ਨਿਰਮਾਣ ਅਧੀਨ ਸੁਰੰਗ ਦੇ ਡਿੱਗਣ ਮਗਰੋਂ ਬਚਾਅ ਕਾਰਜ ਜਾਰੀ, ਪੰਜਾਬ ਦੇ ਇੱਕ ਵਿਅਕਤੀ ਸਣੇ 8 ਲੋਕ ਫਸੇ

ਤਸਵੀਰ ਸਰੋਤ, ugc
- ਲੇਖਕ, ਅਮਰੇਂਦਰ ਯਾਰਲਾਗੱਡਾ
- ਰੋਲ, ਬੀਬੀਸੀ ਪੱਤਰਕਾਰ
ਤੇਲੰਗਾਨਾ ਵਿੱਚ ਸ਼੍ਰੀਸੈਲਮ ਲੈਫ਼ਟ ਬੈਂਕ ਕਨਾਲ (ਐੱਸਐੱਲਬੀਸੀ) ਸੁਰੰਗ ਵਿੱਚ ਫਸੇ ਕਰਮਚਾਰੀਆਂ ਨੂੰ ਬਾਹਰ ਕੱਡਣ ਲਈ ਐਤਵਾਰ ਸਵੇਰੇ 3 ਵਜੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ।
ਟੀਮ ਵੱਲੋਂ ਪਹਿਲਾਂ ਸੁਰੰਗ ਵਿੱਚੋਂ ਮਿੱਟੀ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਹਾਲਾਂਕਿ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮਜ਼ਦੂਰ ਅਸਲ ਵਿੱਚ ਸੁਰੰਗ ਦੇ ਕਿਸ ਹਿੱਸੇ ਵਿੱਚ ਫਸੇ ਹੋਏ ਹਨ।
ਪ੍ਰਸ਼ਾਸਨ ਦੀ ਜਾਣਕਾਰੀ ਮੁਤਾਬਕ ਸੁਰੰਗ ਵਿੱਚ ਫਸੇ ਅੱਠ ਲੋਕਾਂ ਵਿੱਚੋਂ ਦੋ ਉੱਤਰ ਪ੍ਰਦੇਸ਼ ਤੋਂ, ਚਾਰ ਝਾਰਖੰਡ ਤੋਂ ਅਤੇ ਇੱਕ-ਇੱਕ ਜੰਮੂ-ਕਸ਼ਮੀਰ ਅਤੇ ਪੰਜਾਬ ਤੋਂ ਹੈ।
ਇਨ੍ਹਾਂ ਵਿੱਚੋਂ ਪੰਜਾਬ ਦੇ ਗੁਰਪ੍ਰੀਤ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਚੀਮਾ ਕਲਾਂ ਦੇ ਵਸਨੀਕ ਹਨ।
ਉਹ ਸੁਰੰਗ ਵਿੱਚ ਆਪਰੇਟਰ ਵਜੋਂ ਕੰਮ ਕਰ ਰਹੇ ਹਨ।
ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਈ ਟੀਮਾਂ ਬਚਾਅ ਕਾਰਜਾਂ ਲਈ ਮੌਕੇ 'ਤੇ ਮੌਜੂਦ ਹਨ। ਇਨ੍ਹਾਂ ਵਿੱਚ ਐਨਡੀਆਰਐਫ, ਐਸਡੀਆਰਐਫ ਅਤੇ ਫਾਇਰ ਵਿਭਾਗ ਦੇ ਕਰਮਚਾਰੀ ਸ਼ਾਮਲ ਹਨ।
ਭਾਰਤੀ ਫੌਜ ਦੀ ਟੀਮ ਵੀ ਐਤਵਾਰ ਸਵੇਰੇ 3 ਵਜੇ ਬਚਾਅ ਕਾਰਜ ਲਈ ਮੌਕੇ 'ਤੇ ਪਹੁੰਚੀ ਹੈ।
ਦਰਅਸਲ, ਤੇਲੰਗਾਨਾ ਦੇ ਐਸਐਲਬੀਸੀ ਸੁਰੰਗ ਵਿੱਚ ਸ਼ਨੀਵਾਰ ਸਵੇਰੇ 8.30 ਵਜੇ ਵੱਡਾ ਹਾਦਸਾ ਵਾਪਰਿਆ ਸੀ। ਇਸ ਹਾਦਸੇ ਵਿੱਚ ਕਈ ਮਜ਼ਦੂਰ ਜ਼ਖਮੀ ਹੋ ਗਏ ਸਨ ਅਤੇ ਅੱਠ ਲੋਕਾਂ ਦੇ ਸੁਰੰਗ ਦੇ ਅੰਦਰ ਫਸੇ ਹੋਣ ਦੀ ਖ਼ਬਰ ਸੀ।

