ਬੋਧ ਭਿਕਸ਼ੂਆਂ ਨਾਲ ਸਰੀਰਕ ਸਬੰਧ ਦੇ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਇਲਜ਼ਾਮ 'ਚ ਮਹਿਲਾ ਗ੍ਰਿਫ਼ਤਾਰ, ਪੁਲਿਸ ਨੇ ਕੀ ਕੁਝ ਦੱਸਿਆ

ਤਸਵੀਰ ਸਰੋਤ, Getty Images
- ਲੇਖਕ, ਜੀਰਾਪੋਰਨ ਸ੍ਰੀਚਮ ਅਤੇ ਕੋ ਯੂ
- ਰੋਲ, ਬੀਬੀਸੀ ਨਿਊਜ਼
ਥਾਈਲੈਂਡ ਦੀ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਕਥਿਤ ਤੌਰ 'ਤੇ ਭਿਕਸ਼ੂਆਂ ਨਾਲ ਸਰੀਰਕ ਸਬੰਧ ਬਣਾਏ ਸਨ ਅਤੇ ਫਿਰ ਉਨ੍ਹਾਂ ਤੋਂ ਪੈਸੇ ਵਸੂਲਣ ਲਈ ਉਨ੍ਹਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਦੀ ਵਰਤੋਂ ਕੀਤੀ।
ਪੁਲਿਸ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ''ਮਿਸ ਗੋਲਫ਼'' ਨਾਮ ਦੀ ਔਰਤ ਨੇ ਘੱਟੋ ਘੱਟ 9 ਬੋਧ ਭਿਕਸ਼ੂਆਂ ਨਾਲ ਸਰੀਰਕ ਸਬੰਧ ਬਣਾਏ।
ਪੁਲਿਸ ਦਾ ਮੰਨਣਾ ਹੈ ਕਿ ਮਹਿਲਾ ਨੇ ਪਿਛਲੇ ਤਿੰਨ ਸਾਲਾਂ ਵਿੱਚ ਲਗਭਗ 102 ਕਰੋੜ ਰੁਪਏ ( 385 ਮਿਲੀਅਨ ਬਾਠ ਯਾਨਿ 11.9 ਮਿਲੀਅਨ ਅਮਰੀਕੀ ਡਾਲਰ) ਹਾਸਲ ਕੀਤੇ ਹਨ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਕਰਨ ਵਾਲਿਆਂ ਨੇ ਜਦੋਂ ਮਹਿਲਾ ਦੇ ਘਰ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਭਿਕਸ਼ੂਆਂ ਨੂੰ ਬਲੈਕਮੇਲ ਕਰਨ ਲਈ ਵਰਤੀਆਂ ਗਈਆਂ 80 ਹਜ਼ਾਰ ਤੋਂ ਵੱਧ ਤਸਵੀਰਾਂ ਤੇ ਵੀਡੀਓਜ਼ ਮਿਲੇ।
ਇਸ ਸਕੈਂਡਲ ਨੇ ਥਾਈਲੈਂਡ ਦੀ ਬਹੁਤ ਹੀ ਸਤਿਕਾਰਤ ਬੋਧੀ ਸੰਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਇਹ ਸੰਸਥਾ ਹਾਲ ਹੀ ਦੇ ਸਾਲਾਂ ਵਿੱਚ ਜਿਨਸੀ ਅਪਰਾਧਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਭਿਕਸ਼ੂਆਂ ਦੇ ਇਲਜ਼ਾਮਾਂ ਨਾਲ ਗ੍ਰਸਤ ਰਹੀ ਹੈ।

