ਜਦੋਂ ਬੰਦੂਕਧਾਰੀਆਂ ਨੇ ਟੈਲੀਵਿਜ਼ਨ ਸਟੂਡੀਓ ’ਤੇ ਲਾਈਵ ਪ੍ਰਸਾਰਣ ਮੌਕੇ ਕਬਜ਼ਾ ਕੀਤਾ

ਇਕਵਾਡੋਰ
ਤਸਵੀਰ ਕੈਪਸ਼ਨ, ਟੀਵੀ ਸਟੂਡੀਓ 'ਤੇ ਹੋਏ ਹਮਲੇ ਦੌਰਾਨ ਇੱਕ ਬੰਦੂਕਧਾਰੀ ਨੇ ਇੱਕ ਬੰਦੇ ਦੇ ਸਿਰ ਉਪਰ ਹਥਿਆਰ ਦਾ ਮੁੱਠਾ ਮਾਰਿਆ
    • ਲੇਖਕ, ਮੈਰੀਟਾ ਮੋਲੋਨੀ ਅਤੇ ਪੈਟਰਿਕ ਜੈਕਸਨ
    • ਰੋਲ, ਬੀਬੀਸੀ ਨਿਊਜ਼

ਕੁਝ ਨਕਾਬਪੋਸ਼ ਬੰਦੂਕਧਾਰੀ ਮੰਗਲਵਾਰ ਨੂੰ ਇਕਵਾਡੋਰ ਵਿੱਚ ਇੱਕ ਟੈਲੀਵਿਜ਼ਨ 'ਤੇ ਚੱਲ ਰਹੇ ਲਾਈਵ ਪ੍ਰਸਾਰਣ ਦੌਰਾਨ ਸਟੂਡੀਓ ਵਿੱਚ ਦਾਖਲ ਹੋ ਗਏ। ਉਹਨਾਂ ਨੇ ਸਹਿਮੇ ਹੋਏ ਸਟਾਫ ਨੂੰ ਧਮਕੀਆਂ ਦਿੱਤੀਆਂ।

ਉਹਨਾਂ ਨੇ ਗੁਆਯਾਕਿਲ ਸ਼ਹਿਰ ਵਿੱਚ ਪਬਲਿਕ ਟੈਲੀਵਿਜ਼ਨ ਚੈਨਲ ਟੀਸੀ ਦੇ ਕਰਮਚਾਰੀਆਂ ਨੂੰ ਫਰਸ਼ 'ਤੇ ਲੇਟਨ ਲਈ ਮਜਬੂਰ ਕੀਤਾ ਅਤੇ ਉਸ ਤੋਂ ਬਾਅਦ ਲਾਈਵ ਫੀਡ ਕੱਟ ਦਿੱਤੀ।

ਇਹਨਾਂ ਹਮਲਾਵਰਾਂ ਨੂੰ ਬਾਅਦ ਵਿੱਚ ਕਈ ਬੰਧਕਾਂ ਦੇ ਨਾਲ ਸਟੂਡੀਓ ਵਿੱਚੋਂ ਨਿੱਕਲਦੇ ਦੇਖਿਆ ਗਿਆ।

ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ।

ਇਕਵਾਡੋਰ ਵਿੱਚ ਸੋਮਵਾਰ ਨੂੰ ਉਸ ਸਮੇਂ 60 ਦਿਨਾਂ ਦੀ ਐਮਰਜੈਂਸੀ ਸ਼ੁਰੂ ਹੋਈ ਸੀ ਜਦੋਂ ਇੱਕ ਬਦਨਾਮ ਗੈਂਗਸਟਰ ਆਪਣੀ ਜੇਲ੍ਹ ਦੀ ਕੋਠੜੀ ਤੋਂ ਲਾਪਤਾ ਹੋ ਗਿਆ ਸੀ।

