ਜਦੋਂ ਚੀਨ ਦੇ ਪ੍ਰਧਾਨ ਮੰਤਰੀ ਨੂੰ ਮਾਰਨ ਲਈ ਭਾਰਤ ਦੇ ਜਹਾਜ਼ ਨੂੰ ਬੰਬ ਨਾਲ ਉਡਾਇਆ ਗਿਆ-ਵਿਵੇਚਨਾ

ਚੀਨ ਦੇ ਸਾਬਕਾ ਪ੍ਰਧਾਨ ਮੰਤਰੀ ਚੂ ਐਨ ਲਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1955 'ਚ ਇੱਕ ਸੰਮੇਲਨ ਲਈ ਚੀਨ ਨੇ ਆਪਣੇ ਪੀਐੱਮ ਚੂ ਐਨ ਲਾਈ ਤੇ ਹੋਰ ਪ੍ਰਤੀਨਿਧੀਆਂ ਨੂੰ ਲੈ ਕੇ ਜਾਣ ਲਈ ਭਾਰਤ ਤੋਂ ਜਹਾਜ਼ ਕਿਰਾਏ 'ਤੇ ਲਿਆ ਸੀ
    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

ਅਪ੍ਰੈਲ 1955 ਵਿੱਚ ਜਵਾਹਰਲਾਲ ਨਹਿਰੂ ਦੀ ਪਹਿਲ ’ਤੇ ਇੰਡੋਨੇਸ਼ੀਆ ਦੇ ਸ਼ਹਿਰ ਬਾਂਡੁੰਗ ਵਿੱਚ ਏਫ਼ਰੋ-ਏਸ਼ੀਆ ਸੰਮੇਲਨ ਕੀਤਾ ਗਿਆ ਸੀ।

ਚੀਨ ਦੀ ਸਰਕਾਰ ਨੇ ਆਪਣੇ ਪ੍ਰਤੀਨਿਧੀਆਂ ਅਤੇ ਪ੍ਰਧਾਨ ਮੰਤਰੀ ਚੂ ਐੱਨ ਲਾਈ ਨੂੰ ਬਾਂਡੁੰਗ ਲੈ ਜਾਣ ਲਈ ਏਅਰ ਇੰਡੀਆ ਦੇ ਜਹਾਜ਼ ‘ਕਸ਼ਮੀਰ ਪ੍ਰਿੰਸੇਜ਼’ ਨੂੰ ਚਾਰਟਰ (ਕਿਰਾਏ ਉੱਤੇ ਲੈਣਾ) ਕੀਤਾ ਸੀ।

ਜਹਾਜ਼ 11 ਅਪ੍ਰੈਲ ਨੂੰ ਦੁਪਹਿਰ 12 ਵਜੇ ਬੈਂਕਾਕ ਤੋਂ ਹਾਂਗਕਾਂਗ ਦੇ ਕਾਈ ਟਾਕ ਹਵਾਈ ਅੱਡੇ ’ਤੇ ਪਹੁੰਚਿਆ ਸੀ। ਉੱਥੇ ਫਲਾਇਟ ਇੰਜਨੀਅਰ ਏਐੱਨ ਕਾਰਨਿਕ ਦੀ ਨਿਗਰਾਨੀ ਵਿੱਚ ਉਸ ਜਹਾਜ਼ ਦੀ ਸਫ਼ਾਈ ਕੀਤੀ ਗਈ ਸੀ।

ਇਸ ਵਿਚਕਾਰ ਸਹਿ-ਪਾਇਲਟ ਗੋਡਬੋਲੇ ਨੇ ਕਿਹਾ ਸੀ ਕਿ ‘ਅੱਜ ਸਾਨੂੰ ਚੀਨ ਦੇ ਪ੍ਰਧਾਨ ਮੰਤਰੀ ਚੂ ਐੱਨ ਲਾਈ ਨੂੰ ਦੇਖਣ ਦਾ ਮੌਕਾ ਮਿਲੇਗਾ ਜੋ ਸਾਡੇ ਜਹਾਜ਼ ਰਾਹੀਂ ਹੀ ਯਾਤਰਾ ਕਰਨਗੇ। ਉਨ੍ਹਾਂ ਨੂੰ ਇਹ ਖ਼ਬਰ ਹਵਾਈ ਅੱਡੇ ਦੇ ਗਰਾਊਂਡ ਸਟਾਫ਼ ਤੋਂ ਮਿਲੀ ਸੀ, ਜੋ ਜਹਾਜ਼ ਨੂੰ ਸਾਫ਼ ਕਰਕੇ ਉਸ ਵਿੱਚ ਈਂਧਣ ਭਰ ਰਹੇ ਸਨ।’

ਹਾਂਗਕਾਂਗ ਵਿੱਚ ਇਹ ਖ਼ਬਰ ਆਮ ਸੀ ਕਿ ਇਸ ਜਹਾਜ਼ ’ਤੇ ਚੀਨ ਦੇ ਪ੍ਰਧਾਨ ਮੰਤਰੀ ਯਾਤਰਾ ਕਰਨ ਵਾਲੇ ਸਨ।

ਇਹ ਦੇਖਦੇ ਹੋਏ ਕਿ ਹਾਂਗਕਾਂਗ ਵਿੱਚ ਵੱਡੀ ਗਿਣਤੀ ਵਿੱਚ ਚੀਨ ਵਿਰੋਧੀ ਤਾਇਵਾਨ ਦੇ ਏਜੰਟ ਮੌਜੂਦ ਸਨ, ਚੀਨ ਦੀ ਸਰਕਾਰ ਨੂੰ ਇਹ ਖ਼ਬਰ ਬਾਹਰ ਨਹੀਂ ਆਉਣ ਦੇਣੀ ਚਾਹੀਦੀ ਸੀ।

ਕਾਕਪਿਟ ਵਿੱਚ ਧਮਾਕਾ

ਹਵਾਈ ਅੱਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਂਗਕਾਂਗ ਵਿੱਚ ਇਹ ਖ਼ਬਰ ਆਮ ਸੀ ਕਿ ਇਸ ਜਹਾਜ਼ ’ਤੇ ਚੀਨ ਦੇ ਪ੍ਰਧਾਨ ਮੰਤਰੀ ਯਾਤਰਾ ਕਰਨ ਵਾਲੇ ਸਨ

ਹਾਂਗਕਾਂਗ ਦੇ ਕਾਈ ਟਾਕ ਹਵਾਈ ਅੱਡੇ ’ਤੇ ਏਅਰ ਇੰਡੀਆ ਦਾ ਇੱਕ ਚਾਰਟਡ ਜਹਾਜ਼ ‘ਕਸ਼ਮੀਰ ਪ੍ਰਿੰਸੇਜ਼’ ਚੀਨ ਦੇ ਪ੍ਰਧਾਨ ਮੰਤਰੀ ਦਾ ਇੰਤਜ਼ਾਰ ਕਰ ਰਿਹਾ ਸੀ।

ਜਹਾਜ਼ ਦੇ ਟੇਕ-ਆਫ ਦੇ ਸਮੇਂ ਤੋਂ ਕੁਝ ਸਮਾਂ ਪਹਿਲਾਂ ਉਸ ਦੇ ਕਪਤਾਨ ਡੀਕੇ ਜਟਾਰ ਕੋਲ ਇੱਕ ਰੇਡਿਓ ਸੰਦੇਸ਼ ਆਇਆ ਕਿ ਚੀਨ ਦੇ ਪ੍ਰਧਾਨ ਮੰਤਰੀ ਨੇ ਅੰਤਿਮ ਸਮੇਂ ’ਤੇ ਆਪਣੀ ਯਾਤਰਾ ਰੱਦ ਕਰ ਦਿੱਤੀ ਹੈ।

ਉਨ੍ਹਾਂ ਨੂੰ ਕਿਹਾ ਗਿਆ ਕਿ ਹੁਣ ਉਹ ਉਡਾਣ ਭਰ ਸਕਦੇ ਹਨ। ਜਹਾਜ਼ ਨੇ ਠੀਕ 1 ਵੱਜ ਕੇ 26 ਮਿੰਟ ’ਤੇ ਹਾਂਗਕਾਂਗ ਹਵਾਈ ਅੱਡੇ ਤੋਂ ਟੇਕ ਆਫ ਕਰ ਲਿਆ।

ਜਟਾਰ ਜਿਸ ਜਹਾਜ਼ ਨੂੰ ਉਡਾ ਰਹੇ ਸਨ, ਉਹ ਲਾਕਹੀਡ ਕੰਪਨੀ ਦਾ ਐੱਲ-749 ਕੰਸਟੇਲੇਸ਼ਨ ਜਹਾਜ਼ ਸੀ।

ਜਹਾਜ਼ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਉਤਰਨਾ ਸੀ। ਉਸ ਜਹਾਜ਼ ਵਿੱਚ ਕੈਪਟਨ ਦੇ ਇਲਾਵਾ ਸੱਤ ਕਰਮਚਾਰੀ ਅਤੇ 11 ਯਾਤਰੀ ਸਵਾਰ ਸਨ।

ਉਨ੍ਹਾਂ ਵਿੱਚੋਂ ਜ਼ਿਆਦਾਤਰ ਚੀਨ ਦੇ ਪ੍ਰਤੀਨਿਧੀ ਸਨ ਜੋ ਬਾਂਡੁੰਗ ਸੰਮੇਲਨ ਵਿੱਚ ਭਾਗ ਲੈਣ ਜਾ ਰਹੇ ਸਨ।

ਜਹਾਜ਼ ਨੂੰ ਹਵਾ ਵਿੱਚ ਉੱਡੇ ਪੰਜ ਘੰਟੇ ਬੀਤ ਚੁੱਕੇ ਸਨ, ਉਦੋਂ ਉਸ ਦੇ ਕਾਕਪਿਟ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ।

ਇੱਕ ਸੈਕਿੰਡ ਦੇ ਅੰਦਰ ਹੀ ਜਹਾਜ਼ ਦੇ ਇੱਕ ਇੰਜਣ ਤੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ।

ਪਾਇਲਟ ਨੇ ਦੇਖਿਆ ਕਿ ਜਹਾਜ਼ ਵਿੱਚ ਅੱਗ ਲੱਗਣ ਦਾ ਸਾਈਨ ਔਨ ਹੋ ਗਿਆ ਹੈ ਅਤੇ ਜਹਾਜ਼ ਬਹੁਤ ਤੇਜ਼ੀ ਨਾਲ ਹੇਠਾਂ ਵੱਲ ਜਾ ਰਿਹਾ ਹੈ।

ਪੂਰੇ ਜਹਾਜ਼ ਵਿੱਚ ਯਾਤਰੀਆਂ ਦੀਆਂ ਚੀਕਾਂ ਗੂੰਜਣ ਲੱਗੀਆਂ। ਉਸ ਸਮੇਂ ਜਹਾਜ਼ 18 ਹਜ਼ਾਰ ਫੁੱਟ ਦੀ ਉੱਚਾਈ ’ਤੇ ਉੱਡ ਰਿਹਾ ਸੀ।

ਸੜਦਾ ਹੋਇਆ ਜਹਾਜ਼ ਸਮੁੰਦਰ ਵਿੱਚ ਡਿੱਗਿਆ

ਜਹਾਜ਼ ਵਿੱਚ ਅੱਗ

ਤਸਵੀਰ ਸਰੋਤ, JAICO PUBLICATION

ਤਸਵੀਰ ਕੈਪਸ਼ਨ, ਚੀਨੀ ਯਾਤਰੀਆਂ ਸਮੇਤ ਜਿਸ ਵੇਲੇ ਇਹ ਜਹਾਜ਼ 18 ਹਜ਼ਾਰ ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ, ਉਸ ਦੇ ਕਾਕਪਿਟ ਵਿੱਚ ਜ਼ੋਰਦਾਰ ਧਮਾਕਾ ਹੋਇਆ

ਪਾਇਲਟ ਨੇ ਸਭ ਤੋਂ ਪਹਿਲਾਂ ਡਿਸਟ੍ਰੈੱਸ ਸਿਗਨਲ ਭੇਜ ਕੇ ਦੱਸਿਆ ਕਿ ਇਸ ਸਮੇਂ ਉਹ ਦੱਖਣੀ ਚੀਨ ਸਮੁੰਦਰ ਦੇ ਨਾਤੁਨਾ ਦੀਪ ਦੇ ਉੱਪਰ ਤੋਂ ਲੰਘ ਰਿਹਾ ਹੈ। ਉਸ ਦੇ ਬਾਅਦ ਉਸ ਨੇ ਪੂਰੀ ਤਾਕਤ ਨਾਲ ਜਹਾਜ਼ ਦੇ ਥ੍ਰੋਟਲ ਨੂੰ ਦਬਾਉਂਦੇ ਹੋਏ ਜਹਾਜ਼ ਦੀ ਨੱਕ ਹੇਠਾਂ ਵੱਲ ਕਰ ਦਿੱਤੀ।

ਇੰਨਾ ਸਮਾਂ ਨਹੀਂ ਸੀ ਕਿ ਉਹ ਕੋਲ ਦੇ ਕਿਸੇ ਹਵਾਈ ਅੱਡੇ ’ਤੇ ਲੈਂਡ ਕਰ ਸਕਣ, ਇਸ ਲਈ ਯਾਤਰੀਆਂ ਨੂੰ ਬਚਾਉਣ ਦਾ ਸਭ ਤੋਂ ਚੰਗਾ ਤਰੀਕਾ ਸੀ ਕਿ ਜਹਾਜ਼ ਨੂੰ ਸਮੁੰਦਰ ਦੇ ਪਾਣੀ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ ਜਾਵੇ।

ਜਦੋਂ ਜਹਾਜ਼ ਪਾਣੀ ਵਿੱਚ ਡਿੱਗਿਆ ਤਾਂ ਉਸ ਵਿੱਚ ਅੱਗ ਲੱਗੀ ਹੋਈ ਸੀ। ਜਹਾਜ਼ ’ਤੇ ਸਵਾਰ 19 ਲੋਕਾਂ ਵਿੱਚ ਸਿਰਫ਼ ਤਿੰਨ ਕਰਮਚਾਰੀਆਂ ਦੀ ਜਾਨ ਬਚ ਸਕੀ। ਬਾਕੀ 16 ਲੋਕ ਇਸ ਕ੍ਰੈਸ਼ ਵਿੱਚ ਮਾਰੇ ਗਏ।

ਨਿਤਿਨ ਗੋਖਲੇ ਦੀ ਕਿਤਾਬ

ਤਸਵੀਰ ਸਰੋਤ, BLOOMSBURY

ਤਸਵੀਰ ਕੈਪਸ਼ਨ, ਲੇਖਕ ਨਿਤਿਨ ਗੋਖਲੇ ਨੇ ਆਪਣੀ ਕਿਤਾਬ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ

ਨਿਤਿਨ ਗੋਖਲੇ ਆਪਣੀ ਕਿਤਾਬ ‘ਆਰਐੱਨ ਕਾਵ ਜੈਂਟਲਮੈਨ ਸਪਾਈਮਾਸਟਰ’ ਵਿੱਚ ਲਿਖਦੇ ਹਨ, ‘‘ਬਚਣ ਵਾਲੇ ਲੋਕਾਂ ਵਿੱਚੋਂ ਸਨ ਫਲਾਇਟ ਨੇਵੀਗੇਟਰ ਪਾਠਕ, ਜਹਾਜ਼ ਦੇ ਮੈਕੇਨਿਕਲ ਇੰਜਨੀਅਰ ਏਐੱਨ ਕਾਰਨਿਕ ਅਤੇ ਸਹਿ ਪਾਇਲਟ ਐੱਮਸੀ ਦੀਕਸ਼ਿਤ।’’

ਜਹਾਜ਼ ਦੇ ਕਪਤਾਨ ਜਟਾਰ ਜੋ ਕਿ ਏਅਰ ਇੰਡੀਆ ਦੇ ਸਭ ਤੋਂ ਅਨੁਭਵੀ ਪਾਇਲਟਾਂ ਵਿੱਚੋਂ ਇੱਕ ਸਨ, ਉਹ ਆਪਣੀ ਸੀਟ ’ਤੇ ਮ੍ਰਿਤਕ ਪਾਏ ਗਏ ਸਨ।

ਏਅਰ ਹੋਸਟੈੱਸ ਗਲੋਰੀ ਐਸਪਨਸਨ ਨੇ ਅਦੁੱਤੀ ਸਾਹਸ ਦਿਖਾਉਂਦੇ ਹੋਏ ਜਹਾਜ਼ ਦੇ ਸਮੁੰਦਰ ਵਿੱਚ ਡਿੱਗਣ ਤੋਂ ਪਹਿਲਾਂ ਹਰ ਇੱਕ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਨੂੰ ਲਾਈਫ ਬੈਲਟ ਵੰਡੀ ਸੀ।

ਮੇਂਟੇਨੈਂਸ ਇੰਜਨੀਅਰ ਕਾਰਨਿਕ ਨੌਂ ਘੰਟੇ ਸਮੁੰਦਰ ਦੇ ਪਾਣੀ ਵਿੱਚ ਤੈਰਦੇ ਹੋਏ ਇੱਕ ਟਾਪੂ ’ਤੇ ਪਹੁੰਚੇ ਸਨ ਜਿੱਥੇ ਮਛੇਰਿਆਂ ਨੇ ਉਨ੍ਹਾਂ ਨੂੰ ਬਚਾ ਕੇ ਸਿੰਗਾਪੁਰ ਜਾ ਰਹੇ ਇੱਕ ਬ੍ਰਿਟਿਸ਼ ਜੰਗੀ ਜਹਾਜ਼ ’ਤੇ ਚੜ੍ਹਾਇਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਅਸ਼ੋਕ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ।

 ਅਸ਼ੋਕ ਚੱਕਰ

ਤਸਵੀਰ ਸਰੋਤ, MINISTRY OF DEFENCE

ਤਸਵੀਰ ਕੈਪਸ਼ਨ, ਅਸ਼ੋਕ ਚੱਕਰ

ਨਹਿਰੂ ਤੋਂ ਜਾਂਚ ਕਰਾਉਣ ਦੀ ਬੇਨਤੀ

ਜੇਕਰ ਚੀਨ ਦੇ ਪਹਿਲੇ ਪ੍ਰਧਾਨ ਮੰਤਰੀ ਚੂ ਐੱਨ ਲਾਈ ਨੇ ਆਖਰੀ ਸਮੇਂ ’ਤੇ ਆਪਣੀ ਯਾਤਰਾ ਰੱਦ ਨਾ ਕੀਤੀ ਹੁੰਦੀ ਤਾਂ ਉਹ ਵੀ ਸ਼ਾਇਦ ਇਸ ਦੁਰਘਟਨਾ ਵਿੱਚ ਮਾਰੇ ਜਾਂਦੇ।

ਸਾਲ 2004 ਵਿੱਚ ਚੀਨ ਦੀ ਸਰਕਾਰ ਵੱਲੋਂ ਜਨਤਕ ਕੀਤੇ ਗਏ ਖੁਫ਼ੀਆ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਸੀ, ‘‘ਅਪੈਂਡਿਕਸ ਵਿੱਚ ਦਰਦ ਉੱਠਣ ਦੇ ਕਾਰਨ ਚੂ ਐੱਨ ਲਾਈ ਦਾ ਬੀਜਿੰਗ ਵਿੱਚ ਆਪਰੇਸ਼ਨ ਕੀਤਾ ਗਿਆ ਸੀ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੇ ਕੁਝ ਦਿਨਾਂ ਬਾਅਦ ਬਾਂਡੁੰਗ ਜਾਣ ਦਾ ਫੈਸਲਾ ਕੀਤਾ ਸੀ।’’

ਆਪਰੇਸ਼ਨ ਦੇ ਤਿੰਨ ਦਿਨ ਬਾਅਦ ਚੂ ਐੱਨ ਲਾਈ ਰੰਗੂਨ ਗਏ ਸਨ ਜਿੱਥੇ ਉਨ੍ਹਾਂ ਦੀ ਮੁਲਾਕਾਤ ਜਵਾਹਰਲਾਲ ਨਹਿਰੂ ਅਤੇ ਬਰਮਾ ਦੇ ਪ੍ਰਧਾਨ ਮੰਤਰੀ ਯੂ ਨੂ ਨਾਲ ਹੋਈ ਸੀ। ਰੰਗੂਨ ਤੋਂ ਉਹ ਜਵਾਹਰਲਾਲ ਨਹਿਰੂ ਦੇ ਜਹਾਜ਼ ਵਿੱਚ ਬੈਠ ਕੇ ਬਾਂਡੁੰਗ ਪਹੁੰਚੇ ਸਨ।

ਇਸ ਘਟਨਾ ਦੇ ਤੁਰੰਤ ਬਾਅਦ ਚੀਨ ਦੇ ਰੇਡਿਓ ਦੇ ਪ੍ਰਸਾਰਣ ਵਿੱਚ ਜਹਾਜ਼ ਵਿੱਚ ਤੋੜਫੋੜ ਦਾ ਸ਼ੱਕ ਪ੍ਰਗਟਾਇਆ ਗਿਆ।

ਉਸ ਪ੍ਰਸਾਰਣ ਵਿੱਚ ਕਿਹਾ ਗਿਆ ਸੀ ਕਿ ਇਹ ਸ਼ੱਕ ਕਰਨ ਦੇ ਉਚਿੱਤ ਕਾਰਨ ਹਨ ਕਿ ਜਹਾਜ਼ ਨੂੰ ਗਿਰਾ ਕੇ ਭਾਰਤ ਚੀਨ ਸਬੰਧਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਚੀਨੀਆਂ ਨੇ ਇਸ ਲਈ ਤਾਇਵਾਨ ਦੀ ਖੁਫ਼ੀਆ ਏਜੰਸੀ ਕੇਐੱਮਟੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਪ੍ਰਧਾਨ ਮੰਤਰੀ ਚੂ ਐੱਨ ਲਾਈ ਨੇ ਨਹਿਰੂ ਨਾਲ ਸੰਪਰਕ ਕਰਕੇ ਇਸ ਗੱਲ ਦੀ ਬੇਨਤੀ ਕੀਤੀ ਕਿ ਭਾਰਤ ਇਸ ਹਾਦਸੇ ਦੀ ਜਾਂਚ ਦਾ ਹਿੱਸਾ ਬਣ ਜਾਵੇ।

ਰਾਮਨਾਥ ਕਾਵ ਨੂੰ ਮਿਲਿਆ ਜ਼ਿੰਮਾ

ਚੀਨ ਦੇ ਤਤਕਾਲੀ ਪ੍ਰਧਾਨ ਮੰਤਰੀ ਚੂ ਐੱਨ ਲਾਈ ਦੇ ਨਾਲ ਪੰਡਿਤ ਜਵਾਹਰਲਾਲ ਨਹਿਰੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨ ਦੇ ਤਤਕਾਲੀ ਪ੍ਰਧਾਨ ਮੰਤਰੀ ਚੂ ਐੱਨ ਲਾਈ ਦੇ ਨਾਲ ਪੰਡਿਤ ਜਵਾਹਰਲਾਲ ਨਹਿਰੂ

ਨਹਿਰੂ ਨੇ ਆਪਣੇ ਵਿਸ਼ਵਾਸਪਾਤਰ ਅਤੇ ਉਸ ਸਮੇਂ ਇੰਟੈਲੀਜੈਂਸ ਬਿਊਰੋ ਦੇ ਪ੍ਰਮੁੱਖ ਬੀਐੱਨ ਮਲਿਕ ਨੂੰ ਕਿਹਾ ਕਿ ਉਹ ਇਸ ਕੰਮ ਲਈ ਆਪਣੇ ਸਰਵਸ਼੍ਰੇਸ਼ਠ ਵਿਅਕਤੀ ਨੂੰ ਲਗਾਉਣ।

ਮਲਿਕ ਨੇ ਇਸ ਕੰਮ ਲਈ 37 ਸਾਲਾ ਰਾਮਨਾਥ ਕਾਵ ਨੂੰ ਚੁਣਿਆ। ਕਾਵ ਆਪਣੇ ਨਾਲ ਡਿਪਟੀ ਇੰਟੈਲੀਜੈਂਸ ਅਧਿਕਾਰੀ ਚੰਦਰਪਾਲ ਸਿੰਘ ਨੂੰ ਲੈ ਕੇ ਗਏ ਸਨ।

ਬਾਅਦ ਵਿੱਚ ਹਿੰਦੁਸਤਾਨ ਏਅਰਕ੍ਰਾਫਟ ਫੈਕਟਰੀ ਦੇ ਇੰਜਨੀਅਰ ਵਿਸ਼ਵਨਾਥਨ ਵੀ ਜਾਂਚ ਦਲ ਦੇ ਮੈਂਬਰ ਬਣ ਗਏ।

ਕਾਵ ਨੇ ਮੁੰਬਈ ਵਿੱਚ ਇਸ ਹਾਦਸੇ ਵਿੱਚ ਬਚਣ ਵਾਲੇ ਤਿੰਨ ਭਾਰਤੀ ਲੋਕਾਂ ਨਾਲ ਵਿਸਥਾਰਤ ਗੱਲਬਾਤ ਕੀਤੀ ਸੀ।

ਨਹਿਰੂ ਮੈਮੋਰੀਅਲ ਲਾਇਬ੍ਰੇਰੀ ਨੂੰ ਦਿੱਤੇ ਗਏ ਕਾਗਜ਼ਾਂ ਵਿੱਚ ਕਾਵ ਲਿਖਦੇ ਹਨ, ‘‘ਮੈਂ ਉਨ੍ਹਾਂ ਲੋਕਾਂ ਦੀ ਪੂਰੀ ਸੂਚੀ ਬਣਾ ਲਈ ਸੀ ਜਿਨ੍ਹਾਂ ਦਾ ਹਾਂਗਕਾਂਗ ਦੀ ਉਡਾਣ ਭਰਨ ਤੋਂ ਪਹਿਲਾਂ ਭਾਰਤੀ ਜਹਾਜ਼ ਨਾਲ ਕਿਸੇ-ਨਾ-ਕਿਸੇ ਵਜ੍ਹਾ ਨਾਲ ਵਾਸਤਾ ਪਿਆ ਸੀ। ਉਸ ਸੂਚੀ ਵਿੱਚ ਸ਼ਾਮਲ ਸਨ ਸਾਰੇ ਜਹਾਜ਼ ਕਰਮਚਾਰੀ ਅਤੇ ਮੇਂਟੇਨੈਂਸ ਕਰੂ ਦੇ ਸਾਰੇ ਮੈਂਬਰ।’’

ਅਜੇ ਸੰਮੇਲਨ ਚੱਲ ਹੀ ਰਿਹਾ ਸੀ ਕਿ ਕਾਵ ਬਾਂਡੁੰਗ ਪਹੁੰਚ ਗਏ। ਉਸ ਸਮੇਂ ਇੰਟੈਲੀਜੈਂਸ ਬਿਊਰੋ ਵਿੱਚ ਡਿਪਟੀ ਡਾਇਰੈਕਟਰ ਦੇ ਪਦ ’ਤੇ ਕੰਮ ਕਰ ਰਹੇ ਕੇ.ਐੱਫ. ਰੁਸਤਮਜੀ ਉਨ੍ਹਾਂ ਨੂੰ ਨਹਿਰੂ ਦੇ ਕੋਲ ਲੈ ਗਏ। ਨਹਿਰੂ ਨੇ ਉਸੀ ਸ਼ਾਮ ਚੀਨ ਦੇ ਪ੍ਰਧਾਨ ਮੰਤਰੀ ਚੂ ਐੱਨ ਲਾਈ ਨਾਲ ਕਾਵ ਦੀ ਮੁਲਾਕਾਤ ਤੈਅ ਕਰਵਾ ਦਿੱਤੀ।

ਰਾਮਨਾਥ ਕਾਵ

ਤਸਵੀਰ ਸਰੋਤ, BLOOMSBURY

ਤਸਵੀਰ ਕੈਪਸ਼ਨ, ਇਸ ਹਮਲੇ ਦੀ ਜਾਂਚ ਲਈ 37 ਸਾਲਾ ਰਾਮਨਾਥ ਕਾਵ ਨੂੰ ਚੁਣਿਆ ਗਿਆ

ਬਾਅਦ ਵਿੱਚ ਇਸ ਮੁਲਾਕਾਤ ਦਾ ਜ਼ਿਕਰ ਕਰਦੇ ਹੋਏ ਕਾਵ ਨੇ ਲਿਖਿਆ, ‘‘ਚੂ ਐੱਨ ਲਾਈ ਬੋਇਲਰ ਸੂਟ ਪਹਿਨੇ ਹੋਏ ਸਨ। ਉਨ੍ਹਾਂ ਨਾਲ ਉਨ੍ਹਾਂ ਦਾ ਦੁਭਾਸ਼ੀਆ ਸੀ ਜੋ ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਿਆ ਹੋਇਆ ਸੀ ਅਤੇ ਚੰਗੀ ਅੰਗਰੇਜ਼ੀ ਬੋਲਦਾ ਸੀ।’’

‘‘ਚੂ ਐੱਨ ਲਾਈ ਚੀਨੀ ਭਾਸ਼ਾ ਵਿੱਚ ਬੋਲ ਰਹੇ ਸਨ, ਪਰ ਅੰਗਰੇਜ਼ੀ ਭਾਸ਼ਾ ਦੀ ਉਨ੍ਹਾਂ ਦੀ ਸਮਝ ਕਈ ਲੋਕਾਂ ਤੋਂ ਬਿਹਤਰ ਸੀ। ਪਹਿਲੀ ਬਾਰ ਉਨ੍ਹਾਂ ਨਾਲ ਮੈਂ ਚੀਨ ਦੀ ਗ੍ਰੀਨ ਟੀ ਪੀਤੀ ਸੀ। ਨਾਲ ਖਾਣ ਲਈ ਸੁੱਕੀ ਹੋਈ ਲੀਚੀ ਅਤੇ ਹੋਰ ਕਈ ਚੀਜ਼ਾਂ ਦਿੱਤੀਆਂ ਗਈਆਂ ਸਨ।’’

ਪੰਜ ਦੇਸ਼ ਬਣੇ ਜਾਂਚ ਦਾ ਹਿੱਸਾ

ਚੀਨ ਦੇ ਸਾਬਕਾ ਪ੍ਰਧਾਨ ਮੰਤਰੀ ਚੂ ਐੱਨ ਲਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਤਿਮ ਸਮੇਂ 'ਤੇ ਆਪਣੀ ਯਾਤਰਾ ਰੱਦ ਕਰਨ ਕਾਰਨ ਚੀਨ ਦੇ ਤਤਕਾਲੀ ਪ੍ਰਧਾਨ ਮੰਤਰੀ ਇਸ ਹਾਦਸੇ ਤੋਂ ਬਚ ਗਏ ਸਨ

ਇਸ ਬੈਠਕ ਦੇ ਦੌਰਾਨ ਹੀ ਕਾਵ ਨੇ ਚੂ ਐੱਨ ਲਾਈ ਨੂੰ ਕੁਝ ਸਮਝਾਉਣ ਲਈ ਇੱਕ ਕਾਗਜ਼ ’ਤੇ ਚਿੱਤਰ ਬਣਾਉਣਾ ਚਾਹਿਆ। ਉਨ੍ਹਾਂ ਨੇ ਇਸ ਲਈ ਆਪਣੇ ਬ੍ਰੀਫਕੇਸ ਤੋਂ ਇੱਕ ਫਾਊਂਟੇਨ ਪੈੱਨ ਕੱਢਿਆ।

ਕਾਵ ਲਿਖਦੇ ਹਨ, ‘‘ਉਸ ਸਮੇਂ ਤੱਕ ਮੈਨੂੰ ਹਵਾਈ ਯਾਤਰਾ ਦਾ ਬਹੁਤਾ ਅਨੁਭਵ ਨਹੀਂ ਸੀ। ਜਦੋਂ ਮੈਂ ਪੈੱਨ ਦਾ ਢੱਕਣ ਖੋਲ੍ਹਿਆ ਤਾਂ ਉਸ ਦੀ ਸਿਆਹੀ ਲੀਕ ਕਰਨ ਲੱਗੀ ਅਤੇ ਉਸ ਨੇ ਮੇਰੇ ਹੱਥਾਂ ਨੂੰ ਰੰਗ ਦਿੱਤਾ। ਮੈਂ ਇੱਧਰ-ਉੱਧਰ ਦੇਖਿਆ ਅਤੇ ਆਪਣੇ ਬ੍ਰੀਫ ਕੇਸ ਤੋਂ ਕੁਝ ਕਾਗਜ਼ ਕੱਢ ਕੇ ਉਸ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ।’’

‘‘ਇਹ ਨਜ਼ਾਰਾ ਦੇਖ ਰਹੇ ਚੂ ਐੱਨ ਲਾਈ ਬਿਨਾਂ ਕੁਝ ਕਹੇ ਆਪਣੇ ਸੋਫੇ ਤੋਂ ਉੱਠੇ ਅਤੇ ਆਪਣੇ ਕਮਰੇ ਦੇ ਬਾਹਰ ਚਲੇ ਗਏ। ਮੈਂ ਥੋੜ੍ਹਾ ਪੇਰਸ਼ਾਨ ਹੋਇਆ, ਪਰ ਕੁਝ ਹੀ ਦੇਰ ਵਿੱਚ ਉਹ ਆਪਣੇ ਇੱਕ ਸਹਿਯੋਗੀ ਨਾਲ ਕਮਰੇ ਵਿੱਚ ਫਿਰ ਦਾਖਲ ਹੋਏ।’’

‘‘ਉਨ੍ਹਾਂ ਦੇ ਨਾਲ ਸਲੀਕੇ ਨਾਲ ਰੱਖੇ ਹੋਏ ਵੈੱਟ ਟਾਵਲਜ਼ ਸਨ। ਉਨ੍ਹਾਂ ਨੇ ਮੈਨੂੰ ਇਸ਼ਾਰਾ ਕੀਤਾ ਕਿ ਮੈਂ ਉਨ੍ਹਾਂ ਨਾਲ ਆਪਣਾ ਹੱਥ ਸਾਫ਼ ਕਰ ਲਵਾਂ।’’

ਲਾਈਨ
ਲਾਈਨ

ਇਸ ਬੈਠਕ ਦੇ ਦੌਰਾਨ ਹੀ ਚੂ ਐੱਨ ਲਾਈ ਨੇ ਕਾਵ ਨੂੰ ਹਦਾਇਤ ਦਿੱਤੀ ਕਿ ਉਹ ਜੋ ਕੁਝ ਵੀ ਉਨ੍ਹਾਂ ਨੂੰ ਦੱਸਣ, ਉਸ ਨੂੰ ਬ੍ਰਿਟਿਸ਼ ਅਧਿਕਾਰੀਆਂ ਨੂੰ ਨਾ ਦੱਸਣ। ਇਸ ਘਟਨਾਕ੍ਰਮ ਦੇ ਕਈ ਅੰਤਰਰਾਸ਼ਟਰੀ ਪਹਿਲੂ ਸਨ।

ਜਹਾਜ਼ ਨੇ ਹਾਂਗਕਾਂਗ ਤੋਂ ਉਡਾਣ ਭਰੀ ਸੀ, ਪਰ ਉਹ ਇੰਡੋਨੇਸ਼ੀਆ ਦੀ ਸਮੁੰਦਰ ਸੀਮਾ ਵਿੱਚ ਡਿੱਗਿਆ ਸੀ। ਜਹਾਜ਼ ਦਾ ਨਿਰਮਾਣ ਅਮਰੀਕਾ ਵਿੱਚ ਹੋਇਆ ਸੀ, ਪਰ ਉਸ ਦਾ ਮਾਲਕ ਭਾਰਤ ਸੀ।

ਜਹਾਜ਼ ’ਤੇ ਸਵਾਰ ਸਾਰੇ ਵਿਅਕਤੀ ਚੀਨੀ ਸਨ। ਇਸ ਤਰ੍ਹਾਂ ਪੰਜ ਦੇਸ਼ ਬ੍ਰਿਟੇਨ, ਇੰਡੋਨੇਸ਼ੀਆ, ਅਮਰੀਕਾ, ਭਾਰਤ ਅਤੇ ਚੀਨ ਜਾਂਚ ਦਾ ਹਿੱਸਾ ਬਣ ਗਏ।

ਕਾਵ ਨੇ ਅਗਲੇ ਪੰਜ ਮਹੀਨਿਆਂ ਤੱਕ ਇਸ ਘਟਨਾ ਦੀ ਤਹਿ ਵਿੱਚ ਜਾਣ ਲਈ ਬ੍ਰਿਟਿਸ਼, ਚੀਨੀ ਅਤੇ ਹਾਂਗਕਾਂਗ ਦੀਆਂ ਖੁਫ਼ੀਆ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕੀਤਾ।

ਕਾਵ ਦੀ ਸਖ਼ਤ ਮਿਹਨਤ ਰੰਗ ਲਿਆਈ ਅਤੇ ਸਤੰਬਰ 1955 ਤੱਕ ਇਹ ਤਸਵੀਰ ਸਾਹਮਣੇ ਆਉਣ ਲੱਗੀ ਕਿ ‘ਕਸ਼ਮੀਰ ਪ੍ਰਿੰਸੇਜ਼’ ਦੇ ਕਰੈਸ਼ ਦੇ ਦਿਨ ਕੀ ਹੋਇਆ ਸੀ।

ਕਾਵ ਦੀ ਜਾਨ ਨੂੰ ਖਤਰਾ

ਰਾਮਨਾਥ ਕਾਵ

ਤਸਵੀਰ ਸਰੋਤ, BLOOMBURY

ਤਸਵੀਰ ਕੈਪਸ਼ਨ, ਰਾਮਨਾਥ ਕਾਵ

ਜਦੋਂ ਕਾਵ ਬੀਜਿੰਗ ਪਹੁੰਚੇ ਤਾਂ ਉਨ੍ਹਾਂ ਨੇ ਚੂ ਐੱਨ ਲਾਈ ਨਾਲ ਫਿਰ ਤੋਂ ਮੁਲਾਕਾਤ ਕੀਤੀ।

ਚੂ ਨੇ ਕਾਵ ਨੂੰ ਦੱਸਿਆ ਕਿ ਚੀਨ ਸਰਕਾਰ ਕੋਲ ਜਾਣਕਾਰੀ ਹੈ ਕਿ ਕੇਐੱਮਟੀ ਦੇ ਜਾਸੂਸ ਉਨ੍ਹਾਂ ਦੀ ਹੱਤਿਆ ਕਰਨ ਦੀ ਯੋਜਨਾ ਬਣਾ ਰਹੇ ਹਨ, ਇਸ ਲਈ ਉਨ੍ਹਾਂ ਨੂੰ ਇਹਤਿਆਤ ਵਰਤਣੀ ਚਾਹੀਦੀ ਹੈ।

ਜਦੋਂ ਕਾਵ ਬੀਜਿੰਗ ਤੋਂ ਹਾਂਗਕਾਂਗ ਪਹੁੰਚੇ ਤਾਂ ਹਾਂਗਕਾਂਗ ਸਪੈਸ਼ਲ ਬ੍ਰਾਂਚ ਦੇ ਮੁਖੀ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਕਿਹਾ ਕਿ ਉਨ੍ਹਾਂ ਨੂੰ ਨਿਰਦੇਸ਼ ਮਿਲੇ ਹਨ ਕਿ ਉਨ੍ਹਾਂ ਨੂੰ ਉਚਿੱਤ ਸੁਰੱਖਿਆ ਦਿੱਤੀ ਜਾਵੇ।

ਹੁਣ ਤੋਂ ਇੱਕ ਬ੍ਰਿਟਿਸ਼ ਇੰਸਪੈਕਟਰ ਇੱਕ ਅਨਮਾਰਕਡ ਕਾਰ ਵਿੱਚ ਹਮੇਸ਼ਾਂ ਉਨ੍ਹਾਂ ਨਾਲ ਰਹੇਗਾ। ਕਾਵ ਨੇ ਹਾਂਗਕਾਂਗ ਵਿੱਚ ਆਪਣੇ ਵੱਲੋਂ ਵੀ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਨੇ ਰਾਤ ਨੂੰ ਘੁੰਮਣਾ, ਗਲੀਆਂ ਵਿੱਚ ਜਾਣਾ ਅਤੇ ਅਣਜਾਣੀਆਂ ਥਾਵਾਂ ’ਤੇ ਖਾਣਾ ਛੱਡ ਦਿੱਤਾ।

ਉਨ੍ਹਾਂ ਦੇ ਹੋਟਲ ਦੇ ਕਮਰੇ ਵਿੱਚ ਕੋਈ ਸੇਫ਼ ਨਹੀਂ ਸੀ, ਇਸ ਲਈ ਜਦੋਂ ਵੀ ਉਹ ਬਾਹਰ ਜਾਂਦੇ ਜਾਂਚ ਨਾਲ ਸਬੰਧਿਤ ਸਾਰੇ ਕਾਗਜ਼ ਆਪਣੇ ਨਾਲ ਆਪਣੇ ਬ੍ਰੀਫਕੇਸ ਵਿੱਚ ਰੱਖਦੇ।

ਕਾਵ ਨੇ ਬਾਅਦ ਵਿੱਚ ਲਿਖਿਆ, ‘‘ਹੋਟਲ ਵਿੱਚ ਵੀ ਮੈਂ ਆਪਣੇ ਬ੍ਰੀਫਕੇਸ ਨੂੰ ਆਪਣੀਆਂ ਅੱਖਾਂ ਤੋਂ ਓਝਲ ਨਹੀਂ ਹੋਣ ਦਿੰਦਾ ਸੀ। ਇੱਥੋਂ ਤੱਕ ਕਿ ਜਦੋਂ ਮੈਂ ਬਾਥਰੂਮ ਜਾਂਦਾ ਸੀ, ਉਦੋਂ ਵੀ ਬ੍ਰੀਫਕੇਸ ਨੂੰ ਆਪਣੇ ਨਾਲ ਲੈ ਜਾਂਦਾ ਸੀ। ਰਾਤ ਨੂੰ ਮੈਂ ਉਸ ਨੂੰ ਪਲੰਘ ਦੇ ਗੱਦੇ ਦੇ ਹੇਠ ਰੱਖ ਕੇ ਸੌਂਦਾ ਸੀ।’’

ਤਾਇਵਾਨ ਦੇ ਨੇਤਾ ਚਯਾਂਗ ਕਾਈ ਸ਼ੇਕ

ਤਸਵੀਰ ਸਰੋਤ, Getty Images

ਜਹਾਜ਼ ਦੁਰਘਟਨਾ ਦੀ ਵਿਗਿਆਨਕ ਜਾਂਚ ਦੇ ਬਾਅਦ ਪਤਾ ਲੱਗਿਆ ਕਿ ਜਹਾਜ਼ ਦੇ ਵ੍ਹੀਲ ਬੇ ਦੇ ਅੰਡਰਕੈਰੇਜ ਵਿੱਚ ਟਾਈਮ ਬੰਬ ਰੱਖਿਆ ਗਿਆ ਸੀ। ਇਹ ਪਤਾ ਲੱਗ ਜਾਣ ਦੇ ਬਾਅਦ ਸਵਾਲ ਉੱਠਿਆ ਕਿ ਇਹ ਕਿਸ ਨੇ ਕੀਤਾ ਸੀ?

ਕਾਵ ਹਾਂਗਕਾਂਗ ਵਿੱਚ ਬ੍ਰਿਟਿਸ਼ ਗਵਰਨਰ ਸਰ ਅਲੈਗਜ਼ੈਂਡਰ ਗ੍ਰੈਂਥਮ ਅਤੇ ਉਨ੍ਹਾਂ ਦੇ ਜਾਸੂਸਾਂ ਨਾਲ ਕੰਮ ਕਰਦੇ ਹੋਏ ਇਸ ਘਟਨਾ ਦੀ ਤਹਿ ਤੱਕ ਗਏ ਅਤੇ ਉਸ ਦੇ ਇੱਕ-ਇੱਕ ਪਹਿਲੂ ਦੀ ਜਾਂਚ ਕੀਤੀ।

ਕਾਵ ਨੇ ਚੀਨ ਦੇ ਪ੍ਰਧਾਨ ਮੰਤਰੀ ਚੂ ਐੱਨ ਲਾਈ ਨੂੰ ਦੱਸਿਆ ਕਿ ਹਰ ਤਰ੍ਹਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਇਸ ਘਟਨਾ ਦੇ ਪਿੱਛੇ ਤਾਇਵਾਨ ਦੇ ਇੱਕ ਵਿਅਕਤੀ ਚਾਊ ਚੂ ਦਾ ਹੱਥ ਹੈ ਜੋ ਹਾਂਗਕਾਂਗ ਏਅਰਕਰਾਫਟ ਇੰਜਨੀਅਰਿੰਗ ਕੰਪਨੀ ਵਿੱਚ ਗਰਾਊਂਡ ਮੇਂਟੇਨੈਂਸ ਕਰੂ ਦਾ ਮੈਂਬਰ ਸੀ।

ਜਾਂਚ ਤੋਂ ਪਤਾ ਲੱਗਿਆ ਕਿ ਹਾਂਗਕਾਂਗ ਵਿੱਚ ਕੇਐੱਮਟੀ ਦੇ ਇੱਕ ਖੁਫ਼ੀਆ ਅਧਿਕਾਰੀ ਨੇ ਚਾਊ ਚੂ ਨੂੰ ਇਹ ਕੰਮ ਕਰਨ ਲਈ ਤਿਆਰ ਕੀਤਾ ਸੀ।

ਸ਼ੁਰੂ ਵਿੱਚ ਚਾਊ ਚੂ ਇਸ ਕੰਮ ਲਈ ਰਾਜ਼ੀ ਨਹੀਂ ਹੋਇਆ ਸੀ, ਪਰ ਜਦੋਂ ਉਸ ਨੂੰ ਇਹ ਲਾਲਚ ਦਿੱਤਾ ਗਿਆ ਕਿ ਇਸ ਕੰਮ ਦੇ ਬਦਲੇ ਉਸ ਨੂੰ 60 ਹਜ਼ਾਰ ਹਾਂਗਕਾਂਗ ਡਾਲਰ ਮਿਲਣਗੇ ਤਾਂ ਉਹ ਇਸ ਲਈ ਤਿਆਰ ਹੋ ਗਿਆ।

ਕੇਐੱਮਟੀ ਦੇ ਅਧਿਕਾਰੀ ਅਤੇ ਚਾਊ ਚੂ ਦੇ ਵਿਚਕਾਰ ਹਾਂਗਕਾਂਗ ਦੇ ਕਈ ਹੋਟਲਾਂ ਵਿੱਚ ਕਈ ਮੁਲਾਕਾਤਾਂ ਹੋਈਆਂ। ਇਸ ਦੇ ਬਾਅਦ ਚਾਊ ਚੂ ਨੂੰ ਜਹਾਜ਼ ਵਿੱਚ ਬੰਬ ਲਗਾਉਣ ਦੀ ਟਰੇਨਿੰਗ ਦਿੱਤੀ ਗਈ।

ਇਸ ਯੋਜਨਾ ਦੇ ਪਿੱਛੇ ਚਯਾਂਗ ਕਾਈ ਸ਼ੇਕ ਸਨ ਜੋ ਉਸ ਸਮੇਂ ਤਾਇਵਾਨ ਦੇ ਨੇਤਾ ਸਨ।

ਚਾਊ ਚੂ ਭੱਜਣ ਵਿੱਚ ਸਫਲ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਰਾਮਨਾਥ ਕਾਵ

ਤਸਵੀਰ ਸਰੋਤ, BLOOMSBURY

ਤਸਵੀਰ ਕੈਪਸ਼ਨ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਰਾਮਨਾਥ ਕਾਵ

ਜਦੋਂ ਇਹ ਜਨਤਕ ਹੋ ਗਿਆ ਕਿ ਚੂ ਐੱਨ ਲਾਈ ਇੱਕ ਭਾਰਤੀ ਚਾਰਟਡ ਜਹਾਜ਼ ਰਾਹੀਂ ਹਾਂਗਕਾਂਗ ਤੋਂ ਬਾਂਡੁੰਗ ਸੰਮੇਲਨ ਵਿੱਚ ਭਾਗ ਲੈਣ ਜਾਣਗੇ ਤਾਂ ਤੈਅ ਕੀਤਾ ਗਿਆ ਕਿ ਉਨ੍ਹਾਂ ਦੇ ਜਹਾਜ਼ ਨੂੰ ਬੰਬ ਨਾਲ ਉਡਾ ਦਿੱਤਾ ਜਾਵੇ।

ਜਦੋਂ ਕਾਵ ਹਾਂਗਕਾਂਗ ਪਹੁੰਚੇ ਤਾਂ ਉਨ੍ਹਾਂ ਨੂੰ ਉੱਥੋਂ ਦੇ ਪੁਲਿਸ ਕਮਿਸ਼ਨਰ ਮੈਕਸਵੈੱਲ ਨੇ ਦੱਸਿਆ ਕਿ ਮੁੱਖ ਮੁਲਜ਼ਮ ਚਾਊ ਚੂ ਜਿਸ ਨੇ ਜਹਾਜ਼ ਵਿੱਚ ਬੰਬ ਰੱਖਿਆ ਸੀ, 18 ਮਈ ਨੂੰ ਸਵੇਰੇ 10 ਵਜੇ ਹਾਂਗਕਾਂਗ ਤੋਂ ਇੱਕ ਅਮਰੀਕੀ ਜਹਾਜ਼ ਰਾਹੀਂ ਤਾਇਵਾਨ ਭੱਜਣ ਵਿੱਚ ਸਫਲ ਹੋ ਗਿਆ ਹੈ।

ਜਿਵੇਂ ਹੀ ਉਸ ਨੇ ਤਾਇਵਾਨ ਵਿੱਚ ਲੈਂਡ ਕੀਤਾ ਕੇਐੱਮਟੀ ਦੇ ਖੁਫ਼ੀਆ ਅਧਿਕਾਰੀ ਉਸ ਨੂੰ ਅਗਿਆਤ ਸਥਾਨ ’ਤੇ ਲੈ ਗਏ। ਉਸ ਦੇ ਬਾਅਦ ਬਾਹਰੀ ਦੁਨੀਆ ਨੇ ਉਸ ਬਾਰੇ ਕਦੇ ਕੁਝ ਨਹੀਂ ਸੁਣਿਆ।

12 ਜੂਨ, 1955 ਨੂੰ ਹਾਂਗਕਾਂਗ ਪੁਲਿਸ ਨੇ ਐਲਾਨ ਕੀਤਾ ਕਿ ਜੋ ਕੋਈ ‘ਕਸ਼ਮੀਰ ਪ੍ਰਿੰਸੇਜ਼’ ਦੀ ਦੁਰਘਟਨਾ ਦੇ ਬਾਰੇ ਠੋਸ ਜਾਣਕਾਰੀ ਦੇਵੇਗਾ, ਉਸ ਨੂੰ ਇੱਕ ਲੱਖ ਹਾਂਗਕਾਂਗ ਡਾਲਰ ਦਿੱਤੇ ਜਾਣਗੇ, ਪਰ ਕੋਈ ਵੀ ਵਿਅਕਤੀ ਪੁਲਿਸ ਦੀ ਮਦਦ ਲਈ ਸਾਹਮਣੇ ਨਹੀਂ ਆਇਆ।

ਰਾਮਨਾਥ ਕਾਵ ਨੇ ਇੱਥੋਂ ਤੱਕ ਪਤਾ ਲਾ ਲਿਆ ਸੀ ਕਿ ਘਟਨਾ ਦੇ ਇੱਕ ਦਿਨ ਪਹਿਲਾਂ ਚਾਊ ਚੂ ਨੂੰ ਮੂਵੀਲੈਂਡ ਹੋਟਲ ਵਿੱਚ ਬੁਲਾ ਕੇ ਉਸ ਨੂੰ ਬ੍ਰਾਊਨ ਕਾਗਜ਼ ਵਿੱਚ ਲਿਪਟਿਆ ਟਾਈਮ ਬੰਬ ਦਿੱਤਾ ਗਿਆ ਸੀ।

ਅਗਲੇ ਦਿਨ ਕੇਐੱਮਟੀ ਦੇ ਇੱਕ ਏਜੰਟ ਨੇ ਉਸ ਨੂੰ ਆਪਣੀ ਕਾਰ ਵਿੱਚ ਹਾਂਗਕਾਂਗ ਹਵਾਈ ਅੱਡੇ ਦੇ ਗੇਟ ’ਤੇ ਛੱਡਿਆ ਸੀ।

ਨਿਤਿਨ ਗੋਖਲੇ ਲਿਖਦੇ ਹਨ, ‘‘ਬਾਅਦ ਵਿੱਚ ਕਾਵ ਨੇ ਇਹ ਵੀ ਪਤਾ ਲਗਾਇਆ ਕਿ ਜਹਾਜ਼ ਵਿੱਚ ਵਿਸਫੋਟ ਦੇ ਬਾਅਦ ਚਾਊ ਚੂ ਕੇਐੱਮਟੀ ਦੇ ਆਪਣੇ ਹੈਂਡਲਰਜ਼ ਦੇ ਕੋਲ ਆਪਣਾ ਇਨਾਮ ਲੈਣ ਗਿਆ ਸੀ।’’

‘‘ਪਰ ਉਨ੍ਹਾਂ ਨੇ ਇਹ ਕਹਿ ਕੇ ਉਸ ਨੂੰ ਤੈਅ ਰਾਸ਼ੀ ਦੇਣ ਤੋਂ ਮਨ੍ਹਾ ਕਰ ਦਿੱਤਾ ਕਿ ਹੇਠ ਡਿੱਗੇ ਜਹਾਜ਼ ਵਿੱਚ ਚੀਨ ਦੇ ਪ੍ਰਧਾਨ ਮੰਤਰੀ ਚੂ ਐੱਨ ਲਾਈ ਨਹੀਂ ਸਨ, ਇਸ ਲਈ ਉਸ ਨੂੰ ਉਹ ਇਨਾਮ ਨਹੀਂ ਮਿਲੇਗਾ।’’

ਚੂ ਐੱਨ ਲਾਈ ਕਾਵ ਦੀ ਜਾਂਚ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਨਹਿਰੂ ਨੂੰ ਪੱਤਰ ਲਿਖ ਕੇ ਕਾਵ ਦੇ ਕੰਮ ਕਰਨ ਦੇ ਤਰੀਕੇ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਾਵ ਨੂੰ ਆਪਣੇ ਨਿਵਾਸ ’ਤੇ ਖਾਣੇ ’ਤੇ ਸੱਦਿਆ।

ਉਹ ਉਸ ਸਮੇਂ ਜੂਨੀਅਰ ਅਫ਼ਸਰ ਸਨ ਅਤੇ ਇਹ ਉਨ੍ਹਾਂ ਲਈ ਇੱਕ ਬਹੁਤ ਵੱਡਾ ਸਨਮਾਨ ਸੀ। ਆਪਣਾ ਸ਼ੁਕਰੀਆ ਅਦਾ ਕਰਨ ਲਈ ਉਨ੍ਹਾਂ ਨੇ ਕਾਵ ਨੂੰ ਆਪਣੀ ਨਿੱਜੀ ਸੀਲ ਦਿੱਤੀ ਜੋ ਅੰਤ ਤੱਕ ਕਾਵ ਦੇ ਸਟੱਡੀ ਟੇਬਲ ਦਾ ਹਿੱਸਾ ਬਣੀ ਰਹੀ।

ਜਦੋਂ ਕਾਵ ਇਸ ਜਾਂਚ ਦੇ ਬਾਅਦ ਭਾਰਤ ਪਰਤੇ ਤਾਂ ਉਨ੍ਹਾਂ ਦਾ ਇੱਕ ਹੀਰੋ ਦੀ ਤਰ੍ਹਾਂ ਸਵਾਗਤ ਕੀਤਾ ਗਿਆ।

ਸੀਆਈਏ ਦੀ ਸਾਜ਼ਿਸ਼?

ਆਰਕੇ ਯਾਦਵ ਦੀ ਕਿਤਾਬ ‘ਮਿਸ਼ਨ ਆਰ ਐਂਡ ਏਡਬਲਯੂ’

ਤਸਵੀਰ ਸਰੋਤ, MANAS PUBLICATION

ਤਸਵੀਰ ਕੈਪਸ਼ਨ, ਆਰਕੇ ਯਾਦਵ ਦੀ ਕਿਤਾਬ ‘ਮਿਸ਼ਨ ਆਰ ਐਂਡ ਏਡਬਲਯੂ’

ਚੀਨ ਨੂੰ ਇਸ ਘਟਨਾ ਦੇ ਘੱਟ-ਤੋਂ-ਘੱਟ ਦੋ ਦਿਨ ਪਹਿਲਾਂ ਇਸ ਸਾਜ਼ਿਸ਼ ਦੀ ਭਣਕ ਲੱਗ ਗਈ ਸੀ।

ਸਵਾਲ ਉੱਠਦਾ ਹੈ ਕਿ ਜਦੋਂ ਚੀਨ ਦੀ ਸਰਕਾਰ ਨੂੰ ਤਾਇਵਾਨ ਦੇ ਜਾਸੂਸਾਂ ਦੀ ਕਾਰਗੁਜ਼ਾਰੀ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਤਾਂ ਉਨ੍ਹਾਂ ਨੇ ਇਸ ਘਟਨਾ ਨੂੰ ਰੋਕਣ ਦੇ ਯਤਨ ਕਿਉਂ ਨਹੀਂ ਕੀਤੇ?

ਆਰਕੇ ਯਾਦਵ ਆਪਣੀ ਕਿਤਾਬ ‘ਮਿਸ਼ਨ ਆਰ ਐਂਡ ਏਡਬਲਯੂ’ ਵਿੱਚ ਲਿਖਦੇ ਹਨ, ‘‘ਚੂ ਐੱਨ ਲਾਈ ਅਤੇ ਉਨ੍ਹਾਂ ਦੀ ਸਰਕਾਰ ਨੇ ਇਸ ਦੁਰਘਟਨਾ ਨੂੰ ਰੋਕਣ ਦਾ ਯਤਨ ਇਸ ਲਈ ਨਹੀਂ ਕੀਤਾ ਕਿਉਂਕਿ ਉਹ ਇਸ ਬਹਾਨੇ ਹਾਂਗਕਾਂਗ ਵਿੱਚ ਕੇਐੱਮਟੀ ਦੇ ਖੁਫ਼ੀਆ ਠਿਕਾਣਿਆਂ ਨੂੰ ਰੋਸ਼ਨੀ ਵਿੱਚ ਲਿਆਉਣਾ ਚਾਹੁੰਦੇ ਸਨ ਤਾਂ ਕਿ ਉਨ੍ਹਾਂ ਨੂੰ ਉੱਥੋਂ ਹਟਾਇਆ ਜਾ ਸਕੇ।’’

‘‘ਦੂਜਾ ਉਨ੍ਹਾਂ ਨੂੰ ਇਸ ਘਟਨਾ ਦੇ ਪ੍ਰਚਾਰ ਦੀ ਕੀਮਤ ਦਾ ਅੰਦਾਜ਼ਾ ਸੀ ਕਿਉਂਕਿ ਘਟਨਾ ਦੇ ਇੱਕ ਦਿਨ ਬਾਅਦ ਹੀ ਚੀਨੀ ਵਿਦੇਸ਼ ਮੰਤਰਾਲੇ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਅਮਰੀਕਾ ਦੀ ਖੁਫ਼ੀਆ ਏਜੰਸੀ ਸੀਆਈਏ ਅਤੇ ਚਯਾਂਗ ਕਾਈ ਸ਼ੇਕ ਦੇ ਕੇਐੱਮਟੀ ਨੇ ਮਿਲ ਕੇ ਚੀਨ ਦੇ ਪ੍ਰਧਾਨ ਮੰਤਰੀ ਦੀ ਹੱਤਿਆ ਕਰਨ ਦਾ ਯਤਨ ਕੀਤਾ ਸੀ।’’

ਪਰ ਚੀਨ ਦੀ ਸਰਕਾਰ ਸੀਆਈਏ ਅਤੇ ਕੇਐੱਮਟੀ ਦੇ ਵਿਚਕਾਰ ਗੱਠਜੋੜ ਦਾ ਕੋਈ ਸਬੂਤ ਨਹੀਂ ਪੇਸ਼ ਕਰ ਸਕੀ, ਸਿਵਾਏ ਇਸ ਦੇ ਕਿ ਹਾਦਸੇ ਵਿੱਚ ਇਸਤੇਮਾਲ ਕੀਤਾ ਗਿਆ ਟਾਈਮ ਬੰਬ ਅਮਰੀਕਾ ਵਿੱਚ ਬਣਿਆ ਸੀ।

ਅਮਰੀਕਨਾਂ ਨੇ ਤਾਇਵਾਨ ਤੋਂ ਮੁੱਖ ਮੁਲਜ਼ਮ ਚਾਊ ਚੀ ਨੂੰ ਹਾਂਗਕਾਂਗ ਤੋਂ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ, ਪਰ ਤਾਇਵਾਨ ਨੇ ਇਸ ਬੇਨਤੀ ਨੂੰ ਠੁਕਰਾ ਦਿੱਤਾ।

ਮੁੱਖ ਮੁਲਜ਼ਮ ਚਾਊ ਚੂ ਕਦੇ ਵੀ ਪੁਲਿਸ ਦੀ ਗ੍ਰਿਫ਼ਤ ਵਿੱਚ ਨਹੀਂ ਆਇਆ, ਪਰ ਉਸ ਦੇ ਸਾਥੀਆਂ ਨੂੰ ਕਈ ਦਿਨਾਂ ਤੱਕ ਹਾਂਗਕਾਂਗ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ।

11 ਜਨਵਰੀ, 1956 ਨੂੰ ਬ੍ਰਿਟਿਸ਼ ਸਰਕਾਰ ਨੇ ਲੰਡਨ ਵਿੱਚ ਐਲਾਨ ਕੀਤਾ ਕਿ ਕੇਐੱਮਟੀ ਦੇ ਅਧਿਕਾਰੀਆਂ ਨੇ ਚੂ ਨੂੰ ਹਾਂਗਕਾਂਗ ਪ੍ਰਸ਼ਾਸਨ ਨੂੰ ਸੌਂਪਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਇਸ ਦੁਰਘਟਨਾ ਵਿੱਚ ਜਿਉਂਦੇ ਬਚੇ ਤਿੰਨ ਲੋਕਾਂ ਵਿੱਚੋਂ ਇੱਕ ਐੱਮਸੀ ਦੀਕਸ਼ਿਤ ਕਈ ਸਾਲਾਂ ਤੱਕ ਜਿਉਂਦੇ ਰਹੇ। ਪਿਛਲੇ ਦਿਨਾਂ ਵਿੱਚ ਪੰਜ ਦਸੰਬਰ 1922 ਨੂੰ 105 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿੱਲੀ ਵਿੱਚ ਦੇਹਾਂਤ ਹੋਇਆ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)