ਕੌਣ ਹੈ ਉਹ ਆਗੂ ਜੋ 92 ਸਾਲ ਦੀ ਉਮਰ ਵਿੱਚ 7 ਸਾਲ ਲਈ ਰਾਸ਼ਟਰਪਤੀ ਬਣਿਆ, ਉਸ ਨਾਲ ਜੁੜੇ ਵਿਵਾਦ ਕੀ ਹਨ

ਤਸਵੀਰ ਸਰੋਤ, Reuters
ਕੈਮਰੂਨ ਦੁਨੀਆਂ ਦਾ ਅਜਿਹਾ ਦੇਸ਼ ਬਣ ਗਿਆ ਹੈ ਜਿੱਥੇ 92 ਸਾਲਾ ਸਿਆਸਤਦਾਨ ਪਾਲ ਬੀਆ ਨੂੰ ਅਗਲੇ 7 ਸਾਲਾਂ ਲਈ ਮੁਖੀ ਚੁਣਿਆ ਗਿਆ ਹੈ। ਉਹ ਅੱਠਵੀਂ ਵਾਰ ਮੁਖੀ ਚੁਣੇ ਗਏ ਹਨ।
ਹਾਲਾਂਕਿ ਉਨ੍ਹਾਂ ਦੀ ਚੋਣ ਨੂੰ ਲੈ ਕੇ ਦੇਸ਼ ਭਰ ਵਿੱਚ ਵਿਵਾਦ ਵੀ ਛਿੜਿਆ ਹੋਇਆ ਹੈ।
1982 ਵਿੱਚ ਸੱਤਾ ਵਿੱਚ ਆਏ ਰਾਸ਼ਟਰਪਤੀ ਬੀਆ ਨੇ ਸੋਮਵਾਰ ਨੂੰ ਆਪਣੀ ਮੁੜ ਚੋਣ ਤੋਂ ਬਾਅਦ ਅਜੇ ਤੱਕ ਕੈਮਰੂਨ ਵਾਸੀਆਂ ਨੂੰ ਜਨਤਕ ਤੌਰ 'ਤੇ ਸੰਬੋਧਨ ਨਹੀਂ ਕੀਤਾ ਹੈ। ਪਰ ਹਾਕਮ ਪਾਰਟੀ ਨੇ ਆਨਲਾਈਨ ਪੋਸਟਾਂ ਵਿੱਚ 'ਮਹਾਨਤਾ ਅਤੇ ਉਮੀਦ ਦੇ ਸੰਕੇਤ ਹੇਠ' ਉਨ੍ਹਾਂ ਦੀ ਜਿੱਤ ਦਾ ਸਵਾਗਤ ਕੀਤਾ ਹੈ।
ਉਨ੍ਹਾਂ ਨੂੰ ਮੁੱਖ ਚੁਣੌਤੀ ਦੇਣ ਵਾਲੇ ਸਾਬਕਾ ਸਰਕਾਰੀ ਮੰਤਰੀ ਈਸਾ ਚਿਰੋਮਾ ਦੇ ਜਿੱਤ ਦੇ ਦਾਅਵਿਆਂ ਦਰਮਿਆਨ, ਹਾਲ ਹੀ ਦੇ ਦਿਨਾਂ ਵਿੱਚ ਦੇਸ਼ ਵਿੱਚ ਸਿਆਸੀ ਉਤਸ਼ਾਹ ਅਤੇ ਤਣਾਅ ਵਧ ਰਿਹਾ ਸੀ।
ਅਧਿਕਾਰਤ ਨਤੀਜਿਆਂ ਜਿਨ੍ਹਾਂ ਵਿੱਚ ਬੀਆ ਨੂੰ 54 ਫ਼ੀਸਦ ਅਤੇ ਚਿਰੋਮਾ 35 ਫ਼ੀਸਦ ਵੋਟਾਂ ਮਿਲੀਆਂ ਕਿਸੇ ਕਲਾਸਿਕ ਫ਼ਿਲਮ ਦੇ ਕਲਾਈਮੈਕਸ ਵਾਂਗ ਲੋਕਾਂ ਸਾਹਮਣੇ ਆਇਆ ਹੈ।
ਸਿਆਸੀ ਅਸਥਿਰਤਾ

ਤਸਵੀਰ ਸਰੋਤ, Reuters
ਇੰਟਰਨੈਸ਼ਨਲ ਕ੍ਰਾਈਸਿਸ ਗਰੁੱਪ ਵਿੱਚ ਅਫਰੀਕਾ ਦੇ ਪ੍ਰੋਗਰਾਮ ਡਾਇਰੈਕਟਰ ਮੂਰਿਥੀ ਮੁਤੀਗਾ ਨੇ ਕਿਹਾ, "ਹੁਣ ਸਥਿਤੀ ਇਹ ਹੈ ਕਿ ਬੀਆ ਦੀ ਸਿਆਸੀ ਸਥਿਤੀ ਨਤੀਜਿਆਂ ਤੋਂ ਬਾਅਦ ਬਹੁਤ ਹੀ ਅਸਥਿਰ ਹੈ, ਕਿਉਂਕਿ ਉਨ੍ਹਾਂ ਦੇ ਆਪਣੇ ਬਹੁਤ ਸਾਰੇ ਨਾਗਰਿਕ ਇਹ ਨਹੀਂ ਮੰਨਦੇ ਕਿ ਉਨ੍ਹਾਂ ਨੇ ਚੋਣ ਜਿੱਤੀ ਹੈ।"
