80 ਸਾਲਾ ਰਈਸ ਔਰਤ ਜਦੋਂ ਇੱਕ ਦਿਹਾੜੀਦਾਰ ਦੇ ਪਿਆਰ ’ਚ ਪੈ ਗਈ ਤਾਂ ਕੀ ਭਾਣਾ ਵਾਪਰਿਆ

ਬੇਘਰ ਕਾਮਾ ਅਤੇ ਰਈਸ ਬਜ਼ੁਰਗ
ਤਸਵੀਰ ਕੈਪਸ਼ਨ, ਡੇਵਿਡ ਅਤੇ ਕੈਰੋਲੀਨ ਦੀ ਉਮਰ ਵਿੱਚ 23 ਸਾਲਾਂ ਦਾ ਫ਼ਰਕ ਸੀ
    • ਲੇਖਕ, ਸੂਅ ਮਿਸ਼ੈਲ
    • ਰੋਲ, ਬੀਬੀਸੀ ਪੱਤਰਕਾਰ

ਇੱਕ ਬੇਘਰ ਬੰਦਾ ਜੋ ਕਦੇ-ਕਦਾਈਂ ਛੋਟੇ-ਮੋਟੇ ਕੰਮ ਕਰਦਾ ਹੋਵੇ ਅਤੇ ਆਪਣੇ ਤੋਂ ਉਮਰ-ਦਰਾਜ਼ ਵਿਧਵਾ ਔਰਤ ਨਾਲ ਰਹਿਣ ਲੱਗੇ ਤਾਂ ਕੀ ਇਹ ਕੋਈ ਸੱਚੇ ਪਿਆਰ ਦੀ ਕਹਾਣੀ ਹੈ ਜਾਂ ਦਾਲ ਵਿੱਚ ਕੁਝ ਕਾਲਾ ਹੈ।

ਕੈਰੋਲੀਨ ਹੌਲੈਂਡ 80 ਸਾਲਾਂ ਦੀ ਇੱਕ ਬਜ਼ੁਰਗ ਔਰਤ ਕੈਲੀਫੋਰਨੀਆ ਦੇ ਇੱਕ ਸ਼ਾਂਤ ਸਮੁੰਦਰ ਦੇ ਕੰਢੇ ਇੱਕ ਸ਼ਾਂਤ ਘਰ ਵਿੱਚ ਰਹਿ ਰਹੀ ਸੀ, ਜਦੋਂ ਉਨ੍ਹਾਂ ਦੀ ਮੁਲਾਕਾਤ ਆਪਣੇ ਤੋਂ 23 ਸਾਲ ਛੋਟੇ ਡੇਵਿਡ ਫੂਟੇ ਨਾਲ ਹੋਈ।

ਡੇਵਿਡ ਕੈਰੋਲੀਨ ਦੇ ਘਰ ਕੋਈ ਛੋਟਾ-ਮੋਟਾ ਕੰਮ ਕਰਨ ਲਈ ਆਏ ਸਨ ਅਤੇ ਕੁਝ ਹਫ਼ਤਿਆਂ ਵਿੱਚ ਹੀ ਦੋਵਾਂ ਨੇ ਸਭ ਨੂੰ ਦੱਸ ਦਿੱਤਾ ਕਿ ਉਨ੍ਹਾਂ ਨੂੰ ਪਿਆਰ ਹੋ ਗਿਆ ਹੈ।

ਕੈਰੋਲੀਨ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਇਸ ਉਮਰ ਵਿੱਚ ਕਿਸੇ ਅਜਨਬੀ ਨਾਲ ਪਿਆਰ ਹੋ ਜਾਵੇਗਾ।

ਕੈਰੋਲੀਨ ਦੱਸਦੇ ਹਨ, “ਆਪਣੇ ਬਹੁਤ ਹੀ ਧਿਆਨ ਰੱਖਣ ਵਾਲੇ ਸੁਭਾਅ ਕਾਰਨ ਉਹ ਮੈਨੂੰ ਕੁਝ ਖਾਸ ਦਿੰਦਾ ਹੈ। ਸਾਡੇ ਵਿੱਚ ਬਹੁਤ ਕੁਝ ਇੱਕੋ-ਜਿਹਾ ਹੈ। ਮੈਂ ਉਸ ਨੂੰ ਪਸੰਦ ਕਰਦੀ ਹਾਂ ਅਤੇ ਜਦੋਂ ਉਹ ਚਲਿਆ ਜਾਂਦਾ ਹੈ ਤਾਂ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲਗਦਾ।”

ਡੇਵਿਡ ਦੱਸਦੇ ਹਨ, “ਮੈਂ ਉਨ੍ਹਾਂ ਦਾ ਉਦੋਂ ਤੱਕ ਹੋ ਸਕਿਆ ਅਤੇ ਜਿੰਨਾ ਹੋ ਸਕਿਆ ਖਿਆਲ ਰੱਖਾਂਗਾ। ਸਾਰਿਆਂ ਨੂੰ ਪਤਾ ਹੈ ਕਿ ਕੈਰੋਲੀਨ ਮੇਰੀ ਔਰਤ ਹੈ ਅਤੇ ਮੈਂ ਉਸ ਬਾਰੇ ਕੁਝ ਵੀ ਬਰਦਾਸ਼ਤ ਨਹੀਂ ਕਰਦਾ।"

"ਮੈਂ ਦੇਰ ਤੱਕ ਘਰੋਂ ਬਾਹਰ ਨਹੀਂ ਰਹਿੰਦਾ ਕਿਉਂਕਿ ਘਰੇ ਮੇਰਾ ਕੋਈ ਇੰਤਜ਼ਾਰ ਕਰ ਰਿਹਾ ਹੈ। ਮੈਂ ਜਦੋਂ ਤੱਕ ਹੋ ਸਕਿਆ ਉਨ੍ਹਾਂ ਦੇ ਨਾਲ ਰਹਾਂਗਾ।”

ਹਾਲਾਂਕਿ ਕੈਰੌਲੀਨ ਦੀ ਧੀ ਲਈ ਚੀਜ਼ਾਂ ਇਸ ਤਰ੍ਹਾਂ ਨਹੀਂ ਹਨ। ਉਸਦਾ ਨਜ਼ਰੀਆ ਕੁਝ ਹੋਰ ਹੈ।

ਉਨ੍ਹਾਂ ਨੂੰ ਲਗਦਾ ਹੈ ਕਿ ਡੇਵਿਡ ਉਨ੍ਹਾਂ ਦੀ ਮਾਂ ਨਾਲ ਧੋਖਾ ਕਰੇਗਾ ਤੇ ਉਨ੍ਹਾਂ ਦਾ ਦਿਲ ਤੋੜ ਦੇਵੇਗਾ।

