ਸਕੂਲ ਦੇਰ ਨਾਲ ਪਹੁੰਚਣ 'ਤੇ ਬੱਚੀ ਤੋਂ 100 ਵਾਰ ਕਰਵਾਈਆਂ ਬੈਠਕਾਂ, ਹੋਈ ਮੌਤ; ਬੱਚੀ ਨਾਲ ਆਖਿਰ ਹੋਇਆ ਕੀ ਸੀ?

    • ਲੇਖਕ, ਦੀਪਾਲੀ ਜਗਤਾਪ
    • ਰੋਲ, ਬੀਬੀਸੀ ਮਰਾਠੀ ਪੱਤਰਕਾਰ

ਮਹਾਰਾਸ਼ਟਰ ਦੇ ਵਸਈ ਵਿੱਚ ਇੱਕ 13 ਸਾਲਾ ਕੁੜੀ ਦੀ ਮੌਤ ਨੇ ਵਿਵਾਦ ਛੇੜ ਦਿੱਤਾ ਹੈ। ਕੁੜੀ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਸਕੂਲ ਵਿੱਚ ਉਸ ਨੂੰ 100 ਵਾਰ ਬੈਠਕਾਂ ਕੱਢਣ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਉਸਦੀ ਸਿਹਤ ਵਿਗੜ ਗਈ।

ਸਕੂਲ ਅਧਿਆਪਕ ਨੇ ਦੇਰ ਨਾਲ ਸਕੂਲ ਆਉਣ ਵਾਲੇ ਵਿਦਿਆਰਥੀਆਂ ਨੂੰ ਉਠਕ-ਬੈਠਕ ਦੀ ਸਜ਼ਾ ਦਿੱਤੀ ਸੀ।

ਸਜ਼ਾ ਮਿਲਣ ਵਾਲੇ ਵਿਦਿਆਰਥੀਆਂ ਵਿੱਚੋਂ ਇੱਕ, 13 ਸਾਲਾ ਵਿਦਿਆਰਥਣ ਦੀ ਸਜ਼ਾ ਤੋਂ ਬਾਅਦ ਅਚਾਨਕ ਤਬੀਅਤ ਖਰਾਬ ਹੋ ਗਈ ਸੀ।

ਸ਼ਨੀਵਾਰ ਰਾਤ (15 ਨਵੰਬਰ), ਬਾਲ ਦਿਵਸ 'ਤੇ ਮੁੰਬਈ ਦੇ ਜੇਜੇ ਹਸਪਤਾਲ ਵਿੱਚ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ।

ਆਖਿਰ ਕੀ ਹੋਇਆ ਸੀ?

ਮ੍ਰਿਤਕ ਬੱਚੀ ਪੂਜਾ (ਬਦਲਿਆ ਹੋਇਆ ਨਾਮ) ਵਸਾਈ ਪੂਰਬ ਦੇ ਸਾਤੀਵਾਲੀ ਦੇ ਕੁਵਾਰਾ ਪਾੜਾ ਇਲਾਕੇ ਦੇ ਇੱਕ ਸਕੂਲ ਵਿੱਚ ਛੇਵੀਂ ਜਮਾਤ ਦੀ ਵਿਦਿਆਰਥਣ ਸੀ।

ਇਸ ਸਕੂਲ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀ ਪੜ੍ਹਦੇ ਹਨ। ਪੂਜਾ ਛੇਵੀਂ ਜਮਾਤ (ਏ) ਦੀ ਵਿਦਿਆਰਥਣ ਸੀ।

8 ਨਵੰਬਰ ਦੀ ਸਵੇਰ ਨੂੰ ਕੁਝ ਵਿਦਿਆਰਥੀ ਦੇਰ ਨਾਲ ਸਕੂਲ ਪਹੁੰਚੇ। ਉਨ੍ਹਾਂ ਵਿੱਚ ਪੂਜਾ ਵੀ ਸ਼ਾਮਲ ਸੀ।

ਅਧਿਆਪਕ ਨੇ ਵਿਦਿਆਰਥੀਆਂ ਨੂੰ ਦੇਰੀ ਨਾਲ ਆਉਣ ਕਾਰਨ 100 ਵਾਰ ਬੈਠਕਾਂ ਕੱਢਣ ਲਈ ਮਜਬੂਰ ਕੀਤਾ। ਕੁਝ ਵਿਦਿਆਰਥੀਆਂ ਨੇ ਤਾਂ ਆਪਣੇ ਬੈਗ ਮੋਢਿਆਂ 'ਤੇ ਚੁੱਕ ਕੇ ਬੈਠਕਾਂ ਕੱਢੀਆਂ।

