ਪੰਜਾਬ ਦੇ ਅਜੇ ਕੁਮਾਰ ਦੀ ਲੋਕ ਸਭਾ 'ਚ ਚਰਚਾ ਬਾਅਦ ਰਾਜਸਥਾਨ ਦੇ ਅਗਨੀਵੀਰ ਦੀ ਮਾਂ ਨੇ ਕਿਉਂ ਕਿਹਾ, ‘ਲਾਸ਼ ਬਿਨਾ ਕੁਝ ਨਹੀਂ ਮਿਲਿਆ’

ਤਸਵੀਰ ਸਰੋਤ, MOHAR SINGH MINA
- ਲੇਖਕ, ਮੋਹਰ ਸਿੰਘ ਮੀਣਾ
- ਰੋਲ, ਬੀਬੀਸੀ ਸਹਿਯੋਗੀ, ਅਲਵਰ ਦੇ ਨਵਲਪੁਰਾ ਪਿੰਡ ਤੋਂ
1 ਜੁਲਾਈ ਨੂੰ ਲੋਕ ਸਭਾ ਵਿੱਚ ਬੋਲਦਿਆਂ ਰਾਹੁਲ ਗਾਂਧੀ ਨੇ ਅਗਨੀਵੀਰ ਯੋਜਨਾ ਦਾ ਵਿਰੋਧ ਕਰਦਿਆਂ ਪੰਜਾਬ ਦੇ ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨਾਲ ਆਪਣੀ ਮੁਲਾਕਾਤ ਦਾ ਜ਼ਿਕਰ ਕੀਤਾ ਸੀ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਅਜੇ ਕੁਮਾਰ ਦੀ ਜਨਵਰੀ 2024 ਵਿੱਚ ਜੰਮੂ-ਕਸ਼ਮੀਰ ਦੇ ਰਾਜੌਰੀ ਇਲਾਕੇ ਵਿੱਚ ਲੈਂਡਮਾਈਨ ਬਲਾਸਟ ਵਿੱਚ ਮੌਤ ਹੋ ਗਈ ਸੀ।
ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੇ ਐਲਾਨਿਆ ਗਿਆ ਮੁਆਵਜ਼ਾ ਨਾ ਮਿਲਣ ਦੀ ਗੱਲ ਕੀਤੀ ਸੀ, ਜਿਸ ਮਗਰੋਂ ਫੌਜ ਨੇ ਵੀ ਆਪਣਾ ਬਿਆਨ ਦਿੱਤਾ ਸੀ।
ਬੀਬੀਸੀ ਨੇ ਰਾਜਸਥਾਨ ਦੇ ਅਗਨੀਵੀਰ ਜਿਤੇਂਦਰ ਦੇ ਪਰਿਵਾਰ ਕੋਲ ਪਹੁੰਚ ਕੇ ਉਨ੍ਹਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ।
21 ਸਾਲ ਦੇ ਜਿਤੇਂਦਰ ਸਿੰਘ ਦੀ ਮਾਂ ਸਰੋਜ ਦੇਵੀ ਰੋਂਦੇ ਹੋਏ ਆਪਣਾ ਦਰਦ ਬਿਆਨ ਕਰ ਰਹੇ ਹਨ।
ਸਰੋਜ ਦੇਵੀ ਕਹਿੰਦੇ ਹਨ, “ਸਰਕਾਰ ਵੱਲੋਂ ਮੈਨੂੰ ਕੁਝ ਨਹੀਂ ਮਿਲਿਆ, ਮੇਰੇ ਪੁੱਤ ਦੀ ਦੇਹ ਤੋਂ ਇਲਾਵਾ ਮੇਰੇ ਕੋਲ ਕੁਝ ਨਹੀਂ ਆਇਆ, ਦੋ ਮਹੀਨੇ ਲੰਘ ਜਾਣ ਤੋਂ ਬਾਅਦ ਵੀ ਉਸ ਦਾ ਸਮਾਨ ਅਤੇ ਮੋਬਾਇਲ ਫੋਨ ਤੱਕ ਹਾਲੇ ਤੱਕ ਨਹੀਂ ਆਇਆ।”
5 ਜੁਲਾਈ ਨੂੰ ਜਿਤੇਂਦਰ ਸਿੰਘ ਦੀ ਮਾਂ ਸਾਡੇ ਨਾਲ ਗੱਲ ਕਰ ਰਹੇ ਸਨ। ਉਸ ਤੋਂ ਕੁਝ ਘੰਟੇ ਪਹਿਲਾਂ ਹੀ ਪਰਿਵਾਰ ਨੂੰ ਜਾਣਕਾਰੀ ਮਿਲੀ ਸੀ ਕਿ ਪਰਿਵਾਰ ਨੂੰ 48 ਲੱਖ ਰੁਪਏ ਦਿੱਤੇ ਜਾ ਰਹੇ ਹਨ।
ਰੱਖਿਆ ਮੰਤਰਾਲੇ ਦਾ ਫੋਨ ਆਉਣ ਤੋਂ ਕੁਝ ਘੰਟਿਆਂ ਬਾਅਦ ਪਰਿਵਾਰ ਦੇ ਖਾਤੇ ਵਿੱਚ ਚਾਰ ਜੁਲਾਈ ਨੂੰ 48 ਲੱਖ ਰੁਪਏ ਜਮ੍ਹਾ ਹੋਏ। ਅਗਨੀਪਥ ਯੋਜਨਾ ਵਿੱਚ ਅਗਨੀਵੀਰਾਂ ਦੇ ਲਈ 48 ਲੱਖ ਰੁਪਏ ਦੇ ਬੀਮੇ ਦਾ ਪ੍ਰਬੰਧ ਹੈ।
ਜਿਤੇਂਦਰ ਸਿੰਘ ਤੰਵਰ ਅਗਨੀਵੀਰ(ਪੈਰਾ ਕਮਾਂਡੋ) ਵਜੋਂ ਭਾਰਤੀ ਫੌਜ ਦਾ ਹਿੱਸਾ ਸਨ। ਕਰੀਬ ਦੋ ਮਹੀਨੇ ਪਹਿਲਾਂ 9 ਮਈ ਨੂੰ ਜੰਮੂ-ਕਸ਼ਮੀਰ ਦੇ ਪੁੰਛ 'ਚ ਮੁਕਾਬਲੇ ਤੋਂ ਬਾਅਦ ਹੋਈ ‘ਸਰਚ ਮੁਹਿੰਮ’ ਦੌਰਾਨ ਸਿਰ 'ਚ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ॥