ਮੈਨੂੰ ਡੇਵ ਅਤੇ ਕੈਰੋਲੀਨ ਦੀ ਕਹਾਣੀ ਬਾਰੇ ਤਾਂ ਪਤਾ ਲੱਗਾ ਕਿਉਂਕਿ ਮੈਂ ਉਨ੍ਹਾਂ ਦੀ ਗਲੀ ਵਿੱਚ ਰਹਿੰਦੀ ਹਾਂ।

ਇੱਥੇ ਕੇਉਕੋਸ ਵਿੱਚ ਜ਼ਿੰਦਗੀ ਦੀ ਗਤੀ ਇੰਨੀ ਤੇਜ਼ ਨਹੀਂ ਹੈ ਅਤੇ ਲੋਕ ਇੱਕ ਦੂਜੇ ਨਾਲ ਬੈਠ ਕੇ ਗੱਲਾਂ ਕਰਨ ਲਈ ਸਮਾਂ ਕੱਢ ਲੈਂਦੇ ਹਨ।

ਬੇਘਰ ਕਾਮਾ ਅਤੇ ਰਈਸ ਬਜ਼ੁਰਗ
ਤਸਵੀਰ ਕੈਪਸ਼ਨ, ਕੈਰੋਲੀਨ ਆਪਣੇ ਮਰਹੂਮ ਪਤੀ ਜੋਅ ਨਾਲ 2014 ਵਿੱਚ ਛੁੱਟੀਆਂ ਦੌਰਾਨ

ਇੱਥੇ ਇੱਕ ਲੱਕੜਾਂ ਦਾ ਪੁਲ ਹੈ ਜੋ ਕਿਨਾਰੇ ਤੋਂ ਲਗਭਗ ਹਜ਼ਾਰ ਫੁੱਟ ਸਮੁੰਦਰ ਦੇ ਅੰਦਰ ਤੱਕ ਜਾਂਦਾ ਹੈ।

ਸ਼ਾਮਾਂ ਨੂੰ ਜਦੋਂ ਸੂਰਜ ਢਲਦਾ ਹੈ ਤਾਂ ਤੁਸੀਂ ਲਹਿਰਾਂ ਦੇ ਸਵਾਰਾਂ ਨੂੰ ਦੇਖ ਸਕਦੇ ਹੋ। ਕਿਸੇ ਪ੍ਰੇਮ ਕਹਾਣੀ ਦੀ ਸ਼ੁਰੂਆਤ ਲਈ ਇਸ ਤੋਂ ਸੋਹਣੀ ਥਾਂ ਨਹੀਂ ਹੋ ਸਕਦੀ। ਹਾਲਾਂਕਿ, ਕੈਰੋਲੀਨ ਦੇ ਪਰਿਵਾਰ ਨੂੰ ਅਜਿਹਾ ਨਹੀਂ ਲੱਗਦਾ।

ਹਾਲਾਂਕਿ ਕੈਰੋਲੀਨ ਦਾ ਪਰਿਵਾਰ ਹੀ ਕਿਉਂ ਮੈਨੂੰ ਵੀ ਇਸ ਕਹਾਣੀ ਬਾਰੇ ਮੇਰੇ ਮਨ ਵਿੱਚ ਵੀ ਖਟਕਾ ਜਿਹਾ ਲੱਗਿਆ ਸੀ।

ਕੀ ਕੈਰੋਲੀਨ ਵੀ ਇਸੇ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋਣ ਜਾ ਰਹੀ ਹੈ ਜੋ ਇੱਥੇ ਹਰ 5 ਵਿੱਚ ਇੱਕ ਬਜ਼ੁਰਗ ਸਹਿ ਰਹੀ ਹੈ।

ਕੈਰੋਲੀਨ ਦੇ ਭਤੀਜੀ ਨੇ ਮੈਨੂੰ ਦੱਸਿਆ, “ਉਨ੍ਹਾਂ ਦੀ ਉਮਰ ਦੇ ਫਰਕ ਨੇ ਮੈਨੂੰ ਵਾਕਈ ਡਰਾ ਦਿੱਤਾ ਸੀ। ਇਹ ਇੱਕ ਲਾਲ ਬੱਤੀ ਸੀ। ਉਸ ਦੀ ਉਮਰ ਦਾ ਕੋਈ ਜਣਾ ਕਿਉਂ ਇੰਝ ਵਰਤਾਓ ਕਰੇਗਾ ਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ, ਸਿਵਾਏ ਇਸਦੇ ਕਿ ਉਸ ਨੂੰ ਰਹਿਣ ਲਈ ਥਾਂ ਚਾਹੀਦੀ ਹੈ?”

ਕਹਾਣੀ ਮੇਰੇ ਸਾਹਮਣੇ ਖੁੱਲ੍ਹ ਰਹੀ ਸੀ। ਕਹਾਣੀ ਦੇ ਸਾਰੇ ਪਾਤਰ ਮੈਨੂੰ ਆਪੋ-ਆਪਣਾ ਪੱਖ ਦੱਸਦਾ ਚਾਹੁੰਦੇ ਸਨ।

ਕੈਰੋਲੀਨ ਦੀਆਂ ਧੀਆਂ ਨੇ ਖੁਸ਼ੀ-ਖੁਸ਼ੀ ਆਪਣੇ ਸ਼ੰਕੇ ਸਾਂਝੇ ਕਰਨਾ ਚਾਹੁੰਦੀਆਂ ਸਨ। ਡੇਵ ਅਤੇ ਕੈਰੋਲੀਨ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਬਾਰੇ ਗਲਤ ਰਾਇ ਬਣਾਈ ਜਾ ਰਹੀ ਹੈ। ਇਸ ਲਈ ਉਹ ਆਪਣੀ ਕਹਾਣੀ ਦੱਸਣਾ ਚਾਹੁੰਦੇ ਸਨ।

ਜਦੋਂ ਡੇਵ ਨੂੰ ਮੈਂ ਪਹਿਲੀ ਵਾਰ ਮਿਲੀ ਤਾਂ ਮੈਂ ਉਸ ਨੂੰ ਦੱਸਣਾ ਚਾਹੁੰਦੀ ਸੀ। ਮੇਰੇ ਘਰ ਵਿੱਚ ਕੁਝ ਮੁਰੰਮਤ ਦਾ ਕੰਮ ਕਰਨ ਲਈ ਕਿਸੇ ਗੁਆਂਢੀ ਨੇ ਮੇਰੇ ਕੋਲ ਭੇਜਿਆ ਸੀ।