ਇਹ ਹਾਲੇ ਸਪਸ਼ਟ ਨਹੀਂ ਹੈ ਕਿ ਕੀ ਗੁਆਯਾਕਿਲ ਦੇ ਟੀਵੀ ਸਟੂਡੀਓ ਵਿੱਚ ਵਾਪਰੀ ਘਟਨਾ ਚੋਨੇਰੋਸ ਗੈਂਗ ਦੇ ਮੁਖੀ ਅਡੋਲਫੋ ਮੈਕਿਆਸ ਵਿਲਾਮਾਰ (ਫਿਟੋ) ਦੇ ਜੇਲ੍ਹ ਵਿੱਚੋਂ ਲਾਪਤਾ ਹੋਣ ਨਾਲ ਸਬੰਧਤ ਹੈ ਜਾਂ ਨਹੀਂ।

ਘਟਨਾ ਦਾ ਅਸਰ

ਇਕਵਾਡੋਰ

ਤਸਵੀਰ ਸਰੋਤ, REUTERS

ਤਸਵੀਰ ਕੈਪਸ਼ਨ, ਮੰਗਲਵਾਰ ਸਵੇਰ ਲਗਭਗ 40 ਕੈਦੀਆਂ ਸਮੇਤ ਇੱਕ ਦੋਸ਼ੀ ਡਰੱਗ ਮਾਲਕ ਜੇਲ੍ਹ ਵਿੱਚੋਂ ਬਾਹਰ ਆ ਗਏ ਸਨ।

ਗੁਆਂਢੀ ਮੁਲਕ ਪੇਰੂ ਵਿੱਚ ਸਰਕਾਰ ਨੇ ਸਥਿਤੀ ਨੂੰ ਦੇਖਦਿਆਂ ਪੁਲਿਸ ਬਲਾਂ ਦੀ ਸਰਹੱਦ ਉਪਰ ਤੁਰੰਤ ਤਾਇਨਾਤੀ ਦੇ ਆਦੇਸ਼ ਦਿੱਤੇ ਹਨ ਤਾਂ ਜੋ ਇਸ ਦਾ ਪਰਛਾਵਾਂ ਸਰਹੱਦ ਪਾਰ ਨਾ ਕਰ ਸਕੇ।

ਅਮਰੀਕਾ ਨੇ ਕਿਹਾ ਹੈ ਕਿ ਉਹ ਇਕਵਾਡੋਰ ਵਿੱਚ "ਹੈਰਾਨ ਕਰਨ ਵਾਲੇ ਹਮਲਿਆਂ" ਦੀ ਨਿੰਦਾ ਕਰਦਾ ਹੈ।

ਅਮਰੀਕਾ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਡੇਨੀਅਲ ਨੋਬੋਆ ਅਤੇ ਉਹਨਾਂ ਦੀ ਸਰਕਾਰ ਨਾਲ "ਤਾਲਮੇਲ" ਕਰ ਰਿਹਾ ਹੈ ਅਤੇ ਇਕਵਾਡੋਰ ਦੀ "ਸਹਾਇਤਾ ਲਈ ਤਿਆਰ" ਹੈ।

ਇਕਵਾਡੋਰ ਦੁਨੀਆ ਦੇ ਚੋਟੀ ਦੇ ਕੇਲਾ ਨਿਰਯਾਤਕਾਂ ਵਿੱਚੋਂ ਇੱਕ ਹੈ, ਪਰ ਇਹ ਤੇਲ, ਕੌਫੀ, ਝੀਂਗਾ ਅਤੇ ਮੱਛੀ ਉਤਪਾਦਾਂ ਦਾ ਨਿਰਯਾਤ ਵੀ ਕਰਦਾ ਹੈ।

ਐਂਡੀਅਨ ਵਿੱਚ ਹਿੰਸਾ ਅਮਰੀਕਾ ਅਤੇ ਯੂਰਪ ਵਿੱਚ ਕੋਕੀਨ ਦੇ ਰੂਟਾਂ ਦੇ ਨਿਯੰਤਰਣ ਨੂੰ ਲੈ ਕੇ ਵਿਦੇਸ਼ੀ ਅਤੇ ਸਥਾਨਕ ਡਰੱਗ ਕਾਰਟੈਲਾਂ ਨਾਲ ਜੁੜੀ ਹੋਈ ਹੈ। ਇਸ ਵਿੱਚ ਜੇਲ੍ਹਾਂ ਦੇ ਅੰਦਰ ਅਤੇ ਬਾਹਰ ਵਾਲੀ ਹਿੰਸਾ ਵੀ ਸ਼ਾਮਿਲ ਹੈ।

ਸਟੂਡੀਓ ’ਚ ਹਿੰਸਾ ਕਿਵੇਂ ਹੋਈ ?

