ਅਮਰੀਕਾ ਵਿੱਚ ਟਰੰਪ ਖਿਲਾਫ਼ 'ਨੋ ਕਿੰਗਜ਼' ਮੁਜ਼ਾਹਰੇ ਕਿਉਂ ਹੋਏ, ਕੀ ਟਰੰਪ ਨੂੰ ਇਸ ਨਾਲ ਮੁਸ਼ਕਲਾਂ ਹੋ ਸਕਦੀਆਂ ਹਨ

ਸ਼ਨੀਵਾਰ ਨੂੰ "ਨੋ ਕਿੰਗਜ਼" ਵਿਰੋਧ ਮੁਜ਼ਹਾਰਾਕਾਰੀ ਨਿਊਯਾਰਕ ਸਿਟੀ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀ ਇਕੱਠੇ ਹੋਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਨੀਵਾਰ ਨੂੰ "ਨੋ ਕਿੰਗਜ਼" ਵਿਰੋਧ ਮੁਜ਼ਹਾਰਾਕਾਰੀ ਨਿਊਯਾਰਕ ਸਿਟੀ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀ ਇਕੱਠੇ ਹੋਏ
    • ਲੇਖਕ, ਐਂਥਨੀ ਜ਼ੁਰਚਰ
    • ਰੋਲ, ਉੱਤਰੀ ਅਮਰੀਕਾ ਪੱਤਰਕਾਰ

ਇਸ ਹਫ਼ਤੇ ਦੇ ਅੰਤ ਵਿੱਚ ਹੋਏ 'ਨੋ ਕਿੰਗਜ਼' ਮੁਜ਼ਾਹਰਿਆਂ 'ਚ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਪੂਰੇ ਅਮਰੀਕਾ ਵਿੱਚ ਕਰੀਬ ਲੱਖਾਂ ਲੋਕਾਂ ਦੀ ਭੀੜ ਇਕੱਠੀ ਹੋਈ।

ਇਹ ਇੱਕੋ-ਜਿਹੀ ਵਿਚਾਰਧਾਰਾ ਵਾਲੇ ਡੈਮੋਕਰੇਟਸ, ਲਿਬਰਲਜ਼ ਅਤੇ ਕੁਝ ਟਰੰਪ ਵਿਰੋਧੀ ਰਿਪਬਲਿਕਨਾਂ ਲਈ ਇੱਕ ਮੌਕਾ ਸੀ ਕਿ ਉਹ ਅਜਿਹੇ ਸਮੇਂ ਵਿੱਚ ਇੱਕਜੁੱਟ ਹੋਣ ਜਦੋਂ ਅਮਰੀਕੀ ਖੱਬੇਪੱਖੀਆਂ ਕੋਲ ਰਾਸ਼ਟਰੀ ਸਿਆਸਤ ਵਿੱਚ ਬਹੁਤ ਘੱਟ ਰਸਮੀ ਸ਼ਕਤੀ ਹੈ।

ਪਰ ਹੁਣ ਉਹ ਅੱਗੇ ਕਿੱਥੇ ਜਾਣਗੇ?

ਰਿਪੋਰਟਾਂ ਅਨੁਸਾਰ, ਸ਼ਨੀਵਾਰ ਦੇ ਸਮਾਗਮਾਂ ਵਿੱਚ ਸ਼ਿਕਾਗੋ, ਨਿਊਯਾਰਕ, ਵਾਸ਼ਿੰਗਟਨ ਅਤੇ ਲਾਸ ਏਂਜਲਸ ਵਰਗੇ ਪ੍ਰਮੁੱਖ ਅਮਰੀਕੀ ਸ਼ਹਿਰਾਂ ਸਣੇ ਸੈਂਕੜੇ ਛੋਟੇ ਕਸਬਿਆਂ ਵਿੱਚ ਲੋਕਾਂ ਦੀ ਗਿਣਤੀ ਉਮੀਦ ਤੋਂ ਕਿਤੇ ਵੱਧ ਸੀ, ਇਸ ਨੇ ਜੂਨ ਵਿੱਚ ਹੋਈ ਪਹਿਲੀ "ਨੋ ਕਿੰਗਜ਼" ਰੈਲੀ ਨੂੰ ਵੀ ਪਛਾੜ ਦਿੱਤਾ।