ਅਮਰਾਬਾਦ ਮੰਡਲ ਦੇ ਤਹਿਸੀਲਦਾਰ ਮੂਰਤੀ ਨੇ ਬੀਬੀਸੀ ਨੂੰ ਦੱਸਿਆ ਕਿ ਅੱਠ ਮਜ਼ਦੂਰ ਅਤੇ ਤਕਨੀਕੀ ਕਰਮਚਾਰੀ ਸੁਰੰਗ ਦੇ ਅੰਦਰ ਫਸ ਗਏ ਸਨ।
ਉਨ੍ਹਾਂ ਕਿਹਾ, "ਖਬਰ ਹੈ ਕਿ ਅੱਠ ਲੋਕ ਅੰਦਰ ਫਸੇ ਹੋਏ ਹਨ। ਉਨ੍ਹਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹਨ।"
ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਹੈ ਕਿ ਸੁਰੰਗ ਦੇ 14ਵੇਂ ਕਿਲੋਮੀਟਰ ਪੁਆਇੰਟ 'ਤੇ ਸੁਰੰਗ ਦੀ ਛੱਤ ਢਹਿ ਗਈ ਹੈ।
ਸੁਰੰਗ ਸਬੰਧੀ ਕੰਮ ਕਰਨ ਲਈ ਸ਼ਨੀਵਾਰ ਸਵੇਰੇ ਮਜ਼ਦੂਰ ਅਤੇ ਤਕਨੀਕੀ ਕਰਮਚਾਰੀ ਸੁਰੰਗ ਦੇ ਅੰਦਰ ਗਏ ਸਨ।

ਨਰਿੰਦਰ ਮੋਦੀ ਨੇ ਮੁੱਖ ਮੰਤਰੀ ਨਾਲ ਕੀਤੀ ਗੱਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਲਈ।
ਉਨ੍ਹਾਂ ਬਚਾਅ ਕਾਰਜ ਲਈ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ।
ਤੇਲੰਗਾਨਾ ਸੂਬੇ ਦੇ ਸਿੰਚਾਈ ਮੰਤਰੀ ਨੇ ਸ਼ਨੀਵਾਰ ਸ਼ਾਮ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਸਰਕਾਰ ਸੁਰੰਗ ਵਿੱਚ ਫਸੇ ਅੱਠ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

ਤਸਵੀਰ ਸਰੋਤ, UGC
ਕਿਵੇਂ ਵਾਪਰਿਆ ਹਾਦਸਾ
ਇਹ ਐੱਸਐੱਲਬੀਸੀ ਸੁਰੰਗ ਦੀ ਕੰਮ ਨਗਰਕੁਰਨੂਲ ਜ਼ਿਲ੍ਹੇ ਦੇ ਅਮਰਾਬਾਦ ਮੰਡਲ ਦੇ ਪਿੰਡ ਡੋਮਲਾਪੇਂਟਾ ਵਿੱਚ ਚੱਲ ਰਿਹਾ ਹੈ।
ਇਹ ਸ਼੍ਰੀਸੈਲਮ ਪ੍ਰੋਜੈਕਟ ਦੇ ਬਹੁਤ ਕਰੀਬ ਹੈ।
ਸ਼ੁਰੂਆਤੀ ਰਿਪੋਰਟਾਂ ਵਿੱਚ ਸੰਕੇਤ ਮਿਲਿਆ ਸੀ ਕਿ ਜਿੱਥੇ ਸੁਰੰਗ ਦਾ ਕੰਮ ਚੱਲ ਰਿਹਾ ਸੀ, ਉੱਥੇ ਅਚਾਨਕ ਲੀਕੇਜ ਦੇ ਕਾਰਨ ਪਾਣੀ ਦਾਖਲ ਹੋ ਗਿਆ।
ਅਮਰਾਬਾਦ ਦੇ ਸਰਕਲ ਇੰਸਪੈਕਟਰ ਨੇ ਬੀਬੀਸੀ ਨੂੰ ਦੱਸਿਆ, "ਸੁਰੰਗ ਦੇ ਅੰਦਰ ਲਗਭਗ 13 ਜਾਂ 14 ਕਿਲੋਮੀਟਰ ਕੰਮ ਚੱਲ ਰਿਹਾ ਹੈ। ਸਵੇਰੇ ਲਗਭਗ 8:30 ਤੋਂ 9 ਵਜੇ, ਸਾਨੂੰ ਖ਼ਬਰ ਮਿਲੀ ਕਿ ਅਚਾਨਕ ਸੁਰੰਗ ਵਿੱਚ ਚਿੱਕੜ ਅਤੇ ਪਾਣੀ ਵਹਿਣਾ ਸ਼ੁਰੂ ਹੋ ਗਿਆ। ਬਾਹਰ ਮੌਜੂਦ ਮਜ਼ਦੂਰਾਂ ਨੇ ਦੱਸਿਆ ਕਿ ਅੱਠ ਮਜ਼ਦੂਰ ਅੰਦਰ ਫਸੇ ਹੋਏ ਹਨ।"