ਟੀਵੀ ਸਟੂਡੀਓ 'ਤੇ ਹੋਏ ਹਮਲੇ ਦੌਰਾਨ ਇੱਕ ਬੰਦੂਕਧਾਰੀ ਨੇ ਇੱਕ ਬੰਦੇ ਦੇ ਸਿਰ ਉਪਰ ਹਥਿਆਰ ਦਾ ਮੁੱਠਾ ਮਾਰਿਆ ਅਤੇ ਰਿਵਾਲਵਰ ਨਾਲ ਧਮਕੀ ਵੀ ਦਿੱਤੀ।

ਏਐਫਪੀ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਇੱਕ ਔਰਤ ਨੂੰ ਬੇਨਤੀ ਕਰਦਿਆਂ ਸੁਣਿਆ ਜਾ ਸਕਦਾ ਹੈ। ਉਹ ਕਹਿ ਰਹੀ ਸੀ, "ਗੋਲੀ ਨਾ ਚਲਾਓ, ਕਿਰਪਾ ਕਰਕੇ ਗੋਲੀ ਨਾ ਚਲਾਓ।"

ਇੱਕ ਵਿਅਕਤੀ ਨੂੰ ਦਰਦ ਨਾਲ ਚੀਕਦੇ ਵੀ ਸੁਣਿਆ ਜਾ ਸਕਦਾ ਹੈ।

ਇੱਕ ਟੀਸੀ ਕਰਮਚਾਰੀ ਨੇ ਇੱਕ ਵਟਸਐਪ ਸੰਦੇਸ਼ ਵਿੱਚ ਏਐੱਫਪੀ ਨੂੰ ਦੱਸਿਆ, “ਉਹ ਸਾਨੂੰ ਮਾਰਨ ਲਈ ਆਏ ਸਨ। ਰੱਬ ਇਹ ਨਾ ਹੋਣ ਦੇਵੇ। ਅਪਰਾਧੀ ਟੀਵੀ ’ਤੇ ਆਨ ਏਅਰ ਹੋ ਗਏ।"

ਇਕਵਾਡੋਰ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਸੁਰੱਖਿਆ ਬਲ ਘੱਟੋ-ਘੱਟ ਛੇ ਜੇਲ੍ਹਾਂ ਵਿੱਚ ਵਿਵਸਥਾ ਨੂੰ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿੱਥੇ ਸੋਮਵਾਰ ਨੂੰ ਦੰਗੇ ਹੋਏ ਸਨ।

ਰਾਸ਼ਟਰਪਤੀ ਨੇ ਕੀ ਕਿਹਾ ?

ਰਾਸ਼ਟਰਪਤੀ ਨੋਬੋਆ ਨੇ ਕਿਹਾ ਕਿ ਦੇਸ਼ ਵਿੱਚ ਹੁਣ ਇੱਕ "ਅੰਦਰੂਨੀ ਹਥਿਆਰਬੰਦ ਸੰਘਰਸ਼" ਮੌਜੂਦ ਹੈ ਅਤੇ ਉਹ ਹਥਿਆਰਬੰਦ ਬਲਾਂ ਨੂੰ "ਰੋਕਣ ਲਈ ਫੌਜ ਨੂੰ ਲਾਮਬੰਦ” ਕਰ ਰਹੇ ਹਨ।

