ਭਾਰੀ ਮੀਂਹ ਜਾਂ ਹੜ੍ਹਾਂ ਕਰਕੇ ਘਰ ਵਿੱਚ ਕਰੰਟ ਆਉਣ ਦੇ ਖ਼ਤਰੇ ਨੂੰ ਕਿਵੇਂ ਘਟਾਇਆ ਜਾ ਸਕਦਾ, ਹੜ੍ਹਾਂ ਮਗਰੋਂ ਸਫਾਈ ਲਈ ਕੀ-ਕੀ ਜ਼ਰੂਰੀ

ਪੰਜਾਬ

ਤਸਵੀਰ ਸਰੋਤ, Getty Images

    • ਲੇਖਕ, ਡਿੰਕਲ ਪੋਪਲੀ
    • ਰੋਲ, ਬੀਬੀਸੀ ਪੱਤਰਕਾਰ

ਬੇਸ਼ੱਕ ਪੰਜਾਬ, ਜੰਮੂ, ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚੋਂ ਹੁਣ ਹੜ੍ਹਾਂ ਦਾ ਪਾਣੀ ਘੱਟ ਰਿਹਾ ਹੈ, ਪਰ ਖ਼ਤਰਾ ਅਜੇ ਮੁਕੰਮਲ ਤੌਰ 'ਤੇ ਟਲਿਆ ਨਹੀਂ ਹੈ।

ਹੜ੍ਹ ਪ੍ਰਭਾਵਿਤ ਕਈ ਇਲਾਕਿਆਂ 'ਚ ਲੋਕ ਹੁਣ ਮੁੜ ਆਪਣੇ ਘਰਾਂ ਦਾ ਰੁਖ਼ ਕਰ ਰਹੇ ਹਨ। ਉਨ੍ਹਾਂ ਦੇ ਘਰ 'ਚ ਹੁਣ ਪਾਣੀ ਤਾਂ ਨਹੀਂ ਹੈ ਪਰ ਉਹ ਗਾਰ ਨਾਲ ਭਰੇ ਹੋਏ ਹਨ।

ਸਿਰਫ਼ ਫ਼ਰਸ਼ ਹੀ ਨਹੀਂ ਇਹ ਗਾਰ ਯਾਨੀ ਪਾਣੀ ਦੇ ਥੱਲੇ ਦੀ ਮੈਲ, ਕੀਚ ਆਦਿ ਉਨ੍ਹਾਂ ਦੇ ਬਿਸਤਰਿਆਂ, ਰਸੋਈ ਦੇ ਭਾਂਡੇ ਤੇ ਚੁੱਲ੍ਹੇ, ਫਰਨੀਚਰ 'ਤੇ ਵੀ ਚੜ੍ਹੀ ਹੋਈ ਹੈ।

ਗਾਰ ਤੋਂ ਇਲਾਵਾ ਘਰ 'ਚ ਉੱਲੀ, ਮਰੇ ਹੋਏ ਛੋਟੇ ਜਾਨਵਰ ਵੀ ਹੋ ਸਕਦੇ ਹਨ, ਜੋ ਕਿ ਘਾਤਕ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।

ਪਾਣੀ ਵਿੱਚ ਭਿੱਜੇ ਰਹੇ ਬਿਜਲੀ ਉਪਕਰਨਾਂ ਤੋਂ ਕਰੰਟ ਲੱਗਣ ਦਾ ਖਦਸ਼ਾ ਵੀ ਹੁੰਦਾ ਹੈ।

ਅਜਿਹੇ 'ਚ ਘਰ ਦੀ ਸਫ਼ਾਈ ਕਰਨਾ ਆਮ ਨਹੀਂ ਹੁੰਦਾ। ਚੰਗੇ ਤਰੀਕੇ ਨਾਲ ਸਫਾਈ ਨਾ ਕਰਨ ਕਰਕੇ ਬਿਮਾਰੀ, ਲਾਗ਼ ਅਤੇ ਇੱਥੋਂ ਤੱਕ ਕਰੰਟ ਲੱਗਣ ਦਾ ਖ਼ਤਰਾ ਵੀ ਹੋ ਸਕਦਾ ਹੈ।

