14 ਬੱਚਿਆਂ ਦੀਆਂ ਮੌਤਾਂ ਦਾ ਖੰਘ ਦੀ ਦਵਾਈ ਨਾਲ ਕੀ ਸਬੰਧ ਹੈ? ਮਾਹਰ ਕੀ ਕਹਿੰਦੇ ਹਨ?

- ਲੇਖਕ, ਵਿਸ਼ਣੂਕਾਂਤ ਤਿਵਾਰੀ
- ਰੋਲ, ਬੀਬੀਸੀ ਪੱਤਰਕਾਰ, ਭੋਪਾਲ
ਬੀਤੇ ਇੱਕ ਮਹੀਨੇ ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿੱਚ 11 ਅਤੇ ਰਾਜਸਥਾਨ ਵਿੱਚ 3 ਬੱਚਿਆਂ ਦੀ ਮੌਤ ਨੇ ਦੋਵਾਂ ਸੂਬਿਆਂ ਵਿੱਚ ਬੱਚਿਆਂ ਦੀ ਸਿਹਤ ਬਾਰੇ ਸਵਾਲ ਖੜ੍ਹੇ ਕੀਤੇ ਹਨ।
ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਖੰਘ ਦੀ ਦਵਾਈ ਭਾਵ ਕਫ ਸਿਰਪ ਲੈਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਤੇਜ਼ੀ ਨਾਲ ਵਿਗੜ ਗਈ ਅਤੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਮੱਧ ਪ੍ਰਦੇਸ਼ ਡਰੱਗ ਕੰਟਰੋਲ ਵਿਭਾਗ ਨੇ ਸ਼ਨੀਵਾਰ ਸਵੇਰੇ ਤਾਮਿਲਨਾਡੂ ਵਿੱਚ ਬਣੇ ਕੋਲਡਰਿਫ ਸਿਰਪ 'ਤੇ ਪਾਬੰਦੀ ਲਗਾ ਦਿੱਤੀ ਹੈ। ਤਾਮਿਲਨਾਡੂ ਡਰੱਗ ਕੰਟਰੋਲ ਵਿਭਾਗ ਦੀ 2 ਅਕਤੂਬਰ ਦੀ ਇੱਕ ਰਿਪੋਰਟ ਦੇ ਅਨੁਸਾਰ, ਕੋਲਡਰਿਫ ਸਿਰਪ ਦੇ ਬੈਚ ਐਸਆਰ-13 ਨੂੰ "ਮਿਲਾਵਟੀ" ਘੋਸ਼ਿਤ ਕੀਤਾ ਗਿਆ।
ਰਿਪੋਰਟ ਦੇ ਅਨੁਸਾਰ, ਸਿਰਪ ਵਿੱਚ 48.6 ਪ੍ਰਤੀਸ਼ਤ ਡਾਈਥੀਲੀਨ ਗਲਾਈਕੋਲ ਪਾਇਆ ਗਿਆ, ਜੋ ਕਿ ਇੱਕ ਜ਼ਹਿਰੀਲਾ ਰਸਾਇਣ ਹੈ ਅਤੇ ਸਿਹਤ ਲਈ ਘਾਤਕ ਹੋ ਸਕਦਾ ਹੈ। ਇਹ ਕਫ ਸਿਰਪ ਤਾਮਿਲਨਾਡੂ ਸਥਿਤ ਸ਼੍ਰੀਸਨ ਫਾਰਮਾਸਿਊਟੀਕਲ ਕੰਪਨੀ ਦੁਆਰਾ ਤਿਆਰ ਕੀਤਾ ਜਾਂਦਾ ਹੈ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਐਕਸ 'ਤੇ ਲਿਖਿਆ, "ਕੋਲਡਰਿਫ ਸਿਰਪ ਕਾਰਨ ਛਿੰਦਵਾੜਾ ਵਿੱਚ ਬੱਚਿਆਂ ਦੀਆਂ ਮੌਤਾਂ ਬਹੁਤ ਦੁਖਦਾਈ ਹਨ। ਇਸ ਸਿਰਪ ਦੀ ਵਿਕਰੀ 'ਤੇ ਪੂਰੇ ਮੱਧ ਪ੍ਰਦੇਸ਼ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ। ਸਿਰਪ ਬਣਾਉਣ ਵਾਲੀ ਕੰਪਨੀ ਦੇ ਹੋਰ ਉਤਪਾਦਾਂ ਦੀ ਵਿਕਰੀ 'ਤੇ ਵੀ ਪਾਬੰਦੀ ਲਗਾਈ ਜਾ ਰਹੀ ਹੈ।"

ਤਸਵੀਰ ਸਰੋਤ, Getty Images
ਪਵਨ ਨੰਦੂਰਕਰ ਛਿੰਦਵਾੜਾ ਜ਼ਿਲ੍ਹਾ ਹਸਪਤਾਲ ਵਿੱਚ ਇੱਕ ਬਾਲ ਰੋਗ ਵਿਗਿਆਨੀ ਹਨ।
ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, "ਜ਼ਿਆਦਾਤਰ ਬੱਚਿਆਂ ਦੀ ਮੌਤ ਕਿਡਨੀ ਦੀਆਂ ਸੱਟਾਂ ਕਾਰਨ ਹੋਈ। ਕਿਡਨੀ ਦੀ ਬਾਇਓਪਸੀ ਤੋਂ ਪਤਾ ਲੱਗਿਆ ਕਿ ਕਿਸੇ ਕਿਸਮ ਦੇ ਜ਼ਹਿਰੀਲੇ ਪਦਾਰਥ ਨੇ ਕਿਡਨੀਆਂ ਨੂੰ ਨੁਕਸਾਨ ਪਹੁੰਚਾਇਆ ਸੀ ਅਤੇ ਉਨ੍ਹਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚਿਆਂ ਦੇ ਡਾਕਟਰੀ ਇਤਿਹਾਸ ਤੋਂ ਉਨ੍ਹਾਂ ਨੂੰ ਕਫ ਸਿਰਪ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ।
ਛਿੰਦਵਾੜਾ ਜ਼ਿਲ੍ਹੇ ਦੇ ਵਸਨੀਕ ਯਾਸੀਨ ਖਾਨ ਦਾ ਚਾਰ ਸਾਲ ਦੇ ਪੁੱਤਰ ਉਸੈਦ ਹੁਣ ਇਸ ਦੁਨੀਆਂ 'ਚ ਨਹੀਂ ਰਿਹਾ।