ਇਸ ਨੂੰ ਉਹਨਾਂ ਨੇ "ਅੰਤਰਰਾਸ਼ਟਰੀ ਸੰਗਠਿਤ ਅਪਰਾਧ ਅਤੇ ਅੱਤਵਾਦੀ ਸੰਗਠਨ ਕਿਹਾ ਹੈ।

ਉਹ ਹਾਲ ਹੀ ਦੇ ਜੇਲ੍ਹ ਦੰਗਿਆਂ ਅਤੇ ਜੇਲ੍ਹਾਂ ਤੋਂ ਭੱਜਣ ਵਾਲੇ ਅਪਰਾਧਿਕ ਗਰੋਹਾਂ ਬਾਰੇ ਜਵਾਬ ਦੇ ਰਹੇ ਸਨ।

ਉਨ੍ਹਾਂ ਦੇ ਆਦੇਸ਼ਾਂ ਵਿੱਚ ਚੋਨੇਰੋਸ ਅਤੇ 21 ਹੋਰ ਗੈਂਗਾਂ ਨੂੰ ਸੂਚੀਬੱਧ ਕੀਤਾ ਗਿਆ ਹੈ।

ਸੋਮਵਾਰ ਨੂੰ ਘੋਸ਼ਿਤ ਐਮਰਜੈਂਸੀ ਦੀ ਸਥਿਤੀ ਬਾਰੇ ਇਹ ਆਦੇਸ਼ ਹਿੰਸਾ ਨੂੰ ਰੋਕਣ ਦੀ ਕੋਸ਼ਿਸ਼ ਲਈ ਹਨ, ਜਿਸ ਵਿੱਚ ਰਾਤ ਦੇ ਕਰਫਿਊ ਦੇ ਆਦੇਸ਼ ਵੀ ਸ਼ਾਮਿਲ ਹਨ।

ਇਕਵਾਡੋਰ

ਹਾਲਾਤ ਕਿਵੇਂ ਵਿਗੜ ਰਹੇ ਹਨ ?

ਸੁਰੱਖਿਆ ਬਲ ਘੱਟੋ-ਘੱਟ ਛੇ ਜੇਲ੍ਹਾਂ ਵਿੱਚ ਵਿਵਸਥਾ ਨੂੰ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿੱਥੇ ਸੋਮਵਾਰ ਨੂੰ ਦੰਗੇ ਹੋਏ ਸਨ।

ਮੰਗਲਵਾਰ ਸਵੇਰ ਲਗਭਗ 40 ਕੈਦੀਆਂ ਸਮੇਤ ਇੱਕ ਦੋਸ਼ੀ ਡਰੱਗ ਮਾਲਕ ਜੇਲ੍ਹ ਵਿੱਚੋਂ ਬਾਹਰ ਆ ਗਏ ਸਨ।

ਏਐੱਫਪੀ ਮੁਤਾਬਕ ਘੱਟੋ-ਘੱਟ ਸੱਤ ਪੁਲਿਸ ਅਧਿਕਾਰੀਆਂ ਨੂੰ ਅਗਵਾ ਕਰ ਲਿਆ ਗਿਆ ਸੀ, ਇਸ ਘਟਨਾ ਨੂੰ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਅਗਵਾ ਕੀਤੇ ਗਏ ਤਿੰਨ ਅਧਿਕਾਰੀ ਜ਼ਮੀਨ 'ਤੇ ਬੰਦੂਕ ਲੈ ਕੇ ਬੈਠੇ ਹਨ।

ਇੱਕ ਨੂੰ ਰਾਸ਼ਟਰਪਤੀ ਨੋਬੋਆ ਨੂੰ ਸੰਬੋਧਿਤ ਇੱਕ ਬਿਆਨ ਪੜ੍ਹਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਅਫਸਰ ਪੜ੍ਹਦਾ ਹੈ, "ਤੁਸੀਂ ਜੰਗ ਦਾ ਐਲਾਨ ਕਰ ਦਿੱਤਾ ਹੈ, ਹੁਣ ਤੁਸੀਂ ਯੁੱਧ ਦੇਖੋਂਗੇ।"