ਕਾਂਗਰਸ ਦੇ ਰਿਪਬਲਿਕਨਾਂ ਨੇ ਚੇਤਾਵਨੀ ਦਿੱਤੀ ਸੀ ਕਿ ਇਹ ਪ੍ਰਦਰਸ਼ਨ "ਅਮਰੀਕਾ ਵਿਰੋਧੀ" ਹੋਣਗੇ ਅਤੇ ਕੁਝ ਕੰਜ਼ਰਵੇਟਿਵ ਗਵਰਨਰਾਂ ਨੇ ਹਿੰਸਾ ਦੀ ਸਥਿਤੀ ਵਿੱਚ ਲਾਅ ਇਨਫੋਰਸਮੈਂਟ ਅਤੇ ਨੈਸ਼ਨਲ ਗਾਰਡਸ ਨੂੰ ਅਲਰਟ 'ਤੇ ਰੱਖਿਆ ਸੀ।

ਮੁਜ਼ਾਹਰੇ

ਤਸਵੀਰ ਸਰੋਤ, Getty Images

ਇਹ ਵਿਸ਼ਾਲ ਰੈਲੀਆਂ ਸ਼ਾਂਤਮਈ ਰਹੀਆਂ। ਨਿਊਯਾਰਕ ਸਿਟੀ ਵਿੱਚ ਵਿਰੋਧ ਪ੍ਰਦਰਸ਼ਨਾਂ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਵਾਸ਼ਿੰਗਟਨ ਡੀਸੀ ਵਿੱਚ ਹੋਏ ਇਕੱਠ 'ਚ ਪਰਿਵਾਰ ਅਤੇ ਛੋਟੇ ਬੱਚੇ ਵੀ ਸ਼ਾਮਲ ਸਨ।

ਕਨੈਕਟੀਕਟ ਦੇ ਸੈਨੇਟਰ ਕ੍ਰਿਸ ਮਰਫੀ ਨੇ ਵਾਸ਼ਿੰਗਟਨ ਡੀਸੀ ਦੀ ਰੈਲੀ 'ਚ ਆਪਣੇ ਭਾਸ਼ਣ ਦੌਰਾਨ ਕਿਹਾ, "ਅੱਜ ਪੂਰੇ ਅਮਰੀਕਾ ਵਿੱਚ ਜਿੰਨੀ ਵੱਡੀ ਗਿਣਤੀ ਵਿੱਚ ਲੋਕ ਉਮੜ ਰਹੇ ਹਨ, ਇਹ ਦੇਸ਼ ਦੇ ਇਤਿਹਾਸ ਵਿੱਚ ਹੋਏ ਕਿਸੇ ਵੀ ਵਿਰੋਧ ਪ੍ਰਦਰਸ਼ਨ 'ਚ ਹੋਏ ਇਕੱਠ ਨੂੰ ਪਛਾੜ ਸਕਦੇ ਹਨ।"

"ਅਮਰੀਕੀ ਉੱਚੀ-ਉੱਚੀ ਅਤੇ ਮਾਣ ਨਾਲ ਕਹਿ ਰਹੇ ਹਨ ਕਿ ਅਸੀਂ ਆਜ਼ਾਦ ਹਾਂ, ਅਸੀਂ ਅਜਿਹੇ ਲੋਕ ਨਹੀਂ ਜਿਨ੍ਹਾਂ 'ਤੇ ਸ਼ਾਸਨ ਕੀਤਾ ਜਾ ਸਕੇ, ਸਾਡੀ ਸਰਕਾਰ ਵਿਕਾਊ ਨਹੀਂ ਹੈ।"

ਦੇਸ਼ ਦੀ ਰਾਜਧਾਨੀ ਵਿੱਚ ਹੋ ਰਹੇ 'ਨੋ ਕਿੰਗਜ਼' ਰੋਸ ਮੁਜ਼ਾਹਰਿਆਂ 'ਤੇ ਵ੍ਹਾਈਟ ਹਾਊਸ ਨੇ ਵਿਅੰਗ ਕੱਸਿਆ। ਡਿਪਟੀ ਪ੍ਰੈੱਸ ਸਕੱਤਰ ਅਬੀਗੈਲ ਜੈਕਸਨ ਨੇ ਮੁਜ਼ਾਹਰਿਆਂ ਬਾਰੇ ਕਈ ਮੀਡੀਆ ਪੁੱਛਗਿੱਛਾਂ ਦੇ ਜਵਾਬ ਵਿੱਚ ਲਿਖਿਆ, "ਪਰਵਾਹ ਕਿਸ ਨੂੰ ਹੈ।"