ਆਓ ਜਾਣਦੇ ਹਾਂ ਕਿ ਹੜ੍ਹਾਂ ਵਾਲੇ ਪਾਣੀ ਦੇ ਸੰਪਰਕ 'ਚ ਆਈਆਂ ਕਿਹੜੀਆਂ ਚੀਜ਼ਾਂ ਸੁੱਟ ਦੇਣੀਆਂ ਚਾਹੀਦੀਆਂ ਹਨ। ਜਿਹੜੀਆਂ ਚੀਜ਼ਾਂ ਰੱਖਣ ਵਾਲੀਆਂ ਹਨ, ਉਨ੍ਹਾਂ ਦੀ ਸਫ਼ਾਈ ਨੂੰ ਯਕੀਨੀ ਕਿਵੇਂ ਬਣਾਇਆ ਜਾਵੇ ਤਾਂ ਜੋ ਕਰੰਟ, ਲਾਗ ਲੱਗਣ ਅਤੇ ਬਿਮਾਰ ਪੈਣ ਦੇ ਖ਼ਦਸ਼ੇ ਨੂੰ ਘਟਾਇਆ ਜਾ ਸਕੇ।

ਇਹ ਜਾਣਕਾਰੀ 'ਨੈਸ਼ਨਲ ਪ੍ਰੋਗਰਾਮ ਓਨ ਕਲਾਈਮੇਟ ਚੇਂਜ ਐਂਡ ਹਿਊਮਨ ਹੈਲਥ' ਤੋਂ ਲਈ ਗਈ ਹੈ ਤੇ ਨਾਲ ਹੀ ਸਬੰਧਤ ਮਾਹਰਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ।

ਦਲਜੀਤ ਸਿੰਘ

ਬਿਜਲੀ ਉਪਕਰਨਾਂ ਤੋਂ ਕਰੰਟ ਲੱਗਣ ਦਾ ਖ਼ਦਸ਼ਾ

ਜੇਕਰ ਤੁਹਾਡਾ ਘਰ ਵੀ ਪਾਣੀ ਨਾਲ ਭਰਿਆ ਹੋਇਆ ਸੀ ਤਾਂ ਜ਼ਾਹਿਰ ਤੌਰ 'ਤੇ ਘਰ ਦੇ ਬਿਜਲੀ ਉਪਕਰਨ, ਬਿਜਲੀ ਦੇ ਬੋਰਡ ਤੇ ਤਾਰਾਂ ਵੀ ਭਿੱਜੀਆਂ ਹੋਣਗੀਆਂ।

ਅਜਿਹੇ 'ਚ ਇਨ੍ਹਾਂ ਉਪਕਰਨਾਂ ਦੀ ਮੁੜ ਵਰਤੋਂ ਕਰਨ ਤੋਂ ਪਹਿਲਾਂ ਇਨ੍ਹਾਂ ਦੀ ਜਾਂਚ ਕਰਨੀ ਬੇਹੱਦ ਜ਼ਰੂਰੀ ਹੈ।

ਹੜ੍ਹਾਂ ਤੋਂ ਬਾਅਦ ਸਫਾਈ ਦੌਰਾਨ ਬਿਜਲੀ ਦੇ ਖੰਭਿਆਂ, ਡਿੱਗੀਆਂ ਬਿਜਲੀ ਦੀਆਂ ਤਾਰਾਂ, ਘਰ ਉੱਪਰੋਂ ਲੰਘਣ ਵਾਲਿਆਂ ਬਿਜਲੀ ਦੀਆਂ ਲਾਈਨਾਂ ਦੇ ਸੰਪਰਕ ਤੋਂ ਬਚੋ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੁਪਰਡੈਂਟ ਇੰਜੀਨੀਅਰ ਦਲਜੀਤ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, "ਸਾਵਧਾਨੀ ਦੇ ਤੌਰ 'ਤੇ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਬਿਜਲੀ ਬੰਦ ਕੀਤੀ ਗਈ ਸੀ, ਜਿਸ ਨੂੰ ਹੌਲੀ-ਹੌਲੀ ਮੁੜ ਬਹਾਲ ਕੀਤਾ ਜਾ ਰਿਹਾ ਹੈ।"