ਤਸਵੀਰ ਸਰੋਤ, BBC/Getty images
ਔਰਤ ʼਤੇ ਕਈ ਇਲਜ਼ਾਮ
ਪੁਲਿਸ ਨੇ ਕਿਹਾ ਕਿ ਇਹ ਮਾਮਲਾ ਪਹਿਲੀ ਵਾਰ ਜੂਨ ਦੇ ਅੱਧ ਵਿੱਚ ਉਨ੍ਹਾਂ ਦੇ ਧਿਆਨ ਵਿੱਚ ਆਇਆ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੈਂਕਾਕ ਵਿੱਚ ਇੱਕ ਭਿਕਸ਼ੂ ਨੇ ਇੱਕ ਔਰਤ ਵੱਲੋਂ ਬਲੈਕਮੇਲ ਕੀਤੇ ਜਾਣ ਮਗਰੋਂ ਅਚਾਨਕ ਭਿਕਸ਼ੂ ਦੀ ਜ਼ਿੰਦਗੀ ਛੱਡ ਦਿੱਤੀ ਸੀ।
ਪੁਲਿਸ ਮੁਤਾਬਕ, ਮਿਸ ਗੋਲਫ ਨੇ ਮਈ 2024 ਵਿੱਚ ਭਿਕਸ਼ੂ ਨਾਲ "ਸਬੰਧ" ਬਣਾਏ ਸਨ। ਉਸ ਨੇ ਬਾਅਦ ਵਿੱਚ ਦਾਅਵਾ ਕੀਤਾ ਸੀ ਕਿ ਉਹ ਉਸਦੇ ਬੱਚੇ ਦੀ ਮਾਂ ਹੈ ਅਤੇ ਬੱਚੇ ਦੇ ਪਾਲਣ-ਪੋਸ਼ਣ ਲਈ ਸੱਤ ਮਿਲੀਅਨ ਬਾਠ ਤੋਂ ਵੱਧ ਦੀ ਸਹਾਇਤਾ ਦੀ ਮੰਗ ਕੀਤੀ।
ਅਧਿਕਾਰੀਆਂ ਨੇ ਫਿਰ ਪਤਾ ਲਗਾਇਆ ਕਿ ਹੋਰ ਭਿਕਸ਼ੂਆਂ ਨੇ ਵੀ ਇਸੇ ਤਰ੍ਹਾਂ ਗੋਲਫ ਨੂੰ ਪੈਸੇ ਟ੍ਰਾਂਸਫਰ ਕੀਤੇ ਸਨ, ਜਿਸ ਨੂੰ ਪੁਲਿਸ ਨੇ ਉਸ ਦੀ "ਮੋਡਸ ਓਪਰੇਂਡੀ" (ਕੰਮ ਕਰਨ ਦਾ ਤਰੀਕਾ) ਕਿਹਾ।
ਦਰਅਸਲ, ਮੋਡਸ ਓਪਰੇਂਡੀ ਇੱਕ ਲਾਤੀਨੀ ਵਾਕੰਸ਼ ਹੈ, ਜਿਸ ਤੋਂ ਭਾਵ ਹੈ, "ਕੰਮ ਕਰਨ ਦਾ ਤਰੀਕਾ।" ਅਪਰਾਧਿਕ ਕਾਨੂੰਨ ਵਿੱਚ, ਕਾਰਜ ਪ੍ਰਣਾਲੀ (ਮੋਡਸ ਓਪਰੇਂਡੀ) ਤੋਂ ਭਾਵ ਅਪਰਾਧਿਕ ਵਿਵਹਾਰ ਦੇ ਸੰਚਾਲਨ ਦੀ ਇੱਕ ਵਿਧੀ ਤੋਂ ਹੈ ਜੋ ਵਿਲੱਖਣ ਹੈ ਕਿ ਵੱਖ-ਵੱਖ ਅਪਰਾਧਾਂ ਜਾਂ ਗ਼ਲਤ ਵਿਵਹਾਰ ਨੂੰ ਇੱਕੋ ਵਿਅਕਤੀ ਦੇ ਕੰਮ ਵਜੋਂ ਪਛਾਣਿਆ ਜਾਂਦਾ ਹੈ।
