ਕੀ ਬੱਚਿਆਂ ਕਾਰਨ ਪ੍ਰਭਾਵਿਤ ਹੋ ਰਹੇ ਹਨ ਪਤੀ ਪਤਨੀ ਦੇ ਰਿਸ਼ਤੇ, ਜਾਣੋ ਕੀ ਕਹਿੰਦੀ ਹੈ ਰਿਸਰਚ

ਬੱਚਾ ਤੇ ਮਾਪੇ

ਤਸਵੀਰ ਸਰੋਤ, Getty Images

    • ਲੇਖਕ, ਰਵੀ ਪ੍ਰਕਾਸ਼
    • ਰੋਲ, ਬੀਬੀਸੀ ਲਈ

ਬੱਚੇ ਦੇ ਜਨਮ ਦੀ ਖ਼ਬਰ ਮਿਲਦੇ ਹੀ ਪਰਿਵਾਰ 'ਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ।

ਇਸ ਦੇ ਨਾਲ ਹੀ ਕਈ ਅਜਿਹੇ ਜੋੜੇ ਹਨ ਜੋ ਬੱਚੇ ਪੈਦਾ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ। ਹਾਲਾਂਕਿ, ਉਨ੍ਹਾਂ ਦੇ ਫ਼ੈਸਲੇ ਦੇ ਕਾਰਨ ਵੱਖ-ਵੱਖ ਹੋ ਸਕਦੇ ਹਨ। ਇੱਥੇ ਮਾਮਲਾ ਨਿੱਜੀ ਪਸੰਦ ਦਾ ਹੈ।

ਬਿਹਾਰ ਦੇ ਗਯਾ ਜ਼ਿਲ੍ਹੇ ਦੇ ਵਾਸੀ ਮੀਨੂ ਸਿੰਘ ਨੂੰ ਹਮੇਸ਼ਾ ਬੱਚੇ ਚੰਗੇ ਲੱਗਦੇ ਸਨ। ਪੇਸ਼ੇ ਵਜੋਂ ਅਧਿਆਪਕਾ ਮੀਨੂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਆਹ 2018 ਵਿੱਚ ਹੋਇਆ ਸੀ ਅਤੇ ਦੋ ਸਾਲ ਬਾਅਦ ਉਨ੍ਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ।

ਧੀ ਦੇ ਜਨਮ ਦੀ ਆਪਣੀ ਹੀ ਖੁਸ਼ੀ ਸੀ ਪਰ ਇਸ ਤੋਂ ਬਾਅਦ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ।

ਮੀਨੂ ਦਾ ਕਹਿਣਾ ਹੈ, "ਮੇਰੇ ਪਤੀ ਅਤੇ ਮੈਂ ਅਸੀਂ ਦੋਵੇਂ ਨੌਕਰੀਪੇਸ਼ਾ ਹਾਂ। ਬੇਟੀ ਦੇ ਜਨਮ ਤੋਂ ਬਾਅਦ ਅਸੀਂ ਦੋਵੇਂ ਉਸ ਦੇ ਪਾਲਣ-ਪੋਸ਼ਣ ਵਿੱਚ ਲੱਗ ਗਏ, ਇਸ ਲਈ ਸਾਥੋਂ ਇੱਕ-ਦੂਜੇ ਨੂੰ ਸਮਾਂ ਨਹੀਂ ਦਿੱਤਾ ਜਾਂਦਾ। ਪਹਿਲਾਂ ਉਨ੍ਹਾਂ ਦਾ ਧਿਆਨ ਮੇਰੇ ਵੱਲ ਹੁੰਦਾ ਸੀ। ਹੁਣ ਇਹ ਧੀ ਲਈ ਹੈ। ਘਰ ਦੇ ਹੋਰ ਮੈਂਬਰ ਬੇਟੀ ਵੱਲ ਹੀ ਜ਼ਿਆਦਾ ਧਿਆਨ ਦਿੰਦੇ ਹਨ।''

"ਇਹ ਦੇਖ ਕੇ ਵਧੀਆ ਲੱਗਦਾ ਹੈ ਕਿ ਧੀ ਨੂੰ ਸਾਰਿਆਂ ਦਾ ਪਿਆਰ ਮਿਲ ਰਿਹਾ ਹੈ ਅਤੇ ਮੇਰੇ ਪਤੀ ਵੱਲੋਂ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਹੈ, ਪਰ ਕਈ ਵਾਰ ਅਜਿਹਾ ਲੱਗਦਾ ਹੈ ਕਿ ਮੇਰੇ ਅਤੇ ਮੇਰੇ ਪਤੀ ਵਿਚਕਾਰ ਪਹਿਲਾਂ ਵਾਲ਼ੀ ਗੱਲ ਨਹੀਂ ਰਹੀ।"

"ਅਜਿਹਾ ਨਹੀਂ ਹੈ ਕਿ ਸਾਡੇ ਦਰਮਿਆਨ ਪਿਆਰ ਨਹੀਂ ਹੈ, ਪਰ ਉਹ ਧਿਆਨ ਹੁਣ ਵੰਡਿਆ ਗਿਆ ਹੈ।"

ਸ਼ੈਲਜਾ ਓਝਾ

ਤਸਵੀਰ ਸਰੋਤ, RAVI PRAKASH

ਤਸਵੀਰ ਕੈਪਸ਼ਨ, ਸ਼ੈਲਜਾ ਓਝਾ ਆਪਣੇ ਪਤੀ ਨਾਲ।

ਸ਼ੈਲਜਾ ਓਝਾ, ਜੋ ਪਹਿਲਾਂ ਮੁੰਬਈ ਅਤੇ ਹੁਣ ਪਟਨਾ ਵਿੱਚ ਰਹਿ ਰਹੀ ਹੈ, ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੈ।

ਉਹ ਆਪਣੇ ਪਤੀ ਵਿਵੇਕ ਰੰਜਨ ਅਤੇ ਇੱਕ ਸਾਲ ਦੇ ਬੇਟੇ ਤੋਂ ਕਾਫੀ ਖੁਸ਼ ਹੈ ਪਰ ਉਸ ਦਾ ਮੰਨਣਾ ਹੈ ਕਿ ਬੇਟੇ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ 'ਤੇ ਅਸਰ ਪਿਆ ਹੈ।

ਸ਼ੈਲਜਾ ਓਝਾ ਨੇ ਬੀਬੀਸੀ ਨਾਲ਼ ਗੱਲਬਾਤ ਵਿੱਚ ਕਿਹਾ, “ਸਾਡੀ ਜ਼ਿੰਦਗੀ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿੱਚ ਸ਼ਾਨਦਾਰ ਸੀ। ਸਾਡੇ ਰਿਸ਼ਤੇ ਵਿੱਚ ਸਿਰਫ਼ ਪਿਆਰ ਸੀ। ਸਾਡਾ 2021 ਵਿੱਚ ਵਿਆਹ ਹੋਇਆ, ਅਸੀਂ ਬਹੁਤ ਖੁਸ਼ ਸੀ।"

ਉਹ ਅੱਗੇ ਦੱਸਦੀ ਹੈ, "ਜਦੋਂ ਮੈਂ ਗਰਭਵਤੀ ਹੋਈ ਤਾਂ ਮੇਰਾ ਪਤੀ ਮੇਰਾ ਬਹੁਤ ਖ਼ਿਆਲ ਰੱਖਦੇ ਸੀ। ਜਦੋਂ 2022 ਵਿੱਚ ਸਾਡੇ ਬੇਟੇ ਦਾ ਜਨਮ ਹੋਇਆ, ਤਾਂ ਸਥਿਤੀ ਬਦਲ ਗਈ। ਮੈਂ ਮਾਮੂਲੀ ਗੱਲਾਂ ’ਤੇ ਵੀ ਚਿੜਚਿੜੀ ਹੋਣ ਲੱਗ ਪਈ। ਮੈਨੂੰ ਗੁੱਸਾ ਆਉਣ ਲੱਗ ਪਿਆ। ਸਾਡੇ ਵਿੱਚ ਕਹਾਸੁਣੀ ਅਤੇ ਲੜਾਈ ਹੋਣ ਲੱਗ ਪਈ। ਜੇ ਪਤੀ ਧਿਆਨ ਨਾ ਦਿੰਦੇ, ਤਾਂ ਮੈਂ ਹੋਰ ਗੁੱਸਾ ਆਉਂਦਾ। ਫਿਰ ਅਸੀਂ ਹੌਲੀ-ਹੌਲੀ ਆਪਣੇ ਰਿਸ਼ਤੇ ਨੂੰ ਸੰਭਾਲ ਲਿਆ ਪਰ ਹੁਣ ਸਾਡੀ ਜ਼ਿੰਦਗੀ ਬਦਲ ਚੁੱਕੀ ਹੈ।"

ਬੱਚਾ ਤੇ ਮਾਪੇ

ਖੋਜ ਕੀ ਕਹਿੰਦੀ ਹੈ

ਇੱਕ ਰਿਸਰਚ ਮੁਤਾਬਕ ਬੱਚੇ ਦੇ ਜਨਮ ਦਾ ਪਤੀ-ਪਤਨੀ ਦੇ ਰਿਸ਼ਤੇ 'ਤੇ ਅਸਰ ਪੈਂਦਾ ਹੈ।

ਯੂਨੀਵਰਸਿਟੀ ਆਫ਼ ਬੋਰਨ ਵੱਲੋਂ ਸਾਲ 2021 ਵਿੱਚ ਕੀਤੀ ਗਈ ਖੋਜ ਤੋਂ ਬਾਅਦ, ਖੋਜਕਾਰਾਂ ਨੇ ਦਾਅਵਾ ਕੀਤਾ ਕਿ ਇੱਕ ਬੱਚੇ ਦੇ ਜਨਮ ਤੋਂ ਬਾਅਦ ਚਾਰ ਵਿੱਚੋਂ ਇੱਕ ਮਾਂ ਅਤੇ 10 ਵਿੱਚੋਂ ਇੱਕ ਪਿਤਾ ਮਾਨਸਿਕ ਬੀਮਾਰੀਆਂ (ਮੈਂਟਲ ਇਲਨੈਸ) ਦਾ ਸਾਹਮਣਾ ਕਰਨਾ ਪਿਆ।

ਇਹ ਵੀ ਦੇਖਿਆ ਗਿਆ ਕਿ ਬਿਨਾਂ ਬੱਚੇ ਵਾਲੇ ਜੋੜੇ ਇੱਕ-ਦੂਜੇ ਤੋਂ ਬੱਚਿਆਂ ਵਾਲੇ ਜੋੜਿਆਂ ਦੇ ਮੁਕਾਬਲੇ ਜ਼ਿਆਦਾ ਸੰਤੁਸ਼ਟ ਸਨ।

ਇਸ ਦੇ ਨਾਲ ਹੀ ਖੋਜ ਇਹ ਵੀ ਦੱਸਦੀ ਹੈ ਕਿ ਬੱਚੇ ਪੈਦਾ ਕਰਨ ਵਾਲੇ ਜੋੜਿਆਂ ਦਾ ਆਪਸੀ ਪਿਆਰ ਬੱਚੇ ਦੇ ਜਨਮ ਤੋਂ ਬਾਅਦ 10 ਸਾਲਾਂ ਦੌਰਾਨ ਲਗਾਤਾਰ ਘਟਦਾ ਗਿਆ।

ਰਿਸਰਚ 'ਚ ਇਹ ਵੀ ਦੱਸਿਆ ਗਿਆ ਹੈ ਕਿ 62 ਫ਼ੀਸਦੀ ਔਰਤਾਂ ਬਿਨਾਂ ਬੱਚਿਆਂ ਤੋਂ ਜ਼ਿਆਦਾ ਖੁਸ਼ ਸਨ।

ਜਦੋਂ ਕਿ ਨਵਜੰਮੇ ਬੱਚਿਆਂ ਦੀਆਂ ਮਾਵਾਂ ਵਿੱਚ ਇਹ ਅੰਕੜਾ ਸਿਰਫ਼ 38 ਫ਼ੀਸਦੀ ਸੀ। ਇਸ ਦਾ ਇੱਕ ਕਾਰਨ ਉਨ੍ਹਾਂ ਦੇ ਸਰੀਰਕ ਸਬੰਧਾਂ ਵਿੱਚ ਕਮੀ ਜਾਂ ਉਨ੍ਹਾਂ ਦਾ ਪ੍ਰਭਾਵਿਤ ਹੋਣਾ ਵੀ ਦੱਸਿਆ ਗਿਆ ਹੈ।

ਬੱਚਾ ਤੇ ਮਾਪੇ

ਬੱਚੇ ਤੇ ਪਤੀ-ਪਤਨੀ ਬਾਰੇ ਕਹਾਣੀ ਦੀਆਂ ਮੁੱਖ ਗੱਲਾਂ:

  • ਲੋਕਾਂ ਦੇ ਘਰਾਂ ਵਿੱਚ ਅਕਸਰ ਬੱਚੇ ਦੇ ਪੈਦਾ ਹੋਣ ਨਾਲ ਖੁਸ਼ੀਆਂ ਆ ਜਾਂਦੀਆਂ ਹਨ
  • ਕਈ ਅਜਿਹੇ ਜੋੜੇ ਵੀ ਹਨ ਜੋ ਬੱਚੇ ਪੈਦਾ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ
  • ਹੁਣ ਜ਼ਿਆਦਾਤਰ ਲੋਕ ਨਿੱਕੇ ਪਰਿਵਾਰਾਂ ਵਿੱਚ ਰਹਿੰਦੇ ਹਨ
  • ਜੋੜਿਆਂ ਦਾ ਕਹਿਣਾ ਹੈ ਕਿ ਬੱਚੇ ਦੇ ਆਉਣ ਵਾਲ ਉਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ
  • ਇੱਕ ਰਿਸਰਚ ਮੁਤਾਬਕ ਬੱਚੇ ਦੇ ਜਨਮ ਦਾ ਪਤੀ-ਪਤਨੀ ਦੇ ਰਿਸ਼ਤੇ 'ਤੇ ਅਸਰ ਪੈਂਦਾ ਹੈ
ਬੱਚਾ ਤੇ ਮਾਪੇ

ਮਾਨਸਿਕ ਬਿਮਾਰੀ ਅਤੇ ਤਣਾਅ

ਬੱਚੇ ਦੇ ਜਨਮ ਤੋਂ ਬਾਅਦ ਪਤੀ-ਪਤਨੀ ਦੇ ਰਿਸ਼ਤਿਆਂ 'ਤੇ ਪੈਣ ਵਾਲ਼ੇ ਅਸਰ ਕਾਰਨ ਉਨ੍ਹਾਂ ਨੂੰ ਕਈ ਵਾਰ ਡਾਕਟਰ ਕੋਲ ਸਲਾਹ ਲਈ ਵੀ ਜਾਣਾ ਪੈਂਦਾ ਹੈ।

ਰਾਂਚੀ, ਝਾਰਖੰਡ ਦੇ ਕਾਂਕੇ ਹਸਪਤਾਲ ਸੈਂਟਰਲ ਇੰਸਟੀਚਿਊਟ ਆਫ਼ ਸਾਈਕੈਟਰੀ (ਸੀਆਈਪੀ), ਵਿੱਚ ਐਸੋਸੀਏਟ ਪ੍ਰੋਫੈਸਰ ਡਾ: ਸੰਜੇ ਮੁੰਡਾ ਨੇ ਦੱਸਿਆ ਕਿ ਕੁਝ ਜਾਗਰੂਕ ਜੋੜੇ ਗਰਭ ਠਹਿਰਣ ਤੋਂ ਤੁਰੰਤ ਮਗਰੋਂ ਕਾਉਂਸਲਿੰਗ ਲਈ ਆਉਂਦੇ ਹਨ, ਤਾਂ ਜੋ ਬੱਚੇ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਸਬੰਧਾਂ 'ਤੇ ਬੁਰਾ ਅਸਰ ਨਾ ਹੋਵੇ।

ਡਾਕਟਰ ਸੰਜੇ ਮੁੰਡਾ ਨੇ ਬੀਬੀਸੀ ਨੂੰ ਦੱਸਿਆ, “ਬੱਚੇ ਦਾ ਜਨਮ ਪਤੀ-ਪਤਨੀ ਦੇ ਰਿਸ਼ਤੇ ਉੱਪਰ ਪੂਰਾ ਅਸਰ ਪਾਉਂਦਾ ਹੈ। ਇਹ ਅਸਰ ਹਾਂਮੁਖੀ ਅਤੇ ਨਾਂਹਮੁਖੀ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ। ਅਜੋਕੇ ਸਮੇਂ ਵਿੱਚ ਨਿੱਕੇ ਪਰਿਵਾਰਾਂ ਦੀ ਪ੍ਰਥਾ ਕਾਰਨ ਅਜਿਹੇ ਸਮੇਂ ਵਿੱਚ ਜੋੜੇ ਨੂੰ ਸਲਾਹ ਦੇਣ ਵਾਲਾ ਪਰਿਵਾਰ ਵਿੱਚ ਹੋਰ ਕੋਈ ਨਹੀਂ ਹੈ। ਫਿਰ ਤਣਾਅ ਵਧ ਜਾਂਦਾ ਹੈ ਕਿਉਂਕਿ ਪਹਿਲੀ ਵਾਰ ਮਾਤਾ-ਪਿਤਾ ਬਣਨ ਵਾਲੇ ਜੋੜੇ ਨੂੰ ਪਿਛਲਾ ਕੋਈ ਤਜ਼ਰਬਾ ਨਹੀਂ ਹੁੰਦਾ।

ਉਹ ਦੱਸਦੇ ਹਨ, “ਬੱਚੇ ਦੇ ਜਨਮ ਤੋਂ ਬਾਅਦ, ਜਦੋਂ ਉਨ੍ਹਾਂ ਨੂੰ ਬੱਚੇ ਦੀ ਮੰਗ ਮੁਤਾਬਕ ਖ਼ੁਦ ਨੂੰ ਢਾਲਣਾ ਪੈਂਦਾ ਹੈ, ਤਾਂ ਉਨ੍ਹਾਂ ਨੂੰ ਮੁਸ਼ਕਲਾਂ ਆਉਂਦੀਆਂ ਹਨ। ਅਜਿਹੇ ਵਿੱਚ ਕਈ ਵਾਰ ਜਦੋਂ ਉਹ ਸਾਡੇ ਕੋਲ਼ ਆਉਂਦੇ ਹਨ ਤਾਂ ਸਾਨੂੰ ਉਨ੍ਹਾਂ ਨੂੰ ਦਵਾਈ ਵੀ ਦੇਣੀ ਪੈਂਦੀ ਹੈ। ਅਸੀਂ ਉਨ੍ਹਾਂ ਦੀ ਕਾਊਂਸਲਿੰਗ ਵੀ ਕਰਦੇ ਹਾਂ।"

ਜਿਵੇਂ ਕਿ ਇੱਕ ਤਿਕੋਣ ਹੋਵੇ, ਜਿਸ ਦੇ ਤਿੰਨ੍ਹਾਂ ਕੋਨਿਆਂ ਉੱਪਰ ਮਾਂ, ਪਿਤਾ ਅਤੇ ਬੱਚਾ ਬੈਠੇ ਹੋਣ। ਕਾਊਂਸਲਿੰਗ ਤੋਂ ਬਾਅਦ, ਅਸੀਂ ਅਜਿਹੇ ਜੋੜੇ ਦੇ ਬਾਡੀ ਕਲਾਕ ਅਤੇ ਉਨ੍ਹਾਂ ਦੀ ਮਾਨਸਿਕ ਸਥਿਤੀ ਦਾ ਵਿਸ਼ਲੇਸ਼ਣ ਕਰਕੇ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ।

ਬੱਚਾ ਤੇ ਮਾਪੇ

ਤਸਵੀਰ ਸਰੋਤ, RAVI PRAKASH

ਸੋਸ਼ਲ ਮੀਡੀਆ ਵੀ ਜ਼ਿੰਮੇਵਾਰ ਹੈ

ਰਾਂਚੀ ਵਾਸੀ ਡਾ. ਅਨੁਜ ਕੁਮਾਰ ਦੱਸਦੇ ਹਨ, "ਸਿਰਫ਼ ਨਿੱਕੇ ਪਰਿਵਾਰਾਂ ਦਾ ਰੁਝਾਨ ਹੀ ਨਹੀਂ, ਸਗੋਂ ਸੋਸ਼ਲ ਮੀਡੀਆ ਉੱਪਰ ਸਰਗਰਮੀ ਅਤੇ ਪਤੀ-ਪਤਨੀ ਦੋਵਾਂ ਦਾ ਰੁਜ਼ਗਾਰ ਵੀ ਬੱਚੇ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ 'ਤੇ ਬੁਰਾ ਅਸਰ ਪਾਉਂਦਾ ਹੈ।"

ਡਾ. ਅਨੁਜ ਕੁਮਾਰ ਮੁਤਾਬਕ ਪਹਿਲਾਂ ਅਸੀਂ ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਸੀ। ਬੱਚੇ ਦੀ ਦੇਖ-ਭਾਲ ਕਰਨ ਲਈ ਦਾਦਾ-ਦਾਦੀ, ਚਾਚਾ-ਚਾਚੀ ਵਗੈਰਾ ਹੁੰਦੇ ਸਨ। ਹੁਣ ਜ਼ਿਆਦਾਤਰ ਲੋਕ ਨਿੱਕੇ ਪਰਿਵਾਰਾਂ ਵਿੱਚ ਰਹਿੰਦੇ ਹਨ। ਇਨ੍ਹਾਂ ਪਰਿਵਾਰਾਂ ਵਿੱਚ ਸਿਰਫ਼ ਪਤੀ, ਪਤਨੀ ਅਤੇ ਬੱਚੇ ਹਨ।

ਡਾ: ਅਨੁਜ ਕੁਮਾਰ

ਤਸਵੀਰ ਸਰੋਤ, RAVI PRAKASH

ਤਸਵੀਰ ਕੈਪਸ਼ਨ, ਡਾ. ਅਨੁਜ ਕੁਮਾਰ

ਉਹ ਇਹ ਵੀ ਦੱਸਦੇ ਹਨ,"ਅਜਿਹੀ ਸਥਿਤੀ ਵਿੱਚ, ਬੱਚੇ ਦੀਆਂ ਸਾਰੀਆਂ ਲੋੜਾਂ ਤੁਸੀਂ ਹੀ ਪੂਰੀਆਂ ਕਰਨੀਆਂ ਪੈਂਦੀਆਂ ਹਨ। ਇਸ ਤੋਂ ਇਲਾਵਾ, ਤੁਸੀਂ ਆਪਣਾ ਕੰਮ ਵੀ ਕਰਨਾ ਹੁੰਦਾ ਹੈ। ਜੇਕਰ ਮਾਤਾ-ਪਿਤਾ ਦੋਵੇਂ ਨੌਕਰੀ ਕਰਦੇ ਹਨ, ਤਾਂ ਮੁਸ਼ਕਲਾਂ ਹੋਰ ਵਧ ਜਾਂਦੀਆਂ ਹਨ। ਇਸ ਸਥਿਤੀ ਵਿੱਚ ਬੱਚੇ ਦੇ ਜਨਮ ਤੋਂ ਬਾਅਦ ਪਤੀ-ਪਤਨੀ ਦਾ ਰਿਸ਼ਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।

"ਪਤੀ ਚਾਹੁੰਦਾ ਹੈ ਕਿ ਪਤਨੀ ਬੱਚੇ ਦੀ ਦੇਖਭਾਲ ਕਰੇ, ਪਤਨੀਆਂ ਵੀ ਆਪਣੇ ਪਤੀਆਂ ਤੋਂ ਇਹੀ ਉਮੀਦ ਰੱਖਦੀਆਂ ਹਨ। ਫਿਰ ਸਾਰੀਆਂ ਸਮੱਸਿਆਵਾਂ ਇੱਕ ਤੋਂ ਬਾਅਦ ਜੁੜਦੀਆਂ ਜਾਂਦੀਆਂ ਹਨ ਅਤੇ ਆਖ਼ਰਕਾਰ ਇਹ ਲੜਾਈ-ਝਗੜੇ ਅਤੇ ਮਨਮੁਟਾਵ ਵਿੱਚ ਬਦਲ ਜਾਂਦੀਆਂ ਹਨ। ਅਜਿਹੇ ਵਿੱਚ ਜ਼ਰੂਰੀ ਹੈ ਕਿ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਇਸਦੀ ਚੰਗੀ ਤਰ੍ਹਾਂ ਯੋਜਨਾਬੰਦੀ ਕਰ ਲਵੋ।”

ਕਰੀਨਾ ਕਪੂਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਰੀਨਾ ਕਪੂਰ

ਕੀ ਬੱਚੇ ਦਾ ਜਨਮ ਹਰ ਜੋੜੇ ਨੂੰ ਪ੍ਰਭਾਵਿਤ ਕਰਦਾ ਹੈ?

ਅਜਿਹਾ ਨਹੀਂ ਹੈ ਕਿ ਬੱਚਿਆਂ ਦੇ ਜਨਮ ਦਾ ਸਾਰੇ ਜੋੜਿਆਂ ਦੀ ਜ਼ਿੰਦਗੀ ਉੱਪਰ ਹੀ ਬੁਰਾ ਅਸਰ ਪੈਂਦਾ ਹੈ। ਕੁਝ ਅਜਿਹੇ ਜੋੜੇ ਵੀ ਹਨ ਜਿਨ੍ਹਾਂ ਦੇ ਬੱਚੇ ਹੀ ਉਨ੍ਹਾਂ ਦੇ ਰਿਸ਼ਤੇ ਦੀ ਮਜ਼ਬੂਤੀ ਦਾ ਕਾਰਨ ਹਨ।

ਬਾਲੀਵੁੱਡ ਦੀ ਮਸ਼ਹੂਰ ਜੋੜੀ ਸੈਫ਼ ਅਲੀ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਵੀ ਅਜਿਹੀਆਂ ਜੋੜੀਆਂ ਵਿੱਚ ਸ਼ਾਮਲ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਬੱਚੇ ਦੇ ਜਨਮ ਤੋਂ ਬਾਅਦ ਉਨ੍ਹਾਂ ਦਾ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ ਹੈ।

ਕਰੀਨਾ ਕਪੂਰ ਨੇ ਇਸ ਵਿਸ਼ੇ 'ਤੇ 'ਪ੍ਰੈਗਨੈਂਸੀ ਬਾਈਬਲ' ਨਾਂ ਦੀ ਕਿਤਾਬ ਲਿਖੀ ਹੈ।

ਇਸ ਵਿੱਚ ਸੈਫ਼ ਅਲੀ ਖ਼ਾਨ ਦੇ ਹਵਾਲੇ ਨਾਲ਼ ਲਿਖਿਆ ਗਿਆ ਹੈ ਕਿ 'ਤੈਮੂਰ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਵਿੱਚ ਮਜ਼ਬੂਤੀ ਆਈ ਅਤੇ ਉਨ੍ਹਾਂ ਵਿੱਚ ਪਿਆਰ ਹੋਰ ਵਧ ਗਿਆ।'

ਹਾਲਾਂਕਿ ਇਸ ਕਿਤਾਬ 'ਚ ਕਰੀਨਾ ਕਪੂਰ ਨੇ ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਤਕਲੀਫ਼ਾਂ ਅਤੇ ਤਣਾਅ ਦਾ ਵੀ ਜ਼ਿਕਰ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)