ਇਸ ਚਰਚ ਦੇ ਲੀਡਰ ਨੇ ਭਗਤਾਂ ਦਾ ਰੇਪ ਕੀਤਾ, ਤਸ਼ਦੱਦ ਢਾਹੇ - ਬੀਬੀਸੀ ਦੀ ਪੜਤਾਲ

ਤਸਵੀਰ ਸਰੋਤ, Getty Images
- ਲੇਖਕ, ਚਾਰਲੀ ਨੌਰਥਕੌਟ ਤੇ ਹੈਲਨ ਸਪੂਨਰ
- ਰੋਲ, ਬੀਬੀਸੀ ਅਫਰੀਕਾ ਆਈ
ਬੀਬੀਸੀ ਨੇ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਇਸਾਈ ਇਵੈਂਜਲੀਕਲ ਚਰਚਾਂ ਵਿੱਚ ਸ਼ੁਮਾਰ ਇੱਕ ਚਰਚ ਦੇ ਸੰਸਥਾਪਕ ਵੱਲੋਂ ਵੱਡੇ ਪੱਧਰ ’ਤੇ ਕੀਤੇ ਗਏ ਸਰੀਰਕ ਸ਼ੋਸ਼ਣ ਅਤੇ ਤਸ਼ੱਦਦ ਦੇ ਸਬੂਤ ਸਾਹਮਣੇ ਲਿਆਂਦੇ ਹਨ।
'ਸਿਨੈਗੋਗ ਚਰਚ ਓਫ ਆਲ ਨੇਸ਼ਨਜ਼' ਦੇ ਮੈਂਬਰ ਰਹਿ ਚੁੱਕੇ ਦਰਜਨਾਂ ਲੋਕਾਂ ਨੇ ਮਰਹੂਮ ਟੀਬੀ ਜੋਸ਼ੂਆ ਉੱਤੇ ਬਲਾਤਕਾਰ ਅਤੇ ਗਰਭਪਾਤ ਦੇ ਇਲਜ਼ਾਮ ਲਾਏ ਹਨ।
ਇਨ੍ਹਾਂ ਮੈਂਬਰਾਂ ਵਿੱਚੋਂ ਪੰਜ ਬਰਤਾਨਵੀ ਹਨ।
‘ਸਿਨੈਗੋਗ ਚਰਚ ਓਫ ਆਲ ਨੇਸ਼ਨਜ਼’ ਨੇ ਇਲਜ਼ਾਮਾਂ ਦਾ ਜਵਾਬ ਨਹੀਂ ਦਿੱਤਾ ਪਰ ਉਨ੍ਹਾਂ ਕਿਹਾ ਕਿ ਪਿਛਲੇ ਦਾਅਵੇ ਸਾਬਤ ਨਹੀਂ ਹੋ ਸਕੇ ਹਨ।
ਟੀਬੀ ਜੋਸ਼ੂਆ ਨਾਇਜੀਰੀਆ ਤੋਂ ਸਨ। ਉਨ੍ਹਾਂ ਦੀ ਮੌਤ 2021 ਵਿੱਚ ਹੋਈ ਸੀ।
ਉਹ ਇੱਕ ਸਫ਼ਲ ਪਾਦਰੀ ਅਤੇ ਪ੍ਰਚਾਰਕ ਸਨ। ਉਨ੍ਹਾਂ ਦੇ ਪ੍ਰੋਗਰਾਮ ਟੈਲੀਵਿਜ਼ਨ ਉੱਤੇ ਵੀ ਪ੍ਰਸਾਰਿਤ ਕੀਤੇ ਜਾਂਦੇ ਸਨ।
ਇਲਜ਼ਾਮਾਂ ਮੁਤਾਬਕ ਨਾਇਜੀਰੀਆ ਦੇ ਲਾਗੋਸ ਵਿਚਲੀ ਇਸ ਗੁਪਤ ਥਾਂ ਉੱਤੇ 20 ਸਾਲਾਂ ਤੱਕ ਲੋਕਾਂ ਨਾਲ ਸ਼ੋਸ਼ਣ ਹੋਇਆ ।

ਬੀਬੀਸੀ ਵੱਲੋਂ ਦੋ ਸਾਲਾਂ ਵਿੱਚ ਕੀਤੀ ਗਈ ਪੜਤਾਲ ਵਿੱਚ ਇਹ ਗੱਲਾਂ ਸਾਹਮਣੇ ਆਈਆਂ
- ਜੋਸ਼ੂਆ ਵੱਲੋਂ ਕੀਤੀ ਗਈ ਜਿਨਸੀ ਹਿੰਸਾ ਅਤੇ ਤਸ਼ੱਦਦ ਦੇ ਦਰਜਨਾਂ ਗਵਾਹ ਸਾਹਮਣੇ ਆਏ। ਇਨ੍ਹਾਂ ਵਿੱਚ ਬੱਚਿਆਂ ਦਾ ਸ਼ੋਸ਼ਣ ਅਤੇ ਲੋਕਾਂ ਦੇ ਕੋਰੜੇ ਮਾਰਨੇ ਅਤੇ ਜੰਜੀਰਾਂ ਵਿੱਚ ਬੰਨ੍ਹਣਾ ਵੀ ਸ਼ਾਮਲ ਹੈ।
