋਰੋ ਲਿਖਦੇ ਹਨ, “ ਦੋ ਜਹਾਜ਼ਾਂ ’ਚ ਪੁਰਤਗਾਲੀ ਅਧਿਕਾਰੀਆਂ ਦੀਆਂ ਪਤਨੀਆਂ ਅਤੇ ਬੱਚਿਆਂ ਸਮੇਤ ਜਰੂਰੀ ਸਰਕਾਰੀ ਦਸਤਾਵੇਜ਼ ਵੀ ਲਿਸਬਨ ਲਈ ਰਵਾਨਾ ਕੀਤੇ ਗਏ। ਇੰਨ੍ਹਾਂ ਜਹਾਜ਼ਾਂ ਨੇ ਹਨੇਰੇ ’ਚ ਬਹੁਤ ਵੱਡਾ ਜੋਖਮ ਉਠਾਉਂਦੇ ਹੋਏ ਸਿਰਫ 700 ਮੀਟਰ ਲੰਮੇ ਰਨਵੇਅ ਤੋਂ ਬਿਨਾਂ ਲਾਈਟਾਂ ਦੇ ਉਡਾਣ ਭਰੀ ਸੀ।”
“ਇੰਨ੍ਹਾਂ ਜਹਾਜ਼ਾਂ ’ਤੇ ਸਮੁੰਦਰ ’ਚ ਤੈਨਾਤ ਭਾਰਤੀ ਜੰਗੀ ਬੇੜਿਆਂ ਨੇ ਗੋਲੀਆਂ ਵੀ ਚਲਾਈਆਂ ਪਰ ਉਹ ਬਚ ਨਿਕਲਣ ’ਚ ਕਾਮਯਾਬ ਰਹੇ। ਬਹੁਤ ਨੀਵੀਂ ਉਡਾਣ ਭਰਦੇ ਹੋਏ ਲੰਮਾ ਰਸਤਾ ਤੈਅ ਕਰਕੇ ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ’ਤੇ ਉਤਰੇ।”
ਇਸ ਦੌਰਾਨ ਗੋਆ ਦੇ ਗਵਰਨਰ ਜਨਰਲ ਮੇਜਰ ਜਨਰਲ ਸਿਲਵਾ ਵਾਸਕੋ ਡੀ ਗਾਮਾ ਵਿਖੇ ਪਹੁੰਚ ਗਏ ਸਨ।
ਉੱਥੇ ਸਭ ਤੋਂ ਪਹਿਲਾਂ ਮੇਜਰ ਬਿਲ ਕਾਰਵੇਲੋ ਦੀ ਅਗਵਾਈ ’ਚ ਸਿੱਖ ਰੈਜੀਮੈਂਟ ਦੇ ਜਵਾਨ ਪਹੁੰਚੇ ਸਨ।
ਬ੍ਰਿਗੇਡੀਅਰ ਰਵੀ ਮਹਿਤਾ ਨੇ ਵਾਲਮੀਕੀ ਫੇਲੋਰੋ ਨੂੰ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ “ ਮੇਜਰ ਬਿਲ ਕਾਰਵੇਲੋ, ਕੈਪਟਨ ਆਰਐਸ ਬਾਲੀ ਅਤੇ ਮੈਂ ਉਸ ਇਮਾਰਤ ਦੇ ਗੇਟ ’ਤੇ ਪਹੁੰਚੇ ਜਿੱਥੇ ਜਨਰਲ ਸਿਲਵਾ ਮੌਜੂਦ ਸਨ।”
“ਅਸੀਂ ਮੈਸ ’ਚ ਉਸ ਮੇਜ਼ ’ਤੇ ਪਹੁੰਚੇ ਜਿੱਥੇ ਕਿ ਜਨਰਲ ਸਿਲਵਾ ਬੈਠੈ ਹੋਏ ਸਨ। ਉਨ੍ਹਾਂ ਨੂੰ ਉਦੋਂ ਤੱਕ ਪਤਾ ਲੱਗ ਗਿਆ ਸੀ ਕਿ ਭਾਰਤੀ ਫ਼ੌਜ ਨੇ ਉਨ੍ਹਾਂ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ ਹੈ ਅਤੇ ਉਨ੍ਹਾਂ ਕੋਲ ਵਿਰੋਧ ਕਰਨ ਦਾ ਵਿਕਲਪ ਵੀ ਨਹੀਂ ਹੈ। ਬਿਲ ਨੇ ਗਵਰਨਰ ਨੂੰ ਸੈਲਿਊਟ ਕੀਤਾ ਅਤੇ ਗਵਰਨਰ ਨੇ ਵੀ ਖੜੇ ਹੋ ਕੇ ਉਸ ਸੈਲਿਊਟ ਦਾ ਜਵਾਬ ਦਿੱਤਾ।”