"ਤੁਸੀਂ ਐਮਰਜੈਂਸੀ ਦਾ ਐਲਾਨ ਕੀਤਾ ਹੈ। ਅਸੀਂ ਪੁਲਿਸ, ਨਾਗਰਿਕਾਂ ਅਤੇ ਸੈਨਿਕਾਂ ਦੀ ਲੁੱਟ ਦਾ ਐਲਾਨ ਕਰਦੇ ਹਾਂ।"

‘ਸ਼ਹਿਰ ’ਚ ਬਹੁਤ ਜ਼ਿਆਦਾ ਘਬਰਾਹਟ ਹੈ’

ਇਕਵਾਡੋਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲ ਹੀ ਦੇ ਸਾਲਾਂ ਵਿੱਚ ਦੇਸ਼ ਦੀਆਂ ਜੇਲ੍ਹਾਂ ਵਿਰੋਧੀ ਗਿਰੋਹਾਂ ਦੀਆਂ ਹਿੰਸਕ ਝੜਪਾਂ ਨਾਲ ਭਰੀਆਂ ਪਈਆਂ ਹਨ

ਕਿਊਟੋ ਦੇ ਵਸਨੀਕਾਂ ਨੇ ਰੌਇਟਰਜ਼ ਨਿਊਜ਼ ਏਜੰਸੀ ਨੂੰ ਦੱਸਿਆ ਕਿ ਗੁਆਯਾਕਿਲ ਦੇ ਟੀਵੀ ਸਟੂਡੀਓ 'ਤੇ ਹਮਲੇ ਦੀ ਖ਼ਬਰ ਤੋਂ ਬਾਅਦ ਸ਼ਹਿਰ ਵਿੱਚ ਹਫੜਾ-ਦਫੜੀ ਮਚ ਗਈ ਸੀ।

ਇੱਕ ਹੋਰ ਵਸਨੀਕ ਮਾਰੀਓ ਯੂਰੇਨਾ ਨੇ ਕਿਹਾ, "ਸ਼ਹਿਰ ਵਿੱਚ ਬਹੁਤ ਜ਼ਿਆਦਾ ਘਬਰਾਹਟ ਹੈ। ਕੰਮ ਤੋਂ ਲੋਕ ਪਹਿਲਾਂ ਨਿਕਲ ਰਹੇ ਹਨ। ਤੁਸੀਂ ਹਰ ਪਾਸੇ ਬਹੁਤ ਆਵਾਜਾਈ ਅਤੇ ਅਲਾਰਮ ਦੇਖਦੇ ਹੋ, ਸ਼ਹਿਰ ਵਿੱਚ ਇੱਕ ਹਫੜਾ-ਦਫੜੀ ਦਾ ਮਾਹੌਲ ਹੈ।"

ਕੁਏਨਕਾ ਸ਼ਹਿਰ ਦੇ ਹੋਰ ਲੋਕਾਂ ਨੇ ਏਐਫਪੀ ਨੂੰ ਦੱਸਿਆ ਕਿ ਟੀਵੀ ਸਟੇਸ਼ਨ ਨੂੰ ਜ਼ਬਤ ਕੀਤਾ ਹੋਇਆ ਦੇਖ ਕੇ ਉਹ ਸਦਮੇ ਵਿੱਚ ਹਨ।

ਫਰਾਂਸਿਸਕੋ ਰੋਸਾਸ ਨੇ ਕਿਹਾ, "ਇਕਵਾਡੋਰ ਵਿੱਚ ਅਸੀਂ ਇਸ ਤਰ੍ਹਾਂ ਦੇ ਹਲਾਤ ਕਦੇ ਨਹੀਂ ਵੇਖੇ ਸਨ, ਜਿੱਥੇ ਇੱਕ ਚੈਨਲ ਨੂੰ ਹਾਈਜੈਕ ਕੀਤਾ ਗਿਆ ਹੋਵੇ ਅਤੇ ਪ੍ਰਸਾਰਣ ਗੋਲੀਬਾਰੀ ਨਾਲ ਸ਼ੁਰੂ ਹੁੰਦਾ ਹੋਵੇ।"