- ਕਈ ਔਰਤਾਂ ਨੇ ਇਹ ਦੱਸਿਆ ਕਿ ਜੋਸ਼ੂਆ ਨੇ ਉਨ੍ਹਾਂ ਨਾਲ ਜਿਨਸੀ ਹਿੰਸਾ ਕੀਤੀ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਕਿਹਾ ਕਿ ਉਨ੍ਹਾਂ ਨਾਲ ਉਸ ਕੰਪਾਊਂਡ (ਚਰਚ ਦੀ ਇਮਾਰਤ) ਵਿੱਚ ਕਈ ਸਾਲਾਂ ਤੱਕ ਵਾਰ ਵਾਰ ਜਬਰ ਜਨਾਹ ਕੀਤਾ ਗਿਆ।
- ਔਰਤਾਂ ਨੇ ਇਹ ਵੀ ਇਲਜ਼ਾਮ ਲਾਏ ਕਿ ਬਲਾਤਕਾਰ ਤੋਂ ਬਾਅਦ ਚਰਚ ਵਿੱਚ ਧੱਕੇ ਨਾਲ ਗਰਭਪਾਤ ਵੀ ਕਰਵਾਇਆ ਗਿਆ। ਇੱਕ ਔਰਤ ਨੇ ਕਿਹਾ ਕਿ ਉਨ੍ਹਾਂ ਦਾ ਪੰਜ ਵਾਰੀ ਗਰਭਪਾਤ ਕੀਤਾ ਗਿਆ।
- ਕਈ ਗਵਾਹਾਂ ਨੇ ਇਸ ਬਾਰੇ ਵੀ ਦੱਸਿਆ ਕਿ ਜੋਸ਼ੂਆ ਵੱਲੋਂ ਕਿਵੇਂ ਨਕਲੀ ‘ਕਰਾਮਾਤੀ ਇਲਾਜ’ ਕੀਤਾ ਜਾਂਦਾ ਸੀ, ਜਿਸ ਦਾ ਪ੍ਰਸਾਰਣ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੀ।
'ਕਈ ਵਾਰੀ ਖੁਦਕੁਸ਼ੀ ਕਰਨ ਬਾਰੇ ਸੋਚਿਆ'

ਇਨ੍ਹਾਂ ਪੀੜਤਾਂ ਵਿੱਚ ਰੇਅ ਨਾਮ ਦੀ ਇੱਕ ਬਰਤਾਨਵੀ ਔਰਤ ਵੀ ਸ਼ਾਮਲ ਸੀ।
ਰੇਅ ਦੀ ਉਮਰ 21 ਸਾਲਾਂ ਦੀ ਸੀ ਜਦੋਂ ਉਨ੍ਹਾਂ ਨੇ ਬਰਾਈਟਨ ਯੂਨੀਵਰਸਿਟੀ ਵਿੱਚ ਆਪਣੀ ਡਿਗਰੀ ਛੱਡ ਦਿੱਤੀ ਅਤੇ 2002 ਵਿੱਚ ਉਨ੍ਹਾਂ ਨੂੰ ਚਰਚ ਵਿੱਚ ਭਰਤੀ ਕੀਤਾ ਗਿਆ।
ਉਨ੍ਹਾਂ ਨੇ ਅਗਲੇ 12 ਸਾਲ ਲਾਗੋਸ ਵਿਚਲੇ ਗੁੰਝਲਦਾਰ ਕੰਪਾਊਂਡ ਵਿੱਚ ਜੋਸ਼ੂਆ ਦੇ ਤਥਾਕਥਿਤ ‘ਚੇਲਿਆਂ’ ਵਜੋਂ ਬਿਤਾਏ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਸੋਚਿਆ ਕਿ ਅਸੀਂ ਸਵਰਗ ਵਿੱਚ ਸੀ ਪਰ ਅਸੀਂ ਨਰਕ ਵਿੱਚ ਸੀ ਅਤੇ ਨਰਕ ਵਿੱਚ ਬਹੁਤ ਭਿਆਨਕ ਚੀਜ਼ਾਂ ਵਾਪਰੀਆਂ।”