ਅਲਵਰ ਜ਼ਿਲ੍ਹੇ ਦੀ ਮਾਲਾਖੇੜਾ ਤਹਿਸੀਲ ਦੇ ਪਿੰਡ ਨਵਲਪੁਰਾ ਦੇ ਰਹਿਣ ਵਾਲੇ 21 ਸਾਲਾ ਜਿਤੇਂਦਰ ਸਿੰਘ ਤੰਵਰ ਆਪਣੀ ਜਾਨ ਗੁਆਉਣ ਵਾਲੇ ਰਾਜਸਥਾਨ ਦੇ ਪਹਿਲੇ ਅਗਨੀਵੀਰ ਹਨ।
ਸਾਲ 2022 ਵਿੱਚ ਭਾਰਤੀ ਫੌਜ ਵਿੱਚ ਅਗਨੀਵੀਰ ਵਜੋਂ ਭਰਤੀ ਹੋਏ ਜਿਤੇਂਦਰ ਸਿੰਘ ਨੂੰ ਨੌਕਰੀ ਕਰਦਿਆਂ ਹਾਲੇ 15 ਮਹੀਨੇ ਹੀ ਹੋਏ ਸਨ।
ਜਿਤੇਂਦਰ ਸਿੰਘ ਦੇ ਪਰਿਵਾਰ ਦੀ ਨਿਰਾਸ਼ਾ

ਤਸਵੀਰ ਸਰੋਤ, MOHAR SINGH MINA
2 ਜੁਲਾਈ ਨੂੰ ਲੋਕ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਚਾਲੇ ਅਗਨੀਵੀਰ 'ਤੇ ਹੋਈ ਬਹਿਸ ਤੋਂ ਬਾਅਦ ਇਕ ਵਾਰ ਫਿਰ ਅਗਨੀਵੀਰ ਦਾ ਮੁੱਦਾ ਚਰਚਾ 'ਚ ਆ ਗਿਆ ਹੈ।
ਜਿਤੇਂਦਰ ਸਿੰਘ ਤੰਵਰ ਦਾ ਪਰਿਵਾਰ ਇਸ ਗੱਲੋਂ ਨਿਰਾਸ਼ ਹੈ ਕਿ ਘਟਨਾ ਨੂੰ ਕਰੀਬ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਕੀਤੀ।
ਜਿਤੇਂਦਰ ਦੇ ਚਾਚੇ ਦੇ ਬੇਟੇ ਹੇਮੰਤ ਨੇ ਬੀਬੀਸੀ ਨੂੰ ਦੱਸਿਆ, ''ਹੁਣ ਪਿਛਲੇ ਤਿੰਨ ਦਿਨਾਂ ਤੋਂ ਮੈਨੂੰ ਕਈ ਲੋਕਾਂ ਦੇ ਫੋਨ ਆ ਰਹੇ ਹਨ। ਅਗਨੀਵੀਰ ਦਾ ਮਸਲਾ ਚੱਲ ਰਿਹਾ ਹੈ, ਇਸ ਕਰਕੇ ਹੀ ਹੁਣ ਫੋਨ ਆ ਰਹੇ ਹਨ।"
ਹੇਮੰਤ ਦਾ ਕਹਿਣਾ ਹੈ, ''ਜੇਕਰ ਮਾਮਲਾ ਉੱਠਣ ਤੋਂ ਪਹਿਲਾਂ ਸਾਡਾ ਸਾਥ ਦਿੱਤਾ ਗਿਆ ਹੁੰਦਾ ਤਾਂ ਉਸ ਨਾਲ ਪਰਿਵਾਰ ਨੂੰ ਸਹਾਰਾ ਮਿਲਦਾ, ਚੰਗਾ ਹੁੰਦਾ ਕਿ ਪਹਿਲਾਂ ਹੀ ਪਰਿਵਾਰ ਨਾਲ ਸੰਪਰਕ ਵਿੱਚ ਰਹਿੰਦੇ, ਇਹ ਸਭ ਕੁਝ ਬਹਿਸ ਅਤੇ ਮੁੱਦਾ ਬਣਨ ਤੋਂ ਬਾਅਦ ਹੋਇਆ ਹੈ।
ਜਿਤੇਂਦਰ ਸਿੰਘ ਦੇ ਮਾਤਾ ਸਰੋਜ ਦੇਵੀ ਨੇ ਜਿਤੇਂਦਰ ਸਿੰਘ ਦੀ ਤਸਵੀਰ ਆਪਣੇ ਹੱਥਾਂ ਵਿੱਚ ਫੜੀ ਹੋਈ ਹੈ।
ਉਹ ਰੋਂਦੇ ਹੋਏ ਕਹਿੰਦੇ ਹਨ, "ਅਜੇ ਤੱਕ ਜਿਤੇਂਦਰ ਸਿੰਘ ਦਾ ਸਮਾਨ ਵੀ ਸਾਡੇ ਤੱਕ ਨਹੀਂ ਪਹੁੰਚਿਆ।"

ਦੋ ਮਹੀਨੇ ਮਗਰੋਂ ਵੀ ਪਰਿਵਾਰ ਨੂੰ ਪੁੱਤ ਦਾ ਸਮਾਨ ਨਹੀਂ ਮਿਲਿਆ
ਕਰੀਬ ਦੋ ਮਹੀਨੇ ਲੰਘ ਜਾਣ ਦੇ ਬਾਵਜੂਦ ਵੀ ਪਰਿਵਾਰ ਨੂੰ ਆਪਣੇ ਪੁੱਤ ਦਾ ਸਮਾਨ ਨਹੀਂ ਮਿਲਿਆ।
ਇਸ ਬਾਰੇ ਰਾਜਸਥਾਨ ਸੈਨਿਕ ਭਲਾਈ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ (ਸੇਵਾਮੁਕਤ) ਵਰਿੰਦਰ ਸਿੰਘ ਰਾਠੌਰ ਦਾ ਕਹਿਣਾ ਹੈ, "ਆਮ ਤੌਰ 'ਤੇ ਇੰਨਾ ਸਮਾਂ ਨਹੀਂ ਲੱਗਦਾ ਹੈ। ਅਸੀਂ ਜਲਦੀ ਹੀ ਸਾਮਾਨ ਮੰਗਵਾਉਣ ਲਈ ਉਨ੍ਹਾਂ ਦੀ ਯੂਨਿਟ ਦੇ ਕਮਾਂਡਿੰਗ ਅਫਸਰ ਨਾਲ ਗੱਲ ਕਰਾਂਗੇ।"