ਉਨ੍ਹਾਂ ਕਿਹਾ ਕਿ ਇਹ ਅਜੇ ਵੀ ਸਪੱਸ਼ਟ ਕਰਨ ਦੀ ਲੋੜ ਹੈ ਕਿ ਇਹ ਹਾਦਸਾ ਕਿਵੇਂ ਹੋਇਆ ਅਤੇ ਸੁਰੰਗ ਦੇ ਅੰਦਰ ਅਸਲ ਵਿੱਚ ਕੀ ਹੋਇਆ।

ਤਸਵੀਰ ਸਰੋਤ, Uttam Kumar Reddy @FB
ਅਬਰਾਬਾਦ ਦੇ ਸੀਆਈ ਨੇ ਬੀਬੀਸੀ ਨੂੰ ਦੱਸਿਆ, "ਕਰੀਬ 13 ਜਾਂ 14 ਕਿਲੋਮੀਟਰ 'ਤੇ ਕੰਮ ਚੱਲ ਰਿਹਾ ਹੈ। ਸਵੇਰੇ ਕਰੀਬ ਸਾਢੇ ਅੱਠ ਤੋਂ ਨੌ ਵਜੇ ਦੇ ਵਿਚਾਲੇ ਸੂਚਨਾ ਮਿਲੀ ਕਿ ਅਚਾਨਕ ਚਿੱਕੜ ਅਤੇ ਪਾਣੀ ਨਿਕਲ ਰਿਹਾ ਹੈ। ਬਾਕੀ ਸਟਾਫ ਨੇ ਦੱਸਿਆ ਕਿ ਅੱਠ ਕਰਮਚਾਰੀ ਅੰਦਰ ਫਸੇ ਹੋਏ ਸੀ।"
ਉਨ੍ਹਾਂ ਦੱਸਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ ਅਤੇ ਅਸਲ ਵਿੱਚ ਕੀ ਹੋਇਆ, ਇਸ ਬਾਰੇ ਅਜੇ ਸਪੱਸ਼ਟ ਪਤਾ ਨਹੀਂ ਲੱਗਿਆ।
ਮੰਤਰੀ ਕੋਮਾਤੀਰੇਡੀ ਵੈਂਕਟ ਰੈੱਡੀ ਨੇ ਐੱਸਐੱਲਬੀਸੀ ਸੁਰੰਗ ਹਾਦਸੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਹਾਦਸੇ ਦੇ ਕਾਰਨਾਂ ਬਾਰੇ ਦੱਸਿਆ ਹੈ।
ਉਨ੍ਹਾਂ ਕਿਹਾ, "ਇਹ ਹਾਦਸਾ ਸ਼੍ਰੀਸੈਲਮ ਤੋਂ ਦੇਵਰਕੋਂਡਾ ਵੱਲ ਜਾਣ ਵਾਲੀ ਸੁਰੰਗ ਦੇ 14ਵੇਂ ਕਿਲੋਮੀਟਰ ਇਨਲੇਟ (ਡੋਮਾਲਾਪੇਂਟਾ ਦੇ ਕੋਲ) 'ਤੇ ਲੀਕੇਜ ਨੂੰ ਕਵਰ ਕਰਨ ਵਾਲੇ ਕੰਕਰੀਟ ਦੇ ਹਿੱਸੇ ਦੇ ਖਿਸਕਣ ਦੇ ਕਾਰਨ ਵਾਪਰਿਆ।"
ਸੂਬੇ ਦੇ ਮੁੱਖ ਮੰਤਰੀ ਨੇ ਕੀ ਕਿਹਾ
ਸੂਬੇ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਦੇ ਮੁੱਖ ਦਫ਼ਤਰ ਨੇ ਸੋਸ਼ਲ ਮੀਡੀਆ 'ਤੇ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਲਿਖਿਆ, "ਸੁਰੰਗ ਵਿੱਚ ਛੱਤ ਡਿੱਗਣ ਅਤੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦ ਸੂਚਨਾ ਮਿਲਣ ਤੋਂ ਬਾਅਦ ਮੁੱਖ ਮੰਤਰੀ ਨੇ ਤੁਰੰਤ ਅਧਿਕਾਰੀਆਂ ਨੂੰ ਸੁਚੇਤ ਕੀਤਾ ਹੈ। ਜ਼ਿਲ੍ਹਾ ਕੁਲੈਕਟਰ, ਐੱਸਪੀ, ਅੱਗ ਵਿਭਾਗ, ਹਾਈਡਰਾ ਅਤੇ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਘਟਨਾ ਸਥਾਨ 'ਤੇ ਪਹੁੰਚ ਕੇ ਅਤੇ ਰਾਹਤ ਕਾਰਜ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ ਹਨ।"