"ਸਾਨੂੰ ਕਿਸ ਕਿਸਮ ਦੀ ਸੁਰੱਖਿਆ ਦਿੱਤੀ ਜਾ ਰਹੀ ਹੈ? ਜੇਕਰ ਕੋਈ ਟੈਲੀਵਿਜ਼ਨ ਸਟੂਡੀਓ ਇਸ ਕਿਸਮ ਦੀ ਲੁੱਟ ਅਤੇ ਅਸੁਰੱਖਿਆ ਦਾ ਸ਼ਿਕਾਰ ਹੈ ਤਾਂ ਰੈਸਟੋਰੈਂਟਾਂ ਜਾਂ ਦੁਕਾਨਾਂ ਦਾ ਕੀ ਹੋਵੇਗਾ?"

ਹਾਲ ਹੀ ਦੇ ਸਾਲਾਂ ਵਿੱਚ ਦੇਸ਼ ਦੀਆਂ ਜੇਲ੍ਹਾਂ ਵਿਰੋਧੀ ਗਿਰੋਹਾਂ ਦੀਆਂ ਹਿੰਸਕ ਝੜਪਾਂ ਨਾਲ ਭਰੀਆਂ ਪਈਆਂ ਹਨ, ਜਿਸ ਦੇ ਨਤੀਜੇ ਵਜੋਂ ਅਕਸਰ ਕੈਦੀਆਂ ਦੇ ਕਈ ਕਤਲ ਹੁੰਦੇ ਹਨ।

ਚੋਨੇਰੋਜ਼ ਜੇਲ੍ਹਾਂ ਦਾ ਇੱਕ ਤਾਕਤਵਰ ਗਿਰੋਹ ਹੈ ਜੋ ਹਾਲ ਹੀ ਦੇ ਸਾਲਾਂ ਵਿੱਚ ਇਕਵਾਡੋਰ ਦੀਆਂ ਜੇਲ੍ਹਾਂ ਵਿੱਚ ਫੈਲਿਆ ਸੀ। ਇਹ ਘਾਤਕ ਦੰਗਿਆਂ ਅਤੇ ਜੇਲ੍ਹਾਂ ਦੀਆਂ ਲੜਾਈਆਂ ਪਿੱਛੇ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ ਫਿਟੋ ਆਪਣੇ ਤਬਾਦਲੇ ਤੋਂ ਕੁਝ ਘੰਟੇ ਪਹਿਲਾਂ ਹੀ ਫਰਾਰ ਹੋ ਗਿਆ ਸੀ। ਉਸ ਨੂੰ ਭੱਜਣ ਵਿੱਚ ਮਦਦ ਕਰਨ ਦੇ ਸ਼ੱਕ ਵਿੱਚ ਦੋ ਜੇਲ੍ਹ ਗਾਰਡਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਉਸ ਦਾ ਭੱਜਣਾ ਰਾਸ਼ਟਰਪਤੀ ਨੋਬੋਆ ਦੀ ਸਰਕਾਰ ਲਈ ਵੀ ਇੱਕ ਝਟਕਾ ਹੈ।

ਨੋਬੋਆ ਨੇ ਰਾਸ਼ਟਰਪਤੀ ਅਹੁਦੇ ਦੀ ਨਵੰਬਰ ਵਿੱਚ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਪੱਤਰਕਾਰ ਫਰਨਾਂਡੋ ਵਿਲਾਵਿਸੇਨਸੀਓ ਦੀ ਹੱਤਿਆ ਨਾਲ ਚੋਣਾਂ ਦਾ ਮਾਹੌਲ ਖਰਾਬ ਹੋ ਗਿਆ ਸੀ।

ਵਿਲਾਵਿਸੇਨਸੀਓ ਨੂੰ ਫਿਟੋ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਉਹਨਾਂ ਨੂੰ ਕੁਇਟੋ ਵਿੱਚ ਇੱਕ ਪ੍ਰਚਾਰ ਰੈਲੀ ਤੋਂ ਜਾਂਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)