ਟਰੰਪ ਨੇ ਟਰੁੱਥ ਸੋਸ਼ਲ 'ਤੇ ਕਈ ਏਆਈ ਰਾਹੀਂ ਤਿਆਰ ਕੀਤੇ ਵੀਡੀਓਜ਼ ਸਾਂਝੇ ਕੀਤੇ, ਜਿਸ ਵਿੱਚ ਉਨ੍ਹਾਂ ਨੇ ਤਾਜ ਪਹਿਨਿਆ ਹੋਇਆ ਹੈ, ਇੱਕ ਵਿੱਚ ਉਹ ਜੈੱਟ ਉਡਾ ਰਹੇ ਸਨ, ਜਿਸ ਰਾਹੀਂ ਮੁਜ਼ਾਹਰਾਕਾਰੀਆਂ 'ਤੇ ਕੁਝ ਸੁੱਟਿਆ ਜਾ ਰਿਹਾ ਸੀ, ਜੋ ਮਨੁੱਖੀ ਕੂੜੇ ਵਾਂਗ ਲੱਗ ਰਿਹਾ ਸੀ।

ਪਾਰਟੀ ਨੂੰ ਲੰਬਾ ਸਫ਼ਰ ਕਰਨ ਦੀ ਲੋੜ

ਮੁਜ਼ਹਰਾ

ਤਸਵੀਰ ਸਰੋਤ, LightRocket via Getty Images

ਤਸਵੀਰ ਕੈਪਸ਼ਨ, ਮੁਜ਼ਹਰਾਕਾਰੀ ਦੇਸ਼ ਦੀ ਰਾਜਧਾਨੀ ਸਣੇ ਦੇਸ਼ ਭਰ ਵਿੱਚ ਸੜਕਾਂ 'ਤੇ ਉਤਰ ਆਏ

ਹਾਲਾਂਕਿ ਰਿਪਬਲਿਕਨ ਇਨ੍ਹਾਂ ਮੁਜ਼ਾਹਰਿਆਂ ਦੀ ਮਹੱਤਤਾ ਨੂੰ ਘੱਟ ਸਮਝ ਰਹੇ ਹੋ ਸਕਦੇ ਹਨ, ਪਰ ਮਤਦਾਨ ਦਾ ਪੱਧਰ ਅਤੇ ਪ੍ਰਮੁੱਖ ਓਪੀਨੀਅਨ ਪੋਲਾਂ ਵਿੱਚ ਟਰੰਪ ਦੀ ਨਕਾਰਾਤਮਕ ਪ੍ਰਵਾਨਗੀ ਰੇਟਿੰਗ, ਪਿਛਲੇ ਸਾਲ ਦੀ ਚੋਣ ਹਾਰ ਤੋਂ ਉਭਰਨ ਦੇ ਡੈਮੋਕ੍ਰੇਟਿਕ ਮੌਕੇ ਵੱਲ ਸੰਕੇਤ ਕਰਦੀ ਹੈ।

ਹਾਲਾਂਕਿ, ਪਾਰਟੀ ਨੂੰ ਅਜੇ ਵੀ ਕਾਫ਼ੀ ਲੰਬਾ ਸਫ਼ਰ ਤੈਅ ਕਰਨ ਦੀ ਲੋੜ ਹੈ।

ਪੋਲ ਦਰਸਾਉਂਦੇ ਹਨ ਕਿ ਸਿਰਫ਼ ਇੱਕ ਤਿਹਾਈ ਅਮਰੀਕੀ ਹੀ ਇਸ ਨੂੰ ਸਕਾਰਾਤਮਕ ਤੌਰ 'ਤੇ ਦੇਖਦੇ ਹਨ, ਜੋ ਕਿ ਦਹਾਕਿਆਂ ਵਿੱਚ ਸਭ ਤੋਂ ਘੱਟ ਗਿਣਤੀ ਹੈ ਅਤੇ ਡੈਮੋਕਰੇਟ ਇਸ ਗੱਲ 'ਤੇ ਵੰਡੇ ਹੋਏ ਹਨ ਕਿ ਜਦੋਂ ਉਹ ਕਾਂਗਰਸ ਦੇ ਕਿਸੇ ਵੀ ਸਦਨ ਨੂੰ ਕੰਟਰੋਲ ਨਹੀਂ ਕਰਦੇ ਤਾਂ ਟਰੰਪ ਦਾ ਪ੍ਰਭਾਵਸ਼ਾਲੀ ਢੰਗ ਨਾਲ ਵਿਰੋਧ ਕਿਵੇਂ ਕਰਨਾ ਹੈ।