ਪਰਿਵਾਰ ਦੇ ਇੱਕ ਜਾਣਕਾਰ ਅਤੇ ਸਾਬਕਾ ਫੌਜੀ ਬਖਤਾਵਰ ਸਿੰਘ ਦਾ ਕਹਿਣਾ ਹੈ, "ਜਦੋਂ ਤੋਂ ਲੋਕ ਸਭਾ ਵਿੱਚ ਅਗਨੀਵੀਰ ਦਾ ਮੁੱਦਾ ਚਰਚਾ ਵਿੱਚ ਆਇਆ ਹੈ, ਅਚਾਨਕ ਪਰਿਵਾਰ ਨਾਲ ਕਈ ਲੋਕ ਸੰਪਰਕ ਕਰ ਰਹੇ ਹਨ। ਦਿੱਲੀ ਤੋਂ ਕਈ ਆਗੂਆਂ ਦੇ ਫੋਨ ਆਏ ਅਤੇ ਪੈਰਾ ਯੂਨਿਟ ਤੋਂ ਵੀ ਫੋਨ ਆਏ ਹਨ।
"ਮੁੱਦਾ ਚਰਚਾ ਵਿੱਚ ਆਉਣ ਤੋਂ ਬਾਅਦ ਲੋਕਾਂ ਨੇ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਸਿਆਸੀ ਮੁੱਦਾ ਬਣਨ ਤੋਂ ਬਾਅਦ ਕੰਮ ਹੋਣਾ ਗਲਤ ਹੈ, ਇੱਕ ਸ਼ਹੀਦ ਨੂੰ ਸਹੀ ਤਰੀਕੇ ਨਾਲ ਸਨਮਾਨ ਮਿਲਣਾ ਚਾਹੀਦਾ ਹੈ।''
ਉਹ ਦਾਅਵਾ ਕਰਦੇ ਹਨ, "ਪਹਿਲਾਂ ਅਸੀਂ ਸੂਬੇ ਅਤੇ ਕੇਂਦਰ ਦੇ ਆਗੂਆਂ ਨਾਲ ਸੰਪਰਕ ਕੀਤਾ ਅਤੇ ਸ਼ਹੀਦ ਦਾ ਦਰਜਾ ਅਤੇ ਵਿੱਤੀ ਮਦਦ ਦੀ ਮੰਗ ਰੱਖੀ ਪਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ।''

ਤਸਵੀਰ ਸਰੋਤ, MOHAR SINGH MINA
ਸੰਸਦ 'ਚ ਬਹਿਸ ਤੋਂ ਬਾਅਦ ਮਿਲੇ 48 ਲੱਖ ਰੁਪਏ
ਜਿਤੇਂਦਰ ਦਾ ਵੱਡਾ ਭਰਾ ਸੁਨੀਲ ਆਪਣੇ ਫ਼ੋਨ ’ਤੇ ਇੱਕ ਮੈਸਜ ਦਿਖਾਉਂਦੇ ਹਨ ਅਤੇ ਕਹਿੰਦੇ ਹਨ, "ਮੇਰਾ ਭਰਾ 9 ਮਈ ਨੂੰ ਸ਼ਹੀਦ ਹੋ ਗਿਆ ਸੀ। ਉਸ ਤੋਂ ਬਾਅਦ 5 ਜੁਲਾਈ ਤੱਕ ਕੋਈ ਪੁੱਛਣ ਨਹੀਂ ਆਇਆ।"
"ਪਰ 4 ਤਰੀਕ ਨੂੰ ਸ਼ਾਮ 6.15 ਵਜੇ, ਇੱਕ ਸੁਨੇਹਾ ਆਇਆ ਕਿ ਸਾਡੇ ਖਾਤੇ ਵਿੱਚ 48 ਲੱਖ ਰੁਪਏ ਜਮ੍ਹਾਂ ਹੋ ਗਏ ਹਨ। ਅਸੀਂ ਅਜੇ ਤੱਕ ਇਹ ਪਤਾ ਕਰਨ ਲਈ ਬੈਂਕ ਨਹੀਂ ਗਏ ਕਿ ਪੈਸੇ ਕਿੱਥੋਂ ਆਏ।"
ਜਿਤੇਂਦਰ ਦੇ ਤਾਏ ਦੇ ਪੁੱਤਰ ਹੇਮੰਤ ਦਾ ਕਹਿਣਾ ਹੈ, "ਡੇਢ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਕਿਸੇ ਤਰ੍ਹਾਂ ਦੀ ਕੋਈ ਸਰਕਾਰੀ ਸਹਾਇਤਾ ਨਹੀਂ ਮਿਲੀ। ਜਦੋਂ ਅਸੀਂ ਆਪਣੀਆਂ ਮੰਗਾਂ ਲੈ ਕੇ ਆਗੂਆਂ ਕੋਲ ਜਾਂਦੇ ਹਾਂ ਤਾਂ ਉਹ ਸਮਾਂ ਨਹੀਂ ਦਿੰਦੇ।"
ਉਹ ਕਹਿੰਦੇ ਹਨ, "ਡੇਢ ਮਹੀਨੇ ਬਾਅਦ ਵੀ ਅਸੀਂ ਆਪਣੇ ਭਰਾ ਨੂੰ ਸਨਮਾਨ ਮਿਲਣ ਦੀ ਉਡੀਕ ਕਰ ਰਹੇ ਹਾਂ।"
ਜਿਤੇਂਦਰ ਸਿੰਘ ਦੇ ਹੀ ਪਿੰਡ ਰਹਿਣ ਵਾਲੇ ਬਖਤਾਵਰ ਸਿੰਘ 17 ਸਾਲ ਫੌਜ ਵਿੱਚ ਨੌਕਰੀ ਕਰਨ ਤੋਂ ਬਾਅਦ ਸੇਵਾਮੁਕਤ ਹੋਏ ਸਨ। ਜਿਤੇਂਦਰ ਦੀ ਮੌਤ ਦੇ ਬਾਅਦ ਤੋਂ ਹੀ ਉਹ ਸਰਕਾਰ, ਫੌਜ ਅਤੇ ਪਰਿਵਾਰ ਵਿਚ ਗੱਲਬਾਤ ਕਰਕੇ ਮਦਦ ਪਹੁੰਚਾਉਣ ਵਿੱਚ ਰੁੱਝਿਆ ਹੋਇਆ ਹੈ।
ਜਿਤੇਂਦਰ ਦੇ ਘਰ ਬੀਬੀਸੀ ਨਾਲ ਗੱਲ ਕਰਦਿਆਂ ਉਹ ਕਹਿੰਦੇ ਹਨ, "4 ਤਰੀਕ ਨੂੰ ਮੈਨੂੰ ਰੱਖਿਆ ਮੰਤਰਾਲੇ ਤੋਂ ਫ਼ੋਨ ਆਇਆ ਕਿ ਅੱਜ ਸ਼ਾਮ ਜਾਂ ਕੱਲ੍ਹ ਤੱਕ ਪਰਿਵਾਰ ਦੇ ਖਾਤੇ ਵਿੱਚ 48 ਲੱਖ ਰੁਪਏ ਜਮ੍ਹਾਂ ਹੋ ਜਾਣਗੇ।"
‘ਜਵਾਨ ਦੀ ਸ਼ਹਾਦਤ ਵਿੱਚ ਵਿਤਕਰਾ ਕਿਉ?