ਮੁਤੀਗਾ ਨੇ ਕਿਹਾ, "ਅਸੀਂ ਬੀਆ ਨੂੰ ਹੋਰ ਵਧਣ ਤੋਂ ਰੋਕਣ ਲਈ ਫ਼ੌਰਨ ਰਾਸ਼ਟਰੀ ਵਿਚੋਲਗੀ ਸ਼ੁਰੂ ਕਰਨ ਦੀ ਅਪੀਲ ਕਰਦੇ ਹਾਂ।"
ਇਸ ਦੌਰਾਨ ਆਕਸਫੋਰਡ ਇਕਨਾਮਿਕਸ ਦੇ ਮੁੱਖ ਸਿਆਸੀ ਅਰਥਸ਼ਾਸਤਰੀ ਫ੍ਰਾਂਸਵਾ ਕੋਨਰਾਡੀ ਨੇ ਕਿਹਾ, "ਸਾਨੂੰ ਉਮੀਦ ਹੈ ਕਿ ਅਸ਼ਾਂਤੀ ਵਧੇਗੀ, ਕਿਉਂਕਿ ਕੈਮਰੂਨ ਵਾਸੀ ਵਿਆਪਕ ਤੌਰ 'ਤੇ ਅਧਿਕਾਰਤ ਨਤੀਜੇ ਨੂੰ ਰੱਦ ਕਰਦੇ ਹਨ ਅਤੇ ਅਸੀਂ ਬੀਆ ਸਰਕਾਰ ਨੂੰ ਜ਼ਿਆਦਾ ਦੇਰ ਤੱਕ ਨਹੀਂ ਦੇਖ ਸਕਦੇ।"
ਸਵਿਸ ਹੋਟਲਾਂ ਵਿੱਚ ਸਮਾਂ ਬਿਤਾਉਣ ਦੇ ਆਪਣੇ ਸ਼ੌਕ ਲਈ ਜਾਣੇ ਜਾਂਦੇ, ਰਾਸ਼ਟਰਪਤੀ ਬੀਆ ਨੂੰ ਜਨਤਕ ਤੌਰ 'ਤੇ ਘੱਟ ਹੀ ਦੇਖਿਆ ਜਾਂਦਾ ਹੈ। ਪਿਛਲੇ ਸਾਲ ਛੇ ਹਫ਼ਤਿਆਂ ਤੋਂ ਵੱਧ ਸਮੇਂ ਲਈ ਉਨ੍ਹਾਂ ਦੀ ਗ਼ੈਰਹਾਜ਼ਰੀ ਕਾਰਨ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲੀਆਂ ਸਨ ਜਿਨ੍ਹਾਂ ਵਿੱਚ ਉਨ੍ਹਾਂ ਦੀ ਮੌਤ ਹੋਣ ਦੀ ਅਫ਼ਵਾਹ ਵੀ ਸੀ।
ਪਰ ਮੱਧ ਅਫ਼ਰੀਕੀ ਦੇਸ਼ ਦੀ ਫੁੱਟਬਾਲ ਟੀਮ ਇੰਡੋਮੀਟੇਬਲ ਲਾਇਨਜ਼, 1990 ਦੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ 'ਤੇ 'ਲਾਇਨ ਮੈਨ' ਵੱਜੋਂ ਜਾਣੇ ਜਾਂਦੇ ਇਹ ਸਿਆਸਤਦਾਨ ਛੋਟੀ ਉਮਰ ਤੋਂ ਹੀ ਸ਼ੇਰਾਨਾਂ ਰਣਨੀਤੀਆਂ ਵਰਤ ਰਹੇ ਹਨ ਅਤੇ ਹੁਣ ਵੀ ਉਨ੍ਹਾਂ ਵੱਲੋਂ ਹਾਰ ਮੰਨਣ ਦੀ ਇੱਛਾ ਦੇ ਕੋਈ ਸੰਕੇਤ ਨਜ਼ਰ ਨਹੀਂ ਆਉਂਦੇ।
ਸਿਆਸੀ ਸਫ਼ਰ

ਤਸਵੀਰ ਸਰੋਤ, Reuters
ਬੀਆ ਦੱਖਣੀ ਕੈਮਰੂਨ ਦੇ ਭੂਮੱਧ ਰੇਖਾ ਦੇ ਜੰਗਲ ਵਿੱਚ ਇੱਕ ਪਿੰਡ ਵਿੱਚ ਜਨਮੇ ਸਨ। ਉਨ੍ਹਾਂ ਦਾ ਪਰਿਵਾਰ ਕੈਥੋਲਿਕ ਮਿਸ਼ਨਰੀ ਸੀ। ਬਈ ਦੀ ਮੁੱਢਲੀ ਪੜ੍ਹਾਈ ਵੀ ਇੱਕ ਸੈਮੀਨਰੀ ਵਿੱਚ ਸ਼ੁਰੂ ਹੋਈ ਸੀ। ਬੀਆ ਨੂੰ ਉਮੀਦ ਸੀ ਕਿ ਉਹ ਇੱਕ ਪਾਦਰੀ ਬਣਣਗੇ।
ਪਰ ਨੌਜਵਾਨ ਬੀਆ ਨੇ ਪੈਰਿਸ ਯੂਨੀਵਰਸਿਟੀ ਵਿੱਚ ਕਾਨੂੰਨ ਅਤੇ ਰਾਜਨੀਤੀ ਸ਼ਾਸਤਰ ਦੀ ਪੜ੍ਹਾਈ ਕਰਨ ਦੀ ਬਜਾਇ ਸਿਵਲ ਸੇਵਾ ਵਿੱਚ ਵਾਪਸ ਆ ਕੇ ਆਪਣੀ ਨੌਕਰੀ ਸ਼ੁਰੂ ਕਰ ਦਿੱਤੀ।
ਛੋਟੇ ਕੱਦ ਵਾਲੇ, ਨਿਮਰ ਟੈਕਨੋਕਰੇਟ ਨੇ ਉੱਚ ਅਹੁਦਿਆਂ 'ਤੇ ਕਾਬਜ਼ ਹੋ ਕੇ ਤਰੱਕੀ ਕੀਤੀ ਅਤੇ ਅਹਿਮਦੌ ਅਹਿਦਜੋ ਦਾ ਵਿਸ਼ਵਾਸ ਜਿੱਤਿਆ, ਜੋ 1960 ਵਿੱਚ ਆਜ਼ਾਦੀ ਤੋਂ ਬਾਅਦ ਦੇਸ਼ ਦੇ ਮੁਖੀ ਸਨ।
ਉਹ ਸੱਤ ਸਾਲਾਂ ਤੱਕ ਇੱਕ ਵਫ਼ਾਦਾਰ ਪ੍ਰਧਾਨ ਮੰਤਰੀ ਰਹੇ। ਸਾਲ 1982 ਤੱਕ ਜਦੋਂ ਇੱਕ ਅਚਾਨਕ ਕਦਮ ਚੁੱਕਦੇ ਹੋਏ ਅਹਿਦਜੋ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਸ ਸਮੇਂ ਬੀਆ ਨੂੰ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਸੀ।
ਅਹਿਦਜੋ ਨੇ ਸੱਤਾਧਾਰੀ ਪਾਰਟੀ ਦੀ ਪ੍ਰਧਾਨਗੀ ਨੂੰ ਆਪਣੇ ਕਬਜ਼ੇ ਵਿੱਚ ਰੱਖਿਆ, ਉਨ੍ਹਾਂ ਦਾ ਵਿਸ਼ਵਾਸ ਸੀ ਕਿ ਇਹ ਰਾਸ਼ਟਰਪਤੀ ਨਾਲੋਂ ਵਧੇਰੇ ਸ਼ਕਤੀਸ਼ਾਲੀ ਅਹੁਦਾ ਹੈ।
ਪਰ ਅਜਿਹਾ ਉਦੋਂ ਤੱਕ ਸੀ ਜਦੋਂ ਤੱਕ ਬੀਆ ਨੇ ਹਮਲਾ ਨਹੀਂ ਕੀਤਾ ਸੀ। ਅਹਿਦਜੋ ਦੇ ਵਫ਼ਾਦਾਰਾਂ ਨੂੰ ਖ਼ਤਮ ਕੀਤਾ ਅਤੇ ਅੰਤ ਵਿੱਚ ਆਜ਼ਾਦੀ ਘੁਲਾਟੀਏ ਆਗੂ ਨੂੰ ਦੇਸ਼ ਨਿਕਾਲਾ ਦੇਣ ਲਈ ਮਜਬੂਰ ਕੀਤਾ।

ਤਸਵੀਰ ਸਰੋਤ, Reuters
ਉਨ੍ਹਾਂ ਨੇ ਖੁਦ ਨੂੰ ਇੱਕ ਸਰਵਾਈਵਰ ਸਾਬਤ ਕੀਤਾ, 1983 ਵਿੱਚ ਤੇ ਉਸ ਤੋਂ ਅਗਲੇ ਸਾਲ ਹੋਈਆਂ ਦੋ ਤਖ਼ਤਾ ਪਲਟ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ।
ਸ਼ਾਇਦ ਉਨ੍ਹਾਂ ਦੇ ਲੰਬੇ ਸਿਆਸੀ ਸਫਰ ਦਾ ਇੱਕ ਰਾਜ ਉਨ੍ਹਾਂ ਦੀ ਦੂਜੀ ਪਤਨੀ ਸ਼ਾਂਤਲ ਹੈ, ਜਿਸ ਨਾਲ ਉਨ੍ਹਾਂ ਨੇ 1994 ਵਿੱਚ ਵਿਆਹ ਕਰਵਾਇਆ ਸੀ ਤੇ ਉਸ ਤੋਂ 38 ਸਾਲ ਛੋਟੀ ਸੀ।
ਸ਼ਾਂਤਲ ਆਪਣੇ ਸੰਤਰੀ ਰੰਗ ਦੇ ਵਾਲਾਂ, ਖੁੱਲੇ ਸੁਭਾਵ ਅਤੇ ਚੈਰਿਟੀ ਕੰਮਾਂ ਲਈ ਮਸ਼ਹੂਰ ਹੈ, ਜਿਸ ਕਰਕੇ ਉਹ ਹਮੇਸ਼ਾ ਮੀਡੀਆ ਦੀ ਚਰਚਾ ਵਿੱਚ ਰਹਿੰਦੀ ਹੈ।
ਉਨ੍ਹਾਂ ਨੂੰ ਅਕਸਰ ਮੀਡੀਆ ਵਿੱਚ "ਕੈਮਰੂਨ ਦੀ ਕੁਈਨ ਆਫ਼ ਹਾਰਟਸ" ਕਿਹਾ ਜਾਂਦਾ ਹੈ, ਕਿਉਂਕਿ ਉਹ ਆਪਣੇ ਖੁੱਲ੍ਹੇ ਤੇ ਮਿਲਣਸਾਰ ਸੁਭਾਅ ਨਾਲ ਆਪਣੇ ਪਤੀ ਦੇ ਠੰਢੇ ਤੇ ਦੂਰ ਰਹਿਣ ਵਾਲੇ ਸੁਭਾਵ ਨੂੰ ਸੰਤੁਲਿਤ ਕਰਦੀ ਹੈ।
ਇਸ ਜੋੜੇ ਦੇ ਦੋ ਬੱਚੇ ਹਨ ਅਤੇ ਰਾਜਧਾਨੀ ਯਾਊਂਡੇ ਦੇ ਮਵੋਗ-ਬੇਤਸੀ ਚਿੜੀਆਘਰ ਵਿੱਚ ਉਨ੍ਹਾਂ ਦੇ ਨਾਮ 'ਤੇ ਇਕ ਸ਼ੇਰ ਤੇ ਸ਼ੇਰਨੀ ਦਾ ਨਾਮ ਵੀ ਰੱਖਿਆ ਗਿਆ ਹੈ।

ਤਸਵੀਰ ਸਰੋਤ, Brenda Biya/Instagram
ਉਹਨਾਂ ਨੂੰ ਆਪਣੇ ਸ਼ਾਨਦਾਰ ਤੇ ਸ਼ੌਕੀਨ ਜੀਵਨ ਢੰਗ ਲਈ ਵੀ ਜਾਣਿਆ ਜਾਂਦਾ ਹੈ। ਕੈਮਰੂਨ ਉਹਨਾਂ ਅਫ਼ਰੀਕੀ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਫਰਾਂਸ ਦੀ ਸ਼ੈਂਪੇਨ ਸਭ ਤੋਂ ਵੱਧ ਆਯਾਤ ਕੀਤੀ ਜਾਂਦੀ ਹੈ, ਇਸ ਲਈ ਉਨ੍ਹਾਂ ਦਾ ਸ਼ੌਕੀਨ ਜੀਵਨ ਢੰਗ ਉਸ ਨਾਲ ਵੀ ਜੁੜਿਆ ਹੋਇਆ ਹੈ।
ਉਨ੍ਹਾਂ ਦੀ ਧੀ ਬ੍ਰੈਂਡਾ, ਜਿਸ ਦੀ ਉਮਰ 27 ਸਾਲ ਹੈ, ਨੇ 2024 ਵਿੱਚ ਇੰਸਟਾਗ੍ਰਾਮ 'ਤੇ ਇਕ ਪੋਸਟ ਰਾਹੀਂ ਦੱਸਿਆ ਕਿ ਉਹ ਲੈਸਬੀਅਨ ਹੈ। ਉਸ ਪੋਸਟ ਵਿੱਚ ਉਹ ਬ੍ਰਾਜ਼ੀਲੀ ਮਾਡਲ ਲਾਯੋਨਸ ਵੈਲੈਂਸਾ ਨੂੰ ਚੁੰਮ ਰਹੀ ਸੀ, ਨਾਲ ਲਿਖਿਆ ਸੀ 'ਮੈਂ ਤੇਰੇ ਪਿਆਰ ਵਿੱਚ ਪਾਗਲ ਹਾਂ ਤੇ ਮੈਂ ਚਾਹੁੰਦੀ ਹਾਂ ਕਿ ਸਾਰੀ ਦੁਨੀਆ ਜਾਣੇ' ਨਾਲ ਹੀ ਦਿਲ ਵਾਲਾ ਇਮੋਜੀ ਵੀ ਸੀ।
"ਕਿੰਗ ਨੈਸਟੀ" ਦੇ ਨਾਮ ਨਾਲ ਜਾਣੀ ਜਾਂਦੀ ਸੰਗੀਤਕਾਰ ਮਿਸ ਬੀਆ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਸਾਥੀ ਪਿਛਲੇ ਅੱਠ ਮਹੀਨਿਆਂ ਤੋਂ ਰਿਸ਼ਤੇ ਵਿੱਚ ਹਨ ਤੇ ਇਸ ਦੌਰਾਨ ਉਹ ਤਿੰਨ ਵਾਰ ਕੈਮਰੂਨ ਗਈਆਂ, ਪਰ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਕਿ ਉਹ ਦੋਵੇਂ ਕਪਲ ਹਨ।
ਕੈਮਰੂਨ ਵਿੱਚ ਇਕੋ ਲਿੰਗ ਵਾਲੇ ਰਿਸ਼ਤੇ ਵਿੱਚ ਰਹਿਣ ਵਾਲਿਆਂ ਨੂੰ ਪੰਜ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਇਸ ਬਾਰੇ ਮਿਸ ਬੀਆ ਨੇ ਕਿਹਾ ਕਿ ਇਹ ਗਲਤ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਕਹਾਣੀ ਨਾਲ ਇਹ ਕਾਨੂੰਨ ਬਦਲੇਗਾ।
ਉਨ੍ਹਾਂ ਨੇ ਫਰਾਂਸ ਦੇ ਅਖ਼ਬਾਰ "Le Parisien" ਨਾਲ ਗੱਲਬਾਤ ਦੌਰਾਨ ਕਿਹਾ, "ਆਪਣੀ ਪਛਾਣ ਖੁੱਲ੍ਹ ਕੇ ਦੱਸਣਾ ਇਕ ਮੌਕਾ ਮਜ਼ਬੂਤ ਸੰਦੇਸ਼ ਦੇਣ ਦਾ ਹੈ।" ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਉਮੀਦ ਤੇ ਪਿਆਰ ਦਾ ਸੰਦੇਸ਼ ਦੇਣਾ ਚਾਹੁੰਦੀ ਹੈ ਜੋ ਸਿਰਫ਼ ਆਪਣੀ ਪਹਿਚਾਣ ਕਰਕੇ ਪੀੜਾ ਝੱਲ ਰਹੇ ਹਨ, ਤਾਂ ਜੋ ਉਹ ਆਪਣੇ ਆਪ ਨੂੰ ਇਕੱਲਾ ਨਾ ਸਮਝਣ।
1992 ਵਿੱਚ ਬਹੁਤ ਹੀ ਘੱਟ ਫਰਕ ਨਾਲ ਚੋਣ ਜਿੱਤਣ ਤੋਂ ਬਾਅਦ, ਰਾਸ਼ਟਰਪਤੀ ਬੀਆ ਨੇ ਹਰ ਅਗਲੀ ਸਿਆਸੀ ਚੁਣੌਤੀ ਨੂੰ ਸਫਲਤਾਪੂਰਵਕ ਪਾਰ ਕਰ ਲਿਆ। ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਵਿੱਚ ਚੋਣਾਂ ਦੀ ਹੇਰਾਫੇਰੀ ਤੇ ਉਨ੍ਹਾਂ ਦੇ ਕਮਜ਼ੋਰ ਅਤੇ ਇਕ-ਦੂਜੇ ਨਾਲ ਵੰਡੇ ਵਿਰੋਧੀਆਂ ਦਾ ਵੀ ਹੱਥ ਸੀ।

ਤਸਵੀਰ ਸਰੋਤ, Reuters
ਉਨ੍ਹਾਂ ਦੇ ਕਾਰਜਕਾਲ ਦੌਰਾਨ ਕੁਝ ਉਪਲਬਧੀਆਂ ਦੀ ਵੀ ਪ੍ਰਸ਼ੰਸਾ ਕੀਤੀ ਜਾਂਦੀ ਹੈ। ਜਿਵੇਂ ਕਿ ਸਕੂਲਾਂ ਅਤੇ ਸਰਕਾਰੀ ਯੂਨੀਵਰਸਿਟੀਆਂ ਦਾ ਵਿਸਥਾਰ, ਜਿਸ ਨਾਲ ਸਿੱਖਿਆ ਦੇ ਮੌਕੇ ਵਧੇ ਅਤੇ ਬਾਕਾਸੀ ਖੇਤਰ ਦੇ ਵਿਵਾਦ ਨੂੰ ਸੁਝਵੀਂ ਢੰਗ ਨਾਲ ਹੱਲ ਕਰਨਾ, ਜਿਸ ਵਿੱਚ ਤੇਲ ਭਰਪੂਰ ਬਾਕਾਸੀ ਖੇਤਰ ਨਾਈਜੀਰੀਆ ਦੀ ਬਜਾਏ ਕੈਮਰੂਨ ਦੇ ਹਿੱਸੇ ਵਿੱਚ ਆਇਆ।
ਪਰ ਉਨ੍ਹਾਂ ਦੀ ਹਕੂਮਤ ਹੇਠ ਕੈਮਰੂਨ ਇਸ ਵੇਲੇ ਕਈ ਗੰਭੀਰ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਲਗਭਗ ਪਿਛਲੇ 10 ਸਾਲਾਂ ਤੋਂ ਹਿੰਸਕ ਬਗਾਵਤ ਨਾਲ ਜੂਝ ਰਿਹਾ ਹੈ, ਖ਼ਾਸ ਕਰਕੇ ਅੰਗਰੇਜ਼ੀ ਬੋਲਣ ਵਾਲੇ ਪੱਛਮੀ ਖੇਤਰਾਂ ਵਿੱਚ। ਇਸੇ ਦੌਰਾਨ, ਉੱਤਰੀ ਹਿੱਸੇ ਵਿੱਚ ਇਸਲਾਮੀ ਅੱਤਵਾਦੀ ਗਰੁੱਪ ਬੋਕੋ ਹਰਾਮ ਦੀ ਮੌਜੂਦਗੀ ਨੇ ਹਾਲਾਤ ਹੋਰ ਖ਼ਰਾਬ ਕੀਤੇ ਹਨ।
35 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ 40 ਫੀਸਦੀ ਤੱਕ ਪਹੁੰਚ ਚੁੱਕੀ ਹੈ, ਸੜਕਾਂ ਤੇ ਹਸਪਤਾਲਾਂ ਦੀ ਹਾਲਤ ਬਦ ਤੋਂ ਬਦਤਰ ਹੈ ਤੇ ਬੋਲਣ ਦੀ ਆਜ਼ਾਦੀ ਹਕੀਕਤ ਨਹੀਂ ਸਿਰਫ਼ ਕਾਗਜ਼ੀ ਗੱਲ ਬਣਕੇ ਰਹਿ ਗਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