ਲਿਬਰਲ ਸ਼ਨੀਵਾਰ ਨੂੰ ਕਈ ਕਾਰਨਾਂ ਕਰਕੇ ਸੜਕਾਂ 'ਤੇ ਉਤਰ ਆਏ। ਟਰੰਪ ਦੇ ਹਮਲਾਵਰ ਇਮੀਗ੍ਰੇਸ਼ਨ ਲਾਗੂ ਕਰਨ, ਉਸ ਦੀਆਂ ਟੈਰਿਫ ਨੀਤੀਆਂ, ਉਸ ਦੀਆਂ ਸਰਕਾਰੀ ਕਟੌਤੀਆਂ, ਉਸ ਦੀਆਂ ਵਿਦੇਸ਼ ਨੀਤੀਆਂ, ਅਮਰੀਕੀ ਸ਼ਹਿਰਾਂ ਵਿੱਚ ਨੈਸ਼ਨਲ ਗਾਰਡ ਦੀ ਤੈਨਾਤੀ ਅਤੇ ਰਾਸ਼ਟਰਪਤੀ ਦੇ ਅਧਿਕਾਰ ਦੀ ਉਸ ਦੀ ਬੇਰਹਿਮੀ ਨਾਲ ਵਰਤੋਂ, ਇਹ ਸਾਰੇ ਅਕਸਰ ਚਿੰਤਾ ਅਤੇ ਗੁੱਸੇ ਦੇ ਵਿਸ਼ੇ ਸਨ।

ਕੁਝ ਨਿਰਾਸ਼ਾ ਡੈਮੋਕਰੇਟਿਕ ਨੇਤਾਵਾਂ 'ਤੇ ਵੀ ਕੇਂਦ੍ਰਿਤ ਸੀ।

ਵਾਸ਼ਿੰਗਟਨ, ਡੀਸੀ ਵਿੱਚ ਇੱਕ ਪ੍ਰਦਰਸ਼ਨਕਾਰੀ ਨੇ ਸ਼ਨੀਵਾਰ ਨੂੰ ਐੱਨਬੀਸੀ ਨਿਊਜ਼ ਨੂੰ ਦੱਸਿਆ, "ਅਸੀਂ ਇਸ ਨੂੰ ਸਹਿ ਰਹੇ ਹਾਂ ਅਤੇ ਬੋਲ ਨਹੀਂ ਰਹੇ। ਤੁਸੀਂ ਜਾਣਦੇ ਹੋ, ਮੈਨੂੰ ਲੱਗਦਾ ਹੈ ਕਿ ਸਾਨੂੰ ਉੱਚੀ ਆਵਾਜ਼ ਵਿੱਚ ਬੋਲਣ ਦੀ ਜ਼ਰੂਰਤ ਹੈ।"

ਡੈਮੋਕ੍ਰੇਟ ਮੌਜੂਦਾ ਸਰਕਾਰੀ ਸ਼ਟਡਾਊਨ ਬਾਰੇ ਵਧੇਰੇ ਹਮਲਾਵਰ ਰਹੇ ਹਨ, ਜੋ ਕਿ ਆਪਣੇ ਚੌਥੇ ਹਫ਼ਤੇ ਵਿੱਚ ਦਾਖ਼ਲ ਹੋਣ ਵਾਲਾ ਹੈ।

ਉਹ ਘੱਟ ਆਮਦਨ ਵਾਲੇ ਅਮਰੀਕੀਆਂ ਲਈ ਸਿਹਤ ਬੀਮਾ ਸਬਸਿਡੀਆਂ 'ਤੇ ਦੋ-ਪੱਖੀ ਸਹਿਮਤੀ ਤੋਂ ਬਿਨ੍ਹਾਂ ਮੌਜੂਦਾ ਸੰਘੀ ਖਰਚਿਆਂ ਦੇ ਥੋੜ੍ਹੇ ਸਮੇਂ ਦੇ ਵਾਧੇ ਨੂੰ ਮਨਜ਼ੂਰੀ ਦੇਣ ਲਈ ਤਿਆਰ ਨਹੀਂ ਹਨ, ਜੋ ਕਿ ਸਾਲ ਦੇ ਅੰਤ ਵਿੱਚ ਖ਼ਤਮ ਹੋਣ ਜਾ ਰਹੇ ਹਨ।

ਸੈਨੇਟ ਸੰਸਦੀ ਨਿਯਮਾਂ ਦੇ ਕਾਰਨ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਡੈਮੋਕ੍ਰੇਟ ਦੀ ਕੁਝ ਸ਼ਕਤੀ ਕਾਇਮ ਰਹਿੰਦੀ ਹੈ ਅਤੇ ਜੇ ਜ਼ਿਆਦਾ ਨਹੀਂ ਤਾਂ ਹੁਣ ਤੱਕ ਜਨਤਾ ਘੱਟੋ-ਘੱਟ ਇਸ ਗਤੀਰੋਧ ਲਈ ਟਰੰਪ ਅਤੇ ਰਿਪਬਲਿਕਨ ਬਹੁਮਤ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ।

ਪਰ ਇਹ ਰਣਨੀਤੀ ਜੋਖ਼ਮ ਵੀ ਰੱਖਦੀ ਹੈ। ਸ਼ਟਡਾਊਨ ਕਾਰਨ ਹੋਣ ਵਾਲਾ ਦੁੱਖ, ਖ਼ਾਸ ਕਰਕੇ ਡੈਮੋਕ੍ਰੇਟਿਕ ਗਠਜੋੜ ਦੇ ਮੈਂਬਰਾਂ ਲਈ ਹਫ਼ਤੇ ਬੀਤਣ ਦੇ ਨਾਲ-ਨਾਲ ਵਧੇਗਾ।

ਬਹੁਤ ਸਾਰੇ ਸੰਘੀ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਮਿਲੀਆਂ ਹਨ ਅਤੇ ਉਹ ਵਿੱਤੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ। ਘੱਟ ਆਮਦਨ ਵਾਲੇ ਲੋਕਾਂ ਲਈ ਭੋਜਨ ਸਹਾਇਤਾ ਲਈ ਫੰਡ ਖ਼ਤਮ ਹੋਣ ਦੀ ਉਮੀਦ ਹੈ।

ਅਮਰੀਕੀ ਨਿਆਂਇਕ ਪ੍ਰਣਾਲੀ ਆਪਣੇ ਕਾਰਜਾਂ ਨੂੰ ਘਟਾ ਰਹੀ ਹੈ ਅਤੇ ਟਰੰਪ ਪ੍ਰਸ਼ਾਸਨ ਡੈਮੋਕ੍ਰੇਟਿਕ ਸਟੇਟਾਂ ਅਤੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ, ਸੰਘੀ ਸਟਾਫ ਵਿੱਚ ਨਵੀਆਂ ਕਟੌਤੀਆਂ ਦਾ ਆਦੇਸ਼ ਦੇਣ ਤੇ ਘਰੇਲੂ ਖਰਚਿਆਂ ਨੂੰ ਮੁਅੱਤਲ ਕਰਨ ਲਈ ਸ਼ਟਡਾਊਨ ਦੀ ਵਰਤੋਂ ਕਰ ਰਿਹਾ ਹੈ।

ਹਕੀਕਤ ਇਹ ਹੈ ਕਿ ਸੀਨੇਟ ਵਿੱਚ ਡੈਮੋਕ੍ਰੇਟਿਕ ਨੇਤਾਵਾਂ ਨੂੰ ਆਖ਼ਰਕਾਰ ਇਸ ਸੰਕਟ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਲੱਭਣਾ ਪਵੇਗਾ। ਪਰ ਉਨ੍ਹਾਂ ਨੂੰ ਉਨ੍ਹਾਂ ਸ਼ਰਤਾਂ ʼਤੇ ਪਹੁੰਚਣ ਲੱਗਿਆ ਮੁਸ਼ਕਲ ਹੋ ਸਕਦੀ ਹੈ, ਜੋ ਸ਼ਨੀਵਾਰ ਨੂੰ ਸੜਕਾਂ 'ਤੇ ਉਤਰਨ ਵਾਲੇ ਮੁਜ਼ਹਰਾਕਾਰੀਆਂ ਲਈ ਸਵੀਕਾਰਯੋਗ ਸਨ।

ਵਰਜੀਨੀਆ ਦੇ ਡੈਮੋਕ੍ਰੇਟਿਕ ਸੈਨੇਟਰ ਟਿਮ ਕੇਨ ਨੇ ਐਤਵਾਰ ਨੂੰ ਐੱਨਬੀਸੀ ਦੇ ਮੀਟ ਦਿ ਪ੍ਰੈੱਸ 'ਤੇ ਇੱਕ ਇੰਟਰਵਿਊ ਵਿੱਚ ਕਿਹਾ, "ਜੇਕਰ ਅਸੀਂ ਰਾਸ਼ਟਰਪਤੀ ਟਰੰਪ ਨਾਲ ਇੱਕ ਸਮਝੌਤੇ 'ਤੇ ਹੱਥ ਮਿਲਾਉਂਦੇ ਹਾਂ, ਤਾਂ ਅਸੀਂ ਨਹੀਂ ਚਾਹੁੰਦੇ ਕਿ ਉਹ ਅਗਲੇ ਹਫ਼ਤੇ ਹਜ਼ਾਰਾਂ ਹੋਰ ਲੋਕਾਂ ਨੂੰ ਨੌਕਰੀ ਤੋਂ ਕੱਢਣ, ਆਰਥਿਕ ਵਿਕਾਸ ਪ੍ਰੋਜੈਕਟਾਂ ਨੂੰ ਰੱਦ ਕਰਨ ਅਤੇ ਜਨਤਕ ਸਿਹਤ ਫੰਡਿੰਗ ਨੂੰ ਰੱਦ ਕਰ ਦੇਣ।"

"ਇਸ ਲਈ ਅਸੀਂ ਇੱਕ ਸਮਝੌਤੇ 'ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਮਝੌਤਾ ਤਾਂ ਸਮਝੌਤਾ ਹੀ ਹੈ।"

ਨਵੰਬਰ ਦੀ ਸ਼ੁਰੂਆਤ ਵਿੱਚ ਵੀ ਸਰਕਾਰੀ ਸ਼ਟਡਾਊਨ ਜਾਰੀ ਰਹਿਣ ਦੀ ਸੰਭਾਵਨਾ ਹੈ, ਜਦੋਂ ਕੁਝ ਸਟੇਟਾਂ ਵਿੱਚ ਮਤਦਾਤਾ ਪਿਛਲੇ ਸਾਲ ਦੇ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਪਹਿਲੀ ਵਾਰ ਮਤਦਾਨ ਕਰਨਗੇ।

ਗਵਰਨੇਟਰਲ ਅਤੇ ਰਾਜ ਵਿਧਾਨ ਸਭਾ ਚੋਣਾਂ ਇਸ ਗੱਲ ਦਾ ਪੈਮਾਨਾ ਸਾਬਿਤ ਹੋ ਸਕਦੇ ਹਨ ਕਿ ਕਿ ਕੀ "ਨੋ ਕਿੰਗਜ਼" ਰੋਸ ਮੁਜ਼ਾਹਰੇ ਵਿੱਚ ਪ੍ਰਦਰਸ਼ਿਤ ਟਰੰਪ ਵਿਰੋਧੀ ਭਾਵਨਾ ਡੈਮੋਕ੍ਰੇਟਸ ਲਈ ਚੋਣ ਸਫ਼ਲਤਾ ਵਿੱਚ ਤਬਦੀਲ ਹੁੰਦੀ ਹੈ ਜਾਂ ਨਹੀਂ।

ਚਾਰ ਸਾਲ ਪਹਿਲਾਂ, ਵਰਜੀਨੀਆ ਵਿੱਚ ਇੱਕ ਰਿਪਬਲਿਕਨ ਨੇ ਗਵਰਨੇਟਰਲ ਚੋਣ ਜਿੱਤੀ, ਜੋ ਇੱਕ ਅਜਿਹਾ ਚੋਣ ਮੈਦਾਨ ਹੈ ਜਿੱਥੇ ਹਾਲ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਖੱਬੇਪੱਖੀ ਰੁਝਾਨ ਰਿਹਾ ਹੈ, ਜਿਸ ਨਾਲ ਰਾਸ਼ਟਰਪਤੀ ਜੋਅ ਬਾਈਡਨ ਦੇ ਪ੍ਰਤੀ ਵੋਟਰਾਂ ਦੀ ਅਸੰਤੁਸ਼ਟੀ ਦਾ ਸ਼ੁਰੂਆਤੀ ਸੰਕੇਤ ਮਿਲਦਾ ਹੈ।

ਇਸ ਵਾਰ, ਡੈਮੋਕ੍ਰੇਟ ਸਾਬਕਾ ਕਾਂਗਰਸ ਮੈਂਬਰ ਅਬੀਗੈਲ ਸਪੈਨਬਰਗਰ ਚੋਣਾਂ ਵਿੱਚ ਆਪਣੇ ਰਿਪਬਲਿਕਨ ਵਿਰੋਧੀ ਤੋਂ ਅੱਗੇ ਚੱਲ ਰਹੀ ਹੈ।

ਹਾਲਾਂਕਿ ਟਰੰਪ ਪਿਛਲੇ ਸਾਲ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਨਿਊ ਜਰਸੀ ਤੋਂ ਹਾਰ ਗਏ ਸਨ, ਪਰ ਹਾਰ ਦਾ ਫਰਕ - 6% ਤੋਂ ਘੱਟ ਸੀ, 2020 ਵਿੱਚ ਬਾਈਡਨ ਦੀ 16% ਜਿੱਤ ਅਤੇ 2017 ਵਿੱਚ ਹਿਲੇਰੀ ਕਲਿੰਟਨ ਦੀ 14% ਜਿੱਤ ਨਾਲੋਂ ਘੱਟ ਸੀ। ਨਵੰਬਰ ਵਿੱਚ ਗਵਰਨਰ ਦੀ ਚੋਣ ਵੀ ਕਾਫੀ ਟੱਕਰ ਵਾਲੀ ਨਜ਼ਰ ਆ ਰਹੀ ਹੈ।

ਕਮਲਾ ਹੈਰਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਮਲਾ ਹੈਰਿਸ ਅਮਰੀਕਾ ਦੇ ਸਾਬਕਾ ਉੱਪ ਰਾਸ਼ਟਰਪਤੀ ਰਹੇ ਹਨ

ਨਵੰਬਰ ਦੀਆਂ ਚੋਣਾਂ

ਨਿਊ ਜਰਸੀ ਦੇ ਮੋਂਟਕਲੇਅਰ ਵਿੱਚ ਨੋ ਕਿੰਗਜ਼ ਰੈਲੀ ਵਿੱਚ, ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਦੇ ਚੇਅਰਮੈਨ ਕੇਨ ਮਾਰਟਿਨ ਨੇ ਹਾਜ਼ਰੀਨ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਕਿਹਾ, "ਇਨ੍ਹਾਂ ਰੋਸ-ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣਾ ਇੱਕ ਗੱਲ ਹੈ ਅਤੇ ਸੱਤਾ ਵਾਪਸ ਹਾਸਲ ਕਰਨਾ ਦੂਜੀ ਗੱਲ ਹੈ।"

ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਇਸ ਗੱਲ ਦੀ ਪ੍ਰੀਖਿਆ ਹੋਵੇਗੀ ਕਿ ਕੀ ਟਰੰਪ ਪ੍ਰਤੀ ਨਫ਼ਰਤ ਖੱਬੇਪੱਖੀ ਵੋਟਰਾਂ ਨੂੰ ਡੈਮੇਕ੍ਰੋਟਿਕ ਉਮੀਦਵਾਰਾਂ ਦਾ ਸਮਰਥਨ ਕਰਨ ਲਈ ਪ੍ਰੇਰਿਤ ਕਰਨ ਲਈ ਕਾਫੀ ਹੈ।

ਹਾਲਾਂਕਿ, ਇਹ ਅਗਲੇ ਸਾਲ ਹੋਣ ਵਾਲੀਆਂ ਮੱਧਕਾਲੀ ਚੋਣਾਂ ਦੀ ਸ਼ੁਰੂਆਤ ਮਾਤਰ ਹਨ, ਜੋ ਇਹ ਨਿਰਧਾਰਤ ਕਰਨਗੀਆਂ ਕਿ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ʼਤੇ ਕਿਸ ਪਾਰਟੀ ਦਾ ਕੰਟਰੋਲ ਹੈ ਅਤੇ ਡੈਮੋਕ੍ਰੇਟਸ ਨੂੰ ਟਰੰਪ ਦੇ ਰਾਸ਼ਟਰਪਤੀ ਦੇ ਕਾਰਜਕਾਲ ਦੇ ਆਖ਼ਰੀ ਦੋ ਸਾਲਾਂ ਲਈ ਉਨ੍ਹਾਂ ਦੀ ਸ਼ਕਤੀ ʼਤੇ ਹਕੀਕਤ ਕੰਟ੍ਰੋਲ ਦੇ ਸਕਦੀ ਹੈ।

ਸ਼ਨੀਵਾਰ ਦੇ ਰੋਸ-ਮੁਜ਼ਾਹਰਿਆਂ ਦੀ ਤਰਜੀਹ "ਟਰੰਪ ਨੂੰ ਰੋਕੋ" ਦੇ ਸੰਦੇਸ਼ ਦੇ ਆਲੇ-ਦੁਆਲੇ ਇਕਜੁੱਟ ਹੋਣਾ ਸੀ। ਘੱਟੋ-ਘੱਟ ਹੁਣ ਲਈ, ਡੈਮੋਕ੍ਰੇਟ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ ਕੀ ਕਰ ਸਕਦੇ ਹਨ ਇਸ ਬਾਰੇ ਚਿੰਤਾ ਘੱਟ ਹੈ।

ਹਾਲਾਂਕਿ, ਕੁਝ ਸੰਕੇਤ ਹਨ ਕਿ ਪਾਰਟੀ ਗਠਜੋੜ ਦੇ ਅੰਦਰ ਦਰਾਰਾਂ ਬਣੀ ਹੋਈਆਂ ਹਨ।

ਉਦਾਹਰਣ ਵਜੋਂ, ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ 'ਕਿਤਾਬ ਦੌਰਾ', ਫਲਸਤੀਨੀ ਪੱਖੀ ਮੁਜ਼ਹਰਾਕਾਰੀਆਂ ਵੱਲੋਂ ਰੋਕਿਆ ਗਿਆ ਹੈ, ਜਿਹੜੇ ਜੋਅ ਬਾਈਡਨ ਪ੍ਰਸ਼ਾਸਨ ਦੀਆਂ ਮੱਧ ਪੂਰਬ ਨੀਤੀਆਂ ਦਾ ਵਿਰੋਧ ਕਰਦੇ ਹਨ।

ਸਮਾਜਿਕ ਨੀਤੀਆਂ (ਟ੍ਰਾਂਸ ਅਧਿਕਾਰਾਂ ਸਮੇਤ) ਦੀ ਬਜਾਏ ਆਰਥਿਕ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨ ਦੇ ਮੱਧਵਾਦੀ ਪ੍ਰਸਤਾਵਾਂ ਦੀ ਖੱਬੇ-ਪੱਖੀ ਲੋਕਾਂ ਨੇ ਨਿੰਦਾ ਕੀਤੀ ਹੈ।

ਮੇਨ, ਮੈਸੇਚਿਉਸੇਟਸ, ਕੈਲੀਫੋਰਨੀਆ ਅਤੇ ਮਿਸ਼ੀਗਨ ਵਿੱਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਡੈਮੋਕ੍ਰੇਟਿਕ ਉਮੀਦਵਾਰਾਂ ਨੂੰ ਨਿਰਧਾਰਤ ਕਰਨ ਲਈ ਵਿਵਾਦਪੂਰਨ ਪ੍ਰਾਇਮਰੀ ਚੋਣਾਂ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿੱਚ ਪੁਰਾਣੇ ਸਥਾਪਿਤ ਸਿਆਸਤਦਾਨ ਨੌਜਵਾਨਾਂ ਦੇ ਖ਼ਿਲਾਫ਼ ਅਤੇ ਉਦਾਰਵਾਦੀ ਮੱਧਵਾਦੀਆਂ ਦੇ ਖ਼ਿਲਾਫ਼ ਖੜ੍ਹੇ ਹੋਣਗੇ।

ਇਹ ਲੜਾਈਆਂ ਪੁਰਾਣੇ ਰਾਜਨੀਤਿਕ ਜ਼ਖ਼ਮਾਂ ਨੂੰ ਜਲਦੀ ਖੋਲ੍ਹ ਸਕਦੀਆਂ ਹਨ ਜਿਨ੍ਹਾਂ ਨੂੰ ਠੀਕ ਕਰਨਾ ਮੁਸ਼ਕਲ ਹੈ। ਨਤੀਜੇ ਵਜੋਂ, ਇਕੱਲੇ ਮਾਰਚ ਪਾਰਟੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਾਫ਼ੀ ਨਹੀਂ ਹੋ ਸਕਦੇ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)