ਉਹ ਮੇਰੇ ਕੋਲ ਸਥਾਨਕ ਚਰਚ ਤੋਂ ਆਇਆ ਸੀ ਜਿੱਥੇ ਉਹ ਨਿਯਮਤ ਸਤਸੰਗੀ ਸੀ।

ਡੇਵਿਡ ਨੇ ਆਪਣੇ ਕੰਮ ਨਾਲ ਸਾਰਿਆਂ ਦਾ ਮਨ ਮੋਹ ਲਿਆ ਸੀ। ਉਹ ਹਾਰਮੋਨਿਕਾ ਅਤੇ ਗਿਟਾਰ ਵਜਾਉਣ ਵਾਲਾ ਅਤੇ ਖੁਸ਼ ਤਬੀਅਤ ਇਨਸਾਨ ਸੀ ਜੋ ਆਪਣੇ ਅਤੀਤ ਬਾਰੇ ਵੀ ਖੁੱਲ੍ਹ ਕੇ ਗੱਲ ਕਰਦਾ ਸੀ।

ਜਿੰਨਾ ਮੈਂ ਸੁਣਿਆ ਤਾਂ ਮੇਰੇ ਕੁਝ ਸਮਝ ਵੀ ਆ ਰਿਹਾ ਸੀ ਕਿ ਕੈਰੋਲੀਨ ਦਾ ਪਰਿਵਾਰ ਫਿਕਰਮੰਦ ਕਿਉਂ ਸੀ। ਡੇਵਿਡ ਕੇਕਸ ਵਿੱਚ ਇੱਕ ਬੇਘਰੇ ਵਜੋਂ ਆਇਆ ਸੀ ਅਤੇ ਇੱਕ ਮੁਸ਼ਕਲ ਜ਼ਿੰਦਗੀ ਜਿਉਂ ਰਿਹਾ ਸੀ।

ਕੈਰੋਲੀਨ ਨੂੰ ਮਿਲਣ ਤੋਂ ਪਹਿਲਾਂ ਉਹ ਸਮੁੰਦਰ ਵੱਲ ਜਾਂਦੇ ਉਸੇ ਪੁਲ ਉੱਪਰ ਸੌਂਦਾ ਹੁੰਦਾ ਸੀ।

ਉਸ ਨੇ ਤੁਰੰਤ ਹੀ ਮੰਨ ਲਿਆ ਕਿ ਉਹ ਨਸ਼ੇ (ਕ੍ਰਿਸਟਲ ਮੈਥ) ਦਾ ਆਦਿ ਸੀ। ਇਸ ਕਾਰਨ ਉਹ ਨਸ਼ੇ ਦੀ ਤਸਕਰੀ ਵਿੱਚ ਵੀ ਸ਼ਾਮਲ ਹੋ ਗਿਆ ਸੀ। ਫਿਰ ਉਹ ਪਾਈਪ ਬੰਬ ਬਣਾਉਣ ਲਈ ਜੇਲ੍ਹ ਵੀ ਗਿਆ।

ਪੁਲਿਸ ਨੂੰ ਸ਼ੱਕ ਸੀ ਕਿ ਇਹ ਬੰਬ ਵਾਲਮਾਰਟ ਉੱਪਰ ਹਮਲੇ ਲਈ ਵਰਤੇ ਜਾਣੇ ਸਨ।

ਡੇਵ ਦਾ ਦਾਅਵਾ ਹੈ ਕਿ ਉਸ ਨੇ ਨਸ਼ੇ ਛੱਡ ਦਿੱਤੇ ਹਨ ਪਰ ਮੈਂ ਦੇਖਿਆ ਹੈ ਕਿ ਉਹ ਸ਼ਰਾਬ ਬਹੁਤ ਪੀਂਦਾ ਹੈ ਅਤੇ ਭੰਗ ਵੀ ਬਹੁਤ ਜ਼ਿਆਦਾ ਫੂਕਦਾ ਹੈ।

ਕੈਰੋਲੀਨ ਦੀਆਂ ਧੀਆਂ ਦਾ ਡਰ

ਬੇਘਰ ਕਾਮਾ ਅਤੇ ਰਈਸ ਬਜ਼ੁਰਗ
ਤਸਵੀਰ ਕੈਪਸ਼ਨ, ਸੈਲੀ ਅਤੇ ਸੁਸਨ ਕੈਰੋਲਿਨ ਨਾਲ 2022 ਵਿੱਚ 80ਵਾਂ ਜਨਮ ਦਿਨ ਮਨਾਉਂਦੇ ਹੋਏ

ਕੈਰੋਲੀਨ ਦੀਆਂ ਧੀਆਂ— ਸੂਜ਼ੈਨ ਅਤੇ ਸੈਲੀ— ਡੇਵ ਨੂੰ ਮਿਲਣ ਤੋਂ ਬਾਅਦ ਆਪਣੀ ਮਾਂ ਵਿੱਚ ਆਏ ਬਦਲਾਅ ਤੋਂ ਡਰੀਆਂ ਹੋਈਆਂ ਸਨ।

ਸੈਲੀ ਨੇ ਦੱਸਿਆ, “ਜਿਵੇਂ ਕੋਈ ਖਿਆਲੀ ਦੁਨੀਆਂ ਵਾਂਗ ਇਹ ਬਹੁਤ ਅਜੀਬ ਸੀ। ਉਹ ਇੱਕ ਅੱਲੜ੍ਹ ਕੁੜੀ ਬਣ ਗਈ ਸੀ। ਜਦੋਂ ਉਹ ਆਸੇ-ਪਾਸੇ ਹੁੰਦਾ ਤਾਂ ਉਹ ਚਹਿਕਦੀ ਅਤੇ ਹੱਸਦੀ। ਇਹ ਅਜੀਬ ਸੀ।”

ਦੋਵਾਂ ਦੀਆਂ ਨੂੰ ਇੱਕ ਪਲ ਲਈ ਤਾਂ ਆਪਣੀਆਂ ਅੱਖਾਂ ’ਤੇ ਇਤਬਾਰ ਹੀ ਨਹੀਂ ਹੋਇਆ ਕਿ ਉਨ੍ਹਾਂ ਦੇ ਸਾਹਮਣੇ ਜੋ ਹੋ ਰਿਹਾ ਸੀ, ਉਹ ਪਿਆਰ ਸੀ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਇੱਕ ਇਕੱਲੀ ਬਜ਼ੁਰਗ ਔਰਤ ਨੂੰ ਸਾਥੀ ਦੀ ਲੋੜ ਹੈ ਅਤੇ ਇੱਕ ਚਤੁਰ ਅਜਨਬੀ ਇਸ ਦਾ ਫਾਇਦਾ ਚੁੱਕ ਰਿਹਾ ਹੈ।

ਦੋਵਾਂ ਵਿੱਚ ਜਾਇਦਾਦ ਵੀ ਇੱਕ ਮਸਲਾ ਸੀ। ਆਪਣੇ ਪਤੀ ਦੀ ਮੌਤ ਮਗਰੋਂ ਕੈਰੋਲੀਨ ਨੇ ਲੱਖਾਂ ਡਾਲਰ ਦੀ ਜਾਇਦਾਦ ਬਣਾ ਲਈ ਸੀ।

ਸੈਲੀ ਨੇ ਮੈਨੂੰ ਪੁੱਛਿਆ, “ਇਹ ਸਾਡੇ ਪਰਿਵਾਰ ਦਾ ਪੈਸਾ ਸੀ, ਮੇਰੇ ਮਾਪਿਆਂ ਨੇ ਇਸ ਲਈ ਸਖ਼ਤ ਮਿਹਨਤ ਕੀਤੀ ਸੀ। ਕੀ ਅਸੀਂ ਅਰਾਮ ਨਾਲ ਹੀ ਇਹ ਸਭ ਕਿਸੇ ਹਾਰੇ ਹੋਏ ਬੰਦੇ ਨੂੰ ਜਾਣ ਦਿੰਦੇ?”

ਕੈਰੋਲੀਨ ਦੀਆਂ ਧੀਆਂ ਦੀ ਰਾਇ ਸੀ ਕਿ ਡੇਵ ਨੂੰ ਮਿਲਣ ਤੋਂ ਪਹਿਲਾਂ ਹੀ ਉਹ ਆਪਣਾ ਦਿਮਾਗੀ ਸੰਤੁਲਨ ਗੁਆਣ ਲੱਗ ਪਈ ਸੀ। ਉਨ੍ਹਾਂ ਨੇ ਕੈਰੋਲੀਨ ਨੂੰ ਆਪਣਾ ਕੰਮਕਾਜ ਆਪ ਸੰਭਾਲ ਸਕਣ ਲਈ ਦਿਮਾਗੀ ਤੌਰ ’ਤੇ ਅਸਮਰੱਥ ਘੋਸ਼ਿਤ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਸੀ।

ਕੈਰੋਲੀਨ ਨੇ ਮੈਨੂੰ ਦੱਸਿਆ, “ਉਨ੍ਹਾਂ ਨੂੰ ਲਗਦਾ ਹੈ ਕਿ ਮੈਨੂੰ ਅਲਜ਼ਾਈਮਰ ਹੈ। ਹਾਂ ਮੈਂ ਕਾਫੀ ਕੁਝ ਭੁੱਲ ਜਾਂਦੀ ਹਾਂ ਪਰ ਮੈਨੂੰ ਬਹੁਤ ਜ਼ਿਆਦਾ ਤਣਾਅ ਵੀ ਹੁੰਦਾ ਹੈ। ਮੈਂ ਆਪਣੇ ਫੈਸਲੇ ਖੁਦ ਲੈ ਸਕਦੀ ਹਾਂ।”

ਕੈਰੋਲੀਨ ਦਾ ਡੇਵ ਨਾਲ ਰਿਸ਼ਤਾ ਉਸ ਨੂੰ ਧੀਆਂ ਤੋਂ ਦੂਰ ਕਰ ਰਿਹਾ ਸੀ ਪਰ ਉਸ ਨੂੰ ਲਗਦਾ ਸੀ ਕਿ ਆਪਣੀ ਮਰਜ਼ੀ ਦਾ ਸਾਥੀ ਰੱਖਣ ਦਾ ਉਸ ਨੂੰ ਪੂਰਾ ਹੱਕ ਹੈ।

ਬੇਘਰ ਕਾਮਾ ਅਤੇ ਰਈਸ ਬਜ਼ੁਰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਕੈਰੋਲੀਨ ਕਹਿੰਦੀ ਹੈ ਕਿ ਉਸ ਦੀਆਂ ਧੀਆਂ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਉਹ ਸਾਥ ਨਹੀਂ ਦਿੱਤਾ ਜੋ ਉਸ ਨੂੰ ਚਾਹੀਦਾ ਸੀ।

ਉਹ ਦੱਸਦੇ ਹਨ, “ਡੇਵ ਤੋਂ ਪਹਿਲਾਂ ਉਹ ਕਦੇ ਮੈਨੂੰ ਮਿਲਣ ਨਹੀਂ ਆਈਆਂ। ਇਮਾਨਦਾਰੀ ਨਾਲ, ਉਹ ਨਹੀਂ ਆਈਆਂ।”

ਉਸ ਦੀਆਂ ਧੀਆਂ ਇਸ ਕਹਾਣੀ ਨਾਲ ਸਹਿਮਤ ਨਹੀਂ ਹਨ। ਸੂਜ਼ੈਨ ਜੋ ਕੈਰੋਲੀਨ ਤੋਂ ਪੰਜ ਘੰਟੇ ਦੀ ਦੂਰੀ ਤੇ ਰਹਿੰਦੀ ਹੈ। ਉਸਦਾ ਕਹਿਣਾ ਹੈ ਕਿ ਉਹ ਬੱਚੇ ਪਾਲ ਰਹੀਆਂ ਹਨ ਅਤੇ ਨਿਯਮਤ ਕੰਮ ਕਰ ਰਹੀਆਂ ਹਨ।

ਅਸੀਂ ਉਸ ਨੂੰ ਹਰ ਗੱਲ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵਿੱਚ ਹੀ ਝਿਜਕ ਸੀ।

ਡੇਵ ਦੇ ਆਉਣ ਤੋਂ ਪਹਿਲਾਂ ਸੈਲੀ ਜੋ ਕਿ ਕੁਝ ਨਜ਼ਦੀਕ ਰਹਿੰਦੀ ਹੈ— ਬੈਂਕ ਖਾਤਿਆਂ ਅਤੇ ਆਮਦਨ ਕਰ ਰਿਟਰਨਾਂ ਵਿੱਚ ਆਪਣੀ ਮਾਂ ਦੀ ਮਦਦ ਕਰਦੀ ਸੀ। ਹਾਲਾਂਕਿ, ਡੇਵ ਤੋਂ ਬਾਅਦ ਕੈਰੋਲੀਨ ਨੇ ਆਪਣੇ ਪੈਸਿਆਂ ਦਾ ਹਿਸਾਬ ਆਪਣੇ ਹੱਥ ਵਿੱਚ ਲੈ ਲਿਆ।

ਜਦੋਂ ਕੈਰੋਲੀਨ ਨੇ ਡੇਵ ਨਾਲ ਮਿਲ ਕੇ ਕਰਜ਼ਾ ਲਿਆ- ਤਾਂ ਜੋ ਡੇਵ ਇੱਕ 40000 ਹਜ਼ਾਰ ਡਾਲਰ ਦੀ ਇੱਕ ਵੈਨ ਲੈ ਸਕੇ। ਉਸਦੀਆਂ ਧੀਆਂ ਨੇ ਕਿਹਾ ਕਿ ਜੇ ਡੇਵ ਸਾਰਾ ਕਰਜ਼ਾ ਉਸਦੇ ਸਿਰ ਛੱਡ ਕੇ ਭੱਜ ਗਿਆ।

ਕੈਰੋਲੀਨ ਨੇ ਕਿਹਾ, “ਉਨ੍ਹਾਂ ਨੂੰ ਲਗਦਾ ਹੈ ਕਿ ਉਹ ਡੇਵ ਤੋਂ ਮੈਨੂੰ ਬਚਾ ਰਹੀਆਂ ਹਨ ਪਰ ਡੇਵ ਮੇਰੇ ਨਾਲ ਹੋਇਆ ਹੁਣ ਤੱਕ ਦਾ ਸਭ ਤੋਂ ਵਧੀਆ ਕਿੱਸਾ ਹੈ।”

ਡੇਵ ਦੀ ਕੀ ਸਚਾਈ ਸੀ?