ਤਸਵੀਰ ਸਰੋਤ, MOHAR SINGH MINA
ਰਾਜਸਥਾਨ 'ਚ ਵਿਰੋਧੀ ਧਿਰ ਦੇ ਨੇਤਾ ਟੀਕਾਰਾਮ ਜੂਲੀ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਅਗਨੀਪਥ ਯੋਜਨਾ 'ਤੇ ਸਵਾਲ ਚੁੱਕਦਿਆਂ ਕਿਹਾ, ''ਜੇਕਰ ਇੱਕੋ ਸਰਹੱਦ 'ਤੇ ਦੋ ਜਵਾਨ ਸ਼ਹੀਦ ਹੁੰਦੇ ਹਨ ਤਾਂ ਕਿਸੇ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ, ਪੈਨਸ਼ਨ ਦਿੱਤੀ ਜਾਂਦੀ ਹੈ, ਪਰਿਵਾਰ ਵਿੱਚ ਨੌਕਰੀ ਦਿੱਤੀ ਜਾਂਦੀ ਹੈ ਨਿਰਭਰ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।”
"ਜਦਕਿ ਦੂਜੇ ਪਾਸੇ ਅਗਨੀਵੀਰ ਦੇ ਨਾਂ 'ਤੇ ਸਰਕਾਰ ਕੋਈ ਮਦਦ ਨਹੀਂ ਕਰਦੀ। ਰਾਜਸਥਾਨ ਦਾ ਪਹਿਲਾ ਅਗਨੀਵੀਰ ਅਲਵਰ 'ਚ ਸ਼ਹੀਦ ਹੋਇਆ ਸੀ, ਪਰ ਸਰਕਾਰ ਨੇ ਉਸ ਨੂੰ ਸ਼ਹੀਦ ਨਹੀਂ ਮੰਨਿਆ ਪਰ, ਜਨਤਾ ਨੇ ਉਸ ਨੂੰ ਸ਼ਹੀਦ ਮੰਨਿਆ ਹੈ ਅਤੇ ਅਸੀਂ ਉਸ ਨੂੰ ਸ਼ਹੀਦ ਮੰਨ ਲਿਆ ਹੈ।"
ਜਿਤੇਂਦਰ ਦੀ ਮਾਂ ਸਰੋਜ ਦੇਵੀ ਆਪਣੇ ਬੇਟੇ ਪੁੱਤ ਮੌਤ ਤੋਂ ਬਾਅਦ ਤੋਂ ਬਿਮਾਰ ਹੈ ਅਤੇ ਕਈ ਦਿਨਾਂ ਤੋਂ ਹਸਪਤਾਲ 'ਚ ਇਲਾਜ ਤੋਂ ਬਾਅਦ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ।
ਉਹ ਕਹਿੰਦੇ ਹਨ, "ਪੁੱਤ ਨੇ ਦੇਸ਼ ਲਈ ਆਪਣੀ ਜਾਨ ਦੇ ਦਿੱਤੀ ਹੈ, ਤਾਂ ਉਸ ਨੂੰ ਸ਼ਹੀਦ ਦਾ ਦਰਜਾ ਕਿਉਂ ਨਹੀਂ ਮਿਲਣਾ ਚਾਹੀਦਾ।"
ਹੇਮੰਤ ਗੁੱਸੇ ਵਿੱਚ ਕਹਿੰਦੇ ਹਨ, "ਸਿਪਾਹੀ ਤਾਂ ਸਿਪਾਹੀ ਹੁੰਦਾ ਹੈ। ਸਿਪਾਹੀਆਂ ਦੀ ਬਦੌਲਤ ਹੀ ਅੱਜ ਅਸੀਂ ਅਤੇ ਸਰਕਾਰ ਦੇ ਨੁਮਾਇੰਦੇ ਆਪਣੇ ਘਰਾਂ ਵਿੱਚ ਸਕੂਨ ਨਾਲ ਬੈਠੇ ਹਾਂ।"
"ਪਰ, ਮੈਂ ਸਰਕਾਰ ਨੂੰ ਕਹਿਣਾ ਚਾਹਾਂਗਾ ਕਿ ਜੋ ਫੌਜੀ ਬਣ ਕੇ ਦੇਸ਼ ਦੀ ਸੇਵਾ ਵਿੱਚ ਚਲਾ ਗਿਆ ਹੈ ਸਰਕਾਰ ਉਸ ਨੂੰ ਅਗਨੀਵੀਰ ਜਿਹੀਆਂ ਚੀਜ਼ਾਂ ਨਾਲ ਜੋੜ ਕੇ ਉਸਦੇ ਸਨਮਾਨ ਨੂੰ ਘੱਟ ਨਾ ਕਰੇ।”
ਉਹ ਆਪਣੀ ਮੰਗ ਰੱਖਦਿਆਂ ਕਹਿੰਦੇ ਹਨ, "ਮੇਰਾ ਭਰਾ ਚਲਾ ਗਿਆ ਹੈ, ਉਸ ਦੀ ਭਰਪਾਈ ਨਹੀਂ ਹੋ ਸਕਦੀ ਪਰ ਮੇਰੇ ਭਰਾ ਨੂੰ ਸ਼ਹੀਦ ਦਾ ਦਰਜਾ ਮਿਲੇ, ਸਾਡੇ ਲਈ ਸਭ ਤੋਂ ਵੱਡਾ ਸਨਮਾਨ ਜਿਤੇਂਦਰ ਲਈ ਸ਼ਹੀਦ ਦਾ ਦਰਜਾ ਹੈ।"
ਸੰਸਦ ਵਿੱਚ ਬਹਿਸ ਤੋਂ ਬਾਅਦ ਲਿਖੀ ਗਈ ਚਿੱਠੀ

ਤਸਵੀਰ ਸਰੋਤ, MOHAR SINGH MINA
ਅਲਵਰ ਦੇ ਜ਼ਿਲ੍ਹਾ ਸੈਨਿਕ ਭਲਾਈ ਅਧਿਕਾਰੀ ਕਰਨਲ ਰਣਜੀਤ ਸਿੰਘ ਬੀਬੀਸੀ ਨੂੰ ਦੱਸਦੇ ਹਨ, "ਸਾਨੂੰ ਅਜੇ ਤੱਕ ਜਿਤੇਂਦਰ ਸਿੰਘ ਨਾਲ ਸਬੰਧਤ ਦਸਤਾਵੇਜ਼ ਨਹੀਂ ਮਿਲੇ ਹਨ। ਇਸ ਲਈ ਅਸੀਂ ਫਿਲਹਾਲ ਕੁਝ ਨਹੀਂ ਕਹਿ ਸਕਦੇ।"
ਜਿਤੇਂਦਰ ਸਿੰਘ ਥ੍ਰੀ ਬੀ ਪੈਰਾ ਕਮਾਂਡੋ ਯੂਨਿਟ ਵਿੱਚ ਤਾਇਨਾਤ ਸਨ, ਜਿਸਦਾ ਮੁੱਖ ਦਫ਼ਤਰ ਜੈਪੁਰ ਹੈ। ਯੂਨਿਟ ਦੇ ਕਮਾਂਡਿੰਗ ਅਫ਼ਸਰ (ਸੀਓ) ਕਰਨਲ ਤਰੁਰਾਜ ਦੇਵ ਨੇ ਬੀਬੀਸੀ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਹੁਣ ਬਾਹਰ ਹਨ ਅਤੇ ਉਨ੍ਹਾਂ ਦੇ ਆਉਣ 'ਤੇ ਸੰਪਰਕ ਕਰਨਗੇ। (ਸੀਓ ਤਰੁਰਾਜ ਦੇਵ ਤੋਂ ਫੌਜ ਦਾ ਪੱਖ ਲੈਣ ਤੋਂ ਬਾਅਦ ਪ੍ਰਕਾਸ਼ਿਤ ਕੀਤਾ ਜਾਵੇਗਾ)
