ਇੰਡੋਨੇਸ਼ੀਆ ਭੂਚਾਲ: ‘ਮੇਰੀਆਂ ਅੱਖਾਂ ਸਾਹਮਣੇ ਸਭ ਢਹਿ ਢੇਰੀ ਹੋ ਗਿਆ, ਮੇਰਾ ਬੱਚਾ ਅਜੇ ਵੀ ਲਾਪਤਾ ਹੈ’

ਤਸਵੀਰ ਸਰੋਤ, Getty Images
ਮੰਗਲਵਾਰ ਨੂੰ ਇੰਡੋਨੇਸ਼ੀਆ ਦੇ ਪੱਛਮੀ ਜਾਵਾ ਵਿੱਚ ਤਬਾਹੀਕੁਨ ਭੂਚਾਲ ਤੋਂ ਬਾਅਦ ਬਚਾਅ ਦਸਤਿਆਂ ਵੱਲੋਂ ਤੇਜ਼ੀ ਨਾਲ ਰਾਹਤ ਕਾਰਜ ਜਾਰੀ ਹਨ।
ਕਈ ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ ਹੈ ਪਰ ਅਜੇ ਵੀ ਕੁਝ ਲੋਕਾਂ ਦੇ ਮਲਬੇ ਵਿੱਚ ਫਸੇ ਹੋਣ ਦਾ ਖਦਸ਼ਾ ਹੈ।
ਇਸ ਭੂਚਾਲ ਕਾਰਨ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇਸ ਕੁਦਰਤੀ ਆਫ਼ਤ ਵਿੱਚ 160 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਅਤੇ 700 ਤੋਂ ਵੱਧ ਲੋਕ ਜਖ਼ਮੀ ਹੋਏ ਹਨ।
5.6 ਦੀ ਤੀਬਰਤਾ ਵਾਲੇ ਇਸ ਭੂਚਾਲ ਦਾ ਕੇਂਦਰ ਇੰਡੋਨੇਸ਼ੀਆ ਦਾ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਦੇ ਪਹਾੜੀ ਖੇਤਰ ਦੇ ਸਿਆਨਜੂਰ ਸ਼ਹਿਰ ਦੇ ਨੇੜੇ ਸੀ।
ਸੋਮਵਾਰ ਦੁਪਹਿਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕਰਦਿਆਂ ਹੀ ਲੋਕ ਘਰਾਂ ਤੋਂ ਬਾਹਰ ਸੜਕਾਂ ’ਤੇ ਆ ਗਏ ਦੇਖਦਿਆਂ ਦੇਖਦਿਆਂ ਹੀ ਕਈ ਇਮਾਰਾਤਾਂ ਢਹਿਣ ਲੱਗੀਆਂ।
ਅਸਥਾਈ ਸਿਹਤ ਸੇਵਾਵਾਂ ਦਾ ਪ੍ਰਬੰਧ
ਜਦੋਂ ਭੂਚਾਲ ਆਇਆ ਤਾਂ ਸੈਂਕੜੇ ਲੋਕ ਮਲਬੇ ਹੇਠਾਂ ਦੱਬ ਗਏ ਤੇ ਸਿਆਨਜੂਰ ਵਿੱਚ ਹਸਪਤਾਲ ਹੀ ਨਹੀਂ ਬਲਕਿ ਉਸ ਦੀ ਪਾਰਕਿੰਗ ਵੀ ਪੀੜਤਾਂ ਨਾਲ ਭਰ ਗਈ।
ਭੂਚਾਲ ਪੀੜਤਾਂ ਦੇ ਇਲਾਜ ਲਈ ਅਸਥਾਈ ਤੰਬੂ ਲਗਾਏ ਗਏ ਹਨ। ਕਈ ਲੋਕਾਂ ਨੂੰ ਫੁੱਟਪਾਥ ’ਤੇ ਹੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ।
ਮੈਡੀਕਲ ਕਰਮਚਾਰੀਆਂ ਨੇ ਮਸ਼ਾਲਾਂ ਦੀ ਰੋਸ਼ਨੀ ਹੇਠ ਮਰੀਜ਼ਾਂ ਨੂੰ ਦੇ ਫ਼ੱਟਾਂ ’ਤੇ ਟਾਂਕੇ ਲਗਾਏ।