ਪੁਲਿਸ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਸਾਰਾ ਪੈਸਾ ਕਢਵਾ ਲਿਆ ਗਿਆ ਹੈ ਅਤੇ ਇਸ ਵਿੱਚੋਂ ਕੁਝ ਨੂੰ ਆਨਲਾਈਨ ਜੂਏ ਲਈ ਵਰਤਿਆ ਗਿਆ ਸੀ।
ਪੁਲਿਸ ਮੁਤਾਬਕ, ਜਦੋਂ ਜਾਂਚ ਕਰਨ ਵਾਲਿਆਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਗੋਲਫ ਦੇ ਘਰ ਦੀ ਤਲਾਸ਼ੀ ਲਈ, ਤਾਂ ਉਨ੍ਹਾਂ ਨੇ ਉਸ ਦੇ ਫੋਨ ਜ਼ਬਤ ਕੀਤੇ ਅਤੇ 80,000 ਤੋਂ ਵੱਧ ਫੋਟੋਆਂ ਅਤੇ ਉਹ ਵੀਡੀਓ ਮਿਲੇ ਜਿਨ੍ਹਾਂ ਦੀ ਵਰਤੋਂ ਉਸ ਨੇ ਭਿਕਸ਼ੂਆਂ ਨੂੰ ਬਲੈਕਮੇਲ ਕਰਨ ਲਈ ਕੀਤੀ ਸੀ।
ਉਸ 'ਤੇ ਜਬਰਨ ਵਸੂਲੀ, ਮਨੀ ਲਾਂਡਰਿੰਗ ਅਤੇ ਚੋਰੀ ਦੀਆਂ ਚੀਜ਼ਾਂ ਹਾਸਲ ਕਰਨ ਸਮੇਤ ਕਈ ਇਲਜ਼ਾਮ ਹਨ।

ਤਸਵੀਰ ਸਰੋਤ, Getty Images
ਉਲੰਘਣਾ ਕਰਨ ਵਾਲੇ ਭਿਕਸ਼ੂਆਂ ਲਈ ਸਖ਼ਤ ਸਜ਼ਾਵਾਂ
ਪੁਲਿਸ ਨੇ ਲੋਕਾਂ ਲਈ "ਭਿਕਸ਼ੂਆਂ ਨਾਲ ਦੁਰਵਿਵਹਾਰ ਕਰਨ" ਦੀ ਰਿਪੋਰਟ ਕਰਨ ਲਈ ਇੱਕ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ।
ਇਸ ਘੁਟਾਲੇ ਮਗਰੋਂ ਥਾਈ ਬੋਧ ਧਰਮ ਦੀ ਗਵਰਨਿੰਗ ਬਾਡੀ ਸੰਘ ਸੁਪਰੀਮ ਕੌਂਸਲ (ਥਾਈ ਬੁੱਧ ਧਰਮ ਲਈ ਪ੍ਰਬੰਧਕ ਸੰਸਥਾ) ਨੇ ਇਹ ਕਿਹਾ ਹੈ ਕਿ ਉਹ ਮੱਠਾਂ ਦੇ ਨਿਯਮਾਂ ਦੀ ਸਮੀਖਿਆ ਕਰਨ ਲਈ ਇੱਕ ਵਿਸ਼ੇਸ਼ ਕਮੇਟੀ ਬਣਾਉਣਗੇ।
ਸਰਕਾਰ ਮੱਠ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਭਿਕਸ਼ੂਆਂ ਲਈ ਸਖ਼ਤ ਸਜ਼ਾਵਾਂ ਅਤੇ ਜੁਰਮਾਨੇ ਉੱਤੇ ਜ਼ੋਰ ਦੇ ਰਹੀ ਹੈ।
ਇਸ ਹਫ਼ਤੇ, ਥਾਈਲੈਂਡ ਦੇ ਰਾਜਾ ਵਜੀਰਾਲੋਂਗਕੋਰਨ ਨੇ ਜੂਨ ਵਿੱਚ ਜਾਰੀ ਕੀਤੇ ਗਏ ਸ਼ਾਹੀ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ਦੇ ਤਹਿਤ 81 ਭਿਕਸ਼ੂਆਂ ਨੂੰ ਉੱਚੇ ਖਿਤਾਬ ਦਿੱਤੇ ਗਏ ਸਨ।