ਰੇਅ ਨੇ ਦੱਸਿਆ ਕਿ ਜੋਸ਼ੂਆ ਨੇ ਉਨ੍ਹਾਂ ਨਾਲ ਸਰੀਰਕ ਸ਼ੋਸ਼ਣ ਕੀਤਾ ਅਤੇ ਉਨ੍ਹਾਂ ਨੂੰ ਦੋ ਸਾਲਾਂ ਤੱਕ ਇਕੱਲਿਆਂ ਬੰਦ ਰੱਖਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਅਜਿਹਾ ਸ਼ੋਸ਼ਣ ਹੋਇਆ ਕਿ ਉਨ੍ਹਾਂ ਨੇ ਉੱਥੇ ਰਹਿੰਦਿਆਂ ਕਈ ਵਾਰੀ ਖੁਦਕੁਸ਼ੀ ਕਰਨ ਬਾਰੇ ਸੋਚਿਆ।
‘ਸਿਨੈਗੋਗ ਚਰਚ ਓਫ ਆਲ ਨੇਸ਼ਨਜ਼’ ਦੇ ਪੈਰੋਕਾਰ ਸਾਰੇ ਸੰਸਾਰ ਵਿੱਚ ਹਨ, ਉਨ੍ਹਾਂ ਦਾ ਇੱਕ ਧਾਰਮਿਕ (ਈਸਾਈ) ਟੀਵੀ ਚੈਨਲ ਵੀ ਹੈ, ਜਿਸਦਾ ਨਾਮ ਇਮੈਨੂਅਲ ਟੀਵੀ ਹੈ। ਉਨ੍ਹਾਂ ਦੇ ਸੋਸ਼ਲ ਮੀਡੀਆ ਉੱਤੇ ਵੀ ਲੱਖਾਂ ਦਰਸ਼ਕ ਹਨ।
1990 ਵਿੱਆਂ ਅਤੇ 2000 ਦੇ ਸ਼ੁਰੂਆਤੀ ਸਾਲਾਂ ਵਿੱਚ ਯੂਰਪ, ਅਮਰੀਕਾ, ਦੱਖਣ ਪੂਰਬੀ ਏਸ਼ੀਆ ਅਤੇ ਅਫ਼ਰੀਕਾ ਤੋਂ ਲੱਖਾਂ ਸ਼ਰਧਾਲੂ ਨਾਈਜੀਰੀਆ ਵਿਚਲੀ ਚਰਚ ਵਿੱਚ ਜੋਸ਼ੂਆ ਵੱਲੋਂ ਕੀਤੇ ਜਾਂਦੇ ‘ਕਰਾਮਾਤੀ ਇਲਾਜ’ ਨੂੰ ਦੇਖਣ ਲਈ ਪਹੁੰਚਦੇ ਸਨ।
ਇਸ ਕੰਪਾਊਂਡ ਵਿੱਚ ਘੱਟੋ-ਘੱਟ 150 ਲੋਕ ਉਨ੍ਹਾਂ ਦੇ ਚੇਲਿਆਂ ਵਜੋਂ ਉੱਥੇ ਰਹਿੰਦੇ ਸਨ, ਕਈ ਲੋਕ ਦਹਾਕਿਆਂ ਤੋਂ ਉੱਥੇ ਹੀ ਰਹਿ ਰਹੇ ਸਨ।
ਇਨ੍ਹਾਂ ‘ਚੇਲਿਆਂ’ ਵਿੱਚ ਸ਼ਾਮਲ ਰਹਿ ਚੁੱਕੇ 25 ਲੋਕਾਂ ਨੇ ਬੀਬੀਸੀ ਨਾਲ ਗੱਲ ਕੀਤੀ। ਇਹ ਲੋਕ ਯੂਕੇ, ਨਾਇਜੀਰੀਆ, ਅਮਰੀਕਾ, ਦੱਖਣੀ ਅਫਰੀਕਾ, ਘਾਨਾ, ਨਾਮੀਬੀਆ, ਜਰਮਨੀ ਤੋਂ ਹਨ।
'ਨੰਗਾ ਕਰਕੇ ਕੁੱਟਿਆ ਜਾਂਦਾ'

ਤਸਵੀਰ ਸਰੋਤ, Getty Images
ਉਨ੍ਹਾਂ ਨੇ ਇਨ੍ਹਾਂ ਇਲਜ਼ਾਮਾਂ ਦੀ ਪੁਸ਼ਟੀ ਕਰਦਿਆਂ ਚਰਚ ਵਿੱਚ ਆਪਣੇ ਤਜਰਬਿਆਂ ਬਾਰੇ ਦੱਸਿਆ, ਇਨ੍ਹਾਂ ਵਿੱਚ 2019 ਵਿੱਚ ਵਾਪਰੀਆਂ ਘਟਨਾਵਾਂ ਵੀ ਸ਼ਾਮਲ ਸਨ।