ਮੁੱਖ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਆਦੇਸ਼ ਮਿਲਣ ਤੋਂ ਬਾਅਦ ਸਿੰਜਾਈ ਮੰਤਰੀ, ਸਿੰਜਾਈ ਸਲਾਹਕਾਰ ਅਤੇ ਹੋਰ ਅਧਿਕਾਰੀ ਵਿਸ਼ੇਸ਼ ਹੈਲੀਕਾਪਟਰ ਤੋਂ ਘਟਨਾਸਥਾਨ ਲਈ ਰਵਾਨਾ ਹੋ ਗਏ ਹਨ।
ਮੁੱਖ ਮੰਤਰੀ ਨੇ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਦਫ਼ਤਰ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਹਾਦਸੇ ਦੀ ਸੂਚਨਾ ਮਿਲਣ 'ਤੇ ਤੁਰੰਤ ਸਿੰਜਾਈ ਮੰਤਰੀ ਉੱਤਮ ਕੁਮਾਰ ਰੈੱਡੀ, ਮੰਤਰੀ ਜੁਪੱਲੀ ਕ੍ਰਿਸ਼ਨਾ ਰਾਓ ਅਤੇ ਹੋਰ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ 'ਤੇ ਜਾਣ ਦੇ ਨਿਰਦੇਸ਼ ਦਿੱਤੇ ਹਨ।

ਤਸਵੀਰ ਸਰੋਤ, PTI
ਕੰਪਨੀ ਨੇ ਕੀ ਕਿਹਾ
ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਪੀਟੀਆਈ ਨੇ ਜਾਣਕਾਰੀ ਦਿੱਤੀ ਹੈ ਕਿ ਹਾਦਸਾ ਕਿੰਨਾ ਵੱਡਾ ਹੈ, ਇਸ ਦਾ ਅੰਦਾਜ਼ਾ ਲਗਾਉਣ ਦੇ ਲਈ ਨਿਰਮਾਣ ਕਾਰਜ ਕਰ ਰਹੀ ਕੰਪਨੀ ਦੀ ਟੀਮ ਸੁਰੰਗ ਦੇ ਨੇੜੇ ਗਈ ਹੈ।
ਖਬਰ ਏਜੰਸੀ ਪੀਟੀਆਈ ਨੇ ਕੰਪਨੀ ਤੋਂ ਮਿਲੀ ਜਾਣਕਾਰੀ ਦੇ ਹਵਾਲੇ ਨਾਲ ਕਿਹਾ ਹੈ ਕਿ ਹਾਦਸੇ ਦੇ ਕਾਰਨ ਘੱਟੋ-ਘੱਟ 8 ਮਜ਼ਦੂਰ ਸੁਰੰਗ ਵਿੱਚ ਫਸ ਗਏ ਹਨ।
ਐੱਸਐੱਲਬੀਸੀ ਸੁਰੰਗ (ਸ਼੍ਰੀਸੈਲਮ ਲੈਫਟ ਬੈਂਕ ਕਨਾਲ) ਪ੍ਰਾਜੈਕਟ ਦਾ ਹਿੱਸਾ ਹੈ।
ਇਸ ਸੁਰੰਗ ਜਰੀਏ ਸ਼੍ਰੀਸੈਲਮ ਪ੍ਰਾਜੈਕਟ ਤੋਂ ਕ੍ਰਿਸ਼ਨ ਨਦੀ ਦਾ ਪਾਣੀ ਨਾਲਗੋਂਡਾ ਜ਼ਿਲ੍ਹੇ ਤੱਕ ਪਹੁੰਚਾਇਆ ਜਾਣਾ ਹੈ।
ਤੇਲੰਗਾਨਾ ਦੇ ਸਿੰਜਾਈ ਮੰਤਰੀ ਉੱਤਮ ਕੁਮਾਰ ਰੈੱਡੀ ਨੇ ਬੀਤੇ ਸਾਲ ਕਿਹਾ ਸੀ ਕਿ 30 ਟ੍ਰਿਲੀਅਨ ਮੀਟਰਿਕ ਟਨ ਦੀ ਸਮਰੱਥਾ ਵਾਲੀ ਇਹ ਸੁਰੰਗ ਪ੍ਰਤੀ ਦਿਨ ਚਾਰ ਹਜ਼ਾਰ ਕਿਊਸਿਕ ਪਾਣੀ ਨਾਲਗੋਂਡਾ ਤੱਕ ਪਹੁੰਚਾ ਸਕੇਗੀ।