ਬੀਬੀਸੀ ਨਾਲ ਫ਼ੋਨ 'ਤੇ ਗੱਲ ਕਰਦੇ ਹੋਏ ਯਾਸੀਨ ਨੇ ਕਿਹਾ, "ਮੈਨੂੰ ਸਵੇਰ ਤੋਂ ਸ਼ਾਮ ਤੱਕ ਹੁਣ ਕੁਝ ਨਹੀਂ ਸੁੱਝਦਾ। ਉਸ ਨੂੰ 15 ਅਗਸਤ ਨੂੰ ਪਹਿਲੀ ਵਾਰ ਹਲਕੀ ਸਰਦੀ, ਖੰਘ ਅਤੇ ਬੁਖਾਰ ਹੋਇਆ ਸੀ। 13 ਸਤੰਬਰ ਨੂੰ ਉਸ ਦੀ ਕਿਡਨੀ ਫੇਲ੍ਹ ਹੋ ਜਾਣ ਕਾਰਨ ਉਸੈਦ ਦੀ ਮੌਤ ਹੋ ਗਈ। ਮੇਰੀ ਅੱਖ ਦਾ ਤਾਰਾ ਇਸ ਦੁਨੀਆਂ ਤੋਂ ਚਲਾ ਗਿਆ।"
ਇਹ ਕਹਿੰਦੇ ਹੋਏ ਯਾਸੀਨ ਫੋਨ 'ਤੇ ਹੀ ਰੋਣ ਲੱਗ ਪਏ।
ਦਰਅਸਲ, ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ 7 ਸਤੰਬਰ ਤੋਂ 2 ਅਕਤੂਬਰ ਦੇ ਵਿਚਕਾਰ ਕਿਡਨੀ ਫੇਲ੍ਹ ਹੋਣ ਕਾਰਨ ਕੁੱਲ 11 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਘੱਟੋ-ਘੱਟ ਪੰਜ ਬੱਚੇ ਅਜੇ ਵੀ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ।
ਰਾਜਸਥਾਨ ਵਿੱਚ ਵੀ ਸਾਹਮਣੇ ਆਏ ਮਾਮਲੇ

ਤਸਵੀਰ ਸਰੋਤ, Getty Images
ਮੱਧ ਪ੍ਰਦੇਸ਼ ਦੇ ਨਾਲ ਲੱਗਦੇ ਰਾਜਸਥਾਨ ਦੇ ਭਰਤਪੁਰ ਅਤੇ ਝੁੰਝੁਨੂ ਜ਼ਿਲ੍ਹਿਆਂ ਵਿੱਚ ਕਥਿਤ ਤੌਰ 'ਤੇ ਇੱਕ ਸਰਕਾਰੀ ਹਸਪਤਾਲ ਤੋਂ ਮਿਲਿਆ ਕਫ਼ ਸਿਰਪ ਪੀਣ ਤੋਂ ਬਾਅਦ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਸ਼ਨੀਵਾਰ ਨੂੰ ਚੁਰੂ ਜ਼ਿਲ੍ਹੇ ਤੋਂ ਇੱਕ ਹੋਰ ਬੱਚੇ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਹ ਇਲਜ਼ਾਮ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੇ ਲਗਾਇਆ ਹੈ।
ਚੁਰੂ ਦੇ ਛੇ ਸਾਲ ਦੇ ਬੱਚੇ ਦੀ ਜੈਪੁਰ ਦੇ ਜੇਕੇ ਲੋਨ ਹਸਪਤਾਲ ਵਿੱਚ ਮੌਤ ਹੋਈ। ਪਰਿਵਾਰ ਦਾ ਕਹਿਣਾ ਹੈ ਕਿ ਬੱਚੇ ਨੂੰ ਚਾਰ ਦਿਨ ਪਹਿਲਾਂ ਖੰਘ ਦੀ ਦਵਾਈ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ।
ਭਰਤਪੁਰ ਦੇ ਇੱਕ ਦੋ ਸਾਲ ਦੇ ਬੱਚੇ ਨੂੰ ਵੀ ਜੈਪੁਰ ਰੈਫਰ ਕੀਤਾ ਗਿਆ ਸੀ, ਜਿੱਥੇ ਤਿੰਨ ਦਿਨ ਬਾਅਦ ਉਸ ਦੀ ਮੌਤ ਹੋ ਗਈ। ਇਸ ਦੌਰਾਨ, ਝੁੰਝੁਨੂ ਦੇ ਇੱਕ ਪੰਜ ਸਾਲ ਦੇ ਬੱਚੇ ਨੂੰ ਇਲਾਜ ਲਈ ਸੀਕਰ ਰੈਫਰ ਕੀਤਾ ਗਿਆ, ਜਿੱਥੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।
ਮੱਧ ਪ੍ਰਦੇਸ਼ ਦੇ ਡਰੱਗ ਕੰਟਰੋਲਰ ਦਿਨੇਸ਼ ਕੁਮਾਰ ਮੌਰਿਆ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਅਸੀਂ ਕੇਂਦਰੀ ਡਰੱਗ ਟੈਸਟਿੰਗ ਏਜੰਸੀ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਅਸੀਂ 12 ਨਮੂਨੇ ਇਕੱਠੇ ਕੀਤੇ ਸਨ ਅਤੇ ਕੇਂਦਰੀ ਡਰੱਗ ਟੈਸਟਿੰਗ ਏਜੰਸੀ ਨੇ ਛੇ ਨਮੂਨੇ ਇਕੱਠੇ ਕੀਤੇ ਸਨ। ਹੁਣ ਤੱਕ, ਸਾਡੇ ਤਿੰਨ ਨਮੂਨਿਆਂ ਵਿੱਚ ਅਤੇ ਕੇਂਦਰੀ ਡਰੱਗ ਟੈਸਟਿੰਗ ਲੈਬ ਦੁਆਰਾ ਇਕੱਠੇ ਕੀਤੇ ਗਏ ਸਾਰੇ ਛੇ ਨਮੂਨਿਆਂ ਵਿੱਚ ਡਾਇਥੀਲੀਨ ਗਲਾਈਕੋਲ ਅਤੇ ਈਥੀਲੀਨ ਗਲਾਈਕੋਲ ਨਹੀਂ ਮਿਲਿਆ ਹੈ। ਸਾਡੇ ਬਾਕੀ ਨਮੂਨਿਆਂ ਦੀ ਜਾਂਚ ਜਾਰੀ ਹੈ।"

ਬੱਚਿਆਂ ਦੀਆਂ ਮੌਤਾਂ ਤੋਂ ਬਾਅਦ ਉੱਠੇ ਸਵਾਲਾਂ ਵਿਚਕਾਰ ਮੱਧ ਪ੍ਰਦੇਸ਼ ਦੇ ਸਿਹਤ ਮੰਤਰੀ ਰਾਜੇਂਦਰ ਸ਼ੁਕਲਾ ਨੇ ਸ਼ੁੱਕਰਵਾਰ ਦੁਪਹਿਰ ਨੂੰ ਕਿਹਾ, "ਹੁਣ ਤੱਕ 12 ਕਿਸਮਾਂ ਦੇ ਸਿਰਪ ਸੂਬੇ ਦੀ ਡਰੱਗ ਟੈਸਟਿੰਗ ਲੈਬ ਨੂੰ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਦੀਆਂ ਰਿਪੋਰਟਾਂ ਆ ਗਈਆਂ ਹਨ ਅਤੇ ਉਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਅਜਿਹਾ ਕੋਈ ਪਦਾਰਥ ਨਹੀਂ ਪਾਇਆ ਗਿਆ ਹੈ ਜਿਸ ਨਾਲ ਬੱਚਿਆਂ ਦੀਆਂ ਮੌਤਾਂ ਦਾ ਕਾਰਨ ਸਪਸ਼ਟ ਹੋ ਸਕੇ।"
ਕਫ਼ ਸਿਰਪ ਨਾਲ ਹੋਈਆਂ ਮੌਤਾਂ ਬਾਰੇ ਰਾਜਸਥਾਨ ਦੇ ਸਿਹਤ ਮੰਤਰੀ ਗਜੇਂਦਰ ਸਿੰਘ ਖਿਂਵਸਰ ਨੇ ਕਿਹਾ, "ਅਸੀਂ ਦਵਾਈ ਦੀ ਜਾਂਚ ਕੀਤੀ ਹੈ ਅਤੇ ਇਸ ਵਿੱਚ ਕੋਈ ਘਾਤਕ ਪਦਾਰਥ ਨਹੀਂ ਮਿਲਿਆ। ਇਸ ਦਵਾਈ ਕਾਰਨ ਕੋਈ ਮੌਤ ਨਹੀਂ ਹੋਈ ਹੈ। ਅਸੀਂ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਹੈ।"
ਇਸ ਦੌਰਾਨ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਕੇਂਦਰੀ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (ਡੀਜੀਐਚਐਸ) ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਸਲਾਹ ਦਿੱਤੀ ਗਈ ਕਿ ਬੱਚਿਆਂ ਨੂੰ ਕਫ਼ ਸਿਰਪ ਸਿਰਫ਼ "ਸਾਵਧਾਨੀ ਅਤੇ ਸੋਚ-ਸਮਝ ਕੇ" ਦਿੱਤੇ ਜਾਣੇ ਚਾਹੀਦੇ ਹਨ।
ਕਦੋਂ ਸਾਹਮਣੇ ਆਇਆ ਮਾਮਲਾ?
ਛਿੰਦਵਾੜਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਨੁਸਾਰ, ਅਜਿਹਾ ਪਹਿਲਾ ਮਾਮਲਾ 24 ਅਗਸਤ ਨੂੰ ਸਾਹਮਣੇ ਆਇਆ ਸੀ ਅਤੇ ਪਹਿਲੀ ਮੌਤ 7 ਸਤੰਬਰ ਨੂੰ ਹੋਈ ਸੀ।
ਯਾਸੀਨ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਚਾਰ ਸਾਲ ਦੇ ਪੁੱਤਰ ਉਸੈਦ ਦਾ ਇਲਾਜ ਇੱਕ ਨਿੱਜੀ ਹਸਪਤਾਲ ਵਿੱਚ ਕਰਵਾਇਆ ਸੀ।
ਉਨ੍ਹਾਂ ਕਿਹਾ, "25 ਅਗਸਤ ਨੂੰ ਉਸਦੀ ਸਿਹਤ ਵਿਗੜਨ ਤੋਂ ਬਾਅਦ ਅਸੀਂ ਉਸਨੂੰ ਇੱਕ ਨਿੱਜੀ ਹਸਪਤਾਲ ਲੈ ਗਏ। 31 ਤਰੀਕ ਤੱਕ ਉਸਦੀ ਹਾਲਤ ਵਿੱਚ ਕੁਝ ਸੁਧਾਰ ਸੀ, ਪਰ ਫਿਰ ਅਚਾਨਕ ਬੇਟੇ ਦਾ ਪਿਸ਼ਾਬ ਬੰਦ ਹੋ ਗਿਆ। ਲਗਭਗ ਦੋ ਦਿਨ ਇਸੇ ਤਰ੍ਹਾਂ ਰਿਹਾ ਤਾਂ ਫਿਰ ਅਸੀਂ ਉਸਨੂੰ ਛਿੰਦਵਾੜਾ ਜ਼ਿਲ੍ਹਾ ਹਸਪਤਾਲ ਲੈ ਗਏ। ਛਿੰਦਵਾੜਾ ਤੋਂ ਨਾਗਪੁਰ ਗਏ, ਉੱਥੇ ਲਗਭਗ 10 ਦਿਨ ਹਸਪਤਾਲ 'ਚ ਰਹਿਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।"
ਯਾਸੀਨ ਇੱਕ ਆਟੋ ਡਰਾਈਵਰ ਹਨ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ। ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਉਸੈਦ ਦੇ ਇਲਾਜ 'ਤੇ ਲਗਭਗ 4 ਲੱਖ ਰੁਪਏ ਖਰਚ ਕੀਤੇ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਆਪਣਾ ਆਟੋ ਵੀ ਵੇਚਣਾ ਪਿਆ, ਜੋ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਇੱਕੋ-ਇੱਕ ਸਾਧਨ ਸੀ।
ਯਾਸੀਨ ਕਹਿੰਦੇ ਹਨ, "ਪੈਸੇ ਦਾ ਕੀ ਹੈ ਸਰ? ਬੱਚਾ ਬਚ ਜਾਂਦਾ ਤਾਂ ਸਭ ਕੁਝ ਸਫਲ ਹੋ ਜਾਂਦਾ। ਮੈਂ ਦੁਬਾਰਾ ਆਟੋ ਖਰੀਦ ਲੈਂਦਾ। ਹੁਣ ਮੈਂ ਸਿਰਫ਼ ਇਹ ਚਾਹੁੰਦਾ ਹਾਂ ਕਿ ਕਿਸੇ ਹੋਰ ਪਿਤਾ ਨੂੰ ਇਹ ਦਰਦ ਨਾ ਝੱਲਣਾ ਪਵੇ।"
ਸਾਰੇ ਮਾਮਲੇ ਛਿੰਦਵਾੜਾ ਤੋਂ

ਮੱਧ ਪ੍ਰਦੇਸ਼ ਵਿੱਚ ਮਰਨ ਵਾਲੇ ਸਾਰੇ 11 ਬੱਚੇ ਛਿੰਦਵਾੜਾ ਦੇ ਪਰਾਸੀਆ ਬਲਾਕ ਦੇ ਵਸਨੀਕ ਸਨ।
ਪਰਾਸੀਆ ਵਿਕਾਸ ਬਲਾਕ ਦੇ ਐਸਡੀਐਮ ਸ਼ੁਭਮ ਕੁਮਾਰ ਯਾਦਵ ਨੇ ਦੱਸਿਆ ਕਿ ਪਰਾਸੀਆ ਬਲਾਕ ਵਿੱਚ ਲਗਭਗ 2.8 ਲੱਖ ਲੋਕ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਲਗਭਗ 25,000 ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਹਨ।
ਉਨ੍ਹਾਂ ਕਿਹਾ, "ਹੁਣ ਤੱਕ ਅਸੀਂ ਇਸ ਮਾਮਲੇ ਦੇ ਕਈ ਸੰਭਾਵਿਤ ਕਾਰਨਾਂ ਦੀ ਜਾਂਚ ਕੀਤੀ ਹੈ, ਜਿਸ ਵਿੱਚ ਇਲਾਕੇ ਦੇ ਪਾਣੀ ਦੇ ਨਮੂਨੇ, ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਤੇ ਚੂਹਿਆਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਸ਼ਾਮਲ ਹਨ। ਇਹ ਸਾਰੀਆਂ ਰਿਪੋਰਟਾਂ ਨਾਰਮਲ ਆਈਆਂ ਹਨ।"
ਐਸਡੀਐਮ ਨੇ ਅੱਗੇ ਕਿਹਾ, "ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਮਾਹਰ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰਕੇ ਮ੍ਰਿਤਕ ਬੱਚਿਆਂ ਦੇ ਡਾਕਟਰੀ ਇਤਿਹਾਸ ਦਾ ਅਧਿਐਨ ਕੀਤਾ ਗਿਆ, ਜਿਸ ਵਿੱਚ ਕਫ਼ ਸਿਰਪ ਦੀ ਵਰਤੋਂ ਦਾ ਮਾਮਲਾ ਸਾਹਮਣੇ ਆਇਆ।''
ਐਸਡੀਐਮ ਨੇ ਕਿਹਾ ਕਿ ਵੱਖ-ਵੱਖ ਥਾਵਾਂ ਤੋਂ ਸਿਰਪ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਿਵੇਂ ਹੀ ਉਨ੍ਹਾਂ ਦੀਆਂ ਰਿਪੋਰਟਾਂ ਆਉਣਗੀਆਂ, ਪ੍ਰਸ਼ਾਸਨ ਇਸ ਸਮਝ ਸਕੇਗਾ ਕਿ ਬੱਚਿਆਂ ਦੀ ਕਿਡਨੀ ਦੇ ਨੁਕਸਾਨ ਜਾਂ ਫੇਲ੍ਹ ਹੋਣ ਦੇ ਅਸਲ ਕਾਰਨ ਕੀ ਸਨ।

ਹਾਲਾਂਕਿ, ਮੱਧ ਪ੍ਰਦੇਸ਼ ਸਰਕਾਰ ਪਿਛਲੇ 10 ਦਿਨਾਂ ਤੋਂ ਜਾਂਚ ਅਧੂਰੀ ਹੋਣ ਦਾ ਹਵਾਲਾ ਦੇ ਰਹੀ ਹੈ। ਇਸ ਦੌਰਾਨ, ਤਾਮਿਲਨਾਡੂ ਡਰੱਗਜ਼ ਕੰਟਰੋਲ ਵਿਭਾਗ ਨੇ ਇੱਕ ਦਿਨ ਦੇ ਅੰਦਰ ਹੀ ਕੋਲਡਰਿਫ ਕਫ਼ ਸਿਰਪ ਵਿੱਚ ਜ਼ਹਿਰੀਲੇ ਤੱਤ ਡਾਈਥੀਲੀਨ ਗਲਾਈਕੋਲ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ।
ਛਿੰਦਵਾੜਾ ਦੇ ਇੱਕ ਹੋਰ ਪਰਿਵਾਰਕ ਮੈਂਬਰ ਨੇ ਇਲਜ਼ਾਮ ਲਗਾਇਆ, "ਆਖਿਰ ਕਿਵੇਂ ਬਜ਼ਾਰ ਵਿੱਚ ਕੋਈ ਜ਼ਹਿਰੀਲੀ ਅਤੇ ਨੁਕਸਾਨਦੇਹ ਦਵਾਈ ਵਿਕ ਰਹੀ ਹੈ? ਮੱਧ ਪ੍ਰਦੇਸ਼ ਸਰਕਾਰ ਇਸ ਦਾ ਪਤਾ ਕਿਉਂ ਨਹੀਂ ਲਗਾ ਸਕਦੀ? ਤਾਮਿਲਨਾਡੂ ਸਰਕਾਰ ਨੂੰ ਇੱਕ ਦਿਨ ਵਿੱਚ ਇਸਦਾ ਪਤਾ ਲੱਗ ਗਿਆ। ਕੀ ਮੱਧ ਪ੍ਰਦੇਸ਼ ਸਰਕਾਰ ਇਸ ਗੱਲ ਦੀ ਜਾਂਚ ਨਹੀਂ ਕਰਦੀ ਕਿ ਉਸ ਦੀ ਨੱਕ ਦੇ ਹੇਠਾਂ ਆਂ ਦਵਾਈਆਂ ਦੇ ਨਾਮ 'ਤੇ ਬੱਚਿਆਂ ਨੂੰ ਮਾਰਨ ਦੇ ਸਿਰਪ ਕੌਣ ਵੇਚ ਰਿਹਾ ਹੈ?"
ਕੀ ਪਿਛਲੀਆਂ ਚੇਤਾਵਨੀਆਂ ਨੂੰ ਅਣਦੇਖਾ ਕੀਤਾ ਗਿਆ?

ਤਸਵੀਰ ਸਰੋਤ, Getty Images
ਸਾਲ 2023 ਵਿੱਚ ਭਾਰਤ ਦੇ ਡਾਇਰੈਕਟਰ ਜਨਰਲ ਆਫ ਹੈਲਥ ਸਰਵਿਸ ਨੇ ਸਰਦੀ ਦੀ ਇੱਕ ਪ੍ਰਚਲਿਤ ਦਵਾਈ ਫਾਰਮੂਲੇ ਨੂੰ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਿੱਤੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਸੀ।
ਇਸ ਫਾਰਮੂਲੇ ਵਿੱਚ ਕਲੋਰਫੇਨਿਰਾਮਾਈਨ ਮੈਲੇਟ ਅਤੇ ਫੀਨੀਲੇਫ੍ਰਾਈਨ ਵਰਗੀਆਂ ਦਵਾਈਆਂ ਸ਼ਾਮਲ ਸਨ, ਜਿਨ੍ਹਾਂ ਨੂੰ 2015 ਵਿੱਚ ਮਨਜ਼ੂਰੀ ਦਿੱਤੀ ਗਈ ਸੀ ਅਤੇ ਆਮ ਤੌਰ 'ਤੇ ਖੰਘ ਅਤੇ ਜ਼ੁਕਾਮ ਦੇ ਸਿਰਪ ਵਿੱਚ ਮੁੱਖ ਸਮੱਗਰੀ ਵਜੋਂ ਵਰਤਿਆ ਜਾਂਦਾ ਹੈ।
ਇਹ ਪਾਬੰਦੀ ਉਸ ਸਮੇਂ ਲਗਾਈ ਗਈ ਸੀ ਜਦੋਂ 2022 ਵਿੱਚ ਗਾਂਬੀਆ ਅਤੇ ਉਜ਼ਬੇਕਿਸਤਾਨ ਵਿੱਚ ਭਾਰਤ 'ਚ ਬਣੀਆਂ ਖਾਂਸੀ ਦੀਆਂ ਦਵਾਈਆਂ ਨਾਲ ਬੱਚਿਆਂ ਦੀ ਮੌਤ ਦੇ ਮਾਮਲਿਆਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਚਿੰਤਾ ਵਧਾ ਦਿੱਤੀ ਸੀ।
ਹਾਲਾਂਕਿ, ਇਨ੍ਹਾਂ ਦਵਾਈਆਂ ਦੇ ਨਿਰਮਾਤਾਵਾਂ ਨੇ ਕਿਸੇ ਵੀ ਗਲਤੀ ਤੋਂ ਇਨਕਾਰ ਕੀਤਾ ਹੈ ਅਤੇ ਦਾਅਵਾ ਕਰਦੇ ਰਹੇ ਹਨ ਕਿ ਨਿਰਧਾਰਤ ਖੁਰਾਕਾਂ ਵਿੱਚ ਵਰਤੇ ਜਾਣ 'ਤੇ ਉਨ੍ਹਾਂ ਦੇ ਉਤਪਾਦ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਛਿੰਦਵਾੜਾ ਦੇ ਇੱਕ ਸਿਹਤ ਵਿਭਾਗ ਦੇ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ, "ਮਰਨ ਵਾਲੇ ਬੱਚਿਆਂ ਵਿੱਚੋਂ ਛੇ ਤੋਂ ਸੱਤ ਬੱਚੇ ਚਾਰ ਸਾਲ ਜਾਂ ਇਸ ਤੋਂ ਘੱਟ ਉਮਰ ਦੇ ਸਨ।"
ਮੱਧ ਪ੍ਰਦੇਸ਼ ਵਿੱਚ ਪਹਿਲਾਂ ਵੀ ਸਾਹਮਣੇ ਆਏ ਅਜਿਹੇ ਮਾਮਲੇ

ਮੱਧ ਪ੍ਰਦੇਸ਼ ਵਿੱਚ ਦਵਾਈਆਂ ਦੀ ਗੁਣਵੱਤਾ ਬਾਰੇ ਪਹਿਲਾਂ ਵੀ ਗੰਭੀਰ ਸਵਾਲ ਉਠਾਏ ਜਾ ਚੁੱਕੇ ਹਨ।
ਅਗਸਤ 2024 ਵਿੱਚ ਸੂਬੇ ਭਰ ਵਿੱਚ ਨੌਂ ਤੋਂ ਵੱਧ ਜ਼ਰੂਰੀ ਦਵਾਈਆਂ ਅਤੇ ਟੀਕਿਆਂ ਦੀ ਸਪਲਾਈ 'ਤੇ ਰੋਕ ਲਗਾ ਦਿੱਤੀ ਗਈ ਸੀ ਕਿਉਂਕਿ ਉਹ ਕੁਆਲਿਟੀ ਟੈਸਟਾਂ ਵਿੱਚ ਫੇਲ ਹੋ ਗਈਆਂ ਸਨ।
ਮੱਧ ਪ੍ਰਦੇਸ਼ ਪਬਲਿਕ ਹੈਲਥ ਸਰਵਿਸਿਜ਼ ਕਾਰਪੋਰੇਸ਼ਨ ਲਿਮਟਿਡ (ਐਮਪੀਪੀਐਚਐਸਸੀਐਲ) ਨੇ ਇਨ੍ਹਾਂ ਦਵਾਈਆਂ ਨੂੰ ਘਟੀਆ ਦਰਜੇ ਵਜੋਂ ਸ਼੍ਰੇਣੀਬੱਧ ਕੀਤਾ ਸੀ। ਇਸ ਨਾਲ ਮਰੀਜ਼ਾਂ ਦੀ ਸੁਰੱਖਿਆ ਅਤੇ ਸੂਬੇ ਦੀ ਸਿਹਤ ਸੰਭਾਲ ਪ੍ਰਣਾਲੀ ਬਾਰੇ ਗੰਭੀਰ ਸਵਾਲ ਖੜ੍ਹੇ ਹੋਏ ਸਨ।
ਜਨ ਸਿਹਤ ਮੁਹਿੰਮ ਵਿੱਚ ਸ਼ਾਮਲ ਇੱਕ ਜਨਤਕ ਸਿਹਤ ਮਾਹਰ ਅਮੁੱਲਿਆ ਨਿਧੀ ਕਹਿੰਦੇ ਹਨ, "ਸਿਰਪ ਨਾਲ ਸਾਈਡ ਇਫੈਕਟ ਹੋ ਸਕਦਾ ਹੈ ਪਰ ਮੌਤ ਨਹੀਂ। ਇਸ ਲਈ ਛਿੰਦਵਾੜਾ ਵਿੱਚ ਹੋ ਰਹੀਆਂ ਬੱਚਿਆਂ ਦੀਆਂ ਮੌਤਾਂ ਤੋਂ ਬਾਅਦ ਸਵਾਲ ਸਿਰਪ ਦੀ ਗੁਣਵੱਤਾ 'ਤੇ ਨਹੀਂ, ਸਗੋਂ ਇਸ 'ਤੇ ਉਠਾਇਆ ਜਾਣਾ ਚਾਹੀਦਾ ਹੈ ਕਿ ਇਸ ਵਿੱਚ ਕੀ-ਕੀ ਮਿਲਾਇਆ ਗਿਆ ਹੈ। ਸਰਕਾਰ ਕਹਿ ਰਹੀ ਹੈ ਕਿ ਜਾਂਚ ਕਰ ਰਹੇ ਹਾਂ। ਆਖਿਰ ਜਾਂਚ ਵਿੱਚ ਕਿੰਨਾ ਸਮਾਂ ਲੱਗਦਾ ਹੈ?"
ਅਮੁੱਲਿਆ ਨਿਧੀ ਨੇ ਸੂਬੇ ਦੀ ਸਿਹਤ ਪ੍ਰਣਾਲੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ, "ਸਰਕਾਰ ਬੱਚਿਆਂ ਦੀ ਸਿਹਤ ਪ੍ਰਤੀ ਗੰਭੀਰ ਨਹੀਂ ਜਾਪਦੀ। ਜ਼ਿੰਮੇਵਾਰਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ, ਦੇਰੀ ਦੀ ਰਣਨੀਤੀ ਅਪਣਾਈ ਜਾ ਰਹੀ ਹੈ ਸਥਿਤੀ ਬਹੁਤ ਭਿਆਨਕ ਹੈ। ਬਾਲ ਮੌਤ ਦਰ ਅਤੇ ਮਾਵਾਂ ਦੀ ਮੌਤ ਦਰ ਆਪਣੇ ਸਭ ਤੋਂ ਮਾੜੇ ਪੱਧਰ 'ਤੇ ਹੈ।''
''ਇੰਦੌਰ ਵਿੱਚ ਬੱਚਿਆਂ ਨੂੰ ਚੂਹਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਹੁਣ ਛਿੰਦਵਾੜਾ ਵਿੱਚ ਬ੍ਰੇਕ ਆਇਲ ਮਿਲੇ ਕਫ਼ ਸਿਰਪ ਕਾਰਨ ਬੱਚਿਆਂ ਦੀ ਮੌਤ ਹੋ ਗਈ। ਡਾਕਟਰਾਂ ਨੂੰ ਮਿਆਰੀ ਇਲਾਜ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਦਵਾਈ ਖਰੀਦ ਨੀਤੀ ਅਤੇ ਦਵਾਈਆਂ ਦੀ ਗੁਣਵੱਤਾ ਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ।''
ਦੇਸ਼ ਵਿੱਚ ਸਭ ਤੋਂ ਵੱਧ ਬਾਲ ਮੌਤ ਦਰ ਮੱਧ ਪ੍ਰਦੇਸ਼ ਵਿੱਚ ਹੈ। ਹਰ 1,000 ਨਵਜੰਮੇ ਬੱਚਿਆਂ ਵਿੱਚੋਂ 40 ਦੀ ਮੌਤ ਹੋ ਜਾਂਦੀ ਹੈ।
ਇਹ ਜਾਣਕਾਰੀ ਸਿਹਤ ਮੰਤਰੀ ਰਾਜੇਂਦਰ ਸ਼ੁਕਲਾ ਨੇ ਜੁਲਾਈ 2025 ਵਿੱਚ ਵਿਧਾਨ ਸਭਾ ਨੂੰ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਸੀ। ਨਵੀਨਤਮ ਸੈਂਪਲ ਰਜਿਸਟ੍ਰੇਸ਼ਨ ਸਿਸਟਮ (2022) ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੱਸਿਆ ਸੀ ਕਿ ਸੂਬੇ ਦੀ ਬਾਲ ਮੌਤ ਦਰ ਰਾਸ਼ਟਰੀ ਔਸਤ ਨਾਲੋਂ ਵੀ ਵੱਧ ਹੈ।
ਛਿੰਦਵਾੜਾ ਵਿੱਚ ਇਨਸਾਫ਼ ਦੀ ਉਡੀਕ ਕਰਦੇ ਪਰਿਵਾਰ

ਪੰਜ ਸਾਲਾ ਅਦਨਾਨ ਖਾਨ ਦੀ ਵੀ ਕਥਿਤ ਤੌਰ 'ਤੇ ਖੰਘ ਦੀ ਦਵਾਈ ਲੈਣ ਅਤੇ ਬਾਅਦ ਵਿੱਚ ਕਿਡਨੀ ਫੇਲ੍ਹ ਹੋ ਜਾਣ ਕਾਰਨ 7 ਸਤੰਬਰ ਨੂੰ ਮੌਤ ਹੋ ਗਈ ਸੀ।
ਅਦਨਾਨ ਦੇ ਪਿਤਾ ਅਮੀਨ ਖਾਨ ਫ਼ੋਨ 'ਤੇ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਸਨ।
ਅਮੀਨ ਦੇ ਵੱਡੇ ਭਰਾ ਸਾਜਿਦ ਖਾਨ ਨੇ ਬੀਬੀਸੀ ਨੂੰ ਦੱਸਿਆ, "ਅਦਨਾਨ ਬੇਟੇ ਨੂੰ ਕਦੇ ਵੀ ਗੰਭੀਰ ਬਿਮਾਰੀ ਨਹੀਂ ਹੋਈ ਸੀ। ਇਸ ਵਾਰ ਹਲਕੇ ਬੁਖਾਰ ਤੋਂ ਬਾਅਦ ਉਸ ਦੀ ਹਾਲਤ ਵਿਗੜਦੀ ਚਲੀ ਗਈ ਅਤੇ ਅਸੀਂ ਉਸ ਨੂੰ ਬਚਾ ਨਹੀਂ ਸਕੇ।"
ਅਦਨਾਨ ਦੇ ਪਿਤਾ ਇੱਕ ਗਾਹਕ ਸੇਵਾ ਕੇਂਦਰ ਚਲਾਉਂਦੇ ਹਨ ਅਤੇ ਲਗਭਗ 10,000 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਹਨ।
ਸਾਜਿਦ ਦਾ ਕਹਿਣਾ ਹੈ ਕਿ ਲਗਭਗ 15 ਦਿਨਾਂ ਵਿੱਚ 7 ਲੱਖ ਰੁਪਏ ਤੋਂ ਵੱਧ ਖਰਚ ਕਰਨ ਦੇ ਬਾਵਜੂਦ ਵੀ ਅਦਨਾਨ ਦੀ ਮੌਤ ਹੋ ਗਈ।
ਚਾਰ ਸਾਲਾ ਵਿਕਾਸ ਯਦੁਵੰਸ਼ੀ ਦੇ ਘਰ ਵੀ ਚੁੱਪ ਪਸਰੀ ਹੋਈ ਹੈ।
ਬੱਚੇ ਦੇ ਪਿਤਾ ਪ੍ਰਭੂਦਿਆਲ ਯਦੁਵੰਸ਼ੀ ਨੇ ਕਿਹਾ, "10 ਦਿਨਾਂ ਵਿੱਚ ਸਰਦੀ-ਖੰਘ, ਬੁਖਾਰ ਤੋਂ ਲੈ ਕੇ ਕਿਡਨੀ ਫੇਲ੍ਹ ਹੋ ਗਈ? ਸਾਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਹੈ। ਪਤਾ ਨਹੀਂ ਕੀ ਹੋ ਗਿਆ।"
ਵਿਕਾਸ ਦੇ ਮਾਪੇ ਕਿਸਾਨ ਹਨ ਅਤੇ ਆਪਣੇ ਪੁੱਤਰ ਨੂੰ ਗੁਆਉਣ ਤੋਂ ਬਾਅਦ ਇਨਸਾਫ਼ ਦੀ ਮੰਗ ਕਰ ਰਹੇ ਹਨ।
ਘਰ ਦੇ ਇੱਕ ਕੋਨੇ ਵਿੱਚ ਬੈਠੇ ਪ੍ਰਭੂਦਿਆਲ ਨੇ ਸਵਾਲ ਕੀਤਾ, "ਸਾਨੂੰ ਸਾਡੇ ਬੱਚੇ ਲਈ ਇਨਸਾਫ਼ ਚਾਹੀਦਾ ਹੈ। ਸਾਡਾ ਬੱਚਾ ਸਿਹਤਮੰਦ ਸੀ। ਜ਼ੁਕਾਮ ਅਤੇ ਬੁਖਾਰ ਕਾਰਨ ਉਸ ਦੀ ਕਿਡਨੀ ਨੇ ਕਿਵੇਂ ਕੰਮ ਕਰਨਾ ਬੰਦ ਕਰ ਦਿੱਤਾ? ਸਰਕਾਰ ਸਾਨੂੰ ਇਹ ਤਾਂ ਦੱਸੇ ਕਿ ਇਸ ਦਾ ਜਵਾਬ ਕੌਣ ਦੇਵੇਗਾ ਅਤੇ ਕਦੋਂ ਦੇਵੇਗਾ?"
ਇਸ ਦੌਰਾਨ, ਸਾਜਿਦ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਚਾਹੁੰਦੇ ਹਾਂ ਕਿ ਜੋ ਵੀ ਦੋਸ਼ੀ ਹੈ, ਭਾਵੇਂ ਉਹ ਨਿਰਮਾਤਾ ਹੋਵੇ ਜਾਂ ਵੇਚਣ ਵਾਲਾ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਮੇਰਾ ਪੁੱਤਰ ਤਾਂ ਚਲਾ ਗਿਆ, ਘੱਟੋ-ਘੱਟ ਕਿਸੇ ਹੋਰ ਨੂੰ ਇਨ੍ਹਾਂ ਗੰਦੀਆਂ ਦਵਾਈਆਂ ਕਾਰਨ ਆਪਣਾ ਬੱਚਾ ਨਾ ਗੁਆਉਣਾ ਪਵੇ।"
ਮਾਹਰ ਕੀ ਕਹਿੰਦੇ ਹਨ?

ਤਸਵੀਰ ਸਰੋਤ, Getty Images
ਅਸੀਂ ਬਾਲ ਰੋਗ ਵਿਗਿਆਨੀ ਡਾਕਟਰ ਅਵੇਸ਼ ਸੈਣੀ ਨੂੰ ਪੁੱਛਿਆ ਕਿ ਇੱਕ ਆਮ ਵਿਅਕਤੀ ਕਿਵੇਂ ਪਤਾ ਲਗਾ ਸਕਦਾ ਹੈ ਕਿ ਦਵਾਈ ਨਕਲੀ ਹੈ ਜਾਂ ਅਸਲੀ।
ਉਨ੍ਹਾਂ ਦੱਸਿਆ, "ਸਿਰਪ ਦੀ ਬਣਾਵਟ (ਫਿਜ਼ੀਕਲ ਅਪੀਅਰੈਂਸ) ਕੀ ਹੈ? ਉਸ ਦਾ ਕਲਾਊਡੀਨੈਸ ਕਲਰ ਚੇਂਜ ਹੈ ਜਾਂ ਉਸ ਵਿੱਚ ਕੋਈ ਕਣ ਦਿਖਾਈ ਦੇ ਰਿਹਾ ਹੈ? ਦਵਾਈ ਵਿੱਚ ਸਾਲਟ ਹੇਠਾਂ (ਤਲੇ 'ਤੇ) ਬੈਠ ਰਿਹਾ ਹੈ ਅਤੇ ਜੇਕਰ ਬੈਚ ਨੰਬਰ ਨਹੀਂ ਲਿਖਿਆ ਹੈ ਜਾਂ ਮਿਟਾ ਦਿੱਤਾ ਗਿਆ ਹੈ ਤਾਂ ਇਹ ਵੀ ਠੀਕ ਨਹੀਂ ਹੈ। ਦਵਾਈ 'ਤੇ ਡਰੱਗ ਲਾਇਸੈਂਸ ਨੰਬਰ ਲਿਖਿਆ ਹੋਣਾ ਵੀ ਜ਼ਰੂਰੀ ਹੈ, ਜੇਕਰ ਨਹੀਂ ਲਿਖਿਆ ਹੈ ਤਾਂ ਇਸਨੂੰ ਨਹੀਂ ਲੈਣਾ ਚਾਹੀਦਾ।"
ਡਾਕਟਰ ਸੈਣੀ ਕਹਿੰਦੇ ਹਨ, "ਅਜਿਹਾ ਨਹੀਂ ਹੈ ਕਿ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਹੁਣੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਉਹ ਪਹਿਲਾਂ ਹੀ ਮੌਜੂਦ ਹਨ। ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਈ ਅਧਿਐਨ ਨਹੀਂ ਹੋਇਆ ਹੈ, ਇਸ ਲਈ ਇਹ ਸਿਰਫ ਦੋ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਹੀ ਦਿੱਤਾ ਜਾਂਦਾ ਹੈ।"
ਕਿੰਨੀ ਖੁਰਾਕ ਦੇਣੀ ਚਾਹੀਦੀ ਹੈ ਉਸ ਬਾਰੇ ਉਹ ਕਹਿੰਦੇ ਹਨ ਕਿ "ਦਵਾਈ ਦੀ ਖੁਰਾਕ ਤੈਅ ਹੈ, ਡਾਕਟਰ ਦੱਸਦੇ ਹਨ। ਇਹ ਵਜ਼ਨ 'ਤੇ ਅਧਾਰਿਤ ਹੁੰਦੀ ਹੈ ਅਤੇ ਇਸ ਲਈ ਦਵਾਈ ਦੇਣ ਤੋਂ ਪਹਿਲਾਂ ਬੱਚਿਆਂ ਦਾ ਭਾਰ ਜਾਂਚਿਆ ਜਾਂਦਾ ਹੈ।"
ਨਕਲੀ ਸਿਰਪ ਕਾਰਨ ਹੋਣ ਵਾਲੀਆਂ ਹੋਰ ਸਮੱਸਿਆਵਾਂ ਬਾਰੇ ਉਹ ਕਹਿੰਦੇ ਹਨ, "ਸਾਹ ਲੈਣ ਵਿੱਚ ਮੁਸ਼ਕਲ ਅਤੇ ਪੇਟ ਦਰਦ ਹੋਵੇਗਾ। ਇਹ ਕਿਡਨੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਸਾਰੇ ਕੈਮੀਕਲ ਸਰੀਰ ਵਿੱਚ ਇਕੱਠੇ ਹੋ ਜਾਣਗੇ ਅਤੇ ਫਿਰ ਦਿਮਾਗ ਨੂੰ ਪ੍ਰਭਾਵਿਤ ਕਰਨਗੇ। ਜਿਸ ਮਗਰੋਂ ਦੌਰੇ ਪੈ ਸਕਦੇ ਹਨ ਅਤੇ ਫਿਰ ਦਿਲ ਦੀ ਧੜਕਣ ਰੁਕ ਸਕਦੀ ਹੈ।"
ਪਿਛਲੇ ਦਹਾਕੇ ਤੋਂ ਭੋਪਾਲ ਵਿੱਚ ਕੰਮ ਕਰ ਰਹੇ ਡਾਕਟਰ ਹਰਸ਼ਿਤਾ ਸ਼ਰਮਾ ਨੇ ਬੀਬੀਸੀ ਨੂੰ ਦੱਸਿਆ, "ਡਾਈਥੀਲੀਨ ਗਲਾਈਕੋਲ ਅਤੇ ਐਥੀਲੀਨ ਗਲਾਈਕੋਲ ਕਫ਼ ਸਿਰਪ ਵਿੱਚ ਮੁੱਖ ਤੌਰ 'ਤੇ ਕੂਲੈਂਟ ਵਜੋਂ ਵਰਤੇ ਜਾਂਦੇ ਹਨ। ਇਨ੍ਹਾਂ ਦਾ ਸੁਆਦ ਮਿੱਠਾ ਅਤੇ ਠੰਢਾ ਹੁੰਦਾ ਹੈ, ਜੋ ਖਾਣ ਲਾਇਕ ਸੋਰਬਿਟੋਲ ਵਰਗਾ ਲੱਗਦਾ ਹੈ।''
''ਹਾਲਾਂਕਿ, ਸੋਰਬਿਟੋਲ ਮਹਿੰਗਾ ਹੁੰਦਾ ਹੈ, ਇਸ ਲਈ ਫਾਰਮਾਸਿਊਟੀਕਲ ਕੰਪਨੀਆਂ ਅਕਸਰ ਡਾਈਥੀਲੀਨ ਗਲਾਈਕੋਲ ਨੂੰ ਇੱਕ ਸਸਤੇ ਬਦਲ ਵਜੋਂ ਵਰਤਦੀਆਂ ਹਨ। ਦੋਵੇਂ ਹੀ ਤੱਤ ਦੇਸੀ ਸ਼ਰਾਬ ਵਿੱਚ ਪਾਏ ਜਾਣ ਵਾਲੇ ਮਿਥਾਈਲ ਅਲਕੋਹਲ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ ਦੋਵੇਂ ਰਸਾਇਣ ਸਰੀਰ ਲਈ ਬੇਹੱਦ ਜ਼ਹਿਰੀਲੇ ਹੁੰਦੇ ਹਨ।"
ਉਨ੍ਹਾਂ ਅੱਗੇ ਕਿਹਾ, "ਇਨ੍ਹਾਂ ਰਸਾਇਣਾਂ ਨਾਲ ਬਣੀਆਂ ਦਵਾਈਆਂ ਬੱਚਿਆਂ ਲਈ ਖਾਸ ਤੌਰ 'ਤੇ 'ਨੈਫਰੋਟੌਕਸਿਕ' ਹੁੰਦੀਆਂ ਹਨ, ਭਾਵ ਇਹ ਕਿਡਨੀ 'ਤੇ ਸਿੱਧਾ ਪ੍ਰਭਾਵ ਪਾਉਂਦੀਆਂ ਹਨ। ਇਹ ਰਸਾਇਣ ਸਰੀਰ ਵਿੱਚ ਐਸਿਡ ਦੀ ਮਾਤਰਾ ਨੂੰ ਵਧਾ ਦਿੰਦੇ ਹਨ, ਜਿਸ ਨੂੰ ਕੰਟਰੋਲ ਕਰਨ ਦਾ ਕੰਮ ਕਿਡਨੀ ਕਰਦੀ ਹੈ ਅਤੇ ਜਦੋਂ ਇਹ ਅੰਗ ਪ੍ਰਭਾਵਿਤ ਹੋ ਜਾਵੇ ਤਾਂ ਜ਼ਹਿਰ ਫੈਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਮੌਤ ਹੋ ਜਾਂਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