ਸਕੂਲ ਤੋਂ ਘਰ ਵਾਪਸ ਆਉਣ ਤੋਂ ਬਾਅਦ ਪੂਜਾ ਦੀ ਸਿਹਤ ਵਿਗੜ ਗਈ। ਉਸਨੂੰ ਤੁਰੰਤ ਇਲਾਜ ਲਈ ਵਸਈ ਦੇ ਆਸਥਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਫਿਰ ਉਸਨੂੰ ਕਿਸੇ ਹੋਰ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਹਾਲਾਂਕਿ, ਉਸਦੀ ਹਾਲਤ ਵਿਗੜਦੀ ਚਲੀ ਗਈ ਤੇ ਫਿਰ ਉਸਨੂੰ ਇਲਾਜ ਲਈ ਮੁੰਬਈ ਦੇ ਜੇਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਸ਼ੁੱਕਰਵਾਰ (14 ਨਵੰਬਰ) ਰਾਤ ਲਗਭਗ 11 ਵਜੇ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ।

ਪੁਲਿਸ ਨੇ ਕੀ ਦੱਸਿਆ?

ਵਸਈ ਦੇ ਵਾਲਿਵ ਪੁਲਿਸ ਸਟੇਸ਼ਨ ਦੇ ਸੀਨੀਅਰ ਪੁਲਿਸ ਇੰਸਪੈਕਟਰ ਦਿਲੀਪ ਘੁਗੇ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।

ਬੀਬੀਸੀ ਮਰਾਠੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, "8 ਨਵੰਬਰ ਨੂੰ ਇਸ ਸਕੂਲ ਦੇ ਕੁਝ ਵਿਦਿਆਰਥੀ ਦੇਰੀ ਨਾਲ ਪਹੁੰਚੇ ਸਨ। ਇਹ ਕੁੜੀ ਵੀ ਉਨ੍ਹਾਂ ਵਿੱਚੋਂ ਇੱਕ ਸੀ। ਅਜਿਹੇ ਕੁੱਲ 50 ਵਿਦਿਆਰਥੀ ਸਨ। ਕੁੜੀ ਦੇ ਮਾਪਿਆਂ ਨੇ ਸ਼ਿਕਾਇਤ ਕੀਤੀ ਹੈ ਕਿ ਅਧਿਆਪਕਾਂ ਨੇ ਦੇਰੀ ਨਾਲ ਆਉਣ ਵਾਲਿਆਂ ਨੂੰ 100 ਵਾਰ ਬੈਠਕਾਂ ਕੱਢਣ ਲਈ ਮਜਬੂਰ ਕੀਤਾ।"

"ਜਦੋਂ ਸਬੰਧਤ ਵਿਦਿਆਰਥਣ ਘਰ ਵਾਪਸ ਆਈ, ਤਾਂ ਉਸ ਦੀਆਂ ਲੱਤਾਂ ਵਿੱਚ ਦਰਦ ਹੋ ਰਿਹਾ ਸੀ। ਉਸਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਉਸਨੂੰ 10 ਤਰੀਕ ਨੂੰ ਜੇਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਉਸਦੀ ਮੌਤ ਹੋ ਗਈ।"

ਪੁਲਿਸ ਨੇ ਕਿਹਾ, "ਮਾਪਿਆਂ ਨੇ ਸ਼ਿਕਾਇਤ ਕੀਤੀ ਹੈ ਕਿ ਕੁੜੀ ਦੀ ਮੌਤ ਇਸ ਲਈ ਹੋਈ ਕਿਉਂਕਿ ਉਸਨੂੰ ਬੈਠਕਾਂ ਕੱਢਣ ਲਈ ਮਜਬੂਰ ਕੀਤਾ ਗਿਆ ਸੀ। ਅਸੀਂ ਇਸ ਸਬੰਧ ਵਿੱਚ ਸਕੂਲ ਦੀ ਜਾਂਚ ਕਰ ਰਹੇ ਹਾਂ।"

ਫਿਲਹਾਲ, ਵਾਲਿਵ ਪੁਲਿਸ ਨੇ ਇਸ ਮਾਮਲੇ ਵਿੱਚ ਏਡੀਆਰ (ਐਕਸੀਡੈਂਟਲ ਡੈਥ ਰਿਪੋਰਟ) ਦਰਜ ਕੀਤੀ ਹੈ। ਪੁਲਿਸ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਹ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੇ ਹਨ।