ਚਰਚ ਵਿੱਚ ਸ਼ਾਮਲ ਹੋਣ ਵਾਲੇ ਕਈ ਪੀੜਤ 20 ਤੋਂ ਵੀ ਘੱਟ ਉਮਰ ਦੇ ਸਨ।
ਬ੍ਰਿਟੇਨ ਵਿੱਚੋਂ ਲਈ ਜਣਿਆਂ ਦੇ ਲਾਗੋਸ ਜਾਣ ਦਾ ਖਰਚਾ ਜੋਸ਼ੂਆ ਵੱਲੋਂ ਯੂਕੇ ਵਿਚਲੀਆਂ ਹੋਰ ਚਰਚਾਂ ਨਾਲ ਰਲ ਕੇ ਚੁੱਕਿਆ ਜਾਂਦਾ ਸੀ।
ਰੇਅ ਅਤੇ ਹੋਰ ਗਵਾਹਾਂ ਨੇ ਦੱਸਿਆ ਕਿ ਉੱਥੇ ਰਹਿਣ ਦਾ ਉਨ੍ਹਾਂ ਦਾ ਤਜਰਬਾ ਅਜਿਹਾ ਸੀ ਜਿਵੇਂ ਉਹ ਕਿਸੇ ਸੰਪਰਦਾਏ (ਕਲਟ) ਵਿੱਚ ਰਹਿ ਰਹੇ ਹੋਣ।
ਨਾਮੀਬੀਆ ਦੀ ਰਹਿਣ ਵਾਲੀ ਜੈਸਿਕਾ ਕੈਮੂ ਨੇ ਦੱਸਿਆ ਕਿ ਉਸ ਨੂੰ ਇਹ ਹਾਲਾਤ ਪੰਜ ਸਾਲਾਂ ਤੋਂ ਵੱਧ ਸਮੇਂ ਤੱਕ ਹੰਢਾਉਣੇ ਪਏ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਉਮਰ ਉਦੋਂ ਸਿਰਫ਼ 17 ਸਾਲ ਦੀ ਸੀ ਜਦੋਂ ਜੋਸ਼ੂਆ ਨੇ ਉਨ੍ਹਾਂ ਨਾਲ ਬਲਾਤਕਾਰ ਕੀਤਾ। ਉਨ੍ਹਾਂ ਨਾਲ ਕਈ ਵਾਰੀ ਬਲਾਤਕਾਰ ਕੀਤਾ ਗਿਆ ਅਤੇ ਪੰਜ ਵਾਰੀ ਉਨ੍ਹਾਂ ਦਾ ਗਰਭਪਾਤ ਕਰਵਾਇਆ ਗਿਆ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਸਾਡੇ ਇਲਾਜ ਲਈ ਜਿਹੋ ਜਿਹੇ ਢੰਗ ਵਰਤੇ ਜਾਂਦੇ ਇਸ ਕਾਰਨ ਸਾਡੀ ਮੌਤ ਵੀ ਹੋ ਸਕਦੀ ਸੀ।”
ਇੰਟਰਵਿਊ ਦੇਣ ਵਾਲੇ ਹੋਰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨੰਗਾ ਕਰਕੇ ਬਿਜਲੀ ਦੀਆਂ ਤਾਰਾਂ ਅਤੇ ਘੋੜਿਆਂ ਲਈ ਵਰਤੀਆਂ ਜਾਣ ਵਾਲੀਆਂ ਚਾਬੁਕਾਂ ਵੀ ਮਾਰੀਆਂ ਗਈਆਂ। ਉਨ੍ਹਾਂ ਦੱਸਿਆਂ ਕਿ ਸਾਨੂੰ ਸੌਣ ਵੀ ਨਹੀਂ ਦਿੱਤਾ ਜਾਂਦਾ ਸੀ।
ਜਾਣਕਾਰੀ ਬਾਹਰ ਆਉਣ ਵਿੱਚ ਕਈ ਸਾਲ ਲੱਗੇ
ਜੂਨ 2021 ਵਿੱਚ ਜੋਸ਼ੂਆ ਦੀ ਮੌਤ ਦੇ ਸਮੇਂ ਉਨ੍ਹਾਂ ਨੂੰ ਅਫਰੀਕਾ ਦੇ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਪਾਦਰੀ ਵਜੋਂ ਪ੍ਰਚਾਰਿਆ ਗਿਆ ਸੀ।