ਇਹ ਵੀ ਪੜ੍ਹੋ-


ਤਸਵੀਰ ਸਰੋਤ, Getty Images

ਭੂਚਾਲ ਨੇ ਕਿਵੇਂ ਮਚਾਈ ਤਬਾਹੀ
- ਸੋਮਵਾਰ ਸ਼ਾਮ ਨੂੰ ਇੰਡੋਨੇਸ਼ੀਆ ਦੇ ਜਾਵਾ ਵਿੱਚ ਭਿਆਨਕ ਭੂਚਾਲ ਆਇਆ।
- ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉੱਤੇ 5.4 ਨਾਪੀ ਗਈ।
- ਭੂਚਾਲ ਕਾਰਨ ਕਈ ਇਮਾਰਤਾਂ ਜਾਂ ਤਾਂ ਢਹਿ-ਢੇਰੀ ਹੋ ਗਈਆਂ ਜਾਂ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ।
- ਮਲਬੇ ਵਿੱਚ ਦਬੇ ਹੋਣ ਕਾਰਨ ਦਰਜਨਾਂ ਲੋਕਾਂ ਦੀ ਜਾਨ ਗਈ ਤੇ ਸੈਂਕੜੇ ਲੋਕ ਜ਼ਖ਼ਮੀ ਹੋਏ।
- ਕਰੀਬ 7 ਹਜ਼ਾਰ ਲੋਕਾਂ ਨੂੰ ਉਨ੍ਹਾਂ ਦੇ ਘਰੋਂ ਕੱਢ ਕੇ ਸ਼ੈਲਟਰਾਂ ਵਿੱਚ ਪਹੁੰਚਾਇਆ ਗਿਆ ਹੈ।


ਤਸਵੀਰ ਸਰੋਤ, Getty Images
ਕੁਝ ਲੋਕਾਂ ਦੇ ਹਾਲੇ ਵੀ ਫ਼ਸੇ ਹੋ ਸਕਦੇ ਹਨ
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਪੁਲਿਸ ਦੇ ਬੁਲਾਰੇ ਡੇਡੀ ਪ੍ਰਸੇਤਿਓ ਨੇ ਅੰਤਾਰਾ ਸਟੇਟ ਖ਼ਬਰ ਏਜੰਸੀ ਨੂੰ ਦੱਸਿਆ ਕਿ ਮੰਗਲਵਾਰ ਸਵੇਰ ਨੂੰ ਸੈਂਕੜੇ ਪੁਲਿਸ ਅਧਿਕਾਰੀਆਂ ਨੂੰ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਤਾਇਨਾਤ ਕੀਤਾ ਗਿਆ।
ਉਨ੍ਹਾਂ ਕਿਹਾ,"ਕਰਮਚਾਰੀਆਂ ਲਈ ਮੁੱਖ ਕੰਮ ਭੂਚਾਲ ਪ੍ਰਭਾਵਿਤ ਇਲਾਕਿਆਂ ਵਿੱਚੋਂ ਪੀੜਤਾਂ ਨੂੰ ਕੱਢਣ 'ਤੇ ਧਿਆਨ ਦੇਣਾ ਹੀ ਹੈ।"

ਤਸਵੀਰ ਸਰੋਤ, Getty Images
ਬੱਚਿਆਂ ਦੀ ਭਾਲ ਵਿੱਚ ਖੱਜਲ-ਖੁਆਰ ਹੁੰਦੇ ਮਾਪੇ
ਭੂਚਾਲ ਵਿੱਚ ਜ਼ਖਮੀ ਹੋਏ 48-ਸਾਲਾ ਕੁਕੁ ਨੇ ਰਾਇਟਰਜ਼ ਨਾਲ ਗੱਲ ਕਰਦਿਆਂ ਕਿਹਾ,“ਮੇਰੇ ਸੱਤ ਬੱਚੇ ਹਨ, ਅਤੇ ਉਨ੍ਹਾਂ ਵਿੱਚੋਂ ਇੱਕ ਹਾਲੇ ਵੀ ਨਹੀਂ ਮਿਲਿਆ।”
ਉਨ੍ਹਾਂ ਕੁਰਲਾਉਂਦਿਆਂ ਕਿਹਾ,“ ਬੱਚਾ ਨਹੀਂ ਮਿਲਿਆ, ਭੂਚਾਲ ਤੋਂ ਪਹਿਲਾਂ ਉਹ ਘਰ ਵਿੱਚ ਮੌਜੂਦ ਸਨ। ਬੱਚੇ ਹੇਠਾਂ ਸਨ ਅਤੇ ਮੈਂ ਉੱਪਰ ਕੱਪੜੇ ਧੋ ਰਿਹਾ ਸੀ। ਸਭ ਕੁਝ ਮੇਰੇ ਦੇਖਦਿਆਂ ਦੇਖਦਿਆਂ ਢਹਿ ਝੇਰੀ ਹੋ ਗਿਆ ਅਤੇ ਮੈਂ ਇਸ ਬੱਚੇ ਕੋਲ ਹੇਠਾਂ ਡਿੱਗ ਗਿਆ। ਮੇਰਾ ਇੱਕ ਬੱਚਾ ਅਜੇ ਵੀ ਲਾਪਤਾ ਹੈ।”
“ਮੇਰਾ ਘਰ ਮਲਬਾ ਬਣ ਗਿਆ। ਚੰਗਾ ਰੱਬ, ਮੇਰੇ ਦੋ ਬੱਚੇ ਬਚ ਗਏ, ਮੈਂ ਉਨ੍ਹਾਂ ਨੂੰ ਮਲਬੇ ਵਿੱਚੋਂ ਕੱਢਿਆ। ਮੇਰਾ ਇੱਕ ਬੱਚਾ ਹਾਲੇ ਵੀ ਲਾਪਤਾ ਹੈ।”

ਤਸਵੀਰ ਸਰੋਤ, Getty Images
ਝਟਕੇ ਲਗਦਿਆਂ ਹੀ ਲੋਕ ਘਰਾਂ ਤੋਂ ਬਾਹਰ ਭੱਜੇ
45-ਸਾਲਾ ਏਸੇਂਗ ਕੋਮਾਰੂਦੀਨ ਜੋ ਕਿ ਭੂਚਾਲ ਪ੍ਰਭਾਵਿਤ ਇਲਾਕੇ ਵਿੱਚ ਮੌਜੂਦ ਸਨ ਦੱਸਦੇ ਹਨ,
“ਜਦੋਂ ਇਹ ਸਭ ਹੋਇਆ ਮੈਂ ਘਰ ਵਿੱਚ ਹੀ ਸੀ। ਕਰੀਬ ਡੇਢ ਵੱਜੇ (ਸਥਾਨਕ ਸਮਾਂ) ਸਨ ਜਿਵੇਂ ਹੀ ਝਟਕੇ ਮਹਿਸੂਸ ਹੋਣ ਲੱਗੇ ਮੈਂ ਜਲਦੀ ਬਾਹਰ ਆ ਗਿਆ। ਮੈਂ ਕੁਝ ਟੁੱਟਣ ਦੀ ਅਵਾਜ਼ ਸੁਣੀ ਤੇ ਸਭ ਕੁਝ ਢਹਿ ਢੇਰੀ ਹੋ ਗਿਆ।”
ਜਦੋਂ ਭੂਚਾਲ ਆਇਆ ਤਾਂ ਲੋਕ ਘਰਾਂ ਤੋਂ ਬਾਹਰ ਭੱਜੇ ਸੜਕਾਂ ’ਤੇ ਇਕੱਠੇ ਹੋ ਗਏ। ਪਰ ਸੈਂਕੜੇ ਲੋਕ ਮਲਬੇ ਹੇਠਾਂ ਦੱਬ ਗਏ ਉਨਾਂ ਵਿੱਚੋਂ ਕਈਆਂ ਨੂੰ ਕੱਢ ਲਿਆ ਗਿਆ ਤੇ ਕਈਆਂ ਦੀ ਭਾਲ ਹਾਲੇ ਵੀ ਜਾਰੀ ਹੈ।

ਤਸਵੀਰ ਸਰੋਤ, Getty Images
‘ਭੂਚਾਲ ਦੇ ਝਟਕੇ ਆਮ ਨਾਲੋਂ ਤੇਜ਼ ਸਨ’
38 ਸਾਲਾ ਨੂਰੁਲ ਹਿਦਿਆ ਜਿਸ ਸਮੇਂ ਭੂਚਾਲ ਆਇਆ ਦਫ਼ਤਰ ਵਿੱਚ ਹੀ ਮੌਜੂਦ ਸਨ। ਉਹ ਕਹਿੰਦੇ ਹਨ, “ਮੈਂ ਆਮ ਵਾਂਗ ਕੰਮ ਕਰ ਰਿਹਾ ਸੀ, ਦਫਤਰ ਵਿਚ ਰਿਪੋਰਟਾਂ ਤਿਆਰ ਕਰ ਰਿਹਾ ਸੀ।”
“ਸਾਡੇ ਦਫ਼ਤਰ ਵਿੱਚ ਆਮ ਤੌਰ 'ਤੇ ਵੀ ਜੋ ਕੋਈ ਜ਼ੋਰ ਨਾਲ ਤੁਰਦਾ ਹੈ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਜਿਵੇਂ ਇਮਾਰਤ ਹਿੱਲ ਰਹੀ ਹੋਵੇ ਪਰ ਇਹ ਬਹੁਤ ਜ਼ੋਰਦਾਰ ਸੀ ਜਿਵੇਂ ਕਿਸੇ ਨੇ ਮੈਨੂੰ ਧੱਕਾ ਹੀ ਮਾਰ ਦਿੱਤਾ ਹੋਵੇ।”
ਅਹਿਮਦ ਰਿਦਵਾਨ ਇੱਕ ਦਫ਼ਤਰ ਵਿੱਚ ਕੰਮ ਕਰਦੇ ਹਨ। ਜਕਾਰਤਾ ਤੋਂ ਇਥੇ ਆ ਵਸੇ ਅਹਿਮਦ ਵੀ ਭੂਚਾਲ ਤੋਂ ਘਬਰਾ ਗਏ। ਉਹ ਕਹਿੰਦੇ ਹਨ, “ਅਸੀਂ ਜਕਾਰਤਾ ਵਿੱਚ ਇਸ (ਭੂਚਾਲ) ਦੇ ਆਦੀ ਹਾਂ, ਪਰ ਜਦੋਂ ਕੱਲ ਭੂਚਾਲ ਆਇਆ ਤਾਂ ਲੋਕ ਇੰਨੇ ਘਬਰਾ ਗਏ ਕਿ ਉਨ੍ਹਾਂ ਨੂੰ ਦੇਖ ਅਸੀਂ ਵੀ ਚਿੰਤਤ ਹੋ ਗਏ ਤੇ ਘਬਰਾ ਗਏ।”

ਇਹ ਵੀ ਪੜ੍ਹੋ-














