You’re viewing a text-only version of this website that uses less data. View the main version of the website including all images and videos.
ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੋਮ ਵਰਕ ਨਾ ਕਰਨ 'ਤੇ ਅੱਧ-ਨੰਗੇ ਕਰ ਸਜ਼ਾ ਦੇਣ ਦਾ ਕੀ ਹੈ ਮਾਮਲਾ
- ਲੇਖਕ, ਵਿਸ਼ਣੂਕਾਂਤ ਤਿਵਾਰੀ
- ਰੋਲ, ਬੀਬੀਸੀ ਪੱਤਰਕਾਰ, ਭੋਪਾਲ
ਇੱਕ ਨਿੱਜੀ ਸਕੂਲ ਵਿੱਚ ਸੱਤਵੀਂ ਜਮਾਤ ਦੇ ਅੱਠ ਵਿਦਿਆਰਥੀਆਂ ਨੂੰ ਘਰ ਦਾ ਕੰਮ ਨਾ ਕਰਨ 'ਤੇ ਕੱਪੜੇ ਉਤਾਰ ਕੇ ਖੜ੍ਹਾ ਕੀਤਾ ਗਿਆ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਦੇ ਜਟਖੇੜਾ ਇਲਾਕੇ ਦਾ ਹੈ।
25-26 ਦਸੰਬਰ ਨੂੰ ਆਪਣੇ ਅੰਡਰਗਾਰਮੈਂਟ ਵਿੱਚ ਖੜ੍ਹੇ ਬੱਚਿਆਂ ਦੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ।
ਇੱਕ ਬੱਚੇ ਦੇ ਪਰਿਵਾਰ ਨੇ ਬੀਬੀਸੀ ਨਿਊਜ਼ ਹਿੰਦੀ ਨਾਲ ਗੱਲ ਕਰਦੇ ਹੋਏ ਕਿਹਾ, "ਸਾਨੂੰ ਕੋਈ ਪਤਾ ਨਹੀਂ ਸੀ। ਬੱਚੇ ਨੇ ਸ਼ਰਮ ਕਰਕੇ ਸਾਨੂੰ ਨਹੀਂ ਦੱਸਿਆ। ਪਰ ਅਜਿਹੀ ਸਿੱਖਿਆ ਨਾਲੋਂ ਤਾਂ ਬੱਚਾ ਅਨਪੜ੍ਹ ਰਹਿ ਜਾਵੇ ਬਿਹਤਰ ਹੈ। ਸਭ ਦੇ ਸਾਹਮਣੇ ਕੱਪੜੇ ਉਤਾਰ ਕੇ ਸਿਰਫ਼ ਅੰਡਰਗਾਰਮੈਂਟ ਵਿੱਚ ਖੜ੍ਹਾ ਕਰ ਦਿੱਤਾ, ਉਸ ਦੇ ਮਨ 'ਤੇ ਕੀ ਪ੍ਰਭਾਵ ਪਵੇਗਾ? ਕੀ ਉਹ ਅਪਰਾਧੀ ਸੀ?"
ਇਸ ਫੋਟੋ ਦੇ ਵਾਇਰਲ ਹੋਣ ਤੋਂ ਬਾਅਦ ਸਿਹੋਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਜੇ ਤੋਮਰ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਮੈਨੂੰ ਇਸ ਘਟਨਾ ਬਾਰੇ 26 ਦਸੰਬਰ ਨੂੰ ਪਤਾ ਲੱਗਾ, ਜਿਸ ਤੋਂ ਬਾਅਦ ਮੈਂ ਖ਼ੁਦ ਸਕੂਲ ਗਿਆ। ਬੱਚਿਆਂ ਨਾਲ ਗੱਲ ਕਰਨ ਤੋਂ ਬਾਅਦ, ਇਹ ਪੁਸ਼ਟੀ ਹੋਈ ਕਿ ਬੱਚਿਆਂ ਨੂੰ ਹੋਮ ਵਰਕ ਨਾ ਕਰਨ ਕਰਕੇ ਕੱਪੜੇ ਉਤਾਰ ਕੇ ਇੱਕ ਕਮਰੇ ਵਿੱਚ ਖੜ੍ਹਾ ਕੀਤਾ ਗਿਆ ਸੀ, ਜੋ ਕਿ ਸਰਾਸਰ ਗ਼ਲਤ ਹੈ।"