ਬਿਲ ਨੇ ਕਿਹਾ ਕਿ ਤੁਸੀਂ ਆਪਣੇ ਸੈਨਿਕਾਂ ਨੂੰ ਹਥਿਆਰ ਸੁੱਟਣ ਅਤੇ ਬੈਰਕ ’ਚ ਜਾਣ ਦਾ ਹੁਕਮ ਦਿਓ।
ਉਨ੍ਹਾਂ ਨੇ ਗਵਰਨਰ ਨੂੰ ਕਿਹਾ ਕਿ ਤੁਸੀਂ ਵੀ ਆਪਣੀ ਰਿਹਾਇਸ਼ ’ਤੇ ਚਲੇ ਜਾਓ, ਜਿੱਥੇ ਤੁਹਾਡੇ ’ਤੇ ਨਜ਼ਰ ਰੱਖਣ ਲਈ ਭਾਰਤੀ ਫੌਜ ਦੇ ਕੁਝ ਜਵਾਨਾਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ।
ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਨੰਦਾ ਨੇ ਤੈਅ ਕੀਤਾ ਕਿ ਰਸਮੀ ਸਮਰਪਣ ਦਾ ਸਮਾਗਮ ਰਾਤ ਨੂੰ ਹੋਵੇਗਾ।

ਤਸਵੀਰ ਸਰੋਤ, BHARATRAKSHAK.COM
ਜਨਰਲ ਸਿਲਵਾ ਨੇ ਕੀਤਾ ਆਤਮ ਸਮਰਪਣ
ਸਮਰਪਣ ਸਮਾਗਮ 19 ਦਸੰਬਰ, 1961 ਦੀ ਰਾਤ ਨੂੰ 9:15 ‘ਤੇ ਹੋਇਆ। ਉਸ ਸਮੇਂ ਉੱਥੇ ਬਹੁਤ ਹੀ ਘੱਟ ਲੋਕ ਮੌਜੂਦ ਸਨ। ਉਨ੍ਹਾਂ ’ਚੋਂ ਇੱਕ ਸਨ ਡਾਕਟਰ ਸੁਰੇਸ਼ ਕਾਨੇਕਰ ਜਿਨ੍ਹਾਂ ਨੇ ਗੋਆ ਦੀ ਆਜ਼ਾਦੀ ਦੀ ਲੜਾਈ ’ਚ ਹਿੱਸਾ ਲਿਆ ਸੀ।
ਬਾਅਦ ’ਚ ਉਹ ਸਾਲ 2011 ’ਚ ਪ੍ਰਕਾਸ਼ਿਤ ਆਪਣੀ ਕਿਤਾਬ ‘ਗੋਆਜ਼ ਲਿਬਰੇਸ਼ਨ ਐਂਡ ਦਿਅਰ ਆਫ਼ਟਰ’ ’ਚ ਲਿਖਦੇ ਹਨ, “ ਸਮਰਪਣ ਸਮਾਗਮ ਦਾ ਆਯੋਜਨ ਇੱਕ ਖੁੱਲ੍ਹੇ ਮੈਦਾਨ ’ਚ ਹੋਇਆ ਸੀ। ਬ੍ਰਿਗੇਡੀਅਰ ਕੇ ਐੱਸ ਢਿੱਲੋਂ ਜੀਪ ’ਚ ਬੈਠੇ ਹੋਏ ਸਨ। ਉਨ੍ਹਾਂ ਨੇ ਉੱਥੇ ਮੌਜੂਦ ਕਾਰਾਂ ਨੂੰ ਅੰਗਰੇਜ਼ੀ ਦੇ ਅੱਖਰ ‘ਸੀ’ ਦੀ ਫਾਰਮੇਸ਼ਨ ’ਚ ਖੜ੍ਹਾ ਕੀਤਾ। ਕਾਰਾਂ ਦੀਆਂ ਹੈੱਡਲਾਈਟਾਂ ਚਾਲੂ ਸਨ ਅਤੇ ਉਸ ਥਾਂ ਵੱਲ ਕੇਂਦਰਿਤ ਸਨ, ਜਿੱਥੇ ਜਨਰਲ ਸਿਲਵਾ ਆਤਮ ਸਮਰਪਣ ਕਰਨ ਵਾਲੇ ਸਨ।”