ਗਰੀਬੀ ਤੋਂ ਉੱਠ ਕੇ ਉਨ੍ਹਾਂ ਨੇ ਆਪਣਾ ਇਵੈਂਜੈਲੀਕਲ ਸਾਮਰਾਜ ਖੜ੍ਹਾ ਕੀਤਾ। ਦਰਜਨਾਂ ਦੀ ਗਿਣਤੀ ਵਿੱਚ ਸਿਆਸੀ ਆਗੂ, ਕਲਾਕਤਾਰ ਅਤੇ ਅੰਤਰ ਰਾਸ਼ਟਰੀ ਫੁੱਟਬਾਲ ਖਿਡਾਰੀ ਉਨ੍ਹਾਂ ਦੇ ਨਜ਼ਦੀਕੀ ਸਨ।
2014 ਵਿੱਚ ਉਨ੍ਹਾਂ ਦੀ ਚਰਚ ਵਿੱਚ ਸ਼ਰਧਾਲੂਆਂ ਦੇ ਰਹਿਣ ਲਈ ਬਣਾਈ ਗਈ ਇੱਕ ਇਮਾਰਤ ਡਿੱਗਣ ਕਾਰਨ 116 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ।
ਬੀਬੀਸੀ ਦੀ ਪੜਤਾਲ ਅੰਤਰ-ਰਾਸ਼ਟਰੀ ਮੀਡੀਆ ਮੰਚ ਓਪਨ ਡੈਮੋਕਰੈਸੀ ਨਾਲ ਰਲ ਕੇ ਕੀਤੀ ਗਈ ਹੈ। ਇਹ ਪਹਿਲੀ ਵਾਰੀ ਹੈ ਕਿ ਚਰਚ ਨਾਲ ਜੁੜੇ ਕਈ ਲੋਕ ਸਾਹਮਣੇ ਆ ਕੇ ਬੋਲਣ ਲਈ ਤਿਆਰ ਹੋਏ ਹਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਸਾਲ ਇਸ ਗੱਲ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ ਜਾਂਦਾ ਸੀ।
ਨਾਇਜੀਰੀਆ ਵਿਚਲੇ ਕਈ ਗਵਾਹਾਂ ਨੇ ਦੱਸਿਆ ਕਿ ਜਦੋ ਉਨ੍ਹਾਂ ਨੇ ਸ਼ੋਸ਼ਣ ਦੇ ਖਿਲਾਫ਼ ਆਵਾਜ਼ ਚੱਕੀ ਅਤੇ ਇਲਜ਼ਾਮਾਂ ਬਾਰੇ ਯੂਟਿਊਬ ਉੱਤੇ ਵੀਡੀਜ਼ ਪਾਈਆਂ ਤਾਂ ਉਨ੍ਹਾਂ ਉੱਤੇ ਸਰੀਰਕ ਹਮਲੇ ਕੀਤੇ ਗਏ ਅਤੇ ਇੱਕ ਵਾਰੀ ਗੋਲੀ ਵੀ ਚਲਾਈ ਗਈ।
ਮਾਰਚ 2022 ਵਿੱਚ ਜਦੋਂ ਬੀਬੀਸੀ ਦੇ ਮੁਲਾਜ਼ਮਾਂ ਨੇ ਇੱਕ ਗਲੀ ਵਿੱਚੋਂ ਚਰਚ ਕੰਪਾਊਂਡ ਦੀ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਉੱਤੇ ਚਰਚ ਦੇ ਸੁਰੱਖਿਆ ਮੁਲਾਜ਼ਮਾਂ ਨੇ ਗੋਲੀਆਂ ਚਲਾਈਆਂ ਅਤੇ ਕਈ ਘੰਟਿਆਂ ਤੱਕ ਹਿਰਾਸਤ ਵਿੱਚ ਰੱਖਿਆ।

ਚਰਚ ਦਾ ਕੀ ਜਵਾਬ