ਜਦੋਂ ਬੀਬੀਸੀ ਨਿਊਜ਼ ਹਿੰਦੀ ਨੇ ਸਕੂਲ ਪ੍ਰਿੰਸੀਪਲ, ਸਮਰੀਨ ਖ਼ਾਨ ਨਾਲ ਉਨ੍ਹਾਂ ਦੇ ਫ਼ੋਨ ਨੰਬਰ 'ਤੇ ਸੰਪਰਕ ਕੀਤਾ, ਤਾਂ ਇੱਕ ਰਿਸ਼ਤੇਦਾਰ ਨੇ ਕਿਹਾ ਕਿ ਉਹ ਗੱਲ ਕਰਨ ਲਈ ਮੌਜੂਦ ਨਹੀਂ ਹਨ।
ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਨਾਲ ਕਦੋਂ ਗੱਲ ਹੋ ਸਕਦੀ ਹੈ, ਤਾਂ ਰਿਸ਼ਤੇਦਾਰ ਨੇ ਜਵਾਬ ਦਿੱਤਾ, "ਅਸੀਂ ਤੁਹਾਨੂੰ ਇਹ ਨਹੀਂ ਦੱਸ ਸਕਦੇ। ਕਿਰਪਾ ਕਰਕੇ ਬਾਅਦ ਵਿੱਚ ਫ਼ੋਨ ਕਰਨਾ।"
ਹਾਲਾਂਕਿ, ਇਸੇ ਮਾਮਲੇ ਵਿੱਚ ਪ੍ਰਿੰਸੀਪਲ ਸਮਰੀਨ ਖ਼ਾਨ ਨੇ 26 ਦਸੰਬਰ ਨੂੰ ਪੱਤਰਕਾਰਾਂ ਨੂੰ ਕਿਹਾ ਸੀ, "ਇਹ ਇੱਕ ਸਿਆਸੀ ਸਟੰਟ ਹੈ ਅਤੇ ਅਸੀਂ ਕੀ ਕਹਿ ਸਕਦੇ ਹਾਂ।"
ਸਿਹੋਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਜੇ ਤੋਮਰ ਨੇ ਕਿਹਾ, "ਅਸੀਂ ਇਸ ਮਾਮਲੇ ਵਿੱਚ ਸਕੂਲ 'ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ ਅਤੇ ਪ੍ਰਿੰਸੀਪਲ ਸਮਰੀਨ ਖ਼ਾਨ, ਸੁਰੱਖਿਆ ਗਾਰਡ ਅਮਰ ਸਿੰਘ ਵਰਮਾ ਅਤੇ ਡਰਾਈਵਰ ਸ਼ਿਬੂ ਜਾਫ਼ਰੀ ਨੂੰ ਤੁਰੰਤ ਬਰਖ਼ਾਸਤ ਕਰਨ ਦੇ ਹੁਕਮ ਦਿੱਤੇ ਹਨ।"
ਮਾਪਿਆਂ ਦਾ ਇਲਜ਼ਾਮ
ਬੱਚੇ ਦੇ ਮਾਪਿਆਂ, ਜਿਨ੍ਹਾਂ ਨਾਲ ਬੀਬੀਸੀ ਨੇ ਗੱਲ ਕੀਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਿਹਤਰ ਸਿੱਖਿਆ ਲਈ ਆਪਣੇ ਬੱਚੇ ਨੂੰ ਇੱਕ ਨਿੱਜੀ ਸਕੂਲ ਵਿੱਚ ਦਾਖ਼ਲ ਕਰਵਾਇਆ ਸੀ।
ਉਹ ਕਹਿੰਦੇ ਹਨ, "ਮੈਂ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਹਾਂ ਅਤੇ ਮੇਰੇ ਦੋ ਪੁੱਤਰ ਹਨ। ਮੈਂ ਆਪਣੇ ਛੋਟੇ ਪੁੱਤਰ ਨੂੰ ਚੰਗੀ ਅੰਗਰੇਜ਼ੀ ਅਤੇ ਅਕਾਦਮਿਕ ਸਿੱਖਿਆ ਲਈ ਇੱਕ ਪ੍ਰਾਈਵੇਟ ਸਕੂਲ ਭੇਜਿਆ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਉੱਥੇ ਉਸ ਨਾਲ ਦੁਰਵਿਵਹਾਰ ਹੋ ਰਿਹਾ ਹੈ।"