ਉਨ੍ਹਾਂ ਨੇ ਦੁਰਵਿਵਹਾਰ ਦੇ ਹਾਲੀਆ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ, ਇਸ ਨਾਲ "ਬੋਧੀਆਂ ਨੂੰ ਮਾਨਸਿਕ ਤੌਰ ʼਤੇ ਬਹੁਤ ਦੁੱਖ ਪਹੁੰਚਿਆ ਹੈ।"
ਥਾਈਲੈਂਡ ਵਿੱਚ 90 ਫੀਸਦ ਤੋਂ ਵੱਧ ਆਬਾਦੀ ਬੁੱਧ ਮਤ ਨਾਲ ਜੁੜੀ ਹੋਈ ਹੈ ਅਤੇ ਉੱਥੇ ਭਿਕਸ਼ੂ ਬਹੁਤ ਸਤਿਕਾਰਤ ਮੰਨੇ ਜਾਂਦੇ ਹਨ। ਬਹੁਤ ਸਾਰੇ ਥਾਈ ਪੁਰਸ਼ ਚੰਗੇ ਕਰਮ ਕਰਨ ਲਈ ਅਸਥਾਈ ਤੌਰ 'ਤੇ ਭਿਕਸ਼ੂ ਬਣ ਜਾਂਦੇ ਹਨ।
ਪਰ ਬੋਧੀ ਸੰਸਥਾ ਹਾਲ ਹੀ ਵਿੱਚ ਘੁਟਾਲਿਆਂ ਨਾਲ ਗ੍ਰਸਤ ਰਹੀ ਹੈ।
ਜੈੱਟ-ਸੈਟਿੰਗ ਭਿਕਸ਼ੂ ਵਿਰਾਪੋਲ ਸੁਕਫੋਲ ਆਪਣੀ ਸ਼ਾਨਦਾਰ ਜੀਵਨ ਸ਼ੈਲੀ ਲਈ ਜਾਣੇ ਜਾਂਦੇ ਹਨ।
ਉਹ ਸਾਲ 2017 ਵਿੱਚ ਅੰਤਰਰਾਸ਼ਟਰੀ ਸੁਰਖੀਆਂ ਵਿੱਚ ਉਸ ਵੇਲੇ ਆਏ ਜਦੋਂ ਉਨ੍ਹਾਂ 'ਤੇ ਸੈਕਸ ਅਪਰਾਧਾਂ, ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਇਲਜ਼ਾਮ ਲੱਗੇ ਸਨ।
ਇਸ ਤੋਂ ਇਲਾਵਾ 2022 ਵਿੱਚ, ਉੱਤਰੀ ਪ੍ਰਾਂਤ ਫੇਚਾਬੂਨ ਵਿੱਚ ਇੱਕ ਮੰਦਿਰ ਵਿੱਚ ਇੱਕ ਵੀ ਭਿਕਸ਼ੂ ਨਹੀਂ ਬਚਿਆ ਕਿਉਂਕਿ ਉੱਥੋਂ ਦੇ ਚਾਰੇ ਭਿਕਸ਼ੂਆਂ ਨੂੰ ਇੱਕ ਡਰੱਗ ਛਾਪੇਮਾਰੀ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਨ੍ਹਾਂ ਦੇ ਕੱਪੜੇ ਉਤਰਵਾ ਦਿੱਤੇ ਗਏ ਸਨ।

ਤਸਵੀਰ ਸਰੋਤ, Getty Images
ਥਾਈ ਸੰਘ ਦੇ ਅੰਦਰ ਅਨੁਸ਼ਾਸਨੀ ਅਤੇ ਜਵਾਬਦੇਹੀ ਦੇ ਮੁੱਦਿਆਂ ਬਾਰੇ ਸਾਲਾਂ ਦੀ ਆਲੋਚਨਾ ਦੇ ਬਾਵਜੂਦ, ਬਹੁਤ ਸਾਰੇ ਜਾਣਕਾਰ ਕਹਿੰਦੇ ਹਨ ਕਿ ਅਸਲ ਵਿੱਚ ਸਦੀਆਂ ਪੁਰਾਣੀ ਸੰਸਥਾ ਵਿੱਚ ਬਹੁਤ ਘੱਟ ਬਦਲਾਅ ਆਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸਦਾ ਵੱਡਾ ਕਾਰਨ ਇਸਦੀ ਸਖ਼ਤ ਵੱਖ-ਵੱਖ ਅਹੁਦਿਆਂ ਵਾਲੀ ਪ੍ਰਣਾਲੀ ਹੈ।
ਧਾਰਮਿਕ ਵਿਦਵਾਨ ਸੁਰਾਫੋਟ ਥਾਵੀਸ਼ਾਕ ਨੇ ਬੀਬੀਸੀ ਥਾਈ ਨੂੰ ਦੱਸਿਆ, "ਇਹ ਥਾਈ ਨੌਕਰਸ਼ਾਹੀ ਵਰਗੀ ਇੱਕ ਤਾਨਾਸ਼ਾਹੀ ਪ੍ਰਣਾਲੀ ਹੈ ਜਿੱਥੇ ਸੀਨੀਅਰ ਭਿਕਸ਼ੂ ਉੱਚ-ਦਰਜੇ ਦੇ ਅਧਿਕਾਰੀਆਂ ਵਾਂਗ ਹੁੰਦੇ ਹਨ ਅਤੇ ਜੂਨੀਅਰ ਭਿਕਸ਼ੂ ਉਨ੍ਹਾਂ ਦੇ ਅਧੀਨ ਹੁੰਦੇ ਹਨ।"
"ਜਦੋਂ ਉਹ ਕੁਝ ਅਣਉਚਿਤ ਦੇਖਦੇ ਹਨ ਤਾਂ ਉਹ ਬੋਲਣ ਦੀ ਹਿੰਮਤ ਨਹੀਂ ਕਰਦੇ ਕਿਉਂਕਿ ਮੰਦਿਰ ਵਿੱਚੋਂ ਬਾਹਰ ਕੱਢਣਾ ਬਹੁਤ ਆਸਾਨ ਹੁੰਦਾ ਹੈ।"
ਪਰ ਕੁਝ ਲੋਕ ਪੁਲਿਸ ਅਤੇ ਸੰਘ ਕੌਂਸਲ ਦੋਵਾਂ ਵੱਲੋਂ ਚੱਲ ਰਹੀ ਜਾਂਚ ਨੂੰ ਬਹੁਤ ਜ਼ਰੂਰੀ ਸੁਧਾਰਾਂ ਲਈ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਦੇ ਹਨ।
ਬੈਂਕਾਕ ਦੀ ਥੰਮਸਾਤ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਦੇ ਵਿਦਵਾਨ ਪ੍ਰਕੀਰਤੀ ਸਾਤਾਸੁਤ ਨੇ ਕਿਹਾ, "ਮਹੱਤਵਪੂਰਨ ਗੱਲ ਇਹ ਹੈ ਕਿ ਸੱਚਾਈ ਦਾ ਖੁਲਾਸਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਜਨਤਾ ਸੰਘ ਦੇ ਨਿਰਦੋਸ਼ ਹੋਣ ਬਾਰੇ ਆਪਣੇ ਸ਼ੰਕੇ ਦੂਰ ਕਰ ਸਕੇ।"
"ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੀ ਸੁਪਰੀਮ ਸੰਘ ਕੌਂਸਲ ਸੰਗਠਨ ਨੂੰ ਬਚਾਉਣ ਲਈ ਕੁਝ ਚੀਜ਼ਾਂ ਨੂੰ ਲੁਕਾਵੇਗੀ ਜਾਂ ਨਹੀਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