ਉਨ੍ਹਾਂ ਨੇ ਅੱਗੇ ਦੱਸਿਆ, "ਬਿਜਲੀ ਉਪਕਰਨਾਂ ਦੀ ਵਰਤੋਂ ਤੋਂ ਪਹਿਲਾਂ ਜ਼ਰੂਰੀ ਹੈ ਕਿ ਉਨ੍ਹਾਂ ਦੀ ਜਾਂਚ ਕਰ ਲਈ ਜਾਵੇ। ਹੋ ਸਕਦਾ ਹੈ ਕਿ ਸਵਿੱਚ ਬੋਰਡਜ਼ ਅੰਦਰ ਨਮੀ ਜਾਂ ਗਿੱਲੀ ਮਿੱਟੀ ਹੋਵੇ ਜੋ ਕਿ ਕਰੰਟ ਲੱਗਣ ਦਾ ਕਾਰਨ ਬਣ ਸਕਦੀ ਹੈ, ਲਾਜ਼ਮੀ ਹੈ ਕਿ ਉਸ ਨੂੰ ਖੋਲ੍ਹ ਕੇ ਕਿਸੇ ਮਾਹਰ ਤੋਂ ਉਸ ਦੀ ਸਫ਼ਾਈ ਕਰਵਾ ਲਈ ਜਾਵੇ।"

ਉਹ ਦੱਸਦੇ ਹਨ ਕਿ ਜੇਕਰ ਘਰ 'ਚ ਨੰਗੀਆਂ ਤਾਰਾਂ ਹੋਣ ਤਾਂ ਉਨ੍ਹਾਂ ਨੇੜੇ ਨਾ ਜਾਇਆ ਜਾਵੇ ਜਦੋਂ ਤਕ ਸਭ ਕੁਝ ਸੁੱਕ ਨਹੀਂ ਜਾਂਦਾ।

ਦਲਜੀਤ ਸਿੰਘ ਕਹਿੰਦੇ ਹਨ, "ਲੋਕਾਂ ਨੂੰ ਘਰਾਂ 'ਚ ਜਾਣ ਤੋਂ ਪਹਿਲਾਂ ਘਰ ਦੀ ਅਰਥਿੰਗ ਚੈੱਕ ਕਰਵਾ ਲੈਣੀ ਚਾਹੀਦੀ ਹੈ। ਕੰਧਾਂ, ਸਟੈਂਡਿੰਗ ਜਾਂ ਟੇਬਲ ਫ਼ੈਨ 'ਚ ਕਰੰਟ ਨਾ ਆ ਗਿਆ ਹੋਵੇ ਤਾਂ ਵੀ ਇਸ ਦੀ ਜਾਂਚ ਵੀ ਟੈਸਟਰ ਰਾਹੀਂ ਕੀਤੀ ਜਾਂ ਸਕਦੀ।"

ਉਹ ਕਹਿੰਦੇ ਹਨ, "ਸਭ ਤੋਂ ਜ਼ਰੂਰੀ ਹੈ ਕਿ ਬਿਜਲੀ ਦੇ ਝਟਕੇ ਤੋਂ ਬਚਣ ਲਈ ਰਬੜ ਦੀ ਚੱਪਲ ਜਾਂ ਜੁੱਤੀ ਪਾ ਕੇ ਹੀ ਬਿਜਲੀ ਉਪਕਰਨਾਂ ਨੂੰ ਉਤਾਰਿਆ ਜਾਵੇ। ਪਲਾਸਟਿਕ ਵਾਲੀ ਟੂਲਕਿੱਟ ਜਾ ਫਿਰ ਸੁੱਕੇ ਕਪੜੇ ਨਾਲ ਹੀ ਬਿਜਲੀ ਦੀ ਤਾਰਾਂ ਨੂੰ ਫੜਿਆ ਜਾਵੇ।"