ਬੀਬੀਸੀ ਨੇ ਸਿਨੈਗੋਗ ਚਰਚ ਆਫ ਆਲ ਨੇਸ਼ਨਜ਼ ਨਾਲ ਇਸ ਪੜਤਾਲ ਨਾਲ ਜੁੜੇ ਇਲਜ਼ਾਮਾਂ ਬਾਰੇ ਸੰਪਰਕ ਕੀਤਾ। ਚਰਚ ਨੇ ਬੀਬੀਸੀ ਨੂੰ ਜਵਾਬ ਨਹੀਂ ਦਿੱਤਾ ਅਤੇ ਪਹਿਲਾਂ ਲੱਗੇ ਇਲਜ਼ਾਮਾ ਨੂੰ ਵੀ ਨਕਾਰਿਆ।
ਚਰਚ ਨੇ ਜਵਾਬ ਵਿੱਚ ਲਿਖਿਆਂ, “ਪ੍ਰੋਫ਼ੈਟ ਟੀਬੀ ਜੋਸ਼ੂਆ ਬਾਰੇ ਬੇਬੁਨਿਆਦ ਇਲਜ਼ਾਮ ਲਾਉਣਾ ਕੋਈ ਨਵੀਂ ਗੱਲ ਨਹੀਂ ਹੈ, ਇਲਜ਼ਾਮਾਂ ਬਾਰੇ ਕਦੇ ਵੀ ਕੋਈ ਸਬੂਤ ਨਹੀਂ ਦਿੱਤਾ।”
ਬੀਬੀਸੀ ਨਾਲ ਗੱਲ ਕਰਨ ਵਾਲੇ ਚਾਰ ਬਰਤਾਨਵੀ ਨਾਗਰਿਕਾਂ ਨੇ ਦੱਸਿਆ ਕਿ ਉਨ੍ਹਾਂ ਚਰਚ ਤੋਂ ਭੱਜਣ ਤੋਂ ਬਾਅਦ ਸ਼ੋਸ਼ਣ ਬਾਰੇ ਯੂਕੇ ਦੇ ਪ੍ਰਸ਼ਾਸਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਬੰਦੂਕ ਦੀ ਨੋਕ ਉੱਤੇ ਰੱਖਿਆ ਗਿਆ

ਤਸਵੀਰ ਸਰੋਤ, Getty Images
ਇਸ ਦੇ ਨਾਲ ਹੀ ਇੱਕ ਬਰਤਾਨਵੀ ਨਾਗਰਿਕ ਅਤੇ ਉਨ੍ਹਾਂ ਦੀ ਪਤਨੀ ਨੇ ਮਾਰਚ 2010 ਵਿੱਚ ਚਰਚ ਤੋਂ ਭੱਜਣ ਤੋਂ ਬਾਅਦ ਆਪਣੇ ਤਜਰਬਿਆਂ ਬਾਰੇ ਈਮੇਲ ਅਤੇ ਵੀਡੀਓ ਸਬੂਤ ਨਾਇਜੀਰੀਆ ਵਿਚਲੇ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਵੀ ਭੇਜੇ।
ਇਨ੍ਹਾਂ ਵੀਡੀਓਜ਼ ਵਿੱਚ ਅਜਿਹੀ ਵੀਡੀਓ ਵੀ ਸੀ, ਜਿਸ ਵਿੱਚ ਉਨ੍ਹਾਂ ਨੂੰ ਖ਼ੁਦ ਨੂੰ ਪੁਲਿਸ ਦੱਸਣ ਵਾਲੇ ਲੋਕਾਂ ਵੱਲੋਂ ਬੰਦੂਕ ਦੀ ਨੋਕ ਉੱਤੇ ਰੱਖਿਆ ਗਿਆਂ ਸੀ ਇਹ ਲੋਕ ਚਰਚ ਦੇ ਮੈਂਬਰ ਵੀ ਸਨ।
ਇਸ ਈਮੇਲ ਵਿੱਚ ਉਸ ਸ਼ਖ਼ਸ ਨੇ ਲਿਖਿਆ ਕਿ ਉਨ੍ਹਾਂ ਦੀ ਪਤਨੀ ਨਾਲ ਜੋਸ਼ੂਆ ਵੱਲੋਂ ਕਈ ਵਾਰ ਸਰੀਰਕ ਸ਼ੋਸ਼ਣ ਅਤੇ ਬਲਾਤਕਾਰ ਕੀਤਾ ਗਿਆ।
ਉਨ੍ਹਾਂ ਨੇ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਇਹ ਚੇਤਾਵਨੀ ਵੀ ਦਿੱਤੀ ਕਿ ਹੋਰ ਬਰਤਾਨਵੀ ਨਾਗਰਿਕ ਵੀ ਹਨ ਜੋ ਹਾਲੇ ਵੀ ਜ਼ੁਲਮ ਸਹਿ ਰਹੇ ਹਨ।