"ਹੁਣ ਜਦੋਂ ਮੈਨੂੰ ਪਤਾ ਲੱਗਾ ਹੈ, ਮੈਂ ਆਪਣੇ ਪੁੱਤਰ ਨਾਲ ਗੱਲ ਕੀਤੀ ਹੈ। ਉਹ ਸ਼ਰਮਿੰਦਾ ਹੈ, ਮਹਿਸੂਸ ਕਰ ਰਿਹਾ ਹੈ ਕਿ ਉਸ ਨੂੰ ਲੱਗ ਰਿਹਾ ਹੈ ਕਿ ਉਸਨੇ ਕੋਈ ਗੰਭੀਰ ਅਪਰਾਧ ਕੀਤਾ ਹੈ।"
ਇੱਕ ਬੱਚੇ ਨੇ ਪੱਤਰਕਾਰਾਂ ਦੇ ਸਾਹਮਣੇ ਕਿਹਾ, "ਜੇ ਅਸੀਂ ਇੱਕ ਦਿਨ ਵੀ ਹੋਮ ਵਰਕ ਨਹੀਂ ਕਰਦੇ, ਤਾਂ ਸਾਨੂੰ ਇਸੇ ਤਰ੍ਹਾਂ ਸਜ਼ਾ ਮਿਲਦੀ ਹੈ। ਸਾਡੇ ਕੱਪੜੇ ਉਤਰਵਾ ਕੇ ਖੜ੍ਹਾ ਕਰ ਦਿੱਤਾ ਜਾਂਦਾ ਹੈ। ਕਈ ਵਾਰ ਗਾਰਡ ਅਤੇ ਡਰਾਈਵਰ ਵੀ ਸਾਨੂੰ ਕੁੱਟਦੇ ਵੀ ਹਨ।"
ਇੱਕ ਹੋਰ ਪਰਿਵਾਰਕ ਮੈਂਬਰ ਨੇ ਕਿਹਾ, "ਇੱਕ ਤਾਂ ਪ੍ਰਾਈਵੇਟ ਸਕੂਲ ਦੀਆਂ ਫੀਸਾਂ ਹਜ਼ਾਰਾਂ ਰੁਪਏ ਭਰੋ ਅਤੇ ਫਿਰ ਬੱਚਿਆਂ ਦੀ ਮਾਨਸਿਕ ਸਿਹਤ ਬਰਬਾਦ ਹੁੰਦੇ ਦੇਖੋ। ਕੋਈ ਦੇਖਣ ਵਾਲਾ ਵੀ ਨਹੀਂ ਹੈ।"
"ਅਸੀਂ ਸਕੂਲ ਭਰੋਸੇ ਆਪਣੇ ਬੱਚੇ ਭੇਜਦੇ ਹਾਂ ਅਤੇ ਇੱਥੇ ਅਸੀਂ ਫੀਸਾਂ ਦੇਣ ਲਈ ਦਿਨ ਰਾਤ ਕੰਮ ਕਰਦੇ ਹਾਂ। ਮੇਰੇ ਪੁੱਤਰ ਨੇ ਕੱਲ੍ਹ ਮੈਨੂੰ ਇਹ ਸਭ ਦੱਸਿਆ ਅਤੇ ਉਦੋਂ ਤੋਂ ਉਹ ਚੁੱਪ ਹੈ।"
ਵਿਦਿਆਰਥੀਆਂ ਦੇ ਮਾਪਿਆਂ ਦਾ ਇਲਜ਼ਾਮ ਹੈ, "ਬੱਚਿਆਂ ਕੋਲੋਂ ਸਕੂਲ ਦੀ ਸਫਾਈ ਕਰਵਾਈ ਜਾਂਦੀ ਹੈ, ਝਾੜੂ ਲਗਵਾਇਆ ਜਾਂਦਾ ਹੈ ਅਤੇ ਪੌਦਿਆਂ ਨੂੰ ਪਾਣੀ ਦੇਣ ਕਿਹਾ ਜਾਂਦਾ ਸੀ। ਜੇਕਰ ਉਹ ਗਲਤੀਆਂ ਕਰਦੇ ਸਨ, ਤਾਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸਨ, ਕੁੱਟਿਆ ਜਾਂਦਾ ਸੀ ਅਤੇ ਇੱਥੋਂ ਤੱਕ ਕਿ ਅਪਮਾਨਿਤ ਵੀ ਕੀਤਾ ਜਾਂਦਾ ਸੀ।"
ਸਕੂਲ ਦੀ ਮਾਨਤਾ ਰੱਦ ਕੀਤੀ ਜਾ ਸਕਦੀ ਹੈ