ਰਾਜਸਥਾਨ ਸਰਕਾਰ ਦੇ ਸੈਨਿਕ ਕਲਿਆਣ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ (ਸੇਵਾਮੁਕਤ) ਵਰਿੰਦਰ ਸਿੰਘ ਰਾਠੌੜ ਬੀਬੀਸੀ ਨੂੰ ਦੱਸਦੇ ਹਨ, "ਅਸੀਂ ਜਿਤੇਂਦਰ ਸਿੰਘ ਦੇ ਜੰਗੀ ਹਾਦਸੇ ਦਾ ਸਰਟੀਫਿਕੇਟ ਭੇਜਣ ਲਈ ਦਿੱਲੀ ਵਿੱਚ ਫੌਜ ਦੇ ਏਡੀਜੀ ਮੈਨ ਪਾਵਰ (ਨੀਤੀ ਅਤੇ ਯੋਜਨਾ) ਨੂੰ ਇੱਕ ਪੱਤਰ ਲਿਖਿਆ ਹੈ, ਤਾਂ ਜੋ ਉਨ੍ਹਾਂ ਦੇ ਪਰਿਵਾਰ ਨੂੰ ਸੂਬਾ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਮਿਲ ਸਕਣ।”
ਉਨ੍ਹਾਂ ਕਿਹਾ, "ਕਜ਼ੂਐਲਿਟੀ ਸਰਟੀਫਿਕੇਟ ਆਉਣ ਵਿੱਚ ਦੋ ਤੋਂ ਤਿੰਨ ਮਹੀਨੇ ਲੱਗ ਜਾਂਦੇ ਹਨ।"
9 ਮਈ ਨੂੰ ਜਿਤੇਂਦਰ ਸਿੰਘ ਦੀ ਮੌਤ ਤੋਂ ਚਾਰ ਦਿਨ ਬਾਅਦ ਰਾਜਸਥਾਨ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਟਿਕਰਾਮ ਜੂਲੀ ਨੇ ਮੁੱਖ ਮੰਤਰੀ ਭਜਨ ਲਾਲ ਸਰਕਾਰ ਨੂੰ ਪੱਤਰ ਲਿਖ ਕੇ ਪਰਿਵਾਰ ਦੀਆਂ ਮੰਗਾਂ ਨੂੰ ਦੁਹਰਾਇਆ ਸੀ। ਪਰ 2 ਜੁਲਾਈ ਨੂੰ ਸੰਸਦ ਵਿੱਚ ਬਹਿਸ ਤੋਂ ਬਾਅਦ ਉਨ੍ਹਾਂ ਦੇ ਪੱਤਰ ਦਾ ਜਵਾਬ ਮਿਲਿਆ।
ਟੀਕਾਰਾਮ ਜੂਲੀ ਬੀਬੀਸੀ ਨੂੰ ਦੱਸਦੇ ਹਨ, "14 ਮਈ ਨੂੰ ਹੀ ਮੈਂ ਸੂਬੇ ਦੀ ਭਾਜਪਾ ਸਰਕਾਰ ਨੂੰ ਚਿੱਠੀ ਲਿਖੀ ਸੀ ਪਰ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ।"
"ਜਦੋਂ ਰਾਹੁਲ ਗਾਂਧੀ ਨੇ 2 ਜੁਲਾਈ ਨੂੰ ਸੰਸਦ ਵਿੱਚ ਅਗਨੀਵੀਰ ਦਾ ਮੁੱਦਾ ਚੁੱਕਿਆ ਤਾਂ ਜੁਲਾਈ ਨੂੰ ਮੇਰੀ ਚਿੱਠੀ ਦਾ ਜਵਾਬ ਆਇਆ ਆਇਆ। ਦਿੱਲੀ ਤੋਂ ਜਿਤੇਂਦਰ ਸਿੰਘ ਤੰਵਰ ਦੇ ਦਸਤਾਵੇਜ਼ ਮੰਗੇ ਗਏ ਹਨ। ਰਾਹੁਲ ਗਾਂਧੀ ਵੱਲੋਂ ਮੁੱਦਾ ਚੁੱਕੇ ਜਾਣ ਤੋਂ ਬਾਅਦ ਪਰਿਵਾਰ ਨੂੰ ਕੁਝ ਰਾਹਤ ਰਾਸ਼ੀ ਭੇਜੀ ਗਈ ਹੈ।"
ਦਿੱਲੀ ਚਿੱਠੀ ਲਿਖ ਕੇ ਕੈਜ਼ੂਐਡਲਟੀ ਸਰਟੀਫਿਕੇਟ ਮੰਗਣ 'ਤੇ ਬ੍ਰਿਗੇਡੀਅਰ ਵਰਿੰਦਰ ਸਿੰਘ ਰਾਠੌਰ ਦਾ ਕਹਿਣਾ ਹੈ, ''ਸਾਧਾਰਨ ਮਾਮਲੇ 'ਚ ਅਸੀਂ ਚਿੱਠੀ ਨਹੀਂ ਲਿਖਦੇ ਕਿਉਂਕਿ ਸਰਟੀਫਿਕੇਟ ਮਿਲਣਾ ਇਕ ਆਮ ਪ੍ਰਕਿਰਿਆ ਹੈ ਪਰ ਜੇਕਰ ਵਿਰੋਧੀ ਧਿਰ ਦੇ ਨੇਤਾ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਤਾਂ ਸਾਡੇ ਲਈ ਸਬੰਧਤ ਅਧਿਕਾਰੀ ਨੂੰ ਚਿੱਠੀ ਲਿਖਣੀ ਜ਼ਰੂਰੀ ਹੈ। ”
ਉਹ ਕਹਿੰਦੇ ਹਨ, "ਇਸ ਚਿੱਠੀ ਦਾ ਕੋਈ ਸਿਆਸੀ ਸਬੰਧ ਨਹੀਂ ਹੈ। ਸ਼ਹੀਦ ਹੋਣ ਵਾਲੇ ਫੌਜੀਆਂ ਦਾ ਸਰਟੀਫਿਕੇਟ ਬਣਨ 'ਚ ਸਮਾਂ ਲੱਗਦਾ ਹੈ। ਅਸੀਂ ਪੱਤਰ ਭੇਜ ਦਿੱਤਾ ਹੈ। ਜੇਕਰ ਸਰਟੀਫਿਕੇਟ ਜਲਦੀ ਆ ਜਾਂਦਾ ਹੈ ਤਾਂ ਪਰਿਵਾਰ ਨੂੰ ਜਲਦੀ ਹੀ ਸਹੂਲਤਾਂ ਮਿਲ ਜਾਂਦੀਆਂ ਹਨ। ਜਿਵੇਂ ਹੀ ਅਸੀਂ ਜਾਂ ਪਰਿਵਾਰ ਜਦੋਂ ਸਾਨੂੰ ਸਰਟੀਫਿਕੇਟ ਮਿਲ ਜਾਂਦਾ ਹੈ, ਅਸੀਂ ਸਹੂਲਤਾਂ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਦੇ ਹਾਂ।
ਅਗਨੀਪਥ ਸਕੀਮ ਅਧੀਨ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ?