ਪੁਲਿਸ ਨੇ ਕਿਹਾ ਕਿ ਮੈਡੀਕਲ ਰਿਪੋਰਟ ਦਰਸਾਉਂਦੀ ਹੈ ਕਿ ਵਿਦਿਆਰਥਣ ਦਾ ਹੀਮੋਗਲੋਬਿਨ 4 ਸੀ, ਜੋ ਕਿ ਬਹੁਤ ਘੱਟ ਹੈ।

ਜਾਂਚ ਲਈ ਕਮੇਟੀ ਬਣਾਈ ਗਈ

ਬੀਬੀਸੀ ਮਰਾਠੀ ਨੇ ਇਸ ਮਾਮਲੇ ਸਬੰਧੀ ਪਾਲਘਰ ਦੇ ਸਿੱਖਿਆ ਅਧਿਕਾਰੀ (ਪ੍ਰਾਇਮਰੀ) ਸੋਨਾਲੀ ਮਾਟੇਕਰ ਨਾਲ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਸਕੂਲ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਹੈ।

ਉਨ੍ਹਾਂ ਕਿਹਾ, "ਵਿਦਿਆਰਥੀਆਂ ਨੂੰ ਇਸ ਤਰੀਕੇ ਨਾਲ ਸਜ਼ਾ ਦੇਣਾ ਗਲਤ ਹੈ। ਇਹ ਸਿੱਖਿਆ ਅਧਿਕਾਰ ਕਾਨੂੰਨ ਦੀ ਉਲੰਘਣਾ ਹੈ। ਬੱਚਿਆਂ ਨੂੰ ਇਸ ਤਰੀਕੇ ਨਾਲ ਸਜ਼ਾ ਨਹੀਂ ਦਿੱਤੀ ਜਾ ਸਕਦੀ। ਮਾਪਿਆਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਬੈਠਕਾਂ ਕੱਢਣ ਕਾਰਨ ਹੋਈ ਹੈ। ਮੈਂ ਮੌਤ ਦਾ ਕਾਰਨ ਨਹੀਂ ਦੱਸ ਸਕਦੀ, ਪਰ ਅਸੀਂ ਸਕੂਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।"

ਸਿੱਖਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਸਿੱਖਿਆ ਅਧਿਕਾਰ ਕਾਨੂੰਨ ਦੀ ਉਲੰਘਣਾ ਕਰਨ ਲਈ ਸਕੂਲ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਵਾਲੇ ਅਧਿਆਪਕ ਵਿਰੁੱਧ ਵੀ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਮੁੱਢਲੀ ਜਾਂਚ ਵਿੱਚ ਕੀ ਖੁਲਾਸਾ ਹੋਇਆ?

ਸਿੱਖਿਆ ਵਿਭਾਗ ਦੀ ਮੁੱਢਲੀ ਜਾਂਚ ਰਿਪੋਰਟ ਦੇ ਅਨੁਸਾਰ, 8 ਨਵੰਬਰ ਨੂੰ ਇਸ ਸਕੂਲ ਦੇ ਇੱਕ ਅਧਿਆਪਕ ਨੇ ਕੁਝ ਵਿਦਿਆਰਥਣਾਂ ਨੂੰ ਸਕੂਲ ਦੇਰੀ ਨਾਲ ਪਹੁੰਚਣ ਕਾਰਨ ਉਠਕ-ਬੈਠਕ ਦੀ ਸਜ਼ਾ ਦਿੱਤੀ ਸੀ।

ਬੁੱਧਵਾਰ (12 ਨਵੰਬਰ) ਨੂੰ, ਇੱਕ ਵਿਦਿਆਰਥਣ ਨੂੰ ਉਸ ਦੇ ਮਾਪਿਆਂ ਨੇ ਹਸਪਤਾਲ ਵਿੱਚ ਦਾਖਲ ਕਰਵਾਇਆ। ਬਾਅਦ ਵਿੱਚ 14 ਨਵੰਬਰ ਨੂੰ ਕੁੜੀ ਦੀ ਮੌਤ ਹੋ ਗਈ।

ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਮੌਤ ਦਾ ਕਾਰਨ ਅਜੇ ਵੀ ਸਪਸ਼ਟ ਨਹੀਂ ਹੈ।

ਬੀਬੀਸੀ ਮਰਾਠੀ ਨੇ ਸਕੂਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਸੰਪਰਕ ਨਹੀਂ ਹੋ ਸਕਿਆ। ਜਿਵੇਂ ਹੀ ਸਕੂਲ ਵੱਲੋਂ ਕੋਈ ਜਵਾਬ ਮਿਲੇਗਾ, ਅਸੀਂ ਇਸ ਰਿਪੋਰਟ ਵਿੱਚ ਅਪਡੇਟ ਕਰਾਂਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)