"ਨੰਗੇ ਹੱਥ ਬਿਜਲੀ ਦੇ ਉਪਕਰਨਾਂ ਜਾਂ ਤਾਰਾਂ ਨੂੰ ਹੱਥ ਲਗਾਉਣਾ ਖ਼ਤਰਨਾਕ ਹੋ ਸਕਦਾ ਹੈ, ਜ਼ਰੂਰੀ ਹੈ ਕਿ ਰਬੜ/ ਸਿਲੀਕਾਨ ਦੇ ਦਸਤਾਨੇ ਨਹੀਂ ਤਾਂ ਸੁੱਕੇ ਕੱਪੜੇ ਦੀ ਵਰਤੋਂ ਕੀਤੀ ਜਾਵੇ।

ਪੰਜਾਬ ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਿਜਲੀ ਦੀਆਂ ਤਾਰਾਂ ਤੋਂ ਦੂਰ ਰਹੋ
ਇਹ ਵੀ ਪੜ੍ਹੋ-

ਸਫਾਈ ਕਰਨ ਵੇਲੇ ਕੀ ਖਿਆਲ ਰੱਖੋ?

ਯਾਦ ਰੱਖੋ ਕਿ ਤੁਹਾਡੇ ਘਰ ਅੰਦਰ ਮੌਜੂਦ ਚੀਜ਼ਾਂ ਮੀਂਹ ਨਹੀਂ ਸਗੋਂ ਹੜ੍ਹ ਦੇ ਪਾਣੀ ਨਾਲ ਭਿੱਜੀਆਂ ਸਨ। ਉਹ ਪਾਣੀ ਜੋ ਕਿ ਗੰਦਗੀ, ਰਸਾਇਣਾਂ, ਮਰੇ ਹੋਏ ਜਾਨਵਰਾਂ ਨਾਲ ਗੰਧਲਾ ਹੋਇਆ ਹੋਵੇਗਾ।

ਪਾਣੀ ਦੇ ਸੰਪਰਕ 'ਚ ਆਈਆਂ ਤੁਹਾਡੀਆਂ ਚੀਜ਼ਾਂ ਦੀ ਸਫ਼ਾਈ ਲਈ ਤੁਸੀਂ ਬਲੀਚ ਦੀ ਵਰਤੋਂ ਕਰ ਸਕਦੇ ਹੋ।

'ਨੈਸ਼ਨਲ ਪ੍ਰੋਗਰਾਮ ਓਨ ਕਲਾਈਮੇਟ ਚੇਂਜ ਐਂਡ ਹਿਊਮਨ ਹੈੱਲਥ' ਮੁਤਾਬਕ 4-5 ਲੀਟਰ ਪਾਣੀ 'ਚ ਇੱਕ ਕੱਪ ਬਲੀਚ ਪਾ ਕੇ ਤੁਸੀਂ ਫ਼ਰਸ਼, ਸਟੋਵ, ਸਿੰਕ, ਭਾਂਡਿਆਂ 'ਤੇ ਔਜ਼ਾਰਾਂ ਦੀ ਸਫ਼ਾਈ ਕਰ ਸਕਦੇ ਹੋ।

ਧਿਆਨ ਰਹੇ ਕਿ ਬੰਦ ਕਮਰੇ 'ਚ ਬਲੀਚ ਦੀ ਵਰਤੋਂ ਨਾ ਕੀਤੀ ਜਾਵੇ, ਜਿੱਥੇ ਵੀ ਬਲੀਚ ਪਾਓ ਉਸ ਕਮਰੇ ਦੇ ਖਿੜਕੀ ਦਰਵਾਜ਼ੇ ਖੁੱਲ੍ਹੇ ਰੱਖੋ।

ਘਰ 'ਚ ਜੇਕਰ ਕੁਝ ਚੋਅ ਰਿਹਾ ਹੋਵੇ ਤਾਂ ਉਸ ਨੂੰ ਠੀਕ ਕਰਵਾਓ ਜਿਨ੍ਹਾਂ ਚੀਜ਼ਾਂ 'ਤੇ ਉੱਲੀ ਆ ਗਈ ਹੋਵੇ ਤਾਂ ਉਨ੍ਹਾਂ ਨੂੰ ਬਲੀਚ ਦੇ ਘੋਲ ਨਾਲ ਸਾਫ਼ ਕਰੋ।