ਤਸਵੀਰ ਸਰੋਤ, MOHAR SINGH MINA
ਅਗਨੀਪਥ ਯੋਜਨਾ ਦੇ ਤਹਿਤ ਮੱਧ ਪ੍ਰਦੇਸ਼ ਵਿੱਚ ਅਗਨੀਵੀਰ 2024-25 ਦੀ ਭਰਤੀ ਲਈ ਜਾਰੀ ਕੀਤੇ ਗਏ ਇੱਕ ਇਸ਼ਤਿਹਾਰ ਵਿੱਚ, ਅਗਨੀਵੀਰ ਨੂੰ ਦਿੱਤੇ ਜਾਣ ਵਾਲੇ ਭੱਤਿਆਂ ਅਤੇ ਸਹੂਲਤਾਂ ਦਾ ਵੇਰਵਾ ਦਿੱਤਾ ਗਿਆ ਹੈ।
ਇਸ਼ਤਿਹਾਰ ਦੇ ਮੁਤਾਬਕ, ਅਗਨੀਵੀਰ ਦੀ ਭਰਤੀ ਹੋਣ ਤੋਂ ਬਾਅਦ, ਅਗਨੀਵੀਰ ਪੈਕੇਜ ਦੇ ਤਹਿਤ ਨਿਰਧਾਰਤ ਸਾਲਾਨਾ ਇਨਕਰੀਮੈਂਟ, ਰਿਸਕ ਅਤੇ ਹਾਰਡਸ਼ਿਪ ਅਲਾਓਐਂਸ ਭੱਤਾ ਵੀ ਭੁਗਤਾਨ ਯੋਗ ਹੋਵੇਗਾ।
ਇਸ਼ਤਿਹਾਰ ਵਿੱਚ ਦੱਸਿਆ ਗਿਆ ਹੈ ਕਿ ਚਾਰ ਸਾਲ ਦੀ ਨੌਕਰੀ ਵਿੱਚ ਪਹਿਲੇ ਸਾਲ ਤੋਂ ਚੌਥੇ ਸਾਲ ਤੱਕ ਕਿੰਨੀ ਮਹੀਨਾਵਾਰ ਤਨਖਾਹ ਮਿਲੇਗੀ ਅਤੇ ਯੋਗਦਾਨ ਦੇ ਤਹਿਤ ਕਾਰਪਸ ਫੰਡ ਵਿੱਚ ਕਿੰਨੀ ਰਕਮ ਜਮ੍ਹਾਂ ਹੋਵੇਗੀ।
ਬੀਮੇ, ਮੌਤ ਅਤੇ ਅਪਾਹਜਤਾ ਮੁਆਵਜ਼ੇ ਦਾ ਹਵਾਲਾ ਦਿੰਦੇ ਹੋਏ, ਇਹ ਦੱਸਿਆ ਗਿਆ ਹੈ ਕਿ ਅਗਨੀਵੀਰ ਨੂੰ ਭਾਰਤੀ ਫੌਜ ਵਿੱਚ ਨੌਕਰੀ (ਐਂਗੇਜਮੈਂਟ ਪੀਰੀਅਡ) ਦੇ ਦੌਰਾਨ 48 ਲੱਖ ਰੁਪਏ ਦਾ ਇੱਕ ਗੈਰ-ਯੋਗਦਾਨ ਜੀਵਨ ਬੀਮਾ ਕਵਰ ਮਿਲੇਗਾ।
ਅਗਨੀਵੀਰ ਪੈਰਾ ਕਮਾਂਡੋ ਜਿਤੇਂਦਰ ਦੇ ਪਰਿਵਾਰ ਨੂੰ ਕਿਹੜੀਆਂ ਸਹੂਲਤਾਂ ਮਿਲਣਗੀਆਂ?
ਬੀਬੀਸੀ ਦੇ ਇਸ ਸਵਾਲ 'ਤੇ ਰਾਜਸਥਾਨ ਸੈਨਿਕ ਕਲਿਆਣ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ (ਸੇਵਾਮੁਕਤ) ਵਰਿੰਦਰ ਸਿੰਘ ਰਾਠੌਰ ਕਹਿੰਦੇ ਹਨ, "ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਮੌਤ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।"
“ਜੇਕਰ ਕੋਈ ਬੈਟਲ ਕੈਜ਼ੂਐਲਿਟੀ(ਘਾਤਕ) ਹੁੰਦੀ ਹੈ ਤਾਂ ਉਸ ਦੇ ਪਰਿਵਾਰ ਨੂੰ ਰਾਜਸਥਾਨ ਸਰਕਾਰ ਵੱਲੋਂ ਪੰਜਾਹ ਲੱਖ ਰੁਪਏ ਦਾ ਪੈਕੇਜ ਦਿੱਤਾ ਜਾਂਦਾ ਹੈ।ਇਸ ਵਿੱਚ 25 ਵਿੱਘੇ ਜ਼ਮੀਨ ਜਾਂ ਐਮਆਈਜੀ ਹਾਊਸਿੰਗ ਬੋਰਡ ਦਾ ਮਕਾਨ ਜਾਂ ਕੁੱਲ ਪੰਜਾਹ ਲੱਖ ਦੀ ਨਕਦੀ ਅਤੇ ਪਰਿਵਾਰ ਲਈ ਇੱਕ ਨੌਕਰੀ।”
ਅਗਨੀਵੀਰ ਨੂੰ ਕੇਂਦਰ ਸਰਕਾਰ ਤੋਂ ਕਿਹੜੀਆਂ ਸਹੂਲਤਾਂ ਅਤੇ ਵਿੱਤੀ ਪੈਕੇਜ ਮਿਲਦਾ ਹੈ? ਇਸ ਸਵਾਲ 'ਤੇ ਉਹ ਕਹਿੰਦੇ ਹਨ, "ਗਰੈਚੁਟੀ ਅਤੇ ਪੈਨਸ਼ਨ ਨਹੀਂ ਮਿਲੇਗੀ, ਪਰ ਲਗਭਗ 95 ਲੱਖ ਰੁਪਏ ਦਾ ਕੁੱਲ ਸਹਾਇਤਾ ਪੈਕੇਜ ਉਪਲਬਧ ਹੈ।"
ਉਨ੍ਹਾਂ ਸਪੱਸ਼ਟ ਕਰਦੇ ਹੋਏ ਕਹਿੰਦੇ ਹਨ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਮਿਲਣ ਵਾਲੀਆਂ ਵੱਖ-ਵੱਖ ਸਕੀਮਾਂ ਹਨ।

ਤਸਵੀਰ ਸਰੋਤ, MOHAR SINGH MINA
ਹੁਣ ਪਰਿਵਾਰ ਨੂੰ ਹੈ ਇੰਤਜ਼ਾਰ
ਸੂਬੇ ਦੀ ਰਾਜਧਾਨੀ ਜੈਪੁਰ ਤੋਂ ਲਗਭਗ 170 ਕਿਲੋਮੀਟਰ ਦੂਰ ਅਲਵਰ ਜ਼ਿਲ੍ਹੇ ਦੀ ਮਾਲਾਖੇੜਾ ਤਹਿਸੀਲ ਦੇ ਪਿੰਡ ਨਵਲਪੁਰਾ ਵਿੱਚ ਦਾਖ਼ਲ ਹੁੰਦਿਆਂ ਹੀ ਮੁੱਖ ਸੜਕ ਤੋਂ ਥੋੜ੍ਹੀ ਦੂਰੀ 'ਤੇ ਜਿਤੇਂਦਰ ਸਿੰਘ ਦਾ ਘਰ ਸਥਿਤ ਹੈ। ਤਿੰਨ ਕਮਰਿਆਂ ਵਾਲੇ ਇਸ ਪੁਰਾਣੇ ਘਰ ਦੇ ਬਾਹਰ ਇੱਕ ਬੈਨਰ ਲੱਗਾ ਹੈ ਜਿਸ 'ਤੇ ਲਿਖਿਆ ਹੈ- ਅਮਰ ਸ਼ਹੀਦ ਜਿਤੇਂਦਰ ਸਿੰਘ ਤੰਵਰ।
ਘਰ ਦੇ ਅੰਦਰ ਦੋ ਮੱਝਾਂ ਬੰਨ੍ਹੀਆਂ ਹੋਈਆਂ ਹਨ। ਸਰੋਜ ਦੇਵੀ ਆਪਣੇ ਸਿਪਾਹੀ ਪੁੱਤ ਦੇ ਵਿਜੋਗ ਵਿੱਚ ਗੁਆਚੇ ਹੋਏ ਬੈਠੇ ਹਨ।
ਸਰੋਜ ਦੇਵੀ ਆਪਣੇ ਪੁੱਤ ਜਿਤੇਂਦਰ ਨੂੰ ਯਾਦ ਕਰਕੇ ਰੋਣ ਲੱਗਦੇ ਹੈ, ਆਪਣੇ ਹੰਝੂ ਸਾਫ਼ ਕਰਦੇ ਹੋਏ ਉਹ ਬੀਬੀਸੀ ਨੂੰ ਦੱਸਦੀ ਹੈ, "ਸੱਤ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ, ਉਸ ਤੋਂ ਬਾਅਦ ਜਿਤੇਂਦਰ ਹੀ ਰੋਟੀ ਕਮਾਉਣ ਵਾਲਾ ਸੀ। ਹੁਣ ਉਸ ਤੋਂ ਬਾਅਦ ਮੇਰੇ ਕੋਲ ਕੁਝ ਨਹੀਂ ਬਚਿਆ।"
ਉਹ ਕਹਿੰਦੇ ਹਨ, "ਵੱਡਾ ਪੁੱਤਰ ਵੀ ਬਿਮਾਰ ਰਹਿੰਦਾ ਹੈ। ਜਦੋਂ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ ਸੀ, ਮੈਂ ਸੋਚਿਆ ਸੀ ਕਿ ਜਿਤੇਂਦਰ ਘਰ ਚਲਾਵੇਗਾ, ਪਰ ਮੇਰਾ ਜਿਤੇਂਦਰ ਛੱਡ ਗਿਆ ਹੈ, ਹੁਣ ਮੇਰਾ ਘਰ ਕੌਣ ਚਲਾਏਗਾ?"
ਪਰਿਵਾਰ ਕੋਲ ਡੇਢ ਵਿੱਘੇ ਦੇ ਕਰੀਬ ਜ਼ਮੀਨ ਹੈ, ਜਿਸ 'ਤੇ ਪਰਿਵਾਰ ਦੇ ਖਰਚੇ ਪੂਰੇ ਕਰਨ ਲਈ ਖੇਤੀ ਨਹੀਂ ਹੈ। ਘਰ ਵਿੱਚ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਚੀਜ਼ਾਂ ਤੋਂ ਇਲਾਵਾ ਕੁਝ ਵੀ ਨਹੀਂ ਹੈ।
ਸੁਨੀਲ ਕਹਿੰਦੇ ਹਨ, "ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਹਾਲਤ ਖਰਾਬ ਹੋ ਗਈ ਸੀ। ਅਸੀਂ ਦੋਵੇਂ ਭਰਾ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਮਜ਼ਦੂਰੀ ਕਰਦੇ ਸੀ। ਜਿਤੇਂਦਰ ਦੇ ਫੌਜ 'ਚ ਭਰਤੀ ਹੋਣ ਤੋਂ ਬਾਅਦ ਪਰਿਵਾਰ ਦੀ ਹਾਲਤ ਕੁਝ ਬਿਹਤਰ ਹੋ ਗਈ ਸੀ।"

ਤਸਵੀਰ ਸਰੋਤ, MOHAR SINGH MINA
‘ਹਮੇਸ਼ਾ ਕਹਿੰਦਾ ਸੀ ਮੈਂ ਇੱਕ ਦਿਨ ਨਾਮ ਕਰਾਂਗਾ’
ਸਾਲ 2018 ਵਿੱਚ ਪਿਤਾ ਦੀ ਮੌਤ ਅਤੇ ਘਰ ਦੀ ਆਰਥਿਕ ਹਾਲਤ ਨੇ ਪੰਦਰਾਂ ਸਾਲਾਂ ਦੇ ਜਿਤੇਂਦਰ ਦੇ ਮੋਢਿਆਂ 'ਤੇ ਜ਼ਿੰਮੇਵਾਰੀਆਂ ਦਾ ਬੋਝ ਪਾ ਦਿੱਤਾ ਸੀ। ਪਰ, ਫਿਰ ਵੀ ਉਨ੍ਹਾਂ ਦਾ ਫੌਜ ਵਿਚ ਭਰਤੀ ਹੋਣ ਦਾ ਜਨੂੰਨ ਘੱਟ ਨਹੀਂ ਹੋਇਆ।
ਉਨ੍ਹਾਂ ਦੇ ਭਰਾ ਸੁਨੀਲ ਕਹਿੰਦੇ ਹਨ, "ਜਿਤੇਂਦਰ ਦਸੰਬਰ 2022 ਵਿੱਚ ਅਲਵਰ ਤੋਂ ਫੌਜ ਵਿੱਚ ਭਰਤੀ ਹੋਏ ਸਨ। ਉਹ ਛੇ ਮਹੀਨਿਆਂ ਦੀ ਸਿਖਲਾਈ ਲਈ ਬੈਂਗਲੁਰੂ ਗਿਆ ਸੀ। ਉੱਥੋਂ ਉਹ ਦੁਬਾਰਾ ਜੈਪੁਰ ਆਇਆ ਅਤੇ ਉੱਥੋਂ ਤਿੰਨ ਦਿਨ ਦੀ ਛੁੱਟੀ ਲੈ ਕੇ ਘਰ ਆਇਆ ਸੀ।"
"ਕੁਝ ਸਮੇਂ ਬਾਅਦ, ਉਹ ਸਪੈਸ਼ਲ ਟ੍ਰੇਨਿੰਗ ਲਈ ਜੈਪੁਰ ਤੋਂ ਆਗਰਾ ਗਿਆ ਸੀ, ਜਿਸ ਤੋਂ ਬਾਅਦ ਉਹ ਜੈਪੁਰ ਆ ਕੇ ਘਰ ਵੀ ਆਇਆ ਅਤੇ ਫਿਰ ਜੈਪੁਰ ਤੋਂ ਉਸ ਨੂੰ ਜੰਮੂ-ਕਸ਼ਮੀਰ ਵਿੱਚ ਤਾਇਨਾਤ ਕੀਤਾ ਗਿਆ।"
ਹੁਣ ਸਰੋਜ ਦੇਵੀ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ "ਮੇਰੇ ਪੁੱਤਰ ਦੀ ਸ਼ਹਾਦਤ ਨੂੰ ਸ਼ਹੀਦ ਦਾ ਦਰਜਾ ਕਿਉਂ ਨਹੀਂ ਦਿੱਤਾ ਜਾ ਰਿਹਾ? ਮੇਰੇ ਪੁੱਤਰ ਨੇ ਦੇਸ਼ ਲਈ ਆਪਣੀ ਜਾਨ ਦਿੱਤੀ ਹੈ, ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਮੈਨੂੰ ਪੈਨਸ਼ਨ ਦਿੱਤੀ ਜਾਵੇ ਤਾਂ ਜੋ ਮੈਂ ਆਪਣਾ ਘਰ ਚਲਾ ਸਕਾਂ ਅਤੇ ਇੱਕ ਨੌਕਰੀ ਮਿਲੇ।”
ਜਿਤੇਂਦਰ ਦੀ ਫੋਟੋ ਘਰ ਦੇ ਮੁੱਖ ਦਰਵਜ਼ੇ ਦੇ ਕੋਲ ਇੱਕ ਕਮਰੇ ਵਿੱਚ ਮੇਜ਼ ਉੱਤੇ ਰੱਖੀ ਹੋਈ ਹੈ। ਨੇੜੇ ਹੀ ਬੈਠਾ ਉਸਦਾ ਵੱਡਾ ਭਰਾ ਸੁਨੀਲ ਹੰਝੂ ਭਰੀਆਂ ਅੱਖਾਂ ਨਾਲ ਬੀਬੀਸੀ ਨੂੰ ਦੱਸਦਾ ਹੈ, ਜਿਸ ਘਰ ਤੋਂ ਬੱਚਾ ਜਾਂਦਾ ਹੈ ਉਹ ਦੁੱਖ ਉਸ ਪਰਿਵਾਰ ਨੂੰ ਹੀ ਪਤਾ ਹੁੰਦਾ ਹੈ, ਉਸਦੀ ਕਮੀ ਕਿਸੇ ਵੀ ਚੀਜ਼ ਨਾਲ ਪੂਰੀ ਨਹੀਂ ਹੋਣ ਸਕਦੀ
ਉਹ ਕਹਿੰਦੇ ਹਨ, "ਸਾਡੀ ਮੰਗ ਹੈ ਕਿ ਮੇਰੇ ਭਰਾ ਜਿਤੇਂਦਰ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਸਾਡੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਂ ਅਮਰ ਸ਼ਹੀਦ ਜਿਤੇਂਦਰ ਸਿੰਘ ਦੇ ਨਾਂ 'ਤੇ ਰੱਖਿਆ ਜਾਵੇ।"
"ਸਾਡੇ ਘਰ ਤੋਂ ਦਸ ਕਿਲੋਮੀਟਰ ਦੀ ਦੂਰੀ 'ਤੇ ਮਾਲਾਖੇੜਾ-ਲਕਸ਼ਮਣਗੜ੍ਹ ਚੌਕ ਹੈ, ਜਿਸ ਦਾ ਨਾਂਅ ਅਮਰ ਸ਼ਹੀਦ ਜਿਤੇਂਦਰ ਸਿੰਘ ਦੇ ਨਾਂਅ 'ਤੇ ਰੱਖਿਆ ਜਾਵੇ ਅਤੇ ਪਰਿਵਾਰ ਦੀ ਹਾਲਤ ਨੂੰ ਦੇਖਦੇ ਹੋਏ ਸਾਨੂੰ ਨੌਕਰੀ ਦਿੱਤੀ ਜਾਵੇ।"
ਪਰਿਵਾਰ ਦੀਆਂ ਇਨ੍ਹਾਂ ਸਾਰੀਆਂ ਮੰਗਾਂ ਦੇ ਸਮਰਥਨ ਵਿੱਚ ਸੂਬਾ ਸਰਕਾਰ ਕੋਲੋਂ ਮੰਗ ਕਰਦਿਆਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਅਲਵਰ ਤੋਂ ਵਿਧਾਇਕ ਟੀਕਾਰਾਮ ਜੂਲੀ ਨੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਚਿੱਠੀ ਵੀ ਲਿਖੀ ਹੈ।