ਬੇਘਰ ਕਾਮਾ ਅਤੇ ਰਈਸ ਬਜ਼ੁਰਗ
ਤਸਵੀਰ ਕੈਪਸ਼ਨ, ਡੇਵ ਕਹਿੰਦੇ ਹਨ ਕਿ ਯੀਸੂ ਇਹ ਚਾਹੁੰਦੇ ਹਨ ਸਨ ਕਿ ਉਹ ਕੈਰੋੋਲਿਨ ਨਾਲ ਰਹਿਣ

ਮੈਂ ਡੇਵ ਨੂੰ ਦਿਹਾੜੀ ਦਾ ਕੰਮ ਕਰਕੇ ਵਾਪਸ ਆਉਂਦਿਆਂ ਅਤੇ ਕੈਰੋਲੀਨ ਲਈ ਰਾਤ ਦਾ ਖਾਣਾ ਬਣਾਉਂਦਿਆਂ ਦੇਖਿਆ।

ਉਸ ਨੇ ਕੈਰੋਲੀਨ ਨੂੰ ਆਪਣੀਆਂ ਦਵਾਈਆਂ ਲੈਣ ਲਈ ਕਿਹਾ। ਇਹ ਕੁਝ ਪਲ ਸਨ ਜਿਨ੍ਹਾਂ ਤੋਂ ਮੈਨੂੰ ਯਕੀਨ ਹੋ ਗਿਆ ਕਿ ਡੇਵ ਕੈਰੋਲੀਨ ਨੂੰ ਸੱਚੀਂ ਪਿਆਰ ਕਰਦਾ ਸੀ ਅਤੇ ਉਸਦਾ ਧਿਆਨ ਰੱਖਦਾ ਸੀ।

ਜਦਕਿ ਦੂਜੇ ਮੌਕਿਆਂ ਤੇ ਮੈਂ ਡੇਵ ਨੂੰ ਆਪਣੇ ਦੋਸਤਾਂ ਕੋਲ ਟਾਹਰ ਮਾਰਦੇ ਵੀ ਸੁਣਿਆ ਕਿ ਜਲਦੀ ਹੀ ਉਸ ਨੂੰ ਕੰਮ ਕਰਨ ਦੀ ਲੋੜ ਨਹੀਂ ਪਵੇਗੀ।

ਮੈਂ ਡੇਵ ਦਾ ਅਤੀਤ ਖੰਘਾਲਣ ਦੀ ਠਾਣੀ। ਮੈਨੂੰ ਉਸ ਦੇ ਕਾਲੇ ਅਤੀਤ ਵਿੱਚ ਅਣ-ਗੌਲਿਆ ਬਚਪਨ ਅਤੇ ਘਰੇਲੂ ਹਿੰਸਾ ਮਿਲੀ।

ਇੱਕ ਰਿਸ਼ਤਾ ਮੁੱਕਿਆ ਜਦੋਂ ਉਸ ਨੂੰ ਸ਼ੱਕ ਹੋਇਆ ਕਿ ਉਸਦਾ ਪਿਓ ਉਸਦੀ ਮਾਂ ਨੂੰ ਧੋਖਾ ਦੇ ਰਿਹਾ ਸੀ ਅਤੇ ਕੁੱਟਦਾ ਸੀ।

ਜਲਦੀ ਹੀ ਇੱਕ ਵਿਆਹ ਤੋਂ ਉਸ ਨੂੰ ਇੱਕ ਬੱਚੀ ਹੋਈ ਜੋ ਬੇਧਿਆਨੀ ਵਿੱਚ ਹੀ ਜਾਨ ਗੁਆ ਦਿੰਦੀ ਪਰ ਡੇਵ ਨੇ ਉਸ ਨੂੰ ਇੱਕ ਜੋੜੇ ਨੂੰ ਵੇਚ ਦਿੱਤੀ ਜਿਨ੍ਹਾਂ ਨੇ ਉਸ ਨੂੰ ਕਾਨੂੰਨੀ ਰੂਪ ਵਿੱਚ ਗੋਦ ਲੈ ਲਿਆ।

ਜਦੋਂ ਮੈਂ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਉਸਦੇ ਅਤੀਤ ਦਾ ਹਿੱਸਾ ਸੀ। ਹੁਣ ਤਾਂ ਉਹ ਚਰਚ ਜਾਂਦਾ ਸੀ ਅਤੇ ਉਸ ਨੇ ਇੱਕ ਨੇਕ ਜ਼ਿੰਦਗੀ ਜਿਉਣ ਦਾ ਰੱਬ ਨਾਲ ਵਾਅਦਾ ਕੀਤਾ ਸੀ।

ਉਹ ਕੇਉਕੋਸ ਖਾਲੀ ਹੱਥ ਆਇਆ ਸੀ। ਕੈਰੋਲੀਨ ਨਾਲ ਰਿਸ਼ਤੇ ਨੂੰ ਉਹ ਇੰਝ ਦੇਖ ਰਿਹਾ ਸੀ ਜਿਵੇਂ ਉਹ ਇਸੇ ਰਿਸ਼ਤੇ ਲਈ ਬਣਿਆ ਸੀ।

ਡੇਵ ਨੇ ਮੈਨੂੰ ਕਿਹਾ, “ਦੇਖੋ ਈਸਾ ਨੇ ਮੈਨੂੰ ਕਿਸ ਤਰ੍ਹਾਂ ਨਵਾਜਿਆ ਹੈ। ਮੈਂ ਉਸ ਨੂੰ ਛੱਡ ਨਹੀਂ ਸਕਦਾ ਕਿਉਂਕਿ ਮੈਂ ਤਾਂ ਉਸਦਾ ਸਾਥ ਦੇਣਾ ਹੈ।”

ਭਾਵੇਂ ਕਿ ਡੇਵ ਨੇ ਕਿਹਾ ਕਿ ਈਸਾ ਨੇ ਉਸ ਨੂੰ ਕੈਰੋਲੀਨ ਬਖਸ਼ੀ ਹੈ ਪਰ ਜਲਦੀ ਹੀ ਉਨ੍ਹਾਂ ਦੀ ਕਹਾਣੀ ਨੇ ਇੱਕ ਤਣਾਅ ਪੂਰਨ ਅਤੇ ਕਸੈਲਾ ਮੋੜ ਲਿਆ।

ਕੈਰੋਲੀਨ ਦਾ ਨੇੜੇ ਹੀ ਇੱਕ ਪਲਾਟ ਵੀ ਸੀ ਜਿਸ ਤੇ ਦੋ ਘਰ ਬਣੇ ਹੋਏ ਸਨ। ਡੇਵ ਨੇ ਕੈਰੋਲੀਨ ਨੂੰ ਇਹ ਘਰ ਵਿਕਣੇ ਲਗਾਉਣ ਲਈ ਕਿਹਾ। ਹਾਲਾਂਕਿ ਇਨ੍ਹਾਂ ਵਿੱਚੋਂ ਇੱਕ ਘਰ ਤਾਂ ਪਹਿਲਾਂ ਹੀ ਉਸਦੇ ਦੋਹਤੇ ਅਤੇ ਉਸਦੇ ਪਰਿਵਾਰ ਨੂੰ ਕਿਰਾਏ ਉੱਤੇ ਦਿੱਤਾ ਹੋਇਆ ਸੀ।

ਕੈਰੋਲੀਨ ਦੀਆਂ ਧੀਆਂ ਇਸ ਤੋਂ ਨਰਾਜ਼ ਸਨ।

ਉਹ ਕਹਿ ਰਹੀਆਂ ਸਨ ਕਿ ਡੇਵ ਉਨ੍ਹਾਂ ਦੀ ਮਾਂ ਦੀ ਮਾਨਸਿਕ ਦਸ਼ਾ ਦਾ ਫਾਇਦਾ ਚੁੱਕ ਰਿਹਾ ਸੀ। ਉਨ੍ਹਾਂ ਨੇ ਮੈਨੂੰ ਸੀਸੀ ਟੀਵੀ ਕੈਮਰੇ ਦੀਆਂ ਤਸਵੀਰਾਂ ਦਿਖਾਈਆਂ। ਜਿਨ੍ਹਾਂ ਵਿੱਚ ਉਨ੍ਹਾਂ ਦੀ ਮਾਂ ਡੌਰਰ ਖੜ੍ਹੀ ਦੇਖ ਰਹੀ ਸੀ ਅਤੇ ਡੇਵ ਪ੍ਰਾਪਰਟੀ ਡੀਲਰਾਂ ਨੂੰ ਜਾਇਦਾਦ ਦਿਖਾ ਰਿਹਾ ਸੀ।

ਕੈਰੋਲੀਨ ਦੀ ਮੌਤ

ਬੇਘਰ ਕਾਮਾ ਅਤੇ ਰਈਸ ਬਜ਼ੁਰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਕੈਰੋਲੀਨ ਨੇ ਡੇਵ ਨੂੰ ਵਾਅਦਾ ਕੀਤਾ ਸੀ ਕਿ ਉਹ ਜਾਇਦਾਦ ਵਿਕਣ ਤੋਂ ਬਾਅਦ ਉਸ ਨੂੰ ਉਸਦੇ ਭਵਿੱਖ ਲਈ ਛੇ ਲੱਖ ਡਾਲਰ ਦੇਵੇਗੀ।

ਸੌਦਾ ਜਲਦੀ ਹੀ ਪੂਰ ਚੜ੍ਹ ਗਿਆ ਜਿਸਦਾ ਚੈਕ ਪ੍ਰਪਰਟੀ ਡੀਲਰ ਤੋਂ ਲਿਆ ਜਾਣਾ ਸੀ। ਇਸੇ ਦੌਰਾਨ ਕੈਰੋਲੀਨ ਨੂੰ ਕੋਰੋਨਾ ਹੋ ਗਿਆ ਅਤੇ ਉਹ ਹਸਪਤਾਲ ਦਾਖਲ ਕਰਨੀ ਪਈ।

ਕੈਰੋਲੀਨ ਨੇ ਡੇਵ ਦੀ ਸਲਾਹ ਤੇ ਵੈਕਸੀਨ ਨਹੀਂ ਲਗਵਾਈ ਸੀ। ਉਸ ਨੇ ਕੈਰੋਲੀਨ ਨੂੰ ਯਕੀਨ ਦਵਾ ਦਿੱਤਾ ਸੀ ਕਿ ਟੀਕਾਕਰਨ ਸਰਕਾਰ ਦਾ ਲੋਕਾਂ ਨੂੰ ਕੰਟਰੋਲ ਕਰਕੇ ਰੱਖਣ ਦਾ ਇੱਕ ਜ਼ਰੀਆ ਹੈ।

ਜਦੋਂ ਤੱਕ ਕੈਰੋਲੀਨ ਘਰ ਵਾਪਸ ਆਈ ਉਸਦੀਆਂ ਧੀਆਂ ਜਾਇਦਾਦ ਅਤੇ ਪੈਸੇ ਧੇਲੇ ਦੀ ਪਾਵਰ ਆਫ ਅਟੇਰਨੀ ਲੈ ਚੁੱਕੀਆਂ ਸਨ।

ਸੂਜ਼ੈਨ ਨੇ ਕਿਹਾ, “ਕੈਰੋਲੀਨ ਦੀ ਉਸ ਤੋਂ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ। ਉਸਦੀ ਮੌਤ ਕੋਵਿਡ ਨਾਲ ਨਹੀਂ ਹੋਈ ਸਗੋਂ ਉਹ ਤਾਂ ਪਹਿਲਾਂ ਹੀ ਕਮਜ਼ੋਰ ਹੋ ਰਹੀ ਸੀ।”

ਧੀਆਂ ਨੇ ਨਾ ਹੀ ਡੇਵ ਨੂੰ ਕੈਰੋਲੀਨ ਨੂੰ ਉਸਦੇ ਆਖਰੀ ਦਿਨਾਂ ਵਿੱਚ ਮਿਲਣ ਦਿੱਤਾ ਅਤੇ ਨਾ ਹੀ ਉਸ ਦੀ ਮੌਤ ਬਾਰੇ ਡੇਵ ਨੂੰ ਦੱਸਿਆ। ਕੈਰੋਲੀਨ ਦੀ ਮੌਤ ਮਗਰੋਂ ਕਈ ਅੰਤਿਮ ਰਸਮਾਂ ਨਹੀਂ ਕੀਤੀਆਂ ਗਈਆਂ। ਇਸਦਾ ਕਾਰਨ ਸੀ ਕੀ ਕੈਰੋਲੀਨ ਦੀਆਂ ਦੋਵੇਂ ਧੀਆਂ ਸਥਾਨਕ ਚਰਚ ਵੱਲੋਂ ਕੀਤੀ ਜਾ ਰਹੀ ਸਹਾਇਤਾ ਤੋਂ ਨਿਰਾਸ਼ ਸਨ।

ਸੂਜ਼ੈਨ ਅਤੇ ਸੈਲੀ ਨੂੰ ਅਜੇ ਵੀ ਲਗਦਾ ਹੈ ਕਿ ਉਨ੍ਹਾਂ ਦੀ ਮਾਂ ਦਾ ਫਾਇਦਾ ਚੁੱਕਿਆ ਗਿਆ ਅਤੇ ਨਾ ਹੀ ਡਾਕਟਰਾਂ, ਪੁਲਿਸ ਅਤੇ ਸੰਭਾਲ ਸੇਵਾ ਵਾਲਿਆਂ ਨੇ ਉਨ੍ਹਾਂ ਦੀ ਕੋਈ ਮਦਦ ਕੀਤੀ।

“ਸਾਰਿਆਂ ਦੇ ਹੱਥ ਬੰਨ੍ਹੇ ਹੋਏ ਸਨ। ਉਨ੍ਹਾਂ ਨੂੰ ਉਹ ਨਜ਼ਰ ਨਹੀਂ ਆ ਰਿਹਾ ਸੀ ਜੋ ਸਾਨੂੰ ਦਿਸ ਰਿਹਾ ਸੀ।”

ਯੂਕੇ ਵਿੱਚ ਲਗਭਗ 10 ਲੱਖ ਲੋਕਾਂ ਨੂੰ ਡੀਮੈਨਸ਼ੀਆ (ਭੁੱਲਣ ਦੀ ਬੀਮਾਰੀ) ਹੈ। ਉਨ੍ਹਾਂ ਵਿੱਚੋਂ ਤੀਜਾ ਹਿੱਸਾ ਲੋਕਾਂ ਦੀ ਤਾਂ ਜਾਂਚ ਵੀ ਨਹੀਂ ਹੋਈ। ਇਹ ਗੱਲ ਉਨ੍ਹਾਂ ਨੂੰ ਖ਼ਤਰੇ ਵਿੱਚ ਪਾ ਦਿੰਦੀ ਹੈ।

ਆਪਣੀ ਮਾਂ ਬਾਰੇ ਸੂਜ਼ੈਨ ਅਤੇ ਸੈਲੀ ਦੀ ਗੱਲਬਾਤ ਸੁਣਨ ਤੋਂ ਬਾਅਦ ਮੈਂ ਦੋ ਬਜ਼ੁਰਗਾਂ ਦੀ ਸਿਹਤ ਸੰਭਾਲ ਨਾਲ ਮਾਹਰਾਂ ਨਾਲ ਇਸ ਬਾਰੇ ਗੱਲਬਾਤ ਕੀਤੀ।

ਉਨ੍ਹਾਂ ਨੇ ਕਿਹਾ ਕਿ ਬਜ਼ੁਰਗ ਲੋਕਾਂ ਦੇ ਆਰਥਿਕ ਸ਼ੋਸ਼ਣ ਦੇ ਮਾਮਲੇ ਅਮਰੀਕਾ ਅਤੇ ਇੰਗਲੈਂਡ ਵਿੱਚ ਤੇਜ਼ੀ ਨਾਲ ਵਧਦੇ ਜਾ ਰਹੇ ਹਨ।

ਡਾਕਟਰਾਂ ਦਾ ਕੀ ਕਹਿਣਾ ਹੈ ?

ਬੇਘਰ ਕਾਮਾ ਅਤੇ ਰਈਸ ਬਜ਼ੁਰਗ
ਤਸਵੀਰ ਕੈਪਸ਼ਨ, ਡੇਵ ਕੇਉਕੋਸ ਵਿੱਚ ਰਹਿ ਰਹੇ ਹਨ

ਵੀਲ ਕੌਰੇਨਿਲ ਮੈਡੀਸਨ ਦੇ ਡਾ. ਮਾਰਕ ਲਾਚਸ ਅਤੇ ਉਨ੍ਹਾਂ ਦੇ ਸਹਿਕਮਰਮੀ ਪੈਨ ਮੈਮੋਰੀ ਸੈਂਟਰ ਤੋਂ ਡਾ. ਜੇਸਨ ਕਾਰਲਵਿਸ਼ ਮੁਤਾਬਕ ਪੈਸੇ ਦੀ ਸਮਰੱਥਾ ਪਹਿਲੀ ਚੀਜ਼ ਹੈ ਜੋ ਦਿਮਾਗ ਦੀ ਕਿਸੇ ਬਿਮਾਰੀ ਜਾਂ ਉਮਰ ਨਾਲ ਪ੍ਰਭਾਵਿਤ ਹੋਣ ਨਾਲ ਗੁਆਚਦੀ ਹੈ।

ਉਹ ਚਾਹੁੰਦੇ ਹਨ ਕਿ ਇਸ ਸਥਿਤੀ ਨੂੰ ਉਮਰ ਨਾਲ ਜੁੜੀ ਵਿੱਤੀ ਖਤਰਨਾਕ ਸਥਿਤੀ ਕਿਹਾ ਜਾਣਾ ਚਾਹੀਦਾ ਹੈ। ਜਦੋਂ ਵਿਅਕਤੀ ਪੈਸੇ ਨਾਲ ਜੁੜੇ ਅਜਿਹੇ ਫੈਸਲੇ ਲੈਣ ਲਗਦਾ ਹੈ ਜੋ ਉਸਦੇ ਪੁਰਾਣੇ ਫੈਸਲਿਆਂ ਨਾਲ ਮੇਲ ਨਾ ਖਾਂਦੇ ਹੋਣ।

ਡਾ. ਕਾਰਲਵਿਸ਼ ਕਹਿੰਦੇ ਹਨ, ਪੈਸੇ ਨਾਲ ਜੁੜੇ ਫੈਸਲੇ ਲੈਣੇ ਦਿਮਾਗੀ ਤੌਰ ਤੇ ਬੋਝਲ ਕੰਮ ਹੈ। ਭਾਵੇਂ ਤੁਸੀਂ ਆਮ ਜ਼ਿੰਦਗੀ ਵਿੱਚ ਠੀਕ ਹੀ ਹੋਵੇਂ ਪਰ ਹਲਕੀ ਜਿਹੀ ਦਿਮਾਗੀ ਗੜਬੜੀ ਕਾਰਨ ਵੀ ਤੁਸੀਂ ਕੁਤਾਹੀ ਕਰ ਸਕਦੇ ਹੋ।

ਡਾਕਟਰਾਂ ਨੇ ਮੈਨੂੰ ਦੱਸਿਆ ਕਿ ਨਿਊਯਾਰਕ ਵਿੱਚ ਜੋ ਮਰੀਜ਼ ਉਨ੍ਹਾਂ ਦੇ ਕਲੀਨਿਕ ਆਉਂਦੇ ਹਨ ਉਨ੍ਹਾਂ ਵਿੱਚੋਂ ਅੱਧਿਆਂ ਨਾਲ ਪੈਸੇ ਦੀ ਧੋਖਾ-ਧੜੀ ਹੋਈ ਹੁੰਦੀ ਹੈ।

ਵਿਕਟੋਰੀਆ ਗਰੇਟ ਬ੍ਰਿਟੇਨ ਦੀ ਦਾਨੀ ਸੰਸਥਾ ਆਵਰ ਗਲਾਸ ਦੇ ਨਿਰਦੇਸ਼ਕ ਹਨ।

ਉਨ੍ਹਾਂ ਦੀ ਸੰਸਥਾ ਵਿੱਤੀ ਸ਼ੋਸ਼ਣ ਦੇ ਸ਼ਿਕਾਰ ਬਜ਼ੁਰਗ ਲੋਕਾਂ ਲਈ ਇੱਕ ਟੈਲੀਫੋਨ ਹੈਲਪਲਾਈਨ ਚਲਾਉਂਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਪੀੜਤਾਂ ਨੇ ਸਾਲ 2022 ਦੌਰਾਨ 19.5 ਮਿਲੀਅਨ ਪੌਂਡ ਦੀ ਰਿਪੋਰਟ ਕੀਤੀ ਜੋ ਜਾਂ ਤਾਂ ਚੋਰੀ ਹੋਏ ਸਨ ਜਾਂ ਉਨ੍ਹਾਂ ਤੋਂ ਧੋਖੇ ਨਾਲ ਲਏ ਗਏ ਸਨ। ਸਾਲ 2017-19 ਦੇ ਮੁਕਾਬਲੇ ਇਸ ਵਿੱਚ 50% ਦਾ ਵਾਧਾ ਹੋਇਆ ਸੀ।

ਇਨ੍ਹਾਂ ਵਿੱਚੋਂ 70% ਮਾਮਲਿਆਂ ਵਿੱਚ ਕੋਈ ਬਾਲਗ ਧੀ ਜਾਂ ਪੁੱਤਰ ਸ਼ਾਮਲ ਸੀ। ਜ਼ਿਆਦਾਤਰ ਮਾਮਲਿਆਂ ਵਿੱਚ ਇਹ ਕੇਸ ਪੁਲਿਸ ਕੋਲ ਨਹੀਂ ਪਹੁੰਚਦੇ ਅਤੇ ਬਜ਼ੁਰਗਾਂ ਨੂੰ ਆਪਣੀ ਰਹਿੰਦੀ ਉਮਰ ਆਰਥਿਕ ਸ਼ੋਸ਼ਣ ਦੇ ਨਤੀਜੇ ਹੰਢਾਉਣੇ ਪੈਂਦੇ ਹਨ।

ਗਰੇ ਇਸ ਨੂੰ ਲੁਕਵਾਂ ਅਪਰਾਧ ਮੰਨਦੀ ਹੈ, “ਕਈ ਬਹੁਤ ਵੱਡੀ ਰਕਮ ਗੁਆ ਦਿੰਦੇ ਹਨ। ਉਹ ਜਾਇਦਾਦ ਗੁਆ ਦਿੰਦੇ ਹਨ ਜਿਸ ਵਿੱਚ ਉਹ ਕਈ ਸਾਲਾਂ ਤੋਂ ਰਹੇ ਹੁੰਦੇ ਹਨ ਅਤੇ ਉਨ੍ਹਾਂ ਦੇ ਸਿਰ ਕਰਜ਼ਾ ਚੜ੍ਹ ਜਾਂਦਾ ਹੈ।”

ਕੈਰੋਲੀਨ ਵਰਗੇ ਪਰਿਵਾਰਾਂ ਲਈ ਮਾਨਸਿਕ ਸਮਰੱਥਾ ਅਤੇ ਆਤਮ-ਨਿਰਣੇ ਦਰਮਿਆਨ ਬਹੁਤ ਮਹੀਨ ਫਰਕ ਹੁੰਦਾ ਹੈ। ਹਾਲਾਂਕਿ ਬਜ਼ੁਰਗਾਂ ਦੀ ਸਿਹਤ ਦੇ ਮਾਹਰ ਦੱਸਦੇ ਹਨ ਕਿ ਉਹ ਅਜਿਹੇ ਮਾਮਲੇ ਅਕਸਰ ਸੁਣਦੇ ਰਹਿੰਦੇ ਹਨ।

ਪਿੱਛੇ ਕੇਉਕੋਸ ਵਿੱਚ ਡੇਵ ਇੱਕ ਵਾਰ ਫਿਰ ਬੇਘਰ ਹੋ ਗਿਆ ਹੈ। ਹਾਲਾਂਕਿ ਅਜੇ ਵੀ ਉਸ ਕੋਲ ਉਹ ਵੈਨ ਹੈ ਜੋ ਕੈਰੋਲੀਨ ਨੇ ਉਸ ਨੂੰ ਖੀਰਦਣ ਵਿੱਚ ਮਦਦ ਕੀਤੀ ਸੀ। ਉਸ ਨੇ ਇਹ ਵੈਨ ਉੱਥੇ ਹੀ ਖੜ੍ਹੀ ਕੀਤੀ ਹੋਈ ਹੈ ਜਿੱਥੇ ਉਹ ਪਹਿਲਾਂ-ਪਹਿਲ ਆ ਕੇ ਰੁਕਿਆ ਸੀ। ਡੇਵ ਹੁਣ ਬੇਕਾਰ ਵਸਤੂਆਂ ਤੋਂ ਬਣੇ ਗਹਿਣੇ ਅਤੇ ਕਲਾ-ਕ੍ਰਿਤੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ।

ਆਖਰੀ ਵਾਰ ਮੈਂ ਉਸ ਨੂੰ ਮਿਲੀ ਸੀ ਤਾਂ ਡੇਵ ਹੱਥ ਵਿੱਚ ਫੜੇ ਲਾਈਟਰ ਨੂੰ ਉਛਾਲ ਰਿਹਾ ਸੀ ਅਤੇ ਬੜਬੜਾ ਰਿਹਾ ਸੀ ਕਿ ਉਹ ਕੈਰੋਲੀਨ ਨੂੰ ਚਾਹੁੰਦਾ ਸੀ। “ਜਦੋਂ ਉਸ ਨੇ ਸੱਦਿਆ ਮੈਂ ਆਇਆ। ਮੈਨੂੰ ਕੈਰੋਲੀਨ ਦੀ ਯਾਦ ਆਉਂਦੀ ਹੈ, ਮੈਂ ਕੈਰੋਲੀਨ ਨੂੰ ਪਿਆਰ ਕਰਦਾ ਸੀ। ਮੈਂ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਕਿ ਉਸ ਨੂੰ ਫਖਰ ਹੋਵੇ।”

ਲੇਖਕ ਨੇ ਇਹ ਲੇਖ ਬੈਨ ਮਿਲਨੇ ਦੇ ਸਹਿਯੋਗ ਨਾਲ ਲਿਖਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)