ਉਨ੍ਹਾਂ ਦੱਸਿਆ ਕਿ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਯੂਕੇ ਦੇ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਦਾਅਵਿਆਂ ਦਾ ਕੋਈ ਜਵਾਬ ਨਹੀਂ ਦਿੱਤਾ, ਪਰ ਬੀਬੀਸੀ ਨੂੰ ਇਹ ਦੱਸਿਆ ਗਿਆ ਕਿ ਉਹ ਦੇਸ਼ ਤੋਂ ਬਾਹਰ ਰਹਿੰਦੇ ਬਰਤਾਨਵੀ ਨਾਗਰਿਕਾਂ ਨਾਲ ਹੁੰਦੇ ਕਿਸੇ ਵੀ ਅਪਰਾਧ ਜਿਸ ਵਿੱਚ ਹਿੰਸਾ ਅਤੇ ਜਿਨਸੀ ਹਿੰਸਾ ਵੀ ਸ਼ਾਮਲ ਹਨ ਬਹੁਤ ਗੰਭੀਰਤਾ ਨਾਲ ਲੈਂਦੇ ਹਨ।
ਚਰਚ ਜੋਸ਼ੂਆ ਦੀ ਪਤਨੀ ਏਵਲਿਨ ਦੀ ਅਗਵਾਈ ਹੇਠ ਤਰੱਕੀ ਕਰ ਰਹੀ ਹੈ। ਜੁਲਾਈ 2023 ਵਿੱਚ ਉਨ੍ਹਾਂ ਨੇ ਸਪੇਨ ਦਾ ਦੌਰਾ ਵੀ ਕੀਤਾ।
'ਡੂੰਘੀ ਪੜਤਾਲ ਹੋਣੀ ਚਾਹੀਦੀ'

ਅੱਨੇਕਾ 17 ਸਾਲ ਦੀ ਉਮਰ ਵਿੱਚ ਡਰਬੀ ਛੱਡ ਕੇ ਚਰਚ ਵਿੱਚ ਸ਼ਾਮਲ ਹੋ ਗਏ ਸਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਅਜਿਹੇ ਕਈ ਹੋਰ ਪੀੜਤ ਹਨ ਜਿਹੜੇ ਹਾਲੇ ਸਾਹਮਣੇ ਆ ਕੇ ਨਹੀਂ ਬੋਲੇ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜੋਸ਼ੂਆ ਵੱਲੋਂ ਕੀਤੇ ਜੁਰਮਾਂ ਨੂੰ ਸਾਹਮਣੇ ਲਿਆਉਣ ਲਈ ਹੋਰ ਕਦਮ ਚੁੱਕੇ ਜਾਣਗੇ।
ਉਨ੍ਹਾਂ ਕਿਹਾ, “ਮੈਂ ਇਹ ਮੰਨਦੀ ਹਾਂ ਕਿ ਸਿਨੈਗੋਗ ਚਰਚ ਆਫ ਆਲ ਨੇਸ਼ਨਜ਼ ਦੀ ਡੂੰਘੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ, ਇਹ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਸ਼ਖ਼ਸ ਨੂੰ ਇੰਨੀ ਦੇਰ ਤੱਕ ਇਸ ਤਰ੍ਹਾਂ ਦੇ ਕੰਮ ਕਿਵੇਂ ਕਰਨ ਦਿੱਤੇ ਗਏ।”