ਘਰ 'ਚ ਆਏ ਪਾਣੀ ਦੇ ਕਾਰਨ ਘਰ ਦੀ ਹਵਾ ਗੰਧਲੀ ਅਤੇ ਹੁੰਮਸ ਭਰੀ ਹੋ ਸਕਦੀ ਹੈ, ਇਸ ਲਈ ਖਿੜਕੀ ਦਰਵਾਜ਼ੇ ਖੁੱਲ੍ਹੇ ਰੱਖੋ ਤਾਂ ਜੋ ਤਾਜ਼ੀ ਹਵਾ ਅੰਦਰ ਆ ਸਕੇ।

ਲਗਾਤਾਰ ਸਫ਼ਾਈ ਨਾ ਕਰੋ, ਵਿੱਚ-ਵਿੱਚ ਅਰਾਮ ਕਰੋ ਅਤੇ ਸਾਫ਼ ਪਾਣੀ ਪੀਂਦੇ ਰਹੋ। ਨਾਲ ਹੀ ਇਸ ਦੌਰਾਨ ਖੁੱਲ੍ਹੇ ਕਪੜੇ, ਉੱਚੇ ਬੂਟ ਅਤੇ ਦਸਤਾਨੇ ਪਾ ਕੇ ਰੱਖੋ।

ਜੇਕਰ ਤੁਸੀਂ 24 ਡਿਗਰੀ ਤੋਂ ਵੀ ਘੱਟ ਤਾਪਮਾਨ ਵਾਲੇ ਪਾਣੀ 'ਚ ਕੰਮ ਕਰ ਰਹੇ ਹੋ ਤਾਂ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਕੱਪੜੇ ਬਦਲਦੇ ਰਹੋ ਅਤੇ ਕੰਮ ਜੇਕਰ ਘਰੋਂ ਬਾਹਰ ਕਰਨਾ ਹੋਵੇ ਤਾਂ ਸਵੇਰੇ ਜਾਂ ਸ਼ਾਮ ਦੇ ਠੰਡੇ ਘੰਟਿਆਂ 'ਚ ਕਰੋ।

ਜੇਕਰ ਤੁਸੀਂ ਸਫਾਈ ਵੇਲੇ ਜਨਰੇਟਰ ਦੀ ਵਰਤੋਂ ਕਰ ਰਹੇ ਹੋ ਤਾਂ ਉਸ ਨੂੰ ਆਪਣੇ ਤੋਂ 20 ਫੁੱਟ ਦੂਰ ਰੱਖੋ ਕਿਉਂਕਿ ਉਸ ਵਿੱਚੋਂ ਨਿਕਲਣ ਵਾਲੇ ਧੂੰਏ ਨਾਲ ਕਾਰਬਨ ਮੋਨੋਆਕਸਾਈਡ ਵਰਗੀ ਜ਼ਹਿਰੀਲੀ ਗੈਸ ਬਣ ਸਕਦੀ ਹੈ।

ਪੰਜਾਬ ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਰੂਰੀ ਹੈ ਕਿ ਤੁਸੀਂ ਉੱਚੇ ਬੂਟ ਤੇ ਦਸਤਾਨੇ ਪਾ ਕੇ ਹੀ ਸਫ਼ਾਈ ਕਰੋ

ਕਿਹੜੀਆਂ ਚੀਜ਼ਾਂ ਸੁੱਟ ਦੇਣੀਆਂ ਚਾਹੀਦੀਆਂ ਹਨ

ਖਾਣ-ਪੀਣ ਦੀਆਂ ਚੀਜ਼ਾਂ ਜਿਵੇਂ ਕਿ ਘਰ 'ਚ ਹੜ੍ਹਾਂ ਤੋਂ ਪਹਿਲੇ ਸਟੋਰ ਕੀਤੇ ਰਾਸ਼ਨ ਦੀ ਚੰਗੀ ਤਰ੍ਹਾਂ ਜਾਂਚ ਕਰੋ।