“ ਲਗਭਗ 8 ਵਜ ਕੇ 45 ਮਿੰਟ ’ਤੇ ਜਨਰਲ ਸਿਲਵਾ ਨੂੰ ਉੱਥੇ ਲਿਆਂਦਾ ਗਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਚੀਫ਼ ਆਫ਼ ਸਟਾਫ਼ ਲੈਫਟੀਨੈਂਟ ਕਰਨਲ ਮਾਰਕੇ ਡੇ ਐਂਡਰੇਡ ਵੀ ਸਨ। ਉਨ੍ਹਾਂ ਨੂੰ ਕਰੀਬ ਅੱਧੇ ਘੰਟੇ ਤੱਕ ਇੰਤਜ਼ਾਰ ਕਰਵਾਇਆ ਗਿਆ। ਉਨ੍ਹਾਂ ਦੇ ਦੋਵੇਂ ਪਾਸੇ ਭਾਰਤੀ ਫੌਜ ਦੇ ਜਵਾਨ ਖੜ੍ਹੇ ਸਨ।”

ਤਸਵੀਰ ਸਰੋਤ, BHARATRAKSHAK.COM
ਡਾਕਟਰ ਕਾਨੇਕਰ ਅੱਗੇ ਲਿਖਦੇ ਹਨ, “ ਜਦੋਂ ਬ੍ਰਿਗੇਡੀਅਰ ਢਿੱਲੋਂ ਨੂੰ ਦੱਸਿਆ ਗਿਆ ਕਿ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ ਤਾਂ ਉਹ ਆਪਣੀ ਜੀਪ ਤੋਂ ਹੇਠਾਂ ਉਤਰੇ ਅਤੇ ਜਨਰਲ ਸਿਲਵਾ ਦੇ ਸਾਹਮਣੇ ਖੜ੍ਹੇ ਹੋ ਗਏ।”
“ਬ੍ਰਿਗੇਡੀਅਰ ਢਿੱਲੋਂ ਨੂੰ ਸੰਬੋਧਨ ਕਰਦਿਆਂ ਲੈਫਟੀਨੈਂਟ ਕਰਨਲ ਨੰਦਾ ਨੇ ਕਿਹਾ ਕਿ ਗੋਆ, ਦਮਨ ਅਤੇ ਦੀਉ ਦੇ ਗਵਰਨਰ ਜਨਰਲ ਉਨ੍ਹਾਂ ਦੇ ਸਾਹਮਣੇ ਆਤਮ ਸਮਰਪਣ ਕਰ ਰਹੇ ਹਨ।”
“ ਨੰਦਾ ਦੇ ਹੁਕਮ ਦੇਣ ’ਤੇ ਜਨਰਲ ਸਿਲਵਾ ਅੱਗੇ ਵਧੇ ਅਤੇ ਉਨ੍ਹਾ ਨੇ ਢਿੱਲੋਂ ਨੂੰ ਸੈਲਿਊਟ ਕੀਤਾ। ਢਿੱਲੋਂ ਨੇ ਉਸ ਸੈਲਿਊਟ ਦਾ ਜਵਾਬ ਨਹੀਂ ਦਿੱਤਾ। ਇਸ ਨਾਲ ਮੈਨੂੰ ਬਹੁਤ ਹੈਰਾਨੀ ਹੋਈ ਕਿਉਂਕਿ ਸਿਲਵਾ ਮੇਜਰ ਜਨਰਲ ਸਨ ਅਤੇ ਅਹੁਦੇ ’ਚ ਢਿੱਲੋਂ ਤੋਂ ਉੱਚੇ ਪਦ ’ਤੇ ਸਨ। ਉਨ੍ਹਾਂ ਨੇ ਢਿੱਲੋਂ ਨੂੰ ਸਮਰਪਣ ਦੇ ਦਸਤਾਵੇਜ਼ ਸੌਂਪੇ।”
ਇਸ ਤੋਂ ਬਾਅਦ ਢਿੱਲੋਂ ਆਪਣੀ ਜੀਪ ’ਚ ਵਾਪਸ ਚਲੇ ਗਏ ਅਤੇ ਸਿਲਵਾ ਨੂੰ ਉਸ ਭਵਨ ’ਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਹਿਰਾਸਤ ’ਚ ਰੱਖਿਆ ਗਿਆ ਸੀ। ਇਸ ਪੂਰੇ ਸਮਾਗਮ ਦੌਰਾਨ ਨਾ ਹੀ ਸਿਲਵਾ ਨੇ ਕੋਈ ਸ਼ਬਦ ਕਿਹਾ ਅਤੇ ਨਾ ਹੀ ਢਿੱਲੋਂ ਨੇ।
ਭਾਰਤੀ ਫੌਜ ਦੇ ਕਮਾਂਡਰ ਜਨਰਲ ਕੈਂਡੇਥ ਇਸ ਲਈ ਸਮਰਪਣ ਨਹੀਂ ਲੈ ਸਕੇ ਸਨ ਕਿਉਂਕਿ ਉਹ ਉਸ ਸਮੇਂ ਵਾਸਕੋ ਡੀ ਗਾਮਾ ’ਚ ਮੌਜੂਦ ਹੀ ਨਹੀਂ ਸਨ। ਸਮਰਪਣ ਮੌਕੇ ਕੈਂਡੇਥ ਨੂੰ ਇਹ ਵੀ ਪਤਾ ਨਹੀਂ ਸੀ ਕਿ ਭਾਰਤੀ ਫੌਜ ਵਾਸਕੋ ਡੀ ਗਾਮਾ ਵਿਖੇ ਪਹੁੰਚ ਗਈ ਹੈ।
ਉਨ੍ਹਾਂ ਨੂੰ ਇਸ ਸਬੰਧੀ ਪੂਰੀ ਜਾਣਕਾਰੀ ਰਾਤ ਦੇ 11 ਵਜੇ ਟੈਲੀਫੋਨ ਜ਼ਰੀਏ ਮਿਲੀ।
ਇਸ ਸਮਰਪਣ ਸਮਾਗਮ ਦੀ ਇੱਕ ਵੀ ਤਸਵੀਰ ਮੌਜੂਦ ਨਹੀਂ ਹੈ। ਡਾਕਟਰ ਸੁਰੇਸ਼ ਕਾਨੇਕਰ ਲਿਖਦੇ ਹਨ, “ ਲੈਫਟੀਨੈਂਟ ਕਰਨਲ ਨੰਦਾ ਨੇ ਇਸ ਸਮਾਗਮ ਦੀਆਂ ਫੋਟੋਆਂ ਖਿੱਚਣ ਲਈ ਇੱਕ ਫੋਟੋਗਰਾਫਰ ਦਾ ਇੰਤਜ਼ਾਮ ਕੀਤਾ ਸੀ ਪਰ ਫੋਟੋਗ੍ਰਾਫਰ ਦੇ ਕੈਮਰੇ ’ਚ ਫਲੈਸ਼ ਹੀ ਨਹੀਂ ਸੀ।”
“ਨੰਦਾ ਨੇ ਫੋਟੋਗਰਾਫਰ ਨੂੰ ਦੱਸਿਆ ਸੀ ਕਿ ਜਦੋਂ ਉਹ ਇਸ਼ਾਰਾ ਕਰਨਗੇ ਤਾਂ ਉਹ ਫੋਟੋ ਲੈ ਲਵੇ ਪਰ ਆਖਰੀ ਸਮੇਂ ਨੰਦਾ ਇਸ਼ਾਰਾ ਕਰਨਾ ਹੀ ਭੁੱਲ ਗਏ। ਇਸ ਲਈ ਫ਼ੋਟੋਗਰਾਫਰ ਨੇ ਤਸਵੀਰ ਨਹੀਂ ਖਿੱਚੀ।”

ਤਸਵੀਰ ਸਰੋਤ, Getty Images
ਪੁਰਤਗਾਲੀ ਜਨਰਲ ਨਾਲ ਮੁਲਾਕਾਤ
ਕੁਝ ਦਿਨਾਂ ਬਾਅਦ ਦੱਖਣੀ ਕਮਾਡ ਦੇ ਮੁਖੀ ਜਨਰਲ ਜੇਐਨ ਚੌਧਰੀ ਪੁਰਤਗਾਲੀ ਜਨਰਲ ਸਿਲਵਾ ਨੂੰ ਮਿਲਣ ਲਈ ਜੇਲ੍ਹ ’ਚ ਉਨ੍ਹਾਂ ਦੀ ਕੋਠੜੀ ’ਚ ਗਏ।
ਜਨਰਲ ਸਿਲਵਾ ਦੇ ਇੱਕ ਸਾਥੀ ਜਨਰਲ ਕਾਰਲੋਸ ਅਜ਼ੇਰੇਡੋ ਆਪਣੀ ਕਿਤਾਬ ‘ਵਰਕ ਐਂਡ ਡੇਜ਼ ਆਫ਼ ਏ ਸੋਲਜ਼ਰ ਆਫ਼ ਦਿ ਇਪਾਇਰ’ ’ਚ ਲਿਖਦੇ ਹਨ, “ ਜਨਰਲ ਚੌਧਰੀ ਨੇ ਸਿਲਵਾ ਦੀ ਕੋਠੜੀ ’ਚ ਇੱਕਲੇ ਦਾਖਲ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ। ਜਨਰਲ ਸਿਲਵਾ ਖੜ੍ਹੇ ਹੋ ਕੇ ਉਨ੍ਹਾਂ ਨੂੰ ਸੈਲਿਊਟ ਮਾਰਨਾ ਚਾਹੁੰਦੇ ਸਨ ਪਰ ਚੌਧਰੀ ਨੇ ਉਨ੍ਹਾਂ ਦੇ ਮੋਢੇ ਥਪਥਪਾਉਂਦੇ ਹੋਏ ਉਨ੍ਹਾਂ ਨੂੰ ਖੜ੍ਹੇ ਹੋਣ ਤੋਂ ਰੋਕਿਆ। ਫਿਰ ਜਨਰਲ ਚੌਧਰੀ ਨੇ ਇੱਕ ਕੁਰਸੀ ਖਿੱਚੀ ਅਤੇ ਜਨਰਲ ਸਿਲਵਾ ਦੇ ਸਾਹਮਣੇ ਬੈਠ ਗਏ।”
ਉਨ੍ਹਾਂ ਨੇ ਜਨਰਲ ਸਿਲਵਾ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਉਹ ਕਮਾਂਡਰ ਬਿਲ ਕਾਰਵੇਲੋ ਨੂੰ ਕਹਿ ਸਕਦੇ ਹਨ। ਜਨਰਲ ਚੌਧਰੀ ਨੇ ਜਨਰਲ ਸਿਲਵਾ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਪਤਨੀ ਸੁਰੱਖਿਅਤ ਹੈ ਅਤੇ ਭਾਰਤ ਸਰਕਾਰ ਜਲਦੀ ਹੀ ਉਨ੍ਹਾਂ ਨੂੰ ਲਿਸਬਨ ਭੇਜਣ ਵਾਲੀ ਹੈ।
ਇਸ ਤੋਂ ਬਾਅਦ ਭਾਰਤੀ ਸੈਨਾ ਮੁਖੀ ਜਨਰਲ ਪੀਐੱਨ ਥਾਪਰ ਵੀ ਸਿਲਵਾ ਨੂੰ ਮਿਲਣ ਲਈ ਗਏ।
ਇਸ ਤੋਂ ਬਾਅਦ ਸਿਲਵਾ ਨੂੰ ਇੱਕ ਵਧੀਆ ਘਰ ’ਚ ਭੇਜ ਦਿੱਤਾ ਗਿਆ ਸੀ।
ਭਾਰਤੀ ਫ਼ੌਜ ਦੇ ਇੱਕ ਮੇਜਰ ਸੇਜ਼ਾਰ ਲੋਬੋ ਨੂੰ ਜਨਰਲ ਸਿਲਵਾ ਦੀ ਦੇਖ-ਰੇਖ ’ਚ ਲਗਾਇਆ ਗਿਆ ਸੀ। ਲੋਬੋ ਬਹੁਤ ਹੀ ਵਧੀਆ ਪੁਰਤਗਾਲੀ ਬੋਲ ਲੈਂਦੇ ਸਨ।
ਪੁਰਤਗਾਲ ਦੇ 3307 ਸੈਨਿਕਾਂ ਨੂੰ ਜੰਗੀ ਕੈਦੀ ਬਣਾਇਆ ਗਿਆ।
ਜਨਰਲ ਚੌਧਰੀ ਦੇ ਵਾਅਦੇ ਦੇ ਬਾਵਜੂਦ ਸਿਲਵਾ ਦੀ ਪਤਨੀ ਫ਼ਰਨਾਂਡਾ ਸਿਲਵਾ ਦੇ ਨਾਲ ਚੰਗਾ ਸਲੂਕ ਨਹੀਂ ਕੀਤਾ ਗਿਆ ਸੀ।
ਵਾਲਮੀਕੀ ਫਲੇਰੋ ਲਿਖਦੇ ਹਨ, “ ਉਨ੍ਹਾਂ ਨੂੰ ਜ਼ਬਰਦਸਤੀ ਉਨ੍ਹਾਂ ਦੇ ਡੋਨਾ ਪੌਲਾ ਵਾਲੀ ਸਰਕਾਰੀ ਰਿਹਾਇਸ਼ ਤੋਂ ਬਾਹਰ ਕੀਤਾ ਗਿਆ ਸੀ। ਉਨ੍ਹਾਂ ਨੂੰ ਪਣਜੀ ਦੀਆਂ ਸੜਕਾਂ ’ਤੇ ਭਟਕਦੇ ਹੋਏ ਵੇਖਿਆ ਗਿਆ ਸੀ। ਸਾਬਕਾ ਮੁੱਖ ਸਕੱਤਰ ਅਬੇਲ ਕੋਲਾਸੋ ਨੇ ਉਨ੍ਹਾਂ ਨੂੰ ਆਪਣੀ ਸਰਕਾਰੀ ਰਿਹਾਇਸ਼ ’ਚ ਪਨਾਹ ਦਿੱਤੀ ਸੀ।”
“ਜਦੋਂ ਇਹ ਮਾਮਲਾ ਸੰਸਦ ’ਚ ਉੱਠਿਆ ਤਾਂ ਨਹਿਰੂ ਨੇ ਕੋਲਾਸੋ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇੱਕ ਸ਼ਰੀਫ਼ ਇਨਸਾਨ ਦੀ ਤਰ੍ਹਾਂ ਮੁਸੀਬਤ ’ਚ ਘਿਰੀ ਔਰਤ ਨਾਲ ਚੰਗਾ ਵਿਵਹਾਰ ਕੀਤਾ ਹੈ। 29 ਦਸੰਬਰ, 1961 ਨੂੰ ਫਰਨਾਂਡਾ ਸਿਲਵਾ ਨੂੰ ਭਾਰਤੀ ਹਵਾਈ ਸੈਨਾ ਦੇ ਇੱਕ ਜਹਾਜ਼ ਰਾਹੀਂ ਬੰਬਈ ਲਿਜਾਇਆ ਗਿਆ, ਜਿੱਥੋਂ ਫਿਰ ਉਨ੍ਹਾਂ ਨੇ ਲਿਸਬਨ ਲਈ ਉਡਾਣ ਭਰੀ।”
ਉਨ੍ਹਾਂ ਦੇ ਪਤੀ ਜਨਰਲ ਸਿਲਵਾ 5 ਮਹੀਨਿਆਂ ਬਾਅਦ ਆਪਣੇ ਦੇਸ਼ ਪਰਤ ਸਕੇ। ਇਸ ਪੂਰੇ ਅਪਰੇਸ਼ਨ ’ਚ ਭਾਰਤ ਦੇ 22 ਜਵਾਨ ਸ਼ਹੀਦ ਹੋਏ ਸਨ ਜਦਕਿ 54 ਹੋਰ ਜਵਾਨ ਜ਼ਖਮੀ ਹੋਏ ਸਨ।

ਤਸਵੀਰ ਸਰੋਤ, GOLDEN HEART EMPORIUM BOOKS
ਅਰਜੁਨ ਸੁਬਰਾਮਨੀਅਮ ਆਪਣੀ ਕਿਤਾਬ ‘ਇੰਡੀਆਜ਼ ਵਾਰਜ਼ 1947-1971’ ’ਚ ਲਿਖਦੇ ਹਨ ਕਿ ਇਸ ਮੁਹਿੰਮ ’ਚ ਪੁਰਤਗਾਲੀ ਫੌਜ ਦੇ 30 ਫ਼ੌਜੀ ਮਾਰੇ ਗਏ ਸਨ ਜਦਕਿ 57 ਜ਼ਖਮੀ ਹੋਏ ਸਨ।
ਵਾਲਮੀਕੀ ਫਲੇਰੋ ਲਿਖਦੇ ਹਨ, “ ਲਿਸਬਨ ਪਹੁੰਚਦੇ ਹੀ ਪੁਰਤਗਾਲੀ ਜੰਗੀ ਕੈਦੀਆਂ ਨੂੰ ਮਿਲਟਰੀ ਪੁਲਿਸ ਨੇ ਆਮ ਅਪਰਾਧੀਆਂ ਦੀ ਤਰ੍ਹਾਂ ਹੀ ਉਨ੍ਹਾਂ ਨੂੰ ਬੰਦੂਕ ਦੀ ਨੋਕ ’ਤੇ ਹਿਰਾਸਤ ’ਚ ਲੈ ਲਿਆ।”
“ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਮਿਲਣ ਲਈ ਹਵਾਈ ਅੱਡੇ ’ਤੇ ਆਏ ਹੋਏ ਸਨ ਪਰ ਉਨ੍ਹਾਂ ਨੂੰ ਮਿਲਣ ਨਾ ਦਿੱਤਾ ਗਿਆ ਅਤੇ ਇੱਕ ਅਣਪਛਾਤੀ ਜਗ੍ਹਾ ’ਤੇ ਭੇਜ ਦਿੱਤਾ ਗਿਆ। ਉਨ੍ਹਾਂ ਨੂੰ ਡਰਪੋਕ , ਕਾਇਰ ਅਤੇ ਗੱਦਾਰ ਕਹਿ ਕੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਗਈ।”
ਲਗਭਗ ਇੱਕ ਦਰਜਨ ਅਫ਼ਸਰਾਂ, ਜਿਸ ’ਚ ਗਵਰਨਰ ਜਨਰਲ ਸਿਲਵਾ ਵੀ ਸ਼ਾਮਲ ਸਨ, ਨੂੰ ਫੌਜ ’ਚੋਂ ਕੱਢ ਦਿੱਤਾ ਗਿਆ ਸੀ।
ਇੰਨਾਂ ਹੀ ਨਹੀਂ ਉਨ੍ਹਾਂ ਦੇ ਜੀਵਨ ਭਰ ਕਿਸੇ ਵੀ ਸਰਕਾਰੀ ਅਹੁਦੇ ’ਤੇ ਸੇਵਾਵਾਂ ਨਿਭਾਉਣ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ।
ਜਦੋਂ 1974 ’ਚ ਸੱਤਾ ਤਬਦੀਲੀ ਹੋਈ ਤਾਂ ਉਦੋਂ ਜਾ ਕੇ ਇੰਨ੍ਹਾਂ ਬਰਖ਼ਾਸਤ ਫ਼ੌਜੀਆਂ ਨੂੰ ਬਹਾਲ ਕੀਤਾ ਗਿਆ ਅਤੇ ਮੇਜਰ ਜਨਰਲ ਸਿਲਵਾ ਨੂੰ ਫੌਜ ’ਚ ਉਨ੍ਹਾਂ ਦੇ ਪੁਰਾਣੇ ਅਹੁਦੇ ’ਤੇ ਮੁੜ ਬਹਾਲ ਕੀਤਾ ਗਿਆ।
ਭਾਰਤ ਨੇ ਗੋਆ ’ਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਅਤੇ ਉਨ੍ਹਾਂ ਅੱਗੇ ਪੁਰਤਗਾਲੀ ਨਾਗਰਿਕਤਾ ਛੱਡਣ ਦੀ ਸ਼ਰਤ ਵੀ ਰੱਖੀ।
ਭਾਰਤ ਦੇ ਕਾਨੂੰਨ ’ਚ ਦੋਹਰੀ ਨਾਗਰਿਕਤਾ ਦੀ ਵਿਵਸਥਾ ਨਹੀਂ ਹੈ, ਪਰ 1961 ਤੋਂ ਪਹਿਲਾਂ ਗੋਆ ’ਚ ਰਹਿਣ ਵਾਲੇ ਲੋਕਾਂ ਲਈ ਇਸ ਦਾ ਅਪਵਾਦ ਹੈ।