ਸੰਜੇ ਤੋਮਰ ਨੇ ਬੀਬੀਸੀ ਨਾਲ ਮਾਪਿਆਂ ਦੀਆਂ ਸ਼ਿਕਾਇਤਾਂ ਦੀ ਪੁਸ਼ਟੀ ਕਰਦਿਆਂ ਕਿਹਾ, "ਸਾਡੀ ਜਾਂਚ ਵਿੱਚ ਵੀ ਇਹ ਸਾਹਮਣੇ ਆਇਆ ਹੈ ਕਿ ਨਵੰਬਰ ਤੋਂ ਪਹਿਲਾਂ ਕਈ ਦਿਨਾਂ ਤੱਕ ਹੋਮ ਵਰਕ ਨਾ ਕਰਨ ਉੱਤੇ ਬੱਚਿਆਂ ਨੂੰ ਹਰ ਰੋਜ਼ ਠੰਢ ਵਿੱਚ ਕੱਪੜੇ ਉਤਾਰ ਕੇ ਖੜ੍ਹਾ ਕੀਤਾ ਗਿਆ। ਇਹ ਵੀ ਸਾਹਮਣੇ ਆਇਆ ਹੈ ਕਿ ਸੁਰੱਖਿਆ ਗਾਰਡ ਅਮਰ ਸਿੰਘ ਵਰਮਾ ਅਤੇ ਡਰਾਈਵਰ ਸ਼ਿਬੂ ਬੱਚਿਆਂ ਨੂੰ ਧਮਕਾਉਂਦੇ ਸਨ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਦੇ ਸਨ। ਵਿਦਿਆਰਥੀਆਂ ਤੋਂ ਪੱਥਰ ਚੁਕਵਾਉਣ ਦੇ ਨਾਲ ਹੋਰ ਕੰਮ ਵੀ ਕਰਵਾਏ ਜਾਂਦੇ ਸਨ।"
ਤੋਮਰ ਨੇ ਅੱਗੇ ਕਿਹਾ, "ਭਾਵੇਂ ਇਹ ਸਕੂਲ ਵਿੱਚ ਅਨੁਸ਼ਾਸਨ ਠੀਕ ਕਰਨ ਲਈ ਕੀਤਾ ਗਿਆ ਲੱਗਦਾ ਹੈ ਪਰ ਇਹ ਸਵੀਕਾਰ ਕਰਨ ਯੋਗ ਨਹੀਂ ਹੈ ਅਤੇ ਕਠੋਰ ਹੈ।"
ਸੰਜੇ ਤੋਮਰ ਨੇ ਕਿਹਾ ਕਿ ਜਾਂਚ ਵਿੱਚ ਸਾਰੇ ਇਲਜ਼ਾਮ ਸਹੀ ਪਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਸਕੂਲ ਉੱਤੇ ਲਗਾਇਆ ਗਿਆ ਇੱਕ ਲੱਖ ਰੁਪਏ ਦਾ ਜੁਰਮਾਨਾ ਸੱਤ ਦਿਨਾਂ ਦੇ ਅੰਦਰ ਜਮ੍ਹਾਂ ਕਰਵਾਉਣਾ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਅਜਿਹੀ ਘਟਨਾ ਦੁਹਰਾਈ ਗਈ ਤਾਂ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਮਾਪੇ, ਸਮਾਜਿਕ ਜਥੇਬੰਦੀਆਂ ਦੇ ਨਾਲ ਸਕੂਲ ਪਹੁੰਚੇ ਸਨ।
ਉਨ੍ਹਾਂ ਨੇ ਸਕੂਲ ਗੇਟ ਦੇ ਸਾਹਮਣੇ ਬੈਠ ਕੇ ਸਕੂਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।
ਸੀਹੋਰ ਦੀ ਸਿਟੀ ਐਸਪੀ ਅਭਿਨੰਦਨਾ ਸ਼ਰਮਾ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਕਿਹਾ, "ਸਾਨੂੰ ਮਾਪਿਆਂ ਵੱਲੋਂ ਇੱਕ ਸ਼ਿਕਾਇਤ ਮਿਲੀ ਹੈ, ਜਿਸ ਵਿੱਚ ਬੱਚਿਆਂ ਨੂੰ ਅੱਧ-ਨੰਗੀ ਹਾਲਤ ਵਿੱਚ ਸਜ਼ਾ ਦੇਣ, ਉਨ੍ਹਾਂ ਨਾਲ ਕੁੱਟਮਾਰ ਕਰਨ ਅਤੇ ਸਕੂਲ ਵਿੱਚ ਹੋਰ ਕੰਮ ਕਰਵਾਏ ਜਾਣ ਦੀ ਗੱਲ ਕਹੀ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