ਮਨੋਰੰਜਨ ਲਈ ਬਣਾਏ ਵੀਡੀਓਜ਼ ਰਾਹੀ ਕਿਵੇਂ ਫੈਲਾਈ ਜਾ ਰਹੀ ਹੈ ਫਿਰਕੂ ਨਫ਼ਰਤ

ਤਸਵੀਰ ਸਰੋਤ, Getty Images
- ਲੇਖਕ, ਅਖਿਲ ਰੰਜਨ
- ਰੋਲ, ਬੀਬੀਸੀ ਗਲੋਬਲ ਡਿਸਇਨਫੋਰਮੇਸ਼ਨ ਟੀਮ
ਭਾਰਤ ਵਿੱਚ ਸੋਸ਼ਲ ਮੀਡੀਆ ’ਤੇ ਲੱਖਾਂ ਵਾਰ ਸਾਂਝੀ ਕੀਤੀ ਗਈ ਅਤੇ ਵੇਖੀ ਗਈ ਇੱਕ ਵੀਡੀਓ ਵਿੱਚ ਇੱਕ ਜਣਾ ਕਿਸੇ ਕਾਲੇ ਬੁਰਕੇ ਵਾਲੇ ਵਿਅਕਤੀ ਉੱਪਰ ਹਮਲਾ ਕਰਦਾ ਹੈ। ਬੁਰਕਾ ਪਹਿਨਣ ਵਾਲੇ ਨੇ ਇੱਕ ਬੱਚਾ ਚੁੱਕਿਆ ਹੋਇਆ ਹੈ। ਫਿਰ ਪਹਿਲਾ ਆਦਮੀ ਜ਼ਬਰਦਸਤੀ ਦੂਜੇ ਸ਼ਖ਼ਸ ਦਾ ਬੁਰਕਾ ਲਾਹ ਦਿੰਦਾ ਹੈ।
ਵੀਡੀਓ ਕਲਿੱਪ ਦੇ ਨਾਲ ਹਿੰਦੀ ਵਿੱਚ ਚੇਤਾਵਨੀ ਦਿੱਤੀ ਗਈ ਹੈ ਤੇ ਲਿਖਿਆ ਹੈ, “ਲੋਕਾਂ ਨੂੰ ਬੁਰਕੇ ਦੀ ਵਰਤੋਂ ਕਰਨ ਵਾਲੇ ਅਪਰਾਧੀਆਂ ਤੋਂ "ਜਾਗਰੂਕ" ਹੋਣਾ ਚਾਹੀਦਾ ਹੈ। ਬੁਰਕਾ - ਇੱਕ ਪਰਦਾ ਹੈ, ਜਿਸ ਨੂੰ ਦੁਨੀਆ ਭਰ ਵਿੱਚ ਮੁਸਲਿਮ ਔਰਤਾਂ ਵਰਤਦੀਆਂ ਹਨ। ਇਸ ਦੀ ਵਰਤੋਂ ਇਹ ਅਪਰਾਧੀ ਆਪਣਾ ਭੇਸ ਬਦਲ ਕੇ “ਬੱਚੇ ਅਗਵਾ” ਕਰਨ ਲਈ ਕਰਦੇ ਹਨ।”
ਇਸ ਸਾਲ ਦੀ ਸ਼ੁਰੂਆਤ 'ਚ ਯੂਟਿਊਬ 'ਤੇ ਪਾਈ ਗਈ ਇਸ ਵੀਡੀਓ ਨੂੰ ਡਿਲੀਟ ਕਰਨ ਤੋਂ ਪਹਿਲਾਂ ਦੋ ਕਰੋੜ 90 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।
ਹਾਲਾਂਕਿ ਇਸ ਵੀਡੀਓ ਵਿੱਚ ਅਸਲ ਘਟਨਾਵਾਂ ਨਹੀਂ ਦਿਖਾਈਆਂ ਗਈਆਂ ਸਗੋਂ ਇਹ ਇੱਕ ਨਾਟਕ ਸੀ। ਸਕ੍ਰਿਪਟ ਨਾਲ ਕੀਤੀ ਗਈ ਕੁਝ ਨੌਸਿਖੀਏ ਕਲਾਕਾਰਾਂ ਦੀ ਪੇਸ਼ਕਾਰੀ।

ਤਸਵੀਰ ਸਰੋਤ, Twitter
ਇਹ ਵੀਡੀਓ ਸਪਸ਼ਟ ਤੌਰ 'ਤੇ ਮਨੋਰੰਜਨ ਲਈ ਬਣਾਏ ਗਏ ਹਨ। ਅਜਿਹੇ ਵੀਡੀਓ ਭਾਰਤ ਵਿੱਚ ਸੱਚੀਆਂ ਘਟਨਾਵਾਂ ਵਜੋਂ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਸਾਂਝੇ ਕੀਤੇ ਜਾ ਰਹੇ ਹਨ। ਅਕਸਰ ਵੀਡੀਓ ਦੇ ਨਾਲ਼ ਝੂਠੇ ਦਾਅਵੇ ਹੁੰਦੇ ਹਨ ਜੋ ਧਾਰਮਿਕ ਨਫ਼ਰਤ ਨੂੰ ਹਵਾ ਦਿੰਦੇ ਹਨ।
ਮਈ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਿੰਦੂ-ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਆਉਣ ਤੋਂ ਬਾਅਦ ਫਿਰਕੂ ਤਣਾਅ ਵਿੱਚ ਲਗਾਤਾਰ ਵਾਧਾ ਦੇਖਿਆ ਗਿਆ ਹੈ। ਖ਼ਾਸ ਕਰਕੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ।
ਇਨ੍ਹਾਂ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਬਹੁਤ ਸਾਰੀਆਂ ਕਹਾਣੀਆਂ ਨੇ ਔਰਤਾਂ ਖਿਲਾਫ਼ ਨੈਤਿਕ ਪੁਲਿਸਿੰਗ ਨੂੰ ਵੀ ਹੱਲਾਸ਼ੇਰੀ ਦਿੱਤੀ ਹੈ।
ਨਾਟਕੀ ਵੀਡੀਓ ਦਾ ਇਹ ਰੁਝਾਨ ਹਿੰਦੀ ਤੋਂ ਇਲਾਵਾ, ਤਾਮਿਲ, ਮਲਿਆਲਮ, ਗੁਜਰਾਤੀ, ਮਰਾਠੀ ਅਤੇ ਤੇਲਗੂ ਸਮੇਤ ਕਈ ਭਾਰਤੀ ਭਾਸ਼ਾਵਾਂ ਤੱਕ ਪਹੁੰਚ ਗਿਆ ਹੈ। ਕਈ ਵਾਰ ਸਥਾਨਕ ਖ਼ਬਰੀਆ ਚੈਨਲ ਵੀ ਇਨ੍ਹਾਂ ਨੂੰ ਵਿਊਜ਼ ਹਾਸਲ ਕਰਨ ਲਈ ਪੇਸ਼ ਕਰਦੇ ਹਨ।
ਅਜਿਹੇ ਕਈ ਨਕਲੀ ਵੀਡੀਓਜ਼ ਵਿੱਚ ਬੱਚਾ ਚੁੱਕਣ ਵਾਲਿਆਂ ਨੇ ਬੁਰਕਾ ਪਹਿਨਿਆ ਹੁੰਦਾ ਹੈ। ਇਨ੍ਹਾਂ ਨਕਲੀ ਵੀਡੀਓਜ਼ ਦੇ ਅਸਲੀ ਨਤੀਜੇ ਵੀ ਦੇਖਣ ਨੂੰ ਮਿਲਦੇ ਹਨ।
ਪਿਛਲੇ ਕੁਝ ਸਾਲਾਂ ਦੌਰਾਨ ਕਈ ਸੂਬਿਆਂ ਵਿੱਚ ਪ੍ਰਸ਼ਾਸਨ ਨੂੰ ਅਜਿਹੀਆਂ ਜਾਅਲੀ ਖ਼ਬਰਾਂ/ਅਫ਼ਵਾਹਾਂ ਦੇ ਖਿਲਾਫ਼ ਚੇਤਾਵਨੀਆਂ ਵੀ ਜਾਰੀ ਕਰਨੀਆਂ ਪਈਆਂ ਕਿਉਂਕਿ ਭੀੜ ਨੇ ਕੁਝ ਲੋਕਾਂ ਉੱਪਰ ਬੱਚੇ ਚੁੱਕਣ ਵਾਲ਼ੇ ਸਮਝ ਕੇ ਹਮਲੇ ਕੀਤੇ ਸਨ।

ਇਹ ਵੀ ਪੜ੍ਹੋ:

ਇਹ ਵੀਡੀਓ ਖ਼ਤਰਨਾਕ ਕਿਉਂ ਹਨ?

ਇਨ੍ਹਾਂ ਨਾਟਕੀ ਵੀਡੀਓਜ਼ ਵਿੱਚ ਗਲਤ ਜਾਣਕਾਰੀ ਗੁੰਨ੍ਹ ਕੇ ਪਰੋਸੀ ਜਾਂਦੀ ਹੈ, ਜੋ ਸੋਸ਼ਲ ਮੀਡੀਆ 'ਤੇ ਕਈ ਦਰਸ਼ਕਾਂ ਨੂੰ ਉਲਝਣ ਵਿੱਚ ਪਾ ਸਕਦੀ ਹੈ।
ਕੁਝ ਵਿੱਚ ਵੀਡੀਓ ਦੇ ਨਕਲੀ ਹੋਣ ਬਾਰੇ ਦੱਸਿਆ ਹੁੰਦਾ ਹੈ, ਪਰ ਇਹ ਚੇਤਾਵਨੀ ਅਕਸਰ ਵੀਡੀਓ ਦੇ ਸ਼ੁਰੂ ਵਿੱਚ ਹੀ ਨਾ ਹੋਕੇ ਵਿਚਾਲੇ ਜਾਂ ਅੰਤ ਵਿੱਚ ਲੁਕਾ ਕੇ ਦਿੱਤੀ ਗਈ ਹੁੰਦੀ ਹੈ।
ਜ਼ਿਆਦਾਤਰ ਇਹ ਸਭ ਅੰਗਰੇਜ਼ੀ ਵਿੱਚ ਲਿਖਿਆ ਹੁੰਦਾ ਹੈ, ਜੋ ਹਮੇਸ਼ਾ ਦਰਸ਼ਕਾਂ ਦੇ ਸਮਝ ਨਹੀਂ ਆਉਂਦਾ।
ਤੱਥ-ਪੜਤਾਲ ਵੈਬਸਾਈਟ ਆਲਟ ਨਿਊਜ਼ ਅਨੁਸਾਰ, ਬੁਰਕਾਧਾਰੀ ਵਿਅਕਤੀ ਦੀ ਅਸਲ ਕਲਿੱਪ ਨੂੰ ਬਾਅਦ ਵਿੱਚ ਇਸ ਦੇ ਨਿਰਮਾਤਾ ਵੱਲੋਂ ਡਿਲੀਟ ਕਰ ਦਿੱਤਾ ਗਿਆ ਸੀ। ਇਸ ਵਿੱਚ ਇੱਕ ਬੇਦਾਵਾ ਦਿਖਾਇਆ ਗਿਆ ਸੀ ਕਿ ਇਹ ਇੱਕ "ਕਾਲਪਨਿਕ ਕੰਮ" ਸੀ। ਹਾਲਾਂਕਿ ਇਹ ਸਿਰਫ਼ ਇੱਕ ਸਕਿੰਟ ਲਈ ਦਿਖਾਇਆ ਗਿਆ ਸੀ।
ਅਜਿਹੀਆਂ ਵੀਡੀਓ ਬਣਾਉਣ ਵਾਲ਼ੇ ਵੀਡੀਓ ਨੂੰ ਹੋਰ ਅਸਲੀ ਦਿੱਖ ਦੇਣ ਲਈ ਇਨ੍ਹਾਂ ਵਿੱਚ ਸੀਸੀਟੀਵੀ ਟੈਂਪਲੇਟਸ ਵੀ ਪਾਉਂਦੇ ਹਨ।
ਅਜਿਹੀ ਹੀ ਇੱਕ ਵੀਡੀਓ ਦਸੰਬਰ 2021 ਵਿੱਚ ਕਈ ਭਾਸ਼ਾਵਾਂ ਵਿੱਚ ਵਾਇਰਲ ਹੋਈ ਸੀ। ਵੀਡੀਓ ਵਿੱਚ ਬਿਨਾਂ ਕਿਸੇ ਸਬੂਤ ਇਹ ਦਾਅਵੇ ਕੀਤੇ ਗਏ ਸਨ ਕਿ ਮੁਸਲਮਾਨ ਮਰਦ ਹਿੰਦੂ ਕੁੜੀਆਂ ਦੇ ਖਾਣੇ ਵਿੱਚ ਨਸ਼ਾ ਛਿੜਕਣ ਦੀ ਕੋਸ਼ਿਸ਼ ਕਰ ਰਹੇ ਸਨ।
ਵੀਡੀਓ ਦੇ ਹੇਠਾਂ ਟਿੱਪਣੀਆਂ ਵਿੱਚ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਸੱਚ ਮੰਨਦੇ ਹੋਏ, ਇਸਲਾਮ ਵਿਰੋਧੀ (ਇਸਲਾਮੋਫੋਬਿਕ) ਟਿੱਪਣੀਆਂ ਕੀਤੀਆਂ ਸਨ, ਜਿਵੇਂ "ਲਵ ਜੇਹਾਦ ਤੋਂ ਸਾਵਧਾਨ ਰਹੋ।"
"ਲਵ ਜੇਹਾਦ" ਇੱਕ ਸਾਜ਼ਿਸ਼ੀ ਸਿਧਾਂਤ ਹੈ ਜੋ ਦਾਅਵਾ ਕਰਦਾ ਹੈ ਕਿ ਮੁਸਲਿਮ ਮਰਦ ਹਿੰਦੂ ਔਰਤਾਂ ਨੂੰ ਇਸਲਾਮ ਵਿੱਚ ਲਿਆਉਣ ਲਈ ਭਰਮਾਉਂਦੇ ਹਨ।
ਹੈਦਰਾਬਾਦ ਦੇ ਕੰਟੈਂਟ ਕ੍ਰੀਏਟਰ ਵੈਂਕਟ ਸੀਪਨਾ ਵੱਲੋਂ ਬਣਾਏ ਗਏ ਜ਼ਿਆਦਾਤਰ ਵੀਡੀਓ ਵਿੱਚ ਸੀਸੀਟੀਵੀ ਕਲਿੱਪਾਂ ਵਰਗੇ ਰਿਕਾਰਡਿੰਗ ਚਿੰਨ੍ਹ ਅਤੇ ਟਾਈਮ-ਸਟੈਂਪ ਵੀ ਹੁੰਦੀ ਹੈ। ਉਨ੍ਹਾਂ ਦੇ ਯੂ-ਟਿਊਬ ਚੈਨਲ ਉੱਤੇ 12 ਲੱਖ ਤੋਂ ਵੱਧ ਸਬਸਕ੍ਰਾਈਬਰ ਅਤੇ 400 ਤੋਂ ਵੱਧ ਵੀਡੀਓਜ਼ ਹਨ।
ਇੱਕ ਕਲਿੱਪ ਵਿੱਚ ਦਰਜ਼ੀ ਨੂੰ ਇੱਕ ਔਰਤ ਨਾਲ ਦੁਰਵਿਵਹਾਰ ਕਰਦੇ ਦਿਖਾਇਆ ਗਿਆ ਹੈ। ਇਸ ਨੂੰ ਟਵਿੱਟਰ ਅਤੇ ਫੇਸਬੁੱਕ 'ਤੇ ਕਈ ਵਾਰ ਅਜਿਹੇ ਦਾਅਵਿਆਂ ਨਾਲ ਸਾਂਝਾ ਕੀਤਾ ਗਿਆ ਸੀ ਕਿ ਇੱਕ ਮੁਸਲਮਾਨ ਆਦਮੀ, ਇੱਕ ਹਿੰਦੂ ਔਰਤ ਨਾਲ ਬਦਸਲੂਕੀ ਕਰ ਰਿਹਾ ਹੈ।
ਲਿਖਿਆ ਗਿਆ, "ਹਿੰਦੂ ਧੀਆਂ- ਭੈਣਾਂ ਨੂੰ ਬੇਨਤੀ ਹੈ ਕਿ ਉਹ ਮੁਸਲਮਾਨਾਂ ਦੀਆਂ ਦੁਕਾਨਾਂ 'ਤੇ ਨਾ ਜਾਣ, ਇਹ ਬੁਰੀ ਮਾਨਸਿਕਤਾ ਵਾਲੇ ਲੋਕ ਹਨ।"
ਸੀਪਨਾ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ "ਜਾਗਰੂਕਤਾ ਫ਼ੈਲਾਉਣ ਅਤੇ ਅਸਲ ਜੀਵਨ ਦੀਆਂ ਸਥਿਤੀਆਂ ਨੂੰ ਦਿਖਾਉਣ" ਲਈ ਇਹ ਵੀਡੀਓ ਬਣਾਏ ਹਨ।
ਅਲੀਸ਼ਾਨ ਜਾਫਰੀ, ਇੱਕ ਪੱਤਰਕਾਰ ਅਤੇ ਜਾਅਲੀ-ਜਾਣਕਾਰੀ ਦੇ ਖੋਜੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਾਇਰਲ ਹੋਣ ਵਾਲੀਆਂ ਡਰਾਮੇਬਾਜ਼ੀਆਂ ਸਰੀਰਕ ਹਿੰਸਾ ਦਾ ਕਾਰਨ ਨਹੀਂ ਬਣ ਸਕਦੀਆਂ। ਹਾਲਾਂਕਿ ਉਹ ਮੌਜੂਦਾ ਫਿਰਕੂ ਪਾੜੇ ਨੂੰ ਡੂੰਘਾ ਜ਼ਰੂਰ ਕਰਦੀਆਂ ਹਨ।

ਤਸਵੀਰ ਸਰੋਤ, YouTube
ਉਹ ਕਹਿੰਦੇ ਹਨ, "ਇਹ ਵੀਡੀਓਜ਼ ਪਹਿਲਾਂ ਤੋਂ ਹੀ ਵੰਡੇ ਸਮਾਜ ਦੀ ਅੱਗ ’ਚ ਤੇਲ ਪਾ ਰਹੀਆਂ ਹਨ ਅਤੇ ਧਰੁਵੀਕਰਨ ਕਰ ਰਹੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵੀਡੀਓ ਕੁਝ ਭਾਈਚਾਰਿਆਂ ਖ਼ਾਸ ਕਰਕੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਜਦੋਂ ਇਹ ਵਾਇਰਲ ਹੁੰਦੀਆਂ ਹਨ ਤਾਂ ਇਹ ਘੱਟ-ਗਿਣਤੀ ਭਾਈਚਾਰੇ ਵਿਰੁੱਧ ਢਾਂਚਾਗਤ ਹਿੰਸਾ ਵਿੱਚ ਯੋਗਦਾਨ ਪਾਉਂਦੀਆਂ ਹਨ।"
ਇਹ ਨਕਲੀ ਵੀਡੀਓ ਪਹਿਲਾਂ ਤਾਂ ਭੰਬਲਭੂਸਾ ਫੈਲਾਉਂਦੇ ਹਨ ਤੇ ਕਦੇ-ਕਦਾਈਂ ਇਨ੍ਹਾਂ ਨੂੰ ਆਨਲਾਈਨ ਹੋਰ ਵੀ ਗਲਤ ਜਾਣਕਾਰੀ ਫੈਲਾਉਣ ਲਈ ਵਰਤਿਆ ਜਾਂਦਾ ਹੈ।
ਉਨ੍ਹਾਂ ਵਿੱਚੋਂ ਕੁਝ ਵੀਡੀਓ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਉਮਰ ਦੇ ਵੱਡੇ ਅੰਤਰ ਵਾਲੇ ਲੋਕਾਂ ਵਿਚਕਾਰ ਨਾਜਾਇਜ਼ ਸਬੰਧਾਂ ਨੂੰ ਦਰਸਾਉਂਦੇ ਹਨ।
ਹਿੰਦੂ ਭਾਈਚਾਰੇ 'ਤੇ ਹਮਲਾ ਕਰਨ ਵਾਲੇ ਝੂਠੇ ਦਾਅਵਿਆਂ ਦੇ ਨਾਲ ਮਈ ਵਿਚ ਅਜਿਹੇ ਦੋ ਨਕਲੀ ਵੀਡੀਓਜ਼ ਨੂੰ ਵਿਆਪਕ ਤੌਰ 'ਤੇ ਸਾਂਝਾ ਕੀਤਾ ਗਿਆ ਸੀ।
ਪਹਿਲੇ ਵਿੱਚ ਇੱਕ ਵਿਅਕਤੀ ਨੂੰ ਭਗਵਾ ਰੰਗ ਪਹਿਨੇ ਹੋਏ ਦਿਖਾਇਆ ਗਿਆ ਸੀ। ਉਹ ਰੰਗ ਜੋ ਹਿੰਦੂ ਧਰਮ ਨਾਲ ਜੁੜਿਆ ਹੋਇਆ ਹੈ। ਉਹ ਵਿਅਕਤੀ ਦਾਅਵਾ ਕਰਦਾ ਹੈ ਕਿ ਉਹ ਆਪਣੀ ਭੈਣ ਨਾਲ ਵਿਆਹ ਕਰ ਰਿਹਾ ਹੈ।
ਦੂਜੇ ਵੀਡੀਓ ਵਿੱਚ ਉਹੀ ਔਰਤ ਬੁਰਕਾ ਪਾਕੇ ਉਸ ਦੇ ਕੋਲ ਖੜ੍ਹੀ ਦਿਖਾਈ ਗਈ ਹੈ। ਵਿਅਕਤੀ ਕਹਿੰਦਾ ਹੈ ਕਿ ਉਹ ਉਸ ਨੂੰ ਹਿੰਦੂ ਧਰਮ ਵਿੱਚ ਲਿਆਉਣ ਲਈ ਉਸ ਨਾਲ ਵਿਆਹ ਕਰ ਰਿਹਾ ਹੈ।
ਟਵਿੱਟਰ 'ਤੇ ਇਨ੍ਹਾਂ ਵੀਡੀਓ ਕਲਿੱਪਾਂ ਦੀ ਵਰਤੋਂ ਕੁਝ ਲੋਕਾਂ ਨੇ ਇਹ ਦਾਅਵਾ ਕਰਨ ਲਈ ਕੀਤੀ ਕਿ ਇਹ ਇੱਕ ਹਿੰਦੂ ਆਦਮੀ ਸੀ ਜੋ ਆਪਣੀ ਭੈਣ ਦੇ ਮੁਸਲਮਾਨ ਔਰਤ ਹੋਣ ਦਾ ਢੋਂਗ ਰਚ ਰਿਹਾ ਸੀ।
ਦੋਵਾਂ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਐਕਟਰ ਹੋਰ ਕਈ ਵੀਡੀਓ ਵਿੱਚ ਵੱਖੋ-ਵੱਖਰੇ ਕਿਰਦਾਰ ਨਿਭਾਉਂਦੇ ਦੇਖੇ ਗਏ ਹਨ।
ਅਸਲ ਕਲਿੱਪਾਂ ਨੂੰ 400,000 ਤੋਂ ਵੱਧ ਸਬਸਕ੍ਰਾਈਬਰਾਂ ਵਾਲ਼ੇ ਯੂ-ਟਿਊਬ ਚੈਨਲ ’ਤੇ ਦੇਖਿਆ ਜਾ ਸਕਦਾ ਹੈ। ਜੋ ਆਮ ਤੌਰ 'ਤੇ ਸਕ੍ਰਿਪਟ ਕੀਤੀ ਗਏ ਵੀਡੀਓ ਪੋਸਟ ਕਰਦਾ ਹੈ।
ਜਦੋਂ ਬੀਬੀਸੀ ਨੇ ਚੈਨਲ ਦੇ ਮਾਲਕ ਵਿਕਰਮ ਮਿਸ਼ਰਾ ਨੂੰ ਪੁੱਛਿਆ ਕਿ ਕੀ ਉਹ ਜਾਣਦੇ ਹਨ ਕਿ ਉਨ੍ਹਾਂ ਦੀਆਂ ਵੀਡੀਓਜ਼ ਅਸਲੀ ਸਮਝੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਨੇ ਜਵਾਬ ਦਿੱਤਾ: "ਅਸੀਂ ਸਾਰੇ ਹਿੱਟ ਹੋਣਾ ਚਾਹੁੰਦੇ ਹਾਂ। ਮੈਂ ਅਜਿਹੇ ਵੀਡੀਓ ਬਣਾਉਂਦਾ ਹਾਂ ਜੋ ਸਮਾਜ ਦੇ ਰੁਝਾਨਾਂ ਦੇ ਅਨੁਸਾਰ ਵਧੀਆ ਚੱਲਦੇ ਹਨ।"
ਉਸ ਨੇ ਕਿਹਾ ਕਿ ਵੀਡੀਓ ਸਿਰਫ਼ "ਮਨੋਰੰਜਨ ਅਤੇ ਵਿਊਜ਼ ਲਈ ਬਣਾਏ ਗਏ ਹਨ, ਕਿਉਂਕਿ ਸਾਡੀ 12 ਜਣਿਆਂ ਦੀ ਟੀਮ ਸਾਡੇ ਯੂ-ਟਿਊਬ ਚੈਨਲ ਤੋਂ ਆਪਣੀ ਰੋਜ਼ੀ-ਰੋਟੀ ਕਮਾਉਂਦੀ ਹੈ।"
ਬੀਬੀਸੀ ਨੇ ਇਨ੍ਹਾਂ ਪ੍ਰਸੰਗ ਰਹਿਤ ਨਾਟਕੀ ਵੀਡੀਓਜ਼ ਬਾਰੇ ਉਨ੍ਹਾਂ ਦੀਆਂ ਨੀਤੀਆਂ ਬਾਰੇ ਸਵਾਲਾਂ ਦੇ ਜਵਾਬ ਹਾਸਲ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਤੱਕ ਵੀ ਪਹੁੰਚ ਕੀਤੀ।
ਮੈਟਾ (ਫੇਸਬੁਕ ਦੀ ਮਾਲਕ ਕੰਪਨੀ) ਦੇ ਇੱਕ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਕੋਲ "ਫੇਸਬੁੱਕ 'ਤੇ ਹਿੰਸਾ ਨੂੰ ਭੜਕਾਉਣ ਵਾਲੀ ਸਮੱਗਰੀ 'ਤੇ ਪਾਬੰਦੀ ਲਗਾਉਣ ਵਾਲੇ ਸਪੱਸ਼ਟ ਨਿਯਮ ਹਨ" ਅਤੇ ਉਹ ਇਹਨਾਂ ਨਿਯਮਾਂ ਨੂੰ ਤੋੜਨ ਵਾਲੀ ਕਿਸੇ ਵੀ ਚੀਜ਼ ਨੂੰ ਹਟਾ ਦਿੰਦੇ ਹਨ।
ਯੂ-ਟਿਊਬ ਨੇ ਕਿਹਾ ਕਿ ਪਲੇਟਫਾਰਮ ਵਿੱਚ "ਹਿੰਸਕ ਜਾਂ ਗ੍ਰਾਫ਼ਿਕ ਸਮੱਗਰੀ", ਗਲਤ ਜਾਣਕਾਰੀ ਅਤੇ "ਗੰਭੀਰ ਨੁਕਸਾਨ ਦੇ ਗੰਭੀਰ ਖ਼ਤਰੇ ਵਾਲੀ ਗੁੰਮਰਾਹਕੁੰਨ ਜਾਂ ਧੋਖਾਧੜੀ ਵਾਲੀ ਸਮੱਗਰੀ" ਨੂੰ ਰੋਕਣ ਵਾਲੀਆਂ ਸਖ਼ਤ ਨੀਤੀਆਂ ਹਨ।
ਐਕਸ (ਟਵਿੱਟਰ) ਨੇ ਇੱਕ ਸਵੈਚਾਲਿਤ-ਜਵਾਬ ਭੇਜਿਆ ਕਿ ਉਹ ਜਲਦੀ ਹੀ "ਸੰਪਰਕ ਕਰਨਗੇ।"
ਤੁਸੀਂ ਨਕਲੀ ਜਾਂ ਸਟੇਜ ਕੀਤੇ ਵੀਡੀਓਜ਼ ਕਿਵੇਂ ਪਛਾਣ ਸਕਦੇ ਹੋ?

ਤਸਵੀਰ ਸਰੋਤ, Twitter
ਫੈਕਟ ਕ੍ਰੇਸੈਂਡੋ ਭਾਰਤ ਅਤੇ ਹੋਰ ਏਸ਼ੀਆਈ ਦੇਸ਼ਾਂ ਵਿੱਚ ਕੰਮ ਕਰਦਾ ਹੈ। ਇਸ ਦੇ ਮੈਨੇਜਿੰਗ ਐਡੀਟਰ ਹਰੀਸ਼ ਨਾਇਰ ਹਨ।
ਉਹ ਕਹਿੰਦੇ ਹਨ ਕਿ ‘‘ਬਹੁਤ ਸਾਰੇ ਵੀਡੀਓਜ਼ ਦੇਖਣ ਵਿੱਚ ਹੀ ਨਕਲੀ ਅਤੇ ਬਨਾਵਟੀ ਲੱਗਦੇ ਹਨ ਅਤੇ ਉਨ੍ਹਾਂ ਨੂੰ ਦੂਜੇ ਦੇਸ਼ਾਂ ਵਿੱਚ ਬਣਾਇਆ ਤੇ ਸਾਂਝਾ ਕੀਤਾ ਜਾਂਦਾ ਹੈ। ਭਾਰਤੀ ਉਨ੍ਹਾਂ ’ਤੇ ਭਰੋਸਾ ਕਰਦੇ ਹਨ ਅਤੇ ਉਹ ਦੇਸ਼ ਵਿੱਚ ਵਾਇਰਲ ਹੁੰਦੇ ਹਨ ਕਿਉਂਕਿ ਉਹ ਵਧੇਰੇ ਰੂੜੀਵਾਦੀ ਦਰਸ਼ਕਾਂ ਦੁਆਲੇ ਕੇਂਦਰਿਤ ਹੁੰਦੇ ਹਨ।"
ਉਹ ਇਹ ਵੀ ਮੰਨਦੇ ਹਨ ਕਿ ਭਾਰਤੀ "ਵੀਡੀਓ ਸਾਂਝੀਆਂ ਕਰਦੇ ਹਨ ਜੋ ਉਨ੍ਹਾਂ ਨੂੰ ਲੱਗਦਾ ਹੈ ਕਿ ਲੋਕ ਹਿੱਤ ਵਿੱਚ ਜਾਰੀ ਕੀਤੇ ਗਏ ਹਨ।"
ਉਨ੍ਹਾਂ ਮੁਤਾਬਕ, ਸਟੇਜਡ ਵੀਡੀਓਜ਼ ਭਾਰਤ ਵਿੱਚ ਗਲਤ ਜਾਣਕਾਰੀ ਦਾ ਪ੍ਰਚਲਿਤ ਰੁਝਾਨ ਨਹੀਂ ਹਨ। ਫਿਰ ਵੀ ਉਨ੍ਹਾਂ ਦਾ "ਸਮਾਜ ਉੱਤੇ ਬਹੁਤ ਵੱਡਾ ਅਸਰ ਹੈ ਕਿਉਂਕਿ ਉਹ ਪਹਿਲਾਂ ਤੋਂ ਮੌਜੂਦ ਵਿਸ਼ਵਾਸਾਂ ਅਤੇ ਭਾਵਨਾਵਾਂ ਦੀ ਪੁਸ਼ਟੀ ਕਰਦੇ ਹਨ।"
ਪ੍ਰਤੀਕ ਵਾਘਰੇ ਇੰਟਰਨੈੱਟ ਫਰੀਡਮ ਫਾਊਂਡੇਸ਼ਨ ਦੇ ਨੀਤੀ ਨਿਰਦੇਸ਼ਕ ਹਨ। ਇਹ ਫਾਊਂਡੇਸ਼ਨ ਦਿੱਲੀ ਤੋਂ ਆਪਣਾ ਕੰਮ ਚਲਾਉਂਦੀ ਹੈ ਅਤੇ ਡਿਜੀਟਲ ਅਧਿਕਾਰਾਂ ਦੀ ਵਕਾਲਤ ਕਰਦੀ ਹੈ।
ਪ੍ਰਤੀਕ ਕਹਿੰਦੇ ਹਨ,"ਘੱਟ ਮੀਡੀਆ ਸਾਖਰਤਾ ਸਮੱਸਿਆ ਦਾ ਇੱਕ ਪਹਿਲੂ ਹੈ, ਪਰ ਇਹ ਇੱਕ ਅਜਿਹੇ ਸਮਾਜ ਵਿੱਚ ਹੋ ਰਿਹਾ ਹੈ ਜਿੱਥੇ ਸਮਾਜਿਕ ਵੰਡਾਂ ਮੌਜੂਦ ਹਨ ਅਤੇ ਲੋਕ ਪਹਿਲਾਂ ਹੀ ਅਜਿਹਾ ਸੋਚਣ ਲਈ ਤਿਆਰ ਹਨ।"
ਪਰ ਕੋਈ ਵੀਡੀਓ ਵਾਕਈ ਸਕ੍ਰਿਪਟ ਨਾਲ਼ ਬਣਾਈ ਗਈ ਹੈ ਤਾਂ ਇਸ ਦੀ ਜਾਂਚ ਕਰਨ ਦੇ ਕੁਝ ਤਰੀਕੇ ਹਨ।
ਭਾਰਤ ਦੇ ਇੱਕ ਬਹੁ-ਭਾਸ਼ਾਈ ਤੱਥ-ਪੜਤਾਲ ਮੀਡੀਆ ਨਿਊਜ਼ ਚੈਕਰ ਦੀ ਮੈਨੇਜਿੰਗ ਐਡੀਟਰ ਰੂਬੀ ਢੀਂਗਰਾ ਨੇ ਕਿਹਾ ਕਿ ਦਰਸ਼ਕਾਂ ਨੂੰ ਕੈਮਰੇ ਦੇ ਐਂਗਲ, ਥਾਂਵਾਂ, ਪ੍ਰਤੀਕਰਮਾਂ ਅਤੇ ਵੀਡੀਓ ਵਿੱਚ ਵਰਤੀ ਗਈ ਭਾਸ਼ਾ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਦਰਸ਼ਕ ਇਹ ਦੇਖ ਸਕਦੇ ਹਨ ਜੇ ਵੀਡੀਓ ਵਿੱਚ ਨਜ਼ਰ ਆ ਰਹੇ ਲੋਕ ਕੈਮਰੇ ਤੋਂ ਲੁਕ ਰਹੇ ਹਨ ਜਾਂ ਇਸ ਲਈ ਪੋਜ਼ ਦੇ ਰਹੇ ਹਨ। ਕੀ ਉਹ ਸੁਭਾਵਕ ਤੌਰ 'ਤੇ ਬੋਲ ਰਹੇ ਹਨ ਜਾਂ ਉੱਚੀ ਆਵਾਜ਼ ਵਿੱਚ ਅਤੇ ਓਵਰਐਕਟਿੰਗ ਕਰ ਰਹੇ ਹਨ?
ਢੀਂਗਰਾ ਨੇ ਇਹ ਵੀ ਨੋਟ ਕੀਤਾ ਕਿ ਇਸ ਦੀ "ਬਹੁਤ ਘੱਟ ਸੰਭਾਵਨਾ" ਹੈ ਕਿ ਕਿਸੇ ਘਟਨਾ ਨੂੰ ਮੁਕੰਮਲ ਰੂਪ ਵਿੱਚ ਕਈ ਕੈਮਰਿਆਂ ਨਾਲ਼ ਅਤੇ ਬਿਨਾਂ ਕਿਸੇ ਰੁਕਾਵਟ ਦੇ ਕਿਸੇ ਕਹਾਣੀ ਵਾਲ਼ੀ ਵੀਡੀਓਜ਼ ਵਾਂਗ ਰਿਕਾਰਡ ਕੀਤਾ ਗਿਆ ਹੋਵੇ।