ਜੇਕਰ ਕਿਸੀ ਚੀਜ਼ 'ਤੇ ਉੱਲੀ ਆ ਗਈ ਹੋਵੇ ਜਾਂ ਉਸ ਦਾ ਸੁਆਦ ਬਦਲ ਗਿਆ ਹੋਵੇ ਤਾਂ ਉਸ ਨੂੰ ਸੁੱਟ ਦੇਣਾ ਹੀ ਸਹੀ ਹੈ।

'ਵੈੱਨ ਇਨ ਡਾਉਟ, ਥ੍ਰੋ ਇੱਟ ਆਊਟ' ਯਾਨੀ ਜਿਸ ਕਿਸੇ ਚੀਜ਼ ਦੇ ਸੁਰੱਖਿਅਤ ਹੋਣ ਬਾਰੇ ਸ਼ੱਕ ਹੋਵੇ ਤਾਂ ਉਸ ਨੂੰ ਸੁੱਟ ਦੇਣਾ ਹੀ ਚੰਗਾ ਹੈ।

ਇਸ ਤੋਂ ਇਲਾਵਾ ਹੜ੍ਹਾਂ ਦੇ ਪਾਣੀ 'ਚ ਭਿੱਜੇ ਕੱਪੜਿਆਂ ਨੂੰ, ਫਰਨੀਚਰ ਨੂੰ ਗ਼ਰਮ ਪਾਣੀ ਤੇ ਡਿਟਰਜੈਂਟ ਨਾਲ ਸਾਫ ਕਰੋ।

ਕ੍ਰਿਸ਼ਚਨ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ 'ਚ ਮਾਈਕਰੋਬਾਇਓਲੋਜੀ ਵਿਭਾਗ ਦੇ ਮੁਖੀ ਡਾ. ਸੰਗੀਤਾ ਦੱਸਦੇ ਹਨ, "ਬਿਸਤਰੇ ਅਤੇ ਫਰਨੀਚਰ ਜੋ ਕਿ ਹੜ੍ਹਾਂ ਦੇ ਪਾਣੀ 'ਚ ਭਿੱਜੇ ਹੋਣ, ਉਨ੍ਹਾਂ ਨੂੰ ਧੁੱਪ ਲਗਵਾਉਣਾ ਬਹੁਤ ਜ਼ਰੂਰੀ ਹੈ।"

ਉਹ ਕਹਿੰਦੇ ਹਨ, "ਧੁੱਪ ਸਭ ਤੋਂ ਵਧੀਆ ਕੀਟਨਾਸ਼ਕ ਹੈ, ਤੇ ਕਿਉਂਕਿ ਕੁਝ ਦਿਨਾਂ ਤੋਂ ਤਿੱਖੀ ਧੁੱਪ ਨਿਕਲ ਵੀ ਰਹੀ ਹੈ, ਸੋ ਜ਼ਰੂਰੀ ਹੈ ਕਿ ਗਿੱਲੀਆਂ ਹੋਇਆ ਚੀਜ਼ਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਧੁੱਪ ਲਗਵਾਈ ਜਾਵੇ। ਨਾਲ ਹੀ ਬਹੁਤ ਜ਼ਰੂਰੀ ਹੈ ਕਿ ਪਾਣੀ ਨੂੰ ਉਬਾਲ ਕੇ ਹੀ ਪੀਤਾ ਜਾਵੇ ਕਿਉਂਕਿ ਅਜਿਹੇ ਹਾਲਾਤਾਂ 'ਚ ਪਾਣੀ ਨਾਲ ਹੋਣ ਵਾਲਿਆਂ ਬੀਮਾਰੀਆਂ ਦਾ ਖਦਸ਼ਾ ਬਹੁਤ ਵੱਧ ਜਾਂਦਾ ਹੈ।"

ਬੱਚਿਆਂ ਦੇ ਖਿਡੌਣੇ ਵੀ ਗਰਮ ਪਾਣੀ ਅਤੇ ਸਾਬਣ ਨਾਲ ਸਾਫ਼ ਕਰੋ, ਜੋ ਸਾਫ਼ ਨਾ ਹੋ ਸਕਣ ਉਨ੍ਹਾਂ ਨੂੰ ਸੁੱਟ ਦਿਓ।

ਓਵਰਹੈੱਡ ਟੈਂਕ/ਖੂਹ/ਬੋਰ-ਵੈੱਲਾਂ ਦੀ ਸਫ਼ਾਈ ਇਸ ਤਰ੍ਹਾਂ ਕਰੋ

ਪੰਜਾਬ ਹੜ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੜ੍ਹਾਂ ਤੋਂ ਘਰ ਵਿੱਚ ਗਾਰ ਨੂੰ ਬੇਹੱਦ ਸਾਵਧਾਨੀ ਨਾਲ ਸਾਫ ਕਰਨਾ ਚਾਹੀਦਾ ਹੈ

1,000 ਲੀਟਰ ਪਾਣੀ ਵਾਲੀ ਟੈਂਕੀ ਸਾਫ਼ ਕਰਨ ਲਈ 4 ਗ੍ਰਾਮ ਬਲੀਚਿੰਗ ਪਾਊਡਰ ਨੂੰ ਇੱਕ ਬਾਲਟੀ ਵਿੱਚ ਲੈ ਕੇ, ਬਾਲਟੀ ਦੇ 3/4 ਹਿੱਸੇ ਤੱਕ ਪਾਣੀ ਹੌਲੀ-ਹੌਲੀ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।

ਇਹ ਘੋਲ ਬਣਾ ਲੈਣ ਮਗਰੋਂ 10 ਤੋਂ 15 ਮਿੰਟ ਉਡੀਕ ਕਰੋ।

ਫਿਰ ਸੁਪਰਨੇਟੈਂਟ ਕਲੋਰੀਨ ਵਾਲੇ ਪਾਣੀ ਨੂੰ ਦੂਜੀ ਬਾਲਟੀ ਵਿੱਚ ਟ੍ਰਾਂਸਫਰ ਕਰੋ, ਇਸ ਨੂੰ ਓਵਰਹੈੱਡ ਟੈਂਕ/ਖੂਹ/ਬੋਰ-ਵੈੱਲਾਂ 'ਚ ਮਿਲਾ ਦਿਓ।

ਕਲੋਰੀਨੇਸ਼ਨ ਦੀ ਇਸ ਪ੍ਰਕਿਰਿਆ ਤੋਂ ਇੱਕ ਘੰਟੇ ਬਾਅਦ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਕਿਸ ਤਰ੍ਹਾਂ ਦੇ ਪਰੇਸ਼ਾਨੀਆਂ ਪੇਸ਼ ਆ ਸਕਦੀਆਂ ਹਨ

ਹੜ੍ਹਾਂ ਦੇ ਪਾਣੀ ਨਾਲ ਹੋ ਸਕਦਾ ਹੈ ਘਰ 'ਚ ਮਲਬਾ ਆ ਗਿਆ ਹੋਵੇ, ਜਿਸ 'ਚ ਤਿੱਖੀਆਂ ਵਸਤੂਆਂ ਜਿਵੇਂ ਕਿ ਲੱਕੜ, ਵਾਹਨ ਦੇ ਟੁੱਕੜੇ, ਟੁੱਟਿਆ ਕੱਚ ਆਦਿ ਹੋ ਸਕਦਾ ਹੈ।

ਜ਼ਰੂਰੀ ਹੈ ਕਿ ਤੁਸੀਂ ਉੱਚੇ ਬੂਟ ਤੇ ਦਸਤਾਨੇ ਪਾ ਕੇ ਹੀ ਸਫ਼ਾਈ ਕਰੋ।

ਇਸ ਤੋਂ ਇਲਾਵਾ ਪਾਣੀ 'ਚ ਜ਼ਿੰਦਾ ਜਾਂ ਮਰੇ ਸੱਪ, ਚੂਹੇ, ਕਿਰਲੀਆਂ ਆਦਿ ਵੀ ਹੋ ਸਕਦੇ ਹਨ, ਜੋ ਕਿ ਕੱਟ ਸਕਦੇ ਹਨ ਤੇ ਮਰੇ ਹੋਣ ਦੀ ਸੂਰਤ 'ਚ ਲਾਗ ਦਾ ਕਾਰਨ ਬਣ ਸਕਦੇ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)