ਨੈਲਸਨ ਮੰਡੇਲਾ, ਇਸ ਭਾਰਤੀ ਮਹਿਲਾ ਦੇ ਇਸ਼ਕ ਵਿੱਚ ਡੁੱਬੇ, ਪਰ ਇਸ ਨੇ ਕਿਉਂ ਕੀਤੀ ਇੰਨੇ ਵੱਡੇ ਆਗੂ ਨੂੰ ਵਿਆਹ ਤੋਂ ਨਾਂਹ

- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ, ਨਵੀਂ ਦਿੱਲੀ
ਇੱਕ ਵਾਰ ਨੈਲਸਨ ਮੰਡੇਲਾ ਨੇ ਮਜ਼ਾਕ ’ਚ ਕਿਹਾ ਸੀ, “ਇਹ ਮੇਰੀ ਗ਼ਲਤੀ ਨਹੀਂ ਹੈ ਕਿ ਔਰਤਾਂ ਮੇਰੇ ਵੱਲ ਦੇਖਦੀਆਂ ਹਨ ਅਤੇ ਮੇਰੇ ’ਚ ਦਿਲਚਸਪੀ ਲੈਂਦੀਆਂ ਹਨ। ਸੱਚ ਪੁੱਛੋ ਤਾਂ ਮੈਂ ਕਦੇ ਵੀ ਇਸ ਦਾ ਵਿਰੋਧ ਨਹੀਂ ਕਰਾਂਗਾ।”
ਤਿੰਨ ਵਾਰ ਵਿਆਹ ਰਚਾ ਚੁੱਕੇ ਨੈਲਸਨ ਮੰਡੇਲਾ ਆਪਣੀ ਵਡੇਰੀ ਉਮਰ ’ਚ ਵੀ ਦੁਨੀਆ ਭਰ ਦੀਆਂ ਔਰਤਾਂ ਨੂੰ ਆਕਰਸ਼ਿਤ ਕਰਦੇ ਰਹੇ ਹਨ।
ਪਰ ਇੱਕ ਅਜਿਹੀ ਔਰਤ ਵੀ ਸੀ ਜਿਸ ਨੇ ਨੈਲਸਨ ਮੰਡੇਲਾ ਵੱਲੋਂ ਦਿੱਤੇ ਵਿਆਹ ਦੇ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ ਸੀ। ਭਾਰਤੀ ਮੂਲ ਦੀ ਇਸ ਔਰਤ ਦਾ ਨਾਮ ਅਮੀਨਾ ਕਚਾਲੀਆ ਸੀ।

ਤਸਵੀਰ ਸਰੋਤ, GHALEB CACHALIA/FACEBOOK
ਕਿਉਂ ਨਾਮਨਜ਼ੂਰ ਕੀਤਾ ਪ੍ਰਸਤਾਵ
ਅਮੀਨਾ ਨੇ ਦੱਖਣੀ ਅਫ਼ਰੀਕਾ ਦੀ ਸਰਕਾਰ ਦੇ ਨਸਲੀ ਵਿਤਕਰੇ ਵਿਰੋਧੀ ਅੰਦੋਲਨ ’ਚ ਅਹਿਮ ਭੁਮਿਕਾ ਨਿਭਾਈ ਸੀ। ਜਦੋਂ ਉਹ ਸਿਰਫ਼ 21 ਸਾਲਾਂ ਦੇ ਸਨ ਉਸ ਸਮੇਂ ਮੰਡੇਲਾ ਉਨ੍ਹਾਂ ਦੀ ਜਨਮ ਦਿਨ ਪਾਰਟੀ ’ਚ ਆਏ ਸਨ ਅਤੇ ਅਮੀਨਾ ਵੀ ਉਨ੍ਹਾਂ ਨੂੰ ਮਿਲਣ ਲਈ ਇੱਕ ਵਾਰ ਪੋਲਸਮੂਰ ਜੇਲ੍ਹ ਗਏ ਸਨ।
ਅਮੀਨਾ ਨੇ ਯੂਸਫ਼ ਕਚਾਲੀਆ ਨਾਲ ਵਿਆਹ ਕੀਤਾ ਸੀ, ਜਿੰਨ੍ਹਾਂ ਦਾ 1995 ’ਚ ਦੇਹਾਂਤ ਹੋ ਗਿਆ ਸੀ। ਉਸ ਸਮੇਂ ਮੰਡੇਲਾ ਦਾ ਆਪਣੀ ਦੂਜੀ ਪਤਨੀ ਵਿੰਨੀ ਤੋਂ ਤਲਾਕ ਲੈਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ।
ਅਮੀਨਾ ਦੇ ਪੁੱਤਰ ਗ਼ਾਲੇਬ ਕਚਾਲੀਆ ਦੱਸਦੇ ਹਨ, “ਸਾਨੂੰ ਪਤਾ ਸੀ ਕਿ ਮੰਡੇਲਾ ਅਤੇ ਮੇਰੇ ਮਾਤਾ-ਪਿਤਾ ਬਹੁਤ ਵਧੀਆ ਦੋਸਤ ਹਨ। ਉਹ ਅਕਸਰ ਹੀ ਸਾਡੇ ਘਰ ਆਇਆ ਕਰਦੇ ਸਨ।"
"90 ਦੇ ਦਹਾਕੇ ’ਚ ਇੱਕ ਵਾਰ ਮੇਰੀ ਮਾਂ ਮੈਨੂੰ ਅਤੇ ਮੇਰੀ ਭੈਣ ਕੋਕੋ ਨੂੰ ਇੱਕ ਕੋਨੇ ’ਚ ਲੈ ਕੇ ਗਏ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਮੰਡੇਲਾ ਨੇ ਉਨ੍ਹਾਂ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ ਹੈ, ਜਿਸ ਨੂੰ ਕਿ ਉਹ ਅਸਵੀਕਾਰ ਕਰਨ ਜਾ ਰਹੇ ਹਨ।”

ਤਸਵੀਰ ਸਰੋਤ, GHALEB CACHALIA/FACEBOOK
ਉਸ ਸਮੇਂ ਨੈਲਸਨ ਮੰਡੇਲਾ ਦੀ ਉਮਰ 80 ਸਾਲ ਅਤੇ ਅਮੀਨਾ ਦੀ ਉਮਰ 68 ਸਾਲ ਸੀ।
ਮੈਂ ਗ਼ਾਲੇਬ ਤੋਂ ਪੁੱਛਿਆ ਕਿ ਉਨ੍ਹਾਂ ਦੀ ਮਾਂ ਨੇ ਇੰਨ੍ਹੇ ਮਸ਼ਹੂਰ ਆਦਮੀ ਦੇ ਵਿਆਹ ਦੇ ਪ੍ਰਸਤਾਵ ਨੂੰ ਕਿਉਂ ਨਾਮਨਜ਼ੂਰ ਕੀਤਾ?
ਗ਼ਾਲੇਬ ਨੇ ਜਵਾਬ ਦਿੱਤਾ ਸੀ, “ਮੇਰੀ ਮਾਂ ਨੈਲਸਨ ਨੂੰ ਬਹੁਤ ਪਸੰਦ ਕਰਦੇ ਸਨ, ਪਰ ਉਹ ਮੇਰੇ ਪਿਤਾ ਦੀਆਂ ਯਾਦਾਂ ਨੂੰ ਵੀ ਭੁੱਲਣ ਲਈ ਬਿਲਕੁਲ ਤਿਆਰ ਨਹੀਂ ਸਨ।"
"ਮੇਰੇ ਪਿਤਾ ਉਮਰ ’ਚ ਉਨ੍ਹਾਂ ਤੋਂ 15 ਸਾਲ ਵੱਡੇ ਸਨ। ਸ਼ਾਇਦ ਉਨ੍ਹਾਂ ਦੀ ਮੌਤ ਤੋਂ ਬਾਅਦ ਉਹ ਨਹੀਂ ਚਾਹੁੰਦੇ ਸਨ ਕਿ ਇੱਕ ਹੋਰ ਬਜ਼ੁਰਗ ਉਨ੍ਹਾਂ ਦੀ ਜ਼ਿੰਦਗੀ ’ਚ ਆਏ।”

ਅਮੀਨਾ ਬਾਰੇ ਖ਼ਾਸ ਗੱਲਾਂ
- ਅਮੀਨਾ ਨੇ ਦੱਖਣੀ ਅਫ਼ਰੀਕਾ ਦੀ ਸਰਕਾਰ ਦੇ ਨਸਲੀ ਵਿਤਕਰੇ ਵਿਰੋਧੀ ਅੰਦੋਲਨ ’ਚ ਅਹਿਮ ਭੁਮਿਕਾ ਨਿਭਾਈ ਸੀ।
- ਅਮੀਨਾ ਨੂੰ ਨੈਲਨਸ਼ ਮੰਡੇਲਾ ਨੇ ਵਿਆਹ ਦੀ ਪੇਸ਼ਕਸ਼ ਕੀਤੀ ਸੀ।
- ਅਮੀਨਾ ਨੇ ਦੱਖਣੀ ਅਫ਼ਰੀਕਾ ਦੀ ਸਰਕਾਰ ਦੇ ਨਸਲੀ ਵਿਤਕਰੇ ਵਿਰੋਧੀ ਅੰਦੋਲਨ ’ਚ ਅਹਿਮ ਭੁਮਿਕਾ ਨਿਭਾਈ ਸੀ।
- ਸਾਲ 1948 ’ਚ ਆਸਟ੍ਰੇਲੀਆ ਕ੍ਰਿਕਟ ਟੀਮ ਕੀਥ ਮਿਲਰ ਦਾ ਵੀ ਅਮੀਨਾ ’ਤੇ ਦਿਲ ਆ ਗਿਆ ਸੀ।
- ਅਮੀਨਾ ਨੂੰ ਵੇਖ ਕੇ ਸਹਿਜੇ ਹੀ ਇਹ ਮਹਿਸੂਸ ਹੁੰਦਾ ਹੈ ਕਿ ਉਹ ਕਿਸੇਂ ਜ਼ਮਾਨੇ ’ਚ ਬਹੁਤ ਹੀ ਸੁੰਦਰ, ਆਕਰਸ਼ਕ, ਚੰਚਲ ਰਹੇ ਹੋਣਗੇ।

ਬਹੁਤ ਸੋਹਣੀ ਅਤੇ ਹਾਥੀ ਵਾਂਗਰ ਮਧਮਸਤ ਚਾਲ
ਮਸ਼ਹੂਰ ਸੀਨੀਅਰ ਪੱਤਰਕਾਰ ਸਈਦ ਨਕਵੀ ਦੱਸਦੇ ਹਨ ਕਿ ਉਨ੍ਹਾਂ ਨੂੰ ਅਮੀਨਾ ਨਾਲ ਪਹਿਲੀ ਵਾਰ ਮਿਲਣ ਦਾ ਮੌਕਾ ਉਸ ਸਮੇਂ ਮਿਲਿਆ ਜਦੋਂ ਨੈਲਸਨ ਮੰਡੇਲਾ ਜੇਲ੍ਹ ਤੋਂ ਰਿਹਾਅ ਹੋਏ ਸਨ।
ਉਸ ਸਮੇਂ ਅਮੀਨਾ ਦੇ ਪਤੀ ਯੂਸਫ ਜ਼ਿੰਦਾ ਸਨ। ਜਦੋਂ ਉਹ ਨੈਲਸਨ ਮੰਡੇਲਾ ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਡੇਸਮੰਡ ਥੁਟੂ ਦੇ ਘਰ ਉਨ੍ਹਾਂ ਨੂੰ ਮਿਲਣ ਲਈ ਆਏ ਤਾਂ ਉਨ੍ਹਾਂ ਨੇ ਵੇਖਿਆ ਕਿ ਅਮੀਨਾ ਮੰਡੇਲਾ ਦੇ ਨਜ਼ਦੀਕ ਬੈਠੇ ਹੋਏ ਸਨ।
ਨਕਵੀ ਕਹਿੰਦੇ ਹਨ , “ਅਮੀਨਾ ਨੂੰ ਵੇਖ ਕੇ ਸਹਿਜੇ ਹੀ ਇਹ ਮਹਿਸੂਸ ਹੁੰਦਾ ਹੈ ਕਿ ਉਹ ਕਿਸੇਂ ਜ਼ਮਾਨੇ ’ਚ ਬਹੁਤ ਹੀ ਸੁੰਦਰ, ਆਕਰਸ਼ਕ, ਚੰਚਲ ਰਹੇ ਹੋਣਗੇ। ਉਨ੍ਹਾਂ ਦੀ ਤੋਰ ਬਹੁਤ ਹੀ ਮਦਮਸਤ ਸੀ।"
"ਉਨ੍ਹਾਂ ’ਚ ਉਹ ਹਰ ਚੀਜ਼ ਸੀ ਜੋ ਕਿ ਬਿਹਾਰ ਦੀ ਕਿਸੇ ਨਾਇਕਾ ’ਚ ਵਿਖਾਈ ਦਿੰਦੀ ਹੈ। ਉਹ ਅਫ਼ਰੀਕਨ ਨੈਸ਼ਨਲ ਕਾਂਗਰਸ ’ਚ ਸੇਵਾਵਾਂ ਨਿਭਾ ਚੁੱਕੇ ਸਨ। ਉਹ ਮੰਡੇਲਾ ਦੀ ਦੋਸਤ ਸੀ ਅਤੇ ਉਨ੍ਹਾਂ ਦਾ ਬੌਧਿਕ ਪੱਧਰ ਵੀ ਮੰਡੇਲਾ ਦੇ ਬਰਾਬਰ ਹੀ ਸੀ।”


ਕੀਥ ਮਿਲਰ ਵੀ ਹੋਏ ਸੀ ਫਿਦਾ
ਦਿਲਚਸਪ ਗੱਲ ਇਹ ਹੈ ਕਿ ਸਾਲ 1948 ’ਚ ਜਿਸ ਆਸਟ੍ਰੇਲੀਆ ਕ੍ਰਿਕਟ ਟੀਮ ਨੇ ਦੱਖਣੀ ਅਫ਼ਰੀਕਾ ਦਾ ਦੌਰਾ ਕੀਤਾ ਸੀ, ਉਸ ਟੀਮ ਦੇ ਇੱਕ ਮੈਂਬਰ ਕੀਥ ਮਿਲਰ ਦਾ ਵੀ ਅਮੀਨਾ ’ਤੇ ਦਿਲ ਆ ਗਿਆ ਸੀ।
ਉਸ ਸਮੇਂ ਉਨ੍ਹਾਂ ਦਾ ਵਿਆਹ ਨਹੀਂ ਹੋਇਆ ਸੀ। ਮਿਲਰ ਉਸ ਸਮੇਂ ਦੇ ਦੁਨੀਆ ਦੇ ਮਸ਼ਹੂਰ ਆਲਰਾਊਂਡਰ ਸਨ।
ਸਈਦ ਨਕਵੀ ਦੱਸਦੇ ਹਨ, “ਉਨ੍ਹਾਂ ਦੋਵਾਂ ਦੀ ਮੁਲਾਕਾਤ ਇੱਕ ਪਾਰਟੀ ਦੌਰਾਨ ਹੋਈ ਸੀ। ਉਸ ਤੋਂ ਬਾਅਦ ਤਾਂ ਮਿਲਰ ਅਮੀਨਾ ਨੂੰ ਦਿਨ-ਰਾਤ ਫੋਨ ਕਰਨ ਲੱਗੇ। ਮਜ਼ੇਦਾਰ ਗੱਲ ਇਹ ਸੀ ਕਿ ਉਹ ਫੋਨ ਤਾਂ ਕਰ ਸਕਦੇ ਸਨ ਪਰ ਮਿਲਣ ਨਹੀਂ ਆ ਸਕਦੇ ਸਨ, ਕਿਉਂਕਿ ਉਹ ਗੋਰਿਆਂ ਦੇ ਇਲਾਕੇ ’ਚ ਰਹਿ ਰਹੇ ਸਨ ਅਤੇ ਅਮੀਨਾ ਭਾਰਤੀਆਂ ਦੇ ਖੇਤਰ ’ਚ ਰਹਿ ਰਹੇ ਸਨ।"
"ਅਮੀਨਾ ਦੇ ਪਤੀ ਯੂਸਫ਼ ਬਹੁਤ ਹੀ ਹੱਸਦੇ ਹੋਏ ਇਹ ਕਿੱਸਾ ਸੁਣਾਇਆ ਕਰਦੇ ਸਨ ਕਿ ਨਸਲੀ ਵਿਤਕਰੇ ਨੇ ਸਾਡੀ ਬਹੁਤ ਹੀ ਮਦਦ ਕੀਤੀ, ਨਹੀਂ ਤਾਂ ਇਹ ਕੀਥ ਮਿਲਰ ਆ ਕੇ ਅਮੀਨਾ ਨੂੰ ਮਿਲ ਲੈਂਦਾ।”

ਤਸਵੀਰ ਸਰੋਤ, GHALEB CACHALIA/FACEBOOK
ਮੰਡੇਲਾ ਅਤੇ ਅਮੀਨਾ ਦੀ ਮਿੱਤਰਤਾ
ਸਈਦ ਨਕਵੀ ਦੇ ਸਾਹਮਣੇ ਅਮੀਨਾ ਅਤੇ ਮੰਡੇਲਾ ਦੀਆਂ ਕਈ ਮੁਲਾਕਾਤਾਂ ਹੋਈਆਂ ਪਰ ਜਦੋਂ 1995 ’ਚ ਉਹ ਦੱਖਣੀ ਅਫ਼ਰੀਕਾ ਗਏ, ਉਦੋਂ ਤੱਕ ਯੂਸਫ ਦਾ ਦੇਹਾਂਤ ਹੋ ਗਿਆ ਸੀ।
ਸਈਦ ਕਹਿੰਦੇ ਹਨ, “ਅਮੀਨਾ ਮੈਨੂੰ ਲੈ ਕੇ ਮੰਡੇਲਾ ਦੇ ਬੰਗਲੇ ’ਤੇ ਗਈ। ਸਾਡਾ ਡਰਾਈਵਰ ਵੀ ਸਾਡੇ ਨਾਲ ਹੀ ਸੀ। ਉਸ ਦੀ ਪਤਨੀ ਦਾ ਨਾਮ ਐਲਿਸ ਸੀ। ਉਸ ਨੇ ਮੰਡੇਲਾ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਸਵੈ-ਜੀਵਨੀ ‘ਲਾਂਗ ਵਾਕ ਟੂ ਫ੍ਰੀਡਮ’ ’ਤੇ ਉਸ ਦੀ ਪਤਨੀ ਲਈ ਆਪਣਾ ਆਟੋਗ੍ਰਾਫ ਦੇ ਦੇਣ।"
"ਆਟੋਗ੍ਰਾਫ ਦੇਣ ਤੋਂ ਬਾਅਦ ਮੰਡੇਲਾ ਨੇ ਅਮੀਨਾ ਨੂੰ ਕਿਹਾ, ਕੀ ਤੁਹਾਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਮੈਂ ਐਲਿਸ ਨਾਮ ਦੀ ਇੱਕ ਕੁੜੀ ਨੂੰ ਡੇਟ ਕਰਦਾ ਸੀ ਅਤੇ ਅਸੀਂ ਫਲਾਨਾ-ਫਲਾਨਾ ਰੈਸਟੋਰੈਂਟ ’ਚ ਜਾਂਦੇ ਸੀ। ਫਿਰ ਦੋਵੇਂ ਹੀ ਆਪਣੇ ਪੁਰਾਣੇ ਪ੍ਰੇਮ ਸੰਬੰਧਾਂ ਬਾਰੇ ਗੱਲਬਾਤ ਕਰਨ ਲੱਗੇ ਤਾਂ ਮੈਨੂੰ ਕੁਝ ਸ਼ਰਮ ਮਹਿਸੂਸ ਹੋਈ ਅਤੇ ਮੈਂ ਪਿੱਛੇ ਹਟ ਗਿਆ।"
"ਉਸ ਸਮੇਂ ਮੈਨੂੰ ਅੰਦਾਜ਼ਾ ਹੋਇਆ ਕਿ ਦੋਵਾਂ ਦੇ ਸੰਬੰਧਾਂ ਦਰਮਿਆਨ ਇੱਕ ਡੂੰਗੀ ਮਿੱਤਰਤਾ, ਨੇੜਤਾ ਦਾ ਪਹਿਲੂ ਵੀ ਮੌਜੂਦ ਹੈ, ਜਿਸ ਦੇ ਬਾਰੇ ਦੁਨੀਆਂ ਨੂੰ ਪਤਾ ਨਹੀਂ ਹੈ। ਕੁਝ ਸਮੇਂ ਬਾਅਦ ਮੰਡੇਲਾ ਨੇ ਅਮੀਨਾ ਦਾ ਹੱਥ ਫੜਿਆ ਅਤੇ ਉਨ੍ਹਾਂ ਨੂੰ ਬੰਗਲੇ ਦੇ ਅੰਦਰ ਲੈ ਗਏ।"

ਤਸਵੀਰ ਸਰੋਤ, Getty Images
"ਉਦੋਂ ਤੱਕ ਅਸੀਂ ਉਨ੍ਹਾਂ ਦੇ ਬਗੀਚੇ ’ਚ ਹੀ ਗੱਲਾਂ ਕਰ ਰਹੇ ਸੀ। ਥੋੜ੍ਹੀ ਦੇਰ ਬਾਅਦ ਅਮੀਨਾ ਬਾਹਰ ਆਏ। ਉਦੋਂ ਤੱਕ ਅਸੀਂ ਆਪਣਾ ਕੈਮਰਾ ਆਦਿ ਪੈਕ ਕਰ ਰਹੇ ਸੀ। ਮੈਂ ਅਮੀਨਾ ਨੂੰ ਕਿਹਾ ਕਿ ਹੁਣ ਅਸੀਂ ਜਾ ਰਹੇ ਹਾਂ।"
"ਸ਼ਾਮ ਨੂੰ ਤੁਹਾਡੇ ਨਾਲ ਮੁੜ ਮਿਲਾਂਗੇ। ਅਮੀਨਾ ਨੇ ਕਿਹਾ ਕਿ ਸ਼ਾਮ ਨੂੰ ਮੈਂ ਤਹਾਨੂੰ ਮਿਲ ਨਹੀਂ ਸਕਾਂਗੀ, ਕਿਉਂਕਿ ਮੈਂ ਸ਼ਾਮ ਤੱਕ ਇੱਥੇ ਹੀ ਰਹਾਂਗੀ। ਇਸ ਤੋਂ ਹੀ ਮੈਨੂੰ ਅੰਦਾਜ਼ਾ ਲੱਗਾ ਕਿ ਦੋਵਾਂ ਦਰਮਿਆਨ ਕਾਫ਼ੀ ਨੇੜਤਾ ਹੋ ਚੁੱਕੀ ਹੈ।”

ਤਸਵੀਰ ਸਰੋਤ, GHALEB CACHALIA
ਇਸ ਤੋਂ ਬਾਅਦ ਕਈ ਵਾਰ ਅਜਿਹਾ ਹੋਇਆ ਕਿ ਜਦੋਂ ਨਕਵੀ ਅਮੀਨਾ ਨੂੰ ਮਿਲਣ ਲਈ ਗਏ ਤਾਂ ਪਤਾ ਲੱਗਿਆ ਕਿ ਅਮੀਨਾ ਮੰਡੇਲਾ ਦੇ ਘਰ ਹੈ।
ਫਿਰ ਜਦੋਂ ਸਈਦ ਨਕਵੀ ਮੰਡੇਲਾ ਦੇ ਘਰ ਗਏ ਤਾਂ ਪਤਾ ਲੱਗਿਆ ਕਿ ਉਹ ਹੁਣ ਕਿਤੇ ਹੋਰ ਚਲੇ ਗਏ ਹਨ।
ਸਈਦ ਨਕਵੀ ਕਹਿੰਦੇ ਹਨ, “ਉਸ ਤੋਂ ਮੈਨੂੰ ਪਤਾ ਲੱਗ ਗਿਆ ਕਿ ਜੋ ਕੰਮ ਕੀਥ ਮਿਲਰ ਨਹੀਂ ਕਰ ਸਕੇ, ਉਹ ਮੰਡੇਲਾ ਨੇ ਕਰ ਵਿਖਾਇਆ ਹੈ। ਫਿਰ ਹੌਲੀ-ਹੌਲੀ ਇਹ ਗੱਲ ਸਾਰਿਆਂ ਨੂੰ ਪਤਾ ਲੱਗ ਗਈ ਕਿ ਮੰਡੇਲਾ ਉਨ੍ਹਾਂ ਨਾਲ ਵਿਆਹ ਕਰਨ ਦਾ ਮਨ ਬਣਾ ਰਹੇ ਹਨ।”

ਤਸਵੀਰ ਸਰੋਤ, AMINA CACHALIA
ਅਮੀਨਾ ਨੇ ਮੰਡੇਲਾ ਦੇ ਲਈ ਤਲੇ ਸਮੋਸੇ
ਅਮੀਨਾ ਕਚਾਲੀਆ ਨੇ ਬਾਅਦ ’ਚ ਇੱਕ ਇੰਟਰਵਿਊ ’ਚ ਕਿਹਾ ਕਿ ਉਨ੍ਹਾਂ ਦੇ ਦਿਲ ’ਚ ਮੰਡੇਲਾ ਦੀ ਸਭ ਤੋਂ ਮਿੱਠੀ, ਪਿਆਰੀ ਯਾਦ ਇਹ ਹੈ ਕਿ ਉਹ ਇੱਕ ਵਾਰ ਰਾਸ਼ਟਰਪਤੀ ਹੁੰਦੇ ਹੋਏ ਵੀ ਮੇਰੇ ਘਰ ਆਏ ਸਨ।
ਅਮੀਨਾ ਨੇ ਕਿਹਾ ਸੀ, “ਜਦੋਂ ਮੈਂ ਉਨ੍ਹਾਂ ਲਈ ਸਮੋਸੇ ਤਲ ਰਹੀ ਸੀ ਤਾਂ ਉਹ ਮੇਰੀ ਰਸੋਈ ’ਚ ਮੇਰੇ ਪਿੱਛੇ ਇੱਕ ਸਟੂਲ ’ਤੇ ਬੈਠੇ ਹੋਏ ਸਨ।”

ਅਮੀਨਾ ਆਪਣੀ ਸਵੈ-ਜੀਵਨੀ ‘ਵੈਨ ਹੋਪ ਐਂਡ ਹਿਸਟਰੀ ਰਾਈਮ’ ’ਚ ਲਿਖਦੇ ਹਨ, “ਗ੍ਰੇਸ ਮਿਸ਼ੇਲ ਨਾਲ ਤੀਜਾ ਵਿਆਹ ਕਰਨ ਤੋਂ ਬਾਅਦ ਇੱਕ ਵਾਰ ਮੰਡੇਲਾ ਮੇਰੇ ਜੋਹਾਨਸਬਰਗ ਸਥਿਤ ਫਲੈਟ ’ਚ ਆਏ ਸਨ ਅਤੇ ਉਨ੍ਹਾਂ ਨੇ ਸਿੱਧੇ ਤੌਰ ’ਤੇ ਮੇਰੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ।"
"ਮੈਂ ਉਨ੍ਹਾਂ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਤੁਹਾਡਾ ਹੁਣੇ-ਹੁਣੇ ਵਿਆਹ ਹੋਇਆ ਹੈ। ਮੈਂ ਤਾਂ ਆਜ਼ਾਦ ਹਾਂ ਪਰ ਤੁਸੀਂ ਆਜ਼ਾਦ ਨਹੀਂ ਹੋ। ਇਸ ’ਤੇ ਮੰਡੇਲਾ ਪਰੇਸ਼ਾਨ ਹੋ ਗਏ ਸਨ ਅਤੇ ਮੇਰੇ ਵਾਰ-ਵਾਰ ਕਹਿਣ ’ਤੇ ਕਿ ਮੈਂ ਤੁਹਾਡੇ ਲਈ ਮੱਛੀ ਬਣਾਈ ਹੈ, ਉਹ ਦਰਵਾਜ਼ਾ ਬੰਦ ਕਰਕੇ ਬਾਹਰ ਚਲੇ ਗਏ ਸਨ।”

ਤਸਵੀਰ ਸਰੋਤ, Getty Images
ਮੰਡੇਲਾ ਦੀ ਗੁਜ਼ਾਰਿਸ਼
ਅਮੀਨਾ ਆਪਣੀ ਸਵੈ-ਜੀਵਨੀ ’ਚ ਅੱਗੇ ਲਿਖਦੇ ਹਨ ਕਿ "ਮੰਡੇਲਾ ’ਚ ਰੋਮਾਂਸ ਦੇ ਤੱਤ ਨਹੀਂ ਸਨ। ਸ਼ਾਇਦ ਸਾਲਾਂਬੱਧੀ ਜੇਲ੍ਹ ’ਚ ਰਹਿਣ ਕਰਕੇ ਉਨ੍ਹਾਂ ਦੀ ਇਹ ਭਾਵਨਾ ਖ਼ਤਮ ਹੋ ਰਹੀ ਸੀ। ਉਹ ਆਪਣੀਆਂ ਭਾਵਨਾਵਾਂ ਨੂੰ ਬਿਨ੍ਹਾਂ ਕਿਸੇ ਵਲ-ਫਰੇਬ ਅਤੇ ਭੂਮਿਕਾ ਦੇ ਪੇਸ਼ ਕਰਦੇ ਸਨ।"
"ਪਰ ਮੈਂ ਉਨ੍ਹਾਂ ਦੀ ਗੁਜ਼ਾਰਿਸ਼ ਦਾ ਸਹੀ ਉੱਤਰ ਨਾ ਦੇ ਸਕੀ। ਮੈਂ ਉਨ੍ਹਾਂ ਨੂੰ ਪਸੰਦ ਤਾਂ ਕਰਦੀ ਸੀ, ਪਰ ਉਨ੍ਹਾਂ ਨਹੀਂ ਜਿੰਨਾਂ ਕਿ ਮੈਂ ਆਪਣੇ ਮਰਹੂਮ ਪਤੀ ਯੂਸਫ਼ ਨੂੰ ਬੁਢਾਪੇ ’ਚ ਵੀ ਪਸੰਦ ਕਰਦੀ ਸੀ।”

ਤਸਵੀਰ ਸਰੋਤ, Reuters
ਭਾਰਤੀ ਮੂਲ ਦੀ ਔਰਤ ਨਾਲ ਵਿਆਹ ਦਾ ਵਿਰੋਧ
ਸਈਦ ਨਕਵੀ ਦਾ ਕਹਿਣਾ ਹੈ ਕਿ ਅਮੀਨਾ ਨੇ ਜੋ ਕੁਝ ਵੀ ਲਿਖਿਆ ਹੈ ਜਾਂ ਜੋ ਕੁਝ ਵੀ ਉਨ੍ਹਾਂ ਦੇ ਪੁੱਤਰ ਗ਼ਾਲੇਬ ਨੇ ਦੱਸਿਆ, ਉਸ ਸਭ ਦੇ ਬਾਵਜੂਦ ਮੇਰਾ ਮੰਨਣਾ ਹੈ ਕਿ ਅਫ਼ਰੀਕਨ ਨੈਸ਼ਨਲ ਕਾਂਗਰਸ ਦੇ ਚੋਟੀ ਦੇ ਆਗੂ ਵੀ ਇਹ ਨਹੀਂ ਚਾਹੁੰਦੇ ਸਨ ਕਿ ਮੰਡੇਲਾ ਅਤੇ ਅਮੀਨਾ ਵਿਚਾਲੇ ਨੇੜਤਾ ਹੋਵੇ।
ਨਕਵੀ ਕਹਿੰਦੇ ਹਨ, “ਇਸ ਨੂੰ ਤੁਸੀਂ ਇਸ ਤਰ੍ਹਾਂ ਸਮਝੋ ਕਿ ਨੈਲਸਨ ਮੰਡੇਲਾ ਜੋ ਕਿ ਦੱਖਣੀ ਅਫ਼ਰੀਕਾ ਦੀ ਰੰਗਭੇਦ ਤੋਂ ਆਜ਼ਾਦੀ ਦੇ ਨਾਇਕ ਹਨ, ਉਹ ਅਫ਼ਰੀਕੀ ਆਜ਼ਾਦੀ ਦੇ ਵੀ ਹੀਰੋ ਹਨ।"
"ਜੇਕਰ ਉਹ ਵਿੰਨੀ ਮੰਡੇਲਾ ਨੂੰ ਤਲਾਕ ਦੇਣ ਤੋਂ ਬਾਅਦ ਅਮੀਨਾ ਨਾਲ ਵਿਆਹ ਕਰਦੇ ਤਾਂ ਇਸ ਨਾਲ ਸਮੁੱਚੇ ਅਫ਼ਰੀਕੀ ਸਮਾਜ ਨੂੰ ਗ਼ਲਤ ਸੁਨੇਹਾ ਜਾਂਦਾ। ਹਾਲਾਂਕਿ ਮੰਡੇਲਾ ਦੇ ਦਿਲੋ-ਦਿਮਾਗ਼ ’ਚ ਅਜਿਹੀ ਕੋਈ ਗੱਲ ਨਹੀਂ ਸੀ।”
ਨਕਵੀ ਅੱਗੇ ਕਹਿੰਦੇ ਹਨ, “ਇਹ ਸਮਝਿਆ ਗਿਆ ਕਿ ਮੰਡੇਲਾ ਲਈ ਬਿਹਤਰ ਹੋਵੇਗਾ ਕਿ ਉਹ ਇੱਕ ਭਾਰਤੀ ਮੂਲ ਦੀ ਔਰਤ ਦੀ ਬਜਾਏ ਮੋਜ਼ਾਂਬਿਕ ਦੇ ਰਾਸ਼ਟਰਪਤੀ ਦੀ ਵਿਧਵਾ ਗ੍ਰੇਸ ਮੇਸ਼ੇਲ ਨਾਲ ਵਿਆਹ ਕਰਨ ਅਤੇ ਹੌਲੀ-ਹੌਲੀ ਉਨ੍ਹਾਂ ਨੂੰ ਉਸ ਪਾਸੇ ਨੇਵੀਗੇਟ ਕਰ ਦਿੱਤਾ ਗਿਆ।"
"ਇਸ ਤਰ੍ਹਾਂ ਦੀਆਂ ਗੱਲਾਂ ਦੀ ਕਦੇ ਪੁਸ਼ਟੀ ਨਹੀਂ ਹੋਵੇਗੀ ਕਿ ਕਿਸ ਨੇ ਹਾਂ ਕੀਤੀ ਅਤੇ ਕਿਸ ਨੇ ਨਾਂਹ ਕਹੀ। ਪਰ ਉਨ੍ਹਾਂ ਦੋਵਾਂ ਦੇ ਦਰਮਿਆਨ ਕੁਝ ਨਾ ਕੁਝ ਜ਼ਰੂਰ ਸੀ। ਉਨ੍ਹਾਂ ਨੂੰ ਨੇੜਿਓਂ ਵੇਖਣ ਤੋਂ ਬਾਅਦ ਮੈਂ ਕਹਿ ਸਕਦਾ ਹਾਂ ਕਿ ਦੋਵੇਂ ਪਾਸੇ ਅੱਗ ਬਰਾਬਰ ਲੱਗੀ ਹੋਈ ਸੀ